ਵਿਸ਼ਵ ਸਰਕਾਰ ਅਤੇ ਸਿੱਖ ਧਰਮ

ਡਾ. ਰਾਧਾ ਕ੍ਰਿਸ਼ਨਨ ਨੇ ਕਿਸੇ ਸਮੇਂ ਆਪਣੀ ਪੁਸਤਕ ‘ਧਰਮ ਤੇ ਸਮਾਜ’ ਵਿਚ ਲਿਖਿਆ ਸੀ ਕਿ ਸੰਸਾਰ ਅੱਜ ਦੋਰਾਹੇ ਤੇ ਖੜ੍ਹਾ ਹੈ। ਇਸ ਦੇ ਸਾਹਮਣੇ ਦੋ ਰਸਤੇ ਹਨ। ਜਾਂ ਤਾਂ ਸਾਰਾ ਸੰਸਾਰ ਇਕ ਰਾਜ ਪ੍ਰਬੰਧ ਹੇਠ ਆ ਜਾਏ ਜਾਂ ਫਿਰ ਲਗਾਤਾਰ ਯੁਧ, ਕਤਲੇਆਮ, ਬਲਾਤਕਾਰ, ਲੁਟ-ਖਸੁਟ ਤੇ ਅਸੁਰੱਖਿਆ ਦਾ ਸਾਹਮਣਾ ਕਰੇ। ਰਾਜਨੀਤਕ ਵਿਗਿਆਨੀ ਅਤੇ ਵਿਗਿਆਨ ਗਲਪ ਲਿਖਾਰੀ ਵੀ ਬੜੇ ਲੰਬੇ ਸਮੇਂ ਤੋਂ ਇਸ ਵਿਚਾਰ ਦੇ ਧਾਰਨੀ ਰਹੇ ਹਨ ਕਿ ਸ਼ਾਂਤੀ ਪੂਰਨ ਜੀਵਨ ਜੀਊਣ ਲਈ ਮਨੁਖ ਨੂੰ ਇਕ ਦਿਨ ਸਾਰੇ ਸੰਸਾਰ ਵਿਚ ਇਕ ਸਰਕਾਰ (Global Govt) ਬਣਾਉਣੀ ਪਏਗੀ। ਇੰਜ ਲਗਦਾ ਹੈ ਜਿਵੇਂ ਅੱਜ ਉਹ ਦਿਨ ਨੇੜੇ ਆ ਗਿਆ ਹੋਵੇ। ਵਿਸ਼ਵੀਕਰਨ ਦੀ ਗਤੀ ਨੂੰ ਦੇਖਦੇ ਹੋਏ ਅੱਜ ਇਸ ਦੇ ਚਿੰਨ੍ਹ ਵੀ ਨਜ਼ਰ ਆਉਣ ਲੱਗ ਪਏ ਹਨ। ਸੰਯੁਕਤ ਰਾਸ਼ਟਰ (United Nations) ਵਰਗੀ ਸੰਸਥਾ ਦੀ ਹੋਂਦ ਇਸ ਦਾ ਇਕ ਪ੍ਰਤੱਖ ਪ੍ਰਮਾਣ ਹੈ। ਜੇਮਜ਼ ਹਿਊਗਜ਼, ਜੋ ਵਿਸ਼ਵ ਸਰਕਾਰ ਦਾ ਵੱਡਾ ਸਮਰਥਕ ਹੈ, ਅਨੁਸਾਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪ੍ਰਮਾਣੂ ਸ਼ਕਤੀ ਦਾ ਖਾਤਮਾ, ਵਿਸ਼ਵ ਵਿਆਪੀ ਸੁਰੱਖਿਆ, ਕਤਲੇਆਮ ਆਦਿ ਨੂੰ ਖਤਮ ਕਰਨ ਲਈ ਕਿਸੇ ਵੱਡੀ ਤਾਕਤ ਦੀ ਦਖਲ ਅੰਦਾਜ਼ੀ ਅਤੇ ਮਨੁਖੀ ਅਧਿਕਾਰਾਂ ਦੀ ਸੁਰੱਖਿਆ ਕੇਵਲ ਵਿਸ਼ਵ ਗੌਰਮਿੰਟ ਨਾਲ ਹੀ ਸੰਭਵ ਹਨ। ਵਿਸ਼ਵ ਗੌਰਮਿੰਟ ਦਾ ਸੰਕਲਪ ਅੱਜ ਦੇ ਸਮੇਂ ਦੀ ਵੱਡੀ ਲੋੜ ਬਣ ਕੇ ਜ਼ੋਰ ਪਕੜ ਰਿਹਾ ਹੈ ਅਤੇ ਇਸ ਦਾ ਸੰਵਿਧਾਨ ਵੀ ਤਿਆਰ ਕੀਤਾ ਜਾ ਰਿਹਾ ਹੈ। ਸੰਵਿਧਾਨ ਦਾ ਜੋ ਪ੍ਰਸਤਾਵਿਤ ਰੂਪ ਸਾਹਮਣੇ ਆਇਆ ਹੈ ਉਸ ਦੀ ਭੂਮਿਕਾ ਵਿਚ ਮਨੁਖ ਦੀ ਅਧਿਆਤਮਕ ਅਤੇ ਸਰੀਰਕ ਉੱਨਤੀ ਨੂੰ ਹਾਸਲ ਕਰਨ ਲਈ ਵਿਸ਼ਵਵਿਆਪੀ ਸ਼ਾਂਤੀ ਪਹਿਲੀ ਸ਼ਰਤ ਦਸੀ ਗਈ ਹੈ। ਸ਼ਾਂਤੀ ਅਤੇ ਨਿਆਂ ਕਿਉਂ ਕਿ ਨਾਲੋ ਨਾਲ ਚਲਦੇ ਹਨ ਇਸ ਲਈ ਸ਼ਾਂਤੀ ਹਾਸਲ ਕਰਨ ਲਈ ਨਿਆਂ ਦੀ ਲੋੜ ਹੈ। ਅਨਿਆਂ ਤੇ ਅਸ਼ਾਂਤੀ ਵੱਖ ਵੱਖ ਦੇਸ਼ਾਂ ਵਿਚਲੇ ਮੁਕਾਬਲੇ ਅਤੇ ਅਰਾਜਕਤਾ (ਹਨੇਰਗਰਦੀ) ਵਿਚੋਂ ਪੈਦਾ ਹੁੰਦੇ ਹਨ। ਇਸ ਲਈ ਵਿਦਵਾਨਾਂ ਦਾ ਵਿਸ਼ਵਾਸ਼ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੁਨੀਆਂ ਦੇ ਸਾਰੇ ਦੇਸ਼ Federal Republic of the World ਦੇ ਝੰਡੇ ਹੇਠਾਂ ਇਕੱਠੇ ਹੋਣ ਤਾਂ ਕਿ ਸਾਰੀ ਮਨੁਖਤਾ ਦੇ ਭਲੇ ਦੀ ਗੱਲ ਕੀਤੀ ਜਾ ਸਕੇ। ਸਮੁਚੀ ਮਨੁਖ ਜਾਤੀ ਅਵੰਡ ਹੈ ਅਤੇ ਸਾਰੀ ਮਨੁਖ ਜਾਤੀ ਦੇ ਹੱਕਾਂ ਦੀ ਰਾਖੀ ਲਈ ਭਵਿੱਖ ਦੀ ਵਿਸ਼ਵ ਗੌਰਮਿੰਟ ਹੀ ਜ਼ਿਆਦਾ ਵਧੀਆ ਢੰਗ ਨਾਲ ਕੰਮ ਕਰ ਸਕੇਗੀ। ਪਰ ਵਿਸ਼ਵ ਗੌਰਮਿੰਟ ਦੇ ਨਿਰਮਾਣ ਲਈ ਰਾਜਾਂ ਨੂੰ ਆਪਣੇ ਵਿਅਕਤੀਗਤ ਹਿੱਤ ਤਿਆਗ ਕੇ ਸਮੁਚੀ ਮਾਨਵਤਾ ਦੇ ਹਿੱਤਾਂ ਨੂੰ ਸਾਹਮਣੇ ਰਖਣਾ ਪਏਗਾ। ਪ੍ਰਸਤਾਵਿਤ ਸੰਵਿਧਾਨ ਵਿਚ ਨਾਗਰਿਕਾਂ ਦੇ ਫ਼ਰਜ਼ਾਂ ਅਤੇ ਹੱਕਾਂ ਦੀ ਗੱਲ ਕਰਦਿਆਂ ਕਿਹਾ ਗਿਆ ਹੈ :

  • ਹਰ ਮਨੁਖ ਦੂਜੇ ਨਾਲ ਉਹੋ ਜਿਹਾ ਵਤੀਰਾ ਕਰੇਗਾ ਜੋ ਉਹ ਆਪ ਦੂਜਿਆਂ ਕੋਲੋਂ ਚਾਹੁੰਦਾ ਹੈ।
  • ਹਿੰਸਾ ਤੋਂ ਦੂਰ ਰਹੇਗਾ ਪਰ ਜੇ ਇਸ ਦੀ ਵਰਤੋਂ ਕਰਨੀ ਪਈ ਤਾਂ ਕੇਵਲ ਆਪਣੇ ਬਚਾਅ ਲਈ ਕਰੇਗਾ।
  • ਜਿਥੋਂ ਤਕ ਸਮਾਜਿਕ ਫ਼ਰਜ਼ਾਂ ਦਾ ਸਬੰਧ ਹੈ, ਵਿਸ਼ਵ ਸਰਕਾਰ ਹਰ ਮਨੁਖ ਨੂੰ ਉਸ ਦੀ ਯੋਗਤਾ ਅਤੇ ਲੋੜ ਅਨੁਸਾਰ ਕੰਮ ਅਤੇ ਸੁਰੱਖਿਆ ਦੇ ਕੇ ਉਸ ਨੂੰ ਗਰੀਬੀ ਅਤੇ ਸ਼ੋਸ਼ਣ ਤੋਂ ਛੁਟਕਾਰਾ ਦਿਵਾਏਗੀ।
  • ਧਾਰਮਿਕ ਅਤੇ ਰਾਜਨੀਤਕ ਸਹਿਣਸ਼ੀਲਤਾ ਕਾਇਮ ਰਖਦਿਆਂ ਵਿਅਕਤੀ, ਖ਼ਾਸ ਕਰ ਅਲਪਸੰਖਿਆ, ਨੂੰ ਜਬਰ ਅਤੇ ਜ਼ੁਲਮ ਦੇ ਰਾਜ ਤੋਂ ਬਚਾਉਣਾ ਵਿਸ਼ਵ ਸਰਕਾਰ ਦਾ ਮੁਖ ਮੰਤਵ ਹੋਏਗਾ।
  • ਮਨੁਖਤਾ ਦੀ ਅਧਿਆਤਮਕ, ਮਾਨਸਿਕ ਅਤੇ ਸਰੀਰਕ ਭਲਾਈ ਲਈ ਕੀਤੇ ਕੰਮ ਨੂੰ ਧਰਮ ਅਤੇ ਮਨੁਖਤਾ ਵਿਰੋਧੀ ਕੰਮ ਨੂੰ ਅਧਰਮ ਸਮਝਿਆ ਜਾਏਗਾ।

ਭਾਵੇਂ ਵਿਸ਼ਵ ਸਰਕਾਰ ਦਾ ਇਹ ਸੰਕਲਪ ਅਜੇ ਕਾਗਜ਼ਾਂ ਵਿਚ ਹੀ ਹੈ ਪਰੰਤੂ ਦੁਨੀਆਂ ਦੀ ਹਰ ਨਵੀਂ ਖੋਜ ਪਹਿਲਾਂ ਵਿਚਾਰ ਵਿਚ ਹੀ ਆਉਂਦੀ ਹੈ, ਬਾਅਦ ਵਿਚ ਹੀ ਉਸ ਨੂੰ ਵਿਵਹਾਰਕ ਰੂਪ ਦਿੱਤਾ ਜਾਂਦਾ ਹੈ। ਸੋ ਆਸ ਕੀਤੀ ਜਾ ਸਕਦੀ ਹੈ ਕਿ ਉਹ ਦਿਨ ਜ਼ਰੂਰ ਆਏਗਾ ਜਦੋਂ ਸਮੁਚੇ ਸੰਸਾਰ ਵਿਚ ਇਕ ਤਾਕਤ ਦਾ ਰਾਜ ਹੋਏਗਾ ਤੇ ਉਹ ਤਾਕਤ ਧਰਮ ਉਪਰ ਅਧਾਰਤ ਹੋਏਗੀ ਕਿਉਂ ਕਿ ਸਾਇੰਸ ਅਤੇ ਸ਼ਿਲਪ ਵਿਗਿਆਨ (ਠੲਚਹਨੋਲੋਗੇ) ਦੀ ਉੱਨਤੀ ਇਨਸਾਨ ਨੂੰ ਸਵੈਪੂਰਨ ਨਹੀਂ ਬਣਾ ਸਕੀ ਅਤੇ ਮਨੁਖੀ ਆਚਰਣ ਕਾਇਮ ਰੱਖਣ ਲਈ ਸਾਇੰਸ ਅਜੇ ਤਕ ਧਰਮ ਦਾ ਕੋਈ ਬਦਲ ਵੀ ਤਿਆਰ ਨਹੀਂ ਕਰ ਸਕੀ। ਇਸ ਲਈ ਆਉਣ ਵਾਲੇ ਸਮੇਂ ਵਿਚ ਧਰਮ ਮਨੁਖ ਦੀ ਪਹਿਲੀ ਲੋੜ ਹੋਏਗੀ। ਮਨੁਖ ਦਾ ਮਨੁਖ ਪ੍ਰਤੀ ਕੀ ਫ਼ਰਜ਼ ਹੈ ਅਤੇ ਕੀ ਅਧਿਕਾਰ ਹਨ, ਇਹ ਸਾਰਾ ਕੁਝ ਧਰਮ ਹੀ ਤੈਅ ਕਰਦਾ ਹੈ। ਇਸੇ ਲਈ ਵਿਦਵਾਨਾਂ ਦਾ ਵਿਚਾਰ ਹੈ ਕਿ ਮਨੁਖ ਨੂੰ ਅਰਥ ਭਰਪੂਰ ਜੀਵਨ ਜੀਉਣ ਲਈ ਜਿਨ੍ਹਾਂ ਚੀਜ਼ਾਂ ਦੀ ਲੋੜ ਪੈਂਦੀ ਹੈ, ਉਨ੍ਹਾਂ ਵਿੱਚੋਂ ਧਰਮ ਸਭ ਤੋਂ ਵੱਧ ਜ਼ਰੂਰੀ ਹੈ।

ਆਮ ਕਰਕੇ ਧਰਮ ਅਤੇ ਮੱਤ ਨੂੰ ਇਕ ਸਮਝਣ ਦਾ ਭੁਲੇਖਾ ਖਾ ਲਿਆ ਜਾਂਦਾ ਹੈ। ਪਰ ਮੱਤ ਅਤੇ ਧਰਮ ਦੋ ਅਲੱਗ ਅਲੱਗ ਚੀਜ਼ਾਂ ਹਨ। ਸਮੇਂ ਸਮੇਂ ਹੋਏ ਵੱਖ ਵੱਖ ਮਹਾਂਪੁਰਸ਼ਾਂ ਨੇ ਆਪਣੀ ਆਪਣੀ ਪਹੁੰਚ ਅਤੇ ਤਰੀਕੇ ਅਨੁਸਾਰ ਆਪਣੇ ਸਾਥੀਆਂ ਨੂੰ ਜੋ ਮਾਰਗ ਦਿਖਾਇਆ, ਉਹ ਮੱਤ ਅਖਵਾਇਆ। ਧਰਮ ਇਸ ਤੋਂ ਉਪਰ ਦੀ ਚੀਜ਼ ਹੈ। ਧਰਮ ਮਨੁਖ ਦੇ ਪਰਾ-ਮਨੁਖੀ ਅਤੇ ਪਰਾ-ਭੌਤਿਕ ਸ਼ਕਤੀ ਨਾਲ ਅੰਤਰ ਸਬੰਧਾਂ ਦਾ ਨਾਮ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਮਾਜ ਅਤੇ ਸਦਾਚਾਰ ਇਸ ਦੇ ਘੇਰੇ ਵਿਚ ਨਹੀਂ ਆਉਂਦੇ। ਅਸਲ ਵਿਚ ਧਰਮ ਮਨੁਖੀ ਵਿਕਾਸ ਦਾ ਧੁਰਾ ਹੈ। ਇਸ ਦਾ ਕਰਤੱਵ ਦੁਵੱਲਾ ਹੈ। ਇਕ ਪਾਸੇ ਇਸ ਦਾ ਸਬੰਧ ਰੱਬ, ਬ੍ਰਹਿਮੰਡ ਅਤੇ ਅਗਮ ਅਗਾਧ ਨਾਲ ਹੈ ਤੇ ਦੂਜੇ ਪਾਸੇ ਰੱਬ ਦੀ ਪੈਦਾ ਕੀਤੀ ਖਲ਼ਕਤ ਨਾਲ। ਇਹਨਾਂ ਦੋਹਾਂ ਨਾਲ ਸਬੰਧ ‘ਅਨੁਭਵ’ ਨਾਲ ਪੈਦਾ ਹੁੰਦਾ ਹੈ ਦਲੀਲ ਜਾਂ ਤਰਕ ਨਾਲ ਨਹੀਂ। ਅਕਲ ਅਤੇ ਦਲੀਲ ਤਾਂ ਸਗੋਂ ਕਈ ਵਾਰ ਅਗਿਆਨਤਾ ਬਣ ਜਾਂਦੇ ਹਨ। ਜਰਮਨੀ ਦਾ ਪ੍ਰਸਿੱਧ ਫ਼ਿਲਾਸਫ਼ਰ ਸ਼ਾਪਨਹਾਰ ਲਿਖਦਾ ਹੈ ਕਿ ਅਕਲ ਅਤੇ ਦਲੀਲ ਰਾਹੀਂ ਦੁਨੀਆਂ ਦੇ ਦੋ ਟੋਟੇ ਹੋ ਜਾਂਦੇ ਹਨ ਪਰ ਅਨੁਭਵਤਾ ਰਾਹੀਂ ਦੁਨੀਆਂ ਜੁੜਦੀ ਹੈ। ਅਕਲ ਅਤੇ ਦਲੀਲ ਕੇਵਲ ਦਿਸਦੇ ਤੇ ਅਧਾਰਤ ਹੁੰਦੇ ਹਨ, ਸਦੀਵੀ ਸਚਾਈ ਦਾ ਪਤਾ ਦੇਣਾ ਅਨੁਭਵ ਦਾ ਵਿਸ਼ਾ ਹੈ:

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਪਿਰੀ॥
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥

(ਪੰਨਾ 1099)

ਪੂਰੀ ਅਸਲੀਅਤ ਇਨ੍ਹਾਂ ਦੋ ਅੱਖਾਂ ਨਾਲ ਨਹੀਂ ਦਿਸਦੀ। ਕਿਸੇ ਤੀਸਰੀ ਅੱਖ ਦੀ ਲੋੜ ਹੈ – ਤੇ ਉਹ ਅੱਖ ਹੈ ਅਨੁਭਵ ਦੀ। ਜਿਨ੍ਹਾਂ ਨੇ ਹਰ ਚੀਜ਼ ਨੂੰ ਭੌਤਿਕ ਤਜਰਬਿਆਂ ਰਾਹੀਂ ਪਰਖਣਾ ਚਾਹਿਆ ਉਹ ਓਝੜੇ ਪੈ ਗਏ। ਜਿਨ੍ਹਾਂ ਅਨੁਭਵ ਦੀਆਂ ਅੱਖਾਂ ਖੋਲ੍ਹੀਆਂ ਉਹ ਅਸਲੀਅਤ ਦੇ ਨਜ਼ਦੀਕ ਹੋ ਗਏ। ਗੁਰੂ ਸਾਹਿਬ ਲਿਖਦੇ ਹਨ:

ਅਦਿਸਟੁ ਦਿਸੈ ਤਾ ਕਹਿਆ ਜਾਇ॥
ਬਿਨੁ ਦੇਖੈ ਕਹਣਾ ਬਿਰਥਾ ਜਾਇ॥
ਗੁਰਮੁਖਿ ਦੀਸੈ ਸਹਿਜ ਸੁਭਾਇ॥
ਸੇਵਾ ਸੁਰਤਿ ਏਕ ਲਿਵਲਾਇ॥

(ਪੰਨਾ 222)

ਸੰਸਾਰ ਦੇ ਸਾਰੇ ਮੱਤ ਭਾਵੇਂ ਰੱਬ ਦੀ ਹੋਂਦ ਵਿਚ ਵਿਸ਼ਵਾਸ਼ ਰੱਖਦੇ ਹਨ ਪਰ ਹਰ ਮੱਤ ਦਾ ਆਪਣਾ ਰੱਬ, ਆਪਣਾ ਦੇਵਤਾ, ਆਪਣਾ ਫਲਸਫਾ ਅਤੇ ਆਪਣਾ ਪੂਜਾ ਢੰਗ ਹੈ। ਕੇਵਲ ਹਰ ਮੱਤ ਦਾ ਹੀ ਨਹੀਂ ਸਗੋਂ ਇਕ ਮੱਤ ਵਿਚ ਵੀ ਕਈ ਕਈ ਦੇਵਤੇ ਅਤੇ ਕਈ ਕਈ ਪੂਜਾ ਢੰਗ ਹਨ। ਜਿਥੋਂ ਤਕ ਕਿਸੇ ਦੀ ਪਹੁੰਚ ਸੀ ਉਸ ਨੇ ਉਥੋਂ ਤਕ ਦੀ ਗੱਲ ਕੀਤੀ। ਹਜ਼ਰਤ ਮੂਸਾ ਅਨੁਸਾਰ ਰੱਬ ਨਾਲ ਗੱਲਾਂ ਕਰਨ ਲਈ ਤੂਰ ਪਰਬਤ ਤੇ ਚੜ੍ਹਨਾ ਪਏਗਾ। ਹਜ਼ਰਤ ਈਸਾ ਨੇ ਕੇਵਲ ਉਹਨਾਂ ਇਜ਼ਰਾਈਲੀਆਂ ਦੀ ਰਾਖੀ ਕਰਨ ਤੇ ਗੁਨਾਹ ਆਪਣੇ ਮੋਢਿਆਂ ਤੇ ਚੁਕਣ ਦਾ ਵਾਅਦਾ ਕੀਤਾ ਜੋ ਉਨ੍ਹਾਂ ਉਤੇ ਈਮਾਨ ਲਿਆਉਣਗੇ। ਇਸਲਾਮ ਦਾ ਰੱਬ ਸਤਵੇਂ ਆਕਾਸ਼ ਤੇ ਹੈ। ਉਸ ਨੂੰ ਮਿਲਣ ਲਈ ਹਜ਼ਰਤ ਮੁਹੰਮਦ ਦੇ ਦੱਸੇ ਕਲਾਮ, ਨਮਾਜ਼, ਰੋਜ਼ਾ, ਜ਼ਕਾਤ ਆਦਿ ਸ਼ਰ੍ਹਾ ਦਾ ਪਾਬੰਦ ਰਹਿਣਾ ਪਏਗਾ। ਜੋ ਇਉਂ ਨਹੀਂ ਕਰਦੇ ਉਹ ਕਾਫ਼ਰ ਹਨ। ਉਨ੍ਹਾਂ ਨਾਲ ਸਾਂਝ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਸਗੋਂ ਉਨ੍ਹਾਂ ਨੂੰ ਤਾਂ ਇਸਲਾਮ ਵਿਚ ਲਿਆਉਣ ਲਈ ਹਰ ਯਤਨ ਵਾਜਬ ਹੈ। ਜੇ ਸਾਰੀ ਵਾਹ ਲਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਸਲਾਮ ਵਿਚ ਲਿਆਉਣ ਵਿਚ ਸਫ਼ਲਤਾ ਨਾ ਮਿਲੇ ਤਾਂ ਉਨ੍ਹਾਂ ਨੂੰ ਖ਼ਤਮ ਕਰਨ ਦਾ ਪੁੰਨ ਲੈਣਾ ਯੋਗ ਤੇ ਪ੍ਰਵਾਨ ਹੈ। ਹਿੰਦੂ ਧਰਮ ਵਿਚ ਕਈ ਦੇਵੀ ਦੇਵਤੇ ਹੋਣ ਕਰਕੇ ਉਹਨਾਂ ਦੇ ਮੰਦਰ, ਖਾਣ-ਪਾਣ, ਪੂਜਾ ਢੰਗ ਆਦਿ ਸਭ ਵੱਖ ਵੱਖ ਹਨ। ਇਸੇ ਲਈ ਸਮਾਨਤਾ ਤੇ ਸਾਂਝੀਵਾਲਤਾ ਦੀ ਘਾਟ ਹੈ। ਡਾ. ਭਾਈ ਵੀਰ ਸਿੰਘ ਦੇ ਕਥਨ ਅਨੁਸਾਰ ਵਿਦੇਸ਼ੀ ਹਮਲਾਵਰਾਂ ਵੱਲੋਂ ਢਾਹੇ ਗਏ ਮੰਦਰਾਂ ਦੀ ਹਰ ਸਿੱਲ ਹਿੰਦੁਸਤਾਨ ਵਿਚ ਸਮਾਨਤਾ ਤੇ ਸਾਂਝੀਵਾਲਤਾ ਦੇ ਅਭਾਵ ਦੀ ਗਵਾਹੀ ਇਉਂ ਭਰਦੀ ਹੈ:

ਹਾਏ ਹਿੰਦ ਫਲ ਫਾੜੀਆਂ ਵਾਲੇ, ਹਰ ਸਿੱਲ ਕਹਿੰਦੀ ਰੋਈ।(ਮਟਕ ਹੁਲਾਰੇ)

ਇੰਜ ਇਹ ਸਾਰੀਆਂ ਵਿਚਾਰਧਾਰਾਵਾਂ ਮੱਤ ਤਾਂ ਬਣ ਗਈਆਂ ਪਰ ਧਰਮ ਨਹੀਂ ਬਣ ਸਕੀਆਂ। ਧਰਮ ਗੱਲ ਕਰਦਾ ਹੈ ਸਾਂਝੀਵਾਲਤਾ ਦੀ। ਧਰਮ ਗੱਲ ਕਰਦਾ ਹੈ ਪਿਆਰ ਦੀ। ਧਰਮ ਗੱਲ ਕਰਦਾ ਹੈ ਏਕਤਾ ਦੀ। ਸਿੱਖ ਵਿਚਾਰਧਾਰਾ ਇਸ ਵਿਚਾਰ ਦੀ ਧਾਰਨੀ ਹੈ :

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥

(ਪੰਨਾ 97)

…………………………

ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥

(ਪੰਨਾ 671)

…………………………

ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ॥

(ਪੰਨਾ 379)

ਇਸੇ ਲਈ ਵਿਦਵਾਨ ਸਾਧੂ ਸਵਰਗੀ ਸ਼੍ਰੀ ਟੀ. ਐਲ ਵਾਸਵਾਨੀ ਗੁਰੂ ਨਾਨਕ ਦੇਵ ਜੀ ਨੂੰ ‘ਲੋਕਾਈ ਦਾ ਰਹਿਬਰ’ (Prophet of the people) ਕਹਿ ਕੇ ਪਿਆਰਦਾ, ਸਤਿਕਾਰਦਾ ਤੇ ਨਮਸਕਾਰਦਾ ਹੈ। ਮਾਨਵੀ ਸਾਂਝਾਂ ਦੇ ਮੁਦੱਈ – ਗੁਰੂ ਨਾਨਕ ਸਾਹਿਬ – ਹਿੰਦੂਆਂ ਦੇ ਤੀਰਥਾਂ, ਜੋਗੀਆਂ ਦੇ ਪਰਬਤੀ ਟਿਕਾਣਿਆਂ, ਇਸਲਾਮੀ ਤਾਲੀਮ ਦੇ ਕੇਂਦਰਾਂ ਤੇ ਪਹੁੰਚ ਕੇ ਸਭ ਥਾਈਂ ਸਤਿਨਾਮ ਤੇ ਸਤਿ-ਕਰਤਾਰ ਦੀ ਧੁਨੀ ਅਲਾਪਦੇ ਹਨ। ਸਭ ਨੂੰ ਇਕ ਸਮਾਨ ਹਉਮੈ ਤੇ ਤੁਅੱਸਬ ਦੇ ਖੱਡਿਆਂ ਦੀ ਇਕੱਲਤਾ ਵਿਚੋਂ ਕੱਢ ਕੇ ਸਰਬ ਸੁਖਦਾਈ ਸਾਂਝੀਵਾਲਤਾ ਦੀ ਸੰਥਿਆ ਦੇ ਕੇ ਸਰਬੱਤ ਦੇ ਭਲੇ ਦੀ ਜਾਚ ਸਿਖਾਉਂਦੇ ਹਨ। ‘ਗੁਰੂ ਨਾਨਕ ਸਭ ਦਾ ਸਾਂਝਾ ਹੈ’ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਵਿਚ ਅੰਤਮ ਰਸਮਾਂ ਅਦਾ ਕਰਨ ਬਾਰੇ ਝਗੜਾ ਹੋ ਗਿਆ। ਦੋਨੋਂ ਆਪਣੇ ਆਪਣੇ ਢੰਗ ਨਾਲ ਰਸਮਾਂ ਅਦਾ ਕਰਨਾ ਚਾਹੁੰਦੇ ਸਨ। ਪਰ ‘ਬਾਬਾ ਮੜ੍ਹੀ ਨ ਗੋਰ, ਗੁਰ ਅੰਗਦ ਕੇ ਹੀਐ ਮਾਹਿ॥’ ਇਕੋ ਥਾਂ ਤੇ ਗੁਰਦੁਆਰੇ ਅਤੇ ਮਸਜਿਦ ਦੀ ਹੋਂਦ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦੀ ਜੀਊਂਦੀ ਜਾਗਦੀ ਉਦਾਹਰਣ ਹੈ। ਜੇ ਗੁਰਮਤਿ ਦੀ ਵਿਸ਼ਾਲਤਾ, ਸਾਂਝੀਵਾਲਤਾ ਤੇ ਸਹਿਵਾਸ ਦੀ ਹੋਰ ਉਦਾਹਰਣ ਵੇਖਣੀ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਵਾਨਿਤ ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹੀ ਜਾ ਸਕਦੀ ਹੈ ਜਿਸ ਵਿਚ ਉਹ ਲਿਖਦੇ ਹਨ – ‘ਮੈਂ ਤੈਨੂੰ ਇਹ ਨਹੀਂ ਆਖਦਾ ਕਿ ਮੰਦਰ ਵਲ ਜਾਹ ਜਾਂ ਮਸਜਿਦ ਵਲ ਜਾਹ। ਜਿਸ ਪਾਸੇ ਵੀ ਜਾਣਾ ਏ ਜਾਹ, ਪਰ ਸ਼ਰਤ ਇਹ ਹੈ ਕਿ ਰੱਬ ਵਲ ਜਾਈਂ।’ ਧਿਆਨਯੋਗ ਗੱਲ ਇਹ ਹੈ ਕਿ ਇਥੇ ਰੱਬ ਕਿਹਾ ਗਿਆ ਹੈ ਹਿੰਦੂ ਰੱਬ ਜਾਂ ਸਿੱਖ ਰੱਬ ਨਹੀਂ। ਰੱਬ ਇਕ ਹੈ, ਪਰ ਰੱਬ ਦਾ ਟਿਕਾਣਾ ਇਕ ਨਹੀਂ। ਉਹ ਹਰ ਥਾਂ ਮੌਜੂਦ ਹੈ। ਉਸ ਦਾ ਨਾਂ ਵੀ ਇਕ ਨਹੀਂ। ਨਾਂ ਵਿਚ ਪਿਆ ਵੀ ਕੀ ਏ? ਗੁਲਾਬ ਦਾ ਨਾਮ ਭਾਵੇਂ ਚੰਬੇਲੀ ਰੱਖ ਦੇਈਏ ਤੇ ਭਾਵੇਂ ਗੁਲਦਾਉਦੀ, ਸੁਗੰਧੀ ਤਾਂ ਉਹੀ ਰਹੇਗੀ। ਇਸੇ ਲਈ ਗੁਰੂ ਨਾਨਕ ਦਾ ਰੱਬ ਸਭ ਦਾ ਸਾਂਝਾ ਰੱਬ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗ ਉਪਜਿਆ ਕਉਨ ਭਲੇ ਕੋ ਮੰਦੇ॥

(ਪੰਨਾ 1349)

ਮਾਨਵ ਕਲਿਆਣ ਅਤੇ ਪਰਮ ਆਨੰਦ ਲਈ ਇਸ ਸੱਚ ਨੂੰ ਘੁਟ ਕੇ ਪੱਲੇ ਬੰਨ੍ਹਣਾ ਪਏਗਾ ਕਿ ਸਭ ਦੇ ਖਾਲਕ, ਪਾਲਕ ਤੇ ਸਾਂਝੇ ਰੱਬ ਨੂੰ ਆਪਣੀ ਆਪਣੀ ਬੋਲੀ ਜਾਂ ਮਨੌਤ ਅਨੁਸਾਰ ਵਾਹਿਗੁਰੂ, ਅੱਲਾਹ, ਰਾਮ ਜਾਂ ਰਹੀਮ ਆਦਿ ਨਾਵਾਂ ਨਾਲ ਪੁਕਾਰਣ ਨਾਲ ਮਨੁਖ ਦੀ ਮੁਢਲੀ ਪਿਆਰ-ਸਾਂਝ ਵਿਚ ਕਿਸੇ ਪ੍ਰਕਾਰ ਦੀ ਕੋਈ ਤ੍ਰੇੜ ਨਹੀਂ ਪੈਂਦੀ। ਨਫ਼ਰਤ, ਈਰਖਾ, ਸਵਾਰਥ ਜਾਂ ਲੁਟ ਖਸੁਟ ਦੀ ਤ੍ਰੇੜ ਉਦੋਂ ਪੈਂਦੀ ਹੈ ਜਦੋਂ ਅਸੀਂ ਉਸ ਇਕ ਰੱਬ ਨੂੰ ਹਿੰਦੂ ਰੱਬ, ਈਸਾਈ ਰੱਬ, ਮੁਸਲਮਾਨ ਰੱਬ ਜਾਂ ਸਿੱਖ ਰੱਬ ਕਰਕੇ ਮੰਨੀਏ। ਗੁਰਬਾਣੀ ਵਿਚ ਸਾਨੂੰ ਇਸ ਨੁਕਤੇ ਬਾਰੇ ਬੜੀ ਭਾਵਪੂਰਤ ਸੇਧ ਬਖ਼ਸ਼ੀ ਗਈ ਹੈ:

ਕਾਰਨ ਕਰਨ ਕਰੀਮ ॥ ਸਰਬ ਪ੍ਰਤਿਪਾਲ ਰਹੀਮ ॥
ਅਲਹ ਅਲਖ ਅਪਾਰ ॥ ਖੁਦਿ ਖੁਦਾਇ ਵਡ ਬੇਸੁਮਾਰ ॥1॥
ਓਂ ਨਮੋ ਭਗਵੰਤ ਗੁਸਾਈ ॥ ਖਾਲਕੁ ਰਵਿ ਰਹਿਆ ਸਰਬ ਠਾਈ ॥1॥ ਰਹਾਉ ॥
ਜਗੰਨਾਥ ਜਗਜੀਵਨ ਮਾਧੋ ॥ ਭਉ ਭੰਜਨ ਰਿਦ ਮਾਹਿ ਅਰਾਧੋ ॥
ਰਿਖੀਕੇਸ ਗੋਪਾਲ ਗਵਿੰਦ ॥ ਪੂਰਨ ਸਰਬਤ੍ਰ ਮੁਕੰਦ ॥2॥
ਮਿਹਰਵਾਨ ਮਉਲਾ ਤੂਹੀ ਏਕ ॥ ਪੀਰ ਪੈਕਾਂਬਰ ਸੇਖ ॥
ਦਿਲਾ ਕਾ ਮਾਲਕੁ ਕਰੇ ਹਾਕੁ ॥ ਕੁਰਾਨ ਕਤੇਬ ਤੇ ਪਾਕੁ ॥3॥
ਨਾਰਾਇਣ ਨਰਹਰ ਦਇਆਲ ॥ ਰਮਤ ਰਾਮ ਘਟ ਘਟ ਆਧਾਰ ॥
ਬਾਸੁਦੇਵ ਬਸਤ ਸਭ ਠਾਇ ॥ ਲੀਲਾ ਕਿਛੁ ਲਖੀ ਨ ਜਾਇ ॥4॥
ਮਿਹਰ ਦਇਆ ਕਰਿ ਕਰਨੈਹਾਰ ॥ ਭਗਤਿ ਬੰਦਗੀ ਦੇਹਿ ਸਿਰਜਣਹਾਰ ॥
ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥5॥

(ਪੰਨਾ 897)

……………………………………

ਰਾਮਕਲੀ ਮਹਲਾ 5 ॥

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
ਕੋਈ ਸੇਵੈ ਗੁਸਈਆ ਕੋਈ ਅਲਾਹਿ ॥1॥
ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥1॥ ਰਹਾਉ ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥2॥
ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥3॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥4॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥5॥

(ਪੰਨਾ 885)

ਜਿਸ ਨਾਮ ਨਾਲ ਮਰਜ਼ੀ ਉਸ ਨੂੰ ਚੇਤੇ ਕਰੋ ਪਰ ਪ੍ਰਭੂ ਦਾ ਭੇਦ ਪਾਉਣ ਲਈ ਉਸ ਦਾ ਹੁਕਮ ਪਛਾਣਨ ਦੀ ਸ਼ਰਤ ਹੈ। ਸਮੱਸਿਆ ਉਦੋਂ ਖੜੀ ਹੁੰਦੀ ਹੈ ਜਦੋਂ ਅਸੀਂ ਉਸ ਇਕ ਰੱਬ ਦੀ ਪ੍ਰਾਪਤੀ ਲਈ ਬਾਕੀ ਸਾਰੇ ਤਰੀਕੇ ਤਾਂ ਅਪਨਾ ਲੈਂਦੇ ਹਾਂ ਪਰ ਉਸ ਦਾ ਹੁਕਮ ਪਛਾਣਨ ਵਾਲੇ ਪਾਸੇ ਨਹੀਂ ਜਾਂਦੇ। ਕੋਈ ਬੁਤ ਨੂੰ ਪੂਜ ਕੇ ਰੱਬ ਲੱਭਣ ਦਾ ਯਤਨ ਕਰਦਾ ਹੈ ਤੇ ਕੋਈ ਮੜ੍ਹੀਆਂ ਨੂੰ। ਕੋਈ ਪੂਰਬ ਵਲ ਦੇਖਦਾ ਹੈ ਤੇ ਕੋਈ ਪੱਛਮ ਵਲ।

ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਉ॥
ਕੋਊ ਬੁਤਾਨੁ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕਉ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ॥

(ਅਕਾਲ ਉਸਤਤਿ)

ਵੱਖ ਵੱਖ ਦੇਵਤੇ ਤੇ ਵੱਖ ਵੱਖ ਦਿਸ਼ਾਵਾਂ ਮਨੁਖਤਾ ਨੂੰ ‘ਇਕ’ ਵਿਚ ਜੋੜਨ ਦੀ ਥਾਂ ਵੰਡੀਆਂ ਪਾਉਂਦੀਆਂ ਹਨ। ਸਿੱਖ ਧਰਮ ਨਾ ਤਾਂ ਕਿਸੇ ਵਿਸ਼ੇਸ਼ ਦੇਵਤੇ ਨੂੰ ਮੰਨਦਾ ਹੈ, ਨਾ ਕਿਸੇ ਵਿਸ਼ੇਸ਼ ਧਰਮ ਮੰਦਰ ਨੂੰ ਤੇ ਨਾ ਹੀ ਕਿਸੇ ਵਿਸ਼ੇਸ਼ ਦਿਸ਼ਾ ਨੂੰ। ਸਿੱਖ ਧਰਮ ਵਿਚ ਸਾਂਝਾ ਧਰਮ ਮੰਦਰ ਹੈ ਜਿਸ ਦੇ ਦਰਵਾਜ਼ੇ ਚਾਰਾਂ ਦਿਸ਼ਾਵਾਂ ਵਿਚ ਹਨ। ਸਾਰੇ ਧਰਮਾਂ ਤੇ ਸਾਰੀਆਂ ਦਿਸ਼ਾਵਾਂ ਦੇ ਲੋਕਾਂ ਦਾ ਇਸ ਵਿਚ ਸੁਆਗਤ ਹੈ। ਇਹ ਇਕ ਅਜਿਹਾ ਮੰਦਰ ਹੈ ਜਿਸ ਦੀ ਨੀਂਹ ਇਸਲਾਮ ਦੇ ਪੈਰੋਕਾਰ ਨੇ ਰੱਖੀ। ਇਸ ਵਿਚ ਇਕ ਅਜਿਹਾ ਗ੍ਰੰਥ ਸਥਾਪਿਤ ਹੈ ਜਿਸ ਵਿਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਬਿਰਾਜਮਾਨ ਹਨ। ਇਹ ਇਕ ਅਜਿਹਾ ਗ੍ਰੰਥ ਹੈ ਜਿਸ ਵਿਚ ਗੁਰੂ ਵੀ ਬੈਠੇ ਹਨ ਤੇ ਚੇਲੇ ਵੀ, ਬ੍ਰਾਹਮਣ ਵੀ ਹਾਜ਼ਰ ਹੈ ਤੇ ਸ਼ੂਦਰ ਵੀ। ਇਸ ਗ੍ਰੰਥ ਵਿਚ ਗਿਆਨ ਵੀ ਹੈ ਤੇ ਅਨੁਭਵ ਵੀ। 400 ਸਾਲ ਪਹਿਲਾਂ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਇਕ ਅਜ਼ੀਮ ਇਨਕਲਾਬ ਸੀ। ਅਨੇਕਤਾ ਵਿਚ ਏਕਤਾ ਅਤੇ ਸਹਿਵਾਸ (ਚੋ-ੲਣਸਿਟੲਨਚੲ) ਦੀ ਇਸ ਤੋਂ ਵੱਡੀ ਉਦਾਹਰਣ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਹੋਰ ਕਿਧਰੇ ਮਿਲਣੀ ਅਸੰਭਵ ਹੈ। ਭਾਵੁਕ ਏਕਤਾ ਤੇ ਸਹਿਵਾਸ ਦਾ ਹੀ ਦੂਜਾ ਨਾਮ ਹੈ ਸਾਂਝੀਵਾਲਤਾ ਜਿਸ ਦੀ ਅੱਜ ਦੀ ਲੋਭੀ ਅਤੇ ਹਉਮੈ ਗ੍ਰਸਤ ਲੋਕਾਈ ਨੂੰ ਲੋੜ ਹੈ। ਜਿਸ ਸਾਂਝੀਵਾਲਤਾ ਤੇ ਮਿਲਵਰਤਨ ਦੀ ਗੱਲ ਅੱਜ ਸੰਸਾਰ ਵਿਚ ਸ਼ਾਂਤੀ ਲਿਆਉਣ ਲਈ ਕੀਤੀ ਜਾ ਰਹੀ ਹੈ ਉਹ ਸਿੱਖੀ ਦਾ ਮੁਢ ਹਨ। ਸਿੱਖਾਂ ਦਾ ਰੱਬ ਸਾਂਝਾ, ਗੁਰੂ ਸਾਂਝਾ, ਮੰਦਰ ਸਾਂਝਾ, ਲੰਗਰ ਸਾਂਝਾ, ਅੰਮ੍ਰਿਤ ਸਾਂਝਾ, ਰਾਜ ਸਾਂਝਾ, ਜੈਕਾਰਾ ਸਾਂਝਾ, ਅਰਦਾਸ ਸਾਂਝੀ, ਲੜਾਈ ਸਾਂਝੀ, ਇਥੋਂ ਤਕ ਕਿ ਫ਼ਤਹਿ ਵੀ ਸਾਂਝੀ ਹੈ। ਇਸ ਤੋਂ ਵੱਧ ਸਾਂਝੀਵਾਲਤਾ ਅਤੇ ਮਿਲ ਬੈਠਣ ਦੀ ਹੋਰ ਕਿਹੜੀ ਗੱਲ ਹੋ ਸਕਦੀ ਹੈ?

ਸਿੱਖੀ ਦਾ ਅਸੂਲ ਹੈ – ਬਾਹਰ ਨਹੀਂ, ਅੰਦਰ ਵਲ ਝਾਕੋ। (ਢੋਚੁਸ ੋਨ ਮਨਿਦ) ਸਾਰੇ ਵਿਚਾਰ ਮਨ ਵਿਚੋਂ ਹੀ ਪੈਦਾ ਹੁੰਦੇ ਹਨ ਤੇ ਜੀਵਨ ਦੀ ਸਾਰੀ ਖੇਡ ਵਿਚਾਰਾਂ ਦੀ ਹੀ ਉਪਜ ਹੈ। ਜੇ ਲੜਾਈਆਂ, ਝਗੜੇ, ਅਨਿਆਂ, ਝੂਠ, ਅਸਹਿਣਸ਼ੀਲਤਾ, ਫਿਰਕਾਪ੍ਰਸਤੀ ਆਦਿ ਕੁਰੀਤੀਆਂ ਮਨ ਦੀ ਉਪਜ ਹਨ ਤਾਂ ਸਹਿਜ, ਆਨੰਦ, ਸੰਤੋਖ ਆਦਿ ਗੁਣ ਵੀ ਮਨ ਵਿਚ ਹੀ ਪੈਦਾ ਹੁੰਦੇ ਹਨ। ਇਸ ਲਈ ਜੀਵਨ ਵਿਚ ਜੇ ਮਨ ਕਾਬੂ ਵਿਚ ਆ ਜਾਏ ਤਾਂ ਕੋਈ ਵੀ ਕੰਮ ਔਖਾ ਨਹੀਂ। ਇਸੇ ਲਈ ਗੁਰਬਾਣੀ ਵਿਚ ‘ਮਨਿ ਜੀਤੈ ਜਗੁ ਜੀਤੁ’ ਦੀ ਗੱਲ ਕੀਤੀ ਗਈ ਹੈ। ਮਨ ਨੂੰ ਥਿਰ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ:

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥

(598)

————————-

ਬਾਹਰਿ ਢੂੰਡਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤ ਘਟੁ ਮਾਹੀ ਜੀਉ॥

(598)

ਗੁਰਬਾਣੀ ਅਨੁਸਾਰ ਮਨ ਜੋਤ ਸਰੂਪ ਹੈ। ਸਾਰੇ ਖਜ਼ਾਨੇ ਇਸ ਦੇ ਅੰਦਰ ਹੀ ਹਨ:

ਨਾਨਕੁ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ॥

(469)

ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਅੰਦਰਲੇ ਖਜ਼ਾਨੇ ਦੀ ਭਾਲ ਨਾ ਕਰਨ ਕਰਕੇ ਹੀ ਹਨ। ਮਨ ਚੰਚਲ ਹੈ। ਬਾਹਰ ਨੂੰ ਦੌੜਦਾ ਹੈ। ਮਿੰਟਾਂ ਸਕਿੰਟਾਂ ਵਿਚ ਦੁਨੀਆਂ ਘੁੰਮ ਆਉਂਦਾ ਹੈ। ਇਹ ਮਨ ਹੀ ਹੈ ਜੋ ਮਨੁਖ ਕੋਲੋਂ ਕਦੀ ਬਲਾਤਕਾਰ ਕਰਾਉਂਦਾ ਹੈ ਤੇ ਕਦੀ ਕਤਲ। ਕਦੀ ਜ਼ਮੀਨ ਪਿਛੇ ਲੜਾਈ ਕਰਾਉਂਦਾ ਹੈ ਤੇ ਕਦੀ ਜ਼ੋਰੂ ਪਿਛੇ। ਸਾਰਾ ਸੰਸਾਰ ਮਨ ਪਿਛੇ ਲੱਗ ਕੇ ਹੀ ਭਟਕਦਾ ਫਿਰਦਾ ਹੈ। ਵਿਸ਼ਵ ਸਰਕਾਰ ਦੇ ਮੁਖ ਉਦੇਸ਼ ‘ਸ਼ਾਂਤੀ ਦਾ ਪ੍ਰਚਲਨ’ ਦੀ ਪ੍ਰਾਪਤੀ ਲਈ ਸਿੱਖੀ ਦਾ ਮੁਖ ਅਸੂਲ ‘ਮਨ ਜੀਤੈ ਜਗੁ ਜੀਤੁ’ ਇਕ ਮੀਲ ਪੱਥਰ ਦਾ ਕੰਮ ਕਰ ਸਕਦਾ ਹੈ। ਸੰਸਾਰ ਦੇ ਸਾਰੇ ਧਰਮ ਮਨ ਨੂੰ ਮਾਰਨ ਦੀ ਗੱਲ ਤਾਂ ਕਰਦੇ ਹਨ ਪਰ ਮਨ ਜਿੱਤਣ ਦੀ ਗੱਲ ਕਿਸੇ ਨੇ ਨਹੀਂ ਕੀਤੀ। ਇਸੇ ਲਈ ਭਟਕਣ ਹੈ। ਮਨ ਜਿੱਤਣ ਨਾਲ ਇਕ ਭਿਖਾਰੀ ਰਾਜਾ ਬਣ ਜਾਂਦਾ ਹੈ:

ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥

(707)

———————–

ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥
ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥

(992)

ਤੇ ਰਾਜਾ ਆਪਣੇ ਆਪ ਨੂੰ ਭਿਖਾਰੀ ਸਮਝਣ ਲੱਗਦਾ ਹੈ:
ਹਮ ਭੀਖਕ ਭੇਖਾਰੀ ਤੇਰੇ ਤੂ ਨਿਜਪਤਿ ਹੈ ਦਾਤਾ॥

(666)

———————–

ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ॥

(1144)

ਜਦੋਂ ਇਕ ਰਾਜਾ ਆਪਣੇ ਆਪ ਨੂੰ ਭਿਖਾਰੀ ਸਮਝਣ ਲੱਗ ਪਏ ਤਾਂ ਪਰਜਾ ਅਤੇ ਰਾਜਾ ਵਿਚ ਫਰਕ ਨਹੀਂ ਰਹਿ ਜਾਂਦਾ। ਰਾਜ ਪਰਜਾ ਦਾ ਹੀ ਹੋ ਜਾਂਦਾ ਹੈ। ਸਿੱਖ ਚਿੰਤਨ ਇਕ ਸੰਪੂਰਨ ਧਰਮ-ਚਿੰਤਨ ਹੈ ਅਤੇ ਇਸ ਸੰਪੂਰਨ ਧਰਮ ਚਿੰਤਨ ਅਨੁਸਾਰ ਧਰਮ ਦਾ ਕਾਰਜ ਖੇਤਰ ਅਸੀਮ ਹੈ। ਰਾਜ ਵੀ ਸਿੱਖ ਚਿੰਤਨ ਦਾ ਇਕ ਕੇਂਦਰੀ ਵਿਸ਼ਾ ਹੈ। ਗੁਰੂ ਨਾਨਕ ਦੇਵ ਜੀ ਮੱਧਕਾਲ ਦੇ ਪਹਿਲੇ ਧਰਮ-ਚਿੰਤਕ ਸਨ ਜਿਹਨਾਂ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦੀ ਗੱਲ ਕੀਤੀ, ਅਧਿਆਤਮਕਤਾ ਦੇ ਨਾਲ ਨਾਲ ਰਾਜ ਅਤੇ ਸਮਾਜ ਪ੍ਰਤੀ ਜਾਗਰੂਕਤਾ ਲਿਆਉਂਦੀ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੇ ਗੁਰੂ ਸਾਹਿਬਾਨ ਨੇ ਵੀ ਇਸ ਵਿਲੱਖਣ ਗੁਣ ਨੂੰ ਅਪਣਾਈ ਰਖਿਆ। ਆਰੰਭ ਵਿਚ ਤੱਤ-ਕਾਲੀਨ ਰਾਜ ਬਾਰੇ ਪ੍ਰਤੀਕਰਮ ਬਾਣੀ ਰੂਪ ਵਿਚ ਰਿਹਾ ਪਰ ਜਦੋਂ ਪ੍ਰਸਥਿਤੀਆਂ ਨੇ ਹਥਿਆਰ ਚੁਕਣ ਲਈ ਮਜਬੂਰ ਕੀਤਾ ਤਾਂ ਗੁਰੂ ਪਰੰਪਰਾ ਦਾ ਸ਼ਾਂਤਮਈ ਘੋਲ ਹਥਿਆਰਬੰਦ ਘੋਲ ਵਿਚ ਤਬਦੀਲ ਹੋ ਗਿਆ।

ਸਿੱਖੀ ਵਿਚ ਰਾਜ ਦਾ ਸੰਕਲਪ ਮੀਰੀ ਅਤੇ ਪੀਰੀ ਦੇ ਸਿਧਾਂਤ ਉਪਰ ਆਧਾਰਿਤ ਹੈ। ਸਿੱਖ ਵਿਚਾਰਧਾਰਾ ਵਿਚ ਧਰਮ ਅਤੇ ਰਾਜ ਦੋਵੇਂ ਮਨੁਖ ਨਾਲ ਸਬੰਧਤ ਸੰਸਥਾਵਾਂ ਹਨ। ਧਰਮ ਅਤੇ ਰਾਜ ਦੋਹਾਂ ਨੂੰ ਜੀਊਣ ਵਾਲਾ ਅਤੇ ਦੋਹਾਂ ਖੇਤਰਾਂ ਵਿਚ ਕਾਰਜਸ਼ੀਲ ਮਨੁਖ ਮੂਲ ਰੂਪ ਵਿਚ ਇਕੋ ਹੀ ਹੈ। ਓਪਰੀ ਪੱਧਰ ਤੇ ਦੇਖਿਆਂ ਧਰਮ ਤੇ ਰਾਜ ਦੇ ਕਾਰਜ ਭਾਵੇਂ ਵੱਖੋ ਵੱਖਰੇ ਪ੍ਰਤੀਤ ਹੁੰਦੇ ਹਨ ਪਰ ਦੋਵੇਂ ਇਕ ਸੰਯੁਕਤ ਵਿਵਸਥਾ ਵਲ ਸੰਕੇਤ ਕਰਦੇ ਹਨ। ਸਿੱਖੀ ਵਿਚ ਇਕ ਪਾਸੇ ਸਰਬੱਤ ਦਾ ਭਲਾ ਹੈ ਤੇ ਦੂਜੇ ਪਾਸੇ ਬੁਰਾਈ ਦਾ ਟਾਕਰਾ। ਹੇਠਲਾ ਗੁਰਵਾਕ ਸਿੱਖ ਲਈ ਪ੍ਰੇਰਨਾ ਸਰੋਤ ਹੈ:

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥

(ਪੰਨਾ 969)

ਸਤਿਗੁਰਾਂ ਦੀ ਬਖ਼ਸ਼ੀ ਮੀਰੀ, ਪੀਰੀ ਦੀ ਪੂਰਕ ਹੈ। ਇਹ ਮੀਰੀ ਕੁਝ ਲੈਣ ਵਾਸਤੇ ਨਹੀਂ, ਕੁਝ ਨਿਛਾਵਰ ਕਰਨ ਵਾਸਤੇ ਹੈ। ਸੰਸਾਰਕ ਲੁਟ ਖਸੁਟ ਕਰਨ ਵਾਲੀ ਮੀਰੀ ਦੇ ਮੁਕਾਬਲੇ ਇਹ ਮੀਰੀ ਜਨਤਾ ਦੀ ਪੱਤ ਆਬਰੋ ਦੀ ਰਖਿਅਕ ਹੈ। ਸਿੱਖ ਦੀ ਤਲਵਾਰ ਸਿਰਫ ਦੋ ਮੌਕਿਆਂ ’ਤੇ ਉੱਠਦੀ ਹੈ – ਇਕ ਸ੍ਵੈ-ਰੱਖਿਆ ਲਈ ਤੇ ਦੂਜਾ ਦੀਨਾਂ ਦੀ ਰੱਖਿਆ ਲਈ। ਅਸਲ ਵਿਚ ਸਿੱਖ ਦੀ ਤਲਵਾਰ, ਤਲਵਾਰ ਘੱਟ ਤੇ ਢਾਲ ਬਹੁਤੀ ਹੈ। ਸਿੱਖ ਕੇਵਲ ਸਿਪਾਹੀ ਹੀ ਨਹੀਂ, ਸੰਤ ਵੀ ਹੈ। ਨਿਹੱਥਿਆਂ, ਇਸਤਰੀਆਂ, ਬੱਚਿਆਂ, ਬੁਢਿਆਂ, ਬੀਮਾਰਾਂ ਆਦਿ ’ਤੇ ਉਹ ਕਦੇ ਵੀ ਵਾਰ ਨਹੀਂ ਕਰਦਾ। ਜੰਗ ਵਿਚ ਉਹ ਕਦੇ ਝੂਠ, ਧੋਖਾ, ਫਰੇਬ ਆਦਿ ਦੇ ਦਾਅ-ਪੇਚ ਨਹੀਂ ਖੇਡਦਾ। ਉਹ ਨਾ ਤਾਂ ਪਹਿਲਾਂ ਹਮਲਾ ਕਰਦਾ ਹੈ ਤੇ ਨਾ ਹੀ ਕਦੇ ਕਿਸੇ ਮਜ਼ਲੂਮ ਉਤੇ ਜ਼ੁਲਮ ਢਾਉਂਦਾ ਹੈ। ਇਸਤਰੀਆਂ ਚਾਹੇ ਦੁਸ਼ਮਣਾਂ ਦੀਆਂ ਹੀ ਕਿਉਂ ਨਾ ਹੋਣ, ਉਹਨਾਂ ਵੱਲ ਉਹ ਅੱਖ ਚੁਕ ਕੇ ਵੀ ਨਹੀਂ ਦੇਖਦਾ। ਇਤਿਹਾਸ ਗਵਾਹ ਹੈ ਕਿ ਖਾਲਸਾ ਫੌਜ ਨੇ ਅਫਗਾਨਿਸਤਾਨ ਨੂੰ ਲਿਜਾਈਆਂ ਜਾ ਰਹੀਆਂ ਇੱਕੀ ਸੌ ਇਸਤਰੀਆਂ (ਚਾਹੇ ਉਹ ਹਿੰਦੂ ਸਨ ਤੇ ਚਾਹੇ ਮੁਸਲਮਾਨ) ਨੂੰ ਅਫਗਾਨਾਂ ਦੀ ਫੌਜ ਹੱਥੋਂ ਛੁਡਵਾਇਆ ਅਤੇ ਇੱਜ਼ਤ ਨਾਲ ਘਰੋ-ਘਰੀਂ ਪਹੁੰਚਾਇਆ। ਸਿੱਖੀ ਪਰ-ਇਸਤਰੀ ਦੇ ਸੰਗ ਤੋਂ ਵਰਜਦੀ ਹੈ। ਸਿੱਖੀ ਦੇ ਉਪਦੇਸ਼ ਵਿਚ ਸ਼ਕਤੀ ਦੀ ਵਰਤੋਂ ਕਰਦਿਆਂ ਨੈਤਿਕਤਾ ਦਾ ਪੱਲਾ ਨਾ ਛੱਡਣਾ ਲਿਖਿਆ ਹੈ। ਅੰਮ੍ਰਿਤ ਦੀ ਤਿਆਰੀ ਵੇਲੇ ਗੁਰਬਾਣੀ ਦਾ ਪਾਠ ਕਰਨਾ ਅਤੇ ਸਿੱਖ ਰਹਿਤ ਵਿਚ ਨਿੱਤਨੇਮ ਦਾ ਲਾਜ਼ਮੀ ਕਰਨਾ ਸਿੱਖਾਂ ਨੂੰ ਸ਼ਕਤੀ ਦੇ ਨਾਲ-ਨਾਲ ਭਗਤੀ ਨਾਲ ਜੋੜ ਕੇ ਰੱਖਣ ਵਾਸਤੇ ਹੀ ਹੈ। ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਉਪਦੇਸ਼ ਭਾਵੇਂ ਗੁਰੂ ਨਾਨਕ ਦੇਵ ਜੀ ਨੇ ਹੀ ਦੇ ਦਿੱਤਾ ਸੀ ਪਰ ਅੰਮ੍ਰਿਤ ਨੇ ਇਸ ਨੂੰ ਅਮਲੀ ਰੂਪ ਵਿਚ ਸਿੱਖਾਂ ਲਈ ਲਾਜ਼ਮੀ ਕਰ ਦਿੱਤਾ। ਮੀਰੀ ਤੇ ਪੀਰੀ ਦਾ ਇਹ ਸੰਕਲਪ ‘ਜੀਓ ਅਤੇ ਜੀਣ ਦਿਓ’ ਦਾ ਆਦਰਸ਼ ਹੈ। ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆਂ ਦੀ ਬੋਲੀ, ਵਿਸ਼ਵਾਸ, ਪਹਿਰਾਵਾ ਤੇ ਖਾਣ-ਪੀਣ ਇੱਕ ਨਹੀਂ ਕੀਤੇ ਜਾ ਸਕਦੇ ਹਨ। ਇਹ ਅਨੇਕਤਾ ਜਾਂ ਭਿੰਨਤਾ ਹੀ ਕੁਦਰਤ ਅਤੇ ਮਨੁਖਤਾ ਦੀ ਸੁੰਦਰਤਾ ਹੈ। ਇਹ ਅਨੇਕਤਾ ਹੀ ਸਭਿਆਚਾਰਕ ਸੁਤੰਤਰਤਾ ਦਾ ਦੂਜਾ ਨਾਂ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ:

ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ਼ ਓਈ
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉਂ ਹੈ।
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ
ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ।
ਅੱਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ
ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ।

(ਅਕਾਲ ਉਸਤਤਿ)

ਅਸਲ ਵਿਚ ਸਿੱਖ ਅਧਿਆਤਮਿਕਤਾ ਦਾ ਨਿਸ਼ਾਨਾ ਇਕ ਪਾਸੇ ਰੱਬ ਨਾਲ ਜੁੜਨਾ, ਉਸ ਪ੍ਰਤੀ ਵਫ਼ਾਦਾਰ ਰਹਿਣਾ ਤੇ ਉਸ ਦੀ ਸਰਵਉੱਚਤਾ ਨੂੰ ਸਵੀਕਾਰਨਾ ਹੈ ਤੇ ਦੂਜੇ ਪਾਸੇ ਖ਼ਾਲਕ ਅਤੇ ਖ਼ਲਕਤ ਨੂੰ ਇਕ ਦੂਜੇ ਵਿਚ ਅਭੇਦ ਹੋਇਆ ਮੰਨਣਾ ਹੈ।

ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥

(ਪੰਨਾ 1350)

ਇਸੇ ਲਈ ਲੋਕਾਈ ਨਾਲ ਜੁੜਨਾ ਰੱਬ ਨਾਲ ਜੁੜਨਾ ਹੈ, ਲੋਕਾਈ ਨਾਲ ਵਫ਼ਾਦਾਰੀ ਰੱਬ ਨਾਲ ਵਫ਼ਾਦਾਰੀ ਹੈ, ਲੋਕਾਈ ਦੀ ਸਰਵਉੱਚਤਾ ਨੂੰ ਸਵੀਕਾਰਨਾ ਰੱਬ ਦੀ ਸਰਵਉੱਚਤਾ ਨੂੰ ਸਵੀਕਾਰਨਾ ਹੈ। ਸਿੱਖ ਧਰਮ ਵਿਚ ਰੱਬ ਨੂੰ ਦੁਨੀਆਵੀ ਰਾਜਿਆਂ ਤੋਂ ਉਪਰ ਸਰਵਉੱਚ ਰਾਜੇ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਹੈ ਅਤੇ ਦੁਨਿਆਵੀ ਰਾਜੇ ਨੂੰ ਰੱਬੀ ਰਾਜ ਦੇ ਹੁਕਮ ਵਿਚ ਰਹਿਣਾ ਅਨਿਵਾਰਯ ਹੈ। ਸੰਪੂਰਨ ਸ਼੍ਰਿਸ਼ਟੀ ਰੱਬ ਦੇ ਨਿਹਚਲ ਰਾਜ ਦੇ ਅਧਿਕਾਰ ਖੇਤਰ ਵਿਚ ਹੈ।

ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥

(ਪੰਨਾ 993)

ਵਿਸ਼ਵ ਸਰਕਾਰ ਦੇ ਪ੍ਰਸਤਾਵਿਤ ਸੰਵਿਧਾਨ ਵਿਚ ਦਰਜ ਅੰਸ਼ – ਮਨੁਖਤਾ ਦੀ ਅਧਿਆਤਮਕ, ਮਾਨਸਿਕ ਅਤੇ ਸਰੀਰਕ ਭਲਾਈ ਲਈ ਕੀਤੇ ਕੰਮ ਨੂੰ ਧਰਮ ਅਤੇ ਮਨੁਖਤਾ ਵਿਰੋਧੀ ਕੰਮ ਨੂੰ ਅਧਰਮ ਸਮਝਿਆ ਜਾਏਗਾ – ਸਿੱਖੀ ਆਸ਼ੇ ਦਾ ਹੀ ਪ੍ਰਗਟਾਵਾ ਹੈ। ਸਿੱਖ ਧਰਮ ਵਿਚ ਮਨੁਖ ਦੀ ਸਰਵ-ਸ੍ਰੇਸ਼ਟਤਾ ਹੈ। ਗੁਰਬਾਣੀ ਵਿਚ ਜਦੋਂ ਬੇਗਮਪੁਰੇ ਜਾਂ ਹਲੇਮੀ ਰਾਜ ਦੀ ਗੱਲ ਕੀਤੀ ਗਈ ਤਾਂ ਪਹਿਲ ਮਨੁਖ ਨੂੰ ਹੀ ਦਿੱਤੀ ਗਈ। ਇਕ ਐਸੇ ਆਦਰਸ਼ ਰਾਜ ਦਾ ਸੰਕਲਪ ਚਿਤਰਿਆ ਹੈ ਜਿਸ ਵਿਚ ਨਾ ਹਉਮੈਂ ਦੀ ਲੇਸ ਹੈ, ਨਾ ਕਿਸੇ ਪ੍ਰਕਾਰ ਦੀ ਕਮਜ਼ੋਰੀ ਦੀ ਗੱਲ ਸਾਹਮਣੇ ਆਉਂਦੀ ਹੈ, ਨਾ ਹੀ ਧੱਕਾ ਤੇ ਨਾ ਹੀ ਜ਼ੁਲਮ। ਇੱਥੇ ਦੋਹਰਾ ਪ੍ਰਸੰਗ ਹੈ – ਬਾਹਰੀ ‘ਹਲੇਮੀ ਰਾਜ’ ਨਾਲ ਸਿੱਖ ਦੇ ਮਨ ਅੰਦਰ ਇੱਕ ਐਸਾ ਰਾਜ ਸਥਾਪਿਤ ਹੋ ਜਾਂਦਾ ਹੈ ਜਿਸ ਵਿਚ ਪੂਰਨ ਸਹਿਜ ਹੈ, ਸਬਰ ਹੈ, ਸ਼ਾਂਤੀ ਹੈ, ਇੱਕ ਐਸੇ ਮਨ ਦਾ ਵਰਣਨ ਹੈ ਜਿਸ ਵਿਚ ਸਾਰੇ ਵਿਕਾਰ, ਵਾਸ਼ਨਾਵਾਂ, ਤ੍ਰਿਸ਼ਨਾਵਾਂ ਦਾ ਅੰਤ ਹੋ ਗਿਆ ਹੈ। ਹਰ ਪਾਸੇ ਖੁਸ਼ਹਾਲੀ ਤੇ ਖੇੜਾ ਹੈ, ਪਿਆਰ ਤੇ ਮੁਹੱਬਤ ਹੈ, ਸਦਭਾਵਨਾ ਤੇ ਸਾਂਝੀਵਾਲਤਾ ਹੈ। ਇਹ ‘ਹਲੇਮੀ ਰਾਜ’ ਮਾਨਵਤਾ ਦੇ ਮਨਾਂ ਅੰਦਰ ਉੱਚੀ ਤੇ ਸੁਚੀ ਅਵਸਥਾ ਦਾ ਸੂਚਕ ਹੈ। ਇੱਥੇ ਪਰਮਾਤਮਾ ਨਾਲ ਦੈਵਿਕ ਗੁਣਾਂ ਦੀ ਸਾਂਝ ਹੈ।
ਕਿਸੇ ਸਮੇਂ ਰਾਜਨੀਤਕ ਖੇਤਰ ਵਿਚ ਰਾਜਤੰਤਰ ਦੀ ਗੱਲ ਕੀਤੀ ਜਾਂਦੀ ਸੀ। ਅੱਜ ਲੋਕ ਤੰਤਰ ਦਾ ਬੋਲ ਬਾਲਾ ਹੈ। ਸਿੱਖ ਪਰੰਪਰਾ ਵਿਚ ਰਾਜ ਵਿਵਸਥਾ ਰਾਜ ਤੰਤਰ ਤੇ ਲੋਕ ਤੰਤਰ ਦੋਹਾਂ ਤੋਂ ਵੱਖ ਹੈ। ਰਾਜ ਤੰਤਰ ਵਿਚ ਰਾਜਾ ਨਾਮਜ਼ਦ ਹੁੰਦਾ ਹੈ ਤੇ ਲੋਕ ਤੰਤਰ ਵਿਚ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਪਰ ਸਿੱਖ ਪਰੰਪਰਾ ਪੰਜਾਂ ਪਿਆਰਿਆ ਦੇ ਵਿਧਾਨ ਉਪਰ ਟਿਕੀ ਹੋਈ ਹੈ। ਇਥੇ ‘ਪਿਆਰੇ’ ਨਾ ਤਾਂ ਨਾਮਜ਼ਦ ਹੁੰਦੇ ਹਨ ਤੇ ਨਾ ਹੀ ਚੁਣੇ ਜਾਂਦੇ ਹਨ। ਉਹ ਚਰਿਤਰ ਦੇ ਗੁਣਾਂ ਰਾਹੀਂ ਆਪਣੀ ਯੋਗਤਾ ਸਿੱਧ ਕਰਦੇ ਹਨ। ਅਜਿਹੇ ‘ਪਿਆਰੇ’ ਹੀ ਖਾਲਸਾ ਅਖਵਾਉਂਦੇ ਹਨ। ਗੁਰੂ ਜੀ ਨੇ ਅਮਲੀ ਰੂਪ ਵਿਚ ਖਾਲਸਾ ਪੰਥ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ ਅਤੇ ਸ਼ਕਤੀਆਂ ਦਾ ਵਿਕੇਂਦਰੀਕਰਣ ਕਰ ਦਿੱਤਾ। ਇਸ ਦੀ ਪ੍ਰਤੱਖ ਗਵਾਹ ਚਮਕੌਰ ਦੀ ਗੜ੍ਹੀ ਹੈ ਜਿਥੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨਿਆਂ ਤੇ ਨਾ ਚਾਹੁੰਦੇ ਹੋਏ ਵੀ ਗੜ੍ਹੀ ਤੋਂ ਬਾਹਰ ਆਏ। ਪਰ ਸ਼ਕਤੀਆਂ ਦਾ ਇਹ ਵਿਕੇਂਦਰੀਕਰਣ ਕੇਂਦਰ ਤੋਂ ਰਹਿਤ ਨਹੀਂ। ਕੇਂਦਰ-ਬਿੰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹੀ ਗੁਰੂ ਪੰਥ ਨੇ ਆਪਣੇ ਫੈਸਲੇ ਕਰਨੇ ਹਨ। ਇਹ ਵਿਕੇਂਦਰੀਕਰਣ ਕੇਂਦਰ ਦੇ ਅਨੁਸ਼ਾਸਨ ਵਿਚ ਹੈ ਜਿਸ ਵਿਚ ਅਧਿਕਾਰ ਵੀ ਹੈ ਤੇ ਅਧੀਨਤਾ ਵੀ। ਅਜ਼ਾਦੀ ਵੀ ਹੈ ਤੇ ਗੁਲਾਮੀ ਵੀ। ਖ਼ਾਲਸਾ ਪੁਤਰ ਗੁਰੂ ਗ੍ਰੰਥ ਪਿਤਾ ਦੇ ਹੁਕਮ ਵਿਚ ਰਹਿੰਦਿਆਂ ਸ਼ਕਤੀਆਂ ਦੀ ਅਜ਼ਾਦੀ ਮਾਨਣ ਦੇ ਹੱਕਦਾਰ ਹੋ ਗਏ ਹਨ। ਇਸ ਤਰ੍ਹਾਂ ਗੁਰੂ ਖਾਲਸਾ ਤੇ ਖਾਲਸਾ ਗੁਰੂ ਹੈ। ਵਿਕੇਂਦਰੀਕਰਣ ਅਤੇ ਕੇਂਦਰੀਕਰਣ ਦੇ ਇਸ ਇਕਮਿਕਤਾ ਭਰੇ ਸੁਮੇਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਬਦਾਂ ਵਿਚ ਇਉਂ ਦਰਸਾਇਆ:

ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਉ ਨਿਵਾਸ॥

(ਸਰਬਲੋਹ ਗ੍ਰੰਥ)

ਲੋਕਤੰਤਰ ‘ਨਿਆਂ’ ਦੀ ਗੱਲ ਕਰਦਾ ਹੈ। ਨਿਆਂ ਬਰਾਬਰੀ ਦੀ ਮੰਗ ਕਰਦਾ ਹੈ। ਨਿਆਂ ਯੋਗਤਾ ਦੀ ਕਦਰ ਕਰਨ ਦੀ ਮੰਗ ਕਰਦਾ ਹੈ। ਨਿਆਂ ਹਰ ਤਰ੍ਹਾਂ ਦੇ ਅਨਿਆਂ ਦੀ ਵਿਰੋਧਤਾ ਕਰਦਾ ਹੈ। ਗੁਰੂ ਜੀ ਨੇ ਵਿਸ਼ਵਾਸ, ਦ੍ਰਿੜ੍ਹਤਾ ਅਤੇ ਸਿਦਕ ਦੀਆਂ ਯੋਗਤਾਵਾਂ ਨੂੰ ਸਿੱਖੀ ਦਾ ਆਧਾਰ ਬਣਾ ਕੇ ਹਰ ਮਨੁਖ ਨੂੰ ਅਨਿਆਂ ਵਿਰੱਧ ਲੜਨ ਲਈ ਤਿਆਰ ਕੀਤਾ। ਅੱਜ ਸੰਸਾਰ ਵਿਚ ਵੱਖਵਾਦੀ ਰੁਚੀਆਂ ਨੂੰ ਦੇਖਦੇ ਹੋਏ ‘ਬਰਾਬਰੀ’ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰ 1699 ਦੀ ਵਿਸਾਖੀ ਸਮੇਂ ਪੰਜਾਂ ਪਿਆਰਿਆਂ ਦੇ ਸੀਸ ਅਰਪਣ ਕਰਨ ਉਪਰੰਤ ਸਰਬ-ਲੋਹ ਦੇ ਇੱਕੋ ਬਾਟੇ ਵਿਚ ਇੱਕੋ ਖੰਡੇ ਨਾਲ ਅੰਮ੍ਰਿਤ ਤਿਆਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੰਜਾਂ ਪਿਆਰਿਆਂ ਨੂੰ ਛਕਾਉਣ ਅਤੇ ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਣ ਤੋਂ ਵੱਡੀ ਬਰਾਬਰੀ ਦੀ ਉਦਾਹਰਣ ਦੁਨੀਆਂ ਦੇ ਇਤਿਹਾਸ ਵਿਚ ਮਿਲਣੀ ਮੁਸ਼ਕਿਲ ਹੈ। ਸੰਨ 1776 ਈ: ਦੀ ਅਮਰੀਕਾ ਦੀ ਸੁਤੰਤਰਤਾ ਦੀ ਲੜਾਈ ਵਿਚ ਅਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦਾ ਜੋ ਸਿਧਾਂਤ ਪੇਸ਼ ਕੀਤਾ ਗਿਆ ਉਹ ਉਸ ਤੋਂ ਪੌਣੀ ਸਦੀ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਨਸ਼ਰ ਕੀਤਾ ਜਾ ਚੁਕਾ ਸੀ। ਜਦੋਂ ਮਨੁਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੇਠ ਲਿਖੇ ਫ਼ੁਰਮਾਨ ਨੂੰ ਅਪਣਾ ਲੈਂਦਾ ਹੈ ਤਾਂ ਉਹ ਸਹੀ ਅਰਥਾਂ ਵਿਚ ਬਰਾਬਰੀ ਅਤੇ ਨਿਆਂ ਨੂੰ ਅਮਲੀ ਰੂਪ ਦੇ ਦਿੰਦਾ ਹੈ। ਆਪ ਫ਼ੁਰਮਾਉਂਦੇ ਹਨ:

ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ।

(ਅਕਾਲ ਉਸਤਤਿ)

ਵਿਸਾਖੀ ਦਾ ਸੰਦੇਸ਼ ਰੂਹਾਨੀ ਲੋਕਤੰਤਰ ਦੀ ਨੀਂਹ ਉੱਤੇ ਖਾਲਸਾ-ਪੰਥ ਦੀ ਇਮਾਰਤ ਉਸਾਰਦਾ ਹੈ। ਬਰਾਬਰੀ, ਨਿਆਂ ਅਤੇ ਆਜ਼ਾਦੀ ਇਸ ਇਮਾਰਤ ਦੇ ਥੰਮ ਹਨ। ਅੱਜ ਫੇਰ ਜਦੋਂ ਵਿਸ਼ਵ ਸਰਕਾਰ ਦਾ ਸੰਕਲਪ ਪੇਸ਼ ਕਰਦਿਆਂ ਸਾਂਝੀਵਾਲਤਾ ਤੇ ਭਾਈਚਾਰੇ ਦੀ ਜੋ ਗੱਲ ਕੀਤੀ ਜਾ ਰਹੀ ਹੈ ਉਸ ਦੀ ਪੂਰਤੀ ਲਈ ਸਿੱਖ ਸਿਧਾਂਤ ਇਕ ਮਾਰਗ ਦਰਸ਼ਕ ਦਾ ਕੰਮ ਕਰਦੇ ਹਨ। ਕਿਸੇ ਸਮੇਂ ਸੁਕਰਾਤ ਨੇ ਆਪਣੇ ਆਪ ਨੂੰ ਰਾਜਾਂ, ਹੱਦਾਂ ਅਤੇ ਦੇਸ਼ਾਂ ਤੋਂ ਉੱਪਰ ਉਠਾਉਂਦੇ ਹੋਏ ਸੰਸਾਰ-ਨਾਗਰਿਕ (World Citizen) ਦਾ ਸਿਧਾਂਤ ਪੇਸ਼ ਕੀਤਾ ਸੀ। ਪਰ ਸਿੱਖ ਸਿਧਾਂਤਾਂ ਦੇ ਪੈਰੋਕਾਰ ਪ੍ਰੋ. ਪੂਰਨ ਸਿੰਘ ਇਸ ਸਿਧਾਂਤ ਨੂੰ ਹੋਰ ਅੱਗੇ ਲਿਜਾਂਦੇ ਹੋਏ ਆਪਣੇ ਆਪ ਨੂੰ ਬ੍ਰਹਿਮੰਡੀ ਨਾਗਰਿਕ (Cosmic Citizen) ਦੱਸਦੇ ਹਨ। ਸੰਸਾਰ-ਨਾਗਰਿਕ ਦੇਸ਼ਾਂ ਦੀਆਂ ਹੱਦਾਂ ਨਹੀਂ ਮੰਨਦਾ। ਉਸ ਦੀ ਸੋਚ ਨਿਰਸੰਦੇਹ ਬੜੀ ਵਿਸ਼ਾਲ ਹੁੰਦੀ ਹੈ ਪਰ ਬ੍ਰਹਿਮੰਡੀ-ਨਾਗਰਿਕ, ਜੋ ਦੇਸ਼ਾਂ ਤੋਂ ਅੱਗੇ ਬ੍ਰਹਿਮੰਡ ਦੀ ਗੱਲ ਕਰਦਾ ਹੈ, ਦੀ ਸੋਚ ਉਸ ਤੋਂ ਵੀ ਵਿਸ਼ਾਲ ਹੈ । ਸਿੱਖ ਸੋਚ ਬ੍ਰਹਿਮੰਡੀ ਨਾਗਰਿਕ ਦੀ ਹੈ। ਬ੍ਰਹਿਮੰਡੀ ਨਾਗਰਿਕ ਦੀ ਪ੍ਰਾਰਥਨਾ ਵਿਸ਼ਵ ਪ੍ਰਾਰਥਨਾ (Global Prayer) ਹੈ। ਬ੍ਰਹਿਮੰਡੀ ਨਾਗਰਿਕ ਦਾ ਰਾਸ਼ਟਰੀ ਗੀਤ (National Anthem) ਵਿਸ਼ਵ ਗੀਤ (Global Anthem) ਹੈ। ਉਸ ਦਾ ਧਰਮ ‘ਸੱਚ ਧਰਮ’ ਹੈ ਤੇ ਉਸ ਦਾ ਨਿਵਾਸ ਸਥਾਨ ‘ਬੇਗਮਪੁਰਾ’ ਹੈ। ਸੰਸਾਰ ਅੱਜ ਜਿਸ ‘ਬੇਗਮਪੁਰੇ’ ਦੀ ਭਾਲ ਵਿਚ ਹੈ ਉਹ ਨਿਸਚੇ ਹੀ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਵਿਚ ਵਿਦਮਾਨ ਹੈ ।