ਵਿਚਿ ਖਡੂਰੇ ਜੋਤਿ ਜਗਾਈ

ਬੱਚਿਆਂ ਦੇ ਇਮਤਿਹਾਨ ਖਤਮ ਹੋ ਗਏ ਸਨ। ਹੁਣ ਉਨ੍ਹਾਂ ਨੂੰ ਦੋ ਮਹੀਨੇ ਛੁਟੀਆਂ ਸਨ। ਸਤਵੰਤ ਕੌਰ ਜਾਣਦੀ ਸੀ ਕਿ ਬੱਚਿਆਂ ਨੂੰ ਵਿਹਲਿਆਂ ਛੱਡਣ ਦਾ ਮਤਲਬ-ਘਰ ਵਿਚ ਹਰ ਵੇਲੇ ਦਾ ਖਰੂਦ। ਸੋ ਉਸ ਨੇ ਬੱਚਿਆਂ ਨੂੰ ਬਿਜ਼ੀ ਕਰਨ ਲਈ ਆਪਣੇ ਘਰ ਵਿਚ ਹੀ ਬੱਚਿਆਂ ਦੀ ਇਕ ਗੁਰਮਤਿ ਕਲਾਸ ਸ਼ੁਰੂ ਕਰ ਦਿੱਤੀ। ਆਂਢ ਗੁਆਂਢ ਦੇ ਕੋਈ ਦਸ ਕੁ ਬੱਚੇ ਆਉਣੇ ਸ਼ੁਰੂ ਹੋ ਗਏ। ਮਲਟੀਮੀਡੀਆ ਦੀ ਵਰਤੋਂ ਕਰਦੇ ਹੋਏ ਉਸ ਨੇ ਬੱਚਿਆਂ ਨਾਲ ਗੁਰਮਤਿ ਦੀ ਗੱਲ ਕਰਨ ਦੀ ਸੋਚੀ। ਹੋਰ ਗਤੀਵਿਧੀਆਂ ਦੇ ਨਾਲ ਨਾਲ ਉਹ ਉਨ੍ਹਾਂ ਨੂੰ ਹਰ ਰੋਜ਼ ਇਕ ਸਾਖੀ ਜ਼ਰੂਰ ਸੁਣਾਉਂਦੀ। ਉਸ ਨੂੰ ਪਤਾ ਸੀ ਕਿ ਬੱਚੇ ਰਾਜੇ ਰਾਣੀਆਂ ਦੀਆਂ ਗੱਲਾਂ ਬੜੇ ਸ਼ੌਕ ਨਾਲ ਸੁਣਦੇ ਹਨ। ਸੋ ਉਸ ਨੇ ਕਲਾਸ ਦੇ ਪਹਿਲੇ ਹੀ ਦਿਨ ਆਪਣੀ ਗੱਲ ਰਾਜੇ ਤੋਂ ਸ਼ੂਰੂ ਕਰਦਿਆਂ ਕਿਹਾ,‘ਬੱਚਿਉ, ਹਮਾਯੂੰ ਕੌਣ ਸੀ।’

ਛੋਟੀ ਬੱਚੀ ਪ੍ਰਭਨੂਰ ਕੌਰ ਨੇ ਇਕਦਮ ਹੱਥ ਖੜਾ ਕਰਦਿਆਂ ਜੁਆਬ ਦਿੱਤਾ, ‘ਹਿੰਦੁਸਤਾਨ ਦਾ ਰਾਜਾ।’

‘ਸ਼ਾਬਾਸ਼, ਬੱਚਿਉ ਅੱਜ ਮੈਂ ਤੁਹਾਨੂੰ ਹਮਾਯੂੰ ਦੀ ਗੱਲ ਸੁਣਾਵਾਂਗੀ। ਸੁਣੋਗੇ?’ ‘ਹਾਂ………….ਜੀ।’ ਬੱਚਿਆਂ ਨੇ ਉੱਚੀ ਆਵਾਜ਼ ਵਿਚ ਜੁਆਬ ਦਿੱਤਾ।

‘ਅੱਛਾ ਸੁਣੋ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਏ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰੂ ਅੰਗਦ ਦੇਵ ਜੀ ਉਨ੍ਹਾਂ ਦਾ ਹੁਕਮ ਪਾ ਕੇ ਖਡੂਰ ਸਾਹਿਬ ਚਲੇ ਗਏ ਸਨ।ਖਡੂਰ ਸਾਹਿਬ ਵਿਚ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹ ਅੰਮ੍ਰਿਤ ਵੇਲੇ ਉੱਠਦੇ, ਸਿਮਰਨ ਕਰਦੇ, ਆਪਣਾ ਦਰਬਾਰ ਲਗਾਉਂਦੇ, ਕੀਰਤਨ ਸੁਣਦੇ, ਸੰਗਤਾਂ ਨੂੰ ਉਪਦੇਸ਼ ਦੇਂਦੇ, ਉਨ੍ਹਾਂ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਤਿਆਰ ਕਰਦੇ, ਗੁਰੂ ਜੀ ਆਪਣੇ ਹੱਥੀਂ ਸੰਗਤਾਂ ਨੂੰ ਲੰਗਰ ਛਕਾਉਂਦੇ। ਫਿਰ ਥੋੜ੍ਹੀ ਦੇਰ ਆਰਾਮ ਕਰਕੇ ਸ਼ਾਮ ਨੂੰ ਬੱਚਿਆਂ ਨਾਲ ਖੇਡਦੇ।’

‘ਆਂਟੀ, ਤੁਸੀਂ ਤਾਂ ਕਹਿੰਦੇ ਸੀ ਹਮਾਯੂੰ ਦੀ ਗੱਲ ਸੁਣਾਵਾਂਗੀ।’ ਪ੍ਰਭਨੂਰ ਨੇ ਵਿਚੋਂ ਹੀ ਟੋਕਦਿਆਂ ਕਿਹਾ।

‘ਬੱਚੇ, ਹੁਣੇ ਸੁਣਾਉਂਦੀ ਆਂ।’ ਸਤਵੰਤ ਕੌਰ ਨੇ ਅਜੇ ਇੰਨਾ ਹੀ ਕਿਹਾ ਸੀ ਕਿ ਗੁਰਜੋਤ ਬੋਲ ਪਿਆ, ‘ਮੰਮੀ, ਗੁਰੂ ਜੀ ਬੱਚਿਆਂ ਨਾਲ ਖੇਡਿਆ ਵੀ ਕਰਦੇ ਸਨ?’

‘ਹਾਂ ਬੇਟੇ, ਗੁਰੂ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੂੰ ਪੜਾਉਂਦੇ ਵੀ, ਖਿਡਾਉਂਦੇ ਵੀ ਤੇ ਫਿਰ ਬੜੀਆਂ ਸੁਆਦੀ ਸੁਆਦੀ ਚੀਜ਼ਾਂ ਵੀ ਖਾਣ ਨੂੰ ਦੇਂਦੇ। ਅੱਛਾ, ਹੁਣ ਮੈਂ ਤੁਹਾਨੂੰ ਹਮਾਯੂੰ ਦੀ ਗੱਲ ਸੁਣਾਉਂਦੀ ਆਂ। ਹਮਾਯੂੰ ਦਿੱਲੀ ਦੇ ਰਾਜੇ ਬਾਬਰ ਦਾ ਪੁਤਰ ਸੀ।’

‘ਆਂਟੀ, ਬਾਬਰ ਗੁਰੂ ਨਾਨਕ ਦੇਵ ਜੀ ਵੇਲੇ ਦਾ ਰਾਜਾ ਸੀ ਨਾ?’ ਥੋੜ੍ਹੀ ਜਿਹੀ ਵੱਡੀ ਉਮਰ ਦੇ ਜਸਵਿੰਦਰ ਨੇ ਸਪਸ਼ਟੀਕਰਨ ਲਈ ਪੁਛਿਆ।

‘ਹਾਂ ਬੇਟੇ ਉਸ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਵੀ ਹੋਇਆ ਸੀ ਤੇ ਉਹ ਗੁਰੂ ਜੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਵੀ ਸੀ। 1530 ਵਿਚ ਬਾਬਰ ਦੀ ਆਗਰੇ ਵਿਖੇ ਮੌਤ ਹੋ ਗਈ ਤੇ ਉਸ ਦਾ ਵੱਡਾ ਪੁਤਰ ਹਮਾਯੂੰ ਦਿੱਲੀ ਦਾ ਰਾਜਾ ਬਣਿਆ। 1540 ਵਿਚ ਕਨੌਜ ਦੇ ਮੈਦਾਨ ਵਿਚ ਹਮਾਯੂੰ ਦੀ ਸ਼ੇਰ ਸ਼ਾਹ ਸੂਰੀ ਨਾਲ ਜ਼ਬਰਦਸਤ ਲੜਾਈ ਹੋਈ। ਉਸ ਲੜਾਈ ਵਿਚ ਹਮਾਯੂੰ ਹਾਰ ਗਿਆ ਤੇ ਜਾਨ ਬਚਾਉਣ ਲਈ ਆਗਰਾ ਛੱਡ ਕੇ ਲਾਹੌਰ ਨੂੰ ਭੱਜਿਆ। ਰਸਤੇ ਵਿਚ ਬਿਆਸ ਦਰਿਆ ਪੈਂਦਾ ਸੀ। ਉਥੇ ਪਹੁੰਚ ਕੇ ਉਹਨੂੰ ਯਾਦ ਆਇਆ ਕਿ ਉਹਦੇੇ ਪਿਤਾ ਜੀ ਇਕ ਵਾਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਤੇ ਉਨ੍ਹਾਂ ਦੀ ਆਸ਼ੀਰਵਾਦ ਲਈ ਸੀ। ਉਹ ਸੋਚਣ ਲੱਗਾ ਕਿਉਂ ਨਾ ਮੈਂ ਵੀ ਉਨ੍ਹਾਂ ਦੇ ਦਰਸ਼ਨ ਕਰ ਕੇ ਅੱਗੇ ਜਾਵਾਂ। ਉਸ ਨੇ ਕਿਸੇ ਕੋਲੋਂ ਗੁਰੂ ਜੀ ਬਾਰੇ ਪੁਛਿਆ ਤਾਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਤਾਂ ਜੋਤੀ ਜੋਤ ਸਮਾ ਗਏ ਹਨ ਤੇ ਹੁਣ ਉਨ੍ਹਾਂ ਦੀ ਗੱਦੀ ਤੇ ਗੁਰੂ ਅੰਗਦ ਦੇਵ ਜੀ ਖਡੂਰ ਸਹਿਬ ਰਹਿੰਦੇ ਹਨ। ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਖਡੂਰ ਸਾਹਿਬ ਆ ਗਿਆ। ਜਦੋਂ ਉਹ ਉਥੇ ਪਹੁੰਚਿਆ ਤਾਂ ਗੁਰੂ ਜੀ ਬੱਚਿਆਂ ਨੂੰ ਪੜਾਉਂਦੇ ਪਏ ਸਨ। ਹਮਾਯੂੰ ਉਨ੍ਹਾਂ ਦੇ ਕੋਲ ਜਾ ਕੇ ਖੜਾ ਹੋ ਗਿਆ। ਗੁਰੂ ਜੀ ਨੇ ਉਸ ਵਲ ਕੋਈ ਖਾਸ ਧਿਆਨ ਨਾ ਦਿੱਤਾ ਤੇ ਬੱਚਿਆਂ ਨੂੰ ਪੜਾ੍ਹਉਣ ਵਿਚ ਮਸਤ ਰਹੇ। ਹਮਾਯੂੰ ਨੂੰ ਬੜਾ ਗੁਸਾ ਆਇਆ।’

‘ਮੰਮੀ, ਗੁਸਾ ਕਿਉਂ ਆਇਆ, ਗੁਰੂ ਜੀ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਪਏ ਸਨ। ਵਿਹਲੇ ਹੋ ਕੇ ਉਨ੍ਹਾਂ ਨੇ ਰਾਜੇ ਨਾਲ ਗੱਲ ਕਰਨੀ ਹੀ ਸੀ।’ ਹਰਲੀਨ ਨੇ ਵਿਚੋਂ ਹੀ ਟੋਕ ਕੇ ਪੁਛਿਆ।

‘ਬੱਚੇ, ਤੁਹਾਡੀ ਗੱਲ ਠੀਕ ਏ। ਪਰ ਹਾਰ ਖਾ ਕੇ ਵੀ ਅਜੇ ਉਸ ਨੂੰ ਮਾਣ ਸੀ ਕਿ ਉਹ ਏਨੇ ਵੱਡੇ ਦੇਸ਼ ਦਾ ਰਾਜਾ ਤੇ ਇਹ ਇਕ ਛੋਟਾ ਜਿਹਾ ਫਕੀਰ।ਇਸ ਨੂੰ ਮੇਰੀ ਪਰਵਾਹ ਹੀ ਨਹੀਂ। ਮੇਰੇ ਸਤਿਕਾਰ ਵਿਚ ਖੜਾ ਤਾਂ ਕੀ ਹੋਣਾ ਏ ਇਸ ਨੇ ਮੇਰੇ ਵਲ ਦੇਖਿਆ ਤਕ ਨਹੀਂ। ਗੁਸੇ ਵਿਚ ਉਹਨੇ ਆਪਣੀ ਤਲਵਾਰ ਕੱਢ ਲਈ। ਗੁਰੂ ਜੀ ਉਸ ਵਲ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, ‘ਹਮਾਯੂੰ, ਇਹ ਤਲਵਾਰ ਉਦੋਂ ਕਿਥੇ ਸੀ ਜਦੋਂ ਤੇਰੀ ਸ਼ੇਰ ਸ਼ਾਹ ਸੂਰੀ ਨਾਲ ਲੜਾਈ ਹੋ ਰਹੀ ਸੀ? ਇਹ ਬਹਾਦਰੀ ਤੂੰ ਉਥੇ ਕਿਉਂ ਨਾ ਦਿਖਾਈ? ਲੜਾਈ ਵਿਚੋਂ ਹਾਰ ਕੇ ਹੁਣ ਤੂੰ ਸਾਡੇ ਤੇ ਤਾਕਤ ਅਜ਼ਮਾਉਣ ਲੱਗਾ ਏਂ?’ ਸੱਚੀਆਂ ਸੱਚੀਆਂ ਗੱਲਾਂ ਸੁਣ ਕੇ ਹਮਾਯੂੰ ਨੂੰ ਸ਼ਰਮ ਆਈ ਤੇ ਉਹਨੇ ਗੁਰੂ ਜੀ ਕੋਲੋਂ ਮਾਫ਼ੀ ਮੰਗੀ।

‘ਆਂਟੀ, ਗੁਰੂ ਜੀ ਨੂੰ ਕਿਵੇਂ ਪਤਾ ਲੱਗਾ ਕਿ ਹਮਾਯੂੰ ਲੜਾਈ ਵਿਚੋਂ ਹਾਰ ਗਿਆ ਸੀ? ਗੁਰੂ ਜੀ ਉਥੇ ਗਏ ਸਨ?’ ਨੰਨੀ ਸੁਹਾਵੀ ਬੋਲੀ।

‘ਬੱਚੇ, ਗੁਰੂ ਜੀ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦੈ। ਉਨ੍ਹਾਂ ਨੂੰ ਇਹ ਵੀ ਪਤੈ ਕਿ ਸੁਹਾਵੀ ਇਸ ਵੇਲੇ ਸਾਖੀ ਸੁਣਦੀ ਪਈ ਏ।’ ਸਤਵੰਤ ਕੌਰ ਨੇ ਇਹ ਕਹਿ ਕੇ ਸੁਹਾਵੀ ਨੂੰ ਹੈਰਾਨ ਕਰ ਦਿੱਤਾ।

‘ਸੱਚੀ ਆਂਟੀ?’

‘ਹਾਂ ਬੇਟੇ, ਗੁਰੂ ਜੀ ਹਰ ਗੱਲ ਜਾਣਦੇ ਨੇ ਤਾਂ ਹੀ ਤੇ ਉਨ੍ਹਾਂ ਨੇ ਹਮਾਯੂੰ ਨੂੰ ਕਿਹਾ ਕਿ ਇਹ ਤਲਵਾਰ ਤੂੰ ਲੜਾਈ ਦੇ ਮੈਦਾਨ ਵਿਚ ਕੱਢਣੀ ਸੀ।’

‘ਮੰਮੀ, ਅੱਗੋਂ ਕੀ ਹੋਇਆ?’ ਗੁਰਜੋਤ ਨੇ ਕਾਹਲੇ ਪੈਂਦਿਆਂ ਮੰਮੀ ਨੂੰ ਟੋਕਿਆ।

ਸਤਵੰਤ ਕੌਰ ਜ਼ਰਾ ਕੁ ਮੁਸਕਰਾਈ ਤੇ ਸਾਖੀ ਅੱਗੇ ਤੋਰਦਿਆਂ ਕਹਿਣ ਲੱਗੀ, ‘ਹਮਾਯੂੰ ਨੇ ਗੁਰੂ ਜੀ ਕੋਲੋਂ ਦੁਬਾਰਾ ਰਾਜ ਪ੍ਰਾਪਤ ਕਰਨ ਦੀ ਆਸ਼ੀਰਵਾਦ ਮੰਗੀ। ਗੁਰੂ ਜੀ ਨੇ ਉਸ ਨੂੰ ਚੰਗੇ ਕੰਮ ਕਰਨ ਤੇ ਨੇਕੀ ਦੇ ਰਸਤੇ ਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਸਮਾਂ ਪਾ ਕੇ ਤੂੰ ਦੁਬਾਰਾ ਰਾਜਾ ਬਣੇਂਗਾ। ਹਮਾਯੂੰ ਨੇ ਮੱਥਾ ਟੇਕਿਆ ਤੇ ਗੁਰੂ ਜੀ ਦੀ ਸਿੱਖਿਆ ਉਤੇ ਚੱਲਣ ਦਾ ਵਾਅਦਾ ਕਰ ਕੇ ਚਲਾ ਗਿਆ। 22 ਜੂਨ 1555 ਈਸਵੀ ਨੂੰ ਉਹ ਦੁਬਾਰਾ ਹਿੰਦੁਸਤਾਨ ਦਾ ਰਾਜਾ ਬਣਿਆ।’

‘ਆਂਟੀ, ਜੇ ਚੰਗੇ ਕੰਮ ਕਰੋ ਤਾਂ ਰਾਜੇ ਬਣ ਜਾਈਦੈ’ ਬਹੁਤ ਦੇਰ ਤੋਂ ਚੁਪ ਬੈਠੀ ਮਲ੍ਹਾਰ ਕੌਰ ਨੇ ਪੁਛਿਆ।

‘ਹਾਂ ਬੇਟੇ, ਚੰਗੇ ਕੰਮ ਕਰਨ ਨਾਲ ਗੁਰੂ ਜੀ ਖੁਸ਼ ਹੋ ਕੇ ਬਹੁਤ ਕੁਝ ਦੇਂਦੇ ਨੇ। ਅੱਛਾ, ਹੁਣੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਗੁਰੂ ਜੀ ਬੱਚਿਆਂ ਨਾਲ ਖੇਡਦੇ ਵੀ ਹੁੰਦੇ ਸਨ। ਚਲੋ ਹੁਣ ਬਾਹਰ ਚਲੀਏ। ਅੱਜ ਮੈਂ ਤੁਹਾਨੂੰ ਇਕ ਨਵੀਂ ਗੇਮ ਖਿਡਾਵਾਂਗੀ।’ ਸਤਵੰਤ ਕੌਰ ਨੇ ਗੱਲ ਮੁਕਾਉਂਦਿਆਂ ਕਿਹਾ ਤੇ ਸਾਰੇ ਬੱਚੇ ਸ਼ੋਰ ਮਚਾਉਂਦੇ ਬਾਹਰ ਦੌੜ ਗਏ।