SikhThought - GuruNanakDevJi

ਵਸਦੇ ਰਹੋ

ਇਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਘੁੰਮਦੇ ਘੁਮਾਉਂਦੇ ਇਕ ਅਜਿਹੇ ਪਿੰਡ ਵਿਚ ਪਹੁੰਚੇ ਜਿਥੋਂ ਦੇ ਲੋਕ ਹਰ ਸਮੇਂ ਦੁਨਿਆਵੀ ਰਸਾਂ ਕਸਾਂ ਵਿਚ ਫਸੇ ਰਹਿੰਦੇ ਸਨ। ਹਰ ਵੇਲੇ ਪੈਸਾ ਕਮਾਉਣ ਬਾਰੇ ਸੋਚਦੇ। ਐਸ਼ੋ ਆਰਾਮ ਦਾ ਸਮਾਨ ਇਕੱਠਾ ਕਰਨ ਵਿਚ ਲੱਗੇ ਰਹਿੰਦੇ। ਬੜੀ ਵਾਰੀ ਗਲਤ ਢੰਗ ਅਪਨਾ ਕੇ ਵੀ ਪੈਸਾ ਕਮਾਉਂਦੇ। ਜੇ ਕੋਈ ਗੁਣੀ ਗਿਆਨੀ ਜਾਂ ਸਿਆਣਾ ਪੁਰਸ਼ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਲਟਾ ਉਸ ਦਾ ਮਜ਼ਾਕ ਉਡਾਉਂਦੇ। ਗੁਰੂ ਨਾਨਕ ਦੇਵ ਜੀ ਨੇ ਉਸ ਪਿੰਡ ਪਹੰਚ ਕੇ ਉਥੋਂ ਦੇ ਲੋਕਾਂ ਨੂੰ ਸਹੀ ਮਾਰਗ ਦਿਖਾਉਣ ਦੀ ਸੋਚੀ। ਪਿੰਡ ਪਹੁੰਚ ਕੇ ਗੁਰੂ ਜੀ ਨੇ ਉਹਨਾਂ ਕੋਲੋਂ ਰਾਤ ਰਹਿਣ ਲਈ ਜਗ੍ਹਾ ਮੰਗੀ। ਉਥੋਂ ਦੇ ਲੋਕਾਂ ਵਿਚ ਕਿਸੇ ਦੀ ਸੇਵਾ ਕਰਨ ਦੀ ਭਾਵਨਾ ਤਾਂ ਹੈ ਨਹੀਂ ਸੀ। ਸੋ ਉਹਨਾਂ ਨੇ ਥਾਂ ਤਾਂ ਕੀ ਦੇਣੀ ਸੀ ਸਗੋਂ ਗੁਰੂ ਜੀ ਨੂੰ ਔਖੇ ਹੋ ਕੇ ਬੋਲਣ ਲੱਗੇ। ਗੁਰੂ ਜੀ ਨੇ ਉਹਨਾਂ ਨੂੰ ਬੜਾ ਸਮਝਾਇਆ ਕਿ ਤੁਹਾਡੇ ਕੋਲ ਏਨੇ ਵੱਡੇ ਵੱਡੇ ਘਰ ਹਨ। ਅਸੀਂ ਕੇਵਲ ਇਕ ਰਾਤ ਰਹਿਣਾ ਹੈ। ਸਵੇਰੇ ਅੱਗੇ ਚਾਲੇ ਪਾ ਦੇਣੇ ਹਨ। ਔਖੇ ਵੇਲੇ ਲੋੜਵੰਦ ਦੀ ਮਦਦ ਕਰਨੀ ਪੁੰਨ ਦਾ ਕੰਮ ਹੈ। ਸੋ ਸਿਰਫ ਇਕ ਰਾਤ ਕੱਟਣ ਲਈ ਥਾਂ ਦੇ ਦਿਉ। ਪਰਮਾਤਮਾ ਤੁਹਾਡੇ ਤੇ ਮਿਹਰ ਕਰੇਗਾ। ਪਰ ਗੁਰੂ ਜੀ ਦੀਆਂ ਬਾਰ ਬਾਰ ਕੀਤੀਆਂ ਬੇਨਤੀਆਂ ਦਾ ਉਹਨਾਂ ਉਤੇ ਕੋਈ ਅਸਰ ਨਾ ਹੋਇਆ। ਅੰਤ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ – ਚਲ ਮਰਦਾਨਿਆ ਕਿਤੇ ਹੋਰ ਡੇਰਾ ਲਾਉਂਦੇ ਹਾਂ। ਮਰਦਾਨਾ ਜੀੇ ਨੇ ਰਬਾਬ ਚੁਕੀ ਤੇ ਤੁਰਨ ਲੱਗੇ। ਸਦ ਕ੍ਰਿਪਾਲੂ ਗੁਰੂ ਸਾਹਿਬ ਵੀ ਉੱਠੇ ਤੇ ਪਿੰਡ ਵਾਲਿਆਂ ਨੂੰ ਆਸੀਸ ਦਿੱਤੀ- ਵਸਦੇ ਰਹੋ ਪਿਆਰਿਓ।

ਕੁਝ ਮੀਲ ਤੁਰਨ ਤੋਂ ਬਾਅਦ ਗੁਰੂ ਜੀ ਤੇ ਭਾਈ ਮਰਦਾਨਾ ਇਕ ਹੋਰ ਪਿੰਡ ਵਿਚ ਪਹੁੰਚੇ। ਹੁਣ ਤਕ ਉਹ ਬਹੁਤ ਥੱਕ ਚੁਕੇ ਸਨ। ਪਿੰਡ ਪਹੁੰਚਦਿਆਂ ਉਹਨਾਂ ਰਾਤ ਕੱਟਣ ਲਈ ਥਾਂ ਮੰਗੀ। ਉਸ ਪਿੰਡ ਦੇ ਲੋਕ ਬੜੇ ਦਿਆਲੂ, ਤਰਸਵਾਨ ਤੇ ਰੱਬ ਦਾ ਡਰ ਰੱਖਣ ਵਾਲੇ ਸਨ। ਘਰ ਆਏ ਮੁਸਾਫਰ ਨੂੰ ਉਹ ਰੱਬ ਦਾ ਰੂਪ ਸਮਝਦੇ ਸਨ। ਜਦੋਂ ਉਹਨਾਂ ਦੋ ਥੱਕੇ ਹਾਰੇ ਮੁਸਾਫਰ ਦੇਖੇ ਤਾਂ ਉਹਨਾਂ ਨੂੰ ਬੜੀ ਦਇਆ ਆਈ। ਪਿੰਡ ਦੇ ਸਾਰੇ ਲੋਕਾਂ ਨੇ ਗੁਰੁ ਜੀ ਤੇ ਮਰਦਾਨਾ ਜੀ ਦੀ ਬਹੁਤ ਸੇਵਾ ਕੀਤੀ। ਭੋਜਨ ਛਕਾਇਆ, ਆਰਾਮ ਕਰਨ ਲਈ ਥਾਂ ਦਿੱਤੀ, ਸੋਹਣੇ ਬਿਸਤਰੇ ਦਿੱਤੇ, ਏਥੋਂ ਤਕ ਕਿ ਕਈਆਂ ਨੇ ਉਹਨਾਂ ਦੇ ਪੈਰ ਵੀ ਦਬਾਏ। ਰਾਤ ਰੁਕ ਕੇ ਜਦੋਂ ਗੁਰੂ ਜੀ ਉਥੋਂ ਜਾਣ ਲੱਗੇ ਤਾਂ ਪਿੰਡ ਦੇ ਲੋਕ ਉਹਨਾਂ ਨੂੰ ਬਾਹਰ ਤਕ ਛੱਡਣ ਵੀ ਆਏ। ਵਿਦਾ ਹੋਣ ਲੱਗਿਆਂ ਗੁਰੂ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਦੇਂਦਿਆਂ ਕਿਹਾ – ਪਿਆਰਿਓ! ਉਜੜ ਜਾਉ।
ਭਾਈ ਮਰਦਾਨਾ ਜੀ ਨੇ ਬੜੇ ਹੈਰਾਨ ਹੋ ਕੇੇ ਕਿਹਾ, “ਇਹ ਕੀ? ਜਿਨ੍ਹਾਂ ਨੇ ਪਿੰਡੋਂ ਕੱਢ ਦਿੱਤਾ ਉਨ੍ਹਾਂ ਨੂੰ ਤਾਂ ਅਸੀਸ ਕਿ ਵਸਦੇ ਰਹੋ ਤੇ ਜਿਨ੍ਹਾਂ ਨੇ ਏਨੀ ਸੇਵਾ ਕੀਤੀ ਉਨ੍ਹਾਂ ਨੂੰ ਬਦਦੁਆ ਕਿ ਉਜੜ ਜਾਉ। ਗੁਰੂ ਜੀ! ਇਹਦਾ ਕੀ ਮਤਲਬ ਹੋਇਆ।” ਗੁਰੂ ਜੀ ਨੇ ਮਰਦਾਨਾ ਜੀ ਦੀ ਹੈਰਾਨਗੀ ਦੂਰ ਕਰਦਿਆਂ ਕਿਹਾ, “ਦੇਖ ਮਰਦਾਨਿਆ! ਪਹਿਲੇ ਪਿੰਡ ਦੇ ਸਾਰੇ ਲੋਕ ਬੜੇ ਬੁਰੇ ਅਤੇ ਨਿਰਦਈ ਸਨ। ਉਨ੍ਹਾਂ ਨੂੰ ਥੱਕੇ ਹਾਰੇ ਮੁਸਾਫਰਾਂ ਉਤੇ ਕੋਈ ਤਰਸ ਨਹੀਂ ਆਇਆ। ਰਹਿਣ ਲਈ ਥਾਂ ਤਾਂ ਕੀ ਦੇਣੀ ਸੀ ਉਨ੍ਹਾਂ ਨੇ ਤਾਂ ਸਾਨੂੰ ਪਿੰਡੋਂ ਹੀ ਕੱਢ ਦਿੱਤਾ। ਬੁਰਾਈ ਵੀ ਇਕ ਬਿਮਾਰੀ ਹੁੰਦੀ ਹੈ ਜੋ ਬੁਰੇ ਲੋਕਾਂ ਰਾਹੀਂ ਫੈਲਦੀ ਹੈ। ਉਹ ਲੋਕ ਜਿਥੇ ਵੀ ਜਾਂਦੇ ਹਨ ਬੁਰਾਈ ਫੈਲਾਉਂਦੇ ਹਨ। ਇਸ ਲਈ ਅਜਿਹੇ ਲੋਕ ਓਥੇ ਹੀ ਵਸਦੇ ਰਹਿਣ ਤਾਂ ਚੰਗਾ ਹੈ। ਦੂਜੇ ਪਾਸੇ ਇਸ ਪਿੰਡ ਦੇ ਚੰਗੇ ਲੋਕ ਜਿਥੇ ਵੀ ਜਾਣਗੇ ਉਥੇ ਚੰਗਿਆਈ ਫੈਲਾਉਣਗੇ। ਇਸ ਲਈ ਉਹ ਉਜੜੇ ਹੀ ਚੰਗੇ ਹਨ ਤਾਂ ਕਿ ਸਾਰੇ ਪਾਸੇ ਚੰਗਿਆਈ ਹੀ ਫੈਲੇ।”

ਇਹ ਸੁਣ ਕੇ ਭਾਈ ਮਰਦਾਨਾ ਜੀ ਦਾ ਸਿਰ ਸ਼ਰਧਾ ਨਾਲ ਗੁਰੂ ਜੀ ਅੱਗੇ ਝੁਕ ਗਿਆ।