ਤੂੰ ਕਦੇ ਗੁੰਮ ਹੋ ਨਹੀਂ ਸਕਦਾ

(ਪਿਤਾ ਜੀ ਦੀ 25ਵੀਂ ਬਰਸੀ ਨੂੰ ਸਮਰਪਿਤ)

ਸੰਨ 2009
ਮਹੀਨਾ ਮਾਰਚ
ਤਰੀਕ ਇਕੱਤੀ
ਪੂਰੇ ਪੰਝੀ ਵਰ੍ਹੇ ਹੋ ਗਏ
ਤੈਨੂੰ ਸਾਥੋਂ ਵਿਛੜਿਆਂ
ਪਰ ਕੋਈ ਦਿਨ ਐਸਾ ਨਹੀਂ
ਯਾਦ ਨਾ ਕਰੀਏ ਤੈਨੂੰ
ਕੋਈ ਦਿਨ ਐਸਾ ਨਹੀਂ
ਮਨੋਂ ਵਿਸਾਰੀਏ ਤੈਨੂੰ

ਕਹਿੰਦੇ ਨੇ
ਚੰਦਰਮਾ ਦੀ
ਨਿੱਘੀ ਨਿੱਘੀ
ਠੰਡ ਠੰਡਾਉਂਦੀ
ਨਿੱਘ ਨਿਘਾਉਂਦੀ
ਰੁਸ਼ਨ ਰੁਸ਼ਨਾਉਂਦੀ
ਦੁਧ ਚਿੱਟੀ ਚਾਨਣੀ
ਕਦੇ ਕਦੇ
ਬੱਦਲਾਂ ਓਹਲੇ ਲੁਕ ਹੈ ਜਾਂਦੀ
ਕਿਤੇ ਤੂੰ ਓਹੀਓ ਚਾਂਦਨੀ ਤਾਂ ਨਹੀਂ

ਕਹਿੰਦੇ ਨੇ
ਭਰ ਸਰਦੀ ‘ਚ
ਨਿੱਘਾਂ ਦੇਂਦਾ
ਲਾਡ ਲਡਾਉਂਦਾ
ਪੀਂਘਾਂ ਚੜ੍ਹਾਉਂਦਾ
ਅੱਗ ਦਾ ਗੋਲਾ
ਕਦੇ ਕਦਾਈਂ
ਬੱਦਲਾਂ ਓਹਲੇ ਜਾ ਹੈ ਲੁਕਦਾ
ਤੇ ਲੋਕੀ
ਦੋਇ ਕਰਿ ਜੋੜ
ਬੇਨੰਤੀ ਕਰਦੇ
ਪਰ ਉਹ ਸਾਹਵੇਂ ਕਦੇ ਨਾ ਆਉਂਦਾ
ਕਿਤੇ ਤੂੰ ਓਹੀਓ ਅੱਗ ਦਾ ਗੋਲਾ ਤਾਂ ਨਹੀਂ

ਕਹਿੰਦੇ ਨੇ
ਖੁਸ਼ਬੂਆਂ ਖਲੇਰਦੀ
ਚਾਰ ਚੁਫੇਰੇ
ਭਉਂਦੀ ਰਹਿੰਦੀ
ਕਦੇ ਨਾ ਬਹਿੰਦੀ
ਠੰਡੀ ਠੰਡੀ
ਹਵਾ ਪੁਰੇ ਦੀ
ਕਦੇ ਕਦਾਈਂ ਰੁਕ ਹੈ ਜਾਂਦੀ
ਤੇ ਲੋਕੀ ਕਹਿਣ
ਅੱਜ ਹਵਾ ਰੁਸ ਹੈ ਬੈਠੀ
ਕਿਤੇ ਤੂੰ ਓਹੀਓ
ਪੁਰੇ ਦੀ ਰੁਸੀ ਹਵਾ ਤਾਂ ਨਹੀਂ

ਐਪਰ
ਐ ਮੇਰੇ ਜਨਮ ਦਾਤਾ
ਤੂੰ ਸੂਰਜ ਚੰਨ ਹਵਾ
ਕੁਝ ਵੀ ਹੋਵੇਂ
ਕਿਤੇ ਵੀ ਹੋਵੇਂ
ਕਿਵੇਂ ਵੀ ਹੋਵੇਂ
ਕੁਝ ਨਾ ਜਾਣਾ
ਜਾਣਾ ਬਸ ਇਤਨਾ
ਸਰੀਰਾਂ ਦਾ ਵਿਛੋੜਾ
ਬਣ ਨਹੀਂ ਸਕਦਾ
ਆਤਮਾ ਦਾ ਵਿਛੋੜਾ
ਤੇ ਤੂੰ ਕਿਤੇ ਗੁੰਮ ਹੋ ਨਹੀਂ ਸਕਦਾ
ਤੇ ਤੂੰ ਕਿਤੇ ਗੁੰਮ ਹੋ ਨਹੀਂ ਸਕਦਾ