So Amrit Gur Te Paaya

ਕਿਹਾ ਜਾਂਦਾ ਹੈ ਕਿ ਜਦੋਂ ਪਿਤਾ ਪ੍ਰਮਾਤਮਾ ਦੇ ਪੈਦਾ ਕੀਤੇ ਬੰਦੇ ਕੁਬੁਧ ਧਾਰਨ ਕਰ ਕੇ ਅਧਰਮ ਦਾ ਪੱਲਾ ਪਕੜ ਲੈਂਦੇ ਹਨ ਤਾਂ ਉਸ ਨੂੰ ਆਪਣੇ ਬੱਚਿਆਂ ਦੀ ਖਾਤਰ ਕਿਸੇ ਨਾ ਕਿਸੇ ਰੂਪ ਵਿਚ ਦੁਨੀਆਂ ਵਿਚ ਆਉਣਾ ਪੈਂਦਾ ਹੈ। ਗੁਰਮਤਿ ਦੀ ਕਸੌਟੀ ਤੇ ਅਵਤਾਰਵਾਦ ਦੇ ਅਜਿਹੇ ਸਿਧਾਂਤ ਨੂੰ ਭਾਵੇਂ ਪੂਰਨ ਰੂਪ ਵਿਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਪਰ ਇਸ ਵਿਚ ਕੋਈ ਸੰਦੇਹ ਨਹੀਂ ਕਿ ਜਦੋਂ ਜਦੋਂ ਵੀ ਅਧਰਮ ਦਾ ਬੋਲਬਾਲਾ ਹੋਇਆ, ਸਿਰਜਨਹਾਰ ਪ੍ਰਭੂ ਦੀ ਨਿੱਜ ਜੋਤ ਸੰਪੰਨ ਮਹਾਨ ਵਿਅਕਤੀਆਂ ਦਾ ਸੰਸਾਰ ਵਿਚ ਪ੍ਰਵੇਸ਼ ਹੁੰਦਾ ਰਿਹਾ ਅਤੇ ਧਰਮ ਚਲਾਵਨ ਤੇ ਸੱਚ ਦਾ ਪ੍ਰਕਾਸ਼ ਕਰਨ ਲਈ ਉਨ੍ਹਾਂ ਨੇ ਅਦੁਤੀ ਕਾਰਨਾਮੇ ਕਰ ਵਿਖਾਏ। ਜੋਤ ਸਰੂਪ ਗੁਰੂ ਨਾਨਕ ਦੇ ਕੌਤਕਾਂ ਦੀ ਅਦੁਤੀ ਮਹਾਨਤਾ ਨੂੰ ਵੇਖ ਕੇ ਹੀ ਤਾਂ ਕਿਹਾ ਗਿਆ ਸੀ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ (ਪੰਨਾ 1395)

ਗੁਰੂ ਨਾਨਕ ਆਗਮਨ ਸਮੇਂ ਹਰ ਪਾਸੇ ਕੂੜ ਦਾ ਪਸਾਰਾ ਸੀ। ‘ਪਾਪੇ ਦਾ ਵਰਤਿਆ ਵਰਤਾਰਾ’ ਅਨੁਸਾਰ ਦੇਸ਼ ਸਮਾਜਿਕ, ਧਾਰਮਿਕ, ਰਾਜਨੀਤਿਕ, ਸਦਾਚਾਰਿਕ ਆਦਿ ਹਰ ਪਹਿਲੂ ਤੋਂ ਗਿਰਾਵਟ ਦੀ ਡੂੰਘੀ ਖੱਡ ਵਿਚ ਡਿੱਗ ਚੁਕਾ ਸੀ। ਜਗਤ ਗੁਰੂ ਬਾਬੇ ਨਾਨਕ ਨੇ ਕੌਮੀ ਜ਼ਮੀਰ, ਕੌਮੀ ਗੈਰਤ ਅਤੇ ਸਵੈ ਮਾਣ ਦੀ ਦਸ਼ਾ ਵੇਖੀ। ਸਰਮ ਧਰਮ ਦੋਹਾਂ ਦਾ ਲੋਪ ਹੋਣਾ ਵੇਖਿਆ। ਦੇਸ਼ ਵਿਚ ਪਸਰਿਆ ਪਖੰਡ ਤੇ ਦੇਸ਼ ਦੇ ਧਰਮ ਅਸਥਾਨਾਂ ਦੀ ਦੁਰਦਸ਼ਾ ਵੇਖੀ। ਇਸ ਸਾਰੀ ਦਸ਼ਾ ਨੂੰ ਵੇਖ ਕੇ ਦੇਸ਼ ਅਤੇ ਜਾਤੀ ਦੇ ਪਤਨ ਦੇ ਕਾਰਨਾਂ ਦਾ ਅੰਦਾਜ਼ਾ ਲਾਉਂਦਿਆਂ ਮਹਿਸੂਸ ਕੀਤਾ ਕਿ ਇਸ ਸਾਰੀ ਬੀਮਾਰੀ ਦੀ ਜੜ੍ਹ ਮਾਨਸਿਕ ਗੁਲਾਮੀ ਹੈ। ਜੇ ਇਸ ਦੀਆਂ ਜੜ੍ਹਾਂ ਕੱਟ ਦਿੱਤੀਆਂ ਜਾਣ ਤਾਂ ਮਨੁਖ ਹਰ ਗੁਲਾਮੀ ਨੂੰ ਕੱਟਣ ਦੇ ਯੋਗ ਹੋ ਜਾਏਗਾ। ਇਸੇ ਵਿਚਾਰ ਨੂੰ ਮੁਖ ਰਖਕੇ ਆਪ ਨੇ ਪਰਦੇਸਾਂ ਦੇ ਦੁਖੜੇ ਝੱਲ ਕੇ ਲੰਮੀਆਂ ਲੰਮੀਆਂ ਯਾਤਰਾਵਾਂ ਕੀਤੀਆਂ। ਘਰ ਘਰ ਸੱਚ ਦਾ ਸੰਦੇਸ਼ ਪਹੁੰਚਾਇਆ। ਆਚਰਣਿਕ ਉੱਚਤਾ ਤੇ ਜ਼ੋਰ ਦੇ ਕੇ ਧਰਮ ਦੇ ਅਸਲ ਸਰੂਪ ਨੂੰ ਉਘਾੜਿਆ। ਲੋਕਾਂ ਨੂੰ ਮਾਨਸਿਕ ਤੌਰ ਤੇ ਉੱਚਾ ਉਠਾ ਕੇ ਹਰ ਬਾਬਰ, ਹਰ ਭਾਗੋ ਅਤੇ ਹਰ ਕੌਡੇ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ। ਧਰਮ ਨੂੰ ਸੰਨਿਆਸ ਵਿਚੋਂ ਕੱਢ ਕੇ ਸਮਾਜਮੁਖੀ ਬਣਾਇਆ। ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ’ ਦੀ ਵੀਚਾਰਧਾਰਾ ਦਾ ਹਾਮੀ ਬਣਾਇਆ। ਪਰ ਗਿਰਾਵਟ ਦੀ ਅਤਿ ਡੂੰਘੀ ਖੱਡ ਵਿਚ ਡਿੱਗੀ ਜਨਤਾ ਨੂੰ ਉਸ ਵਿਚੋਂ ਕੱਢਣ ਲਈ ਸਮੇਂ ਦੀ ਕੁਝ ਵਧੇਰੇ ਲੋੜ ਸੀ। ਸੋ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ’ ਦੇ ਕਥਨ ਅਨੁਸਾਰ ਪਹਿਲੇ ਪੰਜ ਗੁਰੂ ਸਾਹਿਬਾਨ ਨੇ ਆਪਣਾ ਸਾਰਾ ਸਮਾਂ ਇਸੇ ਕੰਮ ਨੂੰ ਅਰਪਨ ਕਰ ਦਿੱਤਾ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪਣੇ ਸਮੇਂ ਦੇ ਸ਼ਹਿਨਸ਼ਾਹਾਂ ਅੱਗੇ ਡੱਟ ਕੇ ਲੋਕਾਂ ਸਾਹਮਣੇ ਨਿਰਭੈਤਾ ਦੀ ਜੀਊਂਦੀ ਜਾਗਦੀ ਮਿਸਾਲ ਪੇਸ਼ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਦਾ ਸਮਾਂ ਅਇਆ। ਮਹਿਸੂਸ ਕੀਤਾ ਗਿਆ ਕਿ ਸਿੱਖ ਮਾਨਸਿਕ ਤੌਰ ਤੇ ਇਤਨੇ ਕੁ ਬਲਵਾਨ ਹੋ ਗਏ ਹਨ ਕਿ ਕਿਸੇ ਜ਼ੁਲਮ ਅੱਗੇ ਝੁਕਣਗੇ ਨਹੀਂ। ਪਰ ਜ਼ੁਲਮ ਦਾ ਟਾਕਰਾ ਕਰਨ ਲਈ ਆਤਮਿਕ ਤੇ ਮਾਨਸਿਕ ਬਲ ਦੇ ਨਾਲ ਨਾਲ ਸਰੀਰਕ ਬਲ ਦੀ ਵੀ ਉਤਨੀ ਹੀ ਜ਼ਰੂਰਤ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਕੰਮ ਲਈ ਵੀ ਤਿਆਰ ਕੀਤਾ। ਆਪ ਸ੍ਰੀ ਸਾਹਿਬ ਪਕੜੀ, ਸਿੱਖਾਂ ਨੂੰ ਪਕੜਾਈ ਅਤੇ ਸਿੱਖਾਂ ਦੀ ਸਰੀਰਕ ਸ਼ਕਤੀ ਦਾ ਵੀ ਸਿੱਕਾ ਬੰਨ੍ਹਿਆ। ਗੁਰੂ ਹਰਿ ਰਾਇ ਜੀ ਨੇ ਸ਼ਾਹੀ ਫੌਜ ਨੂੰ ਠਲ੍ਹ ਪਾ ਕੇ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਸ਼ਾਹੀ ਸੱਦੇ ਨੂੰ ਠੁਕਰਾ ਕੇ ਉਸ ਸਮੇਂ ਅਨੁਸਾਰ ਅਸੰਭਵ ਨੂੰ ਸੰਭਵ ਕਰ ਵਿਖਾਇਆ। ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਵਿਚ ਠੀਕਰਾ (ਸਰੀਰ) ਭੰਨ੍ਹਣ ਦਾ ਕਾਰਜ ਇਤਨਾ ਵਿਲੱਖਣ ਤੇ ਅਦਭੁਤ ਸੀ ਕਿ ਉਸ ਨਾਲ ਸਾਰੇ ਜਗ ਵਿਚ ‘ਹੈ ਹੈ’ ਹੋਣ ਲੱਗੀ। ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ। ਜ਼ਾਲਮ ਦੇ ਜ਼ੁਲਮਾਂ ਨੇ ਇਕ ਵਾਰ ਫੇਰ ਤਲਵਾਰ ਉਠਾਉਣ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਆਪ ਤਲਵਾਰ ਉਠਾਈ, ਸਿੱਖਾਂ ਕੋਲੋਂ ਉਠਵਾਈ ਪਰ ਨਾਲ ਹੀ ਇਹ ਖਤਰਾ ਵੀ ਭਾਂਪ ਲਿਆ ਕਿ ਕਿਧਰੇ ਸਿੱਖ ਭਗਤੀ ਛੱਡ ਕੇ ਕੇਵਲ ਸ਼ਕਤੀ ਦੇ ਹੀ ਪੁਜਾਰੀ ਨਾ ਹੋ ਜਾਣ। ਸੋ ਆਪ ਨੇ ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਅੰਮ੍ਰਿਤ ਵਿਚੋਂ ਖ਼ਾਲਸਾ ਪੈਦਾ ਕੀਤਾ। ਇਥੇ ਅੰਮ੍ਰਿਤ ਕਿਵੇਂ ਤਿਆਰ ਕੀਤਾ ਗਿਆ, ਕਿਵੇਂ ਗੁਰੂ ਸਾਹਿਬ ਨੇ ਨੰਗੀ ਤਲਵਾਰ ਲੈ ਕੇ ਪੰਜ ਸਿੱਖਾਂ ਦੇ ਸੀਸ ਮੰਗੇ ਜਾਂ ਕੌਣ ਕੌਣ ਸੀਸ ਅਰਪਣ ਕਰਨ ਲਈ ਅੱਗੇ ਆਇਆ ਦੀ ਗੱਲ ਕਰਨ ਦੀ ਲੋੜ ਨਹੀਂ। ਆਪ ਸਭ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ। ਅਸਾਂ ਤਾਂ ਗੱਲ ਕਰਨੀ ਹੈ ਵਿਸਾਖੀ ਦੇ ਪੁਰਬ ਤੇ ਗੁਰੂ ਸਾਹਿਬ ਨੇ ਜੋ ਸਾਡੇ ਤੇ ਬਖ਼ਸ਼ਿਸ਼ ਕੀਤੀ ਭਾਵ ਉਸ ਅੰਮ੍ਰਿਤ ਦੀ ਜਿਸ ਨੂੰ ਪ੍ਰਾਪਤ ਕਰਨ ਲਈ ਦੇਵਤੇ ਵੀ ਤਰਸਦੇ ਹਨ। ਅਸਾਂ ਤਾਂ ਗੱਲ ਕਰਨੀ ਹੈ ਉਸ ਨਾਯਾਬ ਵਸਤੂ ਦੀ ਜੋ ਸੰਸਾਰ ਦੇ ਸਾਰੇ ਧਰਮਾਂ ਦੇ ਪੈਰੋਕਾਰਾਂ ਲਈ ਅਤਿ ਆਵਸ਼ਕ ਸਮਝੀ ਗਈ ਹੈ। ਸੰਸਾਰ ਦੇ ਸਭ ਧਰਮ ਅੰਮ੍ਰਿਤ ਦਾ ਬਿਆਨ ਕਰਦੇ ਹਨ। ਮੁਸਲਮਾਨ ਫ਼ਕੀਰ ਇਸ ਨੂੰ ‘ਆਬਿ ਹੈਵਾਂ’ ਜਾਂ ‘ਆਬਿ-ਹਯਾਤ’ ਕਹਿੰਦੇ ਹਨ। ਹਿੰਦੂ ਮਹਾਤਮਾ ‘ਮਾਨ ਸਰੋਵਰ’ ਨੂੰ ਅੰਮ੍ਰਿਤ ਦਾ ਸਰੋਵਰ ਦੱਸਦੇ ਹਨ ਜਿਸ ਨੂੰ ਪੀਣ ਕਰਕੇ ਮਾਨਵ ਅਮਰ ਪਦਵੀ ਧਾਰਨ ਕਰ ਲੈਂਦਾ ਹੈ। ਵੇਦਾਂ ਵਿਚ ਥਾਂ-ਪਰ-ਥਾਂ ਸੋਮ ਰਸ ਦਾ ਉਲੇਖ ਹੋਇਆ ਹੈ ਜਿਸ ਦੇ ਸੇਵਨ ਨਾਲ ਰਿਸ਼ੀ-ਮੁਨੀ ਸੁਰਜੀਤ ਹੋ ਜਾਂਦੇ ਕਹੇ ਗਏ ਹਨ। ‘ਅੰਜੀਲ’ ਵਿਚ ਅੰਮ੍ਰਿਤ ਲਈ ‘Water of life’ ਸ਼ਬਦ ਹਨ ਜਿਸ ਦਾ ਯਸੂ ਮਸੀਹ ਨੇ ਸਪਾਰਟਨ ਲੇਡੀ ਨੂੰ ਦੇਣ ਲਈ ਇਕਰਾਰ ਕੀਤਾ ਸੀ। ਸਿੱਖ ਧਰਮ, ਸਿੱਖ ਵਿਚਾਰਧਾਰਾ ਅਤੇ ਸਿੱਖ ਦਰਸ਼ਨ ਵਿਚ ‘ਅੰਮ੍ਰਿਤ’ ਅਤਿ ਵਿਸਤ੍ਰਿਤ ਅਰਥਾਂ ਵਿਚ ਸੰਚ੍ਰਿਤ ਅਤੇ ਸੰਗ੍ਰਹਿਤ ਹੋਇਆ ਹੈ।

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ:

ਇਕ ਪੀਣ ਯੋਗ ਪਦਾਰਥ ਜਿਸਦੇ ਅਸਰ ਨਾਲ ਮੌਤ ਨਹੀਂ ਹੁੰਦੀ, ਉਹ ਅੰਮ੍ਰਿਤ ਹੈ। (ਪੰਨਾ 76)

ਅਮਰ ਹੋਣ ਦੀ ਲਾਲਸਾ ਮਨੁਖ ਵਿਚ ਮੁਢ ਤੋਂ ਹੀ ਰਹੀ ਹੈ। ਇਕ ਪੁਰਾਤਨ ਕਥਾ ਹੈ ਕਿ ਸਾਰੇ ਸੰਸਾਰ ਤੇ ਜਿੱਤ ਪ੍ਰਾਪਤ ਕਰਨ ਵਾਲੇ ਰਾਜੇ ਸਿਕੰਦਰ ਦੇ ਮਨ ਵਿਚ ਅਮਰ ਹੋਣ ਦੀ ਇੱਛਾ ਪੈਦਾ ਹੋਈ। ਉਹ ਬੜੀਆਂ ਤਕਲੀਫ਼ਾਂ ਉਠਾ ਕੇ ਆਬਿ-ਹਯਾਤ ਲਈ ਕੌਸਰ ਦੇ ਚਸ਼ਮੇ ਤੇ ਪੁਜਿਆ। ਅਜੇ ਉਹ ਬੁਕ ਭਰ ਕੇ ਪੀਣ ਹੀ ਲੱਗਿਆ ਸੀ ਕਿ ਇਕ ਕਾਂ ਨੇ ਉਸ ਨੂੰ ਕਿਹਾ, ‘ਵੇਖੀਂ, ਇਹ ਨਾ ਪੀਵੀਂ, ਮੈਂ ਪੀ ਬੈਠਾ ਹਾਂ। ਮੇਰੇ ਅੰਗ ਅੰਗ ਵਿਚ ਪੀੜ ਹੋ ਰਹੀ ਹੈ। ਮੈਂ ਮਰਨਾ ਚਾਹੁੰਦਾ ਹਾਂ ਪਰ ਇਹ ਪਾਣੀ ਪੀਣ ਕਰਕੇ ਮੈਂ ਮਰ ਨਹੀਂ ਸਕਦਾ।’ ਇਹ ਸੁਣ ਕੇ ਸਿਕੰਦਰ ਠਠੰਬਰ ਗਿਆ ਤੇ ਬਗੈਰ ਪੀਤੇ ਹੀ ਵਾਪਸ ਆ ਗਿਆ। ਵਿਚਾਰਨ ਦੀ ਲੋੜ ਹੈ ਕਿ ਇਤਨਾ ਉੱਤਮ ਅੰਮ੍ਰਿਤ ਇਤਨੇ ਦੁਖਾਂ ਭਰਿਆ ਕਿਉਂ ਕਿਹਾ ਗਿਆ? ਸਿਕੰਦਰ ਬਿਨਾਂ ਪੀਤੇ ਹੀ ਵਾਪਸ ਕਿਉਂ ਆ ਗਿਆ? ਸਾਧ ਸੰਗਤ ਜੀ, ਸਮਝ ਪੈਂਦੀ ਹੈ ਕਿ ਦੁੱਖਾਂ ਭਰਿਆ ਇਸ ਲਈ ਕਿਉਂ ਕਿ ਉਸ ਅੰਮ੍ਰਿਤ ਨੂੰ ਪੀਣ ਪਿਛੇ ਲਾਲਸਾ ਸੀ ਸਦਾ ਲਈ ਸਰੀਰਕ ਤੌਰ ਤੇ ਜੀਊਂਦੇ ਰਹਿਣ ਦੀ। ਤਾਂਘ ਸੀ ਦੁਨੀਆਂ ਦੇ ਸਾਰੇ ਸੁਖ ਭੋਗਣ ਦੀ । ਇੱਛਾ ਸੀ ਕੁਝ ਲੈਣ ਦੀ। ਪਰੰਤੂ ਜੋ ਅੰਮ੍ਰਿਤ ਸਾਨੂੰ ਦਸਮ ਪਿਤਾ ਨੇ ਬਖ਼ਸ਼ਿਆ ਉਸ ਵਿਚ ਤਾਂ ਮੌਤ ਪਹਿਲੀ ਲਾਜ਼ਮੀ ਸ਼ਰਤ ਹੈ। ਪਹਿਲਾਂ ਮੌਤ ਕਬੂਲ ਕਰੋ ਫਿਰ ਅਮਰ ਹੋਵੋ। ਕਿੰਨੀ ਅਜੀਬ ਸ਼ਰਤ ਹੈ ਨਾ! ਮਰ ਕੇ ਅਮਰ! ਜੀ ਹਾਂ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (ਪੰਨਾ 1102)

————————

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥ ( ਪੰਨਾ 1412)

ਪਰ ਗੁਰੂ ਪਿਆਰਿਉ! ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਪੰਜਾਂ ਨੇ ਮੌਤ ਦਾ ਭੈਅ ਨਾ ਮੰਨਿਆ ਉਹੀ ‘ਪਿਆਰੇ’ ਅਖਵਾਏ। ਜਿਨ੍ਹਾਂ ਮੌਤ ਕਬੂਲੀ, ਉਹੀ ਅਮਰ ਹੋਏ। ਜਿਸ ਪਰਮ ਆਨੰਦ ਨੂੰ ਉਹ ਪ੍ਰਾਪਤ ਹੋਏ ਉਹ ਸਾਰੇ ਸੰਸਾਰ ਤੇ ਰਾਜ ਕਰਨ ਵਾਲੇ ਸਿਕੰਦਰ ਵਰਗਿਆਂ ਦੇ ਹਿੱਸੇ ਕਿਥੇ?

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥ (ਪੰਨਾ 1365)

1699 ਦੀ ਵਿਸਾਖੀ ਨੂੰ ਸਾਰੇ ਹਿੰਦੁਸਤਾਨ ਵਿਚੋਂ ਸਿੱਖ ਉਚੇਚੇ ਤੌਰ ਤੇ ਸੱਦੇ ਗਏ ਸਨ। ਇਹ ਵਿਸਮਾਦੀ ਘਟਨਾ ਕੋਈ ਅਚਾਨਕ ਨਹੀਂ ਸੀ ਵਾਪਰੀ ਤੇ ਨਾ ਹੀ ਕੋਈ ਵਕਤੀ ਲੋੜ ਪੂਰੀ ਕਰਨ ਲਈ ਸਾਹਮਣੇ ਆਈ ਸੀ। ਸਗੋਂ ਇਹ ਤਾਂ ਗੁਰੂ ਜੀ ਦੁਆਰਾ ਸਮਾਜ ਨੂੰ ਹਮੇਸ਼ਾ ਲਈ ਸਰੀਰਕ, ਮਾਨਸਿਕ, ਆਤਮਿਕ ਗੁਲਾਮੀ ਤੋਂ ਨਿਜਾਤ ਦਿਵਾਉਣ ਲਈ ਰਚੇ ਗਏ ਕੌਤਕ ਦਾ ਪ੍ਰਤੱਖ ਵਰਤਾਰਾ ਸੀ। ਪੰਜਾਂ ਪਿਆਰਿਆਂ ਦਾ ਉਨ੍ਹਾਂ ਥਾਵਾਂ ਨਾਲ ਸਬੰਧ ਰੱਖਣਾ ਜਿਥੇ ਆਜ਼ਾਦੀ ਅਤੇ ਧਰਮ ਬਾਰੇ ਸੋਚਿਆ ਵੀ ਨਹੀਂ ਸੀ ਜਾਂਦਾ, ਗੁਰੂ ਸਾਹਿਬ ਦੀ ਕਰਤਾਰੀ ਸੋਚ ਅਤੇ ਮਿਕਨਾਤੀਸੀ ਸ਼ਖ਼ਸੀਅਤ ਦਾ ਪ੍ਰਮਾਣ ਹੈ। ਭਾਈ ਦਇਆ ਸਿੰਘ ਦਾ ਸਬੰਧ ਲਾਹੌਰ ਨਾਲ ਸੀ। ਉਹ ਲਾਹੌਰ, ਜਿਸ ਬਾਰੇ ਗੁਰੂ ਨਾਨਕ ਸਾਹਿਬ ਲਿਖਦੇ ਹਨ:

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥ (ਪੰਨਾ 1412)

ਇਹ ਉਹੀ ਜਗ੍ਹਾਂ ਸੀ ਜਿਥੇ ਗੁਰੂ ਅਰਜਨ ਦੇਵ ਜੀ ਨੇ ਕਿਸੇ ਵੇਲੇ ਬੁਧੂ, ਜਿਸ ਨੇ ਇਕ ਗਰੀਬੜੇ ਸਿੱਖ ਭਾਈ ਕਮਲੀਆ ਦੇ ਪਹਿਰਾਵੇ ਨੂੰ ਦੇਖ ਕੇ ਦਰਵਾਜ਼ੇ ਬੰਦ ਕਰ ਲਏ ਸਨ, ਦੇ ਆਵੇ ਨੂੰ ਕੱਚਾ ਕਿਹਾ ਸੀ। ਇਹ ਉਹੀ ਜਗ੍ਹਾਂ ਸੀ ਜਿਥੇ ਪੰਚਮ ਪਿਤਾ ਨੂੰ ਦਇਆ ਵਿਹੂਣੇ ਲੋਕਾਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਅੱਜ ਦਸਮ ਪਿਤਾ ਵੇਲੇ ਮਨੁਖਤਾ ਦੇ ਕਲਿਆਣ ਲਈ ਉਥੋਂ ਹੀ ਦਇਆ ਉੱਠੀ।

ਦਿੱਲੀ ਸ਼ਹਿਰ, ਜੋ ਆਰੰਭ ਤੋਂ ਹੀ ਸਿਆਸੀ ਚਾਲਾਂ ਦਾ ਗੜ੍ਹ ਰਿਹਾ ਹੈ, ਜਿਥੇ ਔਰੰਗਜ਼ੇਬ ਆਪਣੇ ਪਿਤਾ ਦੀ ਛਾਤੀ ਅਤੇ ਭਰਾ ਦਾਰੇ ਦੀ ਖੋਪਰੀ ਉਪਰ ਪੈਰ ਰੱਖ ਕੇ ਰਾਜਗੱਦੀ ਤੇ ਬੈਠਿਆ, ਅੱਜ ਉਥੋਂ ਧਰਮ ਖੜ੍ਹਾ ਹੋਇਆ।
ਜਗਨਨਾਥ, ਜਿਥੋਂ ਹਿੰਮਤ ਸਿੰਘ ਜੀ ਉੱਠੇ, ਬਾਰੇ ਇਕ ਕਥਾ ਪ੍ਰਸਿੱਧ ਹੈ ਕਿ ਕ੍ਰਿਸ਼ਨ ਜੀ ਨੂੰ ‘ਜਰ’ ਨਾਮ ਦੇ ਇਕ ਸ਼ਿਕਾਰੀ ਨੇ ਮਾਰ ਦਿੱਤਾ ਤੇ ਉਨ੍ਹਾਂ ਦਾ ਸਰੀਰ ਉੱਥੇ ਹੀ ਦਰਖ਼ਤ ਹੇਠਾਂ ਪਿਆ ਸੜ ਗਿਆ। ਕੁਝ ਸਮੇਂ ਬਾਅਦ ਕ੍ਰਿਸ਼ਨ ਜੀ ਦੇ ਕਿਸੇ ਭਗਤ ਨੇ ਉਨ੍ਹਾਂ ਦੀਆਂ ਅਸਥੀਆਂ ਚੁਕ ਕੇ ਇਕ ਸੰਦੂਕ ਵਿਚ ਬੰਦ ਕਰਕੇ ਰੱਖ ਦਿੱਤੀਆਂ। ਕਹਿੰਦੇ ਨੇ ਕਿ ਉੜੀਸਾ ਦੇ ਰਾਜੇ ਇੰਦਰ ਦਮਨ ਨੂੰ ਇਕ ਰਾਤ ਸੁਪਨੇ ਵਿਚ ਵਿਸ਼ਨੂੰ ਜੀ ਨੇ ਜਗਨ ਨਾਥ ਦਾ ਬੁਤ ਬਣਾ ਕੇ ਉਨ੍ਹਾਂ ਅਸਥੀਆਂ ਨੂੰ ਉਸ ਵਿਚ ਅਸਥਾਪਨ ਕਰਨ ਦਾ ਆਦੇਸ਼ ਦਿੱਤਾ। ਰਾਜੇ ਨੇ ਬੁਤ ਬਣਾਉਣ ਲਈ ਵਿਸ਼ਵਕਰਮਾ ਨੂੰ ਸੱਦਿਆ। ਵਿਸ਼ਵਕਰਮਾ ਨੇ ਇਸ ਸ਼ਰਤ ਤੇ ਬੁਤ ਬਣਾਉਣਾ ਮੰਨਿਆ ਕਿ ਜਿਤਨੀ ਦੇਰ ਬੁਤ ਪੂਰਾ ਨਹੀਂ ਹੋ ਜਾਂਦਾ ਉਸ ਨੂੰ ਕੋਈ ਦੇਖੇਗਾ ਨਹੀਂ। ਜੇ ਅਜਿਹਾ ਹੋਇਆ ਤਾਂ ਉਹ ਬੁਤ ਬਣਾਉਣ ਦਾ ਕੰਮ ਉਥੇ ਹੀ ਬੰਦ ਕਰ ਦੇਵੇਗਾ। ਕੰਮ ਸ਼ੁਰੂ ਹੋ ਗਿਆ। ਪੰਦਰਾਂ ਕੁ ਦਿਨਾਂ ਬਾਅਦ ਰਾਜੇ ਦੇ ਮਨ ਵਿਚ ਬੁਤ ਦੇਖਣ ਦੀ ਉਤਸੁਕਤਾ ਪੈਦਾ ਹੋਈ ਤੇ ਉਹ ਵਿਸ਼ਵਕਰਮਾ ਕੋਲ ਪੁਜਾ। ਵਿਸ਼ਕਰਮਾ ਨੂੰ ਗੁੱਸਾ ਆਇਆ ਤੇ ਉਸ ਨੇ ਬੁਤ ਬਣਾਉਣ ਦਾ ਕੰਮ ਅਧੂਰਾ ਹੀ ਛੱਡ ਦਿੱਤਾ। ਜਗਨ ਨਾਥ ਦੀ ਮੂਰਤੀ ਅੱਜ ਵੀ ਹੱਥਾਂ ਪੈਰਾਂ ਬਿਨਾਂ ਹੈ। ਕਿਸੇ ਦੀ ਹਿੰਮਤ ਨਹੀਂ ਪਈ ਕਿ ਉਸ ਮੂਰਤੀ ਨੂੰ ਪੂਰਾ ਕਰੇ। ਉਸੇ ਜਗਨ ਨਾਥ ਤੋਂ ਹਿੰਮਤ ਸਿੰਘ ਖੜੇ ਹੋਏ ਤੇ ਉਨ੍ਹਾਂ ਖਾਲਸੇ ਦੀਆਂ ਰਗਾਂ ਵਿਚ ਅਜਿਹੀ ਹਿੰਮਤ ਫੂਕੀ ਕਿ ਖ਼ਾਲਸਾ ਵੱਡੀਆਂ ਵੱਡੀਆਂ ਮੁਸੀਬਤਾਂ ਵਿਚ ਵੀ ਅਡੋਲ ਰਿਹਾ।

ਦੁਆਰਕਾ, ਜਿਥੋਂ ਮਹੁਕਮ ਸਿੰਘ ਜੀ ਖੜ੍ਹੇ ਹੋਏ, ਵਿਚ ਇਕ ਮੰਦਰ ਵਿਚ ਕ੍ਰਿਸ਼ਨ ਜੀ ਦੀ ਇਕ ਮੂਰਤੀ ਸਥਾਪਤ ਹੈ ਜਿਸ ਦਾ ਨਾਮ ਹੈ ‘ਰਣ ਛੋੜ।’ ਕਰਮਯੋਗੀ ਸ੍ਰੀ ਕ੍ਰਿਸ਼ਨ ਜੀ ਨੇ ਕਿਸੇ ਵੇਲੇ ਰਣ ਛੱਡ ਕੇ ਸਮੁੰਦਰ ਦੇ ਕੰਢੇ ਜਾ ਡੇਰਾ ਲਾਇਆ ਸੀ। ਇਸ ਦਾ ਸਿੱਟਾ ਇਹ ਹੋਇਆ ਸੀ ਕਿ ਕਈ ਰਾਜੇ, ਯੋਧੇ ਰਾਜਪੂਤ ਔਕੜ ਵੇਲੇ ‘ਨੀਤੀ’ ਦੇ ਨਾਂ ਤੇ ਰਣ ਛੱਡ ਕੇ ਦੌੜਦੇ ਰਹੇ। ਹਿੰਦੁਸਤਾਨ ਦੀ ਇੱਜ਼ਤ ਲੁਟੀਂਦੀ ਰਹੀ ਪਰ ਉਹ ਮਸਤ ਰਹੇ। ਗੁਰੂ ਸਾਹਿਬ ਨੇ ਇਸੇ ਦੁਆਰਕਾ ਵਿਚੋਂ ਦ੍ਰਿੜ੍ਹਤਾ ਤੇ ਸਿਦਕ (ਮੁਹਕਮ) ਪੈਦਾ ਕੀਤਾ ਅਤੇ ‘ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ’ ਦਾ ਆਦਰਸ਼ ਮਿਥਿਆ। ਬਿਦਰ, ਜਿਥੋਂ ਦੇ ਭਾਈ ਸਾਹਿਬ ਸਿੰਘ ਜੀ ਸਨ, ਬਾਰੇ ਕਿਹਾ ਜਾਂਦਾ ਹੈ ਕਿ ਬਿਦਰ ਵਿਆਸ ਦੀ ਸਦਾਚਾਰੀ ਅਤੇ ਨਿਮਰ ਔਲਾਦ ਸੀ ਪਰ ਦਾਸੀ ਪੁਤਰ ਹੋਣ ਕਰਕੇ ਰਾਜ ਭਾਗ ਪ੍ਰਾਪਤ ਨਾ ਕਰ ਸੱਕਿਆ। ਸ਼੍ਰੀ ਕ੍ਰਿਸ਼ਨ ਜੀ ਇਸ ਦੀ ਭਗਤੀ ਅਤੇ ਗੁਣਾਂ ਨੂੰ ਦੇਖ ਕੇ ਦੁਰਯੋਧਨ ਦਾ ਘਰ ਛੱਡ ਕੇ ਇਸ ਕੋਲ ਜਾ ਠਹਿਰੇ ਪਰ ਰਾਜ ਭਾਗ ਉਹ ਵੀ ਨਾ ਦਿਵਾ ਸਕੇ। ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਜਿਨ੍ਹਾਂ ਉਸੇ ਬਿਦਰ ਵਿਚੋਂ ਸਾਹਿਬੀ ਪ੍ਰਗਟ ਕੀਤੀ। ਇਸ ਤਰ੍ਹਾਂ ਦਸਮ ਪਿਤਾ ਨੇ ਪੰਜਾਂ ਪਿਆਰਿਆਂ ਰਾਹੀਂ ਖਾਲਸੇ ਵਿਚ ਦਇਆ, ਧਰਮ, ਮੁਹਕਮ, ਹਿੰਮਤ ਤੇ ਸਾਹਿਬੀ ਦੇ ਗੁਣਾਂ ਦਾ ਪ੍ਰਵੇਸ਼ ਕਰਾ ਕੇ ਇਕ ਸੰਪੂਰਨ ਸ਼ਖ਼ਸੀਅਤ ਦੀ ਘਾੜਤ ਘੜੀ। ਇਥੇ ਗੱਲ ਸਰੀਰਕ ਅਮਰਤਾ ਦੀ ਨਹੀਂ, ਗੁਣਾਂ ਦੀ ਅਮਰਤਾ ਦੀ ਹੈ। ਜਿਸ ਵੀ ਵਿਅਕਤੀ ਵਿਚ ਇਹ ਗੁਣ ਹਨ ਉਹ ਗੁਰੂ ਕਾ ਪਿਆਰਾ ਹੈ, ਉਹ ਖਾਲਸਾ ਹੈ, ਉਹ ਅਮਰ ਹੈ। ਭਾਈ ਦਇਆ ਸਿੰਘ ਜਾਂ ਭਾਈ ਧਰਮ ਸਿੰਘ ਸਰੀਰਕ ਤੌਰ ਤੇ ਸਾਡੇ ਵਿਚ ਨਹੀਂ ਹਨ ਪਰ ਗੁਣਾਂ ਦੇ ਪੱਧਰ ਤੇ ਉਹ ਅੱਜ ਵੀ ਖਾਲਸੇ ਵਿਚ ਵਿਦਮਾਨ ਹਨ। ਪਰ ਖਾਲਸਾ ਜੀ , ਇਨ੍ਹਾਂ ਗੁਣਾਂ ਦੀ ਪ੍ਰਾਪਤੀ ਐਂਵੇ ਨਹੀਂ ਹੋਣੀ, ਸੀਸ ਹਾਜ਼ਰ ਕਰਨਾ ਪਏਗਾ। ਮੈਨੂੰ ਯਾਦ ਆ ਰਿਹਾ ਏ ਬਚਪਨ ਵਿਚ ਮੈਨੂੰ ਮੇਰੇ ਮਾਤਾ ਜੀ ਨੇ ਇਕ ਕਵਿਤਾ ਸਿਖਾਈ ਸੀ। ਕਵਿਤਾ ਕੁਝ ਇਸ ਤਰ੍ਹਾਂ ਹੈ:

ਕਲਗੀ ਵਾਲਿਆ ਤੇਰੇ ਸਕੂਲ ਅੰਦਰ
ਲੋਕੀ ਆਖਦੇ ਲੱਗਦੀ ਫੀਸ ਕੋਈ ਨਾ
ਮੈਂ ਵੀ ਏਸੇ ਖਿਆਲ ਤੇ ਹੋਈ ਦਾਖਲ
ਦੇਣਾ ਪੈਣਗੇ ਬੀਸ ਤੇ ਤੀਸ ਕੋਈ ਨਾ
ਪਰ
ਜਾ ਕੇ ਵਿਚ ਸਕੂਲ ਦੇ ਦੇਖਿਆ ਮੈਂ
ਦੂਜੇ ਬੱਚਿਆਂ ਦੇ ਧੜੀਂ ਸੀਸ ਕੋਈ ਨਾ
ਲਾਸ਼ੇ ਚਮਕਦੇ ਸੀ ਐਸੇ ਨੀਮ ਬਿਸਮਲ
ਕਰ ਸਕਦਾ ਜਿਨ੍ਹਾਂ ਦੀ ਰੀਸ ਕੋਈ ਨਾ
ਏਥੇ ਲਾਜ਼ਮੀ ਸੀਸ ਦੀ ਫੀਸ ਦੇਣੀ
ਇਕ ਲਾਸ਼ ਨੇ ਕਿਹਾ ਪੁਕਾਰ ਮੈਨੂੰ
ਭੇਟਾ ਸੀਸ ਦੇਈਏ ਤਾਂ ਅਸੀਸ ਮਿਲਦੀ
ਸਬਕ ਮਿਲੇਗਾ ਦੂਜੀ ਵਾਰ ਤੈਨੂੰ

ਸੋ ਜਿਹੜੇ ਇਹ ਕਹਿੰਦੇ ਹਨ ਕਿ ਸਾਡਾ ਮਨ ਸਾਫ਼ ਹੈ, ਅਸੀਂ ਚੰਗੇ ਕਰਮ ਕਰਦੇ ਹਾਂ। ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਉਨ੍ਹਾਂ ਵਾਸਤੇ ਇਸ ਕਵਿਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਵੀ ਨੇ ਪਹਿਲਾਂ ਮਰਨ ਕਬੂਲ਼ ਕਰਨ ਦੀ ਗੱਲ ਸਪਸ਼ਟ ਕਰਦਿਆਂ ਕਿਹਾ ਹੈ, ‘ਏਥੇ ਲਾਜ਼ਮੀ ਸੀਸ ਦੀ ਫੀਸ ਦੇਣੀ।’ ਸੀਸ ਭੇਂਟ ਕਰਨ ਦਾ ਭਾਵ ਹੈ ਆਪਣੀ ਮੱਤ ਗੁਰੂ ਹਵਾਲੇ ਕਰਨੀ । ਗੁਰੂ ਦੀ ਮੱਤ ਤਾਂ ਇਹ ਕਹਿੰਦੀ ਹੈ:

ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥ (ਪੰਨਾ 191)

————————–

ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥ (ਪੰਨਾ 194)

—————————-

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ (ਪੰਨਾ 318)

——————————

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ (ਪੰਨਾ 496)

—————————–

ਅੰਮ੍ਰਿਤੁ ਪੀਵਹੁ ਸਾਧ ਪਿਆਰੇ ॥ (ਪੰਨਾ 899)

———————————

ਪੀਵਹੁ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ। (ਭਾਈ ਗੁਰਦਾਸ ਸਿੰਘ)

ਕੀ ਅਸੀਂ ਇਨ੍ਹਾਂ ਵਿਚੋਂ ਕੋਈ ਵੀ ਮੱਤ ਲਈ ਹੈ? ਜੇ ਨਹੀਂ ਤਾਂ ਅਸੀਂ ਅਜੇ ਆਪਣੀ ਮੱਤ ਦੇ ਹੀ ਅਧੀਨ ਹਾਂ। ਤੇ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਅਧੂਰੇ ਹਾਂ। ਅਧੂਰਿਆਂ ਦੀ ਮੱਤ ਪੂਰੀ ਕਿਵੇਂ ਹੋ ਸਕਦੀ ਹੈ? ਪੂਰੀ ਮੱਤ ਲਈ ਜਾਣਾ ਤਾਂ ਕਿਸੇ ਪੂਰੇ ਕੋਲ ਹੀ ਪਏਗਾ। ਪੂਰਾ ਕੌਣ ਹੈ? ਆਉ ਗੁਰਬਾਣੀ ਦੀ ਰੌਸ਼ਨੀ ਵਿਚ ਦੇਖੀਏ:

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥ (ਪੰਨਾ 295)

ਪਰ ਨਾਲ ਹੀ ਫੁਰਮਾਨ ਹੈ:

ਪਾਰਬ੍ਰਹਮ ਗੁਰ ਨਾਹੀ ਭੇਦ ॥ (ਪੰਨਾ 1142)

ਪ੍ਰਭੂ ਪੂਰਾ ਹੈ ਪਰ ਕਿਉਂ ਕਿ ਪ੍ਰਭੂ ਅਤੇ ਗੁਰੂ ਵਿਚ ਕੋਈ ਭੇਦ ਨਹੀਂ ਇਸ ਲਈ ਗੁਰੂ ਵੀ ਪੂਰਾ ਹੈ। ਪੂਰੇ ਗੁਰੂ ਦਾ ਹੁਕਮ ਹੈ:

ਪ੍ਰਥਮ ਰਹਤ ਯਹ ਜਾਨ ਖੰਡੇ ਕੀ ਪਾਹੁਲ ਛਕੇ
ਸੋਈ ਸਿੰਘ ਪ੍ਰਧਾਨ ਅਵਰ ਜੋ ਪਾਹੁਲ ਨਾ ਛਕੇ (ਰਹਿਤਨਾਮਾ ਭਾਈ ਦੇਸਾ ਸਿੰਘ)

ਸੋ ਖੰਡੇ ਕੀ ਪਾਹੁਲ ਛਕਣੀ ਪਹਿਲੀ ਸ਼ਰਤ ਹੈ। ਕੇਵਲ ਸਿੱਖਾਂ ਲਈ ਹੀ ਨਹੀਂ, ਗੁਰੂ ਸਾਹਿਬ ਨੇ ਆਪ ਵੀ ਇਹ ਸ਼ਰਤ ਪ੍ਰਵਾਨ ਕੀਤੀ। ਹੱਥ ਜੋੜ ਕੇ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ। ਚੇਲਾ ਗੁਰੂ ਤੇ ਗੁਰੂ ਚੇਲਾ ਬਣ ਗਿਆ। ਮਨੁਖਤਾ ਵਾਸਤੇ ਇਹ ਇਕ ਅਦੁਤੀ ਤੋਹਫਾ ਸੀ। ਭਾਵੇਂ ਇਹ ਪ੍ਰਥਾ ਗੁਰੂ ਨਾਨਕ ਸਾਹਿਬ ਵੇਲੇ ਆਰੰਭ ਹੋ ਗਈ ਸੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰੂ ਥਾਪ ਕੇ ਆਪ ਚੇਲੇ ਦੇ ਰੂਪ ਵਿਚ ਵਿਚਰਦੇ ਰਹੇ। ਆਪੇ ਗੁਰ ਚੇਲਾ ਦਾ ਸਿਧਾਂਤ ਸਿੱਖ ਧਰਮ ਦਾ ਮੌਲਿਕ ਸਿਧਾਂਤ ਹੈ। ਗੁਰਬਾਣੀ ਵਿਚੋਂ ਵੀ ਇਸ ਦੇ ਪ੍ਰਮਾਣ ਮਿਲਦੇ ਹਨ:

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ (ਪੰਨਾ 444)

ਪਰ ਦਸ਼ਮੇਸ਼ ਪਿਤਾ ਸਮੇਂ ਅਜਿਹਾ ਕਰਨਾ ਇਸ ਪ੍ਰਥਾ ਦਾ ਸਿਖਰ ਸੀ। ਗੁਰੂ ਜੀ ਨੇ ਇਸ ਨੂੰ ਕੇਵਲ ਇਕ ਪ੍ਰਥਾ ਦੇ ਰੂਪ ਵਿਚ ਨਹੀਂ ਨਿਭਾਇਆ ਸਗੋਂ ਚੇਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰੱਖ ਕੇ ਸਦੀਵ ਕਾਲ ਲਈ ਪੂਰਨ ਗੁਰੂਤਾ ਬਖਸ਼ ਦਿੱਤੀ। ਸੰਸਾਰ ਦੇ ਹੋਰ ਕਿਸੇ ਧਰਮ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ। ਚੇਲੇ ਨੇ ਗੁਰੂ ਦਾ ਦਰਜਾ ਤਾਂ ਕੀ ਲੈਣਾ ਹੈ ਸਗੋਂ ਕੁਝ ਧਰਮਾਂ ਵਿਚ ਤਾਂ ਦਰਜੇਬੰਦੀ ਮਿਲਦੀ ਹੈ। ਈਸਾਈ ਧਰਮ ਵਿਚ ਸੰਗਤ, ਈਸਾ ਮਸੀਹ ਅਤੇ ਪ੍ਰਮਾਤਮਾ ਦੇ ਵਜੂਦ ਦੇ ਦਰਜੇ ਨਿਸਚਿਤ ਹਨ। ਇਸੇ ਤਰ੍ਹਾਂ ਯਹੂਦੀ, ਪਾਰਸੀ, ਇਸਲਾਮ ਵਿਚ ਵੀ ਦਰਜੇਬੰਦੀ ਹੈ। ਚੇਲਾ ਗੁਰੂ ਵਰਗਾ ਤਾਂ ਹੋ ਸਕਦਾ ਹੈ ਪਰ ਗੁਰੂ ਦਾ ਗੁਰੂ ਨਹੀਂ। ਇਹ ਕੇਵਲ ਗੁਰੂ ਗੋਬਿੰਦ ਸਿੰਘ ਦੇ ਹੀ ਹਿੱਸੇ ਆਇਆ ਹੈ ਕਿ ਉਨ੍ਹਾਂ ਆਪਣੀਆਂ ਸਾਰੀਆਂ ਸ਼ਕਤੀਆਂ ਖਾਲਸੇ ਨੂੰ ਦੇ ਕੇ ਉਸ ਨੂੰ ਆਪਣਾ ਗੁਰੂ ਮੰਨਿਆ। ਕੇਵਲ ਸ਼ਬਦਾਂ ਵਿਚ ਹੀ ਨਹੀਂ ਕਰਮਾਂ ਵਿਚ ਵੀ। ਚਮਕੌਰ ਦੀ ਗੜ੍ਹੀ ਤੋਂ ਵੱਡਾ ਇਸ ਦਾ ਪ੍ਰਤੱਖ ਸਬੂਤ ਹੋਰ ਕਿਹੜਾ ਹੋ ਸਕਦਾ ਹੈ? ਸੋ ਗੁਰੂ ਸਾਹਿਬ ਨੇ ਜੋ ਮਾਣ ਤੇ ਸਤਿਕਾਰ ਆਪਣੇ ਸਿੱਖਾਂ ਨੂੰ ਦਿੱਤਾ ਉਹ ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਹੋਰ ਕਿਤੇ ਵੀ ਨਹੀਂ ਮਿਲਦਾ। ਇਸ ਦਾ ਮਤਲਬ ਇਹ ਵੀ ਹੈ ਕਿ ਜੋ ਸਿੱਖ ਗੁਰੂ ਜੀ ਵੱਲੋਂ ਨਿਰਧਾਰਿਤ ਕੀਤੇ ਵਿਧਾਨ ਅਨੁਸਾਰ ਜੀਵਨ ਜੀਵੇਗਾ ਉਹਦੇ ਅਤੇ ਗੁਰੂ ਵਿਚ ਕੋਈ ਅੰਤਰ ਨਹੀਂ ਹੋਵੇਗਾ। ਉੱਤਮ ਜੀਵਨ ਵਾਲਾ ਸਿੱਖ ਉਦੋਂ ਵੀ ਗੁਰੂ ਦਾ ਦਰਜਾ ਰੱਖਦਾ ਸੀ ਤੇ ਅੱਜ ਵੀ ਗੁਰੂ ਦਾ ਦਰਜਾ ਰੱਖਦਾ ਹੈ। ਗੁਰੂ ਦੁਆਰਾ ਨਿਰਧਾਰਿਤ ਵਿਧਾਨ ਵਿਚ ਸਭ ਤੋਂ ਪਹਿਲਾਂ ਹੈ ਅੰਮ੍ਰਿਤ ਛਕਣਾ ਅਤੇ ਪੰਜਾਂ ਦੁਆਰਾ ਦ੍ਰਿੜਾਈ ਰਹਿਤ ਦੇ ਧਾਰਨੀ ਹੋਣਾ। ਗੁਰੂ ਸਾਹਿਬ ਦਾ ਹਰ ਕਰਮ ਵਿਲੱਖਣ ਅਤੇ ਵਿਗਿਆਨਕ ਸੋਚ ਦਾ ਧਾਰਨੀ ਸੀ। ਅੰਮ੍ਰਿਤ ਤਿਆਰ ਕਰਨ ਵੇਲੇ ਵਰਤੀ ਗਈ ਸਮੱਗਰੀ ਵੀ ਵਿਲੱਖਣ ਵਿਚਾਰਧਾਰਾ ਦੀ ਪ੍ਰਤੀਕ ਹੈ। ਗੁਰੂ ਸਾਹਿਬ ਨੇ ਸਰਬ ਲੋਹ ਦੇ ਦੋ ਧਾਰੀ ਖੰਡੇ ਨਾਲ, ਸਰਬ ਲੋਹ ਦੇ ਬਾਟੇ ਵਿਚ, ਪਾਣੀ ਤੇ ਪਤਾਸਿਆਂ ਨੂੰ ਪੰਜ ਬਾਣੀਆਂ ਦਾ ਪਾਠ ਕਰਦਿਆਂ ਹੋਇਆਂ ਘੋਲ ਕੇ ਅੰਮ੍ਰਿਤ ਤਿਆਰ ਕੀਤਾ ਤਾਂ ਕਿ ਜਿਥੇ ਸਿੱਖ ਬਾਣੀ ਦਾ ਪਾਠ ਕਰ ਕੇ ਆਤਮਕ ਸ਼ਕਤੀ ਪ੍ਰਾਪਤ ਕਰਨ ਉਥੇ ਉਨ੍ਹਾਂ ਅੰਦਰ ਬੀਰ ਰਸ ਵੀ ਹੋਵੇ। ਲੋੜ ਪੈਣ ਤੇ ਗਰੀਬ ਦੀ ਰੱਖਿਆ ਲਈ ਖੰਡਾ ਖੜਕਾਉਣੋਂ ਪਿਛੇ ਨਾ ਹਟਣ। ਸਰਬ ਲੋਹ ਦੇ ਬਾਟੇ ਦਾ ਵੀ ਆਪਣਾ ਮਹੱਤਵ ਹੈ। ਸਰਬ ਲੋਹ ਨੂੰ ਪ੍ਰਮਾਤਮਾ ਦੀ ਅਟੱਲ ਤੇ ਅਮੋੜ ਸ਼ਕਤੀ ਦੇ ਪ੍ਰਤੀਕ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਗੁਰੂ ਸਾਹਿਬ ਨੇ ਅਕਾਲ ਉਸਤਤ ਵਿਚ ਅਕਾਲ ਪੁਰਖ ਨੂੰ ਮਹਾਂ ਲੋਹ ਤੇ ਸਰਬ ਲੋਹ ਕਹਿ ਕੇ ਸੰਬੋਧਨ ਕੀਤਾ ਹੈ। ਚੌਪਈ ਸਾਹਿਬ ਵਿਚ ਗੁਰੂ ਸਾਹਿਬ ਆਪਣੇ ਆਪ ਨੂੰ ‘ਮਹਾਂ ਲੋਹ ਮੈ ਕੰਕਰ ਥਾਰੋ’ ਕਿਹਾ ਹੈ। ਗੁਰੂ ਸਾਹਿਬ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਹਰ ਸਿੱਖ ਆਪਣੇ ਵਿਸ਼ਵਾਸ਼ ਨੂੰ ਲੋਹੇ ਵਰਗਾ ਪੀਡਾ, ਪੂਰਾ ਸਿਦਕੀ ਤੇ ਕਦੇ ਨਾ ਡੋਲਣ ਵਾਲਾ ਬਣਾਏ। ਪਾਣੀ ਨਾਮ ਵਾਂਗ ਸਭ ਥਾਵੇਂ ਵਿਸਤ੍ਰਤ ਹੈ। ਗੁਰਬਾਣੀ ਅਨੁਸਾਰ ਪ੍ਰਮਾਤਮਾ ਨੇ ਤ੍ਰਿਭਵਨ ਸ੍ਰਿਸ਼ਟੀ ਪਾਣੀ ਤੋਂ ਪੈਦਾ ਕੀਤੀ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ (ਪੰਨਾ 19)

ਜਪੁ ਜੀ ਸਾਹਿਬ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਜਿਥੇ ਪਾਣੀ ਹੈ ਉਥੇ ਜ਼ਿੰਦਗੀ ਹੈ। ਇਕ ਗੱਲ ਹੋਰ ਪਾਣੀ ਵਿਚ ਕੋਈ ਪੱਕੀ ਲੀਕ ਵੀ ਨਹੀਂ ਪੈ ਸਕਦੀ:

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥ (ਪੰਨਾ 474)

ਅੰਮ੍ਰਿਤ ਦਾ ਮਕਸਦ ਹੀ ਲੋਕਾਂ ਵਿਚ ਪਈਆਂ ਹੋਈਆਂ ਵੰਡੀਆਂ ਨੂੰ ਦੂਰ ਕਰਨਾ ਸੀ। ਪਤਾਸੇ ਮਿਠਾਸ ਦਾ ਪ੍ਰਤੀਕ ਹਨ। ਮਿੱਠਤ ਵਾਹਿਗੁਰੂ ਜੀ ਦਾ ਖਾਸ ਲੱਛਣ ਹੈ:

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ (ਪੰਨਾ 784)

ਮਿਠਾਸ ਨੇ ਵੈਰੀ ਅਤੇ ਮਿੱਤਰ ਦਾ ਭੇਦ ਮਿਟਾ ਦਿੱਤਾ। ਇਹ ਅੰਮ੍ਰਿਤ ਹੀ ਸੀ ਜਿਸ ਨੇ ਭਾਈ ਘਨਈਆ ਨੂੰ ਸਮਦ੍ਰਿਸ਼ਟੀ ਬਖਸ਼ੀ। ਕੇਵਲ ਇਤਨਾ ਹੀ ਨਹੀਂ, ਪਤਾਸਿਆਂ ਨੇ ਮਿਠਾਸ ਦੇ ਨਾਲ ਨਾਲ ਤਾਕਤ ਅਤੇ ਠੰਡਕ ਦੇ ਗੁਣ ਵੀ ਪ੍ਰਦਾਨ ਕੀਤੇ। ਕਹਿਣ ਦਾ ਭਾਵ ਕੇ ਗੁਰੂ ਸਾਹਿਬ ਨੇ ਇਕ ਨਾਯਾਬ ਵਸਤੂ ਆਪਣੇ ਸਿੱਖਾਂ ਵਾਸਤੇ ਤਿਆਰ ਕੀਤੀ। ਸਿੱਖਾਂ ਨੂੰ ਇਸ ਵਸਤੂ ਲਈ ਤਿਆਰ ਕਰਨ ਲਈ ਗੁਰੂ ਸਾਹਿਬਾਨ ਨੇ 230 ਸਾਲ ਦਾ ਲੰਬਾ ਸਮਾਂ ਘਾਲਣਾ ਘਾਲੀ। ਵਿਸਾਖੀ ਵਾਲੇ ਦਿਨ ਅੰਮ੍ਰਿਤ ਵਿਚੋਂ ਖਾਲਸੇ ਦਾ ਜਨਮ ਹੋਇਆ ਤੇ ਗੁਰੂ ਸਾਹਿਬ ਨੇ ਖਾਲਸੇ ਦੇ ਜਨਮ ਦਿਨ ਤੇ ਉਸ ਨੂੰ ਪੰਜ ਕਕਾਰਾਂ ਦੇ ਰੂਪ ਵਿਚ ਇਕ ਤੋਹਫਾ ਵੀ ਦਿੱਤਾ। ਤੋਹਫਾ ਹਮੇਸ਼ਾ ਦੇਣ ਵਾਲੇ ਦੀ ਯਾਦ ਦਿਵਾਉਂਦਾ ਹੈ। ਕੌਣ ਹੈ ਜੋ ਤੋਹਫਾ ਨਹੀਂ ਲੈਣਾ ਚਾਹੁੰਦਾ? ਪਰ ਗੁਰੂ ਕੋਲੋਂ ਤੋਹਫਾ ਲੈਣ ਲਈ ਸੀਸ ਅਰਪਣ ਕਰਨ ਦੀ ਸ਼ਰਤ ਤੋਂ ਛੋਟ ਨਹੀਂ। ਸੋ ਆਓ! ਆਪਣਾ ਸੀਸ ਗੁਰੂ ਨੂੰ ਅਰਪਣ ਕਰਕੇ ਉਸ ਕੋਲੋਂ ਤੋਹਫੇ ਦੇ ਹੱਕਦਾਰ ਬਣੀਏ।