Sikh Environment Day

ਸਿੱਖ ਜਗਤ ਵੱਲੋਂ 14 ਮਾਰਚ ਨੂੰ ਗੁਰੂ ਹਰਿ ਰਾਇ ਜੀ ਦੇ ਗੁਰਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਪ੍ਰਸੰਸਾਯੋਗ ਫੈਸਲਾ ਲਿਆ ਗਿਆ ਹੈ। ਗੁਰੂ ਹਰਿ ਰਾਇ ਜੀ, ਜੋ ਸੰਨ 1644 ਵਿਚ ਸਿੱਖਾਂ ਦੇ ਸਤਵੇਂ ਗੁਰੂ ਬਣੇ ਸਨ, ਨੇ ਸਮੂਹ ਭਾਈਚਾਰੇ ਨੂੰ ਸਿਹਤ ਵਿਚ ਸੁਧਾਰ ਲਈ ਪੌਦਿਆਂ ਅਤੇ ਜਾਨਵਰਾਂ ਦੀ ਰੱਖਿਆ ਕਰਨ ਦਾ ਖਾਸ ਉਪਦੇਸ਼ ਦਿੱਤਾ ਸੀ। (ਗੁਰੂ) ਹਰਿ ਰਾਇ ਜੀ ਦੇ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਦੀ ਇਕ ਘਟਨਾ ਜ਼ਿਕਰਯੋਗ ਹੈ। ਆਪ ਦਾ ਫੁਲਾਂ ਪ੍ਰਤੀ ਪਿਆਰ ਬੜਾ ਤੀਬਰ ਤੇ ਡੂੰਘਾ ਸੀ। ਇਕ ਦਿਨ ਆਪ ਬਾਗ ਵਿਚ ਟਹਿਲ ਰਹੇ ਸਨ ਕਿ ਆਪ ਦੇ ਚੋਲੇ ਨਾਲ ਅੜ ਕੇ ਖਿੜੇ ਹੋਏ ਕੁਝ ਫੁਲ ਜ਼ਮੀਨ ਤੇ ਡਿੱਗ ਪਏ। ਇਹ ਦ੍ਰਿਸ਼ ਦੇਖ ਕੇ ਆਪ ਨੂੰ ਬਹੁਤ ਦੁਖ ਹੋਇਆ। ਆਪ ਉਹਨਾਂ ਟੁਟੇ ਹੋਏ ਫੁ`ਲਾਂ ਨੂੰ ਚੁ`ਕ ਕੇ ਮੁੜ ਟਾਹਣੀ ਨਾਲ ਜੋੜਨ ਦਾ ਯਤਨ ਕਰਨ ਲੱਗੇ। ਇਸ ਮੌਕੇ ਗੁਰੂ ਹਰਿ ਰਾਇ ਜੀ ਦੇ ਦਾਦਾ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਆਪ ਨੂੰ ਪ੍ਰਕਿਰਤੀ ਨੂੰ ਬਰਕਰਾਰ ਰੱਖਣ ਪਰ ਨਾਲ ਹੀ ਸੁਚੇਤਤਾ ਅਤੇ ਸਾਵਧਾਨੀ ਵਰਤਨ ਲਈ ਕਿਹਾ। ਇਸ ਤੋਂ ਬਾਅਦ ਆਪ ਫੁ`ਲਾਂ ਬੂਟਿਆਂ ਦੀ ਦੇਖ ਭਾਲ ਵਲ ਵਿਸ਼ੇਸ਼ ਧਿਆਨ ਦੇਣ ਲਗ ਪਏ। ਗੁਰੂ ਹਰਿ ਰਾਇ ਜੀ ਦੇ ਗੁਰਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਣ ਨਾਲ ਜਿਥੇ ਸਮੁ`ਚੀ ਮਾਨਵਤਾ ਦੀ ਕੁਦਰਤ ਨਾਲ ਨੇੜਤਾ ਵਧੇਗੀ ਉਥੇ ਨਾਲ ਹੀ ਗੁਰੂ ਹਰਿ ਰਾਇ ਜੀ ਦੀਆਂ ਸਿੱਖਿਆਵਾਂ ਪ੍ਰਤੀ ਵੀ ਸਾਰਾ ਭਾਈਚਾਰਾ ਵਚਨਬੱਧ ਰਹੇਗਾ।

ਮਨੁਖੀ ਜੀਵਨ ਦੀ ਹੋਂਦ ਉਚਿੱਤ ਵਾਤਾਵਰਣ ਤੇ ਨਿਰਭਰ ਕਰਦੀ ਹੈ। ਪਿਛਲੇ ਕੁਝ ਸਮੇਂ ਤੋਂ ਵਾਤਾਵਰਣ ਵਿਚ ਬਹੁਤ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਬਦਲਾਅ ਦਾ ਮੁ`ਖ ਕਾਰਨ ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਅਯੋਗ ਵਰਤੋਂ ਕਰਨਾ ਹੈ। ਦਰਖਤਾਂ ਦੇ ਕੱਟਣ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਤਾਪਮਾਨ ਵਧਣ ਨਾਲ ਪਹਾੜਾਂ ਦੀਆਂ ਬਰਫ਼ਾਂ ਜ਼ਿਆਦਾ ਪਿਘਲ ਰਹੀਆਂ ਹਨ ਜਿਸ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ। ਮੌਸਮੀ ਤਬਦੀਲੀਆਂ ਕਾਰਨ ਮੀਂਹ ਜਾਂ ਤਾਂ ਘਟ ਪੈ ਰਹੇ ਹਨ ਜਾਂ ਬੇਵਕਤੇ, ਜਿਸ ਨਾਲ ਫਸਲਾਂ ਦੀ ਉਪਜ ਉਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਸੂਰਜ ਤੋਂ ਧਰਤੀ ਤੇ ਆਉਣ ਵਾਲੀਆਂ ਖਤਰਨਾਕ ਕਿਰਨਾਂ ਨੂੰ ਰੋਕਣ ਵਾਲੀ ਓਜ਼ੋਨ ਪਰਤ ਵਿਚ ਖਲਾਅ ਪੈਦਾ ਹੋ ਗਿਆ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ। ਖਤਰਨਾਕ ਗੈਸਾਂ, ਫੈਕਟਰੀਆਂ ਤੇ ਵਾਹਨਾਂ ਵਿਚੋਂ ਨਿਕਲਦੇ ਧੂੰਏਂ ਅਤੇ ਰਸਾਇਣਾਂ ਸਦਕਾ ਸਾਹ, ਚਮੜੀ ਦੇ ਰੋਗ, ਕੈਂਸਰ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿਚ ਵਾਧਾ ਹੋਇਆ ਹੈ। ਅਸੀਂ ਇਕ ਦਿਨ ਵਿਚ ਲਗਪਗ 24000 ਵਾਰ ਸਾਹ ਲੈਂਦੇ ਹਾਂ ਅਤੇ ਤਕਰੀਬਨ 200 ਲਿਟਰ ਹਵਾ ਅੰਦਰ ਲੰਘਾਉਂਦੇ ਹਾਂ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਦੂਸ਼ਿਤ ਹਵਾ ਨਾਲ ਹਰ ਮਨੁਖ ਰੋਜ਼ਾਨਾ ਕਿੰਨੀਆਂ ਖਤਰਨਾਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਇਸੇ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਪਾਣੀ ਦੀ ਘਾਟ ਸੰਸਾਰ ਪੱਧਰ ਤੇ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਲਈ ਸੰਯੁਕਤ ਰਾਸ਼ਟਰ ਵਲੋਂ ਸੰਨ 2005 ਤੋਂ 2015 ਤਕ ‘ਜ਼ਿੰਦਗੀ ਲਈ ਪਾਣੀ ਜ਼ਰੂਰੀ’ ਦਹਾਕੇ ਵਜੋਂ ਮਨਾਇਆ ਗਿਆ। ਪਰ ਅਜੇ ਵI ਸਮੱਸਿਆ ਦਾ ਪੂਰਾ ਸਮਾਧਾਨ ਨਹੀਂ ਹੋਇਆ। ਪਾਣੀ, ਜਿਸ ਨੂੰ ਕਿ ਗੁਰਬਾਣੀ ਵਿਚ ਪਿਤਾ ਦਾ ਦਰਜਾ ਦਿੱਤਾ ਗਿਆ ਹੈ, ਨੂੰ ਫੈਕਟਰੀਆਂ ਦਾ ਗੰਦਾ ਪਾਣੀ, ਸੀਵਰੇਜ ਦਾ ਪਾਣੀ ਅਤੇ ਖੇਤਾਂ ਵਿਚਲੀਆਂ ਰਸਾਇਣਕ ਖਾਦਾਂ ਵਾਲਾ ਪਾਣੀ ਜ਼ਹਿਰੀਲਾ ਬਣਾ ਰਿਹਾ ਹੈ। ਇਹੀ ਜ਼ਹਿਰੀਲਾ ਪਾਣੀ ਧਰਤੀ ਦੇ ਹੇਠਾਂ ਜਾ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਜ਼ਹਿਰੀਲਾ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੀਣ ਵਾਸਤੇ ਸਾਫ਼ ਪਾਣੀ ਲੈਣ ਲਈ ਹਰ ਘਰ ਵਿਚ ਪਾਣੀ ਸਾਫ਼ ਕਰਨ ਦੇ ਯੰਤਰ ਲਗਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਹ ਜ਼ਹਿਰੀਲਾ ਪਾਣੀ ਧਰਤੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ ਜਿਸ ਨਾਲ ਧਰਤੀ ਵਿਚੋਂ ਪੈਦਾ ਹੋਣ ਵਾਲੀ ਉਪਜ ਵੀ ਪ੍ਰਭਾਵਿਤ ਹੋ ਰਹੀ ਹੈ। ਉਪਜ ਵਧਾਉਣ ਲਈ ਰਸਾਇਣਕ ਖਾਦਾਂ ਦੀ ਵਰਤੋਂ ਤੇ ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਨੇ ਧਰਤੀ ਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਹੈ। ਫਲਸਰੂਪ ਪੈਦਾ ਹੋਣ ਵਾਲੇ ਫਲ, ਸਬਜ਼ੀਆਂ, ਦਾਲਾਂ, ਮਸਾਲੇ ਕੁਝ ਵੀ ਸ਼ੁਧ ਨਹੀਂ ਮਿਲਦਾ। ਇਥੋਂ ਤਕ ਕਿ ਜ਼ਹਿਰੀਲਾ ਚਾਰਾ ਚਰਨ ਕਰਕੇ ਪਸ਼ੂ ਵੀ ਜ਼ਹਿਰੀਲਾ ਦੁਧ ਦੇ ਰਹੇ ਹਨ। ਇਹਨਾਂ ਜ਼ਹਿਰੀਲੀਆਂ ਚੀਜ਼ਾਂ ਦੀ ਵਰਤੋਂ ਦੇ ਨਤੀਜੇ ਵਜੋਂ ਮਨੁਖ ਸਰੀਰਕ ਪੱਧਰ ਤੇ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕਮਜ਼ੋਰ ਸਰੀਰ ਵਿਚ ਤਾਕਤਵਰ ਮਨ ਦੀ ਆਸ ਕਿਥੋਂ ਕੀਤੀ ਜਾ ਸਕਦੀ ਹੈ? ਤੇ ਜੇ ਮਨ ਹੀ ਕਮਜ਼ੋਰ ਹੈ ਤਾਂ ਉਸ ਉਤੇ ਵਿਕਾਰਾਂ ਦਾ ਹਮਲਾ ਤਾਂ ਹੋਏਗਾ ਹੀ। ਸੋ ਅੱਜ ਦੇ ਮਨੁਖ ਦੇ ਵਿਕਾਰੀ ਹੋਣ ਪਿਛੇ ਕਿਸੇ ਨਾ ਕਿਸੇ ਤਰ੍ਹਾਂ ਪ੍ਰਦੂਸ਼ਿਤ ਵਾਤਾਵਰਣ ਵੀ ਜ਼ਿੰਮੇਵਾਰ ਹੈ। ਸੋ ਵਾਤਾਵਰਣ ਦੀ ਸ਼ੁਧਤਾ ਅੱਜ ਦੇ ਮਨੁਖ ਦੀ ਮੁਢਲੀ ਲੋੜ ਹੈ। ਹਵਾ, ਪਾਣੀ, ਰੁਖ, ਸੂਰਜ, ਚੰਦਰਮਾ ਸਾਡੇ ਮਿੱਤਰ ਹਨ। ਧਰਤੀ ਤਾਂ ਹੈ ਹੀ ਸਾਡੀ ਮਾਂ। ਮਾਂ ਦੀ ਆਤਮਾ ਨੂੰ ਨਾ ਤੜਪਾਈਏ। ਆਪਣੇ ਮਿੱਤਰਾਂ ਨੂੰ ਰੁਆਈਏ ਨਾ।

ਪਰਬਤ ਸੂਰਜ ਹਵਾ ਤੇ ਪਾਣੀ ਰੋ ਰੋ ਕਰਨ ਪੁਕਾਰ
ਧਰਤੀ ਮਾਂ ਦੇ ਪੁਤਰੋ ਸਾਨੂੰ ਮਾਰੋ ਨਾ ਅੱਧ ਵਿਚਕਾਰ
ਜੀਣਾ ਲੋੜੇ ਸਾਰੀ ਦੁਨੀਆਂ ਅਸਾਂ ਵੀ ਜੀਣ ਦਾ ਚਾਅ
ਨਾ ਸਾਨੂੰ ਕੱਟੋ ਨਾ ਕਰੋ ਗੰਧਲਾ ਸੁਣ ਲਉ ਸਾਡੀ ਪੁਕਾਰ
ਬੜੀ ਪੀੜ ਹੁੰਦੀ ਏ ਬੜੀ ਪੀੜ ਹੁੰਦੀ ਏ