SikhThought - GuruGranthSahibJiFeatured

ਸੇਈ ਸੁੰਦਰ ਸੋਹਣੇ ਸਾਧ ਸੰਗਿ ਜਿਨ ਬੈਹਣੇ

ਵਿਸ਼ੇ ਵਲ ਆਉਣ ਤੋਂ ਪਹਿਲਾਂ ਆਉ ਉਸ ਪੂਰੇ ਸ਼ਬਦ ਦੇ ਦਰਸ਼ਨ ਕਰੀਏ ਜਿਸ ਦੀ ਇਹ ਪੰਕਤੀ ਹਿੱਸਾ ਹੈ। ਸ਼ਬਦ ਹੈ:

ਮਾਝ ਮਹਲਾ 5 ਘਰੁ 2 ॥
ਨਿਤ ਨਿਤ ਦਯੁ ਸਮਾਲੀਐ ॥ ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
ਸੰਤਾ ਸੰਗਤਿ ਪਾਈਐ ॥ ਜਿਤੁ ਜਮ ਕੈ ਪੰਥਿ ਨ ਜਾਈਐ ॥
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥1॥
ਜੋ ਸਿਮਰੰਦੇ ਸਾਂਈਐ ॥ ਨਰਕਿ ਨ ਸੇਈ ਪਾਈਐ ॥
ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥2॥
ਸੇਈ ਸੁੰਦਰ ਸੋਹਣੇ ॥ ਸਾਧਸੰਗਿ ਜਿਨ ਬੈਹਣੇ ॥
ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥3॥
ਹਰਿ ਅਮਿਉ ਰਸਾਇਣੁ ਪੀਵੀਐ ॥ ਮੁਹਿ ਡਿਠੈ ਜਨ ਕੈ ਜੀਵੀਐ ॥
ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥4॥
ਜੋ ਹਰਿ ਕੀਤਾ ਆਪਣਾ ॥ ਤਿਨਹਿ ਗੁਸਾਈ ਜਾਪਣਾ ॥
ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥5॥
ਮਨ ਮੰਧੇ ਪ੍ਰਭੁ ਅਵਗਾਹੀਆ ॥ ਏਹਿ ਰਸ ਭੋਗਣ ਪਾਤਿਸਾਹੀਆ ॥
ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥6॥
ਕਰਤਾ ਮੰਨਿ ਵਸਾਇਆ ॥ ਜਨਮੈ ਕਾ ਫਲੁ ਪਾਇਆ ॥
ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥7॥
ਅਟਲ ਪਦਾਰਥੁ ਪਾਇਆ ॥ ਭੈ ਭੰਜਨ ਕੀ ਸਰਣਾਇਆ ॥
ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥8॥ (ਪੰਨਾ 132)

ਸਮੁਚੇ ਸ਼ਬਦ ਦਾ ਸੰਖੇਪ ਵਿਚ ਭਾਵ ਹੈ ਕਿ ਜੇ ਅਸੀਂ ਸਾਧਾਂ ਦੀ ਸੰਗਤ ਵਿਚ ਜਾ ਕੇ ਪ੍ਰਭੂ ਵਿਚ ਚਿੱਤ ਜੋੜਾਂਗੇ ਤਾਂ ਸਾਨੂੰ ਸਰੀਰਕ ਅਤੇ ਆਤਮਿਕ ਦੋਹਾਂ ਤਰ੍ਹਾਂ ਦੇ ਸੁਖਾਂ ਦੀ ਪ੍ਰਾਪਤੀ ਤਾਂ ਹੋਏਗੀ ਹੀ, ਨਾਲ ਹੀ ਆਂਤਰਿਕ ਤੇ ਬਹਿਰੂਨੀ ਸੁੰਦਰਤਾ ਵੀ ਮਿਲੇਗੀ। ਗੁਰਬਾਣੀ ਜਿਥੇ ਸਾਨੂੰ ਸੰਪੂਰਨ ਅਧਿਆਤਮਕ ਜੀਵਨ ਜੀਊਣ ਦੀ ਜਾਚ ਸਿਖਾਉਂਦੀ ਹੈ ਉਥੇ ਦੁਨਿਆਵੀ ਜੀਵਨ ਦੇ ਹਰ ਮੋੜ ਤੇ ਸਹੀ ਦਿਸ਼ਾ ਨਿਰਦੇਸ਼ ਵੀ ਕਰਦੀ ਹੈ। ਵਿਚਾਰਅਧੀਨ ਤੁਕ ਵਿਚ ਦੋ ਮੁਖ ਸ਼ਬਦ ਹਨ ਜੋ ਵੀਚਾਰ ਦੀ ਮੰਗ ਕਰਦੇ ਹਨ। ਪਹਿਲਾ ਹੈ ਸੁੰਦਰ ਤੇ ਸੋਹਣਾ ਅਤੇ ਦੂਜਾ ਸਾਧ ਸੰਗਤ। ਆਉ ਇਨ੍ਹਾਂ ਸ਼ਬਦਾਂ ਦੀ ਵਿਚਾਰ ਕਰਕੇ ਗੁਰਬਾਣੀ ਦੀ ਇਸ ਤੁਕ ਦੇ ਭਾਵ ਸਮਝਣ ਦਾ ਯਤਨ ਕਰੀਏ।

ਯੂਨਾਨੀ ਫਿਲਾਸਫਰ ਪਲੈਟੋ ਦਾ ਕਥਨ ਹੈ ਕਿ ਉਹ ਮਨੁਖ ਸੁੰਦਰ ਹੈ ਜਿਸ ਵਿਚ ਸਤਯ, ਸ਼ਿਵਤਵ ਅਤੇ ਦੈਵੀ ਗੁਣ ਹੁੰਦੇ ਹਨ ਯਨੀ ਕਿ ਜਿਸ ਵਿਚ ਮਨ ਅਤੇ ਆਤਮਾ ਦੋਹਾਂ ਨੂੰ ਆਨੰਦਿਤ ਕਰਨ ਵਾਲੇ ਗੁਣ ਹੋਣ ਉਹ ਸੁੰਦਰ ਅਖਵਾਉਣ ਦਾ ਅਧਿਕਾਰੀ ਹੈ। ਪਲੈਟੋ ਨੇ ਸੁੰਦਰ ਮਨੁਖ ਦੇ ਤਿੰਨ ਗੁਣ ਦੱਸੇ ਹਨ। ਆਉ ਪਹਿਲਾਂ ਇਨ੍ਹਾਂ ਤਿੰਨਾਂ ਗੁਣਾਂ ਦੀ ਵੀਚਾਰ ਕਰੀਏ। ਪਹਿਲਾ ਗੁਣ ਹੈ ਸਤਿ ਯਨੀ ਕਿ ਸਚੁ। ਸਤਿ ਕੌਣ ਹੈ? ਸੁਖਮਨੀ ਸਾਹਿਬ ਦਾ ਕਥਨ ਹੈ:

ਆਪਿ ਸਤਿ ਕੀਆ ਸਭੁ ਸਤਿ ॥ (ਪੰਨਾ 284)

ਅਰਥਾਤ ਅਕਾਲ ਪੁਰਖ ਅਤੇ ਉਸ ਰਚਨਾ ਦੋਨੋਂ ਸਤਿ ਹਨ। ਪ੍ਰਭੂ ਆਪ ਵੀ ਸਤਿ ਹੈ ਤੇ ਉਸ ਦੀ ਬਣਾਈ ਸ਼੍ਰਿਸ਼ਟੀ ਵੀ ਸਤਿ ਹੈ। ਗੁਰਬਾਣੀ ਨੇ ਸਤਿ ਨੂੰ ਸਦੀਵੀ ਮੰਨਿਆ ਹੈ। ਸਚੁ ਦਾ ਕਦੇ ਨਾਸ ਨਹੀਂ ਹੁੰਦਾ। ਇਸ ਲਈ ਪ੍ਰਭੂ ਵੀ ਸਦੀਵੀ ਹੈ ਤੇ ਉਸ ਦੀ ਸਾਜੀ ਸ਼ਿਸ਼ਟੀ ਵੀ ਸਦੀਵੀ। ਮੂਲ ਮੰਤਰ ਵਿਚ ਪ੍ਰਭੂ ਨੂੰ ਆਦਿ ਜੁਗਾਦਿ ਤੋਂ ਸਚੁ ਕਿਹਾ ਗਿਆ ਹੈ। ਉਹ ਅੱਜ ਭੀ ਸਚੁ ਹੈ ਤੇ ਹੋਸੀ ਭੀ ਸਚੁ। ਇਸ ਲਈ ਸੁੰਦਰਤਾ ਦਾ ਪਹਿਲਾ ਗੁਣ ‘ਸਤਿ’ ਜਾਂ ਤੇ ਅਕਾਲ ਪੁਰਖ ਵਿਚ ਹੈ ਤੇ ਜਾਂ ਫਿਰ ਉਸ ਦੀ ਰਚਨਾ ਵਿਚ। ਕਿਉਂ ਕਿ ਮਨੁਖ ਉਸ ਦੀ ਰਚਨਾ ਦਾ ਇੱਕ ਹਿੱਸਾ ਹੈ ਇਸ ਲਈ ਉਹ ਵੀ ਸਤਿ ਸਰੂਪ ਹੈ। ਪਲੈਟੋ ਅਨੁਸਾਰ ਦੂਸਰਾ ਗੁਣ ਸ਼ਿਵਤਵ ਦਾ ਹੈ। ਸ਼ਿਵ ਹਿੰਦੂਆਂ ਦਾ ਇਕ ਦੇਵਤਾ ਹੈ। ਇਸ ਦੇਵਤੇ ਨੂੰ ਰਾਗਾਂ ਤੇ ਯੱਗਾਂ ਦਾ ਮਾਲਕ, ਰੋਗਾਂ ਨੂੰ ਦੂਰ ਕਰ ਕੇ ਤੰਦਰੁਸਤੀ ਬਖਸ਼ਣ ਵਾਲਾ ਤੇ ਸਭ ਪਾਪਾਂ ਦਾ ਨਾਸ਼ ਕਰਨ ਵਾਲਾ ਕਹਿੰਦੇ ਹਨ। ਇਹ ਕਲਿਆਣਕਾਰੀ ਹੈ, ਮੁਕਤੀਦਾਤਾ ਤੇ ਦੈਵੀ ਵੈਦ ਹੈ। ਪਰ ਇਸ ਦੇ ਹੱਥ ਵਿਚ ਵਜਰ, ਧਨੁਸ਼ ਤੇ ਤੀਰ ਪਕੜਿਆ ਹੋਇਆ ਹੈ। ਇਸ ਲਈ ਲੋੜ ਪੈਣ ਤੇ ਇਹ ਭਿਅੰਕਰ ਰੂਪ ਵੀ ਧਾਰ ਲੈਂਦਾ ਹੈ। ਪਲੈਟੋ ਅਨੁਸਾਰ ਸੁੰਦਰਤਾ ਦੇ ਦੂਸਰੇ ਗੁਣ ਵਿਚ ਸੰਤ ਤੇ ਸਿਪਾਹੀ ਵਾਲੇ ਦੋਹਾਂ ਗੁਣਾਂ ਨੂੰ ਗਿਣਿਆ ਗਿਆ ਹੈ। ਤੀਸਰਾ ਹੈ ਦੈਵੀ ਗੁਣ ਅਰਥਾਤ ਉਹ ਸਾਰੇ ਗੁਣ ਜੋ ਦੇਵਤਿਆਂ ਵਿਚ ਪਾਏ ਜਾਂਦੇ ਹਨ। ਉਪਰਲੀ ਸਾਰੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸੁੰਦਰਤਾ ਸਦੀਵੀ ਹੈ ਇਸ ਦਾ ਕਦੀ ਨਾਸ ਨਹੀਂ ਹੁੰਦਾ। ਸੁੰਦਰਤਾ ਕਲਿਆਣਕਾਰੀ ਹੈ। ਇਹ ਮਨੁਖਤਾ ਦੀ ਭਲਾਈ ਵਾਸਤੇ ਹੈ ਅਤੇ ਸੁੰਦਰਤਾ ਸਹਿਜ, ਸੰਜਮ, ਸੰਤੋਖ, ਨੇਕੀ ਆਦਿ ਗੁਣਾਂ ਦਾ ਸਮੁਚ ਹੈ। ਲੋੜ ਪੈਣ ਤੇ ਇਹ ਵਿਰਾਟ ਰੂਪ ਵੀ ਧਾਰਨ ਕਰ ਲੈਂਦੀ ਹੈ।

ਸੁੰਦਰਤਾ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ: ਅੰਦਰੂਨੀ ਸੁੰਦਰਤਾ ਤੇ ਬਾਹਰੀ ਸੁੰਦਰਤਾ। ਅੰਦਰੂਨੀ ਸੁੰਦਰਤਾ ਵਿਚ ਬੁਧੀ (intellect) ਸ਼ਿਸ਼ਟਤਾ (Grace) ਪ੍ਰਤਿਭਾ, ਇਮਾਨਦਾਰੀ, ਕੋਮਲਤਾ, ਸਹਿਜ ਸੰਤੋਖ ਆਦਿ ਦੇ ਗੁਣ ਆ ਜਾਂਦੇ ਹਨ ਤੇ ਬਾਹਰੀ ਸੁੰਦਰਤਾ ਵਿਚ ਆਉਂਦੀ ਹੈ ਸਰੀਰਕ ਸੁੰਦਰਤਾ। ਪਰੰਤੂ ਵਿਡੰਬਨਾ ਇਹ ਹੈ ਕਿ ਸੁੰਦਰਤਾ ਨੂੰ ਅਸੀਂ ਅਕਸਰ ਕੇਵਲ ਸਰੀਰ ਨਾਲ ਜੋੜਨ ਦੀ ਗਲਤੀ ਕਰ ਬੈਠਦੇ ਹਾਂ। ਇਸੇ ਲਈ ਸਾਡਾ ਸਾਰਾ ਜ਼ੋਰ ਸਰੀਰ ਨੂੰ ਸੁੰਦਰ ਬਣਾਉਣ ਤੇ ਲਗ ਜਾਂਦਾ ਹੈ ਤੇ ਸਾਡਾ ਕੀਮਤੀ ਸਮਾਂ ਬਿਊਟੀ ਪਾਰਲਰਾਂ ਵਿਚ ਲੱਗ ਜਾਂਦਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਸਰੀਰ ਨੂੰ ਸੁੰਦਰਤਾ ਦੀ ਪ੍ਰਾਪਤੀ ਲਈ ਖੂਬਸੂਰਤੀ ਵਧਾਉਣ ਵਾਲੀਆਂ ਵਸਤਾਂ ਦੀ ਨਹੀਂ ਸਗੋਂ ਵਿਵਹਾਰਕ ਅਤੇ ਆਤਮਕ ਸੁੰਦਰਤਾ ਦੇ ਸੰਯੋਗ ਦੀ ਲੋੜ ਹੁੰਦੀ ਹੈ। ਸਰੀਰਕ ਆਕਾਰ ਤੇ ਮੁਖੜੇੇ ਦੇ ਚਿਹਨ ਚਕ੍ਰ ਭਾਵੇਂ ਅਤਿ ਸਧਾਰਨ ਹੀ ਕਿਉਂ ਨਾ ਹੋਣ ਪਰ ਆਤਮਾ ਦੀ ਸੁੰਦਰਤਾ ਚਿਹਰੇ ਉਤੇ ਜਲਾਲ ਲਿਆ ਕੇ ਸਧਾਰਨ ਸਰੀਰ ਨੂੰ ਵੀ ਖਿੱਚ ਭਰਪੂਰ ਬਣਾ ਦੇਂਦੀ ਹੈ।

ਅੱਜ ਇਕ ਗੱਲ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਹਰ ਮਨੁਖ – ਔਰਤ ਹੋਵੇ ਜਾਂ ਮਰਦ- ਆਪਣੀ ਉਮਰ ਨਾਲੋਂ ਘੱਟ ਲੱਗਣ ਲਈ ਕਈ ਢੰਗ ਅਪਨਾਉਂਦਾ ਹੈ। ਪਰ ਏਥੇ ਮੈਂ ਤੁਹਾਡਾ ਧਿਆਨ ਇਸ ਗੱਲ ਵਲ ਦਿਵਾਉਣਾ ਚਾਹੁੰਦੀ ਹਾਂ ਕਿ ਬਿਊਟੀ ਸ਼ਬਦ ਯੂਨਾਨੀ ਭਾਸ਼ਾ ਦਾ ਹੈ ਅਤੇ ਉਸ ਭਾਸ਼ਾ ਵਿਚ ਇਸ ਦਾ ਸਬੰਧ ‘being of one’s hour’ ਨਾਲ ਹੈ। ‘being of one’s hour’ ਤੋਂ ਭਾਵ ਹੈ ਕਿ ਜਿਸ ਉਮਰ ਵਿਚ ਤੁਸੀਂ ਹੋ ਉਸੇ ਉਮਰ ਦੇੇ ਲੱਗੋ ਤਾਂ ਹੀ ਤੁਸੀਂ ਸੁੰਦਰ ਹੋ। ਕੇਵਲ ਵਰ੍ਹਿਆਂ ਦੀ ਝਲਕ ਹੀ ਚਿਹਰੇ ਤੋਂ ਨਾ ਝਲਕੇ ਸਗੋਂ ਮਾਨਸਿਕ ਅਤੇ ਆਤਮਿਕ ਗੰਭੀਰਤਾ ਜੋ ਵਰ੍ਹਿਆਂ ਦੇ ਬੀਤਣ ਨਾਲ ਆਉਣੀ ਚਾਹੀਦੀ ਹੈ ਉਸ ਦਾ ਝਲਕਾਰਾ ਵੀ ਚਿਹਰੇ ਤੇ ਡਲ੍ਹਕਾਂ ਮਾਰੇ। ਯੂਨਾਨੀ ਲੋਕਾਂ ਵਿਚ ਜਿਹੜਾ ਮਰਦ ਜਾਂ ਔਰਤ ਆਪਣੀ ਉਮਰ ਤੋਂ ਛੋਟੀ ਜਾਂ ਵੱਡੀ ਲੱਗੇ ਉਸ ਨੂੰ ਸੁੰਦਰ ਨਹੀਂ ਗਿਣਿਆ ਜਾਂਦਾ। ਸੋ ਇਕ ਗੱਲ ਤਾਂ ਸਪਸ਼ਟ ਹੈ ਕਿ ਯੂਨਾਨ, ਜਿਥੋਂ ਬਿਊਟੀ ਦੀ ਗੱਲ ਸ਼ੁਰੂ ਹੋਈ ਉਥੇ ਸੁੰਦਰਤਾ ਦਾ ਸਬੰਧ ਨਾ ਤਾਂ ਉਮਰ ਨਾਲ ਹੈ ਤੇ ਨਾ ਹੀ ਸਰੀਰ ਨਾਲ। ਇਸ ਦਾ ਸਬੰਧ ਅੰਦਰਲੀ ਗੰਭੀਰਤਾ ਨਾਲ ਹੈ। ਇਹ ਤਾਂ ਸਨ ਪ੍ਰਸਿੱਧ ਯੂਨਾਨੀ ਫਿਲਾਸਫਰ ਪਲੈਟੋ ਦੇ ਵਿਚਾਰ। ਤੇ ਆਉ ਹੁਣ ਦੇਖੀਏ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ? ਗੁਰ-ਫੁਰਮਾਨ ਹੈ:

ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥ (ਪੰਨਾ 722)

ਅਰਥਾਤ ਆਪਣੇ ਪ੍ਰੀਤਮ ਦੇ ਰੰਗ ਵਿਚ ਦਿਨ ਰਾਤ ਰੰਗੀ ਰਹਿਣ ਵਾਲੀ ਜੀਵ ਇਸਤਰੀ ਹੀ ਸੁੰਦਰ, ਸੁਨੱਖੀ ਤੇ ਬਿਚਖਣਿ ਯਨੀ ਕਿ ਸਮਝਦਾਰ ਗਿਣੀ ਜਾਵੇਗੀ। ਇਸ ਲਈ ਜੇ ਸਾਡਾ ਆਦਰਸ਼ ਸੁੰਦਰ ਲੱਗਣਾ ਹੈ ਤਾਂ ਸਾਨੂੰ ਉਸ ਪ੍ਰਭੂ, ਜਿਸ ਨੂੰ ਗੁਰਬਾਣੀ ਵਿਚ ਸੁੰਦਰ ਸਰੂਪ ਕਿਹਾ ਗਿਆ ਹੈ, ਨਾਲ ਪ੍ਰੀਤੀ ਪਾਉਣੀ ਪਵੇਗੀ।

ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ॥ (ਪੰਨਾ 784)

—————————

ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ (ਪੰਨਾ 561)

ਅਕਾਲ ਉਸਤਤਿ ਵਿਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ:

ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ
ਕਿ ਰੂਪ ਹੂੰ ਕੋ ਰੂਪ ਹੈ ਕੁਮਤਿ ਕੋ ਪ੍ਰਹਾਰੁ ਹੈ॥

ਇਹ ਤੇ ਇਹੋ ਜਿਹੇ ਹੋਰ ਕਈ ਪ੍ਰਮਾਣ ਇਹ ਸਿੱਧ ਕਰਦੇ ਹਨ ਕਿ ਪ੍ਰਮਾਤਮਾ ਸੁੰਦਰ ਸਰੂਪ ਹੈ। ਉਹ ਸਹੁਣੇ ਨੱਕ ਤੇ ਲੰਮੇ ਵਾਲਾਂ ਵਾਲਾ ਹੈ। ਉਸ ਦੀ ਕਾਇਆਂ ਕੰਚਨ ਵੰਨੀ ਹੈ। ਉਸ ਦੇ ਨੈਣ ਸੁੰਦਰ ਤੇ ਦੰਦ ਰਸਦਾਇਕ ਹਨ:

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
ਬੰਕੇ ਲੋਇਣ ਦੰਤ ਰੀਸਾਲਾ ॥
ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥
ਕੁਹਕਨਿ ਕੋਕਿਲਾ ਤਰਲ ਜੁਆਣੀ ॥
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥
ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥
ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ (ਪੰਨਾ 567)

ਇਸ ਤੋਂ ਵੱਧ ਸੁੰਦਰਤਾ ਭਲਾ ਹੋਰ ਕੀ ਹੋ ਸਕਦੀ ਹੈ? ਸੁੰਦਰਤਾ ਈਸ਼ਵਰੀ ਗੁਣ ਹੈ, ਬਿਊਟੀ ਪਾਰਲਰਾਂ ਦਾ ਨਹੀਂ। ਭਾਈ ਨੰਦ ਲਾਲ ਜੀ ਤਾਂ ਆਪਣੀਆਂ ਗਜ਼ਲਾਂ ਵਿਚ ਪ੍ਰਮਾਤਮਾ ਨੂੰ ਸੁੰਦਰਤਾ ਦਾ ਸੋਮਾ ਦਸਦੇ ਹਨ:

ਸਤਯ ਸਰੂਪ ਪ੍ਰਮਾਤਮਾ ਹੁਸਨਲ ਚਰਾਗ ਤੇ ਹੁਸਨੁਲ ਜਮਾਲ ਵੀ ਹੈ।ਰੱਬ ਸੌਂਦਰਯ ਦਾ ਸੋਮਾ ਹੈ। ਉਹ ਹਰ ਗੱਲੋਂ ਪੂਰਨ ਸੁੰਦਰ ਹੈ।ਉਸ ਦੀ ਸੁੰਦਰਤਾ ਆਦਰਸ਼ਕ ਹੈ। ਮਨੁਖ ਦਾ ਸਰੀਰ ਪ੍ਰਮਾਤਮਾ ਨੇ ਆਪਣੇ ਰਹਿਣ ਦੀ ਜਗ੍ਹਾਂ ਬਣਾਈ ਹੈ। ਗੁਰਬਾਣੀ ਦਾ ਕਥਨ ਹੈ:

ਚਉਦਸਿ ਚਉਦਹ ਲੋਕ ਮਝਾਰਿ ॥
ਰੋਮ ਰੋਮ ਮਹਿ ਬਸਹਿ ਮੁਰਾਰਿ ॥ (ਪੰਨਾ 344)

ਸਾਡੇ ਇਕ ਇਕ ਰੋਮ ਵਿਚ ਉਸ ਸੁੰਦਰ ਪ੍ਰਭੂ ਦਾ ਵਾਸਾ ਹੈ। ਪ੍ਰਭੂ ਨੇ ਮਨੁਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ ਹੈ।

ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥
ਅਵਰ ਜੋਨਿ ਤੇਰੀ ਪਨਿਹਾਰੀ ॥ (ਪੰਨਾ 374)

ਪਰੰਤੂ ਸਰਦਾਰ ਹੁੰਦਿਆਂ ਹੋਇਆਂ ਵੀ ਮਨੁਖ ਨੇ ਆਪਣੇ ਆਪ ਨੂੰ ਪਸ਼ੂ ਤੋਂ ਨੀਵਾਂ ਕਰ ਲਿਆ ਹੈ। ਭਾਈ ਵੀਰ ਸਿੰਘ ਜੀ ਬਾਬਾ ਨੌਧ ਸਿੰਘ ਵਿਚ ਲਿਖਦੇ ਹਨ:

ਪਸ਼ੂ ਨੂੰ ਭੁਖ ਲੱਗੇ ਤੇ ਆਪੂੰ ਨਾ ਲੱਭੇ ਤਾਂ ਦੂਜੇ ਦੇ ਪੱਠੇ ਨੂੰ ਮੂੰਹ
ਮਾਰਦਾ ਹੈ ਤੇ ਆਦਮੀ ਰੱਜਿਆ ਵੀ ਬਸ ਨਹੀਂ ਕਰਦਾ। ਅਸੀਂ ਤਾਂ ਪਸ਼ੂ ਤੋਂ ਵੀ ਨੀਵੇਂ ਹਾਂ।

ਵਿਚਾਰਨ ਵਾਲੀ ਗੱਲ ਹੈ ਕਿ ਪ੍ਰਭੂ ਦੀ ਜੋਤ ਨਾਲ ਪ੍ਰਕਾਸ਼ਵਾਨ ਮਨੁਖ ਦੀ ਇਸ ਗਿਰਾਵਟ ਦਾ ਕੀ ਕਾਰਨ ਹੈ? ਆਉ! ਗੁਰਬਾਣੀ ਦੀ ਰੌਸ਼ਨੀ ਵਿਚ ਦੇਖੀਏ। ਗੁਰਬਾਣੀ ਕਹਿੰਦੀ ਹੈ ਕਿ ਮਨੁਖ ਦਾ ਵਿਸ਼ੇ ਵਿਕਾਰਾਂ ਵਿਚ ਗਲਤਾਨ ਹੋਣ ਦਾ ਮੁਖ ਕਾਰਨ ਆਪਣੇ ਪ੍ਰਕਾਸ਼ ਸਰੂਪ ਨੂੰ ਵੇਖਣ ਤੇ ਸਮਝਣ ਦਾ ਯਤਨ ਨਾ ਕਰਨਾ ਹੈ।

ਇਸ ਦੇਹੀ ਮਹਿ ਪੰਚ ਚੋਰ ਵਸਹਿ ਕਾਮੁ ਕ੍ਰੋਧ ਲੋਭ ਮੋਹ ਅਹੰਕਾਰਾ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੁਕਾਰਾ॥ (ਪੰਨਾ 600)

ਮਨੁਖ ਦ੍ਰਿਸ਼ਟਮਾਨ, ਜੋ ਨਾਸ਼ਵੰਤ ਹੈ, ਵਿਚੋਂ ਸੁਖਾਂ ਦੀ ਭਾਲ ਕਰਦਾ ਅਤੇ ਪ੍ਰਾਪਤੀ ਨਾ ਹੋਣ ਕਰਕੇ ਦੁਖੀ ਹੁੰਦਾ ਹੈ।

ਰਾਜੁ ਮਾਲੁ ਰੂਪੁ ਜਾਤਿ ਜੋਬਨ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥ (ਪੰਨਾ 1288)

ਸਾਡਾ ਅੱਜ ਦਾ ਵਿਸ਼ਾ ਸੁੰਦਰਤਾ ਨਾਲ ਸਬੰਧਤ ਹੈ ਇਸ ਲਈ ਅਸੀਂ ਇਥੇ ਇਨ੍ਹਾਂ ਪੰਜਾਂ ਵਿਚੋਂ ਕੇਵਲ ਰੂਪ ਦੀ ਗੱਲ ਕਰਾਂਗੇ। ਸਰੀਰਕ ਸੁੰਦਰਤਾ ਸਾਨੂੰ ਇਨ੍ਹਾਂ ਅੱਖਾਂ ਨਾਲ ਨਜ਼ਰ ਆ ਜਾਂਦੀ ਹੈ ਇਸੇ ਲਈ ਅਸੀਂ ਇਸ ਦੇ ਵਾਧੇ ਲਈ ਯਤਨਸ਼ੀਲ ਰਹਿੰਦੇ ਹਾਂ। ਆਤਮਿਕ ਸੁੰਦਰਤਾ ਦੇਖਣ ਲਈ ਕੋਈ ਹੋਰ ਅੱਖਾਂ ਹਨ ਜਿਨ੍ਹਾਂ ਦਾ ਸਾਨੂੰ ਗਿਆਨ ਨਹੀਂ। ਇਸੇ ਲਈ ਅੰਦਰੂਨੀ ਗੁਣ ਛੁਪੇ ਰਹਿ ਜਾਂਦੇ ਹਨ ਤੇ ਸਰੀਰ ਦੀ ਸੁੰਦਰਤਾ ਸਾਹਮਣੇ ਆ ਜਾਂਦੀ ਹੈ। ਇਥੇ ਮੈਂ ਇਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਕੋਈ ਮਨੁਖ ਸਰੀਰਕ ਤੌਰ ਤੇ ਬਹੁਤ ਸੁੰਦਰ ਹੋਵੇ ਤੇ ਅਸੀਂ ਉਸ ਦੀ ਖੁਬਸੂਰਤੀ ਦੇ ਕਾਇਲ ਵੀ ਹੋਈਏ ਪਰ ਜਦੋਂ ਉਸ ਖੂਬਸੂਰਤ ਚਿਹਰੇ ਪਿਛੇ ਛੁਪੇ ਉਸ ਦੀ ਕਰੂਪਤਾ ਸਾਹਮਣੇ ਆਉਂਦੀ ਹੈ ਤਾਂ ਉਹ ਖੂਬਸੂਰਤੀ ਸਾਨੂੰ ਆਪਣੇ ਵਲ ਖਿੱਚਦੀ ਨਹੀਂ ਤੇ ਸੁਤੇ ਸਿਧ ਹੀ ਸਾਡੀ ਪ੍ਰਤਿਕ੍ਰਿਆ ਇਹ ਹੁੰਦੀ ਹੈ ਕਿ ਅਜਿਹੀ ਬਿਊਟੀ ਦਾ ਕੀ ਕਰਨਾ ਜੇ ਅੰਦਰ ਕੂੜ ਹੀ ਭਰਿਆ ਹੈ? ਸੋ ਜਦੋਂ ਅਸੀਂ ਦੂਸਰੇ ਨੂੰ ਦੇਖਦੇ ਹਾਂ ਤਾਂ ਮਹੱਤਵ ਉਸ ਦੀ ਅੰਦਰਲੀ ਸੁੰਦਰਤਾ ਨੂੰ ਦੇਂਦੇ ਹਾਂ ਤੇ ਜਦੋਂ ਗੱਲ ਆਪਣੇ ਤੇ ਆਉਂਦੀ ਹੈ ਤਾਂ ਜ਼ੋਰ ਲਾ ਦਿੰਦੇ ਹਾਂ ਸਰੀਰ ਨੂੰ ਸੁੰਦਰ ਬਣਾਉਣ ਤੇ। ਇਹ ਵਿਰੋਧਾਭਾਸ ਕਿਉਂ? ਇਸ ਸਾਰੀ ਵਿਚਾਰ ਤੋਂ ਇਹ ਗੱਲ ਸਪਸ਼ਟ ਹੈ ਕਿ ਸਾਡੀ ਰੋਜ਼ ਮਰਾ ਦੀ ਜ਼ਿੰਦਗੀ ਵਿਚ ਵੀ ਅੰਦਰੂਨੀ ਸੁੰਦਰਤਾ ਹੀ ਮਹੱਤਵ ਰੱਖਦੀ ਹੈ ਬਾਹਰੀ ਨਹੀਂ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਇਹ ਆਂਤਰਿਕ ਸੁੰਦਰਤਾ ਪ੍ਰਾਪਤ ਕਿਥੋਂ ਹੋਵੇ? ਜੁਆਬ ਬੜਾ ਸਪਸ਼ਟ ਹੈ-ਪਰਮ ਪਿਤਾ ਪ੍ਰਮਾਤਮਾ ਕੋਲੋਂ। ਅਸੀਂ ਪਹਿਲਾਂ ਵੇਖ ਚੁਕੇ ਹਾਂ ਕਿ ਪ੍ਰਮਾਤਮਾ ਸੁੰਦਰਤਾ ਦਾ ਸਾਗਰ ਹੈ। ਇਸ ਸਾਗਰ ਦੀ ਬੂੰਦ ਆਤਮਾ ਵੀ ਸੁੰਦਰ ਹੈ ਪਰ ਇਸ ਨੂੰ ਵਿਕਾਰਾਂ ਦੀ ਕੋਝ ਪਟਾਰੀ ਨੇ ਆਪਣੇ ਵਿਚ ਬੰਦ ਕਰਕੇ ਰੱਖਿਆ ਹੈ। ਜਦੋਂ ਮਾਨਸਿਕ ਵਿਕਾਰਾਂ ਦੀ ਕੋਝ ਪਟਾਰੀ ਦਾ ਕੱਜਣ ਲੱਥ ਜਾਏ ਤਾਂ ਪ੍ਰਮਾਤਮਾ ਦੀ ਸੁੰਦਰਤਾ ਮਾਨਵ ਆਤਮਾ ਵਿਚ ਪ੍ਰਗਟ ਹੁੰਦੀ ਹੈ ਅਤੇ ਮਨੁਖ ਨੂਰ ਦਾ ਟੁਕੜਾ ਬਣ ਜਾਂਦਾ ਹੈ। ਹਰ ਮਨੁਖ ਨੂਰ ਦਾ ਟੁਕੜਾ ਬਣਨ ਦਾ ਚਾਹਵਾਨ ਹੁੰਦਾ ਹੈ। ਇਸ ਚਾਹਤ ਦੀ ਪੂਰਤੀ ਦੀ ਥਾਂ ਸਾਧ ਸੰਗਤ ਹੈ ਕਿਉਂ ਕਿ:

ਸਤਿਗੁਰ ਸਚਾ ਪਾਤਸਾਹ ਪਾਤਿਸਾਹ ਪਾਤਸਾਹੁ ਸਿਰੰਦਾ॥
ਸਚੈ ਤਖਤਿ ਨਿਵਾਸ ਹੈ ਸਾਧ ਸੰਗਤ ਸਚ ਖੰਡਿ ਵਸੰਦਾ॥ (ਭਾਈ ਗੁਰਦਾਸ, ਵਾਰ 26, ਪਉੜੀ 1)

‘ਵਿਚ ਸੰਗਤ ਹਰਿ ਪ੍ਰਭੁ ਵਸੈ ਜੀਉ’ ਅਨੁਸਾਰ ਸੰਗਤ ਵਿਚ ਪ੍ਰਭੂ ਦਾ ਵਾਸਾ ਹੈ ਅਤੇ ਪ੍ਰਭੂ ਦੀ ਛਹੁ ਲੋਹੇ ਨੂੰ ਕੰਚਨ ਹੀ ਨਹੀਂ ਬਣਾਉਂਦੀ ਸਗੋਂ ‘ਪਾਰਸ ਪਰਸਿਐ ਪਾਰਸ ਹੋਏ’ ਵਾਲੀ ਕਰਾਮਾਤ ਕਰ ਵਿਖਾਉਂਦੀ ਹੈ। ਇਸੇ ਲਈ ਸੁਹਣੇ ਪ੍ਰਭੂ ਦਾ ਸੰਗ ਮਨੁਖ ਨੁੰ ਸੁੰਦਰ ਬਣਾਉਂਦਾ ਹੈ:

ਸੇਈ ਸੁੰਦਰ ਸੋਹਣੇ ਸਾਧਸੰਗਿ ਜਿਨ ਬੈਹਣੇ

ਕੇਵਲ ਸਾਧਾਂ ਦਾ ਸੰਗ ਕਰਨ ਵਾਲੇ ਹੀ ਸੁੰਦਰ ਨਹੀਂ ਹੁੰਦੇ ਸਗੋਂ ਉਹ ਸਥਾਨ ਵੀ ਸ਼ੋਭਨੀਕ ਹੋ ਜਾਂਦਾ ਹੈ ਜਿਥੇ ਸਾਧ ਜਨ ਇਕੱਤਰ ਹੁੰਦੇ ਹਨ:

ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥ (ਪੰਨਾ 319)

ਇਸ ਲਈ ਜੋ ਵਿਅਕਤੀ ਸਾਧ ਸੰਗਤ ਵਿਚ ਜਾ ਕੇ ਕੂੜ ਦੀ ਪਾਲ ਨੂੰ ਤੋੜ ਕੇ ਆਪਣੇ ਆਪ ਨੂੰ ਸਚਿਆਰਾ ਬਣਾਉਣ ਦਾ ਯਤਨ ਕਰਦਾ ਹੈ ਉਸ ਨੂੰ ਸੱਚ ਸੰਯੋਗ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਹ ਵੀ ਨੂਰ ਰੂਪ ਹੋ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਿਜਲੀ ਦਾ ਬਲਬ ਜਦੋਂ ਆਪਣੇ ਕੇਂਦਰ, ਪਾਵਰ ਹਾਊਸ, ਨਾਲ ਜੁੜ ਜਾਏ ਤਾਂ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ ਤੇ ਜੇ ਨਾਤਾ ਟੁਟ ਜਾਏ ਤਾਂ ਅੰਧਿਆਰਾ। ਸੋ ਸਾਧ ਸੰਗਤ ਇਕ ਅਜਿਹਾ ਸਥਾਨ ਹੈ ਜਿਥੇ ਖੂਬਸੂਰਤੀ ਦਾ ਲੰਗਰ ਲੱਗਿਆ ਹੈ। ਇਸ ਲੰਗਰ ਦਾ ਵਰਤਾਰਾ ਬਿਨਾਂ ਭੇਦ ਭਾਵ ਦੇ ਹੈ। ਕੋਈ ਵੀ ਕਿਸੇ ਵੀ ਜਾਤ ਦਾ, ਧਰਮ ਦਾ, ਦੇਸ਼ ਦਾ ਮਨੁਖ ਇਸ ਲੰਗਰ ਨੂੰ ਪ੍ਰਾਪਤ ਕਰ ਸਕਦਾ ਹੈ।

ਸਾਧ ਸੰਗਤਿ ਅਸਥਾਨ ਜਗਮਗ ਨੂਰ ਹੈ। (ਭਾਈ ਗੁਰਦਾਸ ਜੀ, ਵਾਰ 3, ਪਉੜੀ 10)

ਜੋ ਮਨੁਖ ਸਾਧ ਸੰਗਤ ਵਿਚ ਜਾ ਕੇ ਮਾਇਆ ਤੋਂ ਨਿਰਲੇਪਤਾ ਹਾਸਲ ਕਰਦਾ ਤੇ ਆਪਣੇ ਆਤਮ ਗਿਆਨ ਦੇ ਆਸਰੇ ਦੂਜਿਆਂ ਨੂੰ ਗਿਆਨ ਅੰਜਨ ਪ੍ਰਦਾਨ ਕਰਕੇ ਦਿੱਬ ਦ੍ਰਿਸ਼ਟੀ ਬਖਸ਼ਦਾ ਹੈ, ਉਹ ਅਸਲ ਵਿਚ ਸੁੰਦਰ ਹੈ। ਉਸ ਅੰਦਰ ਇਕ ਚੰਗਿਆੜੀ ਮਘਦੀ ਹੋਣ ਕਰਕੇ ਉਹ ਸੱਚ ਸੁੰਦਰਤਾ ਨੂੰ ਆਪਣੇ ਅੰਦਰ ਵਸਾਉਂਦਾ ਅਤੇ ਇਸ ਸੁੰਦਰਤਾ ਦੀ ਛਹੁ ਨਾਲ ਦੂਜਿਆਂ ਨੂੰ ਸੁੰਦਰ ਰੂਪ ਦਿੰਦਾ ਹੈ। ਇਸ ਸੁੰਦਰਤਾ ਵਿਚ ਆਤਮਕ ਸੁੰਦਰਤਾ ਵੀ ਹੈ, ਵਿਵਹਾਰਕ ਸੁੰਦਰਤਾ ਵੀ ਤੇ ਸਰੀਰਕ ਸੁੰਦਰਤਾ ਵੀ। ਅਜਿਹੇ ਮਨੁਖ ਦਾ ਸਰੀਰਕ ਆਕਾਰ ਤੇ ਮੁਖੜੇੇ ਦੇ ਚਿਹਨ ਚਕ੍ਰ ਭਾਵੇਂ ਅਤਿ ਸਧਾਰਨ ਹੋਣ ਪਰ ਆਤਮਾ ਦੀ ਸੁੰਦਰਤਾ ਉਸ ਦੇ ਚਿਹਰੇ ਉਤੇ ਜਲਾਲ ਲੈ ਆਉਂਦੀ ਹੈ ਤੇ ਉਸ ਦਾ ਸਧਾਰਨ ਸਰੀਰ ਵੀ ਖਿੱਚ ਭਰਪੂਰ ਬਣ ਜਾਂਦਾ ਹੈ।

ਡਾ. ਸੁਰਿੰਦਰ ਸਿੰਘ ਕੋਹਲੀ ਨੇ ਗੁਰੂ ਹਰਿ ਰਾਇ ਸਾਹਿਬ ਦੀ ਸਪੁਤਰੀ ਬੀਬੀ ਰੂਪ ਕੌਰ ਦੀ ਇਕ ਪੋਥੀ ਵਿਚ ਕਿਸੇ ਨੁਸਖੇ ਤੋਂ ਉਤਾਰੀ ਹੋਈ ਲਿਖਤ ਦਾ ਹਵਾਲਾ ਦਿੱਤਾ ਹੈ ਜਿਸ ਵਿਚ ਸੁੰਦਰ ਵਿਅਕਤੀ ਦੇ ਸਰੂਪ ਨੂੰ ਚਿਤਰਿਆ ਗਿਆ ਹੈ:

ਇਕਨਿ ਸਿਖਿ ਗੁਰੂ ਪਾਸ ਅਰਦਾਸਿ ਕੀਤੀ, ਜੀਉ ਪਾਤਸ਼ਾਹ ਸੋਹਣਾ ਕਉਣ ਹੈ।
ਗੁਰੂ ਬੋਲਿਆ ਬੱਚਾ ਸ਼ਿਵ ਰੂਪ ਸੋਹਣਾ ਹੈ ਤੇ ਸ਼ਕਤਿ ਰੂਪ ਕੁਸੋਹਣਾ ਹੈ। ਸੋਹਣੇ
ਕੁਸੋਹਣੇ ਦਾ ਇਹ ਬਿਬੇਕ ਹੈ। ਸੋਹਣੇ ਨੋ ਸਭ ਕੋਈ ਵੇਖਣ ਆਉਂਦਾ ਹੈ ਕੁਸੋਹਣੇ
ਪਾਸ ਕੋਈ ਨਹੀਂ ਜਾਂਦਾ। ਮਹਾਂਪੁਰਖਾਂ ਦਾ ਅੰਦਰ ਸਬੁਧਿ ਹੈ ਤਿਸ ਦਾ ਦਰਸ਼ਨ
ਦੇਖਣ ਸੰਸਾਰ ਆਉਂਦਾ ਹੈ ਅਤੇ ਜਿਨ੍ਹਾਂ ਦੇ ਅੰਦਰ ਹਉਮੈ ਸ਼ਕਤਿ ਹੈ ਤਿਨ੍ਹਾਂ ਪਾਸ
ਕੋਈ ਨਹੀਂ ਜਾਂਦਾ। ਜਿਉਂ ਚੰਦ ਡਿੱਠਿਆਂ ਪਰਮ ਸ਼ਾਂਤ ਉਪਜਦੀ ਹੈ ਤੇ ਸੂਰਜ ਵਲ
ਕੋਈ ਝਾਕ ਵੀ ਨਹੀਂ ਸਕਦਾ। ਤਿਵੇਂ ਮਹਾਂਪੁਰਖਾਂ ਦਾ ਸੰਗ ਸੋਹਣਾ ਲਗਦਾ ਹੈ ਤੇ
ਸਾਕਤ ਕਾ ਸੰਗ ਕੁਸੋਹਣਾ।