ਸਮੇਂ ਦੀ ਲੋੜ

ਕਿਹਾ ਜਾਂਦਾ ਹੈ ਕਿ ਜਦੋਂ ਪਿਤਾ ਪ੍ਰਮਾਤਮਾ ਦੇ ਪੈਦਾ ਕੀਤੇ ਬੰਦੇ ਕੁਬੁਧ ਧਾਰਨ ਕਰ ਅਧਰਮ ਦਾ ਪੱਲਾ ਪਕੜ ਲੈਂਦੇ ਹਨ ਤਾਂ ਉਸ ਨੂੰ ਆਪਣੇ ਬੱਚਿਆਂ ਦੀ ਖਾਤਰ ਕਿਸੇ ਨਾ ਕਿਸੇ ਰੂਪ ਵਿਚ ਦੁਨੀਆਂ ਵਿਚ ਆਉਣਾ ਪੈਂਦਾ ਹੈ। ਗੁਰਮਤਿ ਦੀ ਕਸੌਟੀ ਤੇ ਅਵਤਾਰਵਾਦ ਦੇ ਅਜਿਹੇ ਸਿਧਾਂਤ ਨੂੰ ਭਾਵੇਂ ਪੂਰਨ ਰੂਪ ਵਿਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਪਰ ਇਸ ਵਿਚ ਕੋਈ ਸੰਦੇਹ ਨਹੀਂ ਕਿ ਜਦੋਂ ਜਦੋਂ ਵੀ ਅਧਰਮ ਦਾ ਬੋਲਬਾਲਾ ਹੋਇਆ, ਸਿਰਜਨਹਾਰ ਪ੍ਰਭੂ ਦੀ ਨਿੱਜ ਜੋਤ ਸੰਪੰਨ ਮਹਾਨ ਵਿਅਕਤੀਆਂ ਦਾ ਸੰਸਾਰ ਵਿਚ ਪ੍ਰਵੇਸ਼ ਹੁੰਦਾ ਰਿਹਾ ਅਤੇ ਧਰਮ ਚਲਾਵਨ ਤੇ ਸੱਚ ਦਾ ਪ੍ਰਕਾਸ਼ ਕਰਨ ਲਈ ਉਨ੍ਹਾਂ ਨੇ ਅਦੁਤੀ ਕਾਰਨਾਮੇ ਕਰ ਵਿਖਾਏ। ਜੋਤ ਸਰੂਪ ਗੁਰੂ ਨਾਨਕ ਦੇ ਕੌਤਕਾਂ ਦੀ ਅਦੁਤੀ ਮਹਾਨਤਾ ਨੂੰ ਵੇਖ ਕੇ ਹੀ ਤਾਂ ਕਿਹਾ ਗਿਆ ਸੀ –

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥    (ਪੰਨਾ ੧੩੯੫)

ਗੁਰੂ ਨਾਨਕ ਆਗਮਨ ਸਮੇਂ ਹਰ ਪਾਸੇ ਕੂੜ ਦਾ ਪਸਾਰਾ ਸੀ। ਸੱਚ ਰੂਪੀ ਚੰਦਰਮਾ ਕੂੜ ਰੂਪੀ ਮੱਸਿਆ ਦੀ ਰਾਤ ਵਿਚ ਅਲੋਪ ਹੋਇਆ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ। ਰਾਜੇ ਸ਼ੀਂਹ ਅਤੇ ਮੁਕੱਦਮ ਕੁਤੇ ਬਣ ਕੇ ਭੋਲੀ ਭਾਲੀ ਮਾਨਵਤਾ ਨੂੰ ਲੁਟ ਰਹੇ ਸਨ ਅਤੇ ‘ਪਾਪੇ ਦਾ ਵਰਤਿਆ ਵਰਤਾਰਾ’ ਅਨੁਸਾਰ ਦੇਸ਼ ਸਮਾਜਿਕ, ਧਾਰਮਿਕ, ਰਾਜਨੀਤਿਕ, ਸਦਾਚਾਰਿਕ ਆਦਿ ਹਰ ਪਹਿਲੂ ਤੋਂ ਗਿਰਾਵਟ ਦੀ ਖੱਡ ਵਿਚ ਡਿੱਗ ਚੁਕਾ ਸੀ। ਜਗਤ ਗੁਰੂ ਬਾਬੇ ਨਾਨਕ ਨੇ ਰਾਜਿਆਂ, ਪਰਜਾ, ਪਰਜਾ ਦੇ ਹਰ ਅੰਗ – ਬਾਹਮਣਾਂ, ਖੱਤਰੀਆਂ, ਜੋਗੀਆਂ, ਜੈਨੀਆਂ, ਮੁਸਲਮਾਨਾਂ ਦੀ ਦਸ਼ਾ ਵੇਖੀ। ਹਾਕਮ ਜਾਤੀ ਦੀ ਦਸ਼ਾ ਵੇਖੀ ਅਤੇ ਪਰਾਧੀਨ ਕੌਮ ਦੀ ਦਸ਼ਾ ਵੀ ਵੇਖੀ। ਕੌਮੀ ਜ਼ਮੀਰ ਵੇਖੀ, ਕੌਮੀ ਗੈਰਤ ਅਤੇ ਸਵੈ ਮਾਣ ਦੀ ਦਸ਼ਾ ਵੇਖੀ। ਸਰਮ ਧਰਮ ਦੋਹਾਂ ਦਾ ਲੋਪ ਹੋਣਾ ਵੇਖਿਆ। ਦੇਸ਼ ਵਿਚ ਪਸਰਿਆ ਪਾਖੰਡ ਅਤੇ ਦੇਸ਼ ਦੇ ਧਰਮ ਅਸਥਾਨਾਂ ਦੀ ਦੁਰਦਸ਼ਾ ਵੇਖੀ। ਇਸ ਸਾਰੀ ਦਸ਼ਾ ਨੂੰ ਵੇਖ ਕੇ ਦੇਸ਼ ਅਤੇ ਜਾਤੀ ਦੇ ਪਤਨ ਦੇ ਕਾਰਨਾਂ ਦਾ ਅੰਦਾਜ਼ਾ ਲਾਉਂਦਿਆਂ ਮਹਿਸੂਸ ਕੀਤਾ ਕਿ ਇਸ ਸਾਰੀ ਬੀਮਾਰੀ ਦੀ ਜੜ੍ਹ ਮਾਨਸਿਕ ਗੁਲਾਮੀ ਹੈ। ਜੇ ਇਸ ਦੀਆਂ ਜੜ੍ਹਾਂ ਕੱਟ ਦਿੱਤੀਆਂ ਜਾਣ ਤਾਂ ਮਨੁਖ ਹਰ ਗੁਲਾਮੀ ਨੂੰ ਕੱਟਣ ਦੇ ਯੋਗ ਹੋ ਜਾਏਗਾ। ਇਸੇ ਵਿਚਾਰ ਨੂੰ ਮੁਖ ਰੱਖ ਕੇ ਆਪ ਨੇ ਲੰਮੀਆਂ ਲੰਮੀਆਂ ਯਾਤਰਾਵਾਂ ਕੀਤੀਆਂ। ਘਰ ਘਰ ਸੱਚ ਦਾ ਸੰਦੇਸ਼ ਪਹੁੰਚਾਇਆ। ਸਮੇਂ ਦੀ ਮੰਗ ਅਨੁਸਾਰ ਆਚਰਣਿਕ ਉੱਚਤਾ ਤੇ ਜ਼ੋਰ ਦੇ ਕੇ ਧਰਮ ਦੇ ਅਸਲ ਸਰੂਪ ਨੂੰ ਉਘਾੜਿਆ। ਲੋਕਾਂ ਨੂੰ ਮਾਨਸਿਕ ਤੌਰ ਤੇ ਉੱਚਾ ਉਠਾ ਕੇ ਹਰ ਬਾਬਰ, ਹਰ ਭਾਗੋ ਅਤੇ ਹਰ ਕੌਡੇ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ। ਗਿਰਾਵਟ ਦੀ ਅਤਿ ਡੂੰਘੀ ਖੱਡ ਵਿਚ ਡਿੱਗੀ ਜਨਤਾ ਨੂੰ ਉਸ ਵਿਚੋਂ ਕੱਢਣ ਲਈ ਸਮੇਂ ਦੀ ਕੁਝ ਵਧੇਰੇ ਲੋੜ ਸੀ। ਸੋ ਪਹਿਲੇ ਪੰਜ ਗੁਰੂ ਸਾਹਿਬਾਨ ਨੇ ਆਪਣਾ ਸਾਰਾ ਸਮਾਂ ਇਸੇ ਕੰਮ ਨੂੰ ਅਰਪਨ ਕਰ ਦਿੱਤਾ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪਣੇ ਸਮੇਂ ਦੇ ਸ਼ਹਿਨਸ਼ਾਹਾਂ ਅੱਗੇ ਡੱਟ ਕੇ ਲੋਕਾਂ ਸਾਹਮਣੇ ਨਿਰਭੈਤਾ ਦੀ ਜੀਊਂਦੀ ਜਾਗਦੀ ਮਿਸਾਲ ਪੇਸ਼ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਦਾ ਸਮਾਂ ਅਇਆ। ਮਹਿਸੂਸ ਕੀਤਾ ਗਿਆ ਕਿ ਸਿੱਖ ਮਾਨਸਿਕ ਤੌਰ ਤੇ ਇਤਨੇ ਕੁ ਬਲਵਾਨ ਹੋ ਗਏ ਹਨ ਕਿ ਕਿਸੇ ਜ਼ੁਲਮ ਅੱਗੇ ਝੁਕਣਗੇ ਨਹੀਂ। ਪਰ ਜ਼ੁਲਮ ਦਾ ਟਾਕਰਾ ਕਰਨ ਲਈ ਆਤਮਿਕ ਤੇ ਮਾਨਸਿਕ ਬਲ ਦੇ ਨਾਲ ਨਾਲ ਸਰੀਰਕ ਬਲ ਦੀ ਵੀ ਉਤਨੀ ਹੀ ਜ਼ਰੂਰਤ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਕੰਮ ਲਈ ਵੀ ਤਿਆਰ ਕੀਤਾ। ਆਪ ਸ੍ਰੀ ਸਾਹਿਬ ਪਕੜੀ, ਸਿੱਖਾਂ ਨੂੰ ਪਕੜਾਈ ਅਤੇ ਸਿੱਖਾਂ ਦੀ ਸਰੀਰਕ ਸ਼ਕਤੀ ਦਾ ਵੀ ਸਿੱਕਾ ਬੰਨ੍ਹਿਆ। ਗੁਰੂ ਹਰਿ ਰਾਇ ਜੀ ਨੇ ਸ਼ਾਹੀ ਫੌਜ ਨੂੰ ਠਲ੍ਹ ਪਾ ਕੇ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਸ਼ਾਹੀ ਸੱਦੇ ਨੂੰ ਠੁਕਰਾ ਕੇ ਉਸ ਸਮੇਂ ਅਨੁਸਾਰ ਅਸੰਭਵ ਨੂੰ ਸੰਭਵ ਕਰ ਵਿਖਾਇਆ। ਗੁਰੂ ਤੇਗ ਬਹਾਦਰ ਜੀ ਦਾ ਦਲੀਜ ਤੇ ਠੀਕਰਾ ਭੰਨ੍ਹਣ ਦਾ ਕਾਰਜ ਇਤਨਾ ਵਿਲੱਖਣ ਤੇ ਅਦਭੁਤ ਸੀ ਕਿ ਉਸ ਨਾਲ ਸਾਰੇ ਜਗ ਵਿਚ ‘ਹੈ ਹੈ’ ਹੋਣ ਲੱਗੀ। ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ। ਜ਼ਾਲਮ ਦੇ ਜ਼ੁਲਮਾਂ ਨੇ ਇਕ ਵਾਰ ਫੇਰ ਤਲਵਾਰ ਉਠਾਉਣ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਆਪ ਤਲਵਾਰ ਉਠਾਈ, ਸਿੱਖਾਂ ਕੋਲੋਂ ਉਠਵਾਈ ਪਰ ਨਾਲ ਹੀ ਇਹ ਖਤਰਾ ਵੀ ਭਾਂਪ ਲਿਆ ਕਿਧਰੇ ਸਿੱਖ ਭਗਤੀ ਛੱਡ ਕੇ ਕੇਵਲ ਸ਼ਕਤੀ ਦੇ ਹੀ ਪੁਜਾਰੀ ਨਾ ਹੋ ਜਾਣ। ਸੋ ਖੰਡੇ ਦਾ ਬਾਟਾ ਤਿਆਰ ਹੋਇਆ। ਖੰਡੇ ਨੇ ਸ਼ਕਤੀ, ਬਾਣੀ ਨੇ ਭਗਤੀ ਤੇ ਪਤਾਸਿਆਂ ਨੇ ਸੁਭਾਅ ਵਿਚ ਮਿਠਾਸ ਭਰੀ। ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ ਨੂੰ ਇਕ ਥਾਂ ਇਕੱਠਾ ਕੀਤਾ ਗਿਆ। ਓਪਰੀ ਦ੍ਰਿਸ਼ਟੀ ਨਾਲ ਦੇਖਣ ਵਾਲਿਆਂ ਨੂੰ ਇਹ ਗੱਲ ਸਵੈ-ਵਿਰੋਧੀ ਜਾਪੀ ਅਤੇ ਇਸ ਦਾ ਵਿਰੋਧ ਵੀ ਹੋਇਆ। ਪਰ ਕੁਦਰਤ ਵਲੋਂ ਪੈਦਾ ਕੀਤੇ ਇੱਕੋ ਬੂਟੇ ਉਤੇ ਫੁਲ ਤੇ ਕੰਡੇ, ਇੱਕੋ ਬੱਦਲ ਵਿਚ ਪਾਣੀ ਤੇ ਬਿਜਲੀ ਦੀ ਹੋਂਦ ਦੀ ਅਸਚਰਜ ਖੇਡ ਵਾਂਗੂੰ ਇਹ ਵੀ ਗੁਰੂ ਸਾਹਿਬ ਦੁਆਰਾ ਖੇਡੀ ਇਕ ਅਸਚਰਜ ਖੇਡ ਹੀ ਸੀ। ਮਨੁਖ ਅੰਦਰਲੀਆਂ ਦੋ ਵਿਰੋਧੀਆਂ ਸ਼ਕਤੀਆਂ – ਸਖਤੀ ਅਤੇ ਕੋਮਲਤਾ – ਸੂਰਮਤਾਈ ਤੇ ਦਲੇਰੀ ਅਤੇ ਪਿਆਰ ਤੇ ਦਇਆ ਪੈਦਾ ਕਰਦੀਆਂ ਹਨ। ਇਹ ਦੋਵੇਂ ਤਾਕਤਾਂ ਵਿਰੋਧੀ ਜਾਪਦੀਆਂ ਹੋਈਆਂ ਵੀ ਇਕ ਦੂਜੇ ਦੀਆਂ ਪੂਰਕ ਹਨ। ਇਕ ਬਿਨਾਂ ਦੂਜੀ ਅਧੂਰੀ ਹੈ। ਇਹੀ ਕਾਰਨ ਹੈ ਕਿ ਗੁਰੁ ਸਾਹਿਬਾਂ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਭਾਵੇਂ ਨਿਰਸੰਦੇਹ ਪ੍ਰਮੁਖਤਾ ਭਗਤੀ ਨੂੰ ਹੀ ਦਿੱਤੀ। ਪਹਿਲੇ ਪੰਜ ਗੁਰੂ ਸਾਹਿਬਾਨ ਦਾ ਤਲਵਾਰ ਨਾ ਪਕੜਨਾ ਇਸੇ ਗੱਲ ਦਾ ਸੂਚਕ ਹੈ। ਸਿੱਖ ਧਰਮ ਅਨੁਸਾਰ ਸਾਰੀਆਂ ਸ਼ਕਤੀਆਂ – ਸਰੀਰਕ, ਮਾਨਸਿਕ, ਆਤਮਿਕ, ਰਾਜਸੀ – ਭਗਤੀ ਤੋਂ ਹੀ ਉਤਪੰਨ ਹੁੰਦੀਆਂ ਹਨ। ਭਗਤੀ ਹੈ ਤਾਂ ਬਾਕੀ ਸ਼ਕਤੀਆਂ ਆਪਣੇ ਆਪ ਹੀ ਆ ਜਾਂਦੀਆਂ ਹਨ। ਕੋਈ ਵਿਅਕਤੀ ਜਾਂ ਕੋਈ ਕੌਮ ਜੇ ਮਹਾਨ ਬਣਨਾ ਚਾਹੁੰਦੀ ਹੈ ਤਾਂ ਪਹਿਲਾਂ ਉਸ ਨੂੰ ਭਗਤੀ ਦਾ ਪੱਲਾ ਪਕੜਨਾ ਪਏਗਾ ਪਿਛੋਂ ਸ਼ਕਤੀ ਦਾ। ਇਕੱਲੀ ਸ਼ਕਤੀ ਨਾਲ ਜ਼ਾਲਮ ਬਣਨ ਦਾ ਡਰ ਬਣਿਆ ਰਹਿੰਦਾ ਹੈ। ਇਸੇ ਖਤਰੇ ਨੂੰ ਭਾਂਪਦੇ ਹੋਏ ਹੀ ਖੰਡੇ ਦੀ ਪਾਹੁਲ ਛਕਾ ਕੇ ਅੰਦਰਲੇ ਤੇ ਬਾਹਰਲੇ ਦੋਹਾਂ ਸਰੂਪਾਂ ਵਿਚ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ। ਗੁਰੂ ਸਾਹਿਬ ਦਾ ਚਿੱਟਾ ਘੋੜਾ, ਨੀਲਾ ਬਾਣਾ ਤੇ ਕਲ਼ਗੀ, ਚਿੱਟਾ ਬਾਜ ਸਭ ਭਗਤੀ ਤੇ ਸ਼ਕਤੀ ਨੂੰ ਇਕ ਥਾਂ ਇਕੱਠਾ ਕਰਦੇ ਪ੍ਰਤੀਤ ਹੁੰਦੇ ਹਨ। ਜੇ ਚਿੱਟਾ ਰੰਗ ਅਮਨ ਦਾ ਪ੍ਰਤੀਕ ਹੈ ਤਾਂ ਘੋੜਾ ਸ਼ਕਤੀ ਦਾ, ਨੀਲਾ ਬਾਣਾ ਸਮੁੰਦਰ ਤੇ ਅਕਾਸ਼ ਵਰਗੀ ਵਿਸ਼ਾਲਤਾ ਤੇ ਬੇਅੰਤਤਾ ਪ੍ਰਗਟਾਉਂਦਾ ਹੈ ਤਾਂ ਸਿਰ ਤੇ ਸੋਂਹਦੀ ਕਲ਼ਗੀ ਸ਼ਕਤੀ, ਚਿੱਟਾ ਸ਼ਾਂਤੀ ਦਾ ਰੰਗ ਹੈ ਤਾਂ ਬਾਜ ਸ਼ਕਤੀ ਦਾ ਪ੍ਰਤੀਕ। ਗੱਲ ਕੀ, ਗੁਰੂ ਸਾਹਿਬ ਦਾ ਹਰ ਕਰਮ ਸਾਰਥਕ ਅਤੇ ਸਮੇਂ ਅਨੁਸਾਰ ਢੁਕਵਾਂ ਸੀ। ਮੁਗਲ ਸ਼ਾਸ਼ਕਾਂ ਦੇ ਜ਼ੁਲਮਾਂ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਅਤੇ ਸਮੇਂ ਸਮੇਂ ਇਹਨਾਂ ਦੋਹਾਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਔਰੰਗਜ਼ੇਬ ਸਾਹਮਣੇ ਸੰਤ ਬਣ ਕੇ ਝੁਕੇ ਰਹਿੰਦੇ ਤਾਂ ਕਦੇ ਉਹਦੇ ਜ਼ੁਲਮਾਂ ਤੋਂ ਛੁਟਕਾਰਾ ਨਾ ਪਾ ਸਕਦੇ। ਅੰਗਰੇਜ਼ ਦਾ ਮੁਕਾਬਲਾ ਜੇ ਸਿਪਾਹੀ ਬਣ ਕੇ ਨਾ ਕਰਦੇ ਤਾਂ ਕਦੇ ਅਜ਼ਾਦੀ ਹਾਸਲ ਨਾ ਕਰ ਸਕਦੇ। ਮੌਜੂਦਾ ਇਮਤਿਹਾਨ ਦੀ ਘੜੀ ਵੇਲੇ ਫਿਰ ਲੋੜ ਹੈ ਸੰਤ ਅਤੇ ਸਿਪਾਹੀ ਦੋਵੇਂ ਬਣਨ ਦੀ। ਸੁਭਾਗੇ ਹਾਂ ਗੁਰੂ ਸਾਹਿਬ ਨੇ ਦੋਹਾਂ ਨੂੰ ਅੰਮ੍ਰਿਤ ਦੇ ਰੂਪ ਵਿਚ ਇਕ ਥਾਂ ਇਕੱਤਰ ਕਰ ਦਿੱਤਾ ਹੈ ਅਤੇ ਦੋਹਾਂ ਦੀ ਪ੍ਰਾਪਤੀ ਲਈ ਥਾਂ ਥਾਂ ਟੱਕਰਾਂ ਨਹੀਂ ਮਾਰਨੀਆਂ ਪੈਂਦੀਆਂ। ਇਸ ਅੰਮ੍ਰਿਤ ਦੀ ਸ਼ਕਤੀ ਨੇ ਨੀਵੀਂ ਤੋਂ ਨੀਵੀਂ ਸਮਝੀ ਜਾਂਦੀ ਜ਼ਾਤ ਦੇ ਲੋਕਾਂ ਨੂੰ ਅਦੱਤੀ ਸ਼ਕਤੀ ਪ੍ਰਦਾਨ ਕਰ ਯੋਧਿਆਂ ਦੀ ਪਹਿਲੀ ਕਤਾਰ ਵਿਚ ਲਿਆ ਖਲ੍ਹਾਰਿਆ। ਅੰਮ੍ਰਿਤ ਦੀ ਇਹ ਸ਼ਕਤੀ ਕਿਸੇ ਇਕ ਜਾਂ ਦੋ ਪੀੜ੍ਹੀਆਂ ਤਕ ਹੀ ਸੀਮਤ ਨਹੀਂ ਸਗੋਂ ਜਦੋਂ ਤਕ ਖੰਡਾ ਚਲਦਾ ਰਹੇਗਾ ਖ਼ਾਲਸਾ ਪ੍ਰਗਟ ਹੁੰਦਾ ਰਹੇਗਾ। ਇਕ ਪੁਰਾਤਨ ਕਥਾ ਅਨੁਸਾਰ ਰਿਸ਼ੀਆਂ ਨੇ ਰਾਖਸ਼ਾਂ ਦਾ ਨਾਸ ਕਰਨ ਲਈ ਆਬੂ ਪਹਾੜ ਉਤੇ ਇਕ ਹਵਨ ਕੀਤਾ। ਹਵਨ ਕੁੰਡ ਵਿਚੋਂ ਚਾਰ ਪ੍ਰਤਾਪੀ ਪੁਰਖ (ਪਰਮਾਰ, ਚੌਹਾਨ, ਸੋਲੰਕ ਅਤੇ ਪਰਹਾਰ) ਜਨਮੇ। ਇਨ੍ਹਾਂ ਚੋਹਾਂ ਤੋਂ ਚਾਰ ਰਾਜਪੂਤੀ ਖਾਨਦਾਨ ਬਣੇ। ਅਗਨੀ ਕੁੰਡ ਨੇ ਚਾਰ ਪ੍ਰਤਾਪੀ ਸੂਰਮੇ ਪੈਦਾ ਕੀਤੇ ਤੇ ਫਿਰ ਸੂਰਮਤਾਈ ਜਨਮ ਤੇ ਹੀ ਆ ਟਿਕੀ। ਇਨ੍ਹਾਂ ਸਾਰੇ ਸੂਰਮਿਆਂ ਦੇ ਪੁਤਰ ਅਗਨੀ ਕੁੰਡ ਛਤਰੀ ਅਖਵਾਏ। ਗੁਰੂ ਸਾਹਿਬ ਦੇ ਖੰਡੇ ਵਿਚੋਂ ਖੜ੍ਹੇ ਕੀਤੇ ਖ਼ਾਲਸਾ ਨੂੰ ਜੇ ਪੁਰਾਤਨ ਕਥਾ ਅਨੁਸਾਰ ਨਾਮ ਦੇਈਏ ਤਾਂ ਖ਼ਾਲਸਾ ਖੰਡਾ ਕੁਲ ਛਤਰੀ ਹੈ। ਹਵਨ ਕੁੰਡ ਦੀ ਅਗਨੀ ਤਾਂ ਚਾਰ ਸੂਰਮੇ ਪੈਦਾ ਕਰਕੇ ਬੁਝ ਗਈ ਪਰ ਖੰਡਾ ਜੁਗੋ ਜੁਗ ਅਟੱਲ ਹੈ। ਜਿਤਨੀ ਦੇਰ ਖੰਡਾ ਚਲਦਾ ਰਹੇਗਾ ਖ਼ਾਲਸਾ ਪੈਦਾ ਹੁੰਦਾ ਰਹੇਗਾ। ਖੰਡੇ ਦੀ ਧਾਰ ’ਚੋਂ ਉਪਜਿਆ ਖ਼ਾਲਸਾ ਜਿਥੇ ਆਤਮਿਕ ਜੀਵਨ ਵਾਲਾ ਹੁੰਦਾ ਹੈ ਉਥੇ ਪ੍ਰਭੂ ਦਰ ਤੇ ਬੁਰਾਈ ਦਾ ਖਾਤਮਾ ਕਰਨ ਲਈ ਖੜਗ ਪਕੜਨ ਦੀ ਹਿੰਮਤ ਹਾਸਲ ਕਰਨ ਲਈ ਵੀ ਅਰਜ਼ੋਈ ਕਰਦਾ ਹੈ। ਗੁਰੂ ਸਾਹਿਬ ਦੁਆਰਾ ਦਰਸਾਏ ਆਦਰਸ਼ ‘ਧੰਨਿ ਜੀਉ ਤਿਹ ਕੋ ਜਗ ਮਹਿ ਮੁਖ ਤੇ ਹਰਿ ਚਿਤ ਮਹਿ ਜੁਧ ਬੀਚਾਰੈ’ ਨੂੰ ਚੇਤੇ ਰਖਦਾ ਹੈ। ਅੱਜ ਸਮਾਂ ਸਾਡੇ ਕੋਲੋਂ ਗੁਰੂ ਸਾਹਿਬ ਦੇ ਇਸੇ ਆਦਰਸ਼ ਦੀ ਪੂਰਤੀ ਦੀ ਮੰਗ ਕਰਦਾ ਹੈ। ਇਹ ਪੂਰਤੀ ਤਾਂ ਹੀ ਹੋ ਸਕਦੀ ਹੈ ਜੇ ਖੰਡੇ ਦੀ ਪਾਹੁਲ ਛੱਕ, ਤਿਆਰ ਬਰ ਤਿਆਰ ਹੋ, ਆਪਸੀ ਮੱਤਭੇਦ ਤਿਆਗ ਧਰਮ ਦੀ ਰਾਖੀ ਲਈ ਜੁਟ ਪਈਏ। ਪ੍ਰੋ਼ ਸਾਹਿਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੌਤਕਾਂ ਦਾ ਵਰਣਨ ਕਰਦਿਆਂ ਇਕ ਥਾਂ ਲਿਖਿਆ ਹੈ ਕਿ ਇਕ ਵਾਰ ਗੁਰੂ ਸਾਹਿਬ ਨੇ ਲਾਂਗਰੀਆਂ ਨੂੰ ਵਧੀਆ ਬਾਸਮਤੀ ਦਾ ਬਹੁਤ ਸਾਰਾ ਪੁਲਾਉ ਬਣਾਉਣ ਲਈ ਕਿਹਾ। ਪੁਲਾਉ ਬਣ ਕੇ ਆਇਆ ਤਾਂ ਆਪ ਨੇ ਸ਼ਹਿਰ ਦੇ ਸਾਰੇ ਕੁਤੇ ਉਸ ਤੇ ਛੱਡ ਦਿੱਤੇ। ਪੁਲਾਉ ਇਤਨਾ ਜ਼ਿਆਦਾ ਸੀ ਕਿ ਜੇ ਉਹ ਰੱਜ ਰੱਜ ਕੇ ਖਾਂਦੇ ਤਾਂ ਵੀ ਮੁਕਣਾ ਨਹੀਂ ਸੀ। ਪਰ ਈਰਖਾਲੂ ਸੁਭਾਅ ਕਾਰਨ ਉਨ੍ਹਾਂ ਕੁਤਿਆਂ ਨੇ ਆਪਸ ਵਿਚ ਲੜਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਕਿਸੇ ਨੇ ਵੀ ਕੁਝ ਨਾ ਖਾਧਾ ਤੇ ਸਾਰਾ ਪੁਲਾਉ ਪੈਰਾਂ ਹੇਠ ਮਧੋਲਿਆ ਗਿਆ। ਸਿੱਖ ਇਹ ਨਜ਼ਾਰਾ ਵੇਖ ਕੇ ਬਹੁਤ ਹੱਸੇ। ਅਖੀਰ ਤੇ ਗੁਰੂ ਸਾਹਿਬ ਨੇ ਉਪਦੇਸ਼ ਦੇਂਦਿਆਂ ਕਿਹਾ ਕਿ ਕੁਤਿਆਂ ਦੇ ਇਸ ਸੁਭਾਅ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ। ਜਿਸ ਵੀ ਕੌਮ ਜਾਂ ਦੇਸ਼ ਦੇ ਲੋਕ ਧਨ, ਸ਼ੋਭਾ, ਕੁਰਸੀ, ਚੌਧਰ ਆਦਿ ਲਈ ਆਪਸ ਵਿਚ ਭਿੜਦੇ ਰਹਿਣਗੇ ਉਨ੍ਹਾਂ ਦੇ ਪੱਲੇ ਕੱਝ ਨਹੀਂ ਪਏਗਾ। ਲੋਕਾਂ ਦੀ ਨਜ਼ਰਾਂ ਵਿਚ ਵੀ ਉਹ ਹਾਸੋਹੀਣੇ ਹੀ ਹੁੰਦੇ ਹਨ। ਲੋੜ ਹੈ ਅੱਜ ਗੁਰੂ ਸਾਹਿਬ ਦੇ ਇਸ ਕੌਤਕ ਨੂੰ ਸਮਝਣ ਦੀ।