ਸੰਭਲ ਸੰਭਾਲ ਇਸ ਸਮੇਂ ਨੂੰ

ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ:

ਸਮਾਂ ਵੀ ਕਿੰਨੀ ਚੰਦਰੀ ਸ਼ੈ ਹੈ
ਕਿਸੇ ਪੁਰਾਣੇ ਅਮਲੀ ਵਾਕੁਣ
ਆਪਣੀ ਝੋਕ ‘ਚ ਟੁਰਿਆ ਰਹਿੰਦੈ
ਨਾ ਕੁਝ ਸੁਣਦੈ ਨਾ ਕੁਝ ਕਹਿੰਦੈ
ਨਾ ਕਿਤੇ ਖੜਦੈ ਨਾ ਕਿਤੇ ਬਹਿੰਦੈ

ਬਿਲਕੁਲ ਸੱਚ, ਸਮਾਂ ਨਾ ਕਿਤੇ ਖੜਦੈ ਨਾ ਕਿਤੇ ਬਹਿੰਦੈ। ਆਪਣੀ ਚਾਲੇ ਅੱਗੇ ਵਧਦਾ ਰਹਿੰਦਾ ਹੈ। ਕਦੇ ਸੌਂਦਾ ਵੀ ਨਹੀਂ। ਜਦੋਂ ਅਸੀਂ ਸੁਤੇ ਹੋਈਏ ਉਦੋਂ ਵੀ ਜਾਗਦਾ ਤੇ ਚਲਦਾ ਰਹਿੰਦਾ ਹੈ। ਪਤਾ ਨਹੀਂ ਕਿਹੜੀ ਇਹਦੀ ਮੰਜ਼ਿਲ ਹੈ ਜਿਧਰ ਇਹ ਵਾਹੋ-ਦਾਹੀ ਦੌੜੀ ਜਾ ਰਿਹਾ ਹੈ। ਸਭ ਕੁਝ ਪਿਛੇ ਛੱਡਦਾ, ਕਿਸੇ ਦੇ ਹੱਥ ਨਹੀਂ ਆਉਂਦਾ ਤੇ ਸਭ ਕੁਝ ਆਪਣੇ ਅੰਦਰ ਹਜ਼ਮ ਕਰਦਾ ਅੱਗੇ ਹੀ ਅੱਗੇ ਵਧਦਾ ਜਾਂਦਾ ਹੈ। ਭਾਈ ਵੀਰ ਸਿੰਘ ਲਿਖਦੇ ਹਨ:

ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ
ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ
ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ

ਇਸੇ ਲਈ ਆਪ ਸਲਾਹ ਦੇਂਦੇ ਹਨ:

ਹੋ ਅੱਜੇ ਸੰਭਾਲ ਇਸ ਸਮੇਂ ਨੂੰ
ਕਰ ਸਫ਼ਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ
ਲੰਘ ਗਿਆ ਨਾ ਮੁੜ ਕੇ ਆਂਵਦਾ

ਜੋ ਸਮਾਂ ਬੀਤ ਗਿਆ ਉਹ ਮੁੜ ਹੱਥ ਨਹੀਂ ਆਉਣਾ। ਇਸੇ ਲਈ ਸਿਆਣੇ ਕਹਿੰਦੇ ਹਨ:

ਹੱਥ ਵੇਲਾ ਨਹੀਂ ਆਉਂਦਾ ਹੱਥੋਂ ਜੋ ਗੁਆਚ ਗਿਆ

ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਵਾਰ ਜੁਆਨੀ ਬੀਤ ਜਾਏ ਫਿਰ ਹੱਥ ਨਹੀਂ ਆਉਦੀ। ਪਰੰਤੂ ਜਿਵੇਂ ਕਿ ਅੰਮ੍ਰਿਤਾ ਪ੍ਰੀਤਮ ਲਿਖਦੀ ਹੈ : ਪਤਾ ਨਹੀਂ ਇਹ ਕੀ ਸਰਾਪ ਹੈ ਕਿ ਜਦੋਂ ਬੰਦੇ ਕੋਲ ਵੇਲਾ ਹੁੰਦਾ ਹੈ ਉਸ ਨੂੰ ਵੇਲੇ ਨੂੰ ਸੰਭਾਲਣ ਦੀ ਸੂਝ ਨਹੀਂ ਪੈਂਦੀ ਤੇ ਜਦੋਂ ਬੰਦੇ ਨੂੰ ਸੂਝ ਆਉੰਦੀ ਹੈ ਉਹਦੇ ਕੋਲ ਵੇਲਾ ਨਹੀਂ ਹੁੰਦਾ। ਅਸਲ ਵਿਚ ਗੱਲ ਇਹ ਹੈ ਕਿ ਸਮੇਂ ਨਾਲ ਜੀਵਨ ਬਣਦਾ ਹੈ। ਜਦੋਂ ਅਸੀਂ ਸਮੇਂ ਨੂੰ ਸੰਭਾਲਦੇ ਨਹੀਂ, ਵਿਅਰਥ ਗੁਆਈ ਜਾਂਦੇ ਹਾਂ ਤਾਂ ਜੀਵਨ ਵੀ ਗੁਆਚ ਜਾਂਦਾ ਹੈ। ਕੁਝ ਬਚਦਾ ਹੀ ਨਹੀਂ। ਸਮਾਂ ਤਾਂ ਇਕ ਤੂਫ਼ਾਨੀ ਦਰਿਆ ਵਾਂਗ ਹੈ ਜੋ ਸਾਨੂੰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਹੈ, ਇਕ ਦਹਾੜਦੇ ਸ਼ੇਰ ਵਾਂਗ ਹੈ ਜੋ ਸਾਨੂੰ ਨਿਗਲ ਜਾਂਦਾ ਹੈ ਤੇ ਇਕ ਭੱਖਦੀ ਅੱਗ ਵਾਂਗ ਹੈ ਜੋ ਸਾਨੂੰ ਸਾੜ ਦੇਂਦੀ ਹੈ। ਪਰੰਤੂ ਜੋ ਮਨੁਖ ਇਸ ਦਰਿਆ ਦੀਆਂ ਸ਼ੂਕਦੀਆਂ ਲਹਿਰਾਂ ਵਿਚ ਤਰਨ ਦੀ ਜਾਚ ਸਿੱਖ ਲੈਂਦੇ ਹਨ, ਜੋ ਇਸ ਸ਼ੇਰ ਦਾ ਬਹਾਦਰੀ ਨਾਲ ਮੁਕਾਬਲਾ ਕਰਨਾ ਜਾਣ ਜਾਂਦੇ ਹਨ, ਜੋ ਇਸ ਭੱਖਦੀ ਅੱਗ ਨੂੰ ਕਾਬੂ ਕਰਨ ਦੀ ਸੂਝ ਰੱਖਦੇ ਹਨ, ਉਹ ਜੀਵਨ ਦੀਆਂ ਉੱਚੀਆਂ ਟੀਸੀਆਂ ਤੇ ਅੱਪੜ ਜਾਂਦੇ ਹਨ। ਇਕ ਗੱਲ ਜੋ ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਇਕ ਬਹੁਤ ਬੁਰੀ ਖ਼ਬਰ ਹੈ ਕਿ ਸਮਾਂ ਉੱਡਦਾ ਜਾ ਰਿਹਾ ਹੈ, ਪਰ ਇਕ ਚੰਗੀ ਖ਼ਬਰ ਵੀ ਹੈ ਕਿ ਅਸੀਂ ਉਸਦੇ ਚਾਲਕ ਹਾਂ। ਜਿਧਰ ਉਸਨੂੰ ਚਲਾਵਾਂਗੇ ਉਧਰ ਹੀ ਉੱਡਦਾ ਜਾਏਗਾ। ਸੋ ਸਮੇਂ ਨੂੰ ਸਹੀ ਦਿਸ਼ਾ ਵਲ ਚਲਾਉਣ ਵਿਚ ਦੇਰੀ ਨਾ ਕਰੀਏ। ਐਸਾ ਨਾ ਹੋਵੇ ਕਿ ਇਕ ਪਲ ਦੀ ਦੇਰੀ ਸਾਨੂੰ ਕੋਹਾਂ ਦੂਰ ਸੁਟ ਦੇਵੇ। ਸਾਡੇ ਕੋਲ ਇਕ ਪਲ ਹੀ ਹੈ ਜੋ ਚਮਕਦਾ ਤਾਂ ਸਿਤਾਰੇ ਵਾਂਗ ਹੈ ਪਰ ਪਿਘਲਦਾ ਹੈ ਬਰਫ਼ ਵਾਂਗ। ਇਸ ਤੋਂ ਪਹਿਲਾਂ ਕਿ ਬਰਫ਼ ਪਿਘਲ ਜਾਏ, ਇਸ ਦੀ ਸਹੀ ਵਰਤੋਂ ਕਰ ਲਈਏ। ਇਕ ਵਾਰ ਸਮੇਂ ਦੀ ਸਹੀ ਵਰਤੋਂ ਆਰੰਭ ਕਰ ਦਿਆਂਗੇ ਤਾਂ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ। ਜਿਹਨਾਂ ਪ੍ਰਾਪਤੀਆਂ ਦਾ ਅਸੀਂ ਕਦੇ ਸੁਪਨਾ ਵੀ ਨਹੀਂ ਲਿਆ ਹੋਏਗਾ ਉਹ ਸਾਡੇ ਪੈਰ ਚੁੰਮਣਗੀਆਂ। ਅਸਲ ਵਿਚ ਮਨੁਖ ਅੰਦਰ ਸੂਝ, ਸਿਆਣਪ ਜਾਂ ਸਮਰੱਥਾ ਦੀ ਕਮੀ ਨਹੀਂ ਹੁੰਦੀ। ਕਮੀ ਕੇਵਲ ਸਮੇਂ ਦੀ ਸਹੀ ਵਰਤੋਂ ਦੀ ਹੁੰਦੀ ਹੈ। ਅਸੀਂ ਆਮ ਕਰਕੇ ਸਮੇਂ ਨੂੰ ਬਿਤਾਉਂਦੇ ਹਾਂ, ਵਰਤਦੇ ਨਹੀਂ। ਸਾਡਾ ਸਮਾਂ ਜਾਂ ਤਾਂ ਪਿੱਛੇ ਵਲ ਝਾਤੀ ਮਾਰਦਿਆਂ ਲੰਘਦਾ ਹੈ ਜਾਂ ਫਿਰ ਅੱਗੇ ਵਲ। ਅਜਿਹਾ ਕਰਦਿਆਂ ਭੂਤ-ਭਵਿੱਖ ਤਾਂ ਹੱਥ ਆਉਂਦੇ ਨਹੀਂ‚ ਵਰਤਮਾਨ ਝੁੰਗੇ ਵਿਚ ਗੁਆ ਬੈਠਦੇ ਹਾਂ। ਵਰਤਮਾਨ ਕੇਵਲ ਇਕ ਪਲ ਹੀ ਹੁੰਦਾ ਹੈ, ਉਸੇ ਵਿਚ ਅਸੀਂ ਆਪਣਾ ਵਰਤਮਾਨ ਅਤੇ ਭਵਿੱਖ ਦੋਵੇਂ ਸੰਵਾਰਨੇ ਹਨ। ਇਸ ਲਈ ਸਾਡਾ ਸਾਰਾ ਬਲ ਇਸ ਇਕ ਪਲ ਨੂੰ ਸੰਭਾਲਣ ਵਿਚ ਲਗਣਾ ਚਾਹੀਦਾ ਹੈ। ਆਪਣੇ ਦਿਨ ਦੇ ਹਰ ਪਲ ਲਈ ਇਕ ਡਿਊਟੀ ਨਿਰਧਾਰਿਤ ਕਰੀਏ ਤੇ ਫਿਰ ਉਸ ਡਿਊਟੀ ਨੂੰ ਨਿਭਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦੇਈਏ। ਜ਼ਿੰਦਗੀ ਦਾ ਹਰ ਪਲ ਸਾਡੀ ਜੀਵਨ ਕਹਾਣੀ ਲਿਖ ਰਿਹਾ ਹੈ। ਹਰ ਪਲ ਕੁਝ ‘ਕਰਨ’ ਵਿਚ ਬਿਤਾਈਏ ਤਾਂ ਹੀ ਮਨੋਰੰਜਕ ਕਹਾਣੀ ਬਣ ਸਕਦੀ ਹੈ, ਨਹੀਂ ਤਾਂ ਇਸ ਕਹਾਣੀ ਵਿਚ ਲੰਬੇ-ਲੰਬੇ ਠਹਿਰਾਅ ਆ ਜਾਣਗੇ। ਹੈਲਨ ਕੈਲਰ, ਆਈਨਸਟਾਈਨ, ਮਦਰ ਟੈਰੇਸਾ, ਭਗਤ ਪੂਰਨ ਸਿੰਘ ਕੋਲ ਵੀ ਉਤਨਾ ਹੀ ਸਮਾਂ ਸੀ ਜਿਤਨਾ ਸਾਡੇ ਕੋਲ। ਫ਼ਰਕ ਕੇਵਲ ਇਤਨਾ ਹੈ ਕਿ ਉਹਨਾਂ ਸਮੇਂ ਨੂੰ ਨਸ਼ਟ ਨਹੀਂ ਕੀਤਾ ਤੇ ਅਸੀਂ ਨਸ਼ਟ ਕਰ ਰਹੇ ਹਾਂ। ਕਹਿੰਦੇ ਨੇ ਜੋ ਸਮੇਂ ਨੂੰ ਨਸ਼ਟ ਕਰਦਾ ਹੈ ਸਮਾਂ ਉਸ ਨੂੰ ਨਸ਼ਟ ਕਰ ਦੇਂਦਾ ਹੈ। ਇਸੇ ਲਈ ਸਾਡੇ ਵਿਚੋਂ ਬਹੁਤੇ ਮਨੁਖ ਸਾਹ ਮੁਕਦਿਆਂ ਹੀ ਮੁਕ ਜਾਂਦੇ ਹਨ। ਪੀ.ਬੇਲੇ ਲਿਖਦਾ ਹੈ: ਅਸੀਂ ਕੰਮਾਂ ਵਿਚ ਜੀਊਂਦੇ ਹਾਂ, ਸਾਲਾਂ ਵਿਚ ਨਹੀਂ, ਵਿਚਾਰਾਂ ਵਿਚ ਜੀਊਂਦੇ ਹਾਂ, ਸਾਹਾਂ ਵਿਚ ਨਹੀਂ। ਉਹ ਸਭ ਤੋਂ ਵੱਧ ਜੀਊਂਦਾ ਹੈ ਜੋ ਸਭ ਤੋਂ ਵੱਧ ਸੋਚਦਾ ਹੈ, ਸਭ ਤੋਂ ਵੱਧ ਨੇਕੀ ਮਹਿਸੂਸ ਕਰਦਾ ਹੈ ਅਤੇ ਸਭ ਤੋਂ ਵੱਧ ਕਾਰਜ ਕਰਦਾ ਹੈ। ਸਾਡੀ ਕਬਰ ਤੇ ਦੋ ਮਿਤੀਆਂ ਲਿਖੀਆਂ ਜਾਣੀਆਂ ਹਨ – ਇਕ ਜਨਮ-ਮਿਤੀ ਤੇ ਦੂਜੀ ਮਰਨ-ਮਿਤੀ। ਪਰ ਉਹਨਾਂ ਦੋਹਾਂ ਵਿਚਕਾਰ ਇਕ ਛੋਟੀ ਜਿਹੀ ਡੈਸ਼ ਹੁੰਦੀ ਹੈ। ਇਹ ਮਿਤੀਆਂ ਮਹੱਤਵਪੂਰਨ ਨਹੀਂ, ਮਹੱਤਵ ਰਖਦੀ ਹੈ ਵਿਚਕਾਰਲੀ ਡੈਸ਼। ਇਹ ਸਾਡੀ ਸਾਰੀ ਜ਼ਿੰਦਗੀ ਦੀ ਪ੍ਰਤਿਨਿਧਤਾ ਕਰਦੀ ਹੈ। ਅਸੀਂ ਜਨਮ ਤੋਂ ਲੈ ਕੇ ਮਰਨ ਤਕ ਕੀ ਕੀਤਾ ਇਹ ਇਸ ਡੈਸ਼ ਵਿਚ ਅੰਕਿਤ ਹੁੰਦਾ ਹੈ। ਸੋ ਲੋੜ ਇਸ ਡੈਸ਼ ਨੂੰ ਫ਼ਲਦਾਇਕ ਬਣਾਉਣ ਦੀ ਹੈ। ਅਜਿਹਾ ਕੇਵਲ ਸਮੇਂ ਦੀ ਸਹੀ ਵਰਤੋਂ ਨਾਲ ਸੰਭਵ ਹੈ। ਕਹਿੰਦੇ ਨੇ ਜਿਸ ਨੇ ਆਪਣੀ ਸ਼ਾਮ ਸੰਭਾਲ ਲਈ ਉਸ ਦੀ ਸਵੇਰ ਆਪੇ ਹੀ ਚਾਣਨੀ ਹੋ ਜਾਂਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਵਖਤੁ ਵੀਚਾਰੇ ਸੁ ਬੰਦਾ ਹੋਇ ॥

ਸੋ ਵਕਤ ਦੀ ਵਿਚਾਰ ਤੇ ਵਕਤ ਦੀ ਸੰਭਾਲ ਹੀ ਬੰਦਾ ਹੋਣ ਦੀ ਨਿਸ਼ਾਨੀ ਹੈ। ਜੋ ਸੰਭਾਲ ਲਏਗਾ ਉਹ ਤਰ ਜਾਏਗਾ ਜੋ ਗੁਆ ਲਏਗਾ ਉਹ ਡੁਬ ਜਾਏਗਾ:

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥