ਸਾਡੇ ਦੂਜੇ ਗੁਰੂ ਜੀ

ਆਉ ਬੱਚਿਉ ਆਉ ਸੁਣਾਵਾਂ ਦੂਜੇ ਗੁਰੂ ਦੀ ਇਕ ਕਹਾਣੀ
ਪਹਿਲਾਂ ਦੱਸੋ ਨਾਮ ਉਨ੍ਹਾਂ ਦਾ ਅਗਲੀ ਬਾਤ ਮੈਂ ਫੇਰ ਸੁਣਾਣੀ

 

ਅੱਜ ਸਤਵੰਤ ਕੌਰ ਨੇ ਬੱਚਿਆਂ ਦੇ ਕਹਿਣ ਤੋਂ ਪਹਿਲਾਂ ਆਪੇ ਹੀ ਉਨ੍ਹਾਂ ਨੂੰ ਸਾਖੀ ਸੁਣਾਉਣ ਲਈ ਉਪਰੋਕਤ ਲਾਈਨਾਂ ਗਾਉਂਦੇ ਹੋਏ ਬੁਲਾ ਲਿਆ। ਹਰਲੀਨ ਕੌਰ ਤੇ ਗੁਰਜੋਤ ਸਿੰਘ ਸਾਖੀ ਸੁਣਨ ਲਈ ਦੌੜ ਕੇ ਮੰਮੀ ਦੁਆਲੇ ਆ ਬੈਠੇ। ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਸਤਵੰਤ ਕੌਰ ਨੇ ਬੱਚਿਆਂ ਨੂੰ ਕਿਹਾ, ‘ਅੱਛਾ, ਇਹ ਦੱਸੋ, ਸਾਡੇ ਦੂਜੇ ਗੁਰੂ ਜੀ ਦਾ ਕੀ ਨਾਂ ਸੀ?’

‘ਗੁਰੂ ਅੰਗਦ ਦੇਵ ਜੀ’ – ਦੋਨੋਂ ਬੱਚੇ ਇਕੱਠੇ ਬੋਲੇ।

‘ਅੱਛਾ, ਹੁਣ ਇਹ ਦੱਸੋ, ਉਨ੍ਹਾਂ ਦਾ ਜਨਮ ਕਿੱਥੇ ਹੋਇਆ ਸੀ?’

ਗੁਰਜੋਤ ਭੈਣ ਦੇ ਮੂੰਹ ਵੱਲ ਦੇਖਣ ਲੱਗਾ। ਹਰਲੀਨ ਨੂੰ ਪਤਾ ਸੀ। ਉਹ ਬੜੀ ਟੌਹਰ ਨਾਲ ਬੋਲੀ – ਮੱਤੇ ਕੀ ਸਰਾਂ।

‘ਬਿਲਕੁਲ ਠੀਕ’ ਸਤਵੰਤ ਕੌਰ ਨੇ ਸ਼ਾਬਾਸ਼ ਦੇਂਦੇ ਕਿਹਾ। ‘ਬੱਚਿਓ! ਇਹ ਪਤਾ ਏ ਕਿ ਮੱਤੇ ਕੀ ਸਰਾਂ ਕਿੱਥੇ ਹੈ?’

‘ਮੰਮੀ ਨਹੀਂ ਪਤਾ।’ ਦੋਨੋਂ ਬੱਚੇ ਇਕੱਠੇ ਬੋਲੇੇ।

‘ਬੱਚਿਉ, ਮੱਤੇ ਕੀ ਸਰਾਂ ਨੂੰ ਅੱਜ ਕਲ੍ਹ ਸਰਾਏ ਨਾਗਾ ਕਹਿੰਦੇ ਨੇ ਤੇ ਇਹ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਹੈ’ ਸਤਵੰਤ ਕੌਰ ਨੇ ਸਮਝਾਇਆ।

‘ਮੰਮੀ, ਸਾਨੂੰ ਉਥੇ ਲੈ ਜਾਉਗੇ?’ ਗੁਰਜੋਤ ਕਹਿਣ ਲੱਗਾ।

‘ਹਾਂ ਬੱਚੇ, ਜ਼ਰੂਰ ਲੈ ਕੇ ਜਾਵਾਂਗੇ।’ ਅਜੇ ਸਤਵੰਤ ਕੌਰ ਨੇ ਇੰਨਾ ਹੀ ਕਿਹਾ ਸੀ ਕਿ ਹਰਲੀਨ ਕਹਿਣ ਲੱਗੀ, ‘ਅੱਛਾ ਮੰਮੀ, ਅੱਗੋਂ?’ ਉਹਨੂੰ ਪਤਾ ਸੀ ਗੁਰਜੋਤ ਦਾ ਧਿਆਨ ਘੁੰਮਣ ਵੱਲ ਈ ਰਹਿੰਦਾ ਏ।

ਸਤਵੰਤ ਕੌਰ ਨੇ ਸੁਣਾਉਣਾ ਸ਼ੁਰੂ ਕੀਤਾ, ‘ਬੇਟੇ, ਮੱਤੇ ਕੀ ਸਰਾਂ ਵਿਚ ਇਕ ਬੜਾ ਨੇਕ ਪੁਰਸ਼ ਰਹਿੰਦਾ ਸੀ ਜਿਸ ਦਾ ਨਾਂ ਸੀ ਫੇਰੂ ਮੱਲ। ਬਾਬਾ ਫੇਰੂ ਮੱਲ ਜੀ ਦੁਕਾਨਦਾਰ ਸਨ ਪਰ ਉਹ ਦੁਕਾਨ ਕਰਨ ਦੇ ਨਾਲ ਨਾਲ ਪਿੰਡ ਦੇ ਚੌਧਰੀ ਤਖਤ ਮੱਲ ਤੇ ਫਿਰੋਜ਼ਪੁਰ ਦੇ ਪਠਾਨ ਹਾਕਮ ਦਾ ਸਾਰਾ ਹਿਸਾਬ ਕਿਤਾਬ ਵੀ ਰਖਿਆ ਕਰਦੇ ਸਨ। ਸਾਰੇ ਪਿੰਡ ਵਿਚ ਉਨ੍ਹਾਂ ਦਾ ਚੰਗਾ ਸਤਿਕਾਰ ਸੀ। ਬਾਬਾ ਫੇਰੂ ਮੱਲ ਜੀ ਦੇ ਘਰ 31 ਮਾਰਚ 1504 ਨੂੰ ਇਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਉਨ੍ਹਾਂ ਨੇ ਲਹਿਣਾ ਰੱਖਿਆ।’

‘ਮੰਮੀ, ਲਹਿਣਾ ਦਾ ਕੀ ਨਾਂ ਹੋਇਆ?’ ਗੁਰਜੋਤ ਨੇ ਹੱਸਦਿਆਂ ਹੋਇਆਂ ਪੁਛਿਆ।

‘ਬੱਚੇ, ਕੋਈ ਵੀ ਨਾਂ ਬਿਨਾਂ ਮਤਲਬ ਨਹੀਂ ਹੁੰਦਾ। ਲਹਿਣਾ ਦਾ ਅਰਥ ਹੁੰਦਾ ਏ ਲੈਣ ਵਾਲਾ।’ ਸਤਵੰਤ ਕੌਰ ਨੇ ਲਹਿਣਾ ਦਾ ਅਰਥ ਦੱਸਦਿਆਂ ਗੱਲ ਜਾਰੀ ਰੱਖੀ। ‘ਲਹਿਣਾ ਜੀ ਦੇ ਮਾਤਾ ਜੀ ਦਾ ਨਾਂ ਮਾਤਾ ਦਇਆ ਕੌਰ ਸੀ। ਉਹ ਬੜੇ ਧਾਰਮਿਕ ਵਿਚਾਰਾਂ ਵਾਲੇ ਸਨ। ਸਾਰਿਆਂ ਨਾਲ ਬੜਾ ਮਿੱਠਾ ਬੋਲਦੇ, ਕਦੀ ਕਿਸੇ ਚੀਜ਼ ਦਾ ਲਾਲਚ ਨਾ ਕਰਦੇ, ਲੋੜ ਵੇਲੇ ਸਾਰਿਆਂ ਦੀ ਮਦਦ ਵੀ ਕਰਦੇ।ਉਹ ਹਰ ਰੋਜ਼ ਆਪਣੇ ਬੇਟੇ ਨੂੰ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਸੁਣਾਇਆ ਕਰਦੇ ਸਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਲਹਿਣਾ ਜੀ ਵੀ ਉਨ੍ਹਾਂ ਵਰਗੇ ਚੰਗੇ ਬਣ ਗਏ। ਲਹਿਣਾ ਜੀ ਪੜ੍ਹਾਈ ਵਿਚ ਵੀ ਬਹੁਤ ਲਾਇਕ ਸਨ। ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਖੂਬ ਪੜ੍ਹਾਇਆ। ਉਹ ਦੁਕਾਨ ਤੇ ਵੀ ਆਪਣੇ ਪਿਤਾ ਜੀ ਦੀ ਮਦਦ ਕਰਿਆ ਕਰਦੇ ਸਨ। ਸੰਨ 1519 ਵਿਚ ਜਦੋਂ ਮੁਗਲ ਰਾਜੇ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਮੱਤੇ ਕੀ ਸਰਾਂ ਪਿੰਡ ਤਬਾਹ ਹੋ ਗਿਆ ਤੇ ਫੇਰੂ ਮੱਲ ਜੀ ਆਪਣਾ ਪਿੰਡ ਛੱਡ ਕੇ ਖਡੂਰ ਪਿੰਡ ਵਿਚ ਆ ਗਏ। ਉਥੇ ਉਨ੍ਹਾਂ ਨੇ ਇਕ ਦੁਕਾਨ ਖੋਲ੍ਹ ਲਈ। ਲਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਦੁਕਾਨ ਤੇ ਬੈਠਿਆ ਕਰਦੇ ਸਨ। ਸਾਰਿਆਂ ਨਾਲ ਉਹ ਬੜੇ ਪਿਆਰ ਨਾਲ ਬੋਲਦੇ। ਕਈ ਵਾਰ ਛੋਟੇ ਬੱਚਿਆਂ ਨੂੰ ਮੁਫ਼ਤ ਚੀਜ਼ਾਂ ਵੀ ਦੇ ਦਿੰਦੇ। ਪਿੰਡ ਦੇ ਸਾਰੇ ਲੋਕੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ।’ ਸਤਵੰਤ ਕੌਰ ਸਾਰਾ ਕੁਝ ਇਕੋ ਸਾਹੇ ਕਹਿ ਗਈ।

‘ਦੀਦੀ, ਜੇ ਆਪਾਂ ਉਸ ਪਿੰਡ ਵਿਚ ਹੁੰਦੇ ਤਾਂ ਸਾਨੂੰ ਵੀ ਮੁਫ਼ਤ ਚੀਜ਼ਾਂ ਮਿਲਿਆ ਕਰਨੀਆਂ ਸਨ,’ ਗੁਰਜੋਤ ਨੇ ਹੱਸਦੇ ਹੋਏ ਕਿਹਾ।

‘ਮੰਮੀ, ਦੇਖੋ ਇਹਨੂੰ ਹਰ ਵੇਲੇ ਖਾਣ ਦੀ ਪਈ ਰਹਿੰਦੀ ਏ,’ ਹਰਲੀਨ ਨੇ ਵੱਡੀ ਭੈਣ ਵਾਲਾ ਰੋਹਬ ਪਾਉਂਦਿਆਂ ਕਿਹਾ। ਸਤਵੰਤ ਕੌਰ ਵੀ ਮੁਸਕਰਾ ਪਈ।

‘ਮੰਮੀ, ਅੱਗੋਂ ਦੱਸੋ’ ਹਰਲੀਨ ਇਕ ਵਾਰ ਫੇਰ ਬੋਲੀ।

‘ਸੰਨ 1520 ਵਿਚ ਜਦੋਂ ਲਹਿਣਾ ਜੀ ਦੀ ਉਮਰ 15 ਕੁ ਸਾਲ ਦੀ ਹੋਈ ਤਾਂ ਉਨ੍ਹਾਂ ਦਾ ਵਿਆਹ ਬੀਬੀ ਖੀਵੀ ਜੀ ਨਾਲ ਹੋ ਗਿਆ।‘

‘15 ਸਾਲ ਦੀ ਉਮਰ ਵਿਚ! ਹਾਲੇ ਤੇ ਉਨ੍ਹਾਂ ਨੇ ਦਸਵੀਂ ਵੀ ਨਹੀਂ ਕੀਤੀ ਹੋਣੀ?’ ਹਰਲੀਨ ਨੇ ਹਿਸਾਬ ਲਗਾਉਂਦਿਆਂ ਹੈਰਾਨ ਹੋ ਕੇ ਕਿਹਾ।

‘ਹਾਂ ਬੱਚੇ, ਉਦੋਂ ਛੋਟੇ ਛੋਟੇ ਬੱਚਿਆਂ ਦੇ ਹੀ ਵਿਆਹ ਕਰ ਦਿੱਤੇ ਜਾਂਦੇ ਸਨ। ਏਸੇ ਲਈ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਸਾਰਾ ਕੁਝ ਸਿਖਾ ਦੇਂਦੇ ਸਨ। ਖੀਵੀ ਜੀ ਨੇ ਸਹੁਰੇ ਘਰ ਆਉਂਦਿਆਂ ਹੀ ਸਾਰਿਆਂ ਦਾ ਦਿਲ ਜਿੱਤ ਲਿਆ। ਉਹ ਬੜੇ ਮਿੱਠੇ ਸੁਭਾਅ ਦੇ ਸਨ। ਸਾਰਿਆਂ ਨਾਲ ਬੜੇ ਪਿਆਰ ਨਾਲ ਬੋਲਦੇ ਤੇ ਸਭ ਦੀ ਬੜੀ ਸੇਵਾ ਕਰਦੇ। ਉਨ੍ਹਾਂ ਦੇ ਘਰ ਚਾਰ ਬੱਚੇ ਹੋਏ-ਦੋ ਬੇਟੇ ਤੇ ਦੋ ਬੇਟੀਆਂ। ਉਨ੍ਹਾਂ ਨੇ ਬੇਟਿਆਂ ਦੇ ਨਾਮ ਦਾਤੂ ਤੇ ਦਾਸੂ ਰੱਖੇ ਤੇ ਬੇਟੀਆਂ ਦੇ ਨਾਮ ਅਮਰੋ ਤੇ ਅਨੋਖੀ।’

‘ਮੰਮੀ, ਤੁਸੀਂ ਤੇ ਕਹਿੰਦੇ ਸੀ ਕਿ ਦੂਜੇ ਗੁਰੂ ਜੀ ਦੀ ਕਹਾਣੀ ਸੁਣਾਵਾਂਗੀ ਪਰ ਤੁਸੀਂ ਤਾਂ ਲਹਿਣਾ ਜੀ ਦੀ ਗੱਲ ਕਰੀ ਜਾਂਦੇ ਓ।’ ਗੁਰਜੋਤ ਨੇ ਮੰਮੀ ਨੂੰ ਵਿਚੋਂ ਹੀ ਟੋਕਿਆ।

‘ਹਾਂ ਬੇਟੇ, ਲਹਿਣਾ ਜੀ ਦੀ ਗੱਲ ਇਸ ਲਈ ਸੁਣਾ ਰਹੀ ਹਾਂ ਕਿਉਂ ਕਿ ਉਨ੍ਹਾਂ ਦਾ ਨਾਂ ਹੀ ਬਾਅਦ ਵਿਚ ਗੁਰੂ ਅੰਗਦ ਦੇਵ ਜੀ ਹੋ ਗਿਆ ਸੀ। ਇਹ ਨਾਂ ਕਿਵੇਂ ਪਿਆ ਕਲ੍ਹ ਦੱਸਾਂਗੀ। ਅੱਜ ਹਾਲੇ ਇੰਨਾ ਹੀ’ ਸਤਵੰਤ ਕੌਰ ਨੇ ਗੱਲ ਮੁਕਾਉਂਦਿਆਂ ਕਿਹਾ।

‘ਮੰਮੀ, ਪਲੀਜ਼ ਥੋੜ੍ਹਾ ਜਿਹਾ ਹੋਰ ਦੱਸ ਦਿਉ।’ ਗੁਰਜੋਤ ਨੇ ਮਿੰਨਤ ਕਰਦਿਆਂ ਕਿਹਾ।

‘ਗੁਰਜੋਤ, ਸਵੇਰੇ ਟੂਰ ਤੇ ਨਹੀਂ ਜਾਣਾ? ਜਲਦੀ ਉੱਠਣਾ ਏ ਨਾ!’ ਸਤਵੰਤ ਕੌਰ ਨੇ ਸਮਝਾਉਂਦਿਆਂ ਹੋਇਆਂ ਕਿਹਾ।

‘ਹਾਂ ਸੱਚ ਮੰਮੀ, ਸਵੇਰੇ ਤੇ ਜਲਦੀ ਉੱਠਣਾ ਏ’ ਕਹਿੰਦਾ ਹੋਇਆ ਗੁਰਜੋਤ ਇਕਦਮ ਬਿਸਤਰੇ ਤੇ ਲੇਟ ਗਿਆ। ਉਸ ਨੂੰ ਟੂਰ ਤੇ ਜਾਣ ਦਾ ਚਾਅ ਸੀ।

‘ਹਰਲੀਨ, ਤੂੰ ਵੀ ਹੁਣ ਸੌਂ ਜਾ। ਦੇਰ ਹੋ ਗਈ ਏ।’ ਕਹਿੰਦਿਆਂ ਸਤਵੰਤ ਕੌਰ ਆਪਣੇ ਕਮਰੇ ਵਿਚ ਚਲੀ ਗਈ।