ਰਹੀਏ ਰੱਬ ਰਜ਼ਾਇ

ਗੁਰਜੋਤ ਦੇ ਪਾਪਾ ਕਈ ਦਿਨ ਦੇ ਟੂਰ ਤੇ ਗਏ ਹੋਏ ਸਨ। ਉਨ੍ਹਾਂ ਦੇ ਪਿਛੋਂ ਹੀ ਸਤਵੰਤ ਕੌਰ ਨੇ ਬੱਚਿਆਂ ਦੀ ਕਲਾਸ ਲੈਣੀ ਸ਼ੁਰੂ ਕੀਤੀ ਸੀ। ਅੱਜ ਰਾਤੀਂ ਜਦੋਂ ਉਹ ਘਰ ਵਾਪਸ ਪਹੁੰਚੇ ਤਾਂ ਦੋਹਾਂ ਬੱਚਿਆਂ ਦੇ ਮਨ ਵਿਚ ਪਾਪਾ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਣ ਦੀ ਕਾਹਲ ਸੀ।ਜਿਉਂ ਹੀ ਗੇਟ ਤੇ ਬੈੱਲ ਹੋਈ ਤਾਂ ਦੋਵੇਂ ਬੱਚੇ ਪਾਪਾ ਆ ਗਏ, ਪਾਪਾ ਆ ਗਏ ਕਹਿੰਦੇ ਹੋਏ ਗੇਟ ਵਲ ਦੌੜੇ।ਅੰਦਰ ਪਹੁੰਚਦਿਆਂ ਹੀ ਜਸਵੰਤ ਸਿੰਘ ਨੂੰ ਖਿਚੜੀ ਦੀ ਖੁਸ਼ਬੋ ਆਈ। ਕਈ ਦਿਨਾਂ ਬਾਅਦ ਅੱਜ ਉਸ ਨੇ ਘਰ ਦੀ ਰੋਟੀ ਖਾਣੀ ਸੀ। ਇਸ ਲਈ ਖਿਚੜੀ ਵਿਚੋਂ ਵੀ ਉਸ ਨੂੰ ਅੱਜ ਮਟਰ ਪਨੀਰ ਦੀ ਖੁਸ਼ਬੋ ਆ ਰਹੀ ਸੀ। ਅਸਲ ਵਿਚ ਜਸਵੰਤ ਸਿੰਘ ਨੇ ਸਤਵੰਤ ਕੌਰ ਨੂੰ ਟੈਲੀਫੋਨ ਤੇ ਪੇਟ ਖਰਾਬ ਹੋਣ ਦੀ ਗੱਲ ਕੀਤੀ ਸੀ ਇਸੇ ਲਈ ਉਸ ਨੇ ਅੱਜ ਖਿੱਚੜੀ ਬਣਾਈ ਸੀ। ਬੱਚੇ ਪਾਪਾ ਪਾਪਾ ਕਹਿੰਦੇ ਜਸਵੰਤ ਸਿੰਘ ਦੇ ਦੁਆਲੇ ਘੁੰਮ ਰਹੇ ਸਨ। ਹੱਥ ਮੂੰਹ ਧੋਣ ਤੋਂ ਬਾਅਦ ਅਜੇ ਉਹ ਡਾਈਨਿੰਗ ਟੇਬਲ ਤੇ ਪਹੁੰਚਿਆ ਹੀ ਸੀ ਕਿ ਦੋਹਾਂ ਬੱਚਿਆਂ ਨੇ ਗੱਲਾਂ ਦੀ ਬੁਛਾੜ ਲਗਾ ਦਿੱਤੀ। ਸਤਵੰਤ ਕੌਰ ਨੇ ਮਿੱਠੀ ਜਿਹੀ ਝਾੜ ਪਾਉਂਦਿਆਂ ਕਿਹਾ, ‘ਪਤਾ ਏ ਨਾ, ਪਾਪਾ ਬੜੀ ਦੂਰੋਂ ਸਫ਼ਰ ਕਰ ਕੇ ਆਏ ਨੇ ਉਨ੍ਹਾਂ ਨੂੰ ਆਰਾਮ ਕਰ ਲੈਣ ਦਿਉ। ਸਵੇਰੇ ਸਾਰੀਆਂ ਗੱਲਾਂ ਦੱਸਾਂਗੇ।’ ਪਰ ਬੱਚੇ ਕਿੱਥੇ ਸੁਣਨ ਵਾਲੇ ਸਨ। ਦੋਨੋਂ ਲੱਗੇ ਕਲਾਸ ਦੀਆਂ ਗੱਲਾਂ ਸੁਣਾਉਣ। ਜਸਵੰਤ ਸਿੰਘ ਨੂੰ ਵੀ ਉਨ੍ਹਾਂ ਦੀਆਂ ਗੱਲਾਂ ਵਿਚ ਸੁਆਦ ਆ ਰਿਹਾ ਸੀ। ਖਿੱਚੜੀ ਖਾਣ ਲੱਗਿਆਂ ਕਹਿਣ ਲੱਗਾ, ‘ਅੱਛਾ ਬੱਚਿਓ! ਫਟਾ ਫਟ ਖਿੱਚੜੀ ਖਾ ਲਉ, ਫਿਰ ਮੈਂ ਵੀ ਤੁਹਾਨੂੰ ਇਕ ਸਾਖੀ ਸੁਣਾਵਾਂਗਾ।’

ਬੱਚੇ ਖੁਸ਼ੀ ਨਾਲ ਟੱਪਣ ਲੱਗੇ। ਪਾਪਾ ਦੇ ਘਰ ਆਉਣ ਦੀ ਖੁਸ਼ੀ ਤਾਂ ਸੀ ਹੀ, ਨਾਲ ਹੀ ਇਹ ਵੀ ਖੁਸ਼ੀ ਸੀ ਕਿ ਉਹ ਆਪਣੇ ਸਾਥੀਆਂ ਨੂੰ ਇਕ ਨਵੀਂ ਸਾਖੀ ਸੁਣਾ ਕੇ ਹੈਰਾਨ ਕਰ ਦੇਣਗੇ। ਖਾਣੇ ਦੇ ਟੇਬਲ ਤੋਂ ਉੱਠ ਕੇ ਉਹ ਫਟਾ ਫਟ ਪਾਪਾ ਦੇ ਕੋਲ ਜਾ ਬੈਠੇ। ਅੱਜ ਉਨ੍ਹਾਂ ਦੀ ਖੁਸ਼ੀ ਸਮਾਉਂਦੀ ਨਹੀਂ ਸੀ ਪਈ। ਗੁਰਜੋਤ ਤਾਂ ਬਹੁਤਾ ਹੀ ਮਚਲਿਆ ਹੋਇਆ ਸੀ। ਬੈਠਦਿਆਂ ਹੀ ਸਾਖੀ ਸਾਖੀ ਦੀ ਰੱਟ ਲਾਉਣ ਲੱਗਾ। ਸਾਖੀ ਸੁਣਾਉਣ ਦੀ ਥਾਂ ਜਸਵੰਤ ਸਿੰਘ ਕਹਿਣ ਲੱਗਾ-ਗੁਰਜੋਤ, ਅੱਜ ਆਪਾਂ ਕੀ ਖਾਧਾ ਏ?

‘ਖਿੱਚੜੀ।’ ਗੁਰਜੋਤ ਨੇ ਸੰਖੇਪ ਜਿਹਾ ਉੱਤਰ ਦਿੱਤਾ।

‘ਚਲੋ ਫਿਰ ਅੱਜ ਮੈਂ ਤੁਹਾਨੂੰ ਖਿਚੜੀ ਵਾਲੀ ਸਾਖੀ ਸੁਣਾਉਂਦਾ ਵਾਂ।’

ਬੱਚੇ ਹੱਸਣ ਲੱਗੇ। ਭਲਾ ਖਿੱਚੜੀ ਵਾਲੀ ਵੀ ਕੋਈ ਸਾਖੀ ਹੁੰਦੀ ਏ!

ਜਸਵੰਤ ਸਿੰਘ ਨੇ ਗੰਭੀਰ ਹੁੰਦਿਆਂ ਕਿਹਾ – ਹਾਂ ਬੱਚੋ, ਖਿਚੜੀ ਵਾਲੀ ਵੀ ਇਕ ਸਾਖੀ ਏ। ਖਡੂਰ ਸਾਹਿਬ ਤੋਂ ਥੋੜ੍ਹੀ ਦੂਰ ਇਕ ਪਿੰਡ ਸੀ ਨੌਰੰਗਾਬਾਦ। ਉਥੇ ਗੁਰੂ ਜੀ ਦਾ ਇਕ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਜੀਵਾ। ਉਹ ਹਰ ਰੋਜ਼ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ਤੇ ਲੰਗਰ ਲਈ ਬੜੇ ਪਿਆਰ ਨਾਲ ਖਿੱਚੜੀ ਅਤੇ ਦਹੀਂ ਲਿਆਇਆ ਕਰਦਾ ਸੀ। ਇਹ ਸੇਵਾ ਉਸ ਨੇ ਸਾਰੀ ਉਮਰ ਨਿਭਾਹੀ। ਉਸ ਤੋਂ ਮਗਰੋਂ ਉਸ ਦੀ ਬੇਟੀ ਬੀਬੀ ਜਿਵਾਈ ਨੇ ਇਹ ਸੇਵਾ ਸ਼ੁਰੂ ਕਰ ਦਿੱਤੀ। ਉਹ ਵੀ ਆਪਣੇ ਪਿਤਾ ਜੀ ਵਾਂਗ ਹਰ ਰੋਜ਼ ਲੰਗਰ ਵਰਤਣ ਤੋਂ ਪਹਿਲਾਂ ਦਹੀਂ ਤੇ ਖਿਚੜੀ ਲੈ ਕੇ ਪਹੁੰਚ ਜਾਂਦੀ ਤੇ ਬੜੇ ਪਿਆਰ ਨਾਲ ਸਾਰੀ ਸੰਗਤ ਨੂੰ ਛਕਾਂਦੀ।

‘ਪਾਪਾ, ਖਡੂਰ ਸਾਹਿਬ ਵਿਚ ਲੰਗਰ ਨਹੀਂ ਸੀ ਬਣਦਾ?’ ਹਰਲੀਨ ਨੂੰ ਲੱਗਿਆ ਕਿ ਹਰ ਰੋਜ਼ ਘਰੋਂ ਲੰਗਰ ਤਿਆਰ ਕਰ ਕੇ ਲਿਜਾਉਣ ਦੀ ਕੀ ਲੋੜ ਸੀ।

‘ਬਣਦਾ ਸੀ ਬੇਟੇ। ਪਰ ਇਹ ਤਾਂ ਉਹਦੀ ਸ਼ਰਧਾ ਸੀ। ਉਹਨੂੰ ਲਗਦਾ ਸੀ ਕਿ ਉਹ ਆਪਣੀ ਰਸੋਈ ਵੀ ਗੁਰੂ ਜੀ ਲਈ ਲੰਗਰ ਤਿਆਰ ਕਰਕੇ ਪਵਿੱਤਰ ਕਰੇ। ਉਹ ਨਿੱਤਨੇਮ ਕਰਦੀ ਨਾਲ ਨਾਲ ਲੰਗਰ ਤਿਆਰ ਕਰਦੀ ਰਹਿੰਦੀ ਸੀ। ਇੰਜ ਕਰਨਾ ਉਸ ਨੂੰ ਬੜਾ ਚੰਗਾ ਲਗਦਾ ਸੀ।’

‘ਫੇਰ ਕੀ ਹੋਇਆ, ਪਾਪਾ?’ ਗੁਰਜੋਤ ਨੇ ਅੱਗੋਂ ਜਾਣਨ ਦੀ ਇੱਛਾ ਨਾਲ ਪੁਛਿਆ।

‘ਇਕ ਦਿਨ ਜਦੋਂ ਬੀਬੀ ਜਿਵਾਈ ਘਰੋਂ ਨਿਕਲਣ ਲੱਗੀ ਤਾਂ ਬਹੁਤ ਜ਼ੋਰ ਦੀ ਹਨੇਰੀ ਆ ਗਈ। ਬੀਬੀ ਜਿਵਾਈ ਨੇ ਸੋਚਿਆ ਕਿ ਜੇ ਏਸੇ ਤਰ੍ਹਾਂ ਹਨੇਰੀ ਵਗਦੀ ਰਹੀ ਤਾਂ ਉਹ ਖਿੱਚੜੀ ਲੈ ਕੇ ਸਮੇਂ ਸਿਰ ਨਹੀਂ ਪੁਜ ਸਕੇਗੀ। ਲੰਗਰ ਵਰਤ ਜਾਏਗਾ ਤੇ ਉਹ ਸੰਗਤਾਂ ਨੂੰ ਖਿਚੜੀ ਕਿਵੇਂ ਛਕਾਏਗੀ! ਉਹਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹਨੇਰੀ ਹਟ ਜਾਏ ਤਾਂ ਕਿ ਉਹ ਦਹੀਂ ਖਿੱਚੜੀ ਲੈ ਕੇ ਸਮੇਂ ਸਿਰ ਲੰਗਰ ਵਿਚ ਪਹੁੰਚ ਸਕੇ। ਵਾਹਿਗੁਰੂ ਜੀ ਨੇ ਅਰਦਾਸ ਸੁਣੀ ਤੇ ਹਨੇਰੀ ਹਟ ਗਈ।’

‘ਪਾਪਾ, ਵਾਹਿਗੁਰੂ ਜੀ ਨੇ ਇਕ ਦਮ ਹਨੇਰੀ ਬੰਦ ਕਰ ਦਿੱਤੀ!’ ਗੁਰਜੋਤ ਨੂੰ ਹੈਰਾਨੀ ਹੋਈ।

‘ਹਾਂ ਬੇਟੇ ਜੇ ਸੱਚੇ ਦਿਲੋਂ ਅਰਦਾਸ ਕੀਤੀ ਜਾਏ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਦੇ ਨੇ’

‘ਨਾਲੇ ਪਾਪਾ, ਬੀਬੀ ਜਿਵਾਈ ਜੀ ਨੇ ਤਾਂ ਠੀਕ ਕੰਮ ਲਈ ਅਰਦਾਸ ਕੀਤੀ ਸੀ। ਜੇ ਉਹ ਲੇਟ ਹੋ ਜਾਂਦੇ ਤਾਂ ਲੰਗਰ ਦੀ ਸਮਾਪਤੀ ਹੋ ਜਾਣੀ ਸੀ।’ ਹਰਲੀਨ ਨੇ ਵੱਡਿਆਂ ਵਾਂਗ ਦਲੀਲ ਦਿੱਤੀ।

‘ਹਾਂ ਬੇਟੇ, ਗੱਲ ਤੇ ਤੁਹਾਡੀ ਠੀਕ ਏ ਪਰ ਜਦੋਂ ਬੀਬੀ ਜਿਵਾਈ ਜੀ ਦਹੀ ਤੇ ਖਿੱਚੜੀ ਲੈ ਕੇ ਖਡੂਰ ਸਾਹਿਬ ਪਹੁੰਚੇ ਤਾਂ ਗੁਰੂ ਜੀ ਨੇ ਦਹੀਂ ਖਿਚੜੀ ਛਕਣੋਂ ਨਾਂਹ ਕਰ ਦਿੱਤੀ।’

‘ਕਿਉਂ?’ ਗੁਰਜੋਤ ਨੇ ਹੈਰਾਨੀ ਨਾਲ ਪ੍ਰਸ਼ਨ ਕੀਤਾ।

‘ਜਦ ਬੀਬੀ ਜਿਵਾਈ ਜੀ ਨੇ ਕਾਰਨ ਪੁਛਿਆ ਤਾਂ ਗੁਰੂ ਜੀ ਨੇ ਕਿਹਾ – ਬੇਟੇ ਤੁਸੀਂ ਰੱਬ ਦੇ ਭਾਣੇ ਵਿਚ ਦਖਲ ਦਿੱਤਾ ਹੈ। ਬੀਬੇ ਬੱਚੇ ਤਾਂ ਆਪਣੇ ਪਿਤਾ ਜੀ ਦਾ ਹੁਕਮ ਮੰਨਦੇ ਨੇ। ਤੁਸੀਂ ਤਾਂ ਪ੍ਰਮਾਤਮਾ ਪਿਤਾ ਤੇ ਆਪਣਾ ਹੁਕਮ ਚਲਾਇਆ। ਲੰਗਰ ਲੈ ਕੇ ਤਾਂ ਤੁਸੀਂ ਥੋੜ੍ਹੀ ਦੇਰ ਨਾਲ ਵੀ ਆ ਸਕਦੇ ਸੀ। ਵਾਹਿਗੁਰੂ ਜੀ ਨੇ ਜੇ ਹਨੇਰੀ ਲਿਆਉਂਦੀ ਸੀ ਤਾਂ ਜ਼ਰੂਰ ਇਸ ਵਿਚ ਸਾਡਾ ਕੋਈ ਭਲਾ ਹੀ ਸੀ। ਪਤਾ ਨਹੀਂ ਕਿੰਨੇ ਜੀਵਾਂ ਨੂੰ ਇਸ ਹਨੇਰੀ ਦਾ ਲਾਭ ਹੋਣਾ ਸੀ। ਬੇੇਟੇ, ਤੁਸੀਂ ਰੱਬ ਦੇ ਕੰਮ ਵਿਚ ਵਿਘਨ ਪਾਇਆ ਹੈ। ਇਹ ਤੁਸਾਂ ਗਲਤ ਕੀਤਾ। ਗੁਰਸਿੱਖ ਰੱਬ ਦਾ ਭਾਣਾ ਖੁਸ਼ੀ ਖੁਸ਼ੀ ਮੰਨਦੇ ਨੇ।’ ਜਸਵੰਤ ਸਿੰਘ ਨੇ ਸਾਰੀ ਗੱਲ ਸਮਝਾਉਂਦਿਆਂ ਕਿਹਾ।

‘ਫੇਰ ਬੀਬੀ ਜਿਵਾਈ ਨੇ ਕੀ ਕਿਹਾ?’ ਗੁਰਜੋਤ ਨੂੰ ਅਜੇ ਵੀ ਬੀਬੀ ਜਿਵਾਈ ਤੇ ਤਰਸ ਆ ਰਿਹਾ ਸੀ।

‘ਬੀਬੀ ਜਿਵਾਈ ਨੇ ਆਪਣੀ ਗਲਤੀ ਮੰਨ ਲਈ ਤੇ ਗੁਰੂ ਜੀ ਕੋਲੋਂ ਮਾਫ਼ੀ ਮੰਗੀ। ਕੋਲ ਬੈਠੇ ਬਾਕੀ ਸਿੱਖਾਂ ਨੇ ਵੀ ਇਹ ਉੱਚਾ ਅਸੂਲ ਚੰਗੀ ਤਰ੍ਹਾਂ ਸਮਝ ਲਿਆ ਤੇ ਹਮੇਸ਼ਾ ਇਸ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ।’ ਜਸਵੰਤ ਸਿੰਘ ਨੇ ਗੱਲ ਮੁਕਾਉਂਦਿਆਂ ਕਿਹਾ।

‘ਇਸ ਦਾ ਮਤਲਬ ਪਾਪਾ, ਸਾਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਨਹੀਂ ਕਰਨੀ ਚਾਹੀਦੀ?’ ਹਰਲੀਨ ਦੇ ਮਨ ਵਿਚ ਪ੍ਰਸ਼ਨ ਉੱਠਿਆ।

‘ਨਹੀਂ ਬੇਟੇ, ਐਸੀ ਗੱਲ ਨਹੀਂ। ਅਰਦਾਸ ਕਰਨੀ ਤਾਂ ਸਾਡਾ ਫ਼ਰਜ਼ ਹੈ। ਪਰ ਕਦੀ ਇਹ ਅਰਦਾਸ ਨਹੀਂ ਕਰਨੀ ਕਿ ਵਾਹਿਗੁਰੂ ਜੀ ਇੰਜ ਕਰੋ ਜਾਂ ਇੰਜ ਨਾ ਕਰੋ। ਸਗੋਂ ਇਹ ਅਰਦਾਸ ਕਰਨੀ ਏ ਕਿ ਗੁਰੂ ਜੀ ਮੈਂ ਇਹ ਚਾਹੁੰਦਾ ਹਾਂ ਜੇ ਤੁਹਾਨੂੰ ਠੀਕ ਲਗਦਾ ਏ ਤਾਂ ਕਰ ਦਿਉ। ਕਈ ਵਾਰੀ ਸਾਨੂੰ ਲਗਦਾ ਏ ਕਿ ਜੇ ਇੰਜ ਹੋ ਜਾਏ ਤਾਂ ਬਹੁਤ ਵਧੀਆ ਏ। ਪਰ ਗੁਰੂ ਜੀ ਸਾਡੇ ਤੋਂ ਜ਼ਿਆਦਾ ਜਾਣਦੇ ਨੇ ਨਾ! ਹੋ ਸਕਦਾ ਏ ਉਹ ਕੰਮ ਸਾਡੇ ਲਈ ਠੀਕ ਨਾ ਹੀ ਹੋਵੇ। ਇਸ ਲਈ ਅਸੀਂ ਅਰਦਾਸ ਤਾਂ ਕਰਨੀ ਹੈ ਪਰ ਹੁਕਮ ਨਹੀਂ ਕਰਨਾ। ਜੇ ਵਾਹਿਗੁਰੂ ਜੀ ਨੂੰ ਚੰਗਾ ਲੱਗੇਗਾ ਤਾਂ ਕਰ ਦੇਣਗੇ ਨਹੀਂ ਤਾਂ ਨਹੀਂ ਕਰਨਗੇ। ਜੇ ਨਾ ਹੋਏ ਤਾਂ ਅਸੀਂ ਕਦੀ ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਨੇ ਸਾਡੀ ਅਰਦਾਸ ਨਹੀਂ ਸੁਣੀ। ਸਗੋਂ ਇਹ ਕਹਿਣਾ ਹੈ ਕਿ ਸਾਡੇ ਲਈ ਉਹ ਠੀਕ ਨਹੀਂ ਸੀ ਤਾਂ ਹੀ ਵਾਹਿਗੁਰੂ ਜੀ ਨੇ ਨਹੀਂ ਕੀਤਾ। ਠੀਕ ਏ ਨਾ, ਹਰਲੀਨ?

‘ਹਾਂ ਪਾਪਾ, ਠੀਕ ਏ। ਅੱਗੋਂ ਤੋਂ ਅਸੀਂ ਵੀ ਇੰਜ ਹੀ ਅਰਦਾਸ ਕਰਿਆ ਕਰਾਂਗੇ’ ਹਰਲੀਨ ਨੇ ਬੜੀ ਹਲੀਮੀ ਨਾਲ ਕਿਹਾ।