SikhThought - GuruNanakDevJi

Nanak Nirmal Panth Chalaya

26 ਮਈ ਸੰਨ 1971 ਦੇ ਅੰਗਰੇਜ਼ੀ ਟ੍ਰਿਬੀਊਨ ਵਿਚ ਇਕ ਖ਼ਬਰ ਛਪੀ ਸੀ:

Nilokheri, May 26 – Mr. Chand Ram, former Deputy Chief minister
said at a Haryana conference at Taraon on Sunday that a Harijan scholar
from the south had suggested that the Harijans should adopt Sikhism as
their religion to get rid of their fear complex.

ਇਹ ਖ਼ਬਰ ਸਿੱਖ ਧਰਮ ਦੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਤੇ ਨਿਥਾਵਿਆਂ ਦੀ ਥਾਂ ਹੋਣ ਨੂੰ ਦਰਸਾਉਂਦੀ ਹੈ। ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਭਾਰਤ-ਵਾਸੀ ਜ਼ਾਤ-ਪਾਤ ਦੀਆਂ ਕਰੜੀਆਂ ਜੰਜ਼ੀਰਾਂ ਵਿਚ ਜਕੜੇ ਹੋਏ ਸਨ। ਬ੍ਰਾਹਮਣਵਾਦ ਦੀ ਤਕਸੀਮ ਵਾਲੀ ਬਿਰਤੀ ਨੇ ਦੇਵੀ-ਦੇਵਤੇ ਵੰਡੇ ਹੋਏ ਸਨ, ਧਰਮ ਅਸਥਾਨ ਵੰਡੇ ਹੋਏ ਸਨ, ਪੂਜਾ ਢੰਗ ਵੰਡੇ ਹੋਏ ਸਨ। (ਸ਼ਾਇਦ ਅੱਜ ਵੀ ਵੰਡੇ ਹੋਏ ਹਨ) ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਚਲਾਇਆ। ਆਪ ਨੇ ਆਪਣਾ ਸਾਥੀ ਅਖੌਤੀ ਨੀਵੀਂ ਜਾਤ ਦਾ ਮਰਦਾਨਾ ਬਣਾਇਆ ਤੇ ਜੇ ਕੋਈ ਪੁਛਦਾ ਕਿ ਇਹ ਕੌਣ ਹੈ ਤਾਂ ਜੁਆਬ ਮਿਲਦਾ, ‘ਇਹ ਮੇਰਾ ਭਾਈ ਹੈ।’ਆਪ ਦੇ ਵਿਚਾਰ ਅਨੁਸਾਰ ਉੱਚਾ ਨੀਵਾਂ, ਬ੍ਰਾਹਮਣ ਸ਼ੂਦਰ ਕਰਮਾਂ ਕਰਕੇ ਹੈ, ਜਨਮ ਕਰਕੇ ਨਹੀਂ।

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ (ਪੰਨਾ, 512)

ਗੁਰੂ ਨਾਨਕ ਦੇਵ ਜੀ ਨੇ ‘ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ’ ਨਾਲ ਊਚ-ਨੀਚ ਦਾ ਭੇਦ ਮਿਟਾ ਕੇ ਡਿੱਗਿਆਂ ਨੂੰ ਗਲੇ ਲਗਾਇਆ। ਇਸੇ ਯਤਨ ਨੂੰ ਅੱਗੇ ਤੋਰਦਿਆਂ ਗੁਰੂ ਅਮਰਦਾਸ ਜੀ ਨੇ ਸੰਗਤ ਦੇ ਨਾਲ ਪੰਗਤ ਵੀ ਲਾਜ਼ਮੀ ਕਰ ਦਿੱਤੀ। ਸੰਗਤ ਵਿਚ ਸੱਚੇ ਗੁਰੂ ਗਿਆਨ ਨਾਲ ਮਨ ਨੂੰ ਹਰਾ ਭਰਾ ਤੇ ਮਜ਼ਬੂਤ ਕਰਨਾ ਸੀ ਤੇ ਪੰਗਤ ਵਿਚ ਬੈਠ ਕੇ ਬਿਨਾਂ ਕਿਸੇ ਵਿਤਕਰੇ ਦੇ ਪ੍ਰਸ਼ਾਦ ਲੰਗਰ ਛਕਣਾ ਤਾਂ ਕਿ ਸਾਰੇ ਲੋਕ ਇੱਕ ਦੂਸਰੇ ਨੂੰ ਇੱਕੋ ਪਰਿਵਾਰ ਦੇ ਮੈਂਬਰ ਸਮਝਣ। ਲੰਗਰ ਦੀ ਪ੍ਰਥਾ ਸਭ ਤੋਂ ਵੱਧ ਆਚਰਣਿਕ ਦਲੇਰੀ ਅਤੇ ਸਮਾਜਿਕ ਪਰਿਵਰਤਨ ਦੀ ਸੂਚਕ ਸੀ। ਇਹ ਊਚ ਨੀਚ, ਸ਼ੂਦਰ ਬ੍ਰਾਹਮਣ ਤੇ ਹੋਰ ਵਰਣਾਂ ਦੇ ਭਰਮ ਮਿਟਾਉਣ ਵਾਲੀ ਸੰਸਥਾ ਸੀ। ਇਹੋ ਲੰਗਰ ਸੀ ਜਿਸ ਨੇ ਸਿੱਖ ਧਰਮ ਦੀ ਉੱਚਤਾ ਤੇ ਵਿਸ਼ੇਸ਼ਤਾ ਨੂੰ ਸਾਰੇ ਜਗਤ ਵਿਚ ਸੂਰਜ ਦੀ ਰੌਸ਼ਨੀ ਵਾਂਗ ਫੈਲਾ ਦਿੱਤਾ। ਇਸੇ ਲੰਗਰ ਨੇ ਹੀ ਭਾਰਤ ਦੇ ਨਿੱਘਰ ਚੁਕੇ ਅਤੇ ਡਾਵਾਂਡੋਲ ਸਭਿਆਚਾਰ ਨੂੰ ਨਵੇਂ ਸਿਰਿਉਂ ਸੁਰਜੀਤ ਕੀਤਾ। ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਪ੍ਰਥਾ ਨੂੰ ਪਹਿਲੇ ਵਾਂਗ ਜਾਰੀ ਰੱਖਿਆ। ਗੁਰੂ ਹਰਿ ਰਾਇ ਜੀ ਨੇ ਤਾਂ ਇਥੋਂ ਤਕ ਕਹਿ ਰੱਖਿਆ ਸੀ ਕਿ ਲੰਗਰ ਸ਼ੁਰੂ ਹੋਣ ਤੋਂ ਪਹਿਲਾਂ ਨਗਾਰਾ ਜ਼ਰੂਰ ਖੜਕੇ ਤਾਂ ਕਿ ਕੋਈ ਇਹ ਨਾ ਆਖੇ ਕਿ ਸੱਦਾ ਨਹੀਂ ਦਿੱਤਾ ਗਿਆ। ਕੋਈ ਵੀ ਆ ਸਕਦਾ ਹੈ-ਬਿਨਾਂ ਕਿਸੇ ਜਾਤ ਪਾਤ ਦੇ ਵਖਰੇਵੇਂ ਦੇ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਵਖਰੇਵੇਂ ਦੇ ਪਾੜ ਨੂੰ ਅੰਮ੍ਰਿਤ ਛਕਾ ਕੇ ਐਸਾ ਭਰਿਆ ਕਿ ਮੁੜ ਕੋਈ ਉੱਚਾ ਨੀਵਾਂ ਰਿਹਾ ਹੀ ਨਾ। ਪਹਿਲੇ ਪੰਜ ਭਾਰਤੀਆਂ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਉਹ ਅਲੱਗ ਅਲੱਗ ਰਾਜਾਂ ਦੇ ਸਨ। ਸਿੱਖ ਧਰਮ ਕਿਸੇ ਇਕ ਰਾਜ ਤੱਕ ਹੀ ਸੀਮਤ ਨਾ ਰਹਿ ਗਿਆ। ਇਹ ਸਾਰੇ ਭਾਰਤੀਆਂ ਅਤੇ ਸਾਰੇ ਵਰਣਾਂ ਦਾ ਸਾਂਝਾ ਧਰਮ ਬਣ ਗਿਆ। ਇਹ ਤਜਰਬਾ ਇਕ ਆਤਮਿਕ ਅੰਦੋਲਨ ਸਾਬਤ ਹੋਇਆ ਜਿਸ ਵਿਚੋਂ ਧਾਰਮਿਕ, ਰਾਜਸੀ ਅਤੇ ਸਮਾਜਿਕ ਪਰਿਵਰਤਨ ਪੈਦਾ ਹੋਏ। ਇਸ ਤਜਰਬੇ ਨੇ ਭਾਰਤ ਦਾ ਨਵਾਂ ਇਤਿਹਾਸ ਆਰੰਭ ਕੀਤਾ। ਭਾਰਤ ਦਾ ਨਵਾਂ ਇਤਿਹਾਸ ਅੰਮ੍ਰਿਤ ਦੇ ਆਦਰਸ਼ਾਂ ਤੇ ਉਨ੍ਹਾਂ ਦੀ ਸ਼ਕਤੀ ਦੇ ਚਮਤਕਾਰਾਂ ਦਾ ਇਤਿਹਾਸ ਹੈ।

ਅੰਮ੍ਰਿਤ ਦਾ ਸਿਧਾਂਤ ਮਨੁਖਤਾ ਵਾਸਤੇ ਨਵਾਂ ਨਹੀਂ ਸੀ। ਸਾਰੇ ਸੰਸਾਰ ਵਿਚ ਅੰਮ੍ਰਿਤ ਨੂੰ ਜੀਵਨ ਦੇ ਉੱਚਤਮ ਆਦਰਸ਼ਾਂ ਤੇ ਉੱਚਤਮ ਰਸ ਦਾ ਸਾਥੀ ਮੰਨਿਆ ਗਿਆ ਹੈ। ਸਾਰੇ ਧਰਮਾਂ ਵਿਚ ਇਸ ਦਾ ਕੋਈ ਨਾ ਕੋਈ ਸਰੂਪ ਮੌਜੂਦ ਹੈ। ਅੰਮ੍ਰਿਤ ਹਿੰਦੂ ਧਰਮਾਂ ਵਿਚ ਸੋਮ ਰਸ (ਬੂਟੀ) ਮੁਸਲਮਾਨਾਂ ਵਿਚ ਆਬਿ-ਹਯਾਤ (ਚਸ਼ਮਾ) ਯੋਗੀਆਂ ਵਿਚ ਅੰਮ੍ਰਿਤਧਾਰਾ (ਪ੍ਰਾਨਾਯਮ ਦੇ ਬਲ ਨਾਲ ਮਸਤਕ ਵਿਚ ਇਸਥਿਤ ਚੰਦਰਮਾ ਤੋਂ ਟਪਕਦੀ ਹੈ) ਰਿਸ਼ੀਆਂ ਵਿਚ ਮਾਨਸਰੋਵਰ (ਸਮੁੰਦਰ) ਅਤੇ ਈਸਾਈਆਂ ਵਿਚ ਬਪਤਿਸਮਾ (ਜੀਵਨ ਦੇਣ ਵਾਲਾ ਜਲ) ਦੇ ਰੂਪ ਵਿਚ ਪ੍ਰਚਲਤ ਹੈ। ਪਰ ਗੁਰਮਤਿ ਵਿਚ ਅੰਮ੍ਰਿਤ ਅੰਤਰੀਵ ਆਤਮਿਕ ਮੰਡਲਾਂ ਜਾਂ ਰੂਹਾਨੀ ਮੰਜ਼ਲਾਂ ਤੇ ਅੱਪੜ ਕੇ ਸਰੀਰ ਦੇ ਅੰਦਰਂਸ ਹੀ ਪ੍ਰਾਪਤੀ ਹੁੰਦੀ ਹੈ। ਇਸ ਦੀ ਪ੍ਰਾਪਤੀ ਲਈ ਆਪਾ ਮਾਰਨਾ ਪੈਂਦਾ ਹੈ। ਨਿਰਭਉ ਤੇ ਨਿਰਵੈਰ ਹੋ ਕੇ ਗੁਰੂ ਨੂੰ ਸੀਸ ਭੇਂਟ ਕਰਨ ਦੀ ਸ਼ਕਤੀ ਹਾਸਲ ਕਰਨੀ ਪੈਂਦੀ ਹੈ। ਗੁਰੂ ਨਾਨਕ ਸਾਹਿਬ ਦਾ ਕਥਨ ਹੈ:

ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥
ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥
ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥ (ਪੰਨਾ, 227)

ਉਹ ਅੰਮ੍ਰਿਤ ਜਿਸ ਦੇ ਪੀਤਿਆਂ ਤਤੁ ਤਕ ਪਹੁੰਚਿਆ ਜਾ ਸਕਦਾ ਹੈ, ਬਾਰੇ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ:

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥ (ਪੰਨਾ,918)

ਪਰ ਅੰਮ੍ਰਿਤ ਅਭਿਲਾਖੀਆਂ ਲਈ ਗੁਰੂ ਦੀ ਤਾਕੀਦ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਪੰਨਾ, 1412)

ਸੰਨ 1469 ਤੋਂ ਸਿੱਖ ‘ਆਪ ਗਵਾਈਐ ਤ ਸਹੁ ਪਾਈਐ’ ਦਾ ਸਿਧਾਂਤ ਦ੍ਰਿੜਾਉਂਦਾ ਆ ਰਿਹਾ ਸੀ। ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਵਿਚੋਂ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਉਹ ਨੰਗੀ ਤਲਵਾਰ ਤੋਂ ਡਰਿਆ ਨਹੀਂ। ਸੰਗਤ ਵਿਚੋਂ ਵਾਰੋ ਵਾਰੀ ਪੰਜ ਸਿੱਖ ‘ਸਤਿਗੁਰ ਆਗੈ ਸੀਸ ਭੇਟ ਕਰਨ ਲਈ ਜਾਜ਼ਰ ਹੋਏ। ਗੁਰੂ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ। ਧਰਤੀ ਤੋਂ ਚੁਕ ਕੇ ਅਸਮਾਨ ਤੇ ਜਾ ਬਿਠਾਇਆ। ‘ਪਿਆਰੇ ਦਾ ਖਿਤਾਬ ਬਖਸ਼ਿਆ। ਇਥੇ ਹੀ ਬਸ ਨਹੀਂ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ, ਫਿਰ ਉਨ੍ਹਾਂ ਕੋਲੋਂ ਅੰਮ੍ਰਿਤ ਛਕ ਕੇ ਗੁਰੂ ਦਾ ਰੂਪ ਹੀ ਦੇ ਦਿੱਤਾ। ‘ਆਪੇ ਗੁਰ ਚੇਲਾ’ ਦਾ ਸਿਧਾਂਤ ਦੁਨੀਆਂ ਨੇ ਪਹਿਲੀ ਵਾਰ ਤੱਕਿਆ। ਰਹਿਤ ਦ੍ਰਿੜ ਕਰਵਾਈ ਤੇ ਫਿਰ ਰਹਿਤ ਦ੍ਰਿੜ ਕੀਤੀ। ਅੰਮ੍ਰਿਤ ਦੀ ਰੁਹਤ ਦਾ ਜ਼ਬਤ ਹੀ ਖਾਲਸੇ ਦੀ ਜਥੇਬੰਦੀ ਦਾ ਚਿੰਨ੍ਹ ਹੈ। ਇਸ ਰਹਿਤ ਰਾਹੀਂ ਹੀ ਸਿੱਖ ਜ਼ਾਤੀ ਤੌਰ ਤੇ ਅਤੇ ਜਮਾਤੀ ਤੌਰ ਤੇ ਉੱਚਾ ਹੈ। ਇਹ ਰਹਿਤ ਹੀ ਉਸ ਨੂੰ ‘ਖਾਲਸਾ’ ਪਦ ਪ੍ਰਾਪਤ ਕਰਵਾਉਂ ਦੀ ਹੈ। ਖ਼ਾਲਸੇ ਤੋਂ ਭਾਂਵ ਹੈ ਖਾਸ ਵਹਿਗੁਰੂ ਜੀ ਦਾ। ਵਾਹਿਗੁਰੂ ਜੀ ਦਾ ਹੋ ਕੇ ਸ੍ਰੀ ਕਲਗੀਧਰ ਜੀ ਦਾ ਸਾਜਿਆ ਅੰਮ੍ਰਿਤਧਾਰੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦਾ ਵਾਰਸ ਬਣ ਜਾਂਦਾ ਹੈ। ਖ਼ਾਲਸਾ ਕਿਸੇ ਇਕ ਜਾਂ ਦੋ ਮਨੁਖਾਂ ਦਾ ਨਾਮ ਨਹੀਂ। ਇਹ ਤਾਂ ਕਿਸੇ ਉੱਚ ਆਤਮਿਕ ਪੱਧਰ ਦਾ ਨਾਮ ਹੈ। ਉਸ ਪੱਧਰ ਤੇ ਪਹੁੰਚ ਕੇ ਹੀ ਸਿੱਖ ‘ਖ਼ਾਲਸਾ’ ਅਖਵਾਉਣ ਦਾ ਅਧਿਕਾਰੀ ਹੈ।

ਖ਼ਾਲਸੇ ਦਾ ਆਦਰਸ਼ ਗੁਰੂ ਨਾਨਕ ਦੇਵ ਜੀ ਜਪੁ ਜੀ ਸਾਹਿਬ ਵਿਚ ਪੇਸ਼ ਕਰ ਚੁਕੇ ਸਨ:

ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥ (ਪੰਨਾ, 8)

‘ਖ਼ਾਲਸਾ’ ਉਹ ਹੈ ਜੋ ਜਤੁ, ਧੀਰਜ, ਮਤਿ ਤੇ ਬੇਦ (ਗਿਆਨ) ਵਾਲਾ ਹੋਵੇ। ਜੋ ਪ੍ਰਮਾਤਮਾ ਦੇ ਭੈ ਤੇ ਭਾਉ ਵਿਚ ਰਹਿੰਦਾ ਹੋਵੇ। ਜੋ ਆਪਣੇ ਆਦਰਸ਼ਾਂ ਲਈ ਪੂਰਨ ਘਾਲਣਾ ਘਾਲਦਾ ਹੋਵੇ। ਵੇਖਣ ਵਿਚ ਉਹ ਸਧਾਰਨ ਮਨੁਖ ਵਰਗਾ ਲਗਦਾ ਹੈ ਪਰ ਉਸ ਦੇ ਆਦਰਸ਼ ਨਿਆਰੇ ਹਨ। ਪਰ ਸੰਸਾਰ ਦੇ ਰਸ ਮਾਣਦਾ ਹੋਇਆ ਵੀ ਇਨ੍ਹਾਂ ਤੋਂ ਨਿਰਲੇਪ ਰਹਿੰਦਾ ਹੈ:

ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥ (ਪੰਨਾ, 1324)

ਉਸ ਦੇ ਇਖ਼ਲਾਕ ਦਾ ਆਧਾਰ ਮੁਕਤੀ ਦੇ ਸਿਧਾਂਤ ਦੀ ਥਾਂ ਚੰਗੇ ਜੀਵਨ ਦਾ ਸਿਧਾਂਤ ਹੈ। ਉਹ ਜੀਵਨ ਮੁਕਤ ਹੁੰਦਾ ਹੈ:

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥ (ਪੰਨਾ, 449)

ਉਸ ਦੀ ਕਰਨੀ ਅਤੇ ਕਥਨੀ ਵਿਚ ਭਿੰਨਤਾ ਨਹੀਂ ਹੁੰਦੀ। ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦਾ ਸਿਧਾਂਤ ਉਸ ਸਾਹਮਣੇ ਹੁੰਦਾ ਹੈ। ਮੁਢਲਾ ਸਿਧਾਂਤ ਨਾਮ ਦਾ ਹੈ ਜੋ ਬਾਕੀ ਸ਼ੁਭ ਕੰਮਾਂ ਦਾ ਸਰੋਤ ਹੈ। ਖ਼ਾਲਸਾ ਨਾਮ ਜਪ ਕੇ ਗੁਣਾਂ ਨਾਲ ਸਾਂਝ ਪਾ ਕੇ ਅਵਗੁਣਾਂ ਨੂੰ ਤਿਆਗਦਾ ਹੈ। ਕਿਸੇ ਉੱਚੇ ਆਦਰਸ਼ ਦੀ ਪ੍ਰਾਪਤੀ ਲਈ ਦੁਨਿਆਵੀ ਸੁਖਾਂ ਨੂੰ ਤਿਆਗ ਕੇ ਸਿਰ ਤਲੀ ਤੇ ਰੱਖ ਕੇ ਜਾਨ ਵਾਰਨ ਨੂੰ ਤਿਆਰ ਰਹਿੰਦਾ ਹੈ। ਖ਼ਾਲਸੇ ਦਾ ਸਦੀਵੀ ਆਦਰਸ਼ ‘ਵਾਹਿਗੁਰੂ ਜੀ ਕੀ ਫ਼ਤਹਿ ਹੈ ਤੇ ਸੰਸਾਰ ਵਿਚ ‘ਵਾਹਿਗੁਰੂ ਦਾ ਰਾਜ ਸਥਾਪਤ ਕਰਨਾ ਹੈ। ਲੋੜਵੰਦਾਂ, ਦੁਖੀਆਂ, ਦੀਨਾਂ ਦੀ ਆਵਾਜ਼ ਸੁਣ ਕੇ ਖ਼ਾਲਸਾ ਦੌੜ ਕੇ ਨਿਆਂ ਲਈ ਜੂਝਦਾ ਹੈ। ਸਵਾ ਸਵਾ ਲੱਖ ਨਾਲ ਇਕੱਲਾ ਮੁਕਾਬਲਾ ਕਰਦਾ ਹੈ। (ਵਾਹਿਗੁਰੂ ਜੁ ਨਾਲ ਹੈ।) ਉਸ ਦੀ ਇਕੱਲੇ ਦੀ ਆਵਾਜ਼ ਕਰੋੜਾਂ ਉਤੇ ਭਾਰੂ ਹੈ। ਗੁਰੂ ਨਾਨਕ ਦੇਵ ਜੀ ਖ਼ਾਲਸਾ ਸਨ। ਬਾਬਰ ਦੀ ਆਵਾਜ਼ ਖ਼ਾਲਸੇ ਦੀ ਆਵਾਜ਼ ਹੇਠ ਦੱਬ ਗਈ। ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਸਾਹਿਬਜ਼ਾਦਿਆਂ ਦੀ ਆਵਾਜ਼ ਖ਼ਾਲਸੇ ਦੀ ਆਵਾਜ਼ ਸੀ। ਇਸ ਆਵਾਜ਼ ਹੇਠ ਕਰੋੜਾਂ ਆਵਾਜ਼ਾਂ ਦੱਬੀਆਂ ਗਈਆਂ। ਪਰ ਖ਼ਾਲਸੇ ਦੀ ਆਵਾਜ਼ ਗੂੰਜਦੀ ਰਹੀ ਤੇ ਰਹੇਗੀ। ਕਿਉਂ? ਕਿਉਂ ਕਿ ਇਸ ਆਵਾਜ਼ ਦਾ ਆਦਰਸ਼ ਆਪਣੀ ਫ਼ਤਹਿ ਨਹੀਂ ਸਗੋਂ ‘ਵਾਹਿਗੁਰੂ ਜੀ ਕੀ ਫ਼ਤਹਿ ਹੈ। ਇਸ ਦਾ ਨਾਹਰਾ ‘ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ ਹੈ। ਜੈ ਜੈ ਕਾਰ ਅਕਾਲ ਪੁਰਖ ਦੀ ਹੈ। ਜੈ ਜੈ ਕਾਰ ਗੁਰੂ ਨਾਨਕ ਦੇ ਮੂਲ ਮੰਤ੍ਰ ਵਿਚ ਦਰਸਾਏ ਪ੍ਰਭੂ ਦੀ ਹੈ। ਜੈ ਜੈ ਕਾਰ ਸੱਚ ਦੀ ਹੈ। ਜੈ ਜੈ ਕਾਰ ਹੱਕ ਦੀ ਹੈ। ਖ਼ਾਲਸਾ ਹੱਕ ਦੀ ਪ੍ਰਾਪਤੀ ਲਈ ਤਲਵਾਰ ਉਠਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਹ ਸੰਤ ਵੀ ਹੈ ਤੇ ਸਿਪਾਹੀ ਵੀ। ਗੁਰੂ ਸਾਹਿਬ ਨੇ ਅੰਮ੍ਰਿਤ ਦੇ ਰੂਪ ਵਿਚ ਸੰਤ ਤੇ ਸਿਪਾਹੀ ਦੋਹਾਂ ਨੂੰ ਇਕ ਥਾਂ ਇਕੱਤਰ ਕਰ ਦਿੱਤਾ। ਇਸ ਅੰਮ੍ਰਿਤ ਦੀ ਸ਼ਕਤੀ ਨੇ ਨੀਵੀਂ ਤੋਂ ਨੀਵੀਂ ਸਮਝੀ ਜਾਂਦੀ ਜ਼ਾਤ ਦੇ ਲੋਕਾਂ ਨੂੰ ਅਦੁਤੀ ਸ਼ਕਤੀ ਪ੍ਰਦਾਨ ਕਰ ਕੇ ਜੋਧਿਆਂ ਦੀ ਪਹਿਲੀ ਕਤਾਰ ਵਿਚ ਲਿਆ ਖਲ੍ਹਾਰਿਆ। ਅੰਮ੍ਰਿਤ ਦੀ ਇਹ ਸ਼ਕਤੀ ਕਿਸੇ ਇਕ ਜਾਂ ਦੋ ਪੀੜ੍ਹੀਆਂ ਤਕ ਹੀ ਸੀਮਤ ਨਹੀਂ ਸਗੋਂ ਜਦ ਤਕ ਖੰਡਾ ਚਲਦਾ ਰਹੇਗਾ, ਖ਼ਾਲਸਾ ਪ੍ਰਗਟ ਹੁੰਦਾ ਰਹੇਗਾ। ਇਕ ਪੁਰਾਤਨ ਕਥਾ ਅਨੁਸਾਰ ਰਾਖਸ਼ਾਂ ਦਾ ਨਾਸ਼ ਕਰਨ ਲਈ ਰਿਸ਼ੀਆਂ ਨੇ ਆਬੂ ਪਹਾੜ ਉਤੇ ਇਕ ਹਵਨ ਕੀਤਾ। ਹਵਨ ਕੁੰਡ ਵਿਚੋਂ ਪਰਮਾਰ, ਚੌਹਾਨ, ਸੋਲੰਕ ਅਤੇ ਪਰਹਾਰ ਚਾਰ ਪ੍ਰਤਾਪੀ ਪੁਰਖ ਜਨਮੇ। ਇਨ੍ਹਾਂ ਚੋਹਾਂ ਤੋਂ ਚਾਰ ਰਾਜਪੂਤੀ ਖਾਨਦਾਨ ਬਣੇ। ਅਗਨੀ ਕੁੰਡ ਨੇ ਚਾਰ ਪ੍ਰਤਾਪੀ ਸੂਰਮੇ ਪੈਦਾ ਕੀਤੇ ਅਤੇ ਫਿਰ ਸੂਰਮਤਾਈ ਜਨਮ ਤੇ ਆ ਟਿਕੀ। ਇਨ੍ਹਾਂ ਸਾਰੇ ਸੂਰਮਿਆਂ ਦੇ ਪੁਤਰ ਅਗਨੀ ਕੁਲ ਛਤਰੀ ਅਖਵਾਏ। ਗੁਰੂ ਸਾਹਿਬ ਦੇ ਖੰਡੇ ਵਿਚੋਂ ਖੜ੍ਹੇ ਕੀਤੇ ਖ਼ਾਲਸੇ ਨੂੰ ਜੇ ਪੁਰਾਤਨ ਕਥਾ ਅਨੁਸਾਰ ਹੀ ਨਾਮ ਦੇਈਏ ਤਾਂ ਖ਼ਾਲਸਾ ਖੰਡਾ ਕੁਲ ਛਤਰੀ ਹੈ। ਹਵਨ ਕੁੰਡ ਦੀ ਅਗਨੀ ਤਾਂ ਚਾਰ ਸੂਰਮੇ ਪੈਦਾ ਕਰ ਕੇ ਬੁਝ ਗਈ ਪਰ ਖੰਡਾ ਜੁਗੋ ਜੁਗ ਅਟੱਲ ਹੈ। ਖੰਡੇ ਦੀ ਤਿੱਖੀ ਧਾਰ ਵਿਚੋਂ ਗੁਰੂ ਸਾਹਿਬ ਨੇ ਖ਼ਾਲਸੇ ਨੂੰ ਜਨਮ ਦੇ ਕੇ, ਆਪਣਾ ਰੂਪ ਬਖਸ਼ ਕੇ, ਖ਼ਾਲਸਾ ਪੈਦਾ ਕਰਨ ਦੇ ਸਮਰੱਥ ਬਣਾਇਆ। ਜਿਤਨੀ ਦੇਰ ਖੰਡਾ ਚਲਦਾ ਰਹੇਗਾ ਖ਼ਾਲਸਾ ਪੈਦਾ ਹੁੰਦਾ ਰਹੇਗਾ।