ਮਲੂਕਾ ਸ਼ਰਾਬੀ

ਅੱਜ ਗੁਰਮਤਿ ਕਲਾਸ ਦਾ ਤੀਜਾ ਦਿਨ ਸੀ। ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਸੀ। ਸਤਵੰਤ ਕੌਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਦਾ ਸਾਰਾ ਕੰਮ ਮੁਕਾ ਲੈਂਦੀ ਸੀ। ਅਜੇ ਉਹ ਵਿਹਲੀ ਹੋਈ ਹੀ ਸੀ ਕਿ ਬਾਹਰੋਂ ਕਿਸੇ ਦੇ ਰੋਣ ਦੀ ਆਵਾਜ਼ ਆਈ। ਆਵਾਜ਼ ਸੁਣ ਕੇ ਸਤਵੰਤ ਕੌਰ ਦੌੜੀ ਦੌੜੀ ਗੇਟ ਤੇ ਗਈ। ਇਕ ਔਰਤ ਬੈਠੀ ਰੋ ਰਹੀ ਸੀ। ਸਤਵੰਤ ਕੌਰ ਭਾਵੇਂ ਉਸ ਔਰਤ ਨੂੰ ਜਾਣਦੀ ਨਹੀਂ ਸੀ ਪਰ ਉਸ ਨੇ ਉਸ ਨੂੰ ਪਾਣੀ ਪਿਲਾਇਆ, ਚਾਹ ਪੁਛੀ। ਜਦੋਂ ਉਹ ਚੁਪ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਕੁਟ ਕੇ ਘਰੋਂ ਕੱਢ ਦਿੱਤਾ ਏ। ਸਤਵੰਤ ਕੌਰ ਅਜੇ ਅੱਗੋਂ ਪੁਛਣ ਹੀ ਲੱਗੀ ਸੀ ਕਿ ਬੱਚੇ ਆਉਣੇ ਸ਼ੁਰੂ ਹੋ ਗਏ। ਬੱਚਿਆਂ ਸਾਹਮਣੇ ਉਹ ਉਸ ਔਰਤ ਨਾਲ ਹੋਰ ਗੱਲ ਨਹੀਂ ਸੀ ਕਰਨਾ ਚਾਹੁੰਦੀ। ਉਹ ਅੰਦਰ ਆ ਗਈ ਪਰ ਉਸ ਔਰਤ ਦੀ ਹਾਲਤ ਨੇ ਸਤਵੰਤ ਕੌਰ ਨੂੰ ਉਦਾਸ ਕਰ ਦਿੱਤਾ। ਅਜੇ ਉਸ ਦੀਆਂ ਅੱਖਾਂ ਅੱਗੇ ੳਸ ਔਰਤ ਦੀ ਤਸਵੀਰ ਘੁੰਮਦੀ ਹੀ ਪਈ ਸੀ ਕਿ ਜਸਵਿੰਦਰ ਨੇ ਆਉਂਦਿਆਂ ਹੀ ਖ਼ਬਰ ਸੁਣਾਈ, ‘ਆਂਟੀ, ਇਕ ਗੱਲ ਦੱਸਾਂ! ਕਲ੍ਹ ਸਾਡੇ ਨਾਲ ਵਾਲੇ ਘਰ ਵਿਚ ਅੰਕਲ ਨੇ ਆਂਟੀ ਨੂੰ ਬਹੁਤ ਕੁਟਿਆ।’

‘ਕਿਉਂ?’ ਸਤਵੰਤ ਕੌਰ ਹੋਰ ਚਿੰਤਾ ਵਿਚ ਡੁਬ ਗਈ।

‘ਆਂਟੀ, ਅੰਕਲ ਨੇ ਸ਼ਰਾਬ ਪੀਤੀ ਹੋਈ ਸੀ।’

‘ਓਹੋ!’ ਕਹਿ ਕੇ ਸਤਵੰਤ ਕੌਰ ਸਾਰੇ ਬੱਚਿਆਂ ਨੂੰ ਕਹਿਣ ਲੱਗੀ, ‘ਬੱਚਿਓ! ਸ਼ਰਾਬ ਪੀਣਾ ਬਹੁਤ ਮਾੜੀ ਗੱਲ ਹੁੰਦੀ ਏ। ਦੇਖਿਆ ਨਾ, ਬਾਹਰ ਉਹ ਔਰਤ ਕਿਵੇਂ ਰੋ ਰਹੀ ਸੀ। ਉਸ ਦੇ ਪਤੀ ਨੇ ਵੀ ਸ਼ਰਾਬ ਪੀ ਕੇ ਉਸ ਨੂੰ ਘਰੋਂ ਕੱਢ ਦਿੱਤੈ । ਨਸ਼ਿਆਂ ਤੋਂ ਤਾਂ ਬਚ ਕੇ ਰਹਿਣਾ ਚਾਹੀਦੈ। ਤੁਹਾਨੂੰ ਪਤੈ ਸ਼ਰਾਬ ਪੀਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਨੇ।’

‘ਹਾਂ ਆਂਟੀ, ਮੇਰੇ ਇਕ ਦੋਸਤ ਦੇ ਪਾਪਾ ਦੇ ਕਿਡਨੀ ਖਰਾਬ ਹੋ ਗਏ ਨੇ। ਡਾਕਟਰਾਂ ਨੇ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਏ। ਮੇਰਾ ਦੋਸਤ ਦਸਦਾ ਸੀ, ਉਹਦੇ ਮੰਮੀ ਰੋਕਦੇ ਨੇ ਪਰ ਪਾਪਾ ਫੇਰ ਵੀ ਪੀ ਲੈਂਦੇ ਨੇ।’ ਜਸਵਿੰਦਰ ਨੂੰ ਆਪਣੇ ਦੋਸਤ ਦੀ ਯਾਦ ਆ ਗਈ।

‘ਬੱਚਿਉ! ਸ਼ਰਾਬ ਬਹੁਤ ਮਾੜੀ ਚੀਜ਼ ਏ। ਪੈਸਾ ਵੀ ਜ਼ਾਇਆ ਹੁੰਦਾ ਏ ਤੇ ਸਿਹਤ ਵੀ ਖਰਾਬ ਹੁੰਦੀ ਏ। ਚਲੋ, ਅੱਜ ਮੈਂ ਤੁਹਾਨੂੰ ਇਕ ਸ਼ਰਾਬੀ ਦੀ ਗੱਲ ਸੁਣਾਉਂਦੀ ਆਂ। ਆਪਾਂ ਕਲ੍ਹ ਗੁਰੂ ਅੰਗਦ ਦੇਵ ਜੀ ਦੀ ਗੱਲ ਕੀਤੀ ਸੀ ਨਾ। ਅੱਜ ਮੈਂ ਤੁਹਾਨੂੰ ਉਨ੍ਹਾਂ ਦੇ ਸਮੇਂ ਦੀ ਇਕ ਹੋਰ ਗੱਲ ਦਸਦੀ ਆਂ। ਖਡੂਰ ਵਿਚ ਇਕ ਅਮੀਰ ਆਦਮੀ ਰਹਿੰਦਾ ਸੀ। ਉਸ ਦਾ ਨਾਮ ਸੀ ਮਲੂਕਾ। ਲੋਕ ਉਸ ਨੂੰ ਮਲੂਕਾ ਚੌਧਰੀ ਸੱਦਿਆ ਕਰਦੇ ਸਨ। ਗਲਤ ਸੰਗਤ ਵਿਚ ਪੈ ਕੇ ਉਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ। ਉਹ ਏਨੀ ਸ਼ਰਾਬ ਪੀਣ ਲੱਗਾ…… ਏਨੀ ਸ਼ਰਾਬ ਪੀਣ ਲੱਗਾ ਕਿ ਲੋਕੀ ਉਹਨੂੰ ਮਲੂਕਾ ਸ਼ਰਾਬੀ ਸੱਦਣ ਲੱਗ ਪਏ। ਜ਼ਿਆਦਾ ਸ਼ਰਾਬ ਪੀਣ ਨਾਲ ਉਸ ਨੂੰ ਮਿਰਗੀ ਦੀ ਬੀਮਾਰੀ ਹੋ ਗਈ।’

‘ਆਂਟੀ ਮਿਰਗੀ ਕੀ ਹੁੰਦਾ ਏ’, ਸੁਹਾਵੀ ਨੇ ਪੁਛਿਆ।

‘ਬੱਚੇ, ਮਿਰਗੀ ਇਕ ਬੀਮਾਰੀ ਹੁੰਦੀ ਏ ਜਿਸ ਵਿਚ ਬੰਦਾ ਕਿਸੇ ਵੀ ਵੇਲੇ ਬੇਹੋਸ਼ ਹੋ ਜਾਂਦਾ ਏ – ਬਸ ਵਿਚ, ਕਾਰ ਵਿਚ, ਸੜਕ ਤੇ, ਸਕੂਟਰ ਤੇ। ਖੜਾ ਖੜਾ ਵੀ ਬੇਹੋਸ਼ ਹੋ ਸਕਦਾ ਏ। ਮਲੂਕਾ ਵੀ ਬੜੀ ਵਾਰੀ ਬੇਹੋਸ਼ ਹੋ ਕੇ ਡਿੱਗ ਪੈਂਦਾ ਤੇ ਲੋਕੀ ਉਸ ਨੂੰ ਚੁਕ ਕੇ ਘਰ ਛੱਡ ਕੇ ਜਾਂਦੇ।’

‘ਆਂਟੀ ਉਹਨੂੰ ਕੋਈ ਰੋਕਦਾ ਨਹੀਂ ਸੀ?’ ਸੁਹਾਵੀ ਨੇ ਇਕ ਵਾਰ ਫੇਰ ਪੁਛਿਆ।

‘ਬੇਟੇ, ਮਲੂਕੇ ਦੇ ਰਿਸ਼ਤੇਦਾਰ ਗੁਰੂ ਅੰਗਦ ਦੇਵ ਜੀ ਦੇ ਸਿੱਖ ਸਨ। ਉਹ ਉਸ ਨੂੰ ਰੋਕਦੇ ਸਨ ਪਰ ਉਹ ਕਿਸੇ ਦੀ ਮੰਨਦਾ ਹੀ ਨਹੀਂ ਸੀ। ਜਦੋਂ ਉਹ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਤਾਂ ਉਨ੍ਹਾਂ ਨੇ ਮਲੂਕੇ ਨੂੰ ਕਿਹਾ ਕਿ ਉਹ ਗੁਰੂ ਜੀ ਕੋਲ ਜਾਏ। ਗੁਰੂ ਜੀ ਬੜੇ ਸਮਰੱਥ ਨੇ। ਉਹ ਜ਼ਰੂਰ ਉਹਦਾ ਰੋਗ ਦੂਰ ਕਰ ਦੇਣਗੇ। ਗਲਤ ਸੰਗਤ ਵਿਚ ਪੈ ਕੇ ਉਹ ਗੁਰੂ ਜੀ ਵਿਰੁਧ ਵੀ ਬੋਲਦਾ ਰਹਿੰਦਾ ਸੀ। ਉਸ ਨੂੰ ਗੁਰੂ ਜੀ ਕੋਲ ਜਾਂਦਿਆਂ ਸ਼ਰਮ ਆਉਂਦੀ ਸੀ। ਪਰ ਆਪਣੀ ਬੀਮਾਰੀ ਤੋਂ ਉਹ ਬਹੁਤ ਔਖਾ ਸੀ। ਸੋ ਰਿਸ਼ਤੇਦਾਰਾਂ ਦੀ ਗੱਲ ਮੰਨ ਕੇ ਉਹ ਗੁਰੂ ਜੀ ਕੋਲ ਚਲਾ ਗਿਆ ਤੇ ਉਨ੍ਹਾਂ ਨੂੰ ਆਪਣਾ ਦੁਖ ਦੱਸਿਆ। ਤੁਹਾਨੂੰ ਪਤਾ ਏ ਗੁਰੂ ਜੀ ਤਾਂ ਸਾਰਿਆਂ ਨੂੰ ਹੀ ਪਿਆਰ ਕਰਦੇ ਨੇ। ਉਹ ਸਾਰਿਆਂ ਨੂੰ ਮਾਫ਼ ਵੀ ਕਰ ਦੇਂਦੇ ਨੇ। ਉਨ੍ਹਾਂ ਨੇ ਮਲੂਕੇ ਨੂੰ ਕਿਹਾ – ਭਾਈ ਪੁਰਖਾ! ਚੰਗੇ ਕੰਮ ਕਰਿਆ ਕਰ। ਨਾਮ ਜਪਿਆ ਕਰ। ਮਾੜੇ ਦੋਸਤ ਛੱਡ ਦੇ ਜਿਨ੍ਹਾਂ ਦੀ ਸੰਗਤ ਵਿਚ ਤੂੰ ਸ਼ਰਾਬ ਪੀਣੀ ਸ਼ੁਰੂ ਕੀਤੀ ਏ। ਸ਼ਰਾਬ ਪੀਣੀ ਵੀ ਛੱਡ ਦੇ। ਪ੍ਰਭੂ ਦੀ ਕਿਰਪਾ ਨਾਲ ਥੋੜ੍ਹੇ ਦਿਨਾਂ ਵਿਚ ਹੀ ਤੇਰਾ ਰੋਗ ਦੂਰ ਹੋ ਜਾਏਗਾ। ਮਲੂਕੇ ਨੇ ਗੁਰੂ ਜੀ ਨਾਲ ਵਾਅਦਾ ਕੀਤਾ ਕਿ ਹੁਣ ਉਹ ਕਦੇ ਵੀ ਸ਼ਰਾਬ ਨਹੀਂ ਪੀਏਗਾ ਤੇ ਚੰਗੇ ਕੰਮ ਕਰਿਆ ਕਰੇਗਾ। ਉਹਨੇ ਸ਼ਰਾਬ ਪੀਣੀ ਛੱਡ ਦਿੱਤੀ। ਹਰ ਵੇਲੇ ਨਾਮ ਜਪਦਾ, ਪਾਠ ਕਰਦਾ, ਚੰਗੇ ਕੰਮ ਕਰਦਾ।’

‘ਆਂਟੀ, ਫੇਰ ਉਹ ਠੀਕ ਹੋ ਗਿਆ?’ ਪ੍ਰਭਨੂਰ ਦੇ ਮਨ ਵਿਚ ਪ੍ਰਸ਼ਨ ਉੱਠਿਆ।

‘ਹਾਂ ਬੇਟੇ, ਜਲਦੀ ਹੀ ਉਸ ਦਾ ਰੋਗ ਦੂਰ ਹੋ ਗਿਆ। ਮਲੂਕਾ ਬੜਾ ਖੁਸ਼ ਹੋਇਆ। ਉਹ ਹਰ ਵੇਲੇ ਗੁਰੂ ਜੀ ਦੀ ਉਸਤਤ ਕਰਦਾ। ਉਨ੍ਹਾਂ ਦੇ ਗੁਣ ਗਾਉਂਦਾ। ਪਰ ਇਕ ਦਿਨ ਉਸ ਦਾ ਮੇਲ ਇਕ ਪੁਰਾਣੇ ਸ਼ਰਾਬ ਪੀਣ ਵਾਲੇ ਦੋਸਤ ਨਾਲ ਹੋ ਗਿਆ। ਉਸ ਦੋਸਤ ਨੇ ਉਸ ਨੂੰ ਫਿਰ ਸ਼ਰਾਬ ਦਾ ਲਾਲਚ ਦਿੱਤਾ। ਮਲੂਕੇ ਦਾ ਸ਼ਰਾਬ ਪੀਣ ਤੇ ਦਿਲ ਕਰ ਆਇਆ। ਉਹਨੇ ਬੜੀ ਸਾਰੀ ਸ਼ਰਾਬ ਪੀ ਲਈ। ਗੁਰੂ ਜੀ ਨਾਲ ਕੀਤਾ ਆਪਣਾ ਵਾਅਦਾ ਤੋੜ ਦਿੱਤਾ।’

‘ਆਂਟੀ, ਉਹ ਤੇ ਪਾਠ ਕਰਨ ਲੱਗ ਪਿਆ ਸੀ। ਉਹਨੇ ਫੇਰ ਸ਼ਰਾਬ ਪੀ ਲਈ?’ ਪ੍ਰਭਨੂਰ ਹੈਰਾਨ ਸੀ ਕਿ ਪਾਠ ਕਰਨ ਵਾਲਾ ਸ਼ਰਾਬ ਕਿਵੇਂ ਪੀ ਸਕਦਾ ਏ।

‘ਬੱਚੇ ਜੀ, ਏਸੇ ਲਈ ਗੁਰੂ ਜੀ ਕਹਿੰਦੇ ਨੇ ਕਿ ਹਮੇਸ਼ਾ ਚੰਗੇ ਦੋਸਤ ਬਣਾਉ। ਮਾੜੇ ਦੀ ਦੋਸਤੀ ਚੰਗੇ ਨੂੰ ਵੀ ਮਾੜਾ ਬਣਾ ਦੇਂਦੀ ਏ। ਮਲੂਕਾ ਚੰਗਾ ਬਣ ਗਿਆ ਸੀ ਪਰ ਸ਼ਰਾਬੀ ਦੋਸਤ ਨੇ ਉਸ ਨੂੰ ਫੇਰ ਸ਼ਰਾਬੀ ਬਣਾ ਦਿੱਤਾ। ਸ਼ਰਾਬ ਪੀਣ ਨਾਲ ਉਹਨੂੰ ਫੇਰ ਮਿਰਗੀ ਦਾ ਰੋਗ ਹੋ ਗਿਆ।’

‘ਹਾਅ……ਉਹ ਫੇਰ ਬੀਮਾਰ ਹੋ ਗਿਆ।’ ਪ੍ਰਭਨੂਰ ਨੂੰ ਉਸ ਉਤੇ ਤਰਸ ਆਇਆ।

‘ਹਾਂ ਬੇਟੇ, ਉਹ ਫੇਰ ਬੀਮਾਰ ਹੋ ਗਿਆ। ਇਕ ਦਿਨ ਬਹੁਤ ਬਾਰਸ਼ ਹੋ ਰਹੀ ਸੀ। ਉਹਨੇ ਖੂਬ ਸਾਰੀ ਸ਼ਰਾਬ ਪੀਤੀ ਤੇ ਛੱਤ ਉਤੇ ਚੜ੍ਹ ਗਿਆ। ਉਪਰ ਪਹੁੰਚਦਿਆਂ ਉਹਨੂੰ ਮਿਰਗੀ ਦਾ ਦੌਰਾ ਪੈ ਗਿਆ। ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਡਿਗਦਿਆਂ ਹੀ ਉਸ ਦੀ ਮੌਤ ਹੋ ਗਈ।’

ਸਾਰੇ ਬੱਚੇ ਉਸ ਦੀ ਮੌਤ ਸੁਣ ਕੇ ਇਕ ਦਮ ਚੁਪ ਹੋ ਗਏ। ਕਿੰਨੀ ਦੇਰ ਕੋਈ ਨਾ ਬੋਲਿਆ। ਆਖਿਰ ਹਰਲੀਨ ਨੇ ਚੁਪ ਤੋੜਦਿਆਂ ਕਿਹਾ, ‘ਮੰਮੀ, ਜਿਹੜੀ ਔਰਤ ਬਾਹਰ ਰੋਂਦੀ ਪਈ ਸੀ ਉਸ ਦੇ ਪਤੀ ਦਾ ਕੀ ਬਣੇਗਾ?’

‘ਬੱਚੋ, ਬਣਨਾ ਕੀ ਏ, ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ। ਮਰਨਾ ਭਾਵੇਂ ਸਭ ਨੇ ਹੈ ਪਰ ਸ਼ਰਾਬ ਪੀਣ ਵਾਲਾ ਬੀਮਾਰੀ ਨਾਲ ਔਖਾ ਹੋ ਕੇ ਮਰਦਾ ਹੈ। ਨਾਲੇ ਮਰਨ ਤੋਂ ਪਹਿਲਾਂ ਸਾਰਾ ਪੈਸਾ ਵੀ ਸ਼ਰਾਬ ਵਿਚ ਜ਼ਾਇਆ ਕਰ ਜਾਂਦਾ ਹੈ। ਬਾਅਦ ਵਿਚ ਪਰਿਵਾਰ ਰੁਲਦਾ ਹੈ। ਏਸੇ ਲਈ ਗੁਰੂ ਜੀ ਨੇ ਸਾਨੂੰ ਹਰ ਕਿਸਮ ਦੇ ਨਸ਼ੇ ਤੋਂ ਰੋਕਿਆ ਏ। ਅੱਜ ਮੈਂ ਤੁਹਾਨੂੰ ਗੁਰਬਾਣੀ ਦੀ ਇਕ ਤੁਕ ਯਾਦ ਕਰਾਉਂਦੀ ਹਾਂ ਤਾਂ ਕਿ ਸਾਨੂੰ ਗੁਰੂ ਜੀ ਦਾ ਸਬਕ ਚੰਗੀ ਤਰ੍ਹਾਂ ਯਾਦ ਹੋ ਜਾਏ। ਸਾਰੇ ਮੇਰੇ ਪਿਛੇ ਬੋਲੋ:

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥

ਸਾਰੇ ਬੱਚੇ ਪਿਛੇ ਪਿਛੇ ਬੋਲਣ ਲੱਗੇ।