ਕੁਦਰਤ ਦੀ ਯੋਜਨਾ ਵਿਚ ਕੇਸ

ਕਾਇਨਾਤ ਵਿਚ ਕੁਝ ਵੀ ਉਘੜ ਦੁਘੜ ਜਾਂ ਸੰਜੋਗ ਵਸ ਨਹੀਂ ਹੋ ਰਿਹਾ। ਕਾਇਨਾਤ ਦੀ ਹਰ ਵਸਤੂ ਯੋਜਨਾਬੱਧ ਹੈ। ਮਨੁਖੀ ਸਰੀਰ ਦਾ ਵਿਕਾਸ ਵੀ ਇਕ ਖਾਸ ਯੋਜਨਾ ਅਨੁਸਾਰ ਹੋਇਆ ਹੈ ਅਤੇ ਇਸ ਵਿਚ ਕੁਦਰਤੀ ਸੁਭਾਵਕ ਤਬਦੀਲੀਆਂ ਵੀ ਕੁਦਰਤ ਦੀ ਖਾਸ ਯੋਜਨਾ ਅਧੀਨ ਹੀ ਹੁੰਦੀਆਂ ਹਨ। ਇਸ ਨੂੰ ਐਵੋਲੂਸ਼ਨ ਦਾ ਨਾਂ ਦਿੱਤਾ ਗਿਆ ਹੈ। ਕੇਸ ਸਰੀਰ ਦੀ ਬਣਤਰ ਦਾ ਇਕ ਅਟੁਟ ਹਿੱਸਾ ਹਨ। ਕੇਸਾਂ ਦਾ ਵਿਕਾਸ ਨਿਯਮਬੱਧ ਕਰਣ ਲਈ ਵੀ ਕੁਦਰਤ ਦੀ ਯੋਜਨਾ ਹੀ ਕੰਮ ਕਰ ਰਹੀ ਹੈ। ਲਾਈਸੋਫੌਸਫੇਟਿਡਿਕ ਏਸਿਡ ਅਰਥਾਤ lysophosphatidic acid (LPA) ਨਾਮ ਦਾ ਰਸਾਇਣ ਇਕ ਅਜਿਹਾ ਖਾਸ ਰਸਾਇਣ ਹੈ ਜੋ ਰਸਾਇਣਕ ਤਬਦੀਲੀਆਂ ਨਾਲ ਵਾਲਾਂ ਦਾ ਵਿਕਾਸ ਕਰਣ ਵਿਚ ਹਰ ਵਕਤ ਲਗਿਆ ਹੋਇਆ ਹੈ।ਵਾਲਾਂ ਦਾ ਵਿਕਾਸ ਲਗਾਤਾਰ ਚਲਦਾ ਰਹਿੰਦਾ ਹੈ। ਵਾਲਾਂ ਦੀ ਬਣਤਰ ਵਿਕਾਸ ਦਾ ਅਟੁਟ ਹਿਸਾ ਹੈ। ਕੇਸਾਂ ਦੀ ਛੋਹ ਦੀ ਸਖਤਾਈ ਨਰਮਾਈ (consistency),ਕੇਸਾਂ ਦਾ ਫੈਲਾਓ (volume) ਅਤੇ ਘਾੜਤ ਸਭ ਪੱਖ ਹਰ ਵਿਅਕਤੀ ਵਿਚ ਅਨੂਠੇ ਹਨ। ਸਤਿਹ ਦਾ ਡਿਜ਼ਾਈਨ ਵੀ ਹਰ ਵਿਅਕਤੀ ਵਿਚ ਅਪਣਾ ਹੀ ਹੁੰਦਾ ਹੈ। ਇਥੋਂ ਤਕ ਕਿ ਕੁਦਰਤ ਵਲੋਂ ਹਰ ਵਿਅਕਤੀ ਦੇ ਵਾਲਾਂ ਦਾ ਆਕਾਰ ਅਤੇ ਬੁਣਤੀ ਦੇ ਡਜ਼ਾਈਨ ਵੀ ਚੁਣੇ ਗਏ ਹਨ।

ਵਾਲਾਂ ਦੀ ਬਣਤਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਅਕਤੀ ਕਿਸ ਭੂਗੋਲਿਕ ਖੇਤਰ ਨਾਲ ਸਬੰਧ ਰੱਖਦਾ ਹੈ। ਹਰ ਭੂਗੋਲਿਕ ਖੇਤਰ ਦੇ ਵਾਤਾਵਰਣ ਦੀਆਂ ਅਪਨੀਆਂ ਅਪਨੀਆਂ ਜ਼ਰੂਰਤਾਂ ਹੁੰਦੀਆਂ ਹਨ। ਇਨ੍ਹਾਂ ਦੀ ਪੂਰਤੀ ਵਾਸਤੇ ਕੁਦਰਤ ਨੇ ਮਨੁਖੀ ਸਰੀਰ ਨੂੰ ਕਾਬਲ ਬਣਾਇਆ ਹੈ। ਕੁਸ਼ਲਤਾ ਵਧਾਣ ਵਾਸਤੇ ਸਰੀਰ ਦੇ ਅੰਗਾਂ ਨੂੰ ਵਾਤਾਵਰਣ ਅਨੁਕੂਲ ਬਣਾਇਆ ਹੈ। ਵਾਲਾਂ ਦੀ ਬੁਣਤੀ ਉਸੇ ਹੀ ਕੋਸ਼ਿਸ਼ ਦਾ ਇਕ ਹਿੱਸਾ ਹੈ। ਵਾਲਾਂ ਦੇ ਧਾਗਿਆਂ ਦੀ ਅਲੱਗ ਅਲੱਗ ਢੰਗਾਂ ਨਾਲ ਬੁਣਤੀ ਕੀਤੀ ਹੁੰਦੀ ਹੈ।ਬੁਣਤੀ ਦੇ ਢੰਗ ਨਾਲ ਹੀ ਕੁਦਰਤੀ ਵਾਲਾਂ ਦਾ ਡਿਜ਼ਾਈਨ ਬਣਦਾ ਹੈ। ਬੁਣਤੀ ਬਣਾਉਣ ਅਤੇ ਬਣਾ ਕੇ ਸਥਿਰ ਰੱਖਣ ਦਾ ਪ੍ਰਬੰਧ ਵੀ ਕੁਦਰਤ ਵਲੋਂ ਕੀਤਾ ਹੋਇਆ ਹੈ। ਇਸ ਮੰਤਵ ਦੀ ਪੂਰਤੀ ਲਈ ਵਾਲਾਂ ਦੇ ਸੈੱਲਾਂ ਨੂੰ ਡੈਸਮੋਸੋਮਾਂ ਨਾਲ ਆਪਸ ਵਿਚ ਜੋੜਿਆ ਗਿਆ ਹੈ।

Desmosome

ਡੈਸਮੋਸੋਮ ਵਾਲਾਂ ਦੇ ਸੈੱਲਾਂ ਨੂੰ ਆਪਸ ਵਿਚ ਜੋੜ ਕੇ ਵਾਲਾਂ ਦੀ ਬਣਤਰ ਅਤੇ ਬੁਣਤੀ ਨੂੰ ਕਾਇਮ ਰੱਖਦਾ ਹੈ। ਕਮਾਲ ਦੀ ਗਲ ਤਾਂ ਇਹ ਹੈ ਕਿ ਹਰ ਵਿਅਕਤੀ ਵਿਚ ਵਾਲ ਝੜਣ ਤੋਂ ਬਾਦ ਨਵੇਂ ਵਾਲ ਵੀ ਉਸੇ ਤਰ੍ਹਾਂ ਦੀ ਘਾੜਤ ਦੇ ਹੀ ਬਣਦੇ ਹਨ।

ਕੇਸਾਂ ਦੀ ਬੁਣਤੀ ਵਿਅਕਤੀ ਦੇ ਅਣੂਆਂ ਦੀ ਬਣਤਰ ਉਤੇ ਹੀ ਮੁਖ ਤੌਰ ਤੇ ਨਿਰਭਰ ਕਰਦੀ ਹੈ। ਅਲਗ ਅਲਗ ਨਸਲਾਂ ਦੇ ਲੋਕਾਂ ਵਿਚ ਅਲਗ ਅਲਗ ਜੀਨ ਬੁਣਤੀ ਨੂੰ ਪ੍ਰਭਾਵਿਤ ਕਰਦੇ ਹਨ। ਏਸ਼ੀਆ ਦੇ ਲੋਕਾਂ ਵਿਚ EDGAR ਅਤੇ FGFR2, ਅਤੇ ਉਤਰੀ ਯੂਰਪ ਦੇ ਲੋਕਾਂ ਵਿਚ TCH ਨਾਂ ਦਾ ਜੀਨ ਇਹ ਫੈਸਲਾ ਕਰਦਾ ਹੈ, ਕਿ ਵਾਲਾਂ ਦੀ ਬੁਣਤੀ ਕਿਹੋ ਜਹੀ ਹੋਵੇਗੀ। ਇਨ੍ਹਾਂ ਜੀਨਾਂ ਵਿਚ ਬਦਲਾਵ ਵਾਲਾਂ ਬੁਣਤੀ ਨੂੰ ਪ੍ਰਭਾਵਿਤ ਕਰਦਾ ਹੈ।

ਬਦਲਦੇ ਸਮੇਂ ਦੀਆਂ ਬਦਲਦੀਆਂ ਜ਼ਰੂਰਤਾਂ ਮੁਤਾਬਕ ਸਮੁਚੀ ਕਾਇਨਾਤ ਵਿਚ ਸੁਧਾਰ ਹੁੰਦਾ ਜਾਂਦਾ ਹੈ। ਹਾਲਾਤ ਮੁਤਾਬਕ ਮਨੁਖੀ ਸਰੀਰ ਵਿਚ ਵੀ ਤਬਦੀਲੀਆਂ ਆਂਦੀਆਂ ਰਹਿੰਦੀਆਂ ਹਨ। ਲੋੜੀਂਦੇ ਅੰਗ ਬਚੇ ਰਹਿੰਦੇ ਹਨ,ਸਗੋਂ ਉਹ ਹੋਰ ਵੀ ਵਧੇਰੇ ਵਿਕਸਿਤ ਹੁੰਦੇ ਜਾਂਦੇ ਹਨ। ਉਨ੍ਹਾਂ ਦਾ ਵਿਕਾਸ ਨਿਯਮਿਤ ਹੋ ਜਾਂਦਾ ਹੈ। ਬੇਲੋੜੇ ਅੰਗ ਹੌਲੀ ਹੌਲੀ ਘਟਦੇ ਘਟਦੇ ਛੋਟੇ ਹੁੰਦੇ ਜਾਂਦੇ ਹਨ। ਕਈ ਅੰਗ ਸਿਰਫ ਨਿਸ਼ਾਨੀ ਦੇ ਤੌਰ ਤੇ (vestigial) ਹੀ ਰਹਿ ਗਏ ਹਨ ਜਿਵੇਂ ਅਪੈਂਡਿਕਸ ਅਤੇ ਪੂਛਲ ਵਾਲੀ ਹੱਡੀ।

ਆਓ ਕੇਸਾਂ ਦੇ ਐਵੋਲੂਸ਼ਨ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ। ਅਜ ਤੋਂ ਲਗਪਗ 3100 ਲੱਖ ਸਾਲ ਪਹਿਲਾਂ ਸਾਰੇ ਥਣਧਾਰੀ ਜੀਵਾਂ ਦੇ ਸਰੀਰ ਉਤੇ ਵਾਲ ਬਨਣ ਲਗੇ। ਵਾਲਾਂ ਨਾਲ ਜੀਵ ਸੁੰਦਰ ਲਗਣ ਲਗ ਪਏ। ਕੁਤੇ ਜੱਤ ਲਾਹ ਦਿੱਤੀ ਜਾਵੇ ਤਾਂ ਬਹੁਤ ਭੱਦਾ ਲਗਦਾ ਹੈ। ਕੇਸ ਸਿਰਫ ਜੀਵ ਨੂੰ ਸੁੰਦਰ ਬਣਾਉਣ ਲਈ ਹੀ ਨਹੀਂ ਬਣੇ,ਸਗੋਂ ਜੀਵਾਂ ਦਾ ਸੱਟਾਂ, ਜ਼ਖਮਾਂ, ਦੂਜੇ ਜਾਨਵਰਾਂ ਦੇ ਚੱਕ, ਗਰਮੀ, ਸਰਦੀ ਅਤੇ ਧੁਪ ਵਿਚੋਂ ਆਣ ਵਾਲੀਆਂ ਨੁਕਸਾਨਦੇਹ ਤਰੰਗਾਂ ਤੋਂ ਬਚਾਅ ਵੀ ਕਰਦੇ ਹਨ। ਅਸੀਂ ਦੇਖਦੇ ਹਾਂ ਕਿ ਬਹੁਤੇ ਜਾਨਵਰਾਂ ਵਿਚ ਸਰੀਰ ਦੀ ਜੱਤ ਰੂਪੀ ਵਾਲਾਂ ਦੀ ਪਰਤ ਨਸਤੰਤੂਆਂ ਰਾਹੀਂ ਦਿਮਾਗ ਨਾਲ ਜੁੜੀ ਹੋਈ ਹੈ ਜਿਨ੍ਹਾਂ ਤੋਂ ਸੂਚਨਾ ਦਿਮਾਗ ਤਕ ਪਹੁੰਚ ਜਾਂਦੀ ਹੈ।

ਹੌਲੀ ਹੌਲੀ ਹਾਲਾਤ ਦੀ ਮੰਗ ਅਨੁਸਾਰ ਸਮੇਂ ਦੇ ਨਾਲ ਨਾਲ ਵਾਲ ਘਟਦੇ ਜਾਂ ਵਧਦੇ ਗਏ। ਜਿਨਾਂ ਅੰਗਾਂ ਉਤੇ ਜੀਵਨ ਢੰਗ ਮੁਤਾਬਕ ਵਾਲਾਂ ਦੀ ਲੋੜ ਘੱਟਦੀ ਗਈ, ਉਥੋਂ ਕੁਦਰਤ ਦੇ ਹੁਕਮ ਅਨੁਸਾਰ ਵਾਲ ਵੀ ਅਪਣੇ ਆਪ ਹੀ ਘਟਨੇ ਸ਼ੁਰੂ ਹੋ ਗਏ। 5000 ਥਣਦਾਰੀ ਜੀਵਾਂ ਦੀਆਂ ਕਿਸਮਾਂ ਵਿਚੋਂ ਕੁਝ ਕਿਸਮਾਂ ਵਿਚ ਖਾਸ ਤੌਰਤੇ ਵਾਲਾਂ ਦਾ ਵਿਕਾਸ ਖਾਸ ਯੋਜਨਾਬੱਧ ਤਰੀਕੇ ਨਾਲ ਹੋਣ ਲਗ ਪਿਆ। ਇਨ੍ਹਾਂ ਵਿਚ ਮਨੁਖ ਵੀ ਸ਼ਾਮਲ ਹੈ। ਇਹ ਯੋਜਨਾ ਜੀਵ ਨੇ ਆਪ ਨਹੀਂ ਬਣਾਈ ਨਾ ਹੀ ਇਸ ਨੂੰ ਉਹ ਕੋਈ ਅਪਨੀ ਮਰਜ਼ੀ ਅਨੁਸਾਰ ਬਦਲ ਸਕਦਾ ਹੈ। ਕੁਦਰਤ ਦੇ ਅਪਣੇ ਨਿਰਧਾਰਤ ਨਿਯਮਾਂ ਅਨੁਸਾਰ ਹੀ ਕੇਸਾਂ ਦਾ ਕੁਦਰਤੀ ਵਿਕਾਸ ਹੋ ਰਿਹਾ ਹੈ।

ਲਗਪਗ 25 ਲੱਖ ਸਾਲ ਪਹਿਲਾਂ ਤਕ ਮਨੁਖ ਦੇ ਜਠੇਰਿਆਂ ਦੇ ਸਰੀਰ ੳੇਤੇ ਵੀ ਜੱਤ ਹੁੰਦੀ ਸੀ। ਮੌਸਮ ਵਿਚ ਤਬਦੀਲੀ ਆਈ। ਪੂਰਬੀ ਅਤੇ ਮੱਧ ਅਫਰੀਕਾ ਧਰਤੀ ਦਾ ਉਹ ਭਾਗ ਹੈ ਜਿੱਥੇ ਸਭ ਤੋਂ ਪਹਿਲਾ ਮਨੁਖ ਹੋਂਦ ਵਿਚ ਆਇਆ ਅਤੇ ਮਨੁਖਤਾ ਦਾ ਅਰੰਭ ਹੋਇਆ। ਸਮਾਂ ਆਇਆ ਅਤੇ ਧਰਤੀ ਦੇ ਜਿਸ ਭਾਗ ਵਿਚ ਪੁਰਾਣਾ ਪਹਿਲਾ ਮਨੁਖ ਰਹਿੰਦਾ ਸੀ, ਉਥੇ ਮੌਸਮ ਅਤੇ ਧਰਤੀ ਦੀ ਨਮੀ ਘੱਟ ਹੋ ਗਈ। ਹਰੇ ਭਰੇ ਜੰਗਲ ਸੁਕ ਗਏ। ਮਨੁਖ ਨੂੰ ਭੋਜਨ ਅਤੇ ਪਾਣੀ ਦੀ ਭਾਲ ਲਈ ਦੂਰ ਦੂਰ ਤਕ ਜਾਣ ਦੀ ਲੋੜ ਪੈ ਗਈ। ਬਨਾਸਪਤੀ ਦੀ ਘਾਟ ਕਾਰਨ ਮਨੁਖ ਨੇ ਭੋਜਨ ਪੂਰਤੀ ਲਈ ਮੀਟ ਖਾਣਾ ਸ਼ੁਰੂ ਕਰ ਦਿੱਤਾ। ਸ਼ਿਕਾਰ ਦੇ ਪਿੱਛੇ ਮਨੁਖ ਨੂੰ ਦੂਰ ਦੂਰ ਤਕ ਜਾਣ ਅਤੇ ਦੌੜਨ ਦੀ ਲੋੜ ਪੈਣ ਲਗ ਪਈ।ਮਨੁਖ ਦੀ ਜੀਵਨ ਸ਼ੈਲੀ ਬਦਲ ਗਈ।

ਜੀਵਨ ਸ਼ੈਲੀ ਵਿਚ ਇਸ ਤਬਦੀਲੀ ਨਾਲ ਜਿਥੇ ਮਨੁਖ ਦੇ ਸੁਭਾ ਵਿਚ ਬਦਲਾਅ ਆਇਆ ਉਥੇ ਮਨੁਖ ਦੇ ਸਰੀਰ ਦੀ ਬਣਤਰ ਵਿਚ ਵੀ ਲੋੜ ਮੁਤਾਬਕ ਤਬਦੀਲੀਆਂ ਆਈਆਂ-:

 • ਮਨੁਖ ਦੇ ਸਰੀਰ ਦਾ ਆਕਾਰ ਅਪਣੀ ਜਾਤੀ ਏਪਸ ਦੇ ਹੋਰ ਜੀਵਾਂ ਨਾਲੌਂ ਵੱਡਾ ਹੁੰਦਾ ਗਿਆ। ਸਰੀਰ ਦੇ ਵੱਡੇ ਆਕਾਰ ਕਾਰਨ ਸਰੀਰ ਅੰਦਰਲੀ ਗਰਮੀ ਦੀ ਮਾਤਰਾ ਵੱਧ ਗਈ। ਦੂਰ ਤਕ ਭੱਜ ਦੌੜ ਕਰਨ ਨਾਲ ਸਰੀਰ ਹੋਰ ਵੀ ਬਹੁਤ ਗਰਮ ਹੋ ਜਾਂਦਾ ਸੀ। ਗਰਮੀ ਬਾਹਰ ਕੱਢਣ ਦੀ ਲੋੜ ਵਧੇਰੇ ਹੋ ਗਈ।ਗਰਮੀ ਦਾ ਟਾਕਰਾ ਕਰਨ ਲਈ ਪਸੀਨੇ ਦੀਆਂ ਗ੍ਰੰਥੀਆਂ ਮਨੁਖ ਦੇ ਸਰੀਰ ਦੇ ਕਾਫੀ ਹਿੱਸੇ ਉਤੇ ਬਣ ਗਈਆਂ। ਇਸ ਨਾਲ ਉਸ ਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ। ਪਸੀਨੇ ਦਾ ਵਾਸ਼ਪੀਕਰਨ ਵਾਲਾਂ ਤੋਂ ਹੋਣ ਲਗ ਪਿਆ ਜਿਸ ਨਾਲ ਨਾਲ ਸਰੀਰ ਠੰਡਾ ਹੋ ਜਾਂਦਾ ਸੀ। ਵਾਸ਼ਪੀਕਰਨ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਸਰੀਰ ਉਤੋਂ ਜੱਤ ਘਟਦੀ ਗਈ, ਕਿਉਂ ਕਿ ਮੋਟੀ ਜੱਤ ਕਾਰਨ ਪਸੀਨੇ ਦੇ ਵਾਸ਼ਪੀਕਰਨ ਵਿਚ ਰੁਕਾਵਟ ਪੈਣ ਲਗ ਪਈ ਸੀ। ਇਸ ਰੁਕਾਵਟ ਨੂੰ ਦੂਰ ਕਰਨ ਲਈ ਹੌਲੀ ਹੌਲੀ ਕੁਦਰਤੀ ਹੀ ਸਰੀਰ ਉਤੋਂ ਜੱਤ ਘਟਣੀ ਸ਼ੁਰੂ ਹੋ ਗਈ। ਪਰ ਵਾਲਾਂ ਦੀ ਜੱਤ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚਾਅ ਲਈ ਵੀ ਲੋੜੀਂਦੀ ਹੈ, ਇਸ ਲਈ ਵਾਲਾਂ ਨੂੰ ਮੂਲੋਂ ਹੀ ਖਤਮ ਨਹੀਂ ਕੀਤਾ ਜਾ ਸਕਦਾ ਸੀ। ਕੁਦਰਤ ਨੇ ਮਨੁਖ ਨੂੰ ਠੰਡਕ ਪੁਚਾਣ ਵਾਸਤੇ ਪਸੀਨੇ ਦੀਆਂ ਗ੍ਰੰਥੀਆਂ ਤਾਂ ਸਾਰੇ ਸਰੀਰ ਉਤੇ ਦੇ ਦਿੱਤੀਆਂ ਪਰ ਵਾਸ਼ਪੀਕਰਨ ਨੂੰ ਵਧੇਰੇ ਅਸ਼ਰਦਾਰ ਬਣਾਉਣ ਲਈ ਸਰੀਰ ਦੇ ਕੁਝ ਹਿੱਸਿਆਂ ਉਤੋਂ ਵਾਲ ਹਟਾ ਦਿੱਤੇ ਜਦੋਂ ਕਿ ਕੁਝ ਅੰਗਾਂ ਉਤੇ ਕੇਸ ਰਹਿਣ ਦਿੱਤੇ। ਰਹਿਣ ਵੀ ਸਿਰਫ ਉਤਨੇ ਹੀ ਦਿੱਤੇ ਜਿਤਨੇੇ ਜਿੰਨੇ ਉਸ ਨੂੰ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਲਈ ਜ਼ਰੂਰੀ ਚਾਹੀਦੇ ਸਨ। ਸਰੀਰ ਉਤੋਂ ਵਾਲ ਬਿਲਕੁਲ ਉੱਕਾ ਖਤਮ ਨਹੀਂ ਕੀਤੇ। ਇਹ ਫੈਸਲਾ ਕੁਦਰਤ ਦਾ ਅਪਣਾ ਸੀ ਕਿ ਕਿੱਥੇ ਕਿੰਨੇ ਵਾਲ ਰੱਖਣੇ ਹਨ। ਇਸ ਵਿਚ ਕਿਸੇ ਜੀਵ ਦੀ ਮਰਜ਼ੀ ਨਹੀਂ ਪੁਛੀ ਗਈ। ਬੱਚੇ ਨੂੰ ਅਪਣੀਆਂ ਜ਼ਰੂਰਤਾਂ ਦਾ ਆਪ ਪਤਾ ਨਹੀਂ ਹੁੰਦਾ। ਮਾਂ ਬਾਪ ਹੀ ਉਸ ਦੀਆਂ ਮੁਢਲੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ। ਪ੍ਰਭੂ ਸਾਡਾ ਮਾਂ ਬਾਪ ਹੈ। ਉਸ ਨੇ ਆਪ ਹੀ ਸਾਡੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ।
 • ਜੰਗਲਾਂ ਵਿਚ ਘੁੰਮਦੇ ਹੋਏ ਦੂਰ ਤਕ ਸਿੱਧੇ ਦੇਖਣਾ ਪੈਂਦਾ ਸੀ। ਇਸ ਲਈ ਹੌਲੀ ਹੌਲੀ ਮਨੁਖ ਦੇ ਜਠੇਰੇ ਚਾਰ ਪੈਰਾਂ ਦੀ ਜਗ੍ਹਾ ਦੋ ਪੈਰਾਂ ਤੇ ਚਲਣ ਲਗ ਪਏ। ਸਿਰ ਉਪਰ ਹੋ ਗਿਆ। ਇਸ ਨਾਲ ਉਨ੍ਹਾਂ ਦੇ ਸਿਰ ਉਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਲਗ ਪਈਆਂ। ਧੁਪ ਵੀ ਸਿਰ ਉਤੇ ਸਿੱਧੀ ਹੀ ਪੈਣ ਲਗ ਪਈ। ਧੁਪ ਵਿਚੋਂ ਅਲਟਰਾੳਵਾਇਲੈਟ ਕਿਰਨਾਂ ਸਿੱਧੀਆਂ ਸਿਰ ਉਤੇ ਪੈਂਦੀਆਂ ਸਨ। ਇਸ ਨਾਲ ਦਿਮਾਗ ਨੂੰ ਲੂ ਲਗ ਜਾਣ ਦਾ ਖਤਰਾ ਵੱਧ ਹੋ ਗਿਆ।ਸਿਰ ਨੂੰ ਇਨ੍ਹਾਂ ਨੁਕਸਾਨਦੇਹ ਅਲਟਰਾੳਵਾਇਲੈਟ ਕਿਰਨਾਂ ਤੋਂ ਬਚਾ ਕੇ ਰੱਖਣ ਲਈ ਕੁਦਰਤ ਨੇ ਸਿਰ ਦੇ ਵਾਲ ਘੱਟਾਣ ਦੀ ਬਜਾਏ ਸਗੋਂ ਲੰਬੇ ਹੀ ਰਹਿਣ ਦਿੱਤੇ ਜਦੋਂ ਕਿ ਬਾਕੀ ਸਾਰੇ ਸਰੀਰ ਤੋਂ ਜੱਤ ਹੌਲੀ ਹੌਲੀ ਘੱਟਦੀ ਗਈ।

 • ਕੁਦਰਤ ਵਲੋਂ ਹੋਮੋ ਵੰਸ਼ ਦੇ ਜੀਵਾਂ ਦੇ ਦਿਮਾਗ ਦਾ ਅਨੁਪਾਤ ਬਾਕੀ ਥਣਧਾਰੀ ਜੀਵਾਂ ਨਾਲੋਂ ਵੱਧ ਹੋ ਗਿਆ। ਜੇਠਾਂ ਦਿੱਤੇ ਚਿੱਤਰ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਨੁਖ ਦੇ ਸਰੀਰ ਅਤੇ ਦਿਮਾਗ ਦਾ ਆਕਾਰ ਬਾਕੀ ਥਣਧਾਰੀ ਜੀਵਾਂ ਨਾਲੋਂ ਵੱਡਾ ਹੈ। ਵਿਕਸਿਤ ਦਿਮਾਗ ਕਾਰਨ ਹੀ ਮਨੁਖ ਇਸ ਗ੍ਰਹਿ ਅਤੇ ਕਾਇਨਾਤ ਦਾ ਸਭ ਤੋਂ ਵਧੇਰੇ ਸਫਲ ਜੀਵ ਹੈ।ਇਸੇ ਕਾਰਨ ਹੀ ਇਹ ਬਾਕੀ ਜੂਨਾਂ ਦਾ ਸਿਕਦਾਰ ਹੈ। ਚਿੱਤਰ ਤੋਂ ਅਸੀਂ ਦੇਖ ਸਕਦੇ ਹਾਂ ਕਿ ਆਦਮੀ ਦਾ ਦਿਮਾਗ ਚਿੰਪੈਂਜ਼ੀ ਅਤੇ ਹੋਰ ਏਪਸ ਦੇ ਮੁਕਾਬਲਤਨ ਅਨੁਪਾਤ ਵਿਚ ਵੱਡਾ ਹੈ।

 • ਇਹ ਮਨੁਖੀ ਸਰੀਰ ਦੀ ਖਾਸੀਅਤ ਹੈ ਕਿ ਇਸ ਦਾ ਦਿਮਾਗ ਦਾ ਅਨੁਪਾਤ ਸਰੀਰ ਦੇ ਆਕਾਰ ਅਨੁਸਾਰ ਬਾਕੀ ਥਨਧਾਰੀ ਜੀਵਾਂ ਨਾਲੋਂ ਲਗਪਗ ਸਤ ਗੁਣਾ ਵੱਡਾ ਹੈ। ਅਨੁਪਾਤ ਵਿਚ ਮਨੁਖੀ ਦਿਮਾਗ ਬਾਕੀ ਥਣਧਾਰੀ ਜੀਵਾਂ ਨਾਲੋਂ ਸੱਤ ਗੁਣਾ ਜ਼ਿਆਦਾ ਵੱਡਾ ਹੈ। ਜੇ ਗੋਰੀਲਾ ਦੇ ਜਿੰਨਾ ਹੀ ਮਨੁਖ ਦੇ ਦਿਮਾਗ ਦੇ ਆਕਾਰ ਦਾ ਸਰੀਰ ਨਾਲ ਅਨੁਪਾਤ ਹੁੰਦਾ ਤਾਂ ਮਨੁਖ ਦੇ ਦਿਮਾਗ ਦਾ ਭਾਰ ਸਿਰਫ 5 ਔਂਸ ਹੀ ਹੁੰਦਾ। ਪਰ ਅਸਲ ਵਿਚ ਮਨੁਖ ਦਾ ਦਿਮਾਗ ਇਸ ਨਾਲੋਂ ਬਹੁਤ ਭਾਰਾ ਅਤੇ ਵਿਕਸਿਤ ਹੈ। ਮਨੁਖ ਦਾ ਦਿਮਾਗ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ ਅਤੇ ਮਨੁਖੀ ਦਿਮਾਗ ਹਰ ਵਕਤ ਹੋਰ ਜ਼ਿਆਦਾ ਵਿਕਸਿਤ ਹੁੰਦਾ ਰਹਿੰਦਾ ਹੈ। ਹਰ ਵਕਤ ਵਿਕਸਿਤ ਹੁੰਦੇ ਰਹਿਣ ਦੇ ਸੁਭਾਅ ਕਾਰਨ ਦਿਮਾਗ ਨੂੰ ਬਾਕੀ ਸਰੀਰ ਦੇ ਸੈੱਲਾਂ ਨਾਲੋਂ ਜ਼ਿਆਦਾ ਖੁਰਾਕ ਅਤੇ ਕੈਲੋਰੀਆਂ ਦੀ ਲੋੜ ਹੁੰਦੀ ਹੈ। ਦਿਮਾਗ ਦੇ ਸੈੱਲ ਬਾਕੀ ਅੰਗਾਂ ਦੇ ਸੈੱਲਾਂ ਨਾਲੋਂ ਨਾਜ਼ਕ ਵੀ ਹਨ।ਪ੍ਰਤੀਕੂਲ ਪ੍ਰਭਾਵ ਨਾਲ ਜਲਦੀ ਖਰਾਬ ਹੋ ਜਾਂਦੇ ਹਨ।

 • ਦਿਮਾਗ ਦੇ ਰਹਿਣ ਦੀ ਥਾਂ ਸਿਰ ਹੈ।ਇਸ ਲਈ ਦਿਮਾਗ ਨੂੰ ਪ੍ਰਤੀਕੂਲ ਪ੍ਰਭਾਵਾਂ ਤੋਂ ਬਚਾਣ ਲਈ ਸਿਰ ਨੂੰ ਬਚਾਣਾ ਬਹੁਤ ਜ਼ਰੂਰੀ ਹੈ। ਇਸ ਮੰਤਵ ਦੀ ਪੂਰਤੀ ਲਈ ਵਾਲ ਲੋੜੀਂਦੇ ਹਨ। ਤਾਂ ਹੀ ਮਨੁਖ ਦੇ ਸਿਰ ਉਤੇ ਕੁਦਰਤ ਨੇ ਵਾਲ ਖਤਮ ਨਹੀਂ ਕੀਤੇ। ਜੇ ਸਿਰ ਨੂੰ ਨੁਕਸਾਨ ਹੋ ਜਾਵੇ ਤਾਂ ਸਰੀਰ ਦੇ ਬਾਕੀ ਅੰਗ ਸਧਾਰਨ ਰੂਪ ਵਿਚ ਅਤੇ ਜੀਂਦੇ ਰਹਿੰਦੇ ਹੋਏ ਵੀ ਬੇਕਾਰ ਹੋ ਜਾਂਦੇ ਹਨ। ਪ੍ਰਸੂਤ ਦੀ ਕਿਰਿਆ ਦੌਰਾਨ ਵੀ ਸਿਰ ਨੂੰ ਹੀ ਬਾਕੀ ਅੰਗਾਂ ਤੋਂ ਵਧੇਰੇ ਬਚਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਕੁਦਰਤ ਵਲੋਂ ਵੀ ਜਨਮ ਸਮੇਂ ਤੋਂ ਹੀ ਸਿਰ ਦੇ ਵਾਲ ਬਾਕੀ ਸਰੀਰ ਦੇ ਵਾਲਾਂ ਨਾਲੋਂ ਜ਼ਿਆਦਾ ਘਣੇਰੇ ਦਿੱਤੇ ਗਏੇ ਹਨ।
 • ਜੀਵਨਸ਼ੈਲੀ ਵਿਚ ਬਦਲਾਅ ਹੋਣ ਨਾਲ ਕੇਸਾਂ ਦੀ ਸਿਰਫ ਮਾਤਰਾ, ਲੰਬਾਈ ਅਤੇ ਗਿਣਤੀ ਹੀ ਨਹੀਂ ਸਗੋਂ ਵਾਲਾਂ ਦੀ ਬੁਣਤੀ ਵੀ ਸਮੇਂ ਦੀਆਂ ਬਦਲਦੀਆਂ ਲੋੜਾਂ ਮੁਤਾਬਕ ਸੁਧਰਦੀ ਜਾਂਦੀ ਹੈ। ਮਨੁਖ ਦੇ ਵਾਲਾਂ ਦੀ ਬੁਣਤੀ ਵੀ ਬਦਲਦੀ ਗਈ ਹੈ। ਪਹਿਲਾਂ ਪਹਿਲ ਸਾਰੇ ਥਣਧਾਰੀ ਜੀਵਾਂ ਦੇ ਵਾਲ ਸਿੱਧੇ ਹੁੰਦੇ ਸਨ। ਜਦੋਂ ਅਫਰੀਕਾ ਵਿਚ ਗਰਮੀ ਵੱਧ ਗਈ ਤਾਂ ਉਥੇ ਯੋਜਨਾਬੱਧ ਕੁਦਰਤੀ ਵਿਕਾਸ ਰਾਹੀਂ ਮਨੁਖ ਦੇ ਵਾਲ ਸਿੱਧੇ ਤੋਂ ਘੁੰਗਰਾਲੇ ਹੋਣੇ ਸ਼ੁਰੂ ਹੋ ਗਏ। ਇਹ ਮਹੱਤਵਪੂਰਨ ਤੱਥ ਹੈ ਕਿ ਯੂ. ਵੀ. ਕਿਰਨਾਂ ਦੀ ਨੁਕਸਾਨਦੇਹ ਮਾਤਰਾ ਤੋਂ ਬਚਾਅ ਵਾਸਤੇ ਘੁੰਗਰਾਲੇ ਵਾਲ ਜ਼ਿਆਦਾ ਅਸਰਦਾਰ ਹੁੰਦੇ ਹਨ। ਸਿੱਧੇ ਵਾਲਾਂ ਵਿਚੋਂ ਕਿਰਨਾਂ ਜ਼ਿਆਦਾ ਮਾਤਰਾ ਵਿਚ ਵਾਲਾਂ ਦੇ ਤਨਿਆਂ ਰਾਹੀਂ ਸਰੀਰ ਦੇ ਅੰਦਰ ਸਿੱਧੀਆਂ ਹੀ ਚਲੀਆਂ ਜਾਂਦੀਆਂ ਹਨ, ਉਸੇ ਹੀ ਤਰ੍ਹਾਂ ਜਿਵੇਂ ਫਾਈਬਰ-ਔਪਟਿਕ ਨਲੀਆਂ ਵਿਚੋਂ ਰੋਸ਼ਨੀ ਤਾਂ ਹੀ ਲੰਘਦੀ ਹੈ, ਜੇ ਉਹ ਸਿੱਧੀਆਂ ਹੋਣ। ਯੂ. ਵੀ. ਕਿਰਨਾਂ ਦੀ ਵਧੇਰੇ ਮਾਤਰਾ ਚਲੀ ਜਾਵੇ ਤਾਂ ਚਮੜੀ ਦੇ ਕੈਂਸਰ ਦਾ ਖਤਰਾ ਹੁੰਦਾ ਹੈ। ਇਨ੍ਹਾਂ ਕਿਰਨਾਂ ਦੀ ਮਾਤਰਾ ਨਿਯਮਿਤ ਰੱਖਣ ਵਾਸਤੇ ਘੁੰਘਰਾਲੇ ਵਾਲ ਜ਼ਿਆਦਾ ਕਾਰਗਰ ਹਨ। ਇਸੇ ਮੰਤਵ ਦੀ ਪੂਰਤੀ ਲਈ ਚਮੜੀ ਦਾ ਰੰਗ ਵੀ ਕਾਲਾ ਹੋਣਾ ਸ਼ੁਰੂ ਹੋ ਗਿਆ।ਕੇਸ ਵੀ ਚਮੜੀ ਦਾ ਹੀ ਹਿੱਸਾ ਹਨ। ਮੈਲੇਨਿਨ ਨਾਂ ਦਾ ਕਾਲਾ ਰੰਗ ਯੂ.ਵੀ. ਕਿਰਨਾਂ ਨੂੰ ਰੋਕ ਕੇ ਨਿਯਮਿਤ ਮਾਤਰਾ ਵਿਚ ਅੰਦਰ ਜਾਣ ਦੇਂਦਾ ਹੈ। ਜਿਨ੍ਹਾਂ ਜੀਵਾਂ ਵਿਚ ਵਾਲ ਇਨ੍ਹਾਂ ਨੁਕਸਾਨਦਾਇਕ ਤਰੰਗਾਂ ਤੋਂ ਬਚਾਅ ਲਈ ਕਾਫੀ ਨਹੀਂ ਹੁੰਦੇ, ਉਨ੍ਹਾਂ ਵਿਚ ਚਮੜੀ ਹੋਰ ਵਧੇਰੇ ਕਾਲੀ ਹੰਦੀ ਜਾਂਦੀ ਹੈ। ਅਜਿਹਾ ਭੁਮੱਧ ਰੇਖਾ ਉਤੇ ਰਹਿਣ ਵਾਲੇ ਘੱਟ ਵਾਲਾਂ ਵਾਲੇ ਜੀਵਾਂ ਵਿਚ ਦੇਖਿਆ ਜਾ ਸਕਦਾ ਹੈ।
 • ਹੌਲੀ ਹੌਲੀ ਮਨੁਖ ਭੁਮੱਧ ਰੇਖਾ ਤੋਂ ਦੂਰ ਜਾਣੇ ਸ਼ੁਰੂ ਹੋ ਗਏ। ਉਥੇ ਗਰਮੀ ਅਤੇ ਯੂ. ਵੀ. ਕਿਰਨਾਂ ਦੀ ਮਾਤਰਾ ਘੱਟ ਹੁੰਦੀ ਹੈ। ਗਰਮੀ ਘੱਟਣ ਕਾਰਨ ਫਿਰ ਤੋਂ ਇਨ੍ਹਾਂ ਲੋਕਾਂ ਵਿਚ ਕੇਸ ਸਿੱਧੇ ਹੋਣ ਲਗ ਪਏ ਤਾਂ ਕਿ ਯੂ.ਵੀ. ਕਿਰਨਾਂ ਦੀ ਲੋੜੀਂਦੀ ਸਰੀਰਕ ਜ਼ਰੂਰਤ ਅਨੁਸਾਰ ਕਿਰਨਾਂ ਅੰਦਰ ਜਾ ਸਕਣ। ਇਹ ਕਿਰਨਾਂ ਦੀ ਲੋੜ ਸਰੀਰ ਨੂੰ Vitamin D ਬਣਾਉਣ ਲਈ ਜ਼ਰੂਰੀ ਹੈ। ਇਨ੍ਹਾਂ ਥਾਵਾਂ ਉਤੇ ਜਾਣ ਨਾਲ ਚਮੜੀ ਦਾ ਰੰਗ ਵੀ ਇਸੇ ਕਾਰਨ ਕਾਲੇ ਹੋ ਗਏ ਰੰਗ ਤੋਂ ਫਿਰ ਤੋਂ ਹਲਕਾ ਹੋਣਾ ਸ਼ੁਰੂ ਹੋ ਗਿਆ।
 • ਵਾਲਾਂ ਦਾ ਫੈਲਾਅ ਵੀ ਵੱਖ ਵੱਖ ਥਾਵਾਂ ਉਤੇ ਰਹਿਣ ਵਾਲੇ ਲੋਕਾਂ ਵਿਚ ਵੱਖ ਵੱਖ ਹੁੰਦਾ ਹੈ। ਇਹ ਵੀ ਕੁਦਰਤ ਦਾ ਇਕ ਕ੍ਰਿਸ਼ਮਾ ਹੈ। ਮੌਸਮ ਦੇ ਪ੍ਰਤੀਕੂਲ ਪ੍ਰਭਾਵਾਂ ਤੋਂ ਬਚਾਣ ਵਾਸਤੇ ਵਾਲਾਂ ਵਿਚ ਮੌਸਮ ਮੁਤਾਬਕ ਸੁਧਾਰ ਹੁੰਦਾ ਗਿਆ। ਅਫਰੀਕਨਾਂ ਦੇ ਸਿਰ ਉਤੇ ਵਾਲ ਭਾਵੇਂ ਘੁੰਗਰਾਲੇ ਹੀ ਹੁੰਦੇ ਹਨ, ਪਰ ਉਨ੍ਹਾਂ ਦਾ ਫੈਲਾਅ ਵਿਰਲਾ ਵਿਰਲਾ ਹੈ, ਘਣਤਾ ਵੀ ਘੱਟ ਹੈ ਅਤੇ ਉਹ ਲਚਕੀਲੇ ਕੁੰਡਲੀਆਂ ਵਾਲੇ ਸਪੰਜ ਵਾਂਗ ਹੁੰਦੇ ਹਨ। ਇਸ ਬਣਤਰ ਦੀ ਬਦੌਲਤ ਵਾਲਾਂ ਵਿਚ ਠੰਡੀ ਹਵਾ ਦਾ ਪ੍ਰਸਾਰ ਆਰਾਮ ਨਾਲ ਹੋ ਜਾਂਦਾ ਹੈ। ਮੌਸਮ ਵਿਚ ਨਮੀ ਵੱਧਣ ਨਾਲ ਇਸ ਬਣਤਰ ਕਾਰਨ ਸਰੀਰ ਦੀ ਗਰਮੀ ਦਾ ਸੰਤੁਲਿਨ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ।ਜੇ ਇਹ ਵਾਲ ਪਸੀਨੇ ਜਾਂ ਨਮੀ ਨਾਲ ਗਿਲੇ ਹੋ ਜਾਣ ਤਾਂ ਗਰਦਨ ਅਤੇ ਖੋਪੜੀ ਉਤੇ ਚਿਪਕਦੇ ਨਹੀਂ, ਇਨ੍ਹਾਂ ਦੀ ਫੁਲਾਵਟ ਕਾਇਮ ਰਹਿੰਦੀ ਹੈ, ਨਾ ਹੀ ਇਹ ਸਿੱਧੇ ਵਾਲਾਂ ਵਾਂਗ ਗਰਦਨ ਅਤੇ ਕੰਨਾਂ ਉਤੇ ਗਿਰਦੇ ਹਨ। ਵਾਲਾਂ ਦੀਆਂ ਇਹ ਤਬਦੀਲੀਆਂ ਉਦੇਸ਼ਹੀਣ ਅਤੇ ਸੰਯੋਗਵਸ ਨਹੀਂ ਹਨ। ਨਾ ਹੀ ਇਹ ਤਬਦੀਲੀਆਂ ਸਿਰਫ ਸੁੰਦਰਤਾ ਦੀ ਨਿਸ਼ਾਨੀ ਹੀ ਹਨ ਸਗੋਂ ਇਨ੍ਹਾਂ ਦਾ ਖਾਸ ਮੰਤਵ ਹੈ। ਜੇ ਅਜਿਹਾ ਨਾ ਹੁੰਦਾ ਤਾਂ ਵਾਲਾਂ ਦੀ ਬੁਣਤੀ ਅੱਡ ਅੱਡ ਪ੍ਰਦੇਸ਼ਾ ਅਤੇ ਦੇਸ਼ਾਂ ਵਿਚ ਅਨੂਠੇ ਤੌਰਤੇ ਅੱਡ ਅੱਡ ਨਾ ਹੁੰਦੀ, ਸਗੋਂ ਉਘੜ ਦੁਘੜੀ ਹੁੰਦੀ। ਇਹ ਤਬਦੀਲੀਆਂ ਹੌਲੀ ਹੌਲੀ ਵਿਅਕਤੀ ਦੀ ਅਨੁਵੰਸ਼ਕ ਬਣਤਰ ਦਾ ਹਿੱਸਾ ਬਣ ਜਾਂਦੀਆਂ ਹਨ।
 • ਉੱਤਰ ਦਿਸ਼ਾ ਵਿਚ ਰਹਿਣ ਵਾਲੇ ਲੋਕਾਂ ਦੇ ਵਾਲ : ਅਜ ਤੋਂ 50,000 ਸਾਲ ਪਹਿਲਾਂ ਮਨੁਖ ਅਫਰੀਕਾ ਦੇ ਦੂਜੇ ਸੂਬਿਆਂ ਅਤੇ ਅਫਰੀਕਾ ਤੋਂ ਬਾਹਰ ਜਾਣਾ ਸ਼ੁਰੂ ਹੋਇਆ। ਮਨੁਖਾਂ ਦੇ ਕੁਝ ਟੋਲੇ ਉੱਤਰ ਦਿਸ਼ਾ ਵਲ ਦੂਰ ਤਕ ਚਲੇ ਗਏ। ਉਥੇ ਯੂ.ਵੀ. ਕਿਰਨਾਂ ਬਹੁਤ ਘੱਟ ਅਤੇ ਕਮਜ਼ੋਰ ਹੁੰਦੀਆਂ ਹਨ। ਕਮਜ਼ੋਰ ਕਿਰਨਾਂ ਕਾਲੀ ਚਮੜੀ ਵਿਚੋਂ ਅੰਦਰ ਤਕ ਨਹੀਂ ਜਾ ਸਕਦੀਆਂ। ਜੋ ਲੋਗ ਸ਼ੁਰੂ ਸ਼ੁਰੂ ਵਿਚ ਉਤਰ ਦਿਸ਼ਾ ਵਲ ਗਏ, ਉਨ੍ਹਾਂ ਵਿਅਕਤੀਆਂ ਦੀਆਂ ਹੱਡੀਆਂ ਕਮਜ਼ੋਰ ਅਤੇ ਟੇਢੀਆਂ ਮੇਢੀਆਂ ਹੋ ਗਈਆਂ। ਔਰਤਾਂ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ। ਪ੍ਰਸੂਤ ਦੌਰਾਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਮੌਤ ਦਰ ਵੱਧ ਗਈ। ਇਹ ਦੇਖਿਆ ਗਿਆ ਕਿ ਜਿਨ੍ਹਾਂ ਔਰਤਾਂ ਦਾ ਰੰਗ ਘੱਟ ਕਾਲਾ ਸੀ, ਉਨ੍ਹਾਂ ਵਿਚ ਇਹ ਸਮੱਸਿਆਵਾਂ ਵੀ ਘੱਟ ਆਈਆਂ, ਕਿਉਂਕਿ ਲੋੜੀਂਦੀਆਂ ਕਿਰਨਾਂ ਅਦਰ ਤਕ ਪਹੁੰਚ ਜਾਂਦੀਆਂ ਸਨ। ਜਦੋਂ ਇਹ ਲੋਗ ਉਥੇ ਵੱਸ ਹੀ ਗਏ ਤਾਂ ਉਥੇ ਰਹਿਣ ਵਾਲੇ ਲੋਕਾਂ ਵਿਚ ਕੁਦਰਤ ਵਲੋਂ ਯੋਜਨਾਬੱਧ ਵਿਕਾਸ ਹੋਣਾ ਸ਼ੁਰੂ ਹੋ ਗਿਆ। ਇਨਾਂ ਬਹੁਤ ਕਾਲੇ ਰੰਗ ਦੇ ਲੋਕਾਂ ਦਾ ਰੰਗ ਹੌਲੀ ਹੌਲੀ ਸਾਫ ਹੁੰਦਾ ਗਿਆ ਅਤੇ ਵਾਲ ਸਿੱਧੇ ਹੁੰਦੇ ਗਏ। ਸਿੱਧੇ ਵਾਲ ਸੂਰਜੀ ਸ਼ਕਤੀ ਨੂੰ ਵਧੇਰੇ ਕੁਸ਼ਲਤਾ ਨਾਲ ਅਪਨੇ ਵਿਚ ਸਮਾ ਲੈਂਦੇ ਹਨ।
 • ਵਾਲ ਸੂਰਜੀ ਸ਼ਕਤੀ ਨੂੰ ਵਰਤਨ ਲਈ ਅਹਿਮ ਹਨ। ਸੂਰਜੀ ਸ਼ਕਤੀ ਤੋਂ ਬਿਨਾ ਜ਼ਿੰਦਗੀ ਦੀ ਹੋਂਦ ਹੀ ਬਰਕਰਾਰ ਨਹੀਂ ਰਹਿ ਸਕਦੀ। ਡਾ.ਚੰਦਾ ਸਿੰਘ ਅਪਨੀ ਕਿਤਾਬ “The Human Hair” ਵਿਚ ਲਿਖਦੇ ਹਨ, ਕਿ ਵਾਲ ਸੂਰਜੀ ਕਿਰਨਾਂ ਦੀ ਸ਼ਕਤੀ ਨੂੰ ਅਪਨੇ ਵਿਚ ਸਮਾ ਲੈਂਦੇ ਹਨ। ਇਹ ਕਿਰਨਾਂ ਵਾਲਾਂ ਵਿਚ ਰਸਾਇਣਕ ਤਬਦੀਲੀਆਂ ਲਿਆਂਦੇ ਹਨ, ਜੋ Vitamin D ਬਨਣ ਵਿਚ ਮਦਦਗਾਰ ਹੁੰਦੀਆਂ ਹਨ। ਹਰ ਜਾਨਵਰ ਦੀ ਜ਼ਿੰਦਗੀ ਲਈ ਚਮੜੀ ਦੀਆਂ ਪੇਪੜੀਆਂ ਅਤੇ ਵਾਲ ਬਹੁਤ ਜ਼ਰੂਰੀ ਹਨ। ਮਨੁਖ ਲਈ ਵੀ ਵਾਲ ਅਹਿਮ ਹਨ।
 • ਸਰੀਰ ਦੀ ਸਭ ਤੋਂ ਵਧੇਰੇ ਗਰਮੀ ਸਿਰ ਅਤੇ ਚਿਹਰੇ ਤੋਂ ਹੀ ਬਾਹਰ ਨਿਕਲਦੀ ਹੈ। ਗਰਮੀ ਨੂੰ ਬਚਾ ਕੇ ਰੱਖਣਾ ਜ਼ਰੂਰੀ ਸੀ, ਇਸ ਲਈ ਸਿਰ ਅਤੇ ਚਿਹਰੇ ਦੇ ਵਾਲਾਂ ਦਾ ਕੁਦਰਤ ਵਲੋਂ ਵਧੇਰੇ ਯੋਜਨਾਬੱਧ ਵਿਕਾਸ ਹੋਇਆ। ਯੋਜਨਾਬੱਧ ਵਿਕਾਸ ਰਾਹੀਂ ਹੀ ਠੰਡੇ ਮੁਲਕਾਂ ਵਿਚ ਰਹਿਣ ਵਾਲੇ ਲੋਕਾਂ ਦੇ ਸਿਰ ਦੇ ਵਾਲ ਸਿੱਧੇ, ਘਣੇ ਅਤੇ ਲੰਬੇ ਹੋ ਗਏ ਤਾਂ ਕਿ ਇਸ ਗਰਮਾਈ ਨੂੰ ਬਚਾਇਆ ਜਾ ਸਕੇ। ਯੂ. ਵੀ. ਕਿਰਨਾਂ ਦਾ ਨਿਯਮਿਤ ਹੋਣਾ ਮਨੁਖਤਾ ਦੇ ਬਚਾਅ ਲਈ ਜ਼ਰੂਰੀ ਹੈ। ਕਿਰਨਾਂ ਨੂੰ ਅਗੋਂ ਵਾਸਤੇ ਨਿਯਮਿਤ ਰੱਖਣ ਲਈ ਅਨੁਵੰਸ਼ਕ ਤਬਦੀਲੀਆਂ ਹੋਈਆਂ ਅਤੇ ਇਨ੍ਹਾਂ ਲੋਕਾਂ ਦੀਆਂ ਅਗਲੀਆਂ ਪੀੜੀਆਂ ਵਿਚ ਘੁੰਗਰਾਲੇ ਵਾਲ ਸਿੱਧੇ ਹੀ ਆਣ ਲਗ ਪਏ। ਵੀਹਵੀਂ ਅਤੇ ਇਕੀਵੀਂ ਸਦੀ ਵਿਚ ਹੋਈਆਂ ਖੋਜਾਂ ਤੋਂ ਅਜਿਹਾ ਪਤਾ ਲਗਦਾ ਹੈ ਕਿ ਪੂਰਬੀ ਏਸ਼ੀਆ ਦੀਆਂ ਪੀੜੀਆਂ ਵਿਚ ਘੁੰਗਰਾਲੇ ਵਾਲ ਸਿੱਧੇ ਹੋ ਗਏ ਸਨ। ਸਰੀਰ ਦੇ ਮੁਖ ਗਿਆਨ ਇੰਦਰੇ ਸਿਰ ਵਿਚ ਹੀ ਹਨ। ਸਿਰ ਦੇ ਵਾਲਾਂ ਤੋਂ ਪਾਈ ਗਰਮਾਈ ਗਿਆਨ ਇੰਦਰਿਆਂ ਦਾ ਸਰਦੀ ਤੋਂ ਬਚਾਅ ਕਰਦੀ ਹੈ। ਸਿਰ ਦਾ ਤਲ ਖੇਤਰ ਘੱਟ ਹੈ ਪਰ ਸਿਰ ਉਤੇ ਵਾਲ ਬਾਕੀ ਅੰਗਾਂ ਨਾਲੋਂ ਮੁਕਾਬਲਤਨ ਬਹੁਤ ਜ਼ਿਆਦਾ ਹਨ। ਸਿਰ ਅਤੇ ਸਿਰ ਦੇ ਵਾਲਾਂ ਦਾ ਸਮੁਚਾ ਤਲਖੇਤਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਗਿਆਨ ਇੰਦਰਿਆਂ ਦੇ ਬਚਾਅ ਲਈ ਅਜਿਹਾ ਹੋਣਾ ਲਾਹੇਵੰਦ ਹੈ। ਇਸੇ ਲਈ ਕੁਦਰਤ ਨੇ ਪੂਰੀ ਯੋਜਨਾ ਮੁਤਾਬਕ ਸਿਰ ਉਤੇ ਵਾਲ ਜ਼ਿਆਦਾ ਬਖਸ਼ੇ ਹਨ।
 • ਵਾਲਾਂ ਵਿਚ ਇਹ ਤਬਦੀਲੀਆਂ EDAR LOCUS ਉਤੇ ਅਨੁਵੰਸ਼ਕ ਤਬਦੀਲੀਆਂ ਹੋਣ ਨਾਲ ਹੀ ਵਾਤਾਵਰਣ ਅਨੁਕੂਲ ਤਬਦੀਲੀਆਂ ਸੰਭਵ ਹੋਈਆਂ। ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਇਹ ਤਬਦੀਲੀਆਂ ਪਿਛਲੇ 65000 ਸਾਲਾਂ ਦੌਰਾਨ ਹੀ ਹੋਈਆਂ। ਵਰਨਣਯੁਗ ਹੈ ਕਿ ਇਸੇ ਸਮੇਂ ਦੌਰਾਨ ਹੀ ਅਫਰੀਕਾ ਦੇ ਵਸਨੀਕ ਅਫਰੀਕਾ ਤੋਂ ਬਾਹਰ ਦੂਜੀਆਂ ਥਾਵਾਂ ਤੇ ਜਾ ਕੇ ਵੱਸਣੇ ਸ਼ੁਰੂ ਹੋਏ ਸਨ।
 • ਕੇਸ ਸਿਰਫ ਜੀਵ ਵਿਗਿਆਨਕ ਕਾਰਜਸ਼ੈਲੀ ਵਿਚ ਹੀ ਯੋਗਦਾਨ ਨਹੀਂ ਪਾਂਦੇ ਸਗੋਂ ਜਿਨਸੀ ਪ੍ਰੋੜਤਾ ਦੀ ਪਹਿਚਾਣ ਵਾਸਤੇ ਵੀ ਮਹੱਤਵਪੂਰਨ ਹਨ। ਵਾਲ ਲਿੰਗ ਦੀ ਪਹਿਚਾਣ ਦੇ ਸਹਾਇਕ ਨਿਸ਼ਾਨ ਹਨ। ਦੁਨੀਆਂ ਵਿਚ ਜ਼ਿੰਦਗੀ ਦੀ ਹੋਂਦ ਕਾਇਮ ਰੱਖਣ ਵਿਚ ਕੇਸਾਂ ਦਾ ਅਹਿਮ ਸਥਾਨ ਹੈ। ਵਿਰੋਧੀ ਲਿੰਗ ਦੇ ਜੀਵ ਜ਼ਿਆਦਾ ਵਾਲਾਂ ਵਾਲੇ ਵਾਲੇ ਵਿਅਕਤੀ ਵਲ ਵਧੇਰੇ ਖਿੱਚ ਰੱਖਦੇ ਹਨ। ਐਸਾ ਕਈ ਜਾਨਵਰਾਂ ਵਿਚ ਵੀ ਦੇਖਿਆ ਗਿਆ ਹੈ। ਲਿੰਗਕ ਅੰਗਾਂ ਵਾਲਾਂ ਦੇ ਵਿਕਾਸ ਨੂੰ ਹਾਰਮੋਨ ਪ੍ਰਭਾਵਿਤ ਕਰਦੇ ਹਨ। ਖਾਸ ਤੌਰਤੇ ਕੱਛਾਂ ਅਤੇ ਪੇਡੂ ਦੇ ਵਾਲ ਜਿਨਸੀ ਪ੍ਰੋੜਤਾ ਦੀ ਨਿਸ਼ਾਨੀ ਹੈ। ਐਨਡਰੋਜਨ ਹਾਰਮੋਨ ਵਾਲਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਇਹ ਹਾਰਮੋਨ ਆਦਮੀਆਂ ਵਿਚ ਜ਼ਿਆਦਾ ਮਾਤਰਾ ਵਿਚ ਬਣਦੇ ਹਨ। ਇਸ ਕਰਕੇ ਆਦਮੀਆਂ ਦੇ ਸਮੁਚੇ ਸਰੀਰ ਉਤੇ ਵਾਲ ਔਰਤਾਂ ਨਾਲੋਂ ਜ਼ਿਆਦਾ ਹੁੰਦੇ ਹਨ। ਇਹ ਹਾਰਮੋਨ ਔਰਤਾਂ ਵਿਚ ਵੀ ਬਣਦੇ ਹਨ।ਔਰਤਾਂ ਵਿਚ ਹਾਰਮੋਨ ਐਂਡਰੋਜਨ ਔਰਤਾਂ ਵਿਚ ਮੁਕਾਬਲਤਨ ਘੱਟ ਬਣਦੇ ਹਨ।

ਮਨੁਖ ਦੇ ਵਾਲ ਯੋਜਨਾਬੱਧ ਵਿਕਾਸ ਰਾਹੀਂ ਖਤਮ ਨਹੀਂ ਹੋ ਰਹੇ। ਸਿਰਫ ਵਾਲਾਂ ਦੀ ਘਣਤਾ ਵੱਖ ਵੱਖ ਥਾਵਾਂ ਉਤੇ ਕੁਦਰਤ ਦੀ ਯੋਜਨਾ ਮੁਤਾਬਕ ਘਟੀ ਜਾਂ ਵਧੀ ਹੈ। ਸਾਰੇ ਜਾਨਵਰਾਂ ਵਿਚੋਂ ਮਨੁਖ ਹੀ ਅਜਿਹਾ ਜੀਵ ਹੈ ਜਿਸ ਦੇ ਸਿਰ ਅਤੇ ਚਿਹਰੇ ਦੇ ਵਾਲ ਹੋਰ ਸ਼ਭ ਜਾਨਵਰਾਂ ਨਾਲੋਂ ਵਧੇਰੇ ਲੰਬੇ ਹੋਏ ਹਨ। ਵਾਲਾਂ ਦੀ ਸਤਿਹ ਦਾ ਖੇਤਰਫਲ ਬਹੁਤ ਜ਼ਿਆਦਾ ਹੈ। ਮਨੁਖ ਪਿਛਲੇ ਚਾਰ ਲੱਖ ਸਾਲਾਂ ਤੋਂ ਇਸ ਸੰਸਾਰ ਵਿਚ ਰਹਿ ਰਿਹਾ ਹੈ, ਪਰ ਪਿਛਲੇ ਸਿਰਫ 2500 ਸਾਲਾਂ ਤੋਂ ਹੀ ਵਾਲਾਂ ਨਾਲ ਮਨੁਖ ਨੇ ਅਪਣੀ ਮਰਜ਼ੀ ਮੁਤਾਬਕ ਛੇੜਖਾਨੀ ਸ਼ੁਰੂ ਕੀਤੀ ਹੋਈ ਹੈ। ਜੇ ਮਨੁਖ ਨਰਮ ਭੋਜਨ ਖਾਣ ਲਗ ਪਿਆ ਹੈ ਤਾਂ ਉਸ ਦਾ ਤੀਜਾ ਮੋਲਰ ਦੰਦ ਆਣਾ ਹੀ ਬੰਦ ਹੋ ਗਿਆ ਹੈ। ਅਜ ਵਾਲ ਕੱਟਣ ਦਾ ਰਿਵਾਜ ਫੈਲ ਰਿਹਾ ਹੈ। ਜੇ ਅਜਿਹਾ ਜਾਰੀ ਰਿਹਾ ਤਾਂ ਭਵਿੱਖ ਦਾ ਮਨੁਖ ਕਿਹੋ ਜਿਹਾ ਹੋਵੇਗਾ? ਉਹ ਵਾਲਾਂ ਰਹਿਤ ਹੀ ਬਣ ਜਾਵੇਗਾ। ਉਹ ਸਿਰ ਤੋਂ ਗੰਜਾ ਹੋਵੇਗਾ, ਖੋਦਾ ਹੋ ਜਾਵੇਗਾ। ਉਸ ਦੇ ਜਬਾੜੇ ਛੋਟੇ ਛੋਟੇ ਹੋ ਜਾਣਗੇ। ਨੱਕ ਵੱਡਾ ਵੱਡਾ ਨਜ਼ਰ ਆਣ ਲਗ ਪਵੇਗਾ। ਲੱਤਾਂ ਪਤਲੀਆਂ ਪਤਲੀਆਂ ਮੁੜੀਆਂ ਹੋਈਆਂ ਸੋਟੀਆਂ ਵਾਂਗ ਹੋ ਜਾਣਗੀਆਂ। ਮਨੁਖ ਬਹੁਤ ਭੱਦਾ ਲਗਣ ਲਗ ਜਾਵੇਗਾ।

ਵਾਲਾਂ ਦੀ ਜ਼ਰੂਰਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਲਗਾਤਾਰ ਸ਼ੇਵ ਕਰਦੇ ਰਹਿਣ ਦੇ ਬਾਵਜੂਦ ਵੀ ਕੁਦਰਤ ਬਾਰ ਬਾਰ ਵਾਲ ਉਗਾਈ ਜਾ ਰਹੀ ਹੈ। ਇਸ ਦਾ ਸਾਫ ਮਤਲਬ ਇਹ ਹੈ ਕਿ ਵਾਲ ਕੁਦਰਤ ਦੇ ਬਣਾਏ ਕਨੂੰਨਾਂ ਅਤੇ ਯੋਜਨਾ ਦਾ ਇਕ ਆਵੱਸ਼ਕ ਹਿੱਸਾ ਹਨ। ਬਚਪਨ ਤੋਂ ਹੀ ਵਾਲਾਂ ਦੀ ਜ਼ਰੂਰਤ ਸ਼ੁਰੂ ਹੋ ਜਾਂਦੀ ਹੈ। ਕੁਦਰਤ ਵਲੋਂ ਵਾਲ ਉਮਰ ਦੇ ਨਾਲ ਨਾਲ ਵੱਧਦੇ ਰਹਿੰਦੇ ਹਨ। ਪੂਰੀ ਪਰਪੱਕਤਾ ਆਣ ਤੋਂ ਬਾਦ ਵਾਲ ਹੋਰ ਲੰਬੇ ਹੋਣੇ ਬੰਦ ਹੋ ਜਾਂਦੇ ਹਨ। ਦਿਮਾਗ ਦਾ ਆਕਾਰ ਵੱਡਾ ਹੋਣ ਦੇ ਨਾਲ ਨਾਲ ਮਨੁਖ ਦਾ ਦਿਮਾਗ ਬਾਕੀ ਜਾਨਵਰਾਂ ਨਾਲੋਂ ਵਧੇਰੇ ਵਿਕਸਿਤ ਵੀ ਹੈ। ਦਿਮਾਗ ਸਰੀਰ ਦਾ ਕੰਟਰੋਲ ਟਾਵਰ ਹੈ। ਇਹ ਬਾਕੀ ਸਾਰੇ ਅੰਗਾਂ ਨੂੰ ਕਾਬੂ ਵਿਚ ਰੱਖਦਾ ਹੈ। ਇਹ ਵੀ ਸੱਚ ਹੈ ਕਿ ਇਹ ਸਿਰਫ ਮਨੁਖ ਹੀ ਹੈ, ਜਿਸ ਦੇ ਸਿਰ ਅਤੇ ਚਿਹਰੇ ਦੇ ਵਾਲ ਵੀ ਬਾਕੀ ਸਾਰੇ ਜਾਨਵਰਾਂ ਨਾਲੋਂ ਲੰਬੇ ਹਨ। ਇਹ ਵੀ ਕੁਦਰਤ ਦੀ ਹੀ ਯੋਜਨਾ ਹੈ। ਸੰਜੋਗ ਵੱਸ ਨਹੀਂ ਹੈ।ਜਨਮ ਤੋਂ ਲੈਕੇ ਮੌਤ ਤਕ ਵਾਲ ਬਹੁਤ ਵਾਰ ਬਣਦੇ ਅਤੇ ਝੜਦੇ ਰਹਿੰਦੇ ਹਨ। ਸਿਰ ਦੇ ਵਾਲਾਂ ਦੀ ਲੰਬਾਈ ਅਤੇ ਵਿਕਾਸ ਦੀ ਲਗਾਤਾਰਤਾ ਇਕ ਅਨੂਠਾ ਕੰਮ ਹੈ। ਇਹ ਸਮਰੱਥਾ ਸਿਰਫ ਮਨੁਖ ਨੂੰ ਹੀ ਕੁਦਰਤ ਨੇ ਦਿੱਤੀ ਹੈ। ਕੁਦਰਤ ਵਲੋਂ ਸਿਰ ਦੇ ਵਾਲ ਦਿਮਾਗ ਦੀ ਸੰਭਾਲ ਲਈ ਬਣੇ ਹਨ। ਸਿਰ ਦੇ ਵਾਲ ਕਿਸੇ ਖਾਸ ਮੰਤਵ ਵਾਸਤੇ ਹਨ। ਪ੍ਰਮਾਤਮਾ ਕਦੇ ਗਲਤੀ ਨਹੀਂ ਕਰਦਾ। ਕੁਦਰਤ ਵਾਲ ਦੀ ਬਣਤਰ ਪ੍ਰਤੀ ਬਹੁਤ ਸੁਚੇਤ ਹੈ। ਕੁਦਰਤ ਵਲੋਂ ਕਿਸੇ ਹੋਰ ਅੰਗ ਦੀ ਇਤਨੀ ਸਜਾਵਟ ਨਹੀਂ ਕੀਤੀ ਗਈ ਜਿੰਨੀ ਵਾਲਾਂ ਦੀ ਕੀਤੀ ਗਈ ਹੈ। ਮਨੁਖ ਇਸ ਨੂੰ ਅਪਣੀਆਂ ਸਿਆਣਪਾਂ ਅਤੇ ਚਤੁਰਾਈਆਂ ਨਾਲ ਵਿਗਾੜ ਰਿਹਾ ਹੈ। ਅਜਿਹਾ ਕਰਕੇ ਸਗੋਂ ਵਾਲਾਂ ਨੂੰ ਕਮਜ਼ੋਰ ਕਰ ਰਿਹਾ ਹੈ। ਜੇ ਸਿਰ ਉਤੇ ਇੰਨੇ ਲੰਬੇ ਵਾਲਾਂ ਦੀ ਲੋੜ ਨਹੀਂ ਸੀ ਤਾਂ ਰੱਬ ਇਨ੍ਹਾਂ ਨੂੰ ਲੰਬੇ ਹੀ ਕਿਉਂ ਕਰਦਾ। ਵਾਲ ਸ਼ੇਵ ਕਰਨੇ ਕੁਦਰਤ ਦੇ ਕਨੂੰਨ ਵਿਚ ਦਖਲ ਦੇਣਾ ਹੈ। ਖੋਜਾਂ ਦੱਸ ਰਹੀਆਂ ਹਨ ਕਿ ਜੋ ਵਿਅਕਤੀ ਵਾਲ ਸ਼ੇਵ ਕਰ ਦੇਂਦੇ ਹਨ ਉਨ੍ਹਾਂ ਦੇ ਦੰਦ ਸਮੇਂ ਤੋਂ ਪਹਿਲਾਂ ਹੀ ਝੜ ਜਾਂਦੇ ਹਨ ਅਤੇ ਉਹ ਦੰਦਾਂ ਦੀ ਦਰਦ ਤੋਂ ਵੀ ਅਕਸਰ ਹੀ ਪੀੜਤ ਰਹਿੰਦੇ ਹਨ।(ਰਏਨੋਲਦ 1950)। ਕੁਦਰਤ ਦੀ ਯੋਜਨਾ ਵਿਚ ਦਖਲ ਦੇ ਕੇ ਮਨੁਖ ਇਲਾਹੀ ਹੁਕਮ ਦੀ ਉਲੰਘਣਾ ਕਰ ਰਿਹਾ ਹੈ। ਫੈਸ਼ਨ ਦੀ ਦੁਨੀਆਂ ਵਿਚ ਵਾਲਾਂ ਦੀ ਘਾੜਤ ਵਿਚ ਛੇੜਖਾਨੀ ਕਰਕੇ ਬਣਤਰ ਵਿਚ ਤਬਦੀਲੀ ਲਿਆਣ ਦੇ ਮੰਤਵ ਲਈ ਕਈ ਤਰੀਕੇ ਵਰਤੇ ਜਾਂਦੇ ਹਨ। ਅਜਿਹਾ ਕਰਦਿਆਂ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਅਸੀਂ ਵਾਲਾਂ ਨੂੰ ਕਮਜ਼ੋਰ ਕਰ ਰਹੇ ਹਾਂ। ਇਸ ਨਾਲ ਇਸ ਦੇ ਕੰਮਾਂ ਵਿਚ ਵੀ ਵਿਘਣ ਪੈਂਦਾ ਹੈ, ਜਿਸ ਦਾ ਸਮੁਚੀ ਸਰੀਰਕ ਅਤੇ ਮਾਨਸਿਕ ਸਿਹਤ ਉਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ। ਲਗਾਤਾਰ ਛੇੜਖਾਨੀ ਨਾਲ ਅਨੁਵੰਸ਼ਕ ਤਬਦੀਲੀਆਂ ਵੀ ਸੰਭਵ ਹਨ।ਇਸ ਦਾ ਪ੍ਰਤੀਕੂਲ ਅਸਰ ਸਾਡੀਆਂ ਆਣ ਵਾਲੀਆਂ ਨਸਲਾਂ ਉਤੇ ਪਵੇਗਾ। ਇਸ ਲਈ ਕੁਦਰਤ ਦੀ ਦਿੱਤੀ ਸ਼ਕਲ ਨੂੰ ਪ੍ਰਵਾਣ ਕਰਣ ਵਿਚ ਹੀ ਸਿਆਣਪ ਹੈ।