SikhThought - GuruGranthSahibJiFeatured

Kiv Sachiyara Hoyiae (ਜਪੁ ਜੀ ਸਾਹਿਬ ਦੇ ਆਧਾਰ ’ਤੇ)

ਸਿੱਖ ਸਾਹਿਤ ਵਿਚ ਜਪੁ ਜੀ ਸਾਹਿਬ ਦਾ ਸਥਾਨ ਪ੍ਰਥਮ ਹੈ। ‘ਜਪੁ’ ਦਰਸ਼ਨ ਨੂੰ ਹੀ ਬਾਕੀ ਗੁਰੂ ਸਾਹਿਬਾਨ ਨੇ ਵਿਸਥਾਰਿਆ ਹੈ। ਜਪੁ ਜੀ ਸਾਹਿਬ ਦਾ ਜਗਤ ਅਧਿਆਤਮਕ ਜਗਤ ਹੈ। ਇਹ ਪਰਮ-ਸਤਿ ਤੋਂ ਵਿੱਛੜੇ ਜੀਵਾਂ ਦੀ ਸੱਚ ਵਿਚ ਲੀਨ ਹੋਣ ਦੀ ਗਾਥਾ ਹੈ। ਸੰਸਕ੍ਰਿਤ ਦੇ ਪਦ ‘ਸਤਯ’ ਪ੍ਰਾਕਿਰਤ ਰੂਪ ‘ਸਤਿ’ ਅਤੇ ਪੰਜਾਬੀ ਰੂਪ ‘ਸੱਚ’ ਦੀ ਵਰਤੋਂ ਅਧਿਆਤਮਿਕ ਜਗਤ ਵਿਚ ਪ੍ਰਭੂ ਪਿਤਾ ਲਈ ਹੁੰਦੀ ਰਹੀ ਹੈ। ਡਾ. ਮੋਹਨ ਸਿੰਘ ਅਨੁਸਾਰ ‘ਸੱਚ’ ਦੇ ਤਿੰਨ ਅਰਥ ਹਨ:

Truth, Eternal and All Powerful not false, not dying, not with limited energy.

‘ਮਹਾਨ ਕੋਸ਼’ ਦੇ ਕਰਤਾ ਅਨੁਸਾਰ ‘ਸੱਚ’ ਦੇ ਅਰਥ ਹਨ—ਸਤਯ ਰੂਪ ਕਰਤਾਰ।

ਸੱਚ ਅਕਾਲ ਪੁਰਖ ਦਾ ਗੁਣ ਹੈ ਤੇ ਅੰਤਮ ਅਰਥ ਵਿਚ ਸੱਚ ਆਪ ਅਕਾਲ ਪੁਰਖ ਹੈ। ਗੁਰਬਾਣੀ ਵਿਚ ਪਰਮਾਤਮਾ ਨੂੰ ਇਕ ਨਾਮ ਵਿਚ ਬੰਨ੍ਹਣ ਲਈ ‘ਸਚੁ, ਸਤਿ ਜਾਂ ਸਤਿ ਨਾਮੁ’ ਕਿਹਾ ਗਿਆ ਹੈ। ਫ਼ੁਰਮਾਨ ਹੈ:

ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)

ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਪੰਨਾ 1083)

ਸਾਚਾ ਸਚੁ ਸੋਈ ਅਵਰੁ ਨ ਕੋਈ॥
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ॥ (ਪੰਨਾ 1020)

ਸਰਗੁਣਵਾਦੀਆਂ ਨੇ ਬ੍ਰਹਮ ਦੀ ਹੋਂਦ ਨੂੰ ਪਸਾਰੇ ਵਿਚ ਤੱਕਿਆ ਤੇ ਉਸ ਦੀ ਅਨੂਪਮ ਸੁੰਦਰਤਾ ਦੇ ਝਲਕਾਰੇ ਵਿੱਚੋਂ ਆਤਮਿਕ ਅਨੰਦ ਨੂੰ ਅਨੁਭਵ ਕੀਤਾ ਪਰ ਬ੍ਰਹਮ ਦੇ ‘ਸਤਿ’ ਸਰੂਪ ਨੂੰ ਅੱਖੋਂ ਓਹਲੇ ਨਾ ਕਰ ਸਕੇ। ‘ਸਤਿ ਸੌਂਦਰਯ ਅਤੇ ਸੋਂਦਰਯ ਸਤਿ ਹੈ’ ਵਿਚ ਇਕ ਪਰਮ ਸੱਚਾਈ ਛੁਪੀ ਹੋਈ ਹੈ। ਪਰਮਾਤਮਾ ਸਦੀਵੀ ਸੱਚ ਹੈ, ਇਸ ਲਈ ਉਹ ਅਮਰ ਹੈ, ਥਿਰ ਹੈ, ਸਤਿ-ਚਿਤ-ਆਨੰਦ ਤੇ ਕਲਿਆਣ ਸਰੂਪ ਹੈ। ਭਾਈ ਵੀਰ ਸਿੰਘ ਜੀ ਸਤਿ ਨੂੰ ‘1’ ਦਾ ਟੀਕਾ ਕਹਿੰਦੇ ਹਨ। ‘ਸਤਿ’ ਦਾ ਧਾਤੂ ਸੰਸਕ੍ਰਿਤ ਦਾ ‘ਅਸ’ ਹੈ ਜਿਸ ਤੋਂ ਭਾਵ ਹੈ ਹੋਣਾ। ਸੋ ਜੋ ਹੋਂਦ ਵਾਲਾ ਹੈ ਉਹ ਸਤਿ ਹੈ। ਗੁਰੂ ਜੀ ਦੇ ਆਸ਼ੇ ਅਨੁਸਾਰ ਜੋ ਕੁਝ ਸੰਸਾਰ ਵਿਚ ਹੈ, ਕੀ ਜੜ੍ਹ ਤੇ ਕੀ ਚੇਤਨ, ਸਭ ਨਾਸ਼ਵੰਤ ਹੈ। ਅੱਜ ਹੈ, ਕੱਲ੍ਹ ਨਹੀਂ। ਇਸ ਲਈ ਸਭ ਕੁਝ ਅਸਤਿ ਹੈ। ਪਰ ਪਰਮਾਤਮਾ ਚੂੰਕਿ ਨਾ ਪੈਦਾ ਹੋਇਆ ਹੈ, ਨਾ ਉਸ ਦਾ ਅੰਤ ਹੋਣਾ ਹੈ, ਉਹ ਸਦਾ ਤੋਂ ਹੈ ਤੇ ਸਦਾ ਰਹੇਗਾ ਇਸ ਲਈ ਉਹ ਸਤਿ ਹੈ। ਇਸੇ ਸੱਚ ਬਾਰੇ ਗੁਰੂ ਨਾਨਕ ਸਾਹਿਬ ਨੇ ਫ਼ਰਮਾਇਆ ਹੈ:

ਨਾਨਕ ਸਾਚੇ ਕਉ ਸਚੁ ਜਾਣੁ॥ (ਪੰਨਾ 15)

ਜਪੁ ਜੀ ਸਾਹਿਬ ਜਿੱਥੇ ‘ਸਤਿ’ ਜਾਂ ‘ਸਚੁ’ ਦੇ ਸਰੂਪ ਅਤੇ ਉਸ ਦੀ ਬੇਅੰਤਤਾ ਨੂੰ ਚਿਤਰਦਾ ਹੈ ਉਥੇ ਮਨੁਖ ਦੀ ਅਧਿਆਤਮਕ ਸਾਧਨਾ ਦੇ ਮੁਖ ਮੰਤਵ ‘ਸੱਚ ਵਿਚ ਲੀਨ ਹੋਣਾ’ ਦਾ ਪ੍ਰਗਟਾਵਾ ਵੀ ਕਰਦਾ ਹੈ। ਸੱਚ ਵਿਚ ਲੀਨਤਾ ਦਾ ਸਫ਼ਰ ਅਤਿ ਬਿਖੜਾ ਅਤੇ ਲੰਮੇਰਾ ਹੈ। ਵਸਤੂ-ਜਗਤ ਤੋਂ ਪਰਾਭੌਤਿਕ ਜਗਤ ਦਾ ਸਫ਼ਰ ਇਕ ਅਸਗਾਹ ਸਫ਼ਰ ਹੈ, ਜਿਸ ਦੀਆਂ ਦੁਸ਼ਵਾਰੀਆਂ ਨੂੰ ਵਿਰਲੇ ਸੂਰਬੀਰ, ਜੋਧੇ, ਮਹਾਂਬਲੀ ਹੀ ਤੈਅ ਕਰ ਸਕਦੇ ਹਨ। ਜਪੁ ਜੀ ਸਾਹਿਬ ਇਸ ਸਫ਼ਰ ਨੂੰ ‘ਸਹਿਜ’ ਵਿਚ ਵਿਚਰਦਿਆਂ ਤੈਅ ਕਰ ਕੇ ਸਚਿਆਰ-ਪਦ ਪ੍ਰਾਪਤੀ ਦਾ ਮਾਰਗ ਦਿਖਲਾਉਂਦਾ ਹੈ।‘ਸਚਿਆਰ’ ਸ਼ਬਦ ਸਤਯ+ਆਲਯ ਦੇ ਸੰਯੋਗ ਤੋਂ ਬਣਿਆ ਹੈ ਜਿਸ ਦੇ ਅਰਥ ਹਨ— ਸੱਚ ਦਾ ਘਰ, ਸੱਚ ਦੇ ਪ੍ਰਕਾਸ਼ ਹੋਣ ਲਈ ਯੋਗ। ਭਾਈ ਕਾਨ੍ਹ ਸਿੰਘ ਨਾਭਾ ਸੱਚ ਨੂੰ ਧਾਰਨ ਕਰਨ ਵਾਲੇ ਨੂੰ ਸਚਿਆਰ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਜਿਹੋ ਜਿਹੇ ਵਿਚਾਰ ਕਿਸੇ ਵਿਅਕਤੀ ਦੇ ਮਨ ਵਿਚ ਹੁੰਦੇ ਹਨ, ਕੁਦਰਤ ਵਿਚਲੇ ਉਹੋ ਜਿਹੇ ਸਾਰੇ ਵਿਚਾਰ ਉਥੇ ਆ ਜਾਂਦੇ ਹਨ। ਜੇ ਮਨੁਖ ਦੇ ਵਿਚਾਰਾਂ ਦਾ ਆਧਾਰ ਇੰਦ੍ਰਿਆਵੀ ਸੁਖ ਹੋਣਗੇ ਤਾਂ ਸਾਰੀਆਂ ਬਿਰਤੀਆਂ ਉਧਰ ਕੇਂਦ੍ਰਿਤ ਹੋ ਜਾਣਗੀਆਂ ਪਰ ਜੇ ਵਿਚਾਰਾਂ ਦਾ ਆਧਾਰ ਅਕਾਲ ਪੁਰਖ ਹੋਏਗਾ ਤਾਂ ਅਧਿਆਤਮਕਤਾ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਅੰਦਰ ਆ ਜਾਣਗੀਆਂ। ਅਜਿਹਾ ਮਨੁਖ ਫਿਰ ਸਚਿਆਰ ਦੀ ਪਦਵੀ ਨੂੰ ਪ੍ਰਾਪਤ ਹੋ ਜਾਏਗਾ। ਸਚਿਆਰ ਕਿਸੇ ਵਿਸ਼ੇਸ਼ ਧਾਰਮਿਕ ਵਿਧਾਨ ਦਾ ਨਾਮ ਜਾਂ ਪਛਾਣ-ਚਿੰਨ੍ਹ ਨਹੀਂ ਸਗੋਂ ਇਹ ਉੱਨਤ ਵਿਅਕਤਿਤਵ ਦੇ ਸੁੰਦਰ ਪ੍ਰਗਟਾਵੇ ਦਾ ਨਾਮ ਹੈ। ਸਚਿਆਰ ਉਹ ਪੁਰਖ ਹਨ ਜੋ ਸੱਚ ਨੂੰ, ਦੈਵੀ ਹੁਕਮ ਤੇ ਰਜ਼ਾ ਨੂੰ ਆਪਣੇ ਜੀਵਨ ਵਿਚ ਪ੍ਰਫੁਲਤ ਕਰਦੇ ਹਨ। ਪ੍ਰਭੂ ਦੀ ਪੈਦਾ ਕੀਤੀ ਹੋਈ ਕਾਇਨਾਤ ਵਿਚ ਮਨੁਖ ਦਾ ਦਰਜਾ ਸਰਬ-ਸ੍ਰੇਸ਼ਟ ਹੈ:

ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)

ਕਿਉਂਕਿ ਮਨੁਖ ਦਾ ਦਰਜਾ ਬਾਕੀ ਸਾਰੀਆਂ ਜੂਨਾਂ ਨਾਲੋਂ ਉੱਤਮ ਹੈ ਇਸ ਲਈ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਪੂਰਨਤਾ-ਪ੍ਰਾਪਤੀ ਲਈ ਕੋਸ਼ਿਸ਼ ਕਰੇ ਅਤੇ ਆਪਣੇ ਜੀਵਨ ਦਾ ਮੁਖ ਮੰਤਵ ਪੂਰਨਤਾ ਵਿਚ ਲੀਨ ਹੋਣਾ ਹੀ ਰੱਖੇ। ਪਰੰਤੂ ਇਹ ਮਾਇਆਵੀ ਜਗਤ ਮਨੁਖ ਨੂੰ ਵਾਸਤਵਿਕ ਸੱਚ ਨਾਲੋਂ ਨਿਖੇੜ ਕੇ ਆਪਣੇ ਵੱਲ ਖਿੱਚਦਾ ਹੈ। ਨਤੀਜੇ ਵਜੋਂ ਮਨੁਖ ਦਿੱਸਦੇ ਸੱਚ ਨੂੰ ਆਪਣਾ ਮੰਤਵ ਥਾਪ ਕੇ ਐਸ਼ੋ-ਆਰਾਮ ਦੇ ਸਾਰੇ ਸਾਧਨ ਜੁਟਾਉਣ ਵਿਚ ਆਪਣੀ ਸ਼ਕਤੀ ਤੇ ਸਮਾਂ ਲਗਾ ਦਿੰਦਾ ਹੈ। ਹਰ ਤਰ੍ਹਾਂ ਦੇ ਸੰਸਾਰਕ ਸੁਖ, ਐਸ਼ਵਰਜ਼, ਰਾਜ-ਭਾਗ, ਝੂਠੀ ਪ੍ਰਸੰਸਾ ਆਦਿ ਭੋਗਣ ਤੋਂ ਬਾਅਦ ਜਦੋਂ ਮਨੁਖ ਜੀਵਨ ਦੇ ਅੰਤਮ ਚਰਣ ’ਤੇ ਪਹੁੰਚਦਾ ਹੈ ਤਾਂ ਸਮਝ ਆਉਂਦੀ ਹੈ:

ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ (ਪੰਨਾ 856)

ਪਰ ਉਸ ਸਮੇਂ ਵੇਲਾ ਹੱਥੋਂ ਨਿਕਲ ਚੁਕਾ ਹੁੰਦਾ ਹੈ। ਕੁਝ ਨਹੀਂ ਹੋ ਸਕਦਾ। ਬਸ ਫੇਰ ਤਾਂ:

ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥ (ਪੰਨਾ 134)

ਜਪੁ ਜੀ ਸਾਹਿਬ ਦੀ ਬਾਣੀ ਮਨੁਖ ਨੂੰ ਅਜਿਹੀ ਨਿਰਾਸ਼ਤਾ ਵਿੱਚੋਂ ਕੱਢਣ ਦਾ ਹੱਲ ਪੇਸ਼ ਕਰਦੀ ਹੈ। ਜਪੁ ਜੀ ਸਾਹਿਬ ਇਕ ਦਾਰਸ਼ਨਿਕ ਬਾਣੀ ਹੈ। ਇਸ ਵਿਚ ਆਤਮਿਕ ਸਚਿਆਰਤਾ ਦੀ ਪ੍ਰਾਪਤੀ ਦਾ ਮਾਰਗ ਅਤੇ ਇਸ ਮਾਰਗ ’ਤੇ ਚੱਲਣ ਦੀਆਂ ਵਿਧੀਆਂ ਸਬੰਧੀ ਵਿਚਾਰ ਕੀਤੀ ਗਈ ਹੈ। ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਗੁਰੂ ਸਾਹਿਬ ਨੇ ਆਤਮਾ ਦਾ ਕਰਤੱਬ ਨਿਸ਼ਚਿਤ ਕਰ ਦਿੱਤਾ ਹੈ। ਜਪੁ ਜੀ ਸਾਹਿਬ ਦਾ ਸੰਬੰਧ ਅਧਿਆਤਮਕ ਵਿੱਦਿਆ ਨਾਲ ਹੈ ਅਤੇ ਇਸ ਵਿੱਦਿਆ ਵਿਚ ਪੈਰ-ਪੈਰ ’ਤੇ ਸ਼ੰਕੇ ਫੁਰਦੇ ਹਨ। ਇਨ੍ਹਾਂ ਸ਼ੰਕਿਆਂ ਦੀ ਨਵਿਰਤੀ ਬਿਨਾਂ ਅੰਧਕਾਰ ਦੀ ਧੁੰਦ ਨਹੀਂ ਮਿਟ ਸਕਦੀ ਅਤੇ ਨਾ ਹੀ ਵਾਸਤਵਿਕਤਾ ਦਾ ਪ੍ਰਕਾਸ਼ ਹੋ ਸਕਦਾ ਹੈ। ਸਚਿਆਰ ਹੋਣ ਦੀ ਪਹਿਲੀ ਸ਼ਰਤ ਹੈ ਜਿਗਿਆਸਾ ਦਾ ਪੈਦਾ ਹੋਣਾ, ਕੁਝ ਜਾਣਨ ਦੀ ਭੁਖ ਹੋਣਾ। ਸ਼ੰਕੇ ਇਸ ਭੁਖ ਨੂੰ ਤੇਜ਼ ਕਰਦੇ ਹਨ ਤੇ ਸ਼ੰਕਿਆਂ ਦੀ ਨਵਿਰਤੀ ਹਿਰਦੇ ਵਿਚ ਠੰਡ ਪਾਉਂਦੀ ਹੈ। ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਜਗਿਆਸੂ ਬਣ ਕੇ ਪ੍ਰਸ਼ਨ ਕਰਦੇ ਤੇ ਫਿਰ ਆਪ ਹੀ ਉੱਤਰ ਦਿੰਦੇ ਹਨ:

ਪ੍ਰਸ਼ਨ : ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਉੱਤਰ : ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥

ਇਸ ਪ੍ਰਸ਼ਨ-ਉੱਤਰ ਤੋਂ ਪਹਿਲਾਂ ਗੁਰੂ ਸਾਹਿਬ ਅਧਿਆਤਮਕ ਪ੍ਰਾਪਤੀ ਲਈ ਪ੍ਰਚਲਿਤ ਰੀਤੀਵਾਦ ਨੂੰ ਨਕਾਰਦੇ ਹੋਏ ਪ੍ਰਭੂ ਨਾਮ ਅਤੇ ਅਨਹਦ ਸ਼ਬਦ ਉੱਤੇ ਵਿਚਾਰਕਰਨ ਦੀ ਪ੍ਰੇਰਨਾ ਦਿੰਦੇ ਹਨ। ਤੀਰਥ ਇਸ਼ਨਾਨ, ਮੌਨ ਧਾਰਨ ਕਰਨਾ, ਵਰਤ ਰੱਖਣੇ, ਗਿਆਨ ਹਾਸਲ ਕਰ ਕੇ ਵੱਡੇ ਵਿਦਵਾਨ ਬਣਨਾ ਆਦਿ ਕਰਮ ਪ੍ਰਭੂ-ਪ੍ਰਾਪਤੀ ਵਿਚ ਸਹਾਈ ਨਹੀਂ ਹੁੰਦੇ ਸਗੋਂ ਕਈ ਵਾਰ ਤਾਂ ਵੱਡੀ ਰੁਕਾਵਟ ਬਣਦੇ ਹਨ ਕਿਉਂਕਿ ਬਾਹਰੀ ਧਾਰਮਿਕ ਆਡੰਬਰ ਮਨ ਉੱਪਰ ਹਉਮੈ ਦੀ ਪਰਤ ਨੂੰ ਹੋਰ ਪਕੇਰਿਆਂ ਕਰ ਦਿੰਦੇ ਹਨ:

ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ॥
ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ॥ (ਪੰਨਾ 495)

ਸੋ ਅਜਿਹੇ ਕਰਮ-ਕਾਂਡ ਕਰਨ ਵਾਲਾ ਸਚਿਆਰ ਨਹੀਂ ਹੋ ਸਕਦਾ। ਫਿਰ ਸਚਿਆਰ ਹੈ ਕੌਣ? ਸਚਿਆਰ ਤਾਂ ਉਹ ਹੈ ਜਿਸ ਨੂੰ ਇਸ ਗੱਲ ਦੀ ਪ੍ਰਤੀਤ ਹੋ ਗਈ ਹੋਵੇ ਕਿ ਦਇਆ ਵਿੱਚੋਂ ਜਨਮਿਆ ਤੇ ਸੰਤੋਖ ਦੁਆਰਾ ਨਿਯੰਤ੍ਰਿਤ ਧਰਮ ਹੀ ਸ੍ਰਿਸ਼ਟੀ ਦੀ ਸੰਚਾਲਕ ਸ਼ਕਤੀ ਹੈ ਅਤੇ ਜੀਵ ਦੀ ਜਗਤ-ਯਾਤਰਾ ਦਾ ਮੰਤਵ ਇਸ ਧਰਮ ਦੀ ਪਾਲਣਾ ਕਰਨਾ ਹੈ:

ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)

ਸਚਿਆਰ ਬਣਨ ਲਈ ਕਿਤੇ ਜਾਣ ਦੀ ਲੋੜ ਨਹੀਂ ਸਗੋਂ ਆਪਣੀ ਅੰਤਰ ਆਤਮਾ ’ਤੇ ਉੱਕਰੇ ਹੁਕਮ ਨੂੰ ਪਛਾਣ ਕੇ ਬ੍ਰਹਿਮੰਡੀ ਵਿਧਾਨ ਨਾਲ ਇਕਸੁਰ ਹੋਣਾ ਹੈ। ‘ਹੁਕਮ’ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ‘ਫ਼ਰਮਾਨ’। ਅਫੁਰ ਅਵਸਥਾ ਵਿਚ ਕਈ ਯੁਗ ਬੀਤ ਜਾਣ ਉਪਰੰਤ ਜਦੋਂ ਨਿਰਗੁਣ ਬ੍ਰਹਮ ਨੇ ਸਰਗੁਣ ਸਰੂਪ ਧਾਰਨ ਕੀਤਾ ਤੇ ਸ੍ਰਿਸ਼ਟੀ ਦੀ ਖੇਡ ਰਚੀ ਗਈ ਤਾਂ ਹੁਕਮ ਦਾ ਅਸਤਿਤਵ ਹੋਇਆ। ਹੁਕਮ ਉਹ ਨਿਯਮਾਵਲੀ ਹੈ ਜੋ ਸ੍ਰਿਸ਼ਟੀ ਨੂੰ ਨਿਯੰਤ੍ਰਿਤ ਰੱਖਦੀ ਹੈ। ਫ਼ੁਰਮਾਨ ਹਨ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਪੰਨਾ 1)

ਹੁਕਮੀ ਸਗਲ ਕਰੇ ਆਕਾਰ॥ (ਪੰਨਾ 150)

ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥ (ਪੰਨਾ 786)

ਸ੍ਰਿਸ਼ਟੀ ਨੂੰ ਸਾਜ ਕੇ ਫਿਰ ਸੰਭਾਲਦਾ ਵੀ ਹੁਕਮ ਹੀ ਹੈ:

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ॥ (ਪੰਨਾ 145)

ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ 464)

ਸ੍ਰਿਸ਼ਟੀ ਦਾ ਨਾਸ ਵੀ ਫਿਰ ਹੁਕਮ ਰਾਹੀਂ ਹੀ ਹੁੰਦਾ ਹੈ:

ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥ (ਪੰਨਾ 1289)

ਹੁਕਮ ਲਈ ਗੁਰਬਾਣੀ ਵਿਚ ‘ਰਜ਼ਾ’ ਜਾਂ ‘ਰਜ਼ਾਈ’ ਸ਼ਬਦ ਵੀ ਵਰਤੇ ਗਏ ਹਨ। ਰਜ਼ਾ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ—ਇੱਛਾ, ਮਰਜ਼ੀ, ਪ੍ਰਸੰਨਤਾ। ਗੁਰਬਾਣੀ ਵਿਚ ਰਜ਼ਾਈ ਪਦ ਦੈਵੀ-ਇੱਛਾ ਜਾਂ ਰੱਬੀ ਭਾਣੇ ਦਾ ਪਰਿਆਇ ਹੈ। ਸੋ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਵਿਚ ਉਸ ਸਮੱਸਿਆ ਦਾ ਸਮਾਧਾਨ ਕੀਤਾ ਗਿਆ ਹੈ ਜਿਸ ਦਾ ਉਲੇਖ ਇਸ ਤੋਂ ਪਹਿਲੀ ਤੁਕ ਵਿਚ ਕੀਤਾ ਗਿਆ ਸੀ। ਵਾਹਿਗੁਰੂ ਹੁਕਮ ਨਾਲ ਜੋ ਕੁਝ ਕਰਦਾ ਹੈ ਉਹ ਸੁਤੰਤਰ ਆਪਣੀ ਰਜ਼ਾ ਅਰਥਾਤ ਮਰਜ਼ੀ ਨਾਲ ਕਰਦਾ ਹੈ। ਉਸ ਨੂੰ ਕਿਸੇ ਦੇ ਸਲਾਹ-ਮਸ਼ਵਰੇ ਦੀ ਲੋੜ ਨਹੀਂ। ਗੁਰ-ਫ਼ਰਮਾਨ ਹੈ:

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ॥ (ਪੰਨਾ 53)

ਰਜ਼ਾ ਮੰਨਣ ਦਾ ਭਾਵ ਇਹੀ ਹੈ ਕਿ ਪ੍ਰਭੂ ਦੀ ਇੱਛਾ ਨੂੰ ਪਹਿਚਾਣਦੇ ਹੋਏ ਖੁਸ਼ੀ ਵਿਚ ਆਉਣਾ। ਆਪਣੀ ਪ੍ਰਸੰਨਤਾ ਨੂੰ ਉਸ ਦੀ ਪ੍ਰਸੰਨਤਾ ਨਾਲ ਇਕਸੁਰ ਕਰਨਾ। ‘ਤੇਰਾ ਕੀਆ ਮੀਠਾ ਲਾਗੈ’ ਵਾਲੀ ਅਵਸਥਾ ਬਣ ਜਾਣੀ। ਭਾਵੇਂ ਇਸ ਅਵਸਥਾ ਤਕ ਵਿਰਲੇ ਹੀ ਅੱਪੜਦੇ ਹਨ ਪਰ ਜੋ ਅੱਪੜ ਜਾਣ ਉਨ੍ਹਾਂ ਦੀ ਸਾਧਨਾ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਚੜ੍ਹਦੀ ਹੈ। ਫ਼ਰਮਾਨ ਹੈ:

ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ॥ (ਪੰਨਾ 421)

ਸੋ ਜੀਵ ਨੂੰ ਉਸ ਪਰਮੇਸ਼ਰ ਦੀ ਖੁਸ਼ੀ ਦੇ ਅਨੁਕੂਲ ਚੱਲਣਾ ਬਣਦਾ ਹੈ। ਇਹ ਅਨੁਕੂਲਤਾ ਵਰਤਣੀ ਹੀ ਸਚਿਆਰ ਦਾ ਮਾਰਗ ਹੈ। ਸਚਿਆਰ ਦੇ ਜੀਵਨ ਵਿਚ ਹੁਕਮ ਉਹ ਤੱਤ ਵੀ ਹੈ ਜਿਸ ਨੂੰ ਆਤਮਾ ਦੀ ਆਵਾਜ਼ ਕਿਹਾ ਜਾ ਸਕਦਾ ਹੈ। ਹੁਕਮ, ਰਜ਼ਾ ਅਨੁਸਾਰ ਚੱਲਣਾ ਆਤਮਾ ਦੀ ਅਗਵਾਈ ਵਿਚ ਜੀਵਨ ਨੂੰ ਢਾਲਣਾ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)

ਮਨੁਖ ਦੇ ਅੰਦਰ ਜੋਤ-ਸਰੂਪ ਦੀ ਅੰਸ਼ ਹੋਣ ਕਰਕੇ ਇਹ ਹੁਕਮ ਜੀਵ ਦੇ ਅੰਦਰ ਵੀ ਹੈ। ਇਹ ਸਮਝ ਲਈਏ ਕਿ ਇਹ ਹੁਕਮ ਜੀਵ ਦੇ ਅੰਦਰ ਲਿਖਿਆ ਪਿਆ ਹੈ ਜੋ ਮੰਦਾ ਕੰਮ ਕਰਨ ਲੱਗਿਆਂ ‘ਰੁਕ ਜਾਉ’ ਦੀ ਆਵਾਜ਼ ਦਿੰਦਾ ਹੈ ਅਤੇ ਚੰਗਾ ਕੰਮ ਕਰਨ ਲੱਗਿਆਂ ਪ੍ਰਸੰਨਤਾ ਦੀ ਸੈਨਤ ਮਾਰਦਾ ਹੈ। ਹੁਕਮ ਦੀ ਇਹ ਬਰੀਕ ਜਿਹੀ ਆਵਾਜ਼ ਜੀਵ ਨੇ ਆਪਣੇ ਅੰਦਰ ਸੁਣਨੀ ਹੈ। ਜਿਸ ਪੁਰਸ਼ ਨੇ ਅੰਦਰ ਵਗਦੇ ਰੱਬੀ ਵਹਾਉ ਨਾਲ ਸੁਰਤ ਜੋੜ ਲਈ ਉਹ ਉਥੋਂ ਉਪਜਦੀਆਂ ਬੇਅੰਤ ਸ਼ਕਤੀਆਂ ਦਾ ਹਿੱਸੇਦਾਰ ਬਣ ਜਾਂਦਾ ਹੈ। ਫਿਰ ਇਕ ਪਾਸੇ ਉਹ ਆਪਣੇ ਆਪ ਨੂੰ ਪਰਮਾਤਮਾ ਦੀ ਅੰਸ਼ ਸਮਝਦਾ ਹੈ ਤੇ ਦੂਜੇ ਪਾਸੇ ਸਾਰੇ ਜਗਤ ਦਾ ਇਕ ਹਿੱਸਾ। ਅਜਿਹਾ ਮਨੁਖ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਕਰਤੱਵ ਦੀ ਪਾਲਣਾ ਕਰਦਾ ਹੈ। ਅਸਲ ਵਿਚ ਸਾਰਾ ਜਪੁ ਜੀ ਸਾਹਿਬ ਹੈ ਹੀ ਆਤਮਾ ਦੇ ਕਰਤੱਵ ਦੀ ਪੇਸ਼ਕਾਰੀ। ਗੁਰ-ਫ਼ਰਮਾਨ ਹੈ:

ਹਉ ਹਉ ਕਰਤ ਨਹੀ ਸਚੁ ਪਾਈਐ॥
ਹਉਮੈ ਜਾਇ ਪਰਮ ਪਦੁ ਪਾਈਐ॥ (ਪੰਨਾ 226)

ਹੁਕਮ ਤੇ ਹਉਮੈ ਦਾ ਆਪਸ ਵਿਚ ਟਕਰਾਉ ਤੇ ਤਨਾਉ ਹੈ। ਪਰ ਜੇ ਹੁਕਮ ਤੇ ਹਉਮੈ ਇਕਸੁਰ ਹੋ ਜਾਣ ਤਾਂ ਰਜ਼ਾ ਹੁੰਦੀ ਹੈ। ਅਸਲ ਵਿਚ ਰਜ਼ਾ ਦੇ ਅਰਥ ਹੀ ਸੁਆਰਥ ਰਹਿਤ ਹੋ ਕੇ ਕੇਵਲ ਅਕਾਲ ਪੁਰਖ ਦੀ ਮੌਜ ਵਿਚ ਮਗਨ ਹੋ ਕੇ ਮਨੁਖਤਾ ਦੀ ਸੇਵਾ ਕਰਨਾ ਹੈ। ਸੋ ਸਚਿਆਰ-ਪਦ ਪ੍ਰਾਪਤੀ ਲਈ ‘ਹੁਕਮ ਰਜਾਈ ਚਲਣਾ’ ਪਹਿਲੀ ਸ਼ਰਤ ਹੈ। ਜਿੱਥੇ ‘ਹੁਕਮ’ ਪਦ ਪ੍ਰਭੂ ਵਾਸਤੇ ਜਾਂ ਉਸ ਦੀ ਮੌਜ ਵਾਸਤੇ ਵਰਤਿਆ ਜਾਂਦਾ ਹੈ ਉਥੇ ਹੁਕਮ ਪਰਮੇਸ਼ਰ ਦਾ ਨਾਮ ਵੀ ਦੱਸਿਆ ਜਾਂਦਾ ਹੈ:

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਪੰਨਾ 72)

ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ॥ (ਪੰਨਾ 951)

ਅਰਥਾਤ ਕੂੜ ਦੀ ਮੈਲ ਜਾਂ ਪਾਲਿ ਨਾਮ ਨਾਲ ਹੀ ਦੂਰ ਹੁੰਦੀ ਹੈ ਅਤੇ ਇਹ ਪਾਲਿ ਦੂਰ ਹੋਣ ਨਾਲ ਹੀ ਸਚਿਆਰ ਬਣੀਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਨਾਮ-ਸਿਮਰਨ ਦਾ ਹੁਕਮ ਜੀਵ ਦੇ ਮਨ ਅਤੇ ਤਨ ਵਿਚ ਧੁਰੋਂ ਹੀ ਲਿਖਿਆ ਹੋਇਆ ਹੈ:

ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ॥ (ਪੰਨਾ 199)

‘ਨਾਨਕ ਲਿਖਿਆ ਨਾਲਿ’ ਦਾ ਅਰਥ ਵੀ ਇਹੀ ਹੈ। ਸੋ ਨਾਮ-ਸਿਮਰਨ ਜੀਵਨ ਦਾ ਅੰਦਰਲਾ ਤੱਤ ਹੈ। ਦੈਵੀ-ਹੁਕਮ ਇਸ ਦੀ ਉਪਜਾਊ ਪ੍ਰੇਰਨਾ ਹੈ ਤੇ ਰਜ਼ਾ ਇਸ ਦੀ ਉਪਜਾਊ ਪ੍ਰਸੰਨਤਾ। ਜੀਵਨ ਵਿਚ ‘ਨਾਮ’ ਨੂੰ ਪ੍ਰਫੁਲਤ ਕਰਨਾ ਹੀ ਜੀਵਨ ਦੀ ਸੰਪੂਰਨਤਾ ਪ੍ਰਾਪਤ ਕਰਨਾ ਹੈ। ਜਪੁ ਜੀ ਸਾਹਿਬ ਦੀ ਚੌਥੀ ਪਉੜੀ ਵਿਚ ਦੱਸਿਆ ਗਿਆ ਹੈ ਕਿ ਜੀਵਨ ਵਿਚ ਸੱਚ ਨੂੰ ਪ੍ਰਫੁਲਤ ਕਰਨ ਲਈ ਅੰਮ੍ਰਿਤ ਵੇਲੇ ਉੱਠ ਕੇ ਨਾਮ-ਅਭਿਆਸ ਅਤੇ ਚਿੰਤਨ ਕਰਨਾ ਜ਼ਰੂਰੀ ਹੈ। ਸ਼ਖ਼ਸੀਅਤ ਨੂੰ ਦੈਵੀ ਬਣਾਉਣ ਲਈ ਨਾਮ ਨੂੰ ਆਪਣੇ ਕਰਮ ਦਾ ਆਧਾਰ ਬਣਾਇਆ ਜਾਵੇ:

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ (ਪੰਨਾ 2)

ਨਾਮ ਦੁਆਰਾ ਹੀ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ ਕਿਉਂਕਿ ਸਾਰਾ ਜਗਤ ਨਾਮ ਦਾ ਹੀ ਪ੍ਰਕਾਸ਼ ਹੈ:

ਜੇਤਾ ਕੀਤਾ ਤੇਤਾ ਨਾਉ॥
ਵਿਣੁ ਨਾਵੈ ਨਾਹੀ ਕੋ ਥਾਉ॥ (ਪੰਨਾ 4)

ਨਾਮ ਤੋਂ ਬਿਨਾਂ ਜਗਤ ਦੀ ਕੋਈ ਸ਼ਖ਼ਸੀਅਤ ਹੋਂਦ ਨਹੀਂ ਰੱਖਦੀ ਅਤੇ ਜੇ ਕਿਧਰੇ ਕਿਸੇ ਸ਼ਖ਼ਸੀਅਤ ਵਿਚ ਅਸ਼ੁਧਤਾ ਪੈਦਾ ਹੋ ਜਾਏ ਤਾਂ ਫਿਰ ਨਾਮ ਹੀ ਉਸ ਨੂੰ ਸ਼ੁਧਤਾ ਵਿਚ ਤਬਦੀਲ ਕਰਨ ਦਾ ਕਲਿਆਣਕਾਰੀ ਰਸਾਇਣ ਹੈ:

ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥ (ਪੰਨਾ 4)

ਕੇਵਲ ਨਾਮ ਦੀ ਪਕੜ ਦੁਆਰਾ ਹੀ ਮਾਇਆ ਦੀ ਪਕੜ ’ਤੇ ਫ਼ਤਹ ਪਾਈ ਜਾ ਸਕਦੀ ਹੈ। ਹਰ ਮਨੁਖ ਪਤਿ ਦੀਆਂ ਪਉੜੀਆਂ ਚੜ੍ਹਨ ਦਾ ਇੱਛੁਕ ਹੁੰਦਾ ਹੈ ਪਰ ਇਹ ਤਾਂ ਹੀ ਸੰਭਵ ਹੈ ਜੇ ਉਹ ਜਗਦੀਸ਼ ਨਾਲ ਇਕਸੁਰ ਹੋ ਕੇ ਜੀਭਾ ਨਾਲ ਏਕ ਨਾਮ ਦਾ ਬਾਰੰਬਾਰ ਜਾਪ ਕਰੇ:

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥ (ਪੰਨਾ 7)

ਬਾਰੰ ਬਾਰ ਬਾਰ ਪ੍ਰਭੁ ਜਪੀਐ॥ (ਪੰਨਾ 286)

ਜਪੁ ਜੀ ਸਾਹਿਬ ਵਿਚ ਹਰਿ ਨਾਮ ਦੇ ਅਭਿਆਸ ਲਈ ਤਿੰਨ ਸਾਧਨ ਜੁਟਾਏ ਗਏ ਹਨ— ਸੁਣਨ, ਮਨਨ ਅਤੇ ਗਾਇਣ। ਨਾਮ ਦੇ ਸੁਣਨ ਦਾ ਅਰਥ ਹੈ—ਪੂਰਨ ਇਕਾਗਰਤਾ, ਸ਼ਰਧਾ ਤੇ ਸਮਰਪਣ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਧਿਆਨ ਧਰਨਾ। ਸਾਰੀਆਂ ਸ਼ਕਤੀਆਂ ਨੂੰ ਹਰਿ ਨਾਮ ’ਤੇ ਕੇਂਦ੍ਰਿਤ ਕਰਨਾ। ‘ਸੁਣਿਐ’ ਕਿਸੇ ਪ੍ਰਕਾਰ ਦੀ ਇੰਦ੍ਰਿਆਤਮਕ ਕਿਰਿਆ ਨਹੀਂ ਸਗੋਂ ਇਹ ਤਾਂ ਪ੍ਰਭੂ ਦਾ ਰਹੱਸਵਾਦੀ ਅਨੁਭਵ ਹੈ। ਜਦੋਂ ਭਗਤ-ਜਨ ਇਕ-ਮਨ ਇਕ-ਚਿਤ ਹੋ ਕੇ ਸਾਰੀਆਂ ਅਚੇਤ ਤੇ ਸੁਚੇਤ ਬਿਰਤੀਆਂ ਇਕਾਗਰ ਕਰ ਕੇ ਨਿਰੰਕਾਰ ਦੇ ਧਿਆਨ ਵਿਚ ਮਗਨ ਹੁੰਦੇ ਹਨ ਤਾਂ ਉਹ ਸਦਾਚਾਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਪੱਖ ਤੋਂ ਬਲਵਾਨ ਹੋ ਜਾਂਦੇ ਹਨ। ਸਤਿ, ਸੰਤੋਖ ਅਤੇ ਧੀਰਜ ਪ੍ਰਾਪਤ ਕਰਦੇ ਹਨ। ਨਾਮ ਦੇ ਮਨਨ ਤੋਂ ਭਾਵ ਹੈ ਕਿ ਹਰਿ ਨਾਮ ਨੂੰ ਮਨ ਵਿਚ ਰੂਪਮਾਨ ਕਰਨਾ, ਮਨ ਵਿਚ ਵਿਕਸਿਤ ਕਰਨਾ। ਹਰਿ ਦੇ ਮਨਨ ਦਾ ਅਭਿਆਸ ਅਸਲ ਵਿਚ ਬ੍ਰਹਮ ਗਿਆਨ ਨੂੰ ਮਨ ਵਿਚ ਸਾਕਾਰ ਕਰਨਾ ਹੈ। ਮਨਨ ਦੀ ਪ੍ਰਕਿਰਿਆ ਸਿਮਰਨ ਸਾਧਨਾ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਹੈ। ‘ਸੁਣਿਐ’ ਦੁਆਰਾ ਪ੍ਰਾਪਤ ਕੀਤੇ ਅਨੁਭਵ ਅਨੁਸਾਰ ਜੀਵਨ ਨੂੰ ਢਾਲਣਾ ਵਾਸਤਵ ਵਿਚ ਮਨਨ ਦੀ ਅਵਸਥਾ ਹੈ। ਇਸ ਅਵਸਥਾ ਵਿਚ ਈਸ਼ਵਰੀ ਸੰਸਕਾਰ ਜਗਿਆਸੂ ਦੇ ਜੀਵਨ ਵਿਚ ਪ੍ਰਵੇਸ਼ ਕਰਦੇ ਹਨ:

ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥ (ਪੰਨਾ 3)

ਜੋ ਮੰਨ ਲੈਂਦਾ ਹੈ ਉਸ ਦੇ ਮਨ ਵਿਚ, ਬੁਧੀ ਵਿਚ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਉਸ ਦੇ ਚਿੱਤ ਜਾਂ ਬੁਧੀ ਵਿਚ ਈਸ਼ਵਰੀ ਸੂਝ ਦੀ ਜਾਗ ਪੈਦਾ ਹੋ ਜਾਂਦੀ ਹੈ, ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਅਜਿਹਾ ਮਨੁਖ ਮੂੰਹ ’ਤੇ ਚੋਟਾਂ ਨਹੀਂ ਖਾਂਦਾ, ਜਮਾਂ ਦੇ ਵੱਸ ਨਹੀਂ ਪੈਂਦਾ, ਮੁਕਤੀ ਦਾ ਦੁਆਰਾ ਉਸ ਲਈ ਹਮੇਸ਼ਾਂ ਖੁਲ੍ਹਾ ਰਹਿੰਦਾ ਹੈ।ਆਪ ਵੀ ਤਰਦਾ ਹੈ, ਦੂਜਿਆਂ ਨੂੰ ਵੀ ਤਾਰਦਾ ਹੈ। ਉਸ ਨੂੰ ਬਾਹਰਲੇ ਤੀਰਥਾਂ ਦੀ ਲੋੜ ਨਹੀਂ ਰਹਿੰਦੀ। ਉਸ ਦਾ ਅੰਦਰਲਾ ਹੀ ਤੀਰਥ ਬਣ ਜਾਂਦਾ ਹੈ:

ਅੰਤਰਗਤਿ ਤੀਰਥਿ ਮਲਿ ਨਾਉ॥ (ਪੰਨਾ 4)

ਤੀਸਰਾ ਸਾਧਨ ਹੈ—ਗਾਇਣ। ਗਾਉਣ ਦਾ ਅਰਥ ਹੈ ਉਪਮਾ ਕਰਨਾ, ਗੁਣਾਂ ਦੇ ਖ਼ਜ਼ਾਨੇ ਦੇ ਗੁਣ ਗਾਉਣਾ। ਗਾਉਣਾ ਵਡਿਆਈ ਕਰਨ ਦਾ ਪ੍ਰਾਇਵਾਚੀ ਹੈ। ਆਪਣੀ ਸ਼ਖਸੀਅਤ ਨੂੰ ਟਕਸਾਲ ਬਣਾ ਕੇ ਉਸ ਅੰਦਰ ਸ਼ਬਦ ਦੇ ਗਹਿਣੇ ਘੜਨੇ
ਹਨ। ਅਜਿਹਾ ਕਰਨ ਲਈ ਜਿੱਥੇ ਪ੍ਰੇਮ ਭਾਵਨਾ ਦੀ ਜ਼ਰੂਰਤ ਹੈ:

ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਪੰਨਾ 2)

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ (ਪੰਨਾ 8)

ਉਥੇ ਪ੍ਰਭੂ ਦੀ ਨਦਰਿ ਅਤੇ ਕਰਮ ਦੀ ਵੀ ਅਤਿ ਆਵੱਸ਼ਕਤਾ ਹੈ।

ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ॥(ਪੰਨਾ 593)

ਨਾਨਕ ਨਦਰੀ ਨਦਰਿ ਨਿਹਾਲ॥ (ਪੰਨਾ 8)

ਅਜਿਹੇ ਪ੍ਰਵਾਨ ਸਾਧਕ ਨੂੰ ਜਗਤ ਤੋਂ ਟੁਟ ਕੇ ਪਹਾੜਾਂ ਦੀਆਂ ਕੰਦਰਾਂ ਵਿਚ ਜਾ ਕੇ ਬੈਠਣ ਦੀ ਲੋੜ ਨਹੀਂ ਰਹਿੰਦੀ ਸਗੋਂ ਪਰਉਪਕਾਰੀ ਬਿਰਤੀ ਧਾਰਨ ਕਰ ਕੇ ਹੋਰਾਂ ਨੂੰ ਵੀ ਨਾਮ ਦੇ ਰੰਗ ਵਿਚ ਰੰਗਦਾ ਹੈ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਪੰਨਾ 8)

ਅਜਿਹੇ ਸਚਿਆਰ ਮਨੁਖ ਦੇ ਚਰਨਾਂ ਦੀ ਧੂੜੀ ਦੀ ਲੋਚਾ ਗੁਰੂ ਸਾਹਿਬ ਆਪ ਵੀ ਕਰਦੇ ਹਨ:

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 306)