ਖੋਜ ਸਬਦ ਮੈ ਲੇਹ

ਹਰ ਸਿੱਖ ਹਰ ਰੋਜ਼ ਅਰਦਾਸ ਕਰਨ ਸਮੇਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪਾਂ ਦਾ ਧਿਆਨ ਧਰਨ ਤੋਂ ਬਾਅਦ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਦਾ ਹੈ। ਅਰਦਾਸ ਉਪਰੰਤ ਗਿਆਨੀ ਗਿਆਨ ਸਿੰਘ ਰਚਿਤ ਜਿਸ ਦੋਹਿਰੇ ਦਾ ਗਾਇਨ ਕੀਤਾ ਜਾਂਦਾ ਹੈ ਉਸ ਰਾਹੀਂ ਗ੍ਰੰਥ ਅਤੇ ਪੰਥ ਅਰਥਾਤ ਬਾਣੀ ਅਤੇ ਖਾਲਸਾ ਪੰਥ ਬਾਰੇ ਸਪਸ਼ਟ ਰੂਪ ਵਿਚ ਦ੍ਰਿੜ ਕਰਾਇਆ ਜਾਂਦਾ ਹੈ:

ਆਗਿਆ ਭਈ ਅਕਾਲ ਕੀ ਤਬੀ ਚਲਯੋ ਪੰਥ॥
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦ ਮੈ ਲੇਹ॥

ਅਕਾਲ ਪੁਰਖ ਦੀ ਆਗਿਆ ਨਾਲ ਗੁਰੂ ਨਾਨਕ ਦੇਵ ਜੀ ਨੇ ‘ਨਿਰਮਲ ਪੰਥ’ ਚਲਾਇਆ। ਇਸੇ ਨਿਰਮਲ ਪੰਥ ਨੂੰ ਦਸਮ ਪਾਤਸ਼ਾਹ ਨੇ ਅੰਤਮ ਛੋਹਾਂ ਦੇ ਕੇ ਪੰਥ ਚਲਾਇਉ ਖ਼ਾਲਸਾ ਦੇ ਰੂਪ ਵਿਚ ਪ੍ਰਗਟ ਕੀਤਾ। ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਦੀ ਪੂਰਤੀ ਹੋਈ। ਗੁਰੂ ਦੀ ਦੇਹਧਾਰੀ ਪਰੰਪਰਾ ਦਾ ਅੰਤ ਹੋਇਆ। ਗੁਰ ਸ਼ਬਦ ਦੇ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਗਿਆ ਅਤੇ ਹੁਕਮ ਹੋਇਆ ਕਿ ਪ੍ਰਭੂ ਪ੍ਰਾਪਤੀ ਦੀ ਤਾਂਘ ਰੱਖਣ ਵਾਲਾ ਹਰ ਪ੍ਰਾਣੀ ਸ਼ਬਦ ਭਾਵ ਬਾਣੀ ਵਿਚੋਂ ਪ੍ਰਭੂ ਮਿਲਾਪ ਕਰੇ।

ਜੋ ਪ੍ਰਭ ਕਉ ਮਿਲਬੋ ਚਹੈ ਖੋਜ ਸ਼ਬਦ ਮੈ ਲੇਹ॥

ਇਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਵੀ ਵਸਤੂ ਦੀ ਪ੍ਰਾਪਤੀ ਲਈ ਉਸ ਵਸਤੂ ਦੇ ਧਾਰਨੀ ਕੋਲ ਜਾਣਾ ਜ਼ਰੂਰੀ ਹੈ। ਸੰਗੀਤ ਸਿੱਖਣ ਲਈ ਸੰਗੀਤ ਦੇ ਮਾਹਿਰ ਤਕ ਪਹੁੰਚਣਾ ਜ਼ਰੂਰੀ ਹੈ। ਪੇਂਟਿੰਗ ਸਿੱਖਣੀ ਹੋਵੇ ਤਾਂ ਕਿਸੇ ਕਲਾਕਾਰ ਦੀ ਸ਼ਰਨ ਲੈਣੀ ਪਵੇਗੀ। ਏਸੇ ਤਰ੍ਹਾਂ ਅਧਿਆਤਮਕ ਮੰਜ਼ਲ ਵਲ ਵਧਣ ਤੇ ਉਸ ਦੇ ਫਲਸਰੂਪ ਜੀਵਨ ਨੂੰ ਹਰ ਪੱਖੋਂ ਸੰਤੁਲਿਤ ਅਤੇ ਸੁਖੀ ਬਣਾਉਣ ਲਈ ਕਾਮਲ ਗੁਰੂ ਦੀ ਜ਼ਰੂਰਤ ਹੈ।ਪੂਰਨ ਗੁਰੂ ਬਿਨਾਂ ਕਦੇ ਵੀ ਪ੍ਰਭੂ ਨੂੰ ਲਖਿਆ ਨਹੀਂ ਜਾ ਸਕਦਾ। ਗੁਰੂ ਅੰਦਰ ਅਕਾਲ ਪੁਰਖ ਵਿਸ਼ੇਸ਼ ਨਿਵਾਸ ਰਖਦਾ ਹੈ। ਗੁਰੂ ਸਿੱਖ ਦੀ ਅਗਵਾਈ ਅਕਾਲ ਪੁਰਖ ਦੇ ਪ੍ਰਕਾਸ਼ ਵਿਚ ਹੀ ਕਰਦਾ ਹੈ। ਆਸਾ ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ:

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥

(ਪੰਨਾ 466)

ਸਤਿਗੁਰ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਨਾਮ ਬਿਨਾਂ ਭਰਮ ਦਾ ਗੜ੍ਹ ਤੋੜਿਆ ਨਹੀਂ ਜਾ ਸਕਦਾ।

ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ
ਬਿਨੁ ਨਾਮੈ ਭਰਮੁ ਨ ਜਾਈ ॥

(ਪੰਨਾ 635)

ਗੁਰੂ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ-ਗੁ ਅਤੇ ਰੂ।‘ਗੁ’ ਦੇ ਅਰਥ ਹਨ ਹਨੇਰਾ ਅਤੇ ‘ਰੂ’ ਦੇ ਅਰਥ ਹਨ ਪ੍ਰਕਾਸ਼ ਅਰਥਾਤ ਹਨੇਰੇ ਵਿਚ ਪ੍ਰਕਾਸ਼ ਕਰਨ ਵਾਲੀ ਸੱਤਿਆ ਗੁਰੂ ਅਖਵਾਉਂਦੀ ਹੈ। ਅਧਿਆਤਮ ਮੰਡਲ ਵਿਚ ਮਨੁਖ ਨੂੰ ਹਨੇਰਾ ਭਰਮ ਅਤੇ ਅਗਿਆਨਤਾ ਦਾ ਹੈ ਜਿਸ ਨੂੰ ਦੂਰ ਕਰਨ ਦੇ ਸਮਰੱਥ ਕੇਵਲ ਗੁਰੂ ਹੀ ਹੈ:

ਭ੍ਰਮ ਕੇ ਪਰਦੇ ਸਤਿਗੁਰ ਖੋਲੇ॥

(ਪੰਨਾ 385)

ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂਆਂ ਦਾ ਗੁਰੂ ਵਾਹਿਗੁਰੂ ਅਕਾਲ ਪੁਰਖ ਆਪ ਹੈ ਪਰ ਸਿੱਖ ਧਰਮ ਵਿਚ ‘ਗੁਰ-ਪ੍ਰਣਾਲੀ’ ਦਾ ਆਰੰਭ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਅਤੇ ਇਹ ਗੁਰ ਪਦਵੀ ਆਪ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਆਪ ਦਿੱਤੀ। ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਤੋਂ ਪਰਮੇਸ਼ਰ ਦੀ ਹਜ਼ੂਰੀ ਵਿਚ ਗਏ ਤਾਂ ਜੋ ਬਚਨ ਅਕਾਲ ਪੁਰਖ ਨੇ ਗੁਰ ਨਾਨਕ ਪਾਤਸ਼ਾਹ ਨਾਲ ਕੀਤਾ ਉਹ ਸੀ:

ਮੇਰਾ ਨਾਉਂ ਪਾਰਬ੍ਰਹਮ ਪਰਮੇਸ਼ਰ ਅਰ ਤੇਰਾ ਨਾਉਂ ਗੁਰ ਪਰਮੇਸ਼ਰ

ਆਦਿ ਜੁਗਾਦਿ ਤੋਂ ਗੁਰੂ ਧਾਰਨ ਕਰਨ ਦੀ ਜੋ ਪਰੰਪਰਾ ਚਲੀ ਆਉਂਦੀ ਹੈ ਉਹ ਗੁਰੂ ਨਾਨਕ ਸਾਹਿਬ ਤੇ ਲਾਗੂ ਨਹੀਂ ਹੁੰਦੀ ਕਿਉਂ ਕਿ ਆਪ ਧੁਰੋਂ ਹੀ ਗੁਰ ਪਰਮੇਸ਼ਰ ਸਨ। ਗੁਰ ਪਰਮੇਸ਼ਰ ਹੋਣ ਕਰਕੇ ਰੱਬੀ ਗਿਆਨ ਦਾ ਆਪ ਵਿਚ ਮੁਢੋਂ ਹੀ ਨਿਵਾਸ ਸੀ। ਉਸ ਰੱਬੀ ਗਿਆਨ ਨੇ ਜਦੋਂ ਅੱਖਰਾਂ ਦਾ ਜਾਮਾ ਪਹਿਨਿਆ ਤਾਂ ਉਹ ਸ਼ਬਦ ਅਖਵਾਇਆ। ਰੱਬੀ ਗਿਆਨ ਹੋਣ ਕਰਕੇ ਸ਼ਬਦ ਵਿਚ ਪਾਰਬ੍ਰਹਮ ਦਾ ਵਾਸਾ ਹੈ। ਗੁਰਬਾਣੀ ਵਿਚ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਗਿਆ ਹੈ ਕਿ ਪਾਰਬ੍ਰਹਮ ਅਤੇ ਗੁਰੂ ਵਿਚ ਕੋਈ ਅੰਤਰ ਨਹੀਂ ਹੁੰਦਾ। ਫੁਰਮਾਨ ਹੈ:

ਨਾਨਕ ਸੋਧੇ ਸਿੰਮ੍ਰਿਤ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥

(ਪੰਨਾ 1142)

ਗੁਰ ਪਰਮੇਸਰੁ ਏਕੋ ਜਾਣੁ॥

(ਪੰਨਾ 865)

ਕਿਉਂ ਕਿ ਸਤਿਗੁਰ ਅਤੇ ਪਾਰਬ੍ਰਹਮ ਵਿਚ ਕੋਈ ਭੇਦ ਨਹੀਂ ਇਸ ਲਈ ਰੱਬੀ ਗਿਆਨ ਰੂਪੀ ਸ਼ਬਦ ਅਤੇ ਸਤਿਗੁਰ ਵਿਚ ਵੀ ਕੋਈ ਅੰਤਰ ਨਹੀਂ। ਸਤਿਗੁਰ ਅਤੇ ਸ਼ਬਦ ਅੰਤਰ-ਆਤਮੇ ਅਭੇਦ ਹਨ:

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥

(ਪੰਨਾ 1309)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

(ਪੰਨਾ 982)

ਸਤਿਗੁਰ ਮਹਿ ਸਬਦ ਸਬਦ ਮੈ ਸਤਿਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੈ ਜੀ॥

(ਭਾਈ ਗੁਰਦਾਸ)

ਗੁਰੂ ਅੰਦਰ ਅਕਾਲ ਪੁਰਖ ਦਾ ਵਾਸਾ ਹੋਣ ਕਰਕੇ ਗੁਰੂ ਅਕਾਲ ਪੁਰਖ ਵਾਂਗ ਹੀ ਸਦੀਵੀ ਹੈ। ਗੁਰੂ ਸਰਬ ਕਾਲ ਅਬਿਨਾਸੀ ਹੈ। ਉਹ ਆਵਾਗਉਣ ਦੇ ਚੱਕਰ ਵਿਚ ਨਹੀਂ ਪੈਂਦਾ।

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥

(ਪੰਨਾ 759)

ਗੁਰੂ ਸਦਾ ਥਿਰ ਰਹਿਣ ਵਾਲਾ ਹੈ। ਦੇਹ ਬਿਨਸ ਜਾਂਦੀ ਹੈ ਗੁਰੂ ਨਹੀਂ। ਗੁਰੂ ਨਾਨਕ ਦੇਵ ਜੀ ਦੀ ਦੇਹ ਬਿਨਸ ਗਈ ਪਰ ਗੁਰ-ਜੋਤ ਹੂ-ਬ-ਹੂ ਗੁਰੂ ਅੰਗਦ ਦੇਵ ਜੀ ਵਿਚ ਪ੍ਰਵੇਸ਼ ਕਰ ਗਈ। ਇਹੀ ਜੋਤ ਫਿਰ ਬਾਕੀ ਗੁਰੂ ਸਾਹਿਬਾਨ ਵਿਚ ਵੀ ਇੰਨ ਬਿੰਨ ਪ੍ਰਵੇਸ਼ ਕਰ ਗਈ। ਸਮੇਂ ਨਾਲ ਸਰੀਰ ਬਦਲਦੇ ਗਏ ਪਰ ਗੁਰੂ-ਜੋਤ ਤੇ ਗੁਰੂ-ਜੁਗਤਿ ਸਦਾ ਇਕਸਾਰ ਰਹੀ

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

(ਪੰਨਾ 866)

ਗੁਰੂ ਕੋਈ ਦੇਹਧਾਰੀ ਜਾਂ ਬਾਹਰਮੁਖੀ ਆਸ਼ੇ ਵਾਲਾ ਵਿਅਕਤੀ ਨਾ ਹੋ ਕੇ ਅਕਾਲ-ਪੁਰਖ ਵਲੋਂ ਮਨੁਖੀ ਕਲਿਆਣ ਲਈ ਨਿਸਚਿਤ ਕੀਤਾ ਕੋਈ ਆਤਮਿਕ ਪੱਧਰ ਜਾਂ ਸਾਧਨ ਹੈ। ਵਿਅਕਤੀ ਗੁਰੂ ਨਹੀਂ ਸਿਧਾਂਤ ਸ਼ਬਦ ਰੂਪ ਵਿਚ ਗੁਰੂ ਹੈ। ਏਸੇ ਲਈ ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਆਲ ਕੀਤਾ:

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥

(ਪੰਨਾ 942)

ਤਾਂ ਗੁਰੂ ਨਾਨਕ ਸਾਹਿਬ ਦਾ ਜੁਆਬ ਸੀ:

ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ॥

(ਪੰਨਾ 943)

ਅੰਜੀਲ ਵਿਚ ਵੀ ਲਿਖਿਆ ਹੈ:

In the beginning there was word, word was with God, word was God.

ਅਰਥਾਤ ਸ੍ਰਿਸ਼ਟੀ ਦੇ ਆਦਿ ਵਿਚ ਸ਼ਬਦ ਸੀ, ਸ਼ਬਦ ਰੱਬ ਕੋਲ ਸੀ, ਸ਼ਬਦ ਹੀ ਰੱਬ ਸੀ। ਈਸਾਈਆਂ ਨੇ ਅੰਜੀਲ ਵਿਚ ਲਿਖੇ ਇਸ ਸੱਚ ਨੂੰ ਵੀਚਾਰਿਆ ਅਤੇ ਪ੍ਰਚਾਰਿਆ ਹੈ ਜਾਂ ਨਹੀਂ ਪਰ ਸਿੱਖ ਗੁਰੂ ਸਾਹਿਬਾਨ ਨੇ ਸ਼ਬਦ ਦੇ ਗੁਰੂ ਰੂਪ ਨੂੰ ਪਰਤੱਖ ਕਰ ਵਿਖਾਇਆ ਹੈ। ਭਾਰਤੀ ਪਰਮਾਰਥ ਪ੍ਰਣਾਲੀ ਵਿਚ ਸ਼ਬਦ ਨੂੰ ਗਿਆਨ ਦਾ ਮਹਾਨ ਪ੍ਰਮਾਣ ਮੰਨਿਆ ਗਿਆ ਹੈ। ਸ਼ਬਦ ਦਾ ਅਰਥ ਹੈ-ਆਵਾਜ਼, ਧੁਨੀ ਜਾਂ ਬਾਣੀ ਪਰ ਉਹ ਧੁਨੀ ਜਾਂ ਉਹ ਬਾਣੀ ਜਿਸ ਵਿਚ ਬਿਆਨ ਕੀਤਾ ਸੱਚ ਕਹਿਣ ਵਾਲੇ ਦੇ ਨਿੱਜ ਤਜਰਬੇ ਤੇ ਅਧਾਰਿਤ ਹੋਵੇ। ਸ਼ਬਦ ਦਾ ਆਧਾਰ ਨਿੱਜ ਤਜਰਬਾ ਹੁੰਦਾ ਹੈ। ਉਸ ਵਿਚ ‘ਜੇਹਾ ਡਿਠਾ ਮੈ ਤੇਹੋ ਕਹਿਆ’ ਵਾਲੀ ਗੱਲ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ:

ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥

(ਪੰਨਾ 373)

ਗੁਰੂ ਸਾਹਿਬਾਨ ਨੇ ਜੋ ਦੇਖਿਆ ਉਹੀ ਸੁਣਾਇਆ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਦੇਖਿਆ ਕੀ? ਗੁਰੂ ਸਾਹਿਬਾਨ ਨੇ ਦੇਖਿਆ

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

(ਪੰਨਾ 5)

—————–

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥
ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥
ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥
ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥
ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥
ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥

(ਪੰਨਾ 8)

ਇਹ ਸਭ ਗੁਰੂ ਸਾਹਿਬ ਨੇ ਅੱਖੀਂ ਦੇਖਿਆ, ਇਸੇ ਲਈ ਇਹ ‘ਸਬਦ’ ਹੈ। ਸਾਰੀ ਗੁਰਬਾਣੀ ਸ਼ਬਦ ਹੈ ਕਿਉਂ ਕਿ ਇਸ ਵਿਚ ਹੱਡੀਂ ਵਾਪਰੇ ਹਾਲਾਤ ਦਰਜ ਹਨ। ਹੱਡੀਂ ਵਾਪਰੇ ਹਾਲਾਤ ਸੱਚ ਹੁੰਦੇ ਹਨ ਅਤੇ ਮੰਨਣਯੋਗ ਵੀ। ਸੱਚ ਦੇਸ਼, ਕਾਲ ਦੇ ਪ੍ਰਭਾਵ ਤੋਂ ਮੁਕਤ ਹੁੰਦਾ ਹੈ। ਸੱਚ ਵਿਚੋਂ ਸੱਚ ਉਪਜਦਾ ਹੈ। ਸੱਚ ਸੰਤੋਖੀ ਹੁੰਦਾ ਹੈ, ਸੱਚ ਸੁਖ ਦਾ ਆਧਾਰ ਹੈ, ਸੱਚ ਕਲਿਆਣਕਾਰੀ ਹੁੰਦਾ ਹੈ। ਇਸੇ ਲਈ ਗੁਰਬਾਣੀ ‘ਇਸ’ ਲੋਕ ਅਤੇ ‘ਉਸ’ ਲੋਕ ਦੋਹਾਂ ਵਿਚ ਸਹਾਈ ਹੁੰਦੀ ਹੈ। ਮੌਤ ਤੋਂ ਬਾਅਦ ਵੀ ਇਹ ਰੂਹ ਦੀ ਦੈਵੀ ਸਾਥਣ ਬਣ ਕੇ ਮਦਦ ਕਰਦੀ ਹੈ। ਪ੍ਰੋ. ਪੂਰਨ ਸਿੰਘ ਲਿਖਦੇ ਹਨ ਕਿ ਇਹ ਬਾਣੀ ਭਾਵੇਂ ਸਾਡੇ ਸਾਹਮਣੇ ਕਾਵਿ-ਰੂਪ ਵਿਚ ਆਈ ਹੈ ਪਰ ਇਹ ਕਵਿਤਾ ਨਹੀਂ, ਇਹ ਤਾਂ ਬ੍ਰਹਮ ਗਿਆਨ ਹੈ:

ਲੋਗੁ ਜਾਨੈ ਇਹ ਗੀਤੁ ਹੈ ਇਹ ਤਉ ਬ੍ਰਹਮ ਬੀਚਾਰ॥

(ਪੰਨਾ, 334)

ਇਹ ਪ੍ਰਭੂ ਦਰ ਤੋਂ ਵਰੋਸਾਇਆਂ ਦੀ ਬਾਣੀ ਹੈ ਅਤੇ ਉਸ ਦਰ ਤੇ ਵਸਣ ਵਾਲੇ ‘ਸੋ ਪੁਰਖ’ ਦੇ ਦਰਸ਼ਨਾਂ ਦੀ ਬਿਹਬਲਤਾ ਪ੍ਰਗਟਾਉਣ ਵਾਲੀ ਬਾਣੀ ਹੈ। ਜੀਵ ਲਈ ‘ਬਿਹਬਲਤਾ ਤੋਂ ਸਹਿਜ’ ਤਕ ਦਾ ਸਫ਼ਰ ਵੀ ਬਾਣੀ ਦੀ ਅਗਵਾਈ ਬਿਨਾਂ ਸੰਭਵ ਨਹੀਂ। ਬਾਣੀ ਉਹ ਖੰਭ ਹਨ ਜੋ ਮਨੁਖ ਨੂੰ ਬਾਣੀ ਵਾਲੇ ਦੇ ਦੇਸ਼ ਉਡਾ ਕੇ ਲੈ ਜਾਂਦੇ ਹਨ। ਸੋ ਬਾਣੀ ਵਾਲੇ ਦੇ ਦੇਸ਼ ਅਪੜਨ ਲਈ ਬਾਣੀ ਨੂੰ ਹਰ ਵੇਲੇ ਦਾ ਆਸਰਾ ਬਣਾਉਣਾ ਪਵੇਗਾ।

ਜਿਉ ਮੰਦਰ ਕਉ ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥

(ਪੰਨਾ, 282)

ਬਾਣੀ ਵਾਹਿਗੁਰੂ ਨਾਲ ਜੋੜਨ ਲਈ ਰਸ ਅਤੇ ਮੰਡਲ ਪੈਦਾ ਕਰਦੀ ਹੈ। ਮਨ ਨੂੰ ਸ਼ਾਂਤੀ ਤੇ ਇਕਾਗਰਤਾ ਬਖ਼ਸ਼ਦੀ ਹੈ। ਹਿਰਦੇ ਵਿਚ ਨਾਮ ਦਾ ਪ੍ਰਕਾਸ਼ ਕਰਦੀ ਹੈ। ਬਾਣੀ ਮਹਾਨ ਹੈ ਅਤੇ ਬਾਣੀ ਦੀ ਮਹਾਨਤਾ ਨੂੰ ਗੁਰੂ ਸਾਹਿਬਾਨ ਨੇ ਬਾਰ ਬਾਰ ਦ੍ਰਿੜ ਕਰਵਾਇਆ ਹੈ। ਪਰੰਤੂ ਫੇਰ ਵੀ ਅਸੀਂ ਬਹੁਤ ਵਾਰੀ ਬਾਣੀ ਪੜ੍ਹਨ, ਬਾਣੀ ਵਿਚਾਰਨ ਤੋਂ ਘੌਲ ਕਰ ਜਾਂਦੇ ਹਾਂ ਤੇ ਕਈ ਵਾਰ ਤਾਂ ਇਥੋਂ ਤਕ ਵੀ ਕਹਿ ਦਿੱਤਾ ਜਾਂਦਾ ਹੈ ਕਿ ਜੇ ਗੁਰਬਾਣੀ ਵਿਚ ਦੱਸੇ ਅਸੂਲਾਂ ਨੂੰ ਅਮਲ ਵਿਚ ਨਹੀਂ ਲਿਆਉਣਾ ਤਾਂ ਫਿਰ ਬਾਣੀ ਪੜ੍ਹਨ ਦਾ ਕੀ ਲਾਭ? ਅਜਿਹਾ ਹੀ ਪ੍ਰਸ਼ਨ ਇਕ ਦਿਨ ਸਿੱਖਾਂ ਨੇ ਸ੍ਰੀ ਗੁਰੂ ਹਰਿ ਰਾਇ ਜੀ ਕੀਤਾ ਸੀ:

ਪਾਠ ਕਰਹਿ ਹਮ ਨਿਤ ਗੁਰਬਾਨੀ॥ ਅਰਥ ਪਰਮਾਰਥ ਕਛੂ ਨ ਜਾਨੀ॥
ਜੋ ਮਾਰਗ ਗੁਰ ਸ਼ਬਦ ਬਤਾਇਵ॥ ਸੋ ਹਮ ਤੇ ਨਹਿ ਜਾਤ ਕਮਾਇਵ॥

(ਪੰਥ ਪ੍ਰਕਾਸ਼)

ਅਰਥਾਤ ਜੋ ਬਾਣੀ ਵਿਚ ਲਿਖਿਆ ਹੈ ਉਹ ਬਹੁਤ ਆਦਰਸ਼ਕ ਹੈ ਪਰ ਅਸੀਂ ਅਲਪੱਗ ਜੀਵ ਉਸ ਤੇ ਪੂਰੀ ਤਰ੍ਹਾਂ ਅਮਲ ਕਰਨ ਵਿਚ ਬੜੀ ਵਾਰੀ ਅਸਫ਼ਲ ਰਹਿ ਜਾਂਦੇ ਹਾਂ।ਅਜਿਹੇ ਹਾਲਾਤ ਵਿਚ ਫਿਰ ਰੋਜ਼ਾਨਾ ਬਾਣੀ ਪੜ੍ਹਨ ਦਾ ਕੀ ਲਾਭ? ਇਹ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ‘ਸਮਾਂ ਆਉਣ ਤੇ ਇਸ ਦਾ ਜੁਆਬ ਦਿਆਂਗੇ।’ ਅਗਲੇ ਦਿਨ ਗੁਰੂ ਜੀ ਕੁਝ ਸਿੱਖਾਂ ਨਾਲ ਘੋੜੇ ਉਤੇ ਚੜ੍ਹ ਕੇ ਸ਼ਿਕਾਰ ਕਰਨ ਗਏ। ਰਸਤੇ ਵਿਚ ਇਕ ਘਿਉ ਵਾਲੇ ਭਾਂਡੇ ਦੀਆਂ ਟੁਟੀਆਂ ਹੋਈਆਂ ਠੀਕਰੀਆਂ ਪਈਆਂ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਜਾਉ, ਉਹ ਠੀਕਰੀਆਂ ਚੁਕ ਕੇ ਲਿਆਉ। ਸਿੱਖਾਂ ਨੇ ਲੈ ਆਉਂਦੀਆਂ। ਸਤਵੇਂ ਪਾਤਸ਼ਾਹ ਕਹਿਣ ਲੱਗੇ:

ਰਹੀ ਚਿਕਨਤਾ ਠੀਕਰ ਮਹਿ ਤਿਉਂ ਬਾਣੀ ਗੁਨ ਰਹੈ ਮਨ ਮਹਿ॥

(ਪੰਥ ਪ੍ਰਕਾਸ਼)

ਅਰਥਾਤ ਜਿਵੇਂ ਭਾਂਡੇ ਵਿਚ ਘਿਉ ਪੈਣ ਨਾਲ ਉਸ ਦੀ ਥਿੰਧਿਆਈ ਭਾਂਡਾ ਟੁਟਣ ਤੋਂ ਬਾਅਦ ਵੀ ਕਾਇਮ ਰਹੀ ਤਿਵੇਂ ਹੀ ਜੋ ਮਨੁਖ ਬਾਣੀ ਦਾ ਅਭਿਆਸ ਕਰੇਗਾ, ਬਾਣੀ ਦੀ ਪਵਿੱਤਰਤਾ ਉਸ ਦੇ ਮਨ ਤੇ ਅਸਰ ਕਰੇਗੀ ਹੀ। ਅਸੀਂ ਜਾਂ ਤਾਂ ਬਾਣੀ ਪੜ੍ਹਦੇ ਹੀ ਨਹੀਂ ਤੇ ਜੇ ਪੜ੍ਹਦੇ ਵੀ ਹਾਂ ਤਾਂ ਮਨ ਅਤੇ ਬੁਧੀ ਦੇ ਅਕੜੇਵੇਂ ਖਤਮ ਨਹੀਂ ਕਰਦੇ। ਇਸੇ ਲਈ ਆਤਮਾ ਕੋਰੀ ਰਹਿੰਦੀ ਹੈ। ਆਤਮਾ ਪਰਮਾਤਮਾ ਵਿਚਲੀ ਕੂੜ ਦੀ ਪਾਲ ਟੁਟਦੀ ਨਹੀਂ। ਸਾਡਾ ਹਿਰਦਾ ਪਿਆਸਾ ਰਹਿੰਦਾ ਹੈ। ਝਿਮ ਝਿਮ ਵਸਣ ਵਾਲੀ ਅੰਮ੍ਰਿਤਧਾਰ ਸਾਡੇ ਮਨ ਦੀ ਧਰਤੀ ਨੂੰ ਸਿੰਜਦੀ ਨਹੀਂ। ਤਾਂ ਹੀ ਤੇ ਸਾਡੇ ਅੰਦਰੋਂ ਖੁਸ਼ਕੀ ਮਿਟਦੀ ਨਹੀਂ। ਅਸੀਂ ਕਹਿ ਤਾਂ ਦੇਂਦੇ ਹਾਂ

ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ
ਜਿਤੁ ਖਇਐ ਹਮ ਕਉ ਤ੍ਰਿਪਤਿ ਭਈ॥

(ਪੰਨਾ, 593)

ਪਰ ਹਰੀ ਦੇ ਨਾਮ ਦਾ ਭੋਜਨ ਛਕਦੇ ਨਹੀਂ। ਇਸੇ ਲਈ ਸਾਡੀ ਭੁਖ ਮਿਟਦੀ ਨਹੀਂ। ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਮੁੰਦਾਵਣੀ ਵਿਚ ਲਿਖਿਆ ਹੈ:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥

(ਪੰਨਾ 1429)

ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿਚ ਸਤਿ, ਸੰਤੋਖ ਅਤੇ ਅੰਮ੍ਰਿਤ ਨਾਮ ਦੀ ਵੀਚਾਰ ਦਾ ਬਹੁਮੁਲਾ ਖਾਣਾ ਪਰੋਸ ਕੇ ਜਗਤ ਦੇ ਜੀਵਾਂ ਨੂੰ ਦਿੱਤਾ ਹੈ ਪਰ ਇਸ ਖਾਣੇ ਦਾ ਸੁਆਦ ਮਾਣੇਗਾ ਓਹੀ ਜੋ ਇਸ ਨੂੰ ਖਾਵੇਗਾ। ਸਾਰਾ ਸੰਸਾਰ ‘ਭੁਖ’ (ਉਧਾਰ ਦੀ) ਨਾਲ ਵਿਆਕੁਲ ਹੋਇਆ ਫਿਰਦਾ ਹੈ। ਇਹ ਭੁਖ ਉਸੇ ਦੀ ਹੀ ਮਿਟੇਗੀ ਜੋ ਇਸ ਖਾਣੇ ਨੂੰ ਅੰਗੀਕਾਰ ਕਰੇਗਾ। ਇਸ ਥਾਲ ਵਿਚ ਪਈ ਵਸਤ ਇਤਨੀ ਸੁਆਦੀ ਹੈ ਕਿ ਤਜੀ ਜਾਣ ਵਾਲੀ ਨਹੀਂ। ਇਸ ਦੇ ਤਿਆਗ ਦਾ ਭਾਵ ਆਪਣੇ ਆਪ ਨੂੰ ਘਾਟੇ ਵਲ ਲਿਜਾਉਣਾ ਹੈ। ਸੋ ਭਲਾ ਏਸੇ ਵਿਚ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚੋਂ ਸੱਚ ਦੀ ਖੋਜ ਕਰੀਏ, ਸੰਤੋਖੀ ਜੀਵਨ ਜੀਊਣ ਦਾ ਢੰਗ ਲੱਭੀਏ ਤੇ ਆਪਣੇ ਜੀਵਨ ਨੂੰ ਨਾਮ ਵਿਚ ਰੰਗੀਏ। ਪ੍ਰੋ. ਪੂਰਨ ਸਿੰਘ ਇਕ ਥਾਂ ਲਿਖਦੇ ਹਨ ਕਿ ਜੇ ਅਸਾਂ ਸੱਚ ਦੀ ਖੋਜ ਕਰਨੀ ਹੈ ਤਾਂ ਇਸ ਦਾ ਸਭ ਤੋਂ ਵਧੇਰੇ ਪ੍ਰਮਾਣੀਕ ਸੋਮਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।ਪ੍ਰੋਫੈਸਰ ਸਾਹਿਬ ਸੱਚ ਦੀ ਭਾਲ ਵਿਚ ਥਾਂ ਥਾਂ ਭਟਕੇ, ਵੇਦਾਂਤੀ ਵੀ ਬਣੇ, ਘਰ ਬਾਰ ਤੋਂ ਵੀ ਨਿਰਾਸ਼ ਹੋ ਬੈਠੇ ਪਰ ਜਦੋਂ ਘਰ ਵਾਪਸ ਪਰਤੇ ਤਾਂ ਲਿਖਦੇ ਹਨ:

ਅਸੀਂ ਸਾਰਾ ਸੰਸਾਰ ਸੱਚ ਦੀ ਖੋਜ ਲਈ ਢੂੰਡ ਮਾਰਿਆ। ਅਸੀਂ ਇਧਰੋਂ ਉਧਰੋਂ
ਚੰਗੀ ਤੋਂ ਚੰਗੀ ਪਵਿੱਤਰ ਅਰ ਸੁਹਣੀ ਵਸਤੂ ਚੁਣ ਚੁਣ ਕੇ ਲਿਆਉਂਦੀ।ਪੁਰਾਣੇ
ਪੱਥਰਾਂ ਉਤੇ ਉਕਰੇ ਬਚਨ, ਭੋਜ ਪੱਤਰਾਂ ਉਤੇ ਲਿਖੇ ਉੱਤਮ ਵਾਕ ਬੜੇ ਬੜੇ
ਖੋਜੀਆਂ ਤੋਂ ਇਕੱਤਰ ਕੀਤੇ। ਪੁਰਾਣੇ ਰਿਸ਼ੀਆਂ, ਮੁਨੀਆਂ, ਅਵਤਾਰਾਂ, ਪੈਗੰਬਰਾਂ
ਨੇ ਜੋ ਅਨੁਭਵ ਤੇ ਗਿਆਨ ਦੇ ਮੋਤੀ ਬਖ਼ਸ਼ੇ ਉਨ੍ਹਾਂ ਨਾਲ ਲੱਦੇ ਹੋਏ ਜਦੋਂ ਅਸੀਂ ਘਰ
ਵਾਪਸ ਪਰਤੇ ਤਾਂ ਪਤਾ ਲੱਗਾ ਕਿ ਉਹ ਸਾਰਾ ਗਿਆਨ, ਅਮੋਲਕ ਭੰਡਾਰਾ, ਸੱਚੇ
ਹੀਰੇ ਰਤਨਾਂ ਤੇ ਜਵਾਹਾਰਤ ਦਾ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਅੰਦਰ
ਭਰਿਆ ਪਿਆ ਹੈ ਜਿਸ ਦਾ ਪਾਠ ਅਸੀਂ ਆਪਣੀ ਮਾਤਾ ਜੀ ਤੋਂ ਸੁਣਿਆ ਕਰਦੇ ਸਾਂ।

ਸੋ ਆਉ ਅਸੀਂ ਵੀ ਹੀਰੇ ਜਵਾਹਰਾਤਾਂ ਦੀ ਇਸ ਖਾਣ ਵਿਚੋਂ ਕੁਝ ਮੋਤੀ ਚੁਣੀਏ। ਆਪਣੀ ਸੁਰਤ ਨੂੰ ਸ਼ਬਦ ਗੁਰੂ ਵਿਚ ਜੋੜੀਏ:

ਗੁਰ ਕਾ ਸਬਦੁ ਲਗੋ ਮਨਿ ਮੀਠਾ॥ ਪਾਰਬ੍ਰਹਮ ਤਾ ਤੇ ਮੋਹਿ ਡੀਠਾ॥

(ਪੰਨਾ 187)