ਖਡੂਰ ਦਾ ਤਪਾ

ਬੱਚਿਆਂ ਨੂੰ ਗੁਰਮਤਿ ਕਲਾਸ ਦਾ ਬੜਾ ਮਜ਼ਾ ਆਇਆ। ਇਕ ਤਾਂ ਸਤਵੰਤ ਕੌਰ ਬੱਚਿਆਂ ਨਾਲ ਬੱਚਾ ਬਣ ਕੇ ਗੱਲ ਕਰਦੀ ਸੀ ਤੇ ਦੂਸਰਾ ਉਨ੍ਹਾਂ ਨੂੰ ਖਿਡਾਉਂਦੀ ਤੇ ਖਵਾਉਂਦੀ ਵੀ ਬੜੇ ਸ਼ੌਕ ਨਾਲ ਸੀ। ਬੱਚਿਆਂ ਵਿਚ ਪਹਿਲਾਂ ਪੁਜਣ ਦੀ ਦੌੜ ਲੱਗੀ ਰਹਿੰਦੀ। ਅੱਜ ਜਸਵਿੰਦਰ ਸਭ ਤੋਂ ਪਹਿਲਾਂ ਪਹੁੰਚ ਗਿਆ। ਅੰਦਰ ਵੜਦਿਆਂ ਹੀ ਗੁਰਜੋਤ ਨੂੰ ਕਹਿਣ ਲੱਗਾ ‘ਗੁਰਜੋਤ ਏ. ਸੀ. ਚਲਾ ਦੇ, ਅੱਜ ਬਹੁਤ ਗਰਮੀ ਏ। ਕਿੰਨਾ ਮਜ਼ਾ ਆਵੇ ਜੇ ਅੱਜ ਮੀਂਹ ਪੈ ਜਾਏ ਤਾਂ।’ ਸਤਵੰਤ ਕੌਰ ਦੇ ਕੰਨੀ ਜਦੋਂ ਇਹ ਗੱਲ ਪਈ ਤਾਂ ਕਹਿਣ ਲੱਗੀ – ਜਸਵਿੰਦਰ ਮੀਂਹ ਵਿਚ ਖੇਡਣ ਤੇ ਦਿਲ ਕਰਦਾ ਏ?

‘ਹਾਂ ਆਂਟੀ। ਦੇਖੋ ਨਾ ਕਿੰਨੀ ਗਰਮੀ ਏ। ਮੀਂਹ ਪੈ ਜਾਏਗਾ ਤੇ ਗਰਮੀ ਵੀ ਤਾਂ ਘੱਟ ਜਾਏਗੀ।’ ਜਸਵਿੰਦਰ ਨੇ ਦਲੀਲ ਦੇਂਦਿਆਂ ਕਿਹਾ।

‘ਹਾਂ ਬਈ ਗੱਲ ਤਾਂ ਤੇਰੀ ਠੀਕ ਏ। ਚਲੋ ਇੰਜ ਕਰਦੇ ਆਂ, ਅੱਜ ਮੈਂ ਤੁਹਾਨੂੰ ਮੀਂਹ ਵਾਲੀ ਸਾਖੀ ਸੁਣਾਉਂਦੀ ਆਂ। ਕੀ ਪਤਾ ਮੀਂਹ ਪੈ ਹੀ ਜਾਏ’ ਸਤਵੰਤ ਕੌਰ ਦੇ ਗੱਲਾਂ ਕਰਦਿਆਂ ਤੱਕ ਕਾਫੀ ਬੱਚੇ ਪਹੁੰਚ ਗਏ। ਬੱਚਿਆਂ ਨੂੰ ਕਲ੍ਹ ਵਾਲੀ ਸਾਖੀ ਬੜੀ ਚੰਗੀ ਲੱਗੀ ਸੀ। ਸਾਰਿਆਂ ਨੇ ਅੱਜ ਨਵੀਂ ਸਾਖੀ ਸੁਣਨ ਦੀ ਫਰਮਾਇਸ਼ ਕੀਤੀ। ਸਤਵੰਤ ਕੌਰ ਨੇ ਕਿਹਾ, ‘ਨਵੀਂ ਸਾਖੀ ਜ਼ਰੂਰ ਸੁਣਾਵਾਂਗੀ ਪਰ ਪਹਿਲਾਂ ਸਾਰੇ ਬੱਚੇ ਇਹ ਦੱਸੋ ਕਿ ਗੁਰੂ ਅੰਗਦ ਦੇਵ ਜੀ ਕਿੱਥੇ ਰਹਿੰਦੇ ਸਨ?’

‘ਖਡੂਰ ਪਿੰਡ ਵਿਚ’ ਬੱਚੇ ਉੱਚੀ ਆਵਾਜ਼ ਵਿਚ ਬੋਲੇ।

‘ਸ਼ਾਬਾਸ਼। ਅੱਜ ਮੈਂ ਤੁਹਾਨੂੰ ਖਡੂਰ ਪਿੰਡ ਦੀ ਇਕ ਹੋਰ ਗੱਲ ਸੁਣਾਉਂਦੀ ਹਾਂ। ਖਡੂਰ ਵਿਚ ਇਕ ਤਪਾ ਰਹਿੰਦਾ ਸੀ ਜਿਸ ਦਾ ਨਾਂ ਸੀ ਸ਼ਿਵ ਨਾਥ। ਤਪਾ ਪਤੈ ਕਿਸ ਨੂੰ ਕਹਿੰਦੇ ਨੇ?’ ਸਤਵੰਤ ਕੌਰ ਨੇ ਗੱਲ ਅਗੇ ਤੋਰਨ ਤੋਂ ਪਹਿਲਾਂ ਪੁਛਿਆ। ਸਾਰਿਆਂ ਦੇ ਨਾਂਹ ਵਿਚ ਸਿਰ ਹਿਲਾਉਣ ਤੇ ਸਤਵੰਤ ਕੌਰ ਨੇ ਦੱਸਿਆ ਕਿ ਜਦੋਂ ਕੋਈ ਆਪਣਾ ਘਰ ਛੱਡ ਕੇ, ਮਾਂ ਬਾਪ ਛੱਡ ਕੇ, ਭੈਣਾਂ ਭਰਾ ਛੱਡ ਕੇ ਕਹੇ ਕਿ ਮੈਂ ਸਿਰਫ਼ ਭਗਤੀ ਕਰਨੀ ਏ ਤਾਂ ਉਸ ਨੂੰ ਤਪਾ ਕਹਿੰਦੇ ਨੇ।’

‘ਆਂਟੀ, ਇੰਜ ਕਿਵੇਂ ਹੋ ਸਕਦਾ ਏ! ਆਪਣੇ ਮੰਮੀ ਪਾਪਾ ਤੋਂ ਬਿਨਾਂ ਕਿਵੇਂ ਰਿਹਾ ਜਾ ਸਕਦਾ ਏ।’ ਪ੍ਰਭਨੂਰ ਨੂੰ ਮੰਮੀ ਪਾਪਾ ਤੋਂ ਅਲੱਗ ਰਹਿਣਾ ਬੜਾ ਅਜੀਬ ਲੱਗਿਆ।

‘ਬਿਲਕੁਲ, ਗੁਰੂ ਜੀ ਕਹਿੰਦੇ ਨੇ ਕਿ ਘਰ ਛੱਡ ਕੇ ਨਹੀਂ ਜਾਣਾ। ਆਪਾਂ ਪਾਠ ਕਰਨਾ ਏ ਨਾ? ਉਹ ਤਾਂ ਆਪਾਂ ਮੰਮੀ ਪਾਪਾ ਨਾਲ ਮਿਲ ਕੇ ਘਰ ਬੈਠ ਕੇ ਵੀ ਕਰ ਸਕਦੇ ਹਾਂ। ਘਰ ਛੱਡਣ ਦੀ ਕੀ ਲੋੜ ਏ! ਉਸ ਤਪੇ ਬਾਰੇ ਇਕ ਗੱਲ ਹੋਰ ਵੀ ਸੀ। ਉਹ ਸਿਰਫ਼ ਭਗਤੀ ਨਹੀਂ ਸੀ ਕਰਦਾ ਉਹ ਕਹਿੰਦਾ ਸੀ ਕਿ ਉਸ ਨੂੰ ਜਾਦੂ ਵੀ ਆਉਂਦਾ ਏ। ਪਿੰਡ ਦੇ ਲੋਕੀ ਉਹਦੇ ਕੋਲੋਂ ਬਹੁਤ ਡਰਦੇ ਸਨ ਕਿ ਕਿਧਰੇ ਇਹ ਸਾਡੇ ਤੇ ਹੀ ਜਾਦੂ ਨਾ ਕਰ ਦੇਵੇ। ਇਸੇ ਲਈ ਉਹ ਉਹਦੀ ਬੜੀ ਸੇਵਾ ਕਰਦੇ, ਉਹਨੂੰ ਮੱਥਾ ਟੇਕਦੇ, ਉਹਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਭੇਂਟ ਕਰਦੇ। ਤੁਹਾਨੂੰ ਪਤਾ ਹੀ ਏ ਗੁਰੂ ਨਾਨਕ ਦੇਵ ਜੀ ਦੀ ਆਗਿਆ ਪਾ ਕੇ ਗੁਰੂ ਅੰਗਦ ਦੇਵ ਜੀ ਖਡੂਰ ਆ ਕੇ ਰਹਿਣ ਲੱਗ ਪਏ ਸਨ। ਉਨ੍ਹਾਂ ਨੇ ਉਥੋਂ ਦੇ ਲੋਕਾਂ ਨੂੰ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਬੱਚਿਆਂ ਨੂੰ ਵੀ ਪੜ੍ਹਾਇਆ ਕਰਦੇ ਸਨ। ਸਾਰੇ ਰਲ ਕੇ ਪਾਠ ਕਰਦੇ, ਕੀਰਤਨ ਕਰਦੇ, ਗੁਰੂ ਜੀ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਤੇ ਬੜੇ ਖੁਸ਼ ਹੁੰਦੇ। ਹੌਲੀ ਹੌਲੀ ਲੋਕਾਂ ਨੇ ਸ਼ਿਵਨਾਥ ਕੋਲ ਜਾਣਾ ਛੱਡ ਦਿੱਤਾ ਤੇ ਗੁਰੂ ਜੀ ਕੋਲ ਆਉਣ ਲੱਗੇ। ਇਹ ਦੇਖ ਕੇ ਤਪਾ ਬੜਾ ਦੁਖੀ ਹੁੰਦਾ। ਗੁਰੂ ਜੀ ਬਾਰੇ ਮਾੜਾ ਬੋਲਦਾ। ਲੋਕਾਂ ਨੂੰ ਗੁਰੂ ਜੀ ਕੋਲ ਜਾਣ ਤੋਂ ਰੋਕਦਾ। ਪਰ ਲੋਕੀ ਉਹਦੀ ਕੋਈ ਗੱਲ ਨਾ ਸੁਣਦੇ।’

‘ਪਰ ਮੰਮੀ, ਉਹ ਵੀ ਗੁਰੂ ਜੀ ਕੋਲ ਚਲਾ ਜਾਂਦਾ। ਗੁਰੂ ਜੀ ਕੋਈ ਰੋਕਦੇ ਥੋੜ੍ਹਾ ਸਨ।’ ਹਰਲੀਨ ਨੇ ਮੰਮੀ ਨੂੰ ਕਿਹਾ।

‘ਬੱਚੇ, ਜਿਹੜੇ ਲੋਕ ਘਰ ਛੱਡ ਕੇ ਸਿਰਫ ਭਗਤੀ ਕਰਦੇ ਨੇ, ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਉਨ੍ਹਾਂ ਨੂੰ ਲਗਦਾ ਏ ਕਿ ਉਹੀ ਚੰਗੇ ਨੇ ਦੂਜੇ ਸਾਰੇ ਮਾੜੇ। ਇਸੇ ਲਈ ਉਹ ਗੁਰੂ ਜੀ ਨੂੰ ਵੀ ਪਸੰਦ ਨਹੀਂ ਸੀ ਕਰਦਾ। ਉਹਨੂੰ ਲਗਦਾ ਸੀ ਗੁਰੂ ਜੀ ਤਾਂ ਸਾਰਿਆਂ ਨਾਲ ਦੋਸਤਾਂ ਵਾਂਗ ਰਹਿੰਦੇ ਨੇ। ਕੰਮ ਵੀ ਕਰਦੇ ਨੇ। ਲੋਕਾਂ ਨੂੰ ਲੰਗਰ ਵੀ ਛਕਾਉਂਦੇ ਨੇ। ਭਗਤੀ ਕਿਹੜੇ ਵੇਲੇ ਕਰਦੇ ਹੋਣਗੇ। ਪਰ ਪਿੰਡ ਦੇ ਸਾਰੇ ਲੋਕ ਬਹੁਤ ਖੁਸ਼ ਸਨ। ਹੁਣ ਉਹ ਸਾਰੇ ਗੁਰੂ ਜੀ ਕੋਲ ਜਾਂਦੇ ਸਨ ਤਪੇ ਕੋਲ ਨਹੀਂ। ਕੋਈ ਉਹਨੂੰ ਮੱਥਾ ਵੀ ਨਹੀਂ ਸੀ ਟੇਕਦਾ, ਉਹਨੂੰ ਚੀਜ਼ਾਂ ਵੀ ਨਹੀਂ ਸੀ ਦੇਂਦਾ। ਬਸ ਇਸੇ ਕਰ ਕੇ ਉਹ ਗੁਰੂ ਜੀ ਨੂੰ ਨਫ਼ਰਤ ਕਰਦਾ ਸੀ। ਇਕ ਵਾਰ ਕੀ ਹੋਇਆ ਕਿ ਬਹੁਤ ਗਰਮੀ ਪਈ। ਮੀਂਹ ਬਿਲਕੁਲ ਹੀ ਨਾ ਪਿਆ। ਲੋਕਾਂ ਦੀਆਂ ਫ਼ਸਲਾਂ ਸੱੱਕਣ ਲੱਗੀਆਂ। ਸਾਰੇ ਲੋਕ ਬੜਾ ਘਬਰਾ ਗਏ। ਫਿਰ ਉਨ੍ਹਾਂ ਨੂੰ ਤਪੇ ਦਾ ਖਿਆਲ ਆਇਆ। ਉਨ੍ਹਾਂ ਨੂੰ ਲਗਦਾ ਸੀ ਕਿ ਤਪੇ ਕੋਲ ਜਾਦੂ ਹੈ, ਉਹ ਆਪਣੇ ਜਾਦੂ ਨਾਲ ਮੀਂਹ ਪਾ ਦੇਵੇਗਾ। ਸਾਰੇ ਲੋਕ ਰਲ ਕੇ ਤਪੇ ਕੋਲ ਗਏ। ਤਪਾ ਤਾਂ ਅੱਗੇ ਹੀ ਚਾਹੁੰਦਾ ਸੀ ਕਿ ਲੋਕ ਉਹਦੇ ਕੋਲ ਆਉਣ। ਉਹ ਬੜਾ ਖੁਸ਼ ਹੋਇਆ। ਉਹਨੂੰ ਮੌਕਾ ਮਿਲ ਗਿਆ ਗੁਰੂ ਜੀ ਦੇ ਖ਼ਿਲਾਫ ਬੋਲਣ ਦਾ। ਉਹਨੇ ਗੁਰੂ ਜੀ ਬਾਰੇ ਬਹੁਤ ਕੁਝ ਮਾੜਾ ਬੋਲਿਆ ਤੇ ਕਹਿਣ ਲੱਗਾ ਕਿ ਇਸ ਵਾਰ ਮੀਂਹ ਇਸ ਕਰਕੇ ਨਹੀਂ ਪਿਆ ਕਿਉਂ ਕਿ ਤੁਸੀਂ ਅੰਗਦ ਦੇਵ ਨੂੰ ਮੱਥੇ ਟੇਕਦੇ ਹੋ । ਜੇ ਅੰਗਦ ਦੇਵ ਖਡੂਰ ਛੱਡ ਕੇ ਚਲੇ ਜਾਣ ਤਾਂ ਇਥੇ ਮੀਂਹ ਪਏਗਾ। ਲੋਕੀ ਗੁਰੂ ਜੀ ਕੋਲ ਆਏ ਤੇ ਉਨ੍ਹਾਂ ਨੇ ਤਪੇ ਦੀ ਸਾਰੀ ਗੱਲ ਦੱਸੀ। ਗੁਰੂ ਜੀ ਨੇ ਕਿਸੇ ਗੱਲ ਦਾ ਗੁਸਾ ਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਮੇਰੇ ਪਿੰਡ ਛੱਡ ਕੇ ਜਾਣ ਨਾਲ ਮੀਂਹ ਪੈਂਦਾ ਏ ਤਾਂ ਮੈਂ ਚਲਾ ਜਾਂਦਾ ਹਾਂ।

‘ਆਂਟੀ, ਫੇਰ ਗੁਰੂ ਜੀ ਪਿੰਡ ਛੱਡ ਕੇ ਚਲੇ ਗਏ?’ ਪ੍ਰਭਨੂਰ ਨੇ ਘਬਰਾ ਕੇ ਪੁਛਿਆ।

‘ਹਾਂ ਬੇਟੇ, ਗੁਰੂ ਜੀ ਪਿੰਡ ਛੱਡ ਕੇ ਨੇੜੇ ਹੀ ਖਾਨ ਰਜਾਦ ਦਾ ਜੰਗਲ ਸੀ ਉਥੇ ਚਲੇ ਗਏ।’

‘ਜੰਗਲ ਵਿਚ! ਕਿਸੇ ਹੋਰ ਪਿੰਡ ਕਿਉਂ ਨਾ ਗਏ?’ ਸੁਹਾਵੀ ਜੰਗਲ ਦੇ ਨਾਂ ਤੋਂ ਹੀ ਡਰ ਗਈ ਸੀ।

‘ਬੱਚੇ, ਜੇ ਗੁਰੂ ਜੀ ਕਿਸੇ ਹੋਰ ਪਿੰਡ ਚਲੇ ਜਾਂਦੇ ਤਾਂ ਕੀ ਪਤਾ ਉਥੇ ਵੀ ਕੋਈ ਤਪਾ ਹੁੰਦਾ ਤੇ ਉਹ ਵੀ ਲੋਕਾਂ ਨੂੰ ਗੁਰੂ ਜੀ ਦੇ ਖਿਲਾਫ਼ ਭੜਕਾ ਦੇਂਦਾ। ਠੀਕ ਏ ਨਾ।’

ਸੁਹਾਵੀ ਦੇ ਹਾਂ ਵਿਚ ਸਿਰ ਹਿਲਾਉਣ ਤੇ ਸਤਵੰਤ ਕੌਰ ਫਿਰ ਬੋਲੀ, ‘ਗੁਰੂ ਜੀ ਨੂੰ ਪਿੰਡ ਛੱਡ ਕੇ ਗਿਆਂ ਤਿੰਨ ਚਾਰ ਦਿਨ ਹੋ ਗਏ ਪਰ ਮੀਂਹ ਨਾ ਪਿਆ। ਸਾਰੇ ਲੋਕ ਇਕੱਠੇ ਹੋ ਕੇ ਫਿਰ ਤਪੇ ਕੋਲ ਗਏ। ਉਹਨੇ ਬੜੇ ਜਾਦੂ ਕਰਨ ਦੀ ਕੋਸ਼ਿਸ਼ ਕੀਤੀ, ਤੰਤਰ ਮੰਤਰ ਵੀ ਪੜ੍ਹੇ ਪਰ ਮੀਂਹ ਨਾ ਪਿਆ। ਉਹ ਬੜੇ ਗੁਸੇ ਵਿਚ ਕਹਿਣ ਲੱਗਾ ਕਿ ਅਜੇ ਤਿੰਨ ਚਾਰ ਦਿਨ ਹੀ ਹੋਏ ਹਨ। ਤੁਸੀਂ ਕਿੰਨੇ ਦਿਨ ਅੰਗਦ ਦੇਵ ਨੂੰ ਮੱਥਾ ਟੇਕਦੇ ਰਹੇ ਹੋ? ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ ਇਸ ਲਈ ਇਸ ਪਾਪ ਦਾ ਅਸਰ ਖਤਮ ਕਰਨ ਲਈ ਦਿਨ ਵੀ ਜ਼ਿਆਦਾ ਲੱਗਣਗੇ। ਤਪੇ ਦੀਆਂ ਗੱਲਾਂ ਸੁਣ ਕੇ ਜਦ ਲੋਕ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਸ੍ਰੀ ਅਮਰਦਾਸ ਜੀ ਮਿਲੇ। ਸ੍ਰੀ ਅਮਰਦਾਸ ਜੀ ਪਤਾ ਏ ਨਾ ਕੌਣ ਸਨ?’ ਸਤਵੰਤ ਕੌਰ ਨੇ ਸਵਾਲ ਕੀਤਾ।

‘ਗੁਰੂ ਅਮਰਦਾਸ ਜੀ?’ ਖੁਸ਼ੀ ਨੇ ਅੰਦਾਜ਼ਾ ਲਾਇਆ।

‘ਹਾਂ ਬਿਲਕੁਲ ਠੀਕ। ਇਹ ਓਹੀ ਅਮਰਦਾਸ ਜੀ ਸਨ ਜੋ ਬਾਅਦ ਵਿਚ ਗੁਰੂ ਅਮਰਦਾਸ ਜੀ ਬਣੇ। ਪਰ ਅਜੇ ਉਹ ਗੁਰੂ ਨਹੀਂ ਸਨ ਬਣੇ। ਜਦੋਂ ਅਮਰਦਾਸ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੋਇਆ। ਉਨ੍ਹਾਂ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਤਾਂ ਬਹੁਤ ਵੱਡੀ ਗਲਤੀ ਕੀਤੀ ਹੈ। ਗੁਰੂ ਜੀ ਤਾਂ ਆਪ ਪ੍ਰਮਾਤਮਾ ਦਾ ਰੂਪ ਹਨ। ਤੁਸੀਂ ਉਨ੍ਹਾਂ ਨੂੰ ਹੀ ਪਿੰਡੋਂ ਕੱਢ ਦਿੱਤਾ! ਸਾਰਿਆਂ ਨੇ ਮਹਿਸੂਸ ਕੀਤਾ ਕਿ ਵਾਕਿਆ ਹੀ ਉਨ੍ਹਾਂ ਨੇ ਗਲਤੀ ਕੀਤੀ ਹੈ। ਉਹ ਹੁਣ ਸ੍ਰੀ ਅਮਰਦਾਸ ਜੀ ਨੂੰ ਪੁਛਣ ਲੱਗੇ ਕਿ ਹੁਣ ਕੀ ਕਰੀਏ। ਅਮਰਦਾਸ ਜੀ ਨੇ ਕਿਹਾ ਕਿ ਸਿੱਖ ਦਾ ਫ਼ਰਜ਼ ਅਰਦਾਸ ਕਰਨਾ ਹੈ। ਆਉ ਸਾਰੇ ਰਲ ਕੇ ਅਰਦਾਸ ਕਰਦੇ ਹਾਂ। ਗੁਰੂ ਜੀ ਮਿਹਰ ਕਰਨਗੇ। ਮੀਂਹ ਪੈ ਜਾਏਗਾ। ਇਹ ਸੁਣ ਕੇ ਸਿਆਣੇ ਲੋਕ ਤਾਂ ਅਰਦਾਸ ਕਰਨ ਲੱਗੇ ਪਰ ਕੁਝ ਗੁਸੇ ਵਾਲੇ ਲੋਕਾਂ ਨੇ ਤਪੇ ਨੂੰ ਲੱਤਾਂ ਤੋਂ ਫੜ ਕੇ ਘਸੀਟਣਾ ਸ਼ੁਰੂ ਕਰ ਦਿੱਤਾ। ਪਿੰਡੋਂ ਬਾਹਰ ਪਹੁੰਚਦਿਆਂ ਤਕ ਤਪੇ ਦੀ ਮੌਤ ਹੋ ਗਈ।’

‘ਆਂਟੀ, ਸੱਚੀ ਮੁਚੀ ਮਰ ਗਿਆ?’ ਪ੍ਰਭਨੂਰ ਨੂੰ ਤਪੇ ਉਤੇ ਤਰਸ ਆਉਣ ਲੱਗਾ।

‘ਹਾਂ ਬੇਟੇ ਤਪਾ ਮਰ ਗਿਆ। ਹੁਣ ਸ੍ਰੀ ਅਮਰਦਾਸ ਜੀ ਲੋਕਾਂ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਨੂੰ ਲੈਣ ਜੰਗਲ ਵਿਚ ਗਏ। ਗੁਰੂ ਅੰਗਦ ਦੇਵ ਜੀ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੋੋਇਆ ਤੇ ਉਨ੍ਹਾਂ ਨੇ ਸਮਝਾਉਂਦਿਆਂ ਹੋਇਆਂ ਕਿਹਾ ਕਿ ਤੁਸੀਂ ਠੀਕ ਨਹੀਂ ਕੀਤਾ। ਇਹ ਠੀਕ ਹੈ ਕਿ ਤਪੇ ਦੀ ਗਲਤੀ ਸੀ। ਪਰ ਜੇ ਕੋਈ ਗਲਤੀ ਕਰੇ ਤਾਂ ਉਸ ਨੂੰ ਠੀਕ ਰਸਤੇ ਤੇ ਲੈ ਕੇ ਆਉਣਾ ਹੁੰਦਾ ਏ ਨਾ ਕਿ ਸਜ਼ਾ ਦੇਣੀ ਏ। ਅਸੀਂ ਮਾਫ਼ ਕਰਨ ਦੀ ਜਾਚ ਸਿੱਖਣੀ ਹੈ। ਅੱਗੋਂ ਐਸੀ ਗੱਲ ਨਹੀਂ ਕਰਨੀ। ਜੋ ਹੁੰਦਾ ਹੈ ਰੱਬ ਦੇ ਭਾਣੇ ਵਿਚ ਹੁੰਦਾ ਹੈ। ਰੱਬ ਦਾ ਭਾਣਾ ਖੁਸ਼ੀ ਖੁਸ਼ੀ ਮੰਨਣਾ ਚਾਹੀਦਾ ਹੈ।

ਸਾਰਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਗੁਰੂ ਜੀ ਕੋਲੋਂ ਮਾਫ਼ੀ ਮੰਗੀ ਤੇ ਵਾਪਸ ਚੱਲਣ ਲਈ ਬੇਨਤੀ ਕੀਤੀ। ਬੇਨਤੀ ਮੰਨ ਕੇ ਗੁਰੂ ਜੀ ਖਡੂਰ ਵਾਪਸ ਆ ਗਏ ਤੇ ਫਿਰ ਉਸੇ ਤਰ੍ਹਾਂ ਕੀਰਤਨ, ਕਥਾ ਹੋਣ ਲੱਗੀ। ਸੰਗਤਾਂ ਜੁੜਨ ਲੱਗੀਆਂ।’ ਸਤਵੰਤ ਕੌਰ ਨੇ ਗੱਲ ਮੁਕਾਉਂਦਿਆਂ ਕਿਹਾ।

‘ਆਂਟੀ ਫੇਰ ਮੀਂਹ ਪਿਆ ਕਿ ਨਹੀਂ?’ ਪ੍ਰਭਨੂਰ ਨੂੰ ਮੀਂਹ ਦਾ ਧਿਆਨ ਆਇਆ।

‘ਹਾਂ ਬੇਟੇ, ਪ੍ਰਮਾਤਮਾ ਨੇ ਸਾਰਿਆਂ ਦੀ ਅਰਦਾਸ ਸੁਣ ਲਈ ਤੇ ਬਹੁਤ ਜ਼ੋਰ ਦੀ ਮੀਂਹ ਪੈਣ ਲੱਗਾ। ਸਾਰੇ ਬੜੇ ਖੁਸ਼ ਹੋ ਗਏ।