ਕੇਸਰ ਦੇ ਛਿੱਟੇ

‘ਮੰਮੀ, ਅੱਜ ਕਿਹੜੀ ਸਾਖੀ ਸੁਣਾਉਗੇ?’ ਗੁਰਜੋਤ ਨੇ ਬੈੱਡ ਰੂਮ ਵਿਚ ਪਹੁੰਚਦਿਆਂ ਹੀ ਪੁਛਿਆ। ਸਤਵੰਤ ਕੌਰ ਜਾਣਦੀ ਸੀ ਕਿ ਗੁਰਜੋਤ ਨੇ ਸਾਖੀ ਸੁਣੇ ਬਿਨਾਂ ਸੌਣਾ ਨਹੀਂ। ਸੋ ਬਿਨਾਂ ਦੇਰੀ ਕੀਤੇ ਉਹਨੇ ਕਿਹਾ, ‘ਕੇਸਰ ਦੇ ਛਿੱਟੇ ਵਾਲੀ’

‘ਮੰਮੀ, ਕੇਸਰ ਕੀ ਹੁੰਦਾ ਏ?’ ਇਕ ਵਾਰ ਫੇਰ ਗੁਰਜੋਤ ਨੇ ਪੁਛਿਆ।

‘ ਬੇਟੇ, ਕੇਸਰ ਪਹਾੜਾਂ ਵਿਚ ਉੱਗਣ ਵਾਲਾ ਇਕ ਬੂਟਾ ਏ ਜਿਹਨੂੰ ਛੋਟੇ ਛੋਟੇ ਫੁਲ ਲੱਗਦੇ ਨੇ। ਹਰ ਫੁਲ ਵਿਚ ਇਕ ਛੋਟੀ ਜਿਹੀ ਤੁਰੀ ਹੁੰਦੀ ਏ। ਉਸ ਤੁਰੀ ਵਿਚੋਂ ਬੜੀ ਖੁਸ਼ਬੂ ਆਉਂਦੀ ਏ ਤੇ ਜੇ ਉਸ ਨੂੰ ਪਾਣੀ ਵਿਚ ਘੋਲ ਦੇਈਏ ਤਾਂ ਪਾਣੀ ਦਾ ਰੰਗ ਪੀਲਾ ਹੋ ਜਾਂਦਾ ਏ। ਬੱਚਿਉ! ਪੁਰਾਣੇ ਜ਼ਮਾਨੇ ਵਿਚ ਖੁਸ਼ੀ ਦੇ ਮੌਕੇ ਤੇ ਕੇਸਰ ਨਾਲ ਪਾਣੀ ਪੀਲਾ ਕਰਕੇ ਇਕ ਦੂਜੇ ਉਤੇ ਛੱਟੇ ਮਾਰਦੇ ਸਨ ਤੇ ਕੇਸਰ ਦਾ ਟਿੱਕਾ ਵੀ ਲਗਾਉਂਦੇ ਸਨ।’

‘ਮੰਮੀ, ਜੇ ਇਕ ਫੁਲ ਵਿਚੋਂ ਕੇਸਰ ਦੀ ਇਕੋ ਹੀ ਤੁਰੀ ਨਿਕਲਦੀ ਏ ਫੇਰ ਤਾਂ ਕੇਸਰ ਬਹੁਤ ਮਹਿੰਗਾ ਹੁੰਦਾ ਹੋਏਗਾ?’ ਹਰਲੀਨ ਨੇ ਵੱਡਿਆਂ ਵਾਂਗ ਸਾਰਾ ਹਿਸਾਬ ਕਿਤਾਬ ਲਗਾਉਂਦਿਆਂ ਪੁਛਿਆ।

‘ਹਾਂ ਬੱਚੇ, ਕੇਸਰ ਮਹਿੰਗਾ ਵੀ ਬੜਾ ਏ ਤੇ ਇਸ ਦੇ ਫਾਇਦੇ ਵੀ ਬੜੇ ਨੇ। ਕਲ੍ਹ ਤੁਹਾਨੂੰ ਦੁਧ ਵਿਚ ਕੇਸਰ ਪਾ ਕੇ ਦਿਆਂਗੀ। ਸਿਹਤ ਲਈ ਬੜਾ ਚੰਗਾ ਹੁੰਦਾ ਏ।’

‘ਅੱਛਾ, ਚਲੋ ਮੰਮੀ, ਕੇਸਰ ਦੇ ਛਿੱਟਿਆਂ ਵਾਲੀ ਸਾਖੀ ਸੁਣਾਉ,’ ਗੁਰਜੋਤ ਨੇ ਸਤਵੰਤ ਕੌਰ ਨੂੰ ਵਿਚੋਂ ਹੀ ਟੋਕਦਿਆਂ ਹੋਇਆਂ ਕਿਹਾ। ਉਸ ਨੂੰ ਕੇਸਰ ਬਾਰੇ ਜਾਣਨ ਨਾਲੋਂ ਸਾਖੀ ਸੁਣਨ ਦੀ ਜ਼ਿਆਦਾ ਕਾਹਲ ਸੀ।

‘ਕਲ੍ਹ ਤੁਹਾਨੂੰ ਮੈਂ ਦੱਸਿਆ ਸੀ ਕਿ ਭਾਈ ਲਹਿਣਾ ਜੀ ਆਪਣੇ ਸਾਥੀਆਂ ਨਾਲ ਦੇਵੀ ਦੇ ਦਰਸ਼ਨਾਂ ਨੂੰ ਨਾ ਗਏ। ਕਰਤਾਰਪੁਰ ਹੀ ਰੁਕ ਗਏ। ਕੁਝ ਦਿਨ ਉਥੇ ਰੁਕ ਕੇ ਉਹ ਆਪਣੇ ਪਿੰਡ ਖਡੂਰ ਆ ਗਏ। ਹੁਣ ਉਨ੍ਹਾਂ ਦਾ ਆਪਣੇ ਘਰ ਦਿਲ ਨਹੀਂ ਸੀ ਲਗਦਾ। ਉਨ੍ਹਾਂ ਨੇ ਆਪਣੇ ਦੋਹਾਂ ਬੱਚਿਆਂ ਨੂੰ ਦੁਕਾਨ ਦਾ ਕੰਮ ਸਮਝਾਇਆ ਤੇ ਆਪ ਵਾਪਸ ਕਰਤਾਰਪੁਰ ਜਾਣ ਦੀ ਸੋਚੀ। ਬੱਚਿਓ, ਲਹਿਣਾ ਜੀ ਬੜੇ ਪੈਸੇ ਵਾਲੇ ਸਨ। ਉਨ੍ਹਾਂ ਨੇ ਬੜੇ ਸਹੁਣੇ ਕਪੜੇ ਪਾਏ, ਸਿਰ ਉੱਤੇ ਸਵਾ ਮਣ ਲੂਣ ਦੀ ਪੰਡ ਚੁਕੀ ਤੇ ਕਰਤਾਰਪੁਰ ਨੂੰ ਨਿਕਲ ਪਏ।’

‘ਮੰਮੀ, ਸਵਾ ਮਣ ਕੀ ਹੁੰਦਾ ਏ?’ ਗੁਰਜੋਤ ਨੂੰ ਸਮਝ ਨਹੀਂ ਸੀ ਆਈ।

‘ਬੇਟੇ ਜਿਵੇਂ ਅੱਜ ਕਲ੍ਹ ਕਿਲੋ ਹੁੰਦੇ ਨੇ ਨਾ, ਉਦੋਂ ਸੇਰ ਹੋਇਆ ਕਰਦੇ ਸਨ। 40 ਸੇਰ ਦਾ ਇਕ ਮਣ ਗਿਣਿਆ ਜਾਂਦਾ ਸੀ। ਸਵਾ ਮਣ ਦਾ ਮਤਲਬ ਹੋਇਆ 50 ਸੇਰ।’ ਸਤਵੰਤ ਕੌਰ ਨੇ ਸਮਝਾਦਿਆਂ ਹੋਇਆਂ ਦੱਸਿਆ।

‘ਓਏ, 50 ਸੇਰ! ਲਹਿਣਾ ਜੀ ਨੇ ਏਨਾ ਭਾਰ ਚੁਕ ਲਿਆ!’ ਗੁਰਜੋਤ ਦੇ ਨਾਲ ਨਾਲ ਹਰਲੀਨ ਵੀ ਹੈਰਾਨ ਸੀ।

‘ਹਾਂ ਬੇਟੇ, ਲਹਿਣਾ ਜੀ ਬੜੇ ਬਹਾਦਰ ਸਨ। ਜਦੋਂ ਉਹ ਘਰੋਂ ਚੱਲਣ ਲੱਗੇ ਤਾਂ ਬੀਬੀ ਖੀਵੀ ਜੀ ਨੇ ਕਿਹਾ ਕਿ ਲੂਣ ਦੀ ਪੰਡ ਆਪ ਕਿਉਂ ਚੁਕੀ ਜੇ, ਕਿਸੇ ਨੌਕਰ ਨੂੰ ਕਹੋ ਉਹ ਲੈ ਜਾਏਗਾ। ਪਰ ਲਹਿਣਾ ਜੀ ਕਹਿਣ ਲੱਗੇ, ‘ਨੌਕਰ ਕੋਲੋਂ ਕੰਮ ਤਾਂ ਕਰਵਾਇਆ ਜਾ ਸਕਦਾ ਏ ਪਰ ਸੇਵਾ ਨਹੀਂ। ਇਹ ਲੂਣ ਮੈਂ ਗੁਰੂ ਜੀ ਦੇ ਲੰਗਰ ਲਈ ਲੈ ਕੇ ਜਾ ਰਿਹਾ ਹਾਂ ਇਸ ਲਈ ਇਹ ਆਪ ਹੀ ਚੁਕਾਂਗਾਂ।’ ਏਨਾ ਕਹਿ ਕੇ ਭਾਈ ਲਹਿਣਾ ਜੀ ਕਰਤਾਰਪੁਰ ਨੂੰ ਤੁਰ ਪਏ।’ ਸਤਵੰਤ ਕੌਰ ਨੇ ਲੰਗਰ ਦੀ ਸੇਵਾ ਆਪਣੇ ਹੱਥੀਂ ਕਰਨ ਦੀ ਗੱਲ ਸਮਝਾਉਂਦਿਆਂ ਕਿਹਾ। ਗੱਲ ਜਾਰੀ ਰੱਖਦਿਆਂ ਉਹ ਫੇਰ ਕਹਿਣ ਲੱਗੀ, ‘ਜਦੋਂ ਲਹਿਣਾ ਜੀ ਕਰਤਾਰਪੁਰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਖੇਤਾਂ ਵਿਚ ਗਏ ਹੋਏ ਸਨ।ਲਹਿਣਾ ਜੀ ਲੂਣ ਦੀ ਪੰਡ ਲੰਗਰ ਵਿਚ ਰੱਖ ਕੇ ਖੇਤਾਂ ਵਲ ਚਲੇ ਗਏ। ਉਥੇ ਗੁਰੂ ਜੀ ਅਤੇ ਸਿੱਖ ਖੇਤਾਂ ਵਿਚ ਉੱਗੇ ਫਾਲਤੂ ਘਾਹ ਬੂਟੇ ਕੱਢ ਰਹੇ ਸਨ। ਜਦੋਂ ਲਹਿਣਾ ਜੀ ਖੇਤਾਂ ਵਿਚ ਪਹੁੰਚੇ ਤਾਂ ਗੁਰੂ ਜੀ ਦੇ ਕੋਲ ਹੀ ਘਾਹ ਦੀ ਬੰਨ੍ਹੀ ਹੋਈ ਪੰਡ ਪਈ ਸੀ। ਘਾਹ ਗਿੱਲਾ ਸੀ ਤੇ ਉਸ ਵਿਚੋਂ ਚਿੱਕੜ ਵਾਲਾ ਪਾਣੀ ਡਿੱਗ ਰਿਹਾ ਸੀ। ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਦੇਖਦਿਆਂ ਹੀ ਉਹ ਪੰਡ ਘਰ ਲਿਜਾਉਣ ਲਈ ਕਿਹਾ।’

‘ਮੰਮੀ, ਫੇਰ ਭਾਈ ਲਹਿਣਾ ਜੀ ਨੇ ਉਹ ਚਿੱਕੜ ਵਾਲੀ ਪੰਡ ਚੁਕ ਲਈ? ਉਨ੍ਹਾਂ ਨੇ ਤਾਂ ਸਹੁਣੇ ਕਪੜੇ ਪਾਏ ਹੋਏ ਸਨ।’ ਹਰਲੀਨ ਨੂੰ ਲਹਿਣਾ ਜੀ ਦੇ ਸੋਹਣੇ ਕਪੜਿਆਂ ਦਾ ਖਿਆਲ ਆਇਆ।

‘ਬੱਚੇ, ਅੱਗੋਂ ਸੁਣੋ। ਤੁਹਾਨੂੰ ਸਾਰੀ ਗੱਲ ਦਾ ਆਪੇ ਪਤਾ ਲੱਗ ਜਾਏਗਾ,’ ਕਹਿੰਦਿਆਂ ਹੋਇਆਂ ਸਤਵੰਤ ਕੌਰ ਨੇ ਆਪਣੀ ਗੱਲ ਜਾਰੀ ਰੱਖੀ।

‘ਲਹਿਣਾ ਜੀ ਨੇ ਪੰਡ ਚੁਕੀ ਤੇ ਘਰ ਪਹੁੰਚਾ ਦਿੱਤੀ। ਉਨ੍ਹਾਂ ਦੇ ਸਾਰੇ ਕਪੜੇ ਚਿੱਕੜ ਨਾਲ ਭਰ ਗਏ। ਜਦੋਂ ਗੁਰੂ ਜੀ ਘਰ ਪਹੁੰਚੇ ਤਾਂ ਮਾਤਾ ਸੁਲੱਖਣੀ ਜੀ ਕਹਿਣ ਲੱਗੇ…

‘ਮੰਮੀ, ਮਾਤਾ ਸੁਲੱਖਣੀ ਜੀ ਕੌਣ?’ ਗੁਰਜੋਤ ਨੇ ਵਿਚੋਂ ਹੀ ਟੋਕਦਿਆਂ ਪੁਛਿਆ।

‘ਭੁਲ ਗਏ ਬੇਟਾ, ਦੱਸਿਆ ਤੇ ਸੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਂ ਮਾਤਾ ਸੁਲੱਖਣੀ ਜੀ ਸੀ।’

‘ਉਹੋ, ਮੈਂ ਭੁਲ ਈ ਗਿਆ ਸੀ। ਫੇਰ ਕੀ ਹੋਇਆ ਮੰਮੀ?’ ਗੁਰਜੋਤ ਨੇ ਅੱਗੋਂ ਜਾਣਨਾ ਚਾਹਿਆ।

ਮਾਤਾ ਜੀ ਕਹਿਣ ਲੱਗੇ, ‘ਤੁਸੀਂ ਬਾਹਰੋਂ ਆਏ ਮੁਸਾਫਰ ਨੂੰ ਚਿੱਕੜ ਦੀ ਪੰਡ ਚੁਕਵਾ ਦਿੱਤੀ। ਉਹ ਥੱਕਿਆ ਹੋਇਆ ਸੀ। ਨਾਲੇ ਉਸ ਨੇ ਇਤਨੇ ਸੁੰਦਰ ਕਪੜੇ ਪਾਏ ਹੋਏ ਸਨ। ਦੇਖੋ, ਉਸ ਦੇ ਸਾਰੇ ਕਪੜੇ ਚਿੱਕੜ ਨਾਲ ਭਰ ਗਏ ਨੇ।’ ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇੇ ਕਹਿਣ ਲੱਗੇ, ‘ਭੋਲੀਏ, ਇਹ ਚਿੱਕੜ ਥੋੜਾ ਏ, ਇਹ ਤਾਂ ਕੇਸਰ ਦੇ ਛਿੱਟੇ ਨੇ। ਇਸ ਦੇ ਸਿਰ ਤੇ ਜਿਹੜੀ ਤੂੰ ਚਿੱਕੜ ਦੀ ਪੰਡ ਕਹਿੰਦੀ ਏਂ ਨਾ, ਇਹ ਚਿੱਕੜ ਦੀ ਨਹੀਂ, ਜ਼ਿੰਮੇਵਾਰੀਆਂ ਦੀ ਪੰਡ ਏ। ਇਹਨੇ ਤਾਂ ਸੰਸਾਰ ਦੇ ਲੋਕਾਂ ਦੇ ਮਨਾਂ ਦੇ ਚਿੱਕੜ ਨੂੰ ਦੂਰ ਕਰਨਾ ਏ। ਇਹ ਪੰਡ ਕੋਈ ਹੋਰ ਨਹੀਂ ਚੁਕ ਸਕਦਾ।’

‘ਮੰਮੀ, ਗੁਰੂ ਜੀ ਨੇ ਕੀ ਕਿਹਾ? ਕਿਹੜੀ ਪੰਡ? ਗੁਰਜੋਤ ਨੂੰ ਇਹ ਗੱਲ ਸਮਝਣੀ ਔਖੀ ਲੱਗੀ।

‘ਬੇਟਾ ਜੀ, ਜ਼ਿੰਮੇਵਾਰੀਆਂ ਦੀ ਪੰਡ। ਗੁਰੂ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਉਨ੍ਹਾਂ ਤੋਂ ਬਾਅਦ ਗੁਰੂ ਜੀ ਦੀਆਂ ਡਿਊਟੀਜ਼ ਭਾਈ ਲਹਿਣਾ ਜੀ ਨਿਭਾਇਆ ਕਰਨਗੇ।’ ਸਤਵੰਤ ਕੌਰ ਨੇ ਸੌਖੇ ਸ਼ਬਦਾਂ ਵਿਚ ਸਮਝਾਦਿਆਂ ਕਿਹਾ।

‘ਮੰਮੀ, ਗੁਰੂ ਨਾਨਕ ਦੇਵ ਜੀ ਉਤੇ ਕਿਹੜੀਆਂ ਜ਼ਿੰਮੇਵਾਰੀਆਂ ਸਨ?’ ਹਰਲੀਨ ਨੂੰ ਵੀ ਅਜੇ ਗੱਲ ਸਮਝ ਨਹੀਂ ਸੀ ਆਈ।

‘ਬੱਚਿਉੇ, ਗੁਰੂ ਜੀ ਉਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਗਲਤ ਕੰਮ ਕਰਨ ਵਾਲਿਆਂ ਨੂੰ ਠੀਕ ਰਸਤੇ ਤੇ ਪਾਉਣ ਦੀ। ਤੁਸੀਂ ਕੋਈ ਕੰਮ ਕਰਨਾ ਹੋਵੇ ਤਾਂ ਮੈਂ ਤੁਹਾਨੂੰ ਦਸਦੀ ਆਂ ਨਾ ਕਿ ਗੁਰੂ ਜੀ ਨੇ ਸਾਨੂੰ ਇੰਜ ਸਮਝਾਇਆ ਏ।ਤੁਸੀਂ ਤਾਂ ਮੇਰੇ ਦੋ ਬੱਚੇ ਓ। ਗੁਰੂ ਜੀ ਦੇ ਤਾਂ ਬਹੁਤ ਸਾਰੇ ਬੱਚੇ ਨੇ ਨਾ? ਅਸੀਂ ਸਾਰੇ ਗੁਰੂ ਜੀ ਦੇ ਬੱਚੇ ਆਂ। ਸਾਰਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ ਦੀ ਜ਼ਿੰਮੇਵਾਰੀ ਸੀ ਗੁਰੂ ਜੀ ਉਤੇ।’ ਸਤਵੰਤ ਕੌਰ ਨੇ ਬੱਚਿਆਂ ਦੀ ਉਮਰ ਨੂੰ ਸਾਹਮਣੇ ਰੱਖਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ।

‘ਤੇ ਮੰਮੀ, ਚਿੱਕੜ ਦੇ ਛਿੱਟੇ ਕੇਸਰ ਦੇ ਕਿਵੇਂ ਹੋਏ?’ ਹਰਲੀਨ ਅਜੇ ਵੀ ਪੂਰੀ ਗੱਲ ਨਹੀਂ ਸੀ ਸਮਝ ਸਕੀ।

‘ਬੱਚੂ ਜੀ, ਹੁਣੇ ਤੁਹਾਨੂੰ ਦੱਸਿਆ ਸੀ ਨਾ ਕਿ ਕੇਸਰ ਦਾ ਰੰਗ ਖੁਸ਼ੀ ਵੇਲੇ ਵਰਤਿਆ ਜਾਂਦਾ ਏ। ਜਦੋਂ ਗੁਰੂ ਜੀ ਨੇ ਲਹਿਣਾ ਜੀ ਨੂੰ ਗੁਰੂ ਬਣਾਉਣਾ ਸੀ ਤਾਂ ਉਹ ਇਕ ਖੁਸ਼ੀ ਦਾ ਮੌਕਾ ਹੋਣਾ ਸੀ। ਇਸ ਲਈ ਉਨ੍ਹਾਂ ਨੇ ਚਿੱਕੜ ਨੂੰ ਕੇਸਰ ਦੇ ਛਿੱਟੇ ਕਿਹਾ। ਨਾਲੇ ਕੇਸਰ ਬੜੀ ਕੀਮਤੀ ਚੀਜ਼ ਏ। ਗੁਰੂ ਜੀ ਵੀ ਤਾਂ ਕੀਮਤੀ ਨੇ ਨਾ! ਠੀਕ ਏ। ਸਮਝ ਗਏ।’

‘ਮੰਮੀ, ਥੋੜ੍ਹਾ ਥੋੜ੍ਹਾ।’ ਗੁਰਜੋਤ ਨੇ ਸੱਚ ਬੋਲਦਿਆਂ ਕਿਹਾ।

‘ਕੋਈ ਗੱਲ ਨਹੀਂ। ਜਦੋਂ ਥੋੜ੍ਹੇ ਜਿਹੇ ਵੱਡੇ ਹੋ ਜਾਉਗੇ ਤਾਂ ਜ਼ਿਆਦਾ ਸਮਝ ਆ ਜਾਏਗੀ।’ ਸਤਵੰਤ ਕੌਰ ਨੇ ਬੜੇ ਪਿਆਰ ਨਾਲ ਕਿਹਾ।

‘ਮੰਮੀ, ਕਲ੍ਹ ਸਾਨੂੰ ਕੇਸਰ ਵਾਲਾ ਦੁਧ ਦੇਣਾ।’ ਗੁਰਜੋਤ ਫੇਰ ਬੋਲਿਆ।

‘ਜੋ ਹੁਕਮ ਮੇਰੇ ਆਕਾ।’ ਸਤਵੰਤ ਕੌਰ ਨੇ ਮਜ਼ਾਕ ਨਾਲ ਕਿਹਾ।

‘ਮੰਮੀ ਦੇਖਿਆ, ਇਹਦਾ ਧਿਆਨ ਹਮੇਸ਼ਾ ਖਾਣ ਪੀਣ ਵਲ ਹੀ ਰਹਿੰਦਾ ਏ।’ ਹਰਲੀਨ ਨੇ ਮੰਮੀ ਦੀ ਹਾਮੀ ਮੰਗੀ।

ਮੁਸਕਰਾਉਂਦੀ ਹੋਈ ਸਤਵੰਤ ਕੌਰ ਬੱਚਿਆਂ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਨ ਦੀ ਹਦਾਇਤ ਦੇ ਕੇ ਆਪਣੇ ਕਮਰੇ ਵਿਚ ਚਲੀ ਗਈ।