Kesaan Di Tarteeb

ਕੇਸਾਂ ਦਾ ਵਿਕਾਸ ਅਤੇ ਤਰਤੀਬ ਪੂਰੀ ਤਰ੍ਹਾਂ ਕੁਦਰਤ ਦੇ ਕੰਟਰੋਲ ਵਿਚ ਹੈ।ਕੁਦਰਤ ਨੇ ਕੇਸਾਂ ਦੇ ਵਿਕਾਸ ਨੂੰ ਉਮਰ ਅਤੇ ਲਿੰਗ ਅਨੁਸਾਰ ਕ੍ਰਮਬੱਧ ਕੀਤਾ ਹੋਇਆ ਹੈ।ਬੱਚਿਆਂ ਅਤੇ ਵੱਡਿਆਂ ਦੇ ਕੇਸਾਂ ਦੀ ਗੁਣਵੱਤਾ ਵਿਚ ਵੀ ਅੰਤਰ ਰੱਖਿਆ ਹੈ।ਨਰ ਅਤੇ ਮਾਦਾ ਦੇ ਵਾਲਾਂ ਵਿਚ ਵੀ ਅੰਤਰ ਰਖਿੱਆ ਹੈ।

ਗਰਭ ਵਿਚ ਵਿਕਾਸ ਦੌਰਾਨ ਸਭ ਤੋਂ ਪਹਿਲੇ ਵਾਲ ਭਰੂਣ ਉਤੇ 5 ਮਹੀਨਿਆਂ ਦੇ ਗਰਭ ਸਮੇਂ ਦੇਖੇ ਜਾ ਸਕਦੇ ਹਨ।ਵਾਲਾਂ ਦੀਆਂ ਜੜ੍ਹਾਂ ਮਨੁਖ ਦੇ ਸਰੀਰ ਦੇ ਬਨਣ ਦੇ ਅਰੰਭ ਵਿਚ ਹੀ ਹਰਕਤ ਵਿਚ ਆ ਜਾਂਦੀਆਂ ਹਨ।ਫਿਰ ਸਾਰੀ ਉਮਰ ਵਾਲ ਬਣਾਉਂਦੀਆਂ ਹੀ ਰਹਿੰਦੀਆਂ ਹਨ।ਭਰੂਣ ਦੇ ਵਾਲਾਂ ਨੂੰ ਲੈਨੂਗੋ ਵਾਲ ਕਹਿੰਦੇ ਹਨ।ਇਹ ਵਾਲ ਮਨੁਖੀ ਸਰੀਰ ਉਤੇ ਸਭ ਤੋਂ ਪਹਿਲਾਂ ਆਣ ਵਾਲੇ ਵਾਲ ਹਨ।ਲੈਨੂਗੋ ਲੈਤਿਨ ਭਾਸ਼ਾ ਦਾ ਲਫਜ਼ ਹੈ।ਇਸ ਦਾ ਮਤਲਬ ਹੈ ‘ਉੱਨ’।ਲੈਨੂਗੋ ਵਾਲ ਉੱਨ ਵਾਂਗ ਨਰਮ ਹੁੰਦੇ ਹਨ ਅਤੇ ਇਨ੍ਹਾਂ ਦਾ ਕੋਈ ਰੰਗ ਨਹੀਂ ਹੁੰਦਾ। ਇਹ ਵਾਲ 33-36 ਹਫਤਿਆਂ ਦੇ ਗਰਭ ਸਮੇਂ ਉਤੇ ਝੜ ਜਾਂਦੇ ਹਨ।

ਗਰਭ ਸਮੇਂ ਦੇ 36-40 ਹਫਤੇ ਤੇ ਲੈਨੂਗੋ ਵਾਲ ਝੜਣ ਤੋਂ ਬਾਦ ਮਨੁਖੀ ਸਰੀਰ ਕੇਸਹੀਨ ਨਹੀਂ ਹੋ ਜਾਂਦਾ ਸਗੋਂ ਹੋਰ ਨਵੇਂ ਵਾਲ ਆ ਜਾਂਦੇ ਹਨ ਅਤੇ ਲੈਨੂਗੋ ਵਾਲਾਂ ਦੀ ਜਗ੍ਹਾ ਲੈ ਲੈਂਦੇ ਹਨ।ਇਨ੍ਹਾਂ ਨੂੰ ਵੈਲਸ ਵਾਲ ਕਿਹਾ ਜਾਂਦਾ ਹੈ।ਇਹ ਵਾਲ ਸਾਰੇ ਬਚਪਨ ਦੌਰਾਨ ਰਹਿੰਦੇ ਹਨ।ਇਹ ਵਾਲ ਵੀ ਬਹੁਤ ਮੁਲਾਇਮ ਹੁੰਦੇ ਹਨ।ਇਨ੍ਹਾਂ ਵਾਲਾਂ ਦੇ ਵਿਕਾਸ ਉਤੇ ਹਾਰਮੋਨਾਂ ਦਾ ਅਸਰ ਨਹੀਂ ਹੁੰਦਾ।ਇਹ ਵਾਲ ਲੱਤਾਂ ਬਾਹਵਾਂ ਅਤੇ ਚਿਹਰੇ ਉਤੇ ਹੁੰਦੇ ਹਨ।ਇਨ੍ਹਾਂ ਵਾਲਾਂ ਦੀਆਂ ਜੜ੍ਹਾਂ ਦੇ ਨਾਲ ਤੇਲ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ।ਇਨ੍ਹਾਂ ਵਾਲਾਂ ਦੀ ਲੰਬਾਈ ਆਮਤੌਰ ਤੇ 2 ਮਿ.ਮਿ. ਤਕ ਹੁੰਦੀ ਹੈ।ਚਮੜੀ ਦੇ ਹਰ ਖੇਤਰ ਵਿਚ ਇਨ੍ਹਾਂ ਦੀਆਂ ਜੜ੍ਹਾਂ ਦੀ ਗਿਣਤੀ ਸਥਿਰ ਹੁੰਦੀ ਹੈ।ਚਮੜੀ ਉਤੇ ਇਹ ਵਾਲ ਇਕੱਲੇ ਜਾਂ 2-4 ਸੈਂ.ਮੀ. ਦੇ ਟੁਕੜਿਆਂ ਵਿਚ ਹੁੰਦੇ ਹਨ।

ਕਿਸ਼ੋਰ ਉਮਰ ਵਿਚ ਹਾਰਮੋਨ ਬਨਣੇ ਸ਼ੁਰੂ ਹੋ ਜਾਂਦੇ ਹਨ ਅਤੇ ਵੈਲਸ ਵਾਲ ਅੰਤਲੇ ਵਾਲਾਂ (Terminal) ਵਿਚ ਤਬਦੀਲ ਹੋ ਜਾਂਦੇ ਹਨ।ਕੁਦਰਤ ਨੇ ਹੀ ਇਹ ਯੋਜਨਾ ਬਣਾਈ ਹੈ ਕਿ ਮਨੁਖੀ ਸਰੀਰ ਨੂੰ ਕਿੰਨੇ ਲੰਬੇ ਅਤੇ ਕਿੰਨੀ ਗਿਣਤੀ ਵਿਚ ਕੇਸ ਪ੍ਰਦਾਨ ਕਰਣੇ ਹਨ ਅਤੇ ਕੇਸਾਂ ਦੀ ਘਾੜਤ,ਬੁਣਤੀ ਅਤੇ ਰੰਗ ਵੀ ਕੁਦਰਤ ਨੇ ਹੀ ਨਿਰਧਾਰਤ ਕੀਤਾ ਹੈ।ਇਹ ਵੀ ਉਸ ਦਾ ਹੀ ਫੈਸਲਾ ਹੈ ਕਿ ਕਿਸ ਅੰਗ ਉਤੇ ਕਿੰਨੇ ਲੰਬੇ ਅਤੇ ਘਣੇ ਕੇਸ ਦੇਣੇ ਹਨ ਅਤੇ ਕਿਸ ਅੰਗ ਉਤੇ ਕੇਸ ਨਹੀਂ ਦੇਣੇ।ਇਸ ਦੇ ਨਾਲ ਨਾਲ ਇਹ ਵੀ ਫੈਸਲਾ ਕੁਦਰਤ ਦਾ ਹੀ ਹੈ ਕਿ ਕੇਸ ਕਿਸ ਅੰਗ ਉੇਤੇ ਕਿਸ ਉਮਰ ਵਿਚ ਦੇਣੇ ਹਨ ਅਤੇ ਕਿਸ ਲਿੰਗ ਨੂੰ ਕਿੱਥੇ ਕਿੱਥੇ ਦੇਣੇ ਹਨ।ਨਰ ਅਤੇ ਮਾਦਾ ਨੂੰ ਵੱਖ ਵੱਖ ਕਿਸਮਾਂ ਦੇ ਕੇਸ ਦਿੱਤੇ ਹਨ।ਕਹਿਣ ਦਾ ਭਾਵ ਇਹ ਹੈ ਕੇਸਾਂ ਦਾ ਵਿਕਾਸ ਯੋਜਨਾਬੱਧ ਹੋਣ ਦੇ ਨਾਲ ਨਾਲ ਕ੍ਰਮਬੱਧ ਵੀ ਹੈ।ਕੇਸਾਂ ਦੀ ਉਪਜ ਐਂਵੇਂ ਬਿਨਾ ਤਰਤੀਬ ਦੇ ਨਹੀਂ ਹੋਈ।

ਕਿਸ਼ੋਰ ਉਮਰ ਉਤੇ ਐਂਡਰੋਜਨ ਹਾਰਮੋਨ ਬਨਣ ਲਗ ਜਾਂਦੇ ਹਨ।ਦੋਵੇਂ ਲਿੰਗਾਂ ਵਿਚ ਕੇਸਾਂ ਦੀ ਤਰਤੀਬ ਕ੍ਰਮਬੱਧ ਕਰਣ ਵਿਚ ਐਂਡਰੋਜਨ ਹਾਰਮੋਨ ਯੋਗਦਾਨ ਪਾਂਦੇ ਹਨ।ਇਹ ਹਾਰਮੋਨ ਆਦਮੀਆਂ ਵਿਚ ਜ਼ਿਆਦਾ ਮਾਤਰਾ ਵਿਚ ਬਣਦੇ ਹਨ।ਆਦਮੀਆਂ ਵਿਚ ਐਂਡਰੋਜਨ ਗ੍ਰਹਿਣਸ਼ੀਲ ਸਥਾਨ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।ਇਸ ਲਈ ਆਮ ਭਾਸ਼ਾ ਵਿਚ ਇਨ੍ਹਾਂ ਹਾਰਮੋਨਾਂ ਨੂੰ ਨਰ ਹਾਰਮੋਨ ਕਹਿ ਦਿੱਤਾ ਜਾਂਦਾ ਹੈ,ਪਰ ਇਹ ਹਾਰਮੋਨ ਦੋਵੇਂ ਲਿੰਗਾਂ ਵਿਚ ਹੀ ਮੌਜੂਦ ਹਨ।

ਚਿਹਰੇ,ਕੱਛਾਂ,ਪੇਡੂ ,ਪੇਟ,ਪਿੱਠ ਅਤੇ ਛਾਤੀ ਉਤੇ ਵਾਲਾਂ ਦਾ ਵਿਕਾਸ ਐਂਡਰੋਜਨ ਹਾਰਮੋਨਾਂ (ਨਰ ਹਾਰਮੋਨ) ਉਤੇ ਨਿਰਭਰ ਕਰਦਾ ਹੈ। ਚਿਹਰੇ ਅਤੇ ਛਾਤੀ ਦੇ ਵਾਲਾਂ ਦੇ ਵਿਕਾਸ ਲਈ ਐਂਡਰੋਜਨ ਹਾਰਮੋਨ ਦੀ ਮਾਤਰਾ ਵਧੇਰੇ ਚਾਹੀਦੀ ਹੈ,ਜਦੋਂ ਕਿ ਪੇਡੂ ਅਤੇ ਕੱਛਾਂ ਦੇ ਵਾਲਾਂ ਲਈ ਬਹੁਤ ਘੱਟ ਮਾਤਰਾ ਹੀ ਕਾਫੀ ਹੋ ਜਾਂਦੀ ਹੈ।ਆਦਮੀਆਂ ਵਿਚ ਇਹ ਹਾਰਮੋਨ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ,ਇਸ ਲਈ ਇਨ੍ਹਾਂ ਥਾਵਾਂ ਉਤੇ ਵਾਲ ਆਦਮੀਆਂ ਵਿਚ ਜ਼ਿਆਦਾ ਹੁੰਦੇ ਹਨ।

ਬੁਲ੍ਹਾਂ,ਕੰਨਾਂ ਦੇ ਪਿੱਛੇ,ਹੱਥਾਂ ਪੈਰਾਂ ਦੀਆਂ ਤਲੀਆਂ,ਧੁੰਨੀ ਅਤੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੱਡ ਕੇ ਵਾਲ ਸਾਰੇ ਸਰੀਰ ਉਤੇ ਹੁੰਦੇ ਹਨ। ਸਮੁਚੇ ਸਰੀਰ ਉਤੇ ਵਾਲਾਂ (body hair) ਦਾ ਵਿਕਾਸ ਇਕ ਨਿਰਧਾਰਤ ਕ੍ਰਮ ਅਨੁਸਾਰ ਹੁੰਦਾ ਹੈ। ਸਰੀਰ ਦੇ ਵਾਲਾਂ ਦਾ ਵਿਕਾਸ ਵੀ ਸਿਰ ਦੇ ਵਾਲਾਂ ਵਾਂਗ ਪੜਾਵਾਂ ਵਿਚ ਹੀ ਹੁੰਦਾ ਹੈ,ਪਰ ਕੁਝ ਅੰਤਰ ਹਨ।

ਸਰੀਰ ਦੇ ਵਾਲਾਂ ਦਾ ਪਹਿਲਾ ਵੱਧਣ ਦਾ ਪੜਾਅ ਕੁਝ ਮਹੀਨਿਆਂ ਲਈ ਹੀ ਹੁੰਦਾ ਹੈ ਜਦੋਂ ਕਿ ਸਿਰ ਦੇ ਵਾਲਾਂ ਦਾ ਇਹ ਪੜਾਅ ਕੁਝ ਸਾਲਾਂ ਦਾ ਹੁੰਦਾ ਹੈ।ਇਸੇ ਕਰਕੇ ਸਰੀਰ ਉਤੇ ਕੇਸ ਬਹੁਤ ਲੰਬੇ ਨਹੀਂ ਹੁੰਦੇ।ਇਸ ਦੇ ਉਲਟ ਸਰੀਰ ਦੇ ਵਾਲਾਂ ਦਾ ਅਰਾਮ ਦਾ ਪੜਾਅ ਲਗਪਗ ਇਕ ਸਾਲ ਦਾ ਹੁੰਦਾ ਹੈ ਜਦੋਂ ਕਿ ਸਿਰ ਦੇ ਵਾਲਾਂ ਦਾ ਇਹ ਪੜਾਅ ਕੁਝ ਮਹੀਨਿਆਂ ਦਾ ਹੀ ਹੁੰਦਾ ਹੈ।ਕੇਸਾਂ ਦੇ ਵਿਕਾਸ ਦੀ ਚਾਲ ਵੀ ਪ੍ਰਭੂ ਦੇ ਹੁਕਮ ਅਤੇ ਮਰਿਆਦਾ ਅੰਦਰ ਹੀ ਹੈ।ਕੋਈ ਵੀ ਵਿਅਕਤੀ ਇਸ ਨਿਯਮ ਨੂੰ ਬਦਲ ਨਹੀਂ ਸਕਦਾ।ਪਰਮਾਤਮਾ ਨੇ ਇਹ ਨਿਯਮ ਬਣਾਏ ਹਨ ਤਾਂ ਕਿ ਮਨੁਖ ਦੇ ਸਰੀਰ ਉਤੇ ਵਾਲ ਬਹੁਤ ਲੰਬਾਈ ਤਕ ਨਾ ਵੱਧਣ।ਵਿਕਾਸ ਚੱਕਰ ਵਿਚ ਫਰਕ ਹੋਣ ਕਰਕੇ ਹੀ ਸਰੀਰ ਦੇ ਵਾਲਾਂ ਦੀ ਲੰਬਾਈ ਸਿਰ ਦੇ ਵਾਲਾਂ ਦੀ ਲੰਬਾਈ ਨਾਲੋਂ ਘੱਟ ਹੁੰਦੀ ਹੈ।ਆਦਮੀਆਂ ਅਤੇ ਔਰਤਾਂ ਵਿਚ ਸਰੀਰ ਦੇ ਵਾਲਾਂ ਦੇ ਵਿਕਾਸ ਚੱਕਰ ਦੀ ਮਿਆਦ ਦਾ ਫਰਕ ਹੁੰਦਾ ਹੈ।ਆਦਮੀਆਂ ਵਿਚ ਵਿਕਾਸ ਜ਼ਿਆਦਾ ਹੁੰਦਾ ਹੈ।ਆਦਮੀਆਂ ਦੇ ਸਰੀਰ ਉਤੇ ਔਰਤਾਂ ਨਾਲੋਂ ਮੁਕਾਬਲਤਨ ਵਾਲ ਗਿਣਤੀ ਵਿਚ ਵੀ ਜ਼ਿਆਦਾ ਹੁੰਦੇ ਹਨ।

ਭਿੰਨ ਭਿੰਨ ਅੰਗ ਹਾਰਮੋਨਾਂ ਖਾਸ ਕਰਕੇ ਟੈਸਟੋਸਟੀਰੋਨਾਂ ਨਾਲ ਭਿੰਨ ਭਿੰਨ ਦਰਜੇ ਤਕ ਉਤੇਜਿਤ ਹੁੰਦੇ ਹਨ।ਇਨ੍ਹਾਂ ਵਾਲਾਂ ਦਾ ਵਿਕਾਸ ਹਾਰਮੋਨਾਂ ਦੀ ਮਾਤਰਾ ਉਤੇ ਅਧਾਰਿਤ ਹੈ।ਪੇਡੂ ਅਤੇ ਕੱਛਾਂ ਦੀ ਚਮੜੀ ਖਾਸ ਤੌਰ ਤੇ ਇਨ੍ਹਾਂ ਹਾਰਮੋਨਾਂ ਦਾ ਅਸਰ ਕਬੂਲਦੀ ਹੈ।ਇਸ ਲਈ ਇਥੇ ਅੰਤਲੇ ਵਾਲ ਬਾਕੀ ਅੰਗਾਂ ਨਾਲੋਂ ਜਲਦੀ ਆਣੇ ਸ਼ੁਰੂ ਹੋ ਜਾਂਦੇ ਹਨ।ਇਨ੍ਹਾਂ ਅੰਗਾਂ ਉਤੇ ਵਾਲ ਆਦਮੀਆਂ ਅਤੇ ਔਰਤਾਂ ਦੋਵਾਂ ਵਿਚ ਆਂਦੇ ਹਨ।ਆਦਮੀਆਂ ਵਿਚ ਇਨ੍ਹਾਂ ਅੰਗਾਂ ਤੋਂ ਇਲਾਵਾ ਲੱਤਾਂ, ਬਾਹਵਾਂ,ਪੈਰ,ਛਾਤੀ ਅਤੇ ਪੇਟ ਉਤੇ ਵੀ ਵਾਲ ਆ ਜਾਂਦੇ ਹਨ।ਹਾਰਮੋਨਾਂ ਦਾ ਨਰ ਅਤੇ ਮਾਦਾ ਵਿਚ ਅੰਤਰ ਅਨੁਵੰਸ਼ਕ ਬਣਤਰ ਵਿਚ ਭਿੰਨਤਾ ਕਾਰਨ ਹੈ।ਅਨੁਵੰਸ਼ਕ ਬਣਤਰ ਕੁਦਰਤੀ ਹੀ ਹੁੰਦੀ ਹੈ,ਆਪ ਨਹੀਂ ਬਣਾਈ ਜਾ ਸਕਦੀ।

ਸਰੀਰ ਦੇ ਵਾਲਾਂ ਦੀ ਲੰਬਾਈ ਅਤੇ ਮੁਟਾਈ ਸਰੀਰ ਦੇ ਹਰ ਅੰਗ ਉੇਤੇ ਅਪਣੀ ਅਨੂਠੀ ਹੁੰਦੀ ਹੈ। ਹੱਥਾਂ ਅਤੇ ਪੈਰਾਂ ਦੇ ਪੁਠੇ ਪਾਸੇ ਉਤੇ ਵਾਲ ਸਰੀਰ ਦੇ ਹੋਰ ਭਾਗਾਂ ਦੇ ਵਾਲਾਂ ਨਾਲੋਂ ਛੋਟੇ ਹੁੰਦੇ ਹਨ।ਇਹ ਫਰਕ ਸਰੀਰ ਦੇ ਭਿੰਨ ਭਿੰਨ ਭਾਗਾਂ ਉਤੇ ਹਾਰਮੋਨਾਂ ਦਾ ਭਿੰਨ ਭਿੰਨ ਅਸਰ ਅਤੇ ਵਾਲਾਂ ਦੇ ਵਿਕਾਸ ਚੱਕਰ ਦੇ ਸਮੇਂ ਦੀ ਮਿਆਦ ਭਿੰਨ ਭਿੰਨ ਹੋਣ ਕਰਕੇ ਹੈ।

ਪੇਡੂ ਦੇ ਵਾਲਾਂ ਦਾ ਵੀ ਅਪਣਾ ਕ੍ਰਮ ਹੈ।ਬਚਪਨ ਵਿਚ ਪੇਡੂ ਉਤੇ ਵਾਲ ਨਰਮ ਹੁੰਦੇ ਹਨ।ਇਨ੍ਹਾਂ ਨੂੰ ਵੈਲਸ ਵਾਲ ਕਿਹਾ ਜਾਂਦਾ ਹੈ।ਕਿਸ਼ੋਰਾਵਸਥਾ ਉਤੇ ਹਾਰਮੋਨਾਂ ਦੇ ਅਸਰ ਨਾਲ ਵਾਲ ਭਾਰੇ,ਮੋਟੇ ਅਤੇ ਖੁਰਦਰੇ ਹੋ ਜਾਂਦੇੇ ਹਨ।ਇਹ ਵਾਲ ਬਣਤਰ ਵਿਚ ਪ੍ਰੌੜ ਅੰਤਲੇ ਵਾਲ (Terminal) ਹੁੰਦੇ ਹਨ।

ਆਦਮੀ ਅਤੇ ਔਰਤਾਂ ਦੋਵਾਂ ਦੇ ਚਿਹਰੇ ਉਤੇ ਕਿਸ਼ੋਰਾਅਵਸਥਾ ਉਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਹਨ।ਨਰ ਵਿਚ ਚਿਹਰੇ ਦੇ ਕੇਸ ਮਾਦਾ ਨਾਲੋਂ ਬਹੁਤ ਜ਼ਿਆਦਾ ਹੁੰਦੇ ਹਨ ਕਿਉਂਕਿ ਨਰ ਵਿਚ ਇਹ ਹਾਰਮੋਨ ਬਹੁਤ ਜ਼ਿਆਦਾ ਮਾਤਰਾ ਵਿਚ ਬਣਦੇ ਹਨ।ਔਰਤਾਂ ਵਿਚ ਚਿਹਰੇ ਦੇ ਵਾਲ ਬਹੁਤ ਘੱਟ,ਫਿਕੇ ਅਤੇ ਪਤਲੇ ਹੁੰਦੇ ਹਨ।ਕਈਆਂ ਵਿਚ ਇਹ ਵਾਲ ਬਹੁਤ ਜ਼ਿਆਦਾ ਵੀ ਹੋ ਜਾਂਦੇ ਹਨ।

ਕਿਸ਼ੋਰਾਵਸਥਾ ਉਤੇ ਪਹੁੰਚਣ ਦੇ ਸਮੇਂ ਮੁੰਡਿਆਂ ਵਿਚ ਟੈਸਟੋਸਟੀਰੋਨ ਹਾਰਮੋਨ ਦੀ ਮਾਤਰਾ ਇਕਦਮ ਵੱਧਦੀ ਹੈ।ਇਸ ਨਾਲ ਸਰੀਰ ਉਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਹਨ।ਕੱਛਾਂ,ਪੇਡੂ,ਬਾਹਵਾਂ ਲੱਤਾਂ,ਛਾਤੀ ਅਤੇ ਚਿਹਰੇ ਉਤੇ ਵਾਲ ਆ ਜਾਂਦੇ ਹਨ।ਪਹਿਲਾਂ ਆਏ ਹੋਏ ਵਾਲ ਮੋਟੇੇ ਅਤੇ ਗੂੜ੍ਹੇ ਹੋ ਜਾਂਦੇ ਹਨ।ਪੇਡੂ ਉਤੇ ਵਾਲ ਆਣ ਤੋਂ ਲਗਪਗ 2 ਸਾਲ ਬਾਦ ਚਿਹਰੇ ਉਤੇ ਵਾਲ ਆਂਦੇ ਹਨ। ਇਹ ਸਿਰਫ ਮਨੁਖ ਹੀ ਹੈ,ਜਿਸ ਚਿਹਰੇ ਦੇ ਵਾਲ ਬਾਕੀ ਸਾਰੇ ਜਾਨਵਰਾਂ ਨਾਲੋਂ ਲੰਬੇ ਹਨ।ਮੁੰਡਿਆਂ ਵਿਚ 13 ਸਾਲ ਦੀ ਉਮਰ ਤੇ ਚਿਹਰੇ ਉਤੇ ਮੁਛਾਂ ਦੇ ਰੂਪ ਵਿਚ ਵਾਲ ਆਣੇ ਸ਼ੁਰੂ ਹੋ ਜਾਂਦੇ ਹਨ।ਹੌਲੀ ਹੌਲੀ ਦਾੜ੍ਹੀ ਦੇ ਵਾਲ ਵੀ ਆ ਜਾਂਦੇ ਹਨ।ਲਗਪਗ 20 ਸਾਲ ਦੀ ਉਮਰ ਤਕ ਸਾਰੇ ਵਾਲ ਆ ਜਾਂਦੇ ਹਨ।ਆਦਮੀਆਂ ਦੇ ਚਿਹਰੇ ਦੇ ਵਾਲ ਉਨ੍ਹਾਂ ਦੀ ਲਿੰਗਕ ਪਰਪੱਕਤਾ ਦੀ ਸਹਾਇਕ ਪਹਿਚਾਣ ਹਨ।ਕੁਦਰਤੀ ਵਿਕਾਸ ਦੌਰਾਨ ਮੁੰਡਿਆਂ ਦੇ ਚਿਹਰੇ ਦੇ ਵਾਲਾਂ ਦੇ ਆਣ ਦੀ ਤਰਤੀਬ ਇਸ ਪ੍ਰਕਾਰ ਹੈ –

  • 1. 11-15 ਸਾਲ ਦੀ ਉਮਰ ਉਤੇ ਉਪਰਲੇ ਬੁਲ੍ਹ ਦੇ ਕੋਨਿਆਂ ਉਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਹਨ।
  • 2. 16-17 ਸਾਲ ਦੀ ਉਮਰ ਉਤੇ ਫੈਲ ਕੇ ਵਾਲ ਸਾਰੇ ਬੁਲ੍ਹ ਉਤੇ ਆ ਜਾਂਦੇ ਹਨ।
  • 3. 18 ਸਾਲ ਦੀ ਉਮਰ ਤਕ ਗਲ੍ਹਾਂ ਦੇ ਉਪਰਲੇ ਹਿੱਸੇ ਅਤੇ ਹੇਠਲੇ ਬੁਲ੍ਹ ਉਤੇ ਵਾਲ ਆ ਜਾਂਦੇ ਹਨ।
  • 4. 21 ਸਾਲ ਦੀ ਉਮਰ ਤਕ ਗਲ੍ਹਾਂ ਦੇ ਹੇਠਲੇ ਭਾਗ ਅਤੇ ਠੋਡੀ ਉਤੇ ਵੀ ਵਾਲ ਆ ਜਾਂਦੇ ਹਨ।

 

ਕਈਆਂ ਵਿਚ ਵਾਤਾਵਰਣਕ ਜਾਂ ਅਸਧਾਰਨ ਅਨੁਵੰਸ਼ਕ ਕਾਰਨਾਂ ਕਰਕੇ ਇਸ ਤਰਤੀਬ ਨਾਲੋਂ ਕੁਝ ਵਖਰੇਵਾਂ ਵੀ ਹੋ ਸਕਦਾ ਹੈ ਪਰ ਹਰ ਸੁਭਾਵਕ ਨਰ ਵਿਚ ਚਿਹਰੇ ਦੇ ਵਾਲ ਆਂਦੇ ਹੀ ਹਨ।ਜੇ ਕਿਸੇ ਵਿਚ ਨਹੀਂ ਆਂਦੇ ਤਾਂ ਇਸ ਨੂੰ ਸੁਭਾਵਕ ਪ੍ਰਵਾਨ ਨਹੀਂ ਕੀਤਾ ਜਾਂਦਾ।ਕਾਰਨ ਘੋਖਣ ਦਾ ਯਤਨ ਕੀਤਾ ਜਾਂਦਾ ਹੈ।ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਚਿਹਰੇ ਦੇ ਵਾਲ ਆਦਮੀਆਂ ਦੀ ਖਾਸ ਪਹਿਚਾਣ ਹਨ।ਇਹ ਤਾਂ ਪ੍ਰਮਾਤਮਾ ਕੋਲੋਂ ਮਿਲਿਆ ਇਕ ਤੋਹਫਾ ਹੈ। ਬਹੁਤਿਆਂ ਵਿਚ ਔਸਤਨ ਉਪਰੋਕਤ ਤਰਤੀਬ ਅਨੁਸਾਰ ਹੀ ਵਾਲ ਆਂਦੇ ਹਨ।ਔਰਤਾਂ ਵਿਚ ਚਿਹਰੇ ਦੇ ਵਾਲ ਬਹੁਤ ਘੱਟ,ਫਿਕੇ ਅਤੇ ਪਤਲੇ ਹੁੰਦੇ ਹਨ।ਸਿਰਫ ਅੱਖਾਂ ਦੀਆਂ ਪੁਤਲੀਆਂ ਅਤੇ ਭਰਵੱਟਿਆਂ ਉਤੇ ਹੀ ਮੋਟੇ ਕਾਲੇ ਵਾਲ ਹੁੰਦੇ ਹਨ।

ਸੁਹਣੇ ਵਾਲ ਮਨੁਖ ਦੀ ਸਮੱਚੀ ਚੰਗੀ ਸਿਹਤ ਦੀ ਨਿਸ਼ਾਨੀ ਹਨ ਪਰ ਦਾੜ੍ਹੀ ਦੇ ਵਾਲ ਮਰਦਾਨੀ ਸ਼ਕਤੀ ਦਾ ਪ੍ਰਤੀਕ ਹਨ।ਭਰਵੀਂ ਦਾੜੀ੍ਹ ਨਰ ਦੀ ਸੁੰਦਰਤਾ ਦੀ ਨਿਸ਼ਾਨੀ ਮੰਨੀ ਗਈ ਹੈ।ਮਨੋਵਿਗਿਆਨੀ ਰੌਬਰਟ ਜੇ, ਪੈਲੇਗਰੀਨੀ (Robert J. Pellegrini) ਨੇ ਦਾੜ੍ਹੀ ਦਾੇ ਆਦਮੀਆਂ ਦੀ ਸਖਸ਼ੀਅਤ ਉਤੇ ਪ੍ਰਭਾਵ ਪ੍ਰਤੀ ਖੋਜ ਕੀਤੀ ਹੈ (IMPRESSIONS OF THE MALE PERSONALITY AS A FUNCTION OF BEARDEDNESS) ।ਇਸ ਖੋਜ ਵਿਚ ਉਸ ਨੇ ਦਾੜ੍ਹੀ ਸਮੇਤ ਅਤੇ ਦਾੜੀ ਸਾਫ ਕਰਵਾਣ ਤੋਂ ਬਾਦ ਆਦਮੀਆਂ ਦੀ ਸ਼ਖਸੀਅਤ ਦਾ ਵਿਸ਼ਲੇਸ਼ਨ ਕੀਤਾ।ਵਿਸ਼ਲੇਸ਼ਨ ਕਰਨ ਲਈ ਉਸ ਨੇ ਬਹੁਤ ਲੋਕਾਂ ਦੇ ਵਿਚਾਰਾਂ ਦਾ ਅਧਿਐਨ ਕੀਤਾ।ਅਪਨੀ ਖੋਜ ਦੇ ਨਤੀਜੇ ਉਸ ਨੇ ਲਿਖੇ ਹਨ।ਇਹ ਨਤੀਜੇ ਜਾਣ ਕੇ ਤਾਂ ਦਾੜ੍ਹੀ ਦੀ ਮਹੱਤਤਾ ਹੋਰ ਵੀ ਨਿੱਘੜ ਕੇ ਉਜਾਗਰ ਹੁੰਦੀ ਹੈ।ਉਹ ਲਿਖਦਾ ਹੈ ਕਿ ਆਦਮੀ ਦੀ ਦਾੜ੍ਹੀ ਇਸ ਗਲ ਦਾ ਪ੍ਰਤੀਕ ਹੈ ਕਿ ਦਾੜ੍ਹੀ ਵਾਲਾ ਵਿਅਕਤੀ ਤਾਕਤਵਰ,ਤਿਆਰ ਬਰ ਤਿਆਰ,ਸਭ ਤਰ੍ਹਾਂ ਦੇ ਬਹਾਦਰੀ ਵਾਲੇ ਕੰਮ ਕਰਨ ਦਾ ਇੱਛਕ ਅਤੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਸਫਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹੈ।ਉਹ ਇਹ ਵੀ ਲਿਖਦਾ ਹੈ ਕਿ ਵਾਲ ਕੱਟ ਕੇ ਸਾਫ ਕੀਤੇ ਹਰ ਚਿਹਰੇ ਦੇ ਪਿੱਛੇ ਵਾਲ ਵਾਪਸ ਉਗ ਆਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ।ਇਸ ਦਾ ਮਤਲਬ ਇਹ ਹੈ ਕਿ ਦਾੜ੍ਹੀ ਵਧਾਣ ਦੀ ਮਾਨਸਿਕਤਾ ਹਰ ਵਿਅਕਤੀ ਦੀ ਸਖਸ਼ੀਅਤ ਵਿਚ ਸੂਖਮ ਰੂਪ ਵਿਚ ਛੁਪੀ ਹੋਈ ਹੈ,ਜੋ ਹਰ ਵਕਤ ਪ੍ਰਗਟ ਹੋਣ ਦੀ ਚੇਸ਼ਟਾ ਵਿਚ ਹੈ।ਵਾਲ ਕੱਟਣ ਪਿੱਛੇ ਕੋਈ ਨਾ ਕੋਈ ਮਾਨਸਿਕ ਕਮਜ਼ੋਰੀ ਅਤੇ ਹੀਣ ਭਾਵਨਾ ਛੁਪੀ ਹੋਈ ਹੈ।ਪੈਲਗਰੀਨੀ ਅਪਣੀ ਖੋਜ ਵਿਚ ਇਹ ਵੀ ਲਿਖਦਾ ਹੈ ਕਿ ਦਾੜ੍ਹੀ ਵਾਲਾ ਵਿਅਕਤੀ ਇਕ ਅਜ਼ਾਦ ਮਾਨਸਿਕਤਾ ਵਾਲਾ ਵਿਅਕਤੀ ਹੁੰਦਾ ਹੈ।ਭਾਈ ਵੀਰ ਸਿੰਘ ਜੀ ਪੰਜਾਬੀ ਦੇ ਇਕ ਉਚ ਕੋਟੀ ਦੇ ਦਾਰਸ਼ਨਿਕ ਹੋਏ ਹਨ।ਪ੍ਰੋਫੈਸਰ ਪੂਰਨ ਸਿੰਘ ਜੀ ਵੀ ਸਿੱਖ ਜਗਤ ਵਿਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ।ਜਦੋਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਗਲਤ ਧਾਰਨਾ ਹੇਠ ਕੇਸ ਕਟਾ ਲਏ ਤਾਂ ਭਾਈ ਵੀਰ ਸਿੰਘ ਜੀ ਉਨ੍ਹਾਂ ਨੂੰ ਸਮਝਾਂਦੇ ਹੋਏ ਇਕ ਪਤਰ ਲਿਖਿਆ ਜਿਸ ਵਿਚ ਉਨ੍ਹਾਂ ਨੇ ਪ੍ਰੋਫੈਸਰ ਸਾਹਿਬ ਨੂੰ ਕੇਸਾਂ ਦੀ ਮਹੱਤਤਾ ਬਾਰੇ ਸਮਝਾਇਆ। ਆਪ ਨੇ ਲਿਖਿਆ,ਕਿ ਮਨੁਖ ਜਦੋਂ ਅਪਨੇ ਅਸੂਲ ਤਿਆਗ ਕੇ ਦੂਜਿਆਂ ਦੇ ਪ੍ਰਭਾਵ ਨੂੰ ਕਬੂਲਦਾ ਹੈ ਤਾਂ ਇਸ ਤੋਂ ਉਸ ਦੀ ਗੁਲਾਮੀ ਦੀ ਪ੍ਰਵਿਰਤੀ ਜ਼ਾਹਰ ਹੁੰਦੀ ਹੈ।ਅੰਗਰੇਜ਼ਾਂ ਨੇ ਭਾਰਤ ਉਤੇ ਸਦੀਆਂ ਤਕ ਰਾਜ ਕੀਤਾ ਪਰ ਉਨ੍ਹਾਂ ਨੇ ਭਾਰਤ ਦੇ ਰਸਮਾਂ ਰਿਵਾਜਾਂ ਅਤੇ ਪੁਸ਼ਾਕ ਨੂੰ ਧਾਰਨ ਨਹੀਂ ਕੀਤਾ।ਮੁਗਲਾਂ ਨੇ ਵੀ ਰਾਜ ਕੀਤਾ ਪਰ ਅਪਨੀ ਪੁਸ਼ਾਕ ਕਾਇਮ ਰਖੀ ਕਿਉਂਕਿ ਉਹ ਅਪਨੇ ਆਪ ਨੂੰ ਰਾਜੇ ਮੰਨਦੇ ਸਨ,ਇਸ ਲਈ ਉਨ੍ਹਾਂ ਨੇ ਅਪਨੀ ਪਛਾਣ ਖਤਮ ਨਹੀਂ ਹੋਣ ਦਿੱਤੀ।ਸਦੀਆਂ ਤਕ ਗੁਲਾਮ ਰਹਿਣ ਕਰਕੇ ਭਾਰਤੀਆਂ ਦੀ ਬਿਰਤੀ ਗੁਲਾਮਾਂ ਵਰਗੀ ਹੋ ਗਈ ਸੀ।ਜਦੋਂ ਪਠਾਨਾਂ ਨੇ ਰਾਜ ਕੀਤਾ ਤਾਂ ਭਾਰਤੀਆਂ ਨੇ ਪਠਾਨੀ ਪੁਸ਼ਾਕ ਪਹਿਣ ਲਈ।ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਅੰਗਰੇਜ਼ੀ ਪੁਸ਼ਾਕ ਪਹਿਣ ਲਈ।ਇਸ ਨਾਲ ਭਾਰਤੀਆਂ ਵਿਚ ਅਪਨੀਆਂ ਰਵਾਇਤਾਂ ਪ੍ਰਤੀ ਹੀਣ ਭਾਵਨਾ ਪੈਦਾ ਹੋ ਗਈ।ਹੀਣ ਭਾਵਨਾ ਮਨੁਖ ਨੂੰ ਮਾਨਸਿਕ,ਸਰੀਰਕ,ਸਮਾਜਿਕ ਅਤੇ ਆਤਮਕ ਤੌਰ ਤੇ ਕਮਜ਼ੋਰ ਕਰਦੀ ਹੈ।“ਇਹ ਜ਼ਾਹਰ ਹੈ ਕਿ ਕੇਸਾਂ ਦਾ ਮਾਨਸਿਕਤਾ ਨਾਲ ਗੂੜ੍ਹਾ ਸਬੰਧ ਹੈ। ਚਿਹਰੇ ਦਾ ਵਾਲਾਂ ਦੀ ਬਾਰੇ ਸੋਚਨੀ ਸਮਾਜਕ ਧਾਰਨਾ ਅਤੇ ਸਮਾਜਿਕ ਖੇਤਰਾਂ ਦੀ ਸੋਚਨੀ ਨਾਲ ਸਬੰਧਤ ਹੈ।ਜਿਉਂ ਜਿਉਂ ਫੈਸ਼ਨ ਦਾ ਪ੍ਰਭਾਵ ਵੱਧ ਰਿਹਾ ਹੈ, ਵਾਲਾਂ ਪ੍ਰਤੀ ਮਾਨਸਿਕਤਾ ਵੀ ਪ੍ਰਤੀਕੂਲ ਹੋ ਰਹੀ ਹੈ।ਚਿਹਰੇ ਦੇ ਵਾਲ ਸਰੀਰ ਦਾ ਇਕ ਅਜਿਹਾ ਅੰਗ ਹਨ,ਜਿਸ ਦਾ ਦਿੱਖ ਨਾਲ ਡੂੰਘਾ ਸਬੰਧ ਹੈ।ਇਸ ਲਈ ਇਸ ਨਾਲ ਛੇੜ ਛਾੜ ਵੀ ਬਹੁਤ ਹੁੰਦੀ ਹੈ।ਦਾੜੀ ਦੇ ਵਾਲਾਂ ਦਾ ਮਹੱਤਵ ਅਨੁਵੰਸ਼ਕ ਅਤੇ ਹਾਰਮੋਨ ਅਧਾਰਤ ਹੋਣ ਦੇ ਨਾਲ ਨਾਲ ਸਮਾਜ ਅਧਾਰਤ ਵੀ ਹੈ।

ਦਾੜ੍ਹੀ ਦਾ ਮਤਲਬ ਹੈ ਲਿੰਗਕ ਅਤੇ ਸਰੀਰਕ ਪ੍ਰੋੜਤਾ।ਦਾੜੀ ਦਾ ਉਗਣਾ ਬਚਪਨ ਖਤਮ ਹੋਣ ਦਾ ਸੰਕੇਤ ਹੈ।ਜਦੋਂ ਕੋਈ ਵੱਡੀ ਉਮਰ ਦਾ ਬੱਚਾ ਕੋਈ ਗਲਤੀ ਕਰੇ ਤਾਂ ਉਸ ਨੂੰ ਚਿਤਾਵਨੀ ਦੇਂਦੇ ਹੋਏ ਕਿਹਾ ਜਾਂਦਾ ਹੈ-ਤੂੰ ਹੁਣ ਬੱਚਾ ਨਹੀਂ,ਤਰੀ ਦਾੜੀ ਆ ਗਈ ਹੈ।ਉਮਰ ਦੇ ਨਾਲ ਦਾੜ੍ਹੀ ਦੇ ਵਾਲ ਚਿੱਟੇ ਹੋਣ ਦਾ ਸਬੰਧ ਮਾਨਸਿਕ ਪ੍ਰੋੜਤਾ,ਤਜਰਬੇ ਅਤੇ ਸਿਆਣਪ ਨਾਲ ਜੋੜਿਆ ਗਿਆ ਹੈ।ਜਦੋਂ ਸਾਡੀ ਗੱਲ ਨੂੰ ਨਹੀਂ ਮੰਨਦਾ ਤਾਂ ਅਕਸਰ ਹੀ ਅਸੀਂ ਇਹ ਕਹਿੰਦੇ ਸੁਣਦੇ ਹਾਂ-ਮੇਰੀ ਦਾੜ੍ਹੀ ਧੁਪ ਨਾਲ ਚਿੱਟੀ ਨਹੀਂ ਹੋਈ।

ਨਰ ਵਿਚ ਐਂਡਰੋਜੈਨਿਕ ਹਾਰਮੋਨ ਜ਼ਿਆਦਾ ਬਣਦੇ ਹਨ। ਐਂਡਰੋਜਨ ਹਾਰਮੋਨਾਂ ਕਰਕੇ ਹੀ ਆਦਮੰੀਆਂ ਦੀਆਂ ਹੱਡੀਆਂ ਅਤੇ ਮਾਸ ਪੇਸ਼ੀਆਂ ਔਰਤਾਂ ਨਾਲੋਂ ਵਧੇਰੇ ਤਾਕਤਵਰ ਹਨ। ਇਨ੍ਹਾਂ ਹੀ ਹਾਰਮੋਨਾਂ ਕਰਕੇ ਦਾੜ੍ਹੀ ਅਤੇ ਮੁਛਾਂ ਵੀ ਹੋਂਦ ਵਿਚ ਆਂਦੀਆਂ ਹਨ।ਕਈ ਲੋਕ ਦਾੜ੍ਹੀ ਨੂੰ ਇਕ ਵਾਧੂ ਦੀ ਬਣੀ ਵਸਤੂ ਹੀ ਸਮਝਦੇ ਹਨ,ਪਰ ਇਸ ਗਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੁਖ ਦੇ ਚਿਹਰੇ ਦੇ ਵਾਲਾਂ ਦੀ ਹੋਂਦ ਕੁਦਰਤ ਦੇ ਅਟੱਲ ਨਿਯਮਾਂ ਵਿਚੋਂ ਹੀ ਇਕ ਹੈ ਅਤੇ ਇਹ ਵਾਲ ਇਕ ਖਾਸ ਤਰਤੀਬ ਨਾਲ ਉਗਦੇ ਹਨ।

ਆਸਟਰੇਲੀਆ ਦੀ University of Southern Queensland ਵਿਚ ਸਾਇੰਸਦਾਨਾਂ ਨੇ ਇਕ ਖੋਜ ਦੌਰਾਨ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।ਡੋਸੀ ਮੀਟਰ ਨਾਲ ਦਾੜੀ ਰਹਿਤ ਅਤੇ ਦਾੜੀ ਸਹਿਤ ਆਦਮੀਆਂ ਵਿਚ ਯੂ.ਵੀ. ਕਿਰਨਾਂ ਮਿਣੀਆਂ ਗਈਆਂ।ਜੋ ਨਤੀਜੇ ਸਾਹਮਨੇ ਆਏ ,ਉਨ੍ਹਾਂ ਤੋਂ ਇਹ ਪਤਾ ਲਗਿਆ ਹੈ ਕਿ ਜਿੰਨੀ ਜ਼ਿਆਦਾ ਲੰਬੀ ਦਾੜੀ ਹੁੰਦੀ ਹੈ ਉਨਾ ਹੀ ਜ਼ਿਆਦਾ ਕੈਂਸਰ ਲਈ ਜ਼ਿਮੇਵਾਰ ਕਿਰਨਾਂ ਤੋਂ ਬਚਾਅ ਹੁੰਦਾ ਹੈ।ਸਾਇੰਸਦਾਨਾਂ ਮੁਤਾਬਕ ਦਾੜ੍ਹੀ ਪ੍ਰਮਾਤਮਾ ਵਲੋਂ ਪੁਰਖਾਂ ਨੂੰ ਮਿਲਿਆ ਹੋਇਆ ਧੁਪ ਬਚਾਊ ਸ਼ੇਡ ਹੈ।ਦਾੜੀ ਦੇ ਵਾਲ 90-95% ਨੁਕਸਾਨਦੇਹ ਯੂ.ਵੀ. ਕਿਰਨਾਂ ਤੋਂ ਬਚਾਅ ਕਰਦੇ ਹਨ ਅਤੇ ਚਮੜੀ ਦੇ ਕੈਂਸਰ ਤੋਂ ਬਚਾਂਦੇ ਹਨ। ਯੂ.ਵੀ. ਕਿਰਨਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ- ਯੂ.ਵੀ.ਏ, ਅਤੇ ਯੂ.ਵੀ.ਬੀ.। ਯੂ.ਵੀ.ਬੀ.ਕਿਰਨਾਂ ਚਮੜੀ ਦਾ ਕੈਂਸਰ ਕਰਦੀਆਂ ਹਨ।ਦਾੜੀ ਦੇ ਵਾਲ ਯੂ.ਵੀ.ਬੀ ਕਿਰਨਾਂ ਤੋਂ ਯੂ.ਵੀ.ਏ ਕਿਰਨਾਂ ਨਾਲੋਂ ਵਧੇਰੇ ਬਚਾਅ ਕਰਦੇ ਹਨ। ੂUniversity of Southern Queensland ਰੇਡੀਏਸ਼ਨ ਵਿਗਿਆਨ ਦੇ ਪ੍ਰੋਫੈਸਰ ਅਤੇ ਇਸ ਖੋਜ ਦੇ ਇੰਚਾਰਜ ਡਾ.ਪਾਰੀਸੀ (Alfio Parisi) ਲਿਖਦੇ ਹਨ ਕਿ ਯੂ.ਵੀ.ਕਿਰਨਾਂ ਤੋਂ ਯੂ.ਪੀ.ਐਫ 21 ਤਕ ਬਚਾਅ ਦਾੜੀ ਰਾਹੀਂ ਸੰਭਵ ਹੈ।ਡਾ.Debra Jaliman, M.D. ਨੇ ਲਿਖਿਆ ਹੈ ਕਿ ਧੁਪ ਨਾਲ ਹੋਈ ਚਮੜੀ ਦੀ ਜਲਣ ਤੋਂ ਵੀ ਦਾੜ੍ਹੀ 50-95% ਤਕ ਬਚਾਅ ਕਰਦੀ ਹੈ।ਦਾੜ੍ਹੀ ਦੇ ਵਾਲ ਘੁੰਗਰਾਲੇ ਹੁੰਦੇ ਹਨ।ਰੋਸ਼ਨੀ ਦੀਆਂ ਕਿਰਨਾਂ ਸਿੱਧੀਆਂ ਹੀ ਜਾਂਦੀਆਂ ਹਨ ਇਸ ਲਈ ਘੂੰਘਰਾਲੇ ਵਾਲਾਂ ਵਿਚੋਂ ਲੰਘਣ ਲਗਿਆਂ ਸੂਰਜ ਦੀਆਂ ਕਿਰਨਾਂ ਖਿੰਡਰ ਪੁੰਡਰ ਜਾਂਦੀਆਂ ਹਨ ਅਤੇ ਚਮੜੀ ਤਕ ਨਹੀਂ ਪਹੁੰਚ ਸਕਦੀਆਂ।ਸੂਰਜ ਦੀਆਂ ਕਿਰਨਾਂ ਸਿੱਧੀਆਂ ਨਹੀਂ ਪੈਂਦੀਆਂ,ਇਸ ਲਈ ਚਿਹਰੇ ਉਤੇ ਝੁਰੜੀਆਂ ਘੱਟ ਪੈਂਦੀਆਂ ਹਨ।ਇਸ ਲਈ ਦਾੜ੍ਹੀ ਵਾਲਾ ਵਿਅਕਤੀ ਸਰੀਰਕ ਤੌਰਤੇ ਸਿਹਤ ਪਖੋਂ ਜ਼ਿਆਦਾ ਦੇਰ ਤਕ ਜਵਾਨ ਰਹਿੰਦਾ ਹੈ।ਵਾਲ ਅਪਨੇ ਵਿਚ ਪਾਣੀ ਜਜ਼ਬ ਕਰ ਕੇ ਰਖਦੇ ਹਨ ਅਤੇ ਠੰਡੀ ਹਵਾ ਤੋਂ ਬਚਾਅ ਕਰਦੇ ਹਨ ।ਇਸ ਨਾਲ ਚਿਹਰੇ ਉਤੇ ਛਾਈਆਂ ਘੱਟ ਪੈਂਦੀਆਂ ਹਨ।ਚਮੜੀ ਸੁਕਦੀ ਵੀ ਜਲਦੀ ਨਹੀਂ ਕਿਉਂਕਿ ਵਾਲਾਂ ਦੀਆਂ ਜੜ੍ਹਾਂ ਦੇ ਨਾਲ ਤੇਲ ਦੀਆਂ ਗ੍ਰੰਥੀਆਂ ਹੁੰਦੀਆਂ ਹਨ।ਵਾਲਾਂ ਦੀਆਂ ਜੜ੍ਹਾਂ ਵਿਚ ਤੇਲ ਦੀਆਂ ਗ੍ਰੰਥੀਆਂ ਕੁਦਰਤੀ ਤੇਲ ਬਣਾਂਦੀਆਂ ਹਨ ਅਤੇ ਵਾਲ ਉਸ ਨੂੰ ਸਮਾ ਕੇ ਰਖਦੇ ਹਨ।ਇਹ ਤੇਲ ਚਮੜੀ ਨੂੰ ਤਰ ਰਖਦਾ ਹੈ।

ਚਿਹਰੇ ਦੇ ਵਾਲ ਨੱਕ ਦੇ ਵਾਲਾਂ ਦੀ ਤਰ੍ਹਾਂ ਫਿਲਟਰ ( ਛਾਨਣੀ ) ਦਾ ਕੰਮ ਕਰਦੇ ਹਨ।ਮੁਛਾਂ ਅਤੇ ਦਾੜ੍ਹੀ ਦੇ ਵਾਲ ਪੋਲਨ ਅਤੇ ਮਿੱਟੀ ਘੱਟੇ ਨੂੰ ਅੰਦਰ ਜਾਣ ਤੋਂ ਰੁਕਾਵਟ ਪਾਂਦੇ ਹਨ।ਇਸ ਨਾਲ ਦਮੇ ਦੇ ਮਰੀਜ਼ਾਂ ਵਿਚ ਬੀਮਾਰੀ ਦੀ ਤੀਬਰਤਾ ਘਟ ਹੋ ਜਾਂਦੀ ਹੈ।ਲੰਡਨ ਦੇ ਡਾ. Dr Rob ਚਿਕਸ ਦਾ ਕਹਿਣਾ ਹੈ ਕਿ ਵਾਲ ਚਿਪਚਿਪੇ ਹੁੰਦੇ ਹਨ,ਇਸ ਲਈ ਪੋਲਨ ਵਾਲਾਂ ਵਿਚ ਚਿਪਕ ਜਾਂਦੇ ਹਨ।ਖੋਜਾਂ ਦੌਰਾਨ ਇਹ ਦੇਖਿਆ ਗਿਆ ਹੈ ਕਿ ਦਾੜ੍ਹੀ ਦੇ ਵਾਲਾਂ ਵਿਚ ਕਈ ਤਰ੍ਹਾਂ ਦੇ ਨੁਕਸਾਨਦਾਇਕ ਬੈਕਟੀਰੀਆ ਫਸ ਜਾਂਦੇ ਹਨ।ਇਹ ਨਹੀਂ ਭੁਲਣਾ ਚਾਹੀਦਾ ਕਿ ਦਾੜ੍ਹੀ ਦੀ ਅਣਹੋਂਦ ਵਿਚ ਇਹ ਬੈਕਟੀਰੀਆ ਬਿਨਾਂ ਰੁਕਾਵਟ ਸਿੱਧੇ ਅੰਦਰ ਚਲੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਦੀਰਘ ਰੋਗਾਂ ਦਾ ਕਾਰਨ ਬਣਦੇ ਹਨ।ਕਈ ਲੋਕ ਅਣਜਾਣੇ ਹੀ ਦਾੜ੍ਹੀ ਦੇ ਵਾਲਾਂ ਨੂੰ ਗੰਦਾ ਕਹਿ ਕੇ ਦਾੜ੍ਹੀ ਨਾਲ ਨਫਰਤ ਕਰਦੇ ਹਨ।ਕੁਦਰਤ ਦਾ ਅਸੂਲ ਹੈ ਕਿ ਕਾਇਨਾਤ ਵਿਚ ਬੀਮਾਰੀ ਦੇ ਕਾਰਨ ਅਤੇ ਉਸ ਦੇ ਇਲਾਜ ਦਾ ਸਰੋਤ ਨੇੜੇ ਨੇੜੇ ਹੀ ਹੁੰਦੇ ਹਨ।ਕੁਦਰਤ ਦੇ ਅਸੂਲ ਮੁਤਾਬਕ ਕਈ ਅਜਿਹੇ ਬੈਕਟੀਰੀਆ ਵੀ ਆ ਕੇ ਦਾੜੀ ਦੇ ਵਾਲਾਂ ਨਾਲ ਚਿਪਕ ਜਾਂਦੇ ਹਨ,ਜੋ ਇਨ੍ਹਾਂ ਨੁਕਸਾਨਦਾਇਕ ਬੈਕਟੀਰੀਆ ਨੂੰ ਖਤਮ ਕਰਣ ਵਿਚ ਲਗੇ ਰਹਿੰਦੇ ਹਨ।ਇਸ ਤਰ੍ਹਾਂ ਦਾੜੀ੍ਹ ਆਪੇ ਹੀ ਨਾਲੋ ਨਾਲ ਅਪਣਾ ਬਚਾਅ ਕਰਦੀ ਰਹਿੰਦੀ ਹੈ।ਦਾੜ੍ਹੀ ਉਤੇ ਬੈਕਟੀਰੀਆ ਬਾਰੇ ਖੋਜਾਂ ਤੋਂ ਇਹ ਸੰਭਾਵਨਾ ਵੀ ਨਜ਼ਰ ਆ ਰਹੀ ਕਿ ਭਵਿੱਖ ਵਿਚ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਇਹ ਲਾਭਦਾਇਕ ਬੈਕਟੀਰੀਆ ਕੋਈ ਸਾਰਥਕ ਦਵਾਈਆਂ ਬਣਾਉਣ ਵਿਚ ਸਹਾਇਕ ਹੋ ਜਾਣ।ਸਰੀਰ ਦੇ ਬਾਕੀ ਅੰਗਾਂ ਉਤੇ ਵੀ ਬੈਕਟੀਰੀਆ ਲਗਦੇ ਹਨ।ਬਾਕੀ ਅੰਗਾਂ ਨੂੰ ਵੀ ਅਸੀਂ ਸਾਫ ਰੱਖਣ ਦੇ ਬਹੁਤ ਉਪਰਾਲੇ ਕਰਦੇ ਹਾਂ।ਇਸੇ ਤਰ੍ਹਾਂ ਹੀ ਦਾੜ੍ਹੀ ਦੇ ਵਾਲਾਂ ਦੀ ਸਫਾਈ ਵੀ ਲੋੜੀਂਦੀ ਹੈ। ਹਰ ਰੋਜ਼ ਦਾੜ੍ਹੀ ਸ਼ੇਵ ਕਰਨ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਵੇਂ ਵਾਲ ਅੰਦਰ ਮੁੜ ਜਾਣੇ ਜਾਂ ਵਾਲਾਂ ਦੀਆਂ ਜੜ੍ਹਾਂ ਦੀ ਇਨਫੈਕਸ਼ਨ ਆਦਿ। ਦਾੜ੍ਹੀ ਸ਼ੇਵ ਨਾ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਸਾਇੰਸ ਦੀਆਂ ਖੋਜਾਂ ਦੇ ਨਤੀਜੇ ਹੁਣ ਦਾੜੀ ਦੇ ਵਾਲ਼ਾਂ ਦੀ ਸਾਰਥਕਤਾ ਬਾਰੇ ਮਨੁਖਤਾ ਨੂੰ ਸੁਚੇਤ ਕਰਣ ਲਗ ਪਏ ਹਨ।ਵਾਲ ਤਾਂ ਅਸਲ ਵਿਚ ਧਰਤੀ ਉਤੇ ਰਹਿਣ ਵਾਲੇ ਥਣਧਾਰੀ ਜੀਵਾਂ ਦਾ ਖਾਸ ਗੁਣ ਅਤੇ ਪਹਿਚਾਣ ਹਨ।ਭਾਵੇਂ ਲੱਖਾਂ ਸਾਲ ਬੀਤਨ ਉਤੇ ਹੌਲੀ ਹੌਲੀ ਐਵੋਲੂਸ਼ਨ ਰਾਹੀਂ ਮਨੁਖ ਦੇ ਵਾਲਾਂ ਦਾ ਖਿਲਾਰ ਬਦਲਦਾ ਗਿਆ ਹੈ,ਪਰ ਵਾਲਾਂ ਨੂੰ ਕੁਦਰਤ ਨੇ ਖਤਮ ਨਹੀਂ ਹੋਣ ਦਿੱਤਾ।ਅਸੀਂ ਦੇਖਦੇ ਹਾਂ ਕਿ ਮਨੁਖ ਦੇ ਸਰੀਰ ਉਤੇ ਵਾਲ ਘਟਦੇ ਗਏ ਪਰ ਸਿਰ ਅਤੇ ਚਿਹਰੇ ਦੇ ਵਾਲ ਵਧਦੇ ਹੀ ਗਏ ਹਨ।ਅਜਿਹਾ ਪਿਛਲੇ 5000-8000 ਸਾਲਾਂ ਦਰਮਿਆਨ ਹੀ ਹੋਇਆ ਹੈ।ਅਸਲ ਵਿਚ ਸਿਰ ਅਤੇ ਚਿਹਰੇ ਦੇ ਵਾਲ ਮਨੁਖਤਾ ਦੇ ਚੰਗੇਰੇ ਵਿਕਾਸ ਲਈ ਹੀ ਬਣੇ ਹਨ ਅਤੇ ਚੰਗੇਰੇ ਵਿਕਾਸ ਦੀ ਨਿਸ਼ਾਨੀ ਵੀ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁਖ ਯੋਜਨਾਬੱਧ ਵਿਕਾਸ ਵਿਚ ਸਭ ਤੋਂ ਵਧੇਰੇ ਵਿਕਸਿਤ ਹੈ।ਮਨੁਖ ਕਾਇਨਾਤ ਦੀ ਸਭ ਤੋਂ ਉੱਤਮ ਰਚਨਾ ਹੈ ਅਤੇ ਕੁਦਰਤ ਦੀ ਕਾਇਨਾਤ ਦਾ ਸਿਖਰ ਹੈ।ਇਹ ਬਾਕੀ ਸਭ ਜੀਵਾਂ ਦਾ ਸਰਦਾਰ ਮੰਨਿਆਂ ਗਿਆ ਹੈ।ਮਨੁਖ ਦੇ ਸਿਰ ਅਤੇ ਦਾੜ੍ਹੀ ਦੇ ਵਾਲ ਬਾਕੀ ਸਾਰੇ ਥਣਧਾਰੀ ਜੀਵਾਂ ਦੇ ਵਾਲਾਂ ਨਾਲੋਂ ਜ਼ਿਆਦਾ ਵੱਧੇ ਹਨ।ਡਾਰਵਿਨ,ਇਕ ਬਹੁਤ ਵੱਡਾ ਸਾਇੰਸਦਾਨ ਅਪਨੀ ਕਿਤਾਬ ‘the descent of man’ ਵਿਚ ਲਿਖਦਾ ਹੈ ਕਿ ਯੋਜਨਾਬੱਧ ਵਿਕਾਸ ਵਿਚ ਲਿੰਗਕ ਚੋਣ ਦੇ ਕੁਦਰਤੀ ਨਿਯਮ ਅਨੁਸਾਰ ਆਦਮੀ ਦੀ ਦਾੜ੍ਹੀ ਵਿਰੋਧੀ ਲਿੰਗ ਲਈ ਖਿੱਚ ਭਰਪੂਰ ਸੀ,ਇਸੇ ਕਾਰਨ ਹੀ ਦਾੜ੍ਹੀ ਦਾ ਸਮੇਂ ਦੇ ਨਾਲ ਵਧੇਰੇ ਵਿਕਾਸ ਹੋਇਆ।

ਪੇਡੂ ਦੇ ਵਾਲ–ਲੜਕੀਆਂ ਵਿਚ ਕਿਸ਼ੋਰਾਵਸਥਾ ਆਣ ਉਤੇ 9-14 ਸਾਲ ਦੀ ਉਮਰ ਉਤੇ ਪੇਡੂ ਦੇ ਵਾਲ ਆ ਜਾਂਦੇ ਹਨ।ਕਿਸ਼ੋਰਾਵਸਥਾ ਉਤੇ ਪੇਡੂ ਉਤੇ ਆਣ ਵਾਲੇ ਪਹਿਲਾਂ ਤੋਂ ਹੀ ਪ੍ਰੌੜ ਵਾਲ ਹੁੰਦੇ ਹਨ।ਪਰਾਈਮੇਟਾਂ ਵਿਚੋਂ ਮਨੁਖ ਹੀ ਐਸਾ ਜੀਵ ਹੈ,ਜਿਸ ਦੇ ਪੇਡੂ ਉਤੇ ਵਾਲ ਹਨ।ਇਹ ਵਾਲ ਕੱਛਾਂ ਅਤੇ ਸਰੀਰ ਦੇ ਹੋਰ ਭਾਗਾਂ ਦੇ ਵਾਲਾਂ ਨਾਲੋਂ ਕਾਫੀ ਮੋਟੇ ਅਤੇ ਖੁਰਦਰੇ ਹੁੰਦੇ ਹਨ।ਇਨ੍ਹਾਂ ਵਿਚ ਕੁੰਡਲ ਵੀ ਹੁੰਦੇ ਹਨ।ਲਗਪਗ 5 ਸਾਲਾਂ ਵਿਚ ਇਹ ਵਾਲ ਵੱਧ ਕੇ ਜਾਂਘਾਂ ਦੇ ਅੰਦਰਲੇ ਪਾਸੇ ਤਕ ਅਤੇ ਪੇਟ ਉਤੇ ਧੁੰਨੀ ਤਕ ਫੈਲ ਜਾਂਦੇ ਹਨ।ਇਹ ਵਾਲ ਜਨਨ ਸਬੰਧਤ ਇੰਦਰਿਆਂ ਨੂੰ ਇਕ ਵਾੜ ਵਾਂਗ ਘੇਰੀ ਰਖਦੇ ਹਨ।ਔਰਤਾਂ ਦੇ ਸਾਰੇ ਸਰੀਰ ਉਤੇ ਵੈਲਸ ਵਾਲ ਹੀ ਹੁੰਦੇ ਹਨ।ਰਜੋਨਵਿਰਤੀ ਤੋਂ ਬਾਦ ਹਾਰਮੋਨਾਂ ਵਿਚ ਅਸੰਤੁਲਿਤਾ ਹੋਣ ਕਾਰਨ ਔਰਤਾਂ ਦੇ ਸਿਰ ਦੇ ਵਾਲ, ਮੱਥੇ ਵਲੋਂ ਘੱਟ ਜਾਂਦੇ ਹਨ ।ਚਿਹਰੇ ਉਤੇ ਖਾਸ ਤੌਰਤੇ ਠੋਡੀ ਉਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਹਨ।ਕਈਆਂ ਵਿਚ ਇਹ ਵਾਲ ਬਹੁਤ ਜ਼ਿਆਦਾ ਹੁੰਦੇ ਹਨ।ਲਗਪਗ 50 ਸਾਲ ਦੀ ਉਮਰ ਉਤੇ ਜਦੋਂ ਐਂਡਰੋਜਨ ਘਟਦੇ ਹਨ ਤਾਂ ਸਰੀੌਰ ਉਤੇ ਆਏ ਐਂਡਰੋਜੈਨਿਕ ਵਾਲ ਵੀ ਘਟਨੇ ਸ਼ੁਰੂ ਹੋ ਜਾਂਦੇ ਹਨ।ਸਭ ਤੋਂ ਪਹਿਲਾਂ ਵਾਲ ਲੱਤਾਂ ਉਤੇ ਘਟਨੇ ਸ਼ੁਰੂ ਹੁੰਦੇ ਹਨ।ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਅਜਿਹਾ ਲੱਤਾਂ ਵਿਚ ਖੂੁਨ ਦਾ ਪ੍ਰਸਾਰ ਘਟ ਹੋਣ ਕਾਰਨ ਹੁੰਦਾ ਹੈ।

ਸਰੀਰ ਦੇ ਸਾਰੇ ਅੰਗ ਰਲ ਮਿਲ ਕੇ ਕੰਮ ਕਰਦੇ ਹਨ।ਵਾਲ ਵੀ ਸਰੀਰ ਦਾ ਇਕ ਮਹੱਤਵਪੂਰਨ ਅੰਗ ਹਨ।ਹਰ ਜਗ੍ਹਾ ਦੇ ਵਾਲਾਂ ਦਾ ਅਪਨਾ ਯੋਗਦਾਨ ਹੈ।ਪੇਡੂ ਉਤੇ ਵਾਲ ਉਦੋਂ ਆਣੇ ਸ਼ੁਰੂ ਹੁੰਦੇ ਹਨ ਜਦੋਂ ਲਗਪਗ 11-12 ਸਾਲ ਦੀ ਉਮਰ ਤੇ ਦੋਵੇਂ ਲਿੰਗਾਂ ਵਿਚ ਦਿਮਾਗ ਤੋਂ ਗੋਨੈਡੋਟਰੋਫਿਨ ਹਾਰਮੋਨ ਅਤੇ ਲਿੰਗ ਗਰੰਥੀਆਂ ਤੋਂ ਐਂਡਰੋਜਨ ਹਾਰਮੋਨ ਬਨਣੇ ਅਰੰਭ ਹੁੰਦੇ ਹਨ।ਜਦੋਂ ਪੇਡੂ ਉਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਵਿਅਕਤੀ ਲਿੰਗਕ ਤੌਰ ਤੇ ਪਰਪੱਕ ਹੋਣਾ ਅਰੰਭ ਹੋ ਗਿਆ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਕੁਦਰਤ ਨੇ ਪੇਡੂ ਉਤੇ ਵਾਲ ਕਿਉਂ ਬਣਾਏ ਹਨ? ਕੁਦਰਤ ਵਿਚ ਸਭ ਕੁਝ ਨਿਯਮਿਤ ਹੈ।ਇਹ ਵਾਲ ਮਹੱਤਵਹੀਣ ਨਹੀਂ ਹਨ।ਪੇਡੂ ਦੇ ਵਾਲਾਂ ਦਾ ਵੀ ਖਾਸ ਮੰਤਵ ਹੈ।ਸਾਇੰਸ ਹੁਣ ਦਸਣ ਲਗ ਪਈ ਹੈ ਕਿ ਪੇਡੂ ਦੇ ਵਾਲ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਣ ਵਿਚ ਮਦਦ ਕਰਦੇ ਹਨ।ਆਓ ਇਹ ਜਾਨਣ ਦੀ ਕੋਸ਼ਿਸ਼ ਕਰੀਏ ਅਜਿਹਾ ਕਿਵੇਂ ਸੰਭਵ ਹੈ।

ਮਨੁਖੀ ਸਰੀਰ ਦੀਆਂ ਚਮੜੀ ਵਿਚਲੀਆਂ ਗ੍ਰੰਥੀਆਂ ਕੁਦਰਤੀ ਖੁਸ਼ਬੋ ਬਣਾਉਂਦੀਆਂ ਹਨ।ਇਹ ਕੁਦਰਤੀ ਖੁਸ਼ਬੋ ਵਾਲ ਅਪਣੇ ਵਿਚ ਸਮਾ ਲੈਂਦੇ ਹਨ ਅਤੇ ਵਾਤਾਵਰਣ ਵਿਚ ਛਡਦੇ ਹਨ।ਹਰ ਵਿਅਕਤੀ ਦੀ ਅਪਣੀ ਹੀ ਖਾਸ ਖੁਸ਼ਬੂ ਹੁੰਦੀ ਹੈ ਜੋ ਦੂਜਿਆਂ ਲਈ ਖਾਸ ਕਰਕੇ ਅਪਣੀ ਜਾਤੀ ਦੇ ਵਿਰੋਧੀ ਲਿੰਗ ਲਈ ਖਿੱਚ ਦਾ ਕਾਰਨ ਬਣਦੀ ਹੈ।ਇਹ ਖੁਸ਼ਬੋ ਇਕ ਰਸਾਇਣ ਪਦਾਰਥ ਹੈ।ਇਸ ਨੂੰ ਫੀਰੋਹਾਰਮੋਨ ਕਿਹਾ ਜਾਂਦਾ ਹੈ।ਫੀਰੋਮੋਨ ਐਪੋਕਰਾਈਨ ਗ੍ਰੰਥੀਆਂ ਤੋਂ ਬਣਦੇ ਹਨ (According to Health Sciences at Columbia University) ।ਇਨ੍ਹਾਂ ਨੂੰ ਐਕਟੋ ਹਾਰਮੋਨ ਕਿਹਾ ਜਾਂਦਾ ਹੈ।ਵਾਲ ਇਨ੍ਹਾਂ ਨੂੰ ਅਪਣੇ ਵਿਚ ਜਜ਼ਬ ਕਰ ਲੈਂਦੇ ਹਨ।ਇਹ ਪਦਾਰਥ ਵਾਲਾਂ ਦੇ ਜਾਲ ਵਿਚ ਚਿਪਕ ਜਾਂਦੇ ਹਨ।ਵਾਲਾਂ ਉਤੇ ਚਿਪਕਨ ਤੋਂ ਬਾਦ ਇਨ੍ਹਾਂ ਦੀ ਗੰਧ ਤਿੱਖੀ ਹੋ ਜਾਂਦੀ ਹੈ।ਇਹ ਪਦਾਰਥ ਕੁਦਰਤੀ ਖੁਸ਼ਬੋ ਦਾ ਕੰਮ ਕਰਦੇ ਹਨ।ਇਹ ਪਦਾਰਥ ਸਾਹ ਨਾਲ ਦੂਜੇ ਵਿਅਕਤੀ ਦੇ ਸਰੀਰ ਅੰਦਰ ਜਾਂਦੇ ਹਨ।ਕੈੋਲੋਰੈਡੋ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਸਿੱਧ ਕੀਤਾ ਹੈ ਕਿ ਇਹ ਪਦਾਰਥ ਨੱਕ ਦੇ ਵਿਚ ਸਥਿਤ ਸਪੈਸ਼ਲ਼ ਮੋਰੀਆਂ ਰਾਹੀਂ (vemoronasal organ) ਅੰਦਰ ਪ੍ਰਵੇਸ਼ ਕਰ ਜਾਂਦੇ ਹਨ।

ਇਨ੍ਹਾਂ ਪਦਾਰਥਾਂ ਦੀ ਜਾਨਕਾਰੀ ਸੁੰਘਣ ਵਾਲੇ ਵਿਅਕਤੀ ਦੇ ਦਿਮਾਗ ਦੇ ਇਕ ਹਿੱਸੇ,ਜਿਸ ਦਾ ਨਾਂ ਹਾਈਪੌਥੈਲੇਮਸ ਨੂੰ ਪਹੁੰਚ ਜਾਂਦੀ ਹੈ।ਹਾਈਪੋਥੈਲੇਮਸ ਦਿਮਾਗ ਦਾ ਉਹ ਭਾਗ ਹੈ ਜੋ ਖਾਸ ਤੌਰ ਤੇ ਮਨੁਖੀ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਚੇਤ ਮਨ ਨੂੰ ਉਤੇਜਿਤ ਕਰਦਾ ਹੈ।ਇਸ ਤਰ੍ਹਾਂ ਇਹ ਹਾਰਮੋਨ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਦੇ ਹਨ।ਇਸ ਤਰ੍ਹਾਂ ਮਨੁਖਤਾ ਦੀ ਕੁਲ ਕਾਇਮ ਰੱਖਣ ਅਤੇ ਅਗੋਂ ਵਧਾਣ ਵਿਚ ਇਨ੍ਹਾਂ ਪਦਾਰਥਾਂ ਨੂੰ ਕਾਰਗਰ ਬਣਾਉਣ ਵਿਚ ਕੇਸਾਂ ਦਾ ਮਹੱਤਵਪੂਰਨ ਯੋਗਦਾਨ ਹੈ।ਸੰਨ 1986 ਤਕ ਸਾਇੰਸਦਾਨਾਂ ਨੂੰ ਮਨੁਖੀ ਜਿੰਦਗੀ ਵਿਚ ਫੀਰੋਹਾਰਮੋਨਾਂ ਦੇ ਪ੍ਰਭਾਵ ਅਤੇ ਯੋਗਦਾਨ ਦਾ ਗਿਆਨ ਨਹੀਂ ਸੀ।ਜਾਨਵਰਾਂ ਵਿਚ ਇਨ੍ਹਾਂ ਦੇ ਪ੍ਰਭਾਵ ਦਾ ਬਹੁਤ ਪਹਿਲਾਂ ਤੋਂ ਹੀ ਵਿਗਿਆਨੀਆਂ ਨੂੰ ਪਤਾ ਹੈ।ਹੁਣ ਖੋਜਾਂ ਨੇ ਸਾਬਤ ਕੀਤਾ ਹੈ ਕਿ ਮਨੁਖੀ ਜਿੰਦਗੀ ਵਿਚ ਵੀ ਆਪਸੀ ਸਬੰਧ ਮਜ਼ਬੂਤ ਕਰਣ ਵਿਚ ਇਹ ਹਾਰਮੋਨ ਮਹੱਤਵਪੂਰਨ ਹਿੱਸਾ ਪਾਉਂਦੇ ਹਨ।ਅੱਜ ਮਨੁਖ ਫੈਸ਼ਨ ਦੇ ਦੌਰ ਵਿਚ ਇਨ੍ਹਾਂ ਹਾਰਮੋਨਾਂ ਦੇ ਕੁਦਰਤੀ ਸਰੋਤਾਂ ਨੂੰ ਖਤਮ ਕਰਕੇ ਨਕਲੀ ਖੁਸ਼ਬੋਆਂ ਮਹਿੰਗੇ ਮੁਲ ਖਰੀਦ ਕੇ ਲਗਾਂਦਾ ਹੈ ਅਤੇ ਇਨਾਂ ਦੀ ਕਮੀ ਪੂਰੀ ਕਰਣ ਦੀ ਕੋਸ਼ਿਸ਼ ਕਰਦਾ ਹੈ।ਸੈਂਟ ਅਤੇ ਡੀੳਡੋਰੈਂਟ ਜਿਥੇ ਚਮੜੀ ਉਤੇ ਅਲਰਜੀ ਅਤੇ ਕੈਂਸਰ ਕਰ ਸਕਦੇ ਹਨ ਉਥੇ ਇਹ ਚਮੜੀ ਦੇ ਮੁਸਾਮ ਬੰਦ ਕਰ ਦੇਂਦੇ ਹਨ ਜਿਸ ਨਾਲ ਅਗੋਂ ਹੋਰ ਹਾਰਮੋਨ ਬਨਣ ਵਿਚ ਵੀ ਵਿਘਣ ਪੈਂਦਾ ਹੈ।(firestein 2001) ਇਹ ਹਾਰਮੋਨ ਕਿਸ਼ੋਰ ਉਮਰ ਉਤੇ ਬਨਣੇ ਸ਼ੁਰੂ ਹੁੰਦੇ ਹਨ।ਪੇਡੂ ਅਤੇ ਕੱਛਾਂ ਦੀਆਂ ਗ੍ਰੰਥੀਆਂ ਇਹ ਹਾਰਮੋਨ ਬਣਾਉਣ ਲਗ ਜਾਂਦੀਆਂ ਹਨ।ਇਸੇ ਹੀ ਉਮਰ ਉਤੇ ਕਿਸ਼ੋਰ ਉਮਰ ਨਾਲ ਸਬੰਧਤ ਵਾਲ ਵੀ ਪੇਡੂ ਅਤੇ ਕੱਛਾਂ ਵਿਚ ਆ ਜਾਂਦੇ ਹਨ।ਫੀਰੋ ਹਾਰਮੋਨ ਸਿਰਫ ਥਣਧਾਰੀ ਜੀਵ ਹੀ ਬਣਾਉਂਦੇ ਹਨ।

ਇਹ ਵਾਲ ਪੇਡੂ ਦੇ ਅੰਗਾਂ ਦਾ ਤਾਪਮਾਨ ਸਥਿਰ ਰੱਖਣ ਵਿਚ ਵੀ ਸਹਾਇਤਾ ਕਰਦੇ ਹਨ।ਹਰ ਵਾਲ ਦੇ ਨਾਲ ਤੇਲ ਦੀ ਗਰੰਥੀ ਹੁੰਦੀ ਹੈ।ਪੇਡੂ ਵਿਚ ਵਾਲ ਮੋਟੇ ਹੁੰਦੇ ਹਨ ਅਤੇ ਤੇਲ ਵੀ ਜ਼ਿਆਦਾ ਬਣਦਾ ਹੈ।ਇਹ ਤੇਲ ਇਸ ਸਥਾਨ ਦੀ ਚਮੜੀ ਨੂੰ ਨਰਮ ਕਰਦਾ ਹੈ।ਵਾਲਾਂ ਵਿਚ ਨਮੀ ਅਤੇ ਗਰਮੀ ਬਣਾਈ ਰੱਖਦਾ ਹੈ।ਇਹ ਵਾਲ ਹਵਾ ਦੀ ਵੱਧੀ ਹੋਈ ਨਮੀ ਅਪਣੇ ਵਿਚ ਜਜ਼ਬ ਕਰ ਲੈਂਦੇ ਹਨ ਜਿਸ ਨਾਲ ਲੋੜ ਤੋਂ ਵਧੇਰੇ ਨਮੀਵਾਲੇ ਵਾਤਾਵਰਣ ਦਾ ਨੁਕਸਾਨਦਾਇਕ ਅਸਰ ਸਿੱਧਾ ਚਮੜੀ ਉਤੇ ਨਹੀਂ ਹੁੰਦਾ।

ਪੇਡੂ ਦੇ ਵਾਲ ਪੇਡੂ ਦੇ ਅੰਗਾਂ ਦਾ ਰਗੜ ਤੋਂ ਬਚਾਅ ਕਰਦੇ ਹਨ।ਅੰਗਾਂ ਵਿਚਕਾਰ ਇਕ ਗਦੇਲੇ ਦਾ ਕੰਮ ਕਰਦੇ ਹਨ।ਕਪੜੇ ਦੀ ਰਗੜ ਅਤੇ ਅਲਰਜੀ ਦਾ ਪੇਡੂ ਦੇ ਅੰਗਾਂ ਦੀ ਚਮੜੀ ਉਤੇ ਸਿੱਧਾ ਅਸਰ ਨਹੀਂ ਹੁੰਦਾ।

ਨੱਕ ਅਤੇ ਕੰਨ ਦੇ ਵਾਲਾਂ ਵਾਂਗ ਹੀ ਪੇਡੂ ਦੇ ਵਾਲ ਵਿਅਕਤੀ ਨੂੰ ਬੀਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਦੀ ਇਨਫੈਕਸ਼ਨ ਅਤੇ ਮਿੱਟੀ ਘੱਟੇ ਦੇ ਮਾੜੇ ਪ੍ਰਭਾਵ ਤੋਂ ਬਚਾਉਂਦੇ ਹਨ।ਪੇਡੂ ਦੇ ਵਾਲ ਲੁਹਾਣ ਨਾਲ ਇਨਫੈਕਸ਼ਨ ਤੋਂ ਬਚਾਅ ਲਈ ਬਣੀ ਹੋਈ ਕੁਦਰਤੀ ਵਾੜ ਖਤਮ ਹੋ ਜਾਂਦੀ ਹੈ।ਇਸ ਨਾਲ ਪੇਡੂ ਦੇ ਕਈ ਤਰ੍ਹਾਂ ਦੇ ਇਨਫੈਕਸ਼ਨ ਖਾਸ ਤੌਰਤੇ ਵਾਇਰਲ ਇਨਫੈਕਸ਼ਨ ਦਾ ਖਤਰਾ ਵਧ ਗਿਆ ਹੈ।ਕਲੈਮੀਡੀਆ ਅਤੇ ਗਨੋਰੀਆ ਵਰਗੇ ਨੁਕਸਾਨਦਾਇਕ ਬੈਕਟੀਰੀਆ ਦੀ ਇਨਫੈਕਸ਼ਨ ਦਾ ਖਤਰਾ ਵੱਧ ਹੋ ਜਾਂਦਾ ਹੈ।ਇਹਨਾਂ ਬੈਕਟੀਰੀਆ ਦੀ ਇਨਫੈਕਸ਼ਨ ਬਾਂਝਪੁਣੇ ਦਾ ਇਕ ਮਹੱਤਵਪੂਰਨ ਕਾਰਨ ਹੈ।ਖੋਜਾਂ ਦੌਰਾਨ ਇਹ ਸ਼ੰਕਾ ਪ੍ਰਗਟ ਹੋਇਆ ਹੈ ਕਿ ਇਨ੍ਹਾਂ ਬੈਕਟੀਰੀਆ ਦੀ ਇਨਫੈਕਸ਼ਨ ਦੀ ਸੰਭਾਵਣਾ ਪੇਡੂ ਦੇ ਵਾਲਾਂ ਨੂੰ ਲੁਹਾਉਣ ਨਾਲ ਵਧ ਸਕਦੀ ਹੈ। (By Denise Kelly www.livestrong.com) ਪੇਡੂ ਦੇ ਵਾਲ ਲੁਹਾਣ ਤੋਂ ਬਾਦ ਵਾਲਾਂ ਦੀਆਂ ਜੜ੍ਹਾਂ ਨੰਗੀਆਂ ਹੋ ਜਾਂਦੀਆਂ ਹਨ ਅਤੇ ਜੜ੍ਹਾਂ ਵਿਚ ਖੁਰਦਬੀਨੀ ਛੇਕ ਹੋ ਜਾਂਦੇ ਹਨ ਜਿਨ੍ਹਾਂ ਵਿਚੋਂ ਬੀਮਾਰੀਆਂ ਦੇ ਕਿਰਮ ਬਹੁਤ ਆਸਾਨੀ ਨਾਲ ਅੰਦਰ ਜਾ ਕੇ ਬੀਮਾਰੀ ਕਰ ਸਕਦੇ ਹਨ।ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੇਡੂ ਦੇ ਵਾਲ ਉਤਾਰਨ ਨਾਲ ਹਰਪੀਜ਼ ਦੀ ਲਾਗ ਦੀ ਸੰਭਾਵਨਾ ਵੀ ਆਮ ਨਾਲੋਂ ਵੱਧ ਜਾਂਦੀ ਹੈ। ਹੋਰ ਲਿੰਗਕ ਬੀਮਾਰੀਆਂ ਦਾ ਵੀ ਵਾਲ ਉਤਾਰਨ ਨਾਲ ਸਬੰਧ ਹੋਣ ਦਾ ਖਦਸ਼ਾ ਕੀਤਾ ਜਾ ਰਿਹਾ ਹੈ।ਸਾਡੇ ਸਾਰੇ ਸਰੀਰ ਉਤੇ ਬੀਮਾਰੀਆਂ ਤੋਂ ਬਚਾਅ ਵਾਸਤੇ ਸਾਥੀ ਬੈਕਟੀਰੀਆ ਵੀ ਹੁੰਦੇ ਹਨ।ਪੇਡੂ ਉਤੇ ਵੀ ਲਾਭਦਾਇਕ ਬੈਕਟੀਰੀਆਂ ਕਾਫੀ ਮਾਤਰਾ ਵਿਚ ਹੁੰਦੇ ਹਨ।ਇਹ ਬੈਕਟੀਰੀਆ ਸਾਡੀ ਰੱਖਿਆ ਪ੍ਰਣਾਲੀ ਦੀ ਬੀਮਾਰੀ ਪੈਦਾ ਕਰਨ ਵਾਲੇ ਕਿਰਮਾਂ ਦੀ ਇਨਫੈਕਸ਼ਨ ਤੋਂ ਬਚਾਣ ਵਿਚ ਮਦਦ ਕਰਦੇ ਹਨ।ਇਹ ਬੈਕਟੀਰੀਆ ਪੇਡੂ ਦੇ ਵਾਲਾਂ ਉਤੇ ਦੂਜੀਆਂ ਥਾਵਾਂ ਨਾਲੋਂ ਜ਼ਿਆਦਾ ਹੁੰਦੇ ਹਨ।ਵਾਲ ਹਟਾ ਦੇਣ ਨਾਲ ਅਤੇ ਪੇਡੂ ਦੀ ਸਫਾਈ ਲਈ ਬਹੁਤੇ ਤੇਜ਼ ਸ਼ੈੰਪੂ ਵਰਤਣ ਨਾਲ ਵੀ ਇਹ ਬੈਕਟੀਰੀਆ ਘੱਟ ਹੋ ਜਾਂਦੇ ਹਨ।ਇਨਫੈਕਸ਼ਨ ਦੀ ਸੰਭਾਵਣਾ ਸਗੋਂ ਵੱਧ ਜਾਂਦੀ ਹੈ।ਇਸੇ ਲਈ ਅਜਕਲ ਵਾਲ ਲੁਹਾਣ ਦੇ ਯੁਗ ਵਿਚ ਇਨ੍ਹਾਂ ਸਾਥੀ ਬੈਕਟੀਰੀਆ ਯੁਕਤ ਸ਼ੈਂਪੂਆਂ ਦੀ ਲੋੜ ਵਧੇਰੇ ਮਹਿਸੂਸ ਕੀਤੀ ਜਾ ਰਹੀ ਹੈ।ਜੇ ਪੇਡੂ ਦੇ ਵਾਲ ਕਰੀਮ ਜਾਂ ਕਿਸੇ ਵੀ ਢੰਗ ਨਾਲ ਉਤਾਰੇ ਜਾਂਦੇ ਹਨ ਤਾਂ ਇਨਫੈਕਸ਼ਨ ਨਾਲ ਖਾਰਸ਼, ਅਤੇ ਪਾਣੀ ਪਾਣੀ ਪੈਣਾ ਆਦਿ ਦਾ ਖਤਰਾ ਜ਼ਿਆਦਾ ਹੋ ਜਾਂਦਾ ਹੈ।ਵਾਲਾਂ ਦੀਆਂ ਜੜ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਵੀ ਵਧੇਰੇ ਹੁੰਦਾ ਹੈ।ਲੁਹਾਉਣ ਤੋਂ ਬਾਦ ਵਾਲ ਫਿਰ ਮੁੜ ਮੁੜ ਆਂਦੇ ਹਨ,ਬਾਰ ਬਾਰ ਲੁਹਾਣੇ ਪੈਂਦੇ ਹਨ।ਇਸ ਨਾਲ ਚਮੜੀ ਖੁਰਦਰੀ ਹੋ ਜਾਂਦੀ ਹੈ ਅਤੇ ਝਰੀਟਾਂ ਪੈਂਦੀਆਂ ਰਹਿੰਦੀਆਂ ਹਨ।ਇਹ ਥਾਂ ਨਰਮ.ਸਿੱਲੀ ਅਤੇ ਕੋਸੀ ਹੋਣ ਕਰਕੇ ਬੈਕਟੀਰੀਆ ਦੇ ਵਧਣ ਫੁਲਣ ਲਈ ਬਹੁਤ ਯੋਗ ਹੈ।ਝਰੀਟਾਂ ਵਿਚੋਂ ਕਿਰਮ ਬਹੁਤ ਅਸਾਨੀ ਨਾਲ ਅੰਦਰ ਚਲੇ ਜਾਂਦੇ ਹਨ ਅਤੇੇ ਭਿਅੰਕਰ ਇਨਫੈਕਸ਼ਨ ਕਰ ਸਕਦੇ ਹਨ ਜਿਸ ਤੋਂ ਵਿਅਕਤੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।ਇਸ ਜਗ੍ਹਾਂ ਉਤੇ ਫੋੜੇ ਅਤੇ ਕੱਟੇ ਹੋਏ ਵਾਲਾਂ ਦੀਆਂ ਜੜ੍ਹਾਂ ਵਿਚ ਸੋਜ਼ਸ਼ ਹੁੰਦੀੇ ਮਰੀਜ਼ਾਂ ਵਿਚ ਆਮ ਹੀ ਦੇਖੀ ਜਾਂਦੀ ਹੈ।ਓਪਰੇਸ਼ਨ ਤੋਂ ਪਹਿਲਾਂ ਬਿਨਾ ਕਿਸੇ ਵਿਚਾਰ ਦੇ ਵਾਲ ਮੁੰਨ ਦਿੱਤੇ ਜਾਂਦੇ ਹਨ।ਇਹ ਧਾਰਨਾ ਬਣੀ ਹੋਈ ਹੈ ਕਿ ਤਾਂ ਕਿ ਵਾਲਾਂ ਤੋਂ ਇਨਫੈਕਸ਼ਨ ਹੋ ਜਾਂਦੀ ਹੈ।ਇਸ ਦੇ ਉਲਟ ਕੁਝ ਡਾਕਟਰਾਂ ਦਾ ਵਿਚਾਰ ਹੈ ਕਿ “shaving a body part prior to surgery actually increased, rather than decreased, surgical site infections. (kevinMD.com)” Dr.emily gibson ilKdy hn “I’ve seen cellulitis (soft-tissue bacterial infection without abscess) of the scrotum, labia and penis as a result of spread of bacteria from shaving or from sexual contact with strep or staph bacteria from a partner’s skin.” ਸੋ ਅਸੀਂ ਇਹ ਦੇਖ ਸਕਦੇ ਹਾਂ ਕਿ ਵਾਲਾਂ ਦਾ ਲਿੰਗ ਮੁਤਾਬਕ ਵਿਕਾਸ ਅਤੇ ਤਰਤੀਬ ਵੀ ਇਕ ਸਿਸਟਮ ਦੇ ਅੰਦਰ ਹੈ ਅਤੇ ਕਿਸੇ ਮੰਤਵ ਦੀ ਪੂਰਤੀ ਲਈ ਹੈ।ਉਮਰ ਮੁਤਾਬਕ ਵਾਲਾਂ ਦੀ ਤਰਤੀਬ ਵੀ ਕਿਸੇ ਉਦੇਸ਼ ਦੀ ਪੂਰਤੀ ਲਈ ਹੈ।ਇਥੋਂ ਤਕ ਕਿ ਵਾਲਾਂ ਦੀ ਬਣਤਰ ਅਤੇ ਆਕਾਰ ਵਿਚ ਸਿਲਸਿਲੇਵਾਰ ਤਬਦੀਲੀ ਆਂਦੀ ਹੈ।ਇਸ ਸਾਰੇ ਸਿਸਟਮ ਦਾ ਸੰਚਾਲਕ ਰੱਬ ਆਪ ਹੈ।ਉਹ ਹੀ ਕਰਤਾ ਹੈ ਅਤੇ ਸੰਪੂਰਨ ਕਰਤਾ ਹੈ।