ਕੇਸ-ਕਿਉਂ?

ਕੇਸ ਮਨੁਖ ਦੀ ਸ਼ਖਸੀਅਤ ਦਾ ਮਹੱਤਵਪੂਰਨ ਅੰਗ ਹਨ।ਕੇਸਾਂ ਦੀ ਜ਼ਰੂਰਤ ਕਿਸੇ ਖਾਸ ਫਿਰਕੇ ਜਾਂ ਧਰਮ ਦੇ ਲੋਕਾਂ ਤਕ ਹੀ ਸੀਮਤ ਨਹੀਂ ਸਗੋਂ ਇਹ ਹਰ ਮਨੁਖ ਲਈ ਇਕੋ ਜਿੰਨੀ ਮਹੱਤਤਾ ਰੱਖਦੇ ਹਨ। ।ਕੇਸਾਂ ਦੀ ਅਧਿਆਤਮਿਕ ਮਹੱਤਤਾ ਤੋਂ ਤਾਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ ਪਰ ਇਹ ਜਾਨਣਾ ਵੀ ਲਾਜ਼ਮੀ ਹੈ ਕਿ ਕੇਸ ਮਨੁਖੀ ਸਰੀਰ ਦਾ ਤਾਕਤਵਰ ਅੰਗ ਵੀ ਹਨ।ਅਸਲ ਵਿਚ ਹਰ ਵਿਅਕਤੀ ਨੂੰ ਕੇਸਾਂ ਦੀ ਮਹੱਤਤਾ ਦੀ ਜਾਨਕਾਰੀ ਹੋਣੀ ਚਾਹੀਦੀ ਹੈ।ਜੇ ਵਿਗਿਆਨਕ ਪੱਖ ਤੋਂ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਕੇਸਾਂ ਪ੍ਰਤੀ ਅਵੇਸਲਾਪਣ ਸਰੀਰ ਦੀਆਂ ਕਿਰਿਆਵਾਂ ਨੂੰ ਸਮੁਚੇ ਤੌਰਤੇ ਅਨਿਯਮਿਤ ਕਰ ਦੇਂਦਾ ਹੈ। ਜਾਹਰੀ ਤੌਰਤੇ ਜੀਂਦੇ ਤਾਂ ਸਾਰੇ ਰਹਿੰਦੇ ਹੀ ਹਨ ਭਾਵੇ ਕੇਸ ਲੁਹਾ ਵੀ ਦਿੱਤੇ ਜਾਣ ਪਰ ਵਾਲਾਂ ਪ੍ਰਤੀ ਅਣਗਹਿਲੀ ਦਾ ਨਤੀਜਾ ਭਵਿੱਖ ਵਿਚ ਮਨੁਖ ਨੂੰ ਆਪ ਵੀ ਅਤੇ ਮਨੁਖਤਾ ਦੀਆਂ ਦੀਆਂ ਆਣ ਵਾਲੀਆਂ ਨਸਲਾਂ ਨੂੰ ਵੀ ਅਵੱਸ਼ ਹੀ ਭੁਗਤਨਾ ਪਵੇਗਾ।ਜੇ ਵਾਲ ਕਟਾਣ ਦਾ ਫੌਰੀ ਅਸਰ ਸਾਨੂੰ ਮਹਿਸੂਸ ਨਹੀਂ ਹੁੰਦਾ,ਤਾਂ ਇਸ ਦਾ ਇਹ ਹਰਗਿਜ਼ ਮਤਲਬ ਨਹੀਂ ਕਿ ਕੇਸ ਬੇਲੋੜੇ ਹੀ ਰੱਬ ਨੇ ਮਨੁਖੀ ਸਰੀਰ ਉਤੇ ਚੇਪ ਦਿੱਤੇ ਹਨ।

ਵਿਕਾਸ ਦੇ ਨਿਯਮ ਹਨ ਕਿ ਹਰ ਲੋੜੀਂਦਾ ਅੰਗ ਸਮੇਂ ਦੇ ਨਾਲ ਨਾਲ ਵਧੇਰੇ ਵਿਕਸਿਤ ਹੁੰਦਾ ਜਾਂਦਾ ਹੈ।ਬੇਲੋੜੈ ਅੰਗ ਖਤਮ ਹੁੰਦੇ ਜਾਂਦੇ ਹਨ।ਯੋਜਨਾਬੱਧ ਵਿਕਾਸ ਦੌਰਾਨ ਮਨੁਖ ਦਾ ਦਿਮਾਗ ਵਧੇਰੇ ਵਿਕਸਿਤ ਹੁੰਦਾ ਗਿਆ ਹੈ।ਨਾਲ ਨਾਲ ਸਿਰ ਉਤੇ ਵਾਲ ਵੀ ਲੰਬੇ ਹੁੰਦੇ ਗਏ ਹਨ।ਬਾਕੀ ਪਰਾਈਮੇਟਾਂ ਨਾਲੋਂ ਮਨੁਖ ਦਾ ਦਿਮਾਗ ਅਨੁਪਾਤ ਵਿਚ ਲਗਪਗ ਸੱਤ ਗੁਣਾ ਵੱਡਾ ਹੈ।ਇਹ ਵੀ ਇਕ ਅਟਲ ਸਚਾਈ ਹੈ ਕਿ ਮਨੁਖ ਦੇ ਵਾਲ ਵੀ ਬਾਕੀ ਪਰਾਈਮੇਟਾਂ ਨਾਲੋਂ ਸਭ ਤੋਂ ਵਧੇਰੇ ਲੰਬੇ ਹਨ। ਸਿੱਧ ਹੁੰਦਾ ਹੈ ਕਿ ਦਿਮਾਗ ਅਤੇ ਬੌਧਿਕ ਸਮਰੱਥਾ ਦਾ ਵਾਲਾਂ ਦੇ ਵਿਕਾਸ ਨਾਲ ਡੂੰਘਾ ਅਣਡਿੱਠਾ ਸਬੰਧ ਹੈ।ਸਿਰ ਦੇ ਲੰਬੇ ਕੇਸ ਪਰਮਾਤਮਾ ਵਲੋਂ ਸਿਰਫ ਮਨੁਖ ਨੂੰ ਹੀ ਦਿੱਤੇ ਗਏ ਹਨ।ਇਹ ਪ੍ਰਮਾਤਮਾ ਵਲੋਂ ਦਿੱਤਾ ਗਿਆ ਇਕ ਤੋਹਫਾ ਹੈ।ਪਰਮਾਤਮਾ ਵਲੋਂ ਮਨੁਖ ਨੂੰ ਸਾਰੀ ਕਾਇਨਾਤ ਦਾ ਸਰਦਾਰ ਬਣਾਇਆ ਗਿਆ ਹੈ।ਤਾਂ ਹੀ ਇਸ ਨੂੰ ਪ੍ਰਮਾਤਮਾ ਵਲੋਂ ਕੇਸਾਂ ਦੀ ਅਮੋਲਕ ਦਾਤ ਸਿਰ ਉਤੇ ਤਾਜ ਵਜੋੰ ਪ੍ਰਾਪਤ ਹੋਈ ਹੈ।ਕੇਸ ਮਨੁਖਤਾ ਦੀ ਸੰਪੂਰਨਤਾ ਦੀ ਨਿਸ਼ਾਨੀ ਹਨ।ਮਨੁਖਤਾ ਨੂੰ ਕੁਦਰਤ ਦੀ ਰਚਨਾ ਦੇ ਸਿਖਰ ਉਤੇ ਪਹੁੰਚਾਣ ਲਈ ਕੇਸ ਅਹਿਮ ਹਨ।ਮਨੁਖ ਇਸ ਪੱਖ ਤੋਂ ਅਵੇਸਲਾ ਹੋ ਗਿਆ ਹੈ।ਅਜ ਸਮੇਂ ਦੀ ਜ਼ਰੂਰਤ ਹੈ ਕਿ ਮਨੁਖ ਨੂੰ ਇਸ ਪੱਖ ਤੋਂ ਸੁਚੇਤ ਕੀਤਾ ਜਾਵੇ।ਮਨੁਖ ਤਾਂ ਹੀ ਕਾਇਨਾਤ ਦਾ ਸਿਕਦਾਰ ਰਹਿ ਸਕੇਗਾ ਜੇ ਇਸ ਅਮੋਲਕ ਦਾਤ ਦੀ ਸੰਭਾਲ ਕਰ ਲਵੇ ਨਹੀਂ ਤਾਂ ਹੌਲੀ ਹੌਲੀ ਇਸ ਦੀ ਹਸਤੀ ਮਿਟਦੀ ਜਾਵੇਗੀ।

ਦਸੇ ਗੁਰੁ ਸਾਹਿਬਾਨ ਨੇ ਮਨੁਖ ਦੀ ਕੇਸਾਂ ਦੀ ਲੋੜ ਨੂੰ ਮਹਿਸੂਸ ਕੀਤਾ ਅਤੇ ਇਨਸਾਨ ਨੂੰ ਮਨੁਖਤਾ ਦੇ ਸਿਖਰ ਉਤੇ ਪਹੁੰਚਾਣ ਲਈ ਕੇਸਾਂ ਦੀ ਦਾਤ ਸੰਭਾਲ ਕੇ ਰੱਖਣ ਦੀਆਂ ਹਦਾਇਤਾਂ ਦਿਤੀਆਂ।ਪ੍ਰਮਾਤਮਾ ਦਾ ਅਪਣਾ ਸਰਗੁਣ ਸਰੂਪ ਵੀ ਗੁਰਬਾਨੀ ਵਿਚ ਕੇਸਾਂ ਵਾਲਾ ਹੀ ਬਿਆਨਿਆ ਗਿਆ ਹੈ।ਸਭ ਸੰਤ ਮਹਾਤਮਾ ਫਿਲਾਸਫਰ ਅਤੇ ਮਹਾਨ ਪੁਰਸ਼ ਕੇਸਾਂ ਨੂੰ ਸਿਰ ੳੇਤੇ ਜੂੜੇ ਦੇ ਰੂਪ ਵਿਚ ਸੰਭਾਲ ਕੇ ਰਖਦੇ ਹਨ।ਇਸੇ ਲਈ ਸਿਰ ਉਤੇ ਕੀਤੇ ਜੂੜੇ ਦਾ ਨਾਂ ਵੀ ਰਿਸ਼ੀ ਜੂੜਾ (ਰਸਿਹਿ ਕਨੋਟ) ਰੱਖਿਆ ਗਿਆ ਹੈ।ਕ੍ਰਿਸ਼ਨ ਜੀ ਨੂੰ ਵੀ ਕੇਸ਼ਵ ਕਹਿ ਕੇ ਸਤਿਕਾਰਿਆ ਜਾਂਦਾ ਹੈ।ਕੇਸਾਂ ਨੂੰ ਪਵਿੱਤਰ ਸਮਝਿਆ ਜਾਂਦਾ ਹੈ।ਤਾਂ ਹੀ ਇਨ੍ਹਾਂ ਨੂੰ ਗੁਰੁ ਦੀ ਚਰਣ ਛੋਹ ਦੇ ਕਾਬਲ ਸਮਝਿਆ ਗਿਆ ਹੈ।

“ਸੇ ਦਾੜ੍ਹੀਆਂ ਸੱਚੀਆ ਜਿ ਗੁਰ ਚਰਨੀ ਲਗੰਨਿ”

(ਪੰਨਾ 1419)

ਕੇਸ ਜਿਥੇ ਸਰੀਰਕ ਅਤੇ ਅਧਿਆਤਮਿਕ ਪੱਖ ਤੋਂ ਜ਼ਰੂਰੀ ਹਨ,ਉਥੇ ਇਹ ਸਮਾਜ,ਰਾਜਨੀਤੀ,ਅਤੇ ਮਨੁਖ ਦੀ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਦੇ ਹਨ।ਇਸ ਲਈ ਕੇਸਾਂ ਦੀ ਸਰਬਪੱਖੀ ਜ਼ਰੂਰਤ ਬਾਰੇ ਮਨੁਖ ਨੂੰ ਸੁਚੇਤ ਹੋਣਾ ਚਾਹੀਦਾ ਹੈ,ਤਾਂ ਹੀ ਮਨੁਖ ਇਨ੍ਹਾਂ ਦੀ ਉਚਿਤ ਦੇਖਭਾਲ ਕਰੇਗਾ। ਕੇਸਾਂ ਦੀ ਮਹੱਤਤਾ ਦੀ ਜਾਣਕਾਰੀ ਪ੍ਰਾਪਤ ਕਰਣਾ ਬਹੁਤ ਆਵਸ਼ਕ ਹੈ ।ਸਾਨੂੰ ਕੁਦਰਤ ਵਲੋਂ ਮਿਲੀ ਇਸ ਦਾਤ ਦੀ ਸੰਭਾਲ ਕਰਨੀ ਚਾਹੀਦੀ ਹੈ।

ਅਸਲ ਵਿਚ ਮਨੁਖ ਤਾਂ ਸੰਪੂਰਨ ਹੀ ਕੇਸਾਂ ਨਾਲ ਹੈ।ਸਾਹਿਤ ਵਿਚ ਇਸ ਗਲ ਦਾ ਵਰਨਣ ਹੈ ਕਿ ਪਰਮਾਤਮਾ ਨੇ ਮਨੁਖਾ ਸਰੀਰ ਦੀ ਖਾਸ ਤੌਰ ਤੇ ਰਚਨਾ ਕੀਤੀ ਹੈ।ਅਜਿਹਾ ਕਿਹਾ ਜਾਂਦਾ ਹੈ ਕਿ ਦੋ ਸਦੀਆਂ ਤਕ ਮਿੱਟੀ ਨੂੰ ਗੁੰਨ ਕੇ ਰੱਖਿਆ ਗਿਆ।ਫਿਰ 280 ਸਾਲਾਂ ਵਿਚ ਮਨੁਖਾ ਸਰੀਰ ਤਿਆਰ ਕੀਤਾ । ਇਸ ਧਾਰਨਾ ਤੋਂ ਇਹ ਗਲ ਸਪਸ਼ਟ ਹੈ ਕਿ ਸੰਸਾਰ ਵਿਚ ਮਨੁਖਾ ਸਰੀਰ ਨੂੰ ਸਭ ਤੋਂ ਉੱਤਮ ਦਰਜਾ ਦਿਤਾ ਗਿਆ ਹੈ।ਇਹ ਵੀ ਮੰਨਿਆਂ ਜਾਂਦਾ ਹੈ ਕਿ ਪਰਮਾਤਮਾ ਨੇ ਮਨੁਖ ਨੂੰ ਇਸ ਧਰਤੀ ’ਤੇ 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ ਹੈ।ਸਾਰੀ ਕਾਇਨਾਤ ਵਿਚ ਇਸ ਨੂੰ ਸਭ ਤੋਂ ਸੁੰਦਰ ਸਰੂਪ ਬਖਸ਼ਿਸ਼ ਕੀਤਾ ਹੈ।ਪ੍ਰਮਾਤਮਾ ਨੇ ਮਨੁਖ ਨੂੰ ਅਪਨਾ ਹੀ ਸਰੂਪ ਦੇ ਕੇ ਸੰਸਾਰ ਵਿਚ ਭੇਜਿਆ ਹੈ।ਇਸ ਨੂੰ ਸਿਰ ਉਤੇ ਲੰਬੇ ਵਾਲ ਵੀ ਦਿੱਤੇ ਹਨ ਤਾਂ ਕਿ ਇਸ ਦਾ ਸਿੱਧਾ ਸੰਪਰਕ ਪ੍ਰਮਾਤਮਾ ਨਾਲ ਰਹੇ।

ਜੰਬੂਰ, ਤੋਰੇਤ, ਅੰਜੀਲ ਅਤੇ ਕੁਰਾਨ ਵਿੱਚੋਂ ਵੀ ਇਸ ਗੱਲ ਦੇ ਹਵਾਲੇ ਮਿਲਦੇ ਹਨ ਕਿ ਪਰਮਾਤਮਾ ਨੇ ਸਭ ਤੋਂ ਪਹਿਲੇ ਮਨੁਖ ਬਾਬਾ ਆਦਮ ਨੂੰ ਆਪਣੇ ਵਰਗੀ ਸ਼ਕਲ ਵਾਲਾ ਬਣਾ ਕੇ ਇਸ ਜਗਤ ਵਿਚ ਭੇਜ ਕੇ ਮਨੁਖਤਾ ਦਾ ਅਰੰਭ ਕੀਤਾ।ਪਾਰਸੀਆਂ ਅਤੇ ਈਸਾਈਆਂ ਵਿਚ ਵੀ ਇਹ ਮਾਨਤਾ ਹੈ ਕਿ ਪਰਮਾਤਮਾ ਨੇ ਮਨੁਖ ਨੂੰ ਅਪਨੇ ਵਰਗਾ ਸਰੂਪ ਦਿੱਤਾ ਹੈ।ਬਾਈਬਲ ਵਿਚ ਵੀ ਲਿਖਿਆ ਹੈ ਕਿ ਪ੍ਰਮਾਤਮਾ ਨੇ ਮਨੁਖ ਨੂੰ ਅਪਨੇ ਵਰਗਾ ਬਣਾਇਆ। ਉਸ ਨੂੰ ਮਨੁਖ ਲਈ ਇਹ ਸਰੂਪ ਬਹੁਤ ਪਸੰਦ ਸੀ।ਪ੍ਰਮਾਤਮਾ ਦਾ ਸਰਗੁਣ ਸਰੂਪ ਵੀ ਕੇਸਾਂ ਵਾਲਾ ਹੀ ਬਿਆਨਿਆ ਗਿਆ ਹੈ।ਗੁਰਬਾਣੀ ਵਿਚ ਵੀ ਗੁਰੂ ਪਾਤਸ਼ਾਹ ਨੇ ਪਰਮਾਤਮਾ ਦੇ ਸਰੂਪ ਨੂੰ ਕੇਸਾਧਾਰੀ ਦਰਸਾਇਆ ਹੈ:

ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥

(ਪੰਨਾ 567)

ਭਗਤ ਕਬੀਰ ਜੀ ਦਾ ਵੀ ਫੁਰਮਾਨ ਹੈ-b>“ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਆਸਾਰ॥ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ॥”(ਪੰਨਾ 1373)। ਭਗਤ ਨਾਮ ਦੇਵ ਜੀ ਨੇ ਵੀ ਅਪਨੀ ਬਾਣੀ ਵਿਚ ਵਾਹਿਗੁਰੂ ਨੂੰ ਕੇਸਾਂ ਵਾਲਾ ਹੀ ਦੱਸਿਆ ਹੈ।ਕੇਸਾਂ ਨੂੰ ਸੁੰਦਰਤਾ ਦੀ ਨਿਸ਼ਾਨੀ ਵਜੋਂ ਜਾਣਿਆ ਅਤੇ ਲਿਖਿਆ ਗਿਆ ਹੈ।ਨੌਰਸ ਮਿਥਹਾਸ ਜੋ ਕਿ ਸਕੈਂਡੀਨੇਵੀਆ,ਜਰਮਨ ਅਤੇ ਸੈਕਸਨ ਦਾ ਸਾਂਝਾ ਮਿਥਹਾਸ ਗਿਣਿਆ ਜਾਂਦਾ ਹੈ,ਵਿਚ ਦਰਜ ਹੈ ਕਿ ਉਨ੍ਹਾਂ ਦੇ ਇਕ ਦੇਵਤੇ ਜਿਸ ਦਾ ਨਾਂ ਥੌਰ ਹੈ,ਦੀ ਪਤਨੀ ਬਹੁਤ ਸੁੰਦਰ ਸੀ।ਸੁੰਦਰਤਾ ਦੀ ਨਿਸ਼ਾਨੀ ਵਜੋਂ ਜ਼ਿਕਰ ਕੀਤਾ ਗਿਆ ਹੈ ਕਿ ਉਸ ਦੇ ਵਾਲ ਬਹੁਤ ਲੰਬੇ ਅਤੇ ਸੁਹਣੇ ਸਨ।ਉਸ ਦੇ ਵਾਲ ਇਤਨੇ ਲੰਬੇ ਸਨ ਕਿ ਉਸ ਦੇ ਪੈਰਾਂ ਨੂੰ ਵੀ ਛੂੰਹਦੇ ਸਨ।

ਇਹ ਸਾਰੀ ਕਾਇਨਾਤ ਵਿਚੋਂ ਮਨੁਖ ਨੂੰ ਸਭ ਤੋਂ ਸੁੰਦਰ ਦਿੱਖ ਪ੍ਰਾਪਤ ਹੈ।ਮਨੁਖ ਦੇ ਵਾਲ ਮਨੁਖ ਨੂੰ ਸੁੰਦਰਤਾ ਪ੍ਰਦਾਨ ਕਰਦੇ ਹਨ।ਮਨੁਖ ਨੂੰ ਪ੍ਰਮਾਤਮਾ ਨੇ ਕੇਸਾਂ ਦੀ ਦਾਤ ਨਾਲ ਸਜਾਇਆ ਹੈ।ਜ਼ਰਾ ਸੋਚੋ,ਜਦੋਂ ਕੁਤੇ ਦੀ ਜੱਤ ਉਤਾਰੀ ਜਾਂਦੀ ਹੈ ਤਾਂ ਉਹ ਕਿੰਨਾ ਭੱਦਾ ਲਗਦਾ ਹੈ। ਵਾਲ ਲੁਹਾ ਕੇ ਮਨੁਖ ਵੀ ਭੱਦਾ ਹੀ ਲਗਦਾ ਹੈ ਭਾਵੇਂ ਉਹ ਅਪਣੇ ਆਪ ਨੂੰ ਸੁਹਣਾ ਸਮਝੀ ਜਾਵੇ।ਇਹ ਝੂਠੀਆਂ ਅਤੇ ਗਲਤ ਮਾਨਤਾਵਾਂ ਸਮਾਜ ਅਤੇ ਮਨੁਖਤਾ ਦੀ ਗਿਰਾਵਟ ਦੀ ਨਿਸ਼ਾਨੀ ਹਨ।
ਮਿਸਟਰ ਤਿਆਨਥੀ ਅਮਰੀਕਾ ਦੇ ਇਕ ਮਹਾਨ ਵਿਦਵਾਨ ਹੋਏ ਹਨ। ਇਂਨ੍ਹਾਂ ਨੇ ਮਨੁਖਤਾ ਦਾ ਇਤਹਾਸ 20 ਜਿਲਦਾਂ ਵਿਚ ਲਿਖਿਆ ਹੈ।ਉਨ੍ਹਾਂ ਨੇ ਵੱਖ ਵੱਖ ਫਲਸਫਿਆਂ ਦੀ ਖੋਜ ਕੀਤੀ ਹੈ।ਉਨ੍ਹਾਂ ਨੂੰ ਇਕ ਅਮਰੀਕਨ ਔਰਤ ਨੇ ਪੁਛਿਆ: ਤੁਸੀਂ ਸਾਰੀ ਮਨੁਖਤਾ ਦਾ ਇਤਹਾਸ ਲਿਖਿਆ ਹੈ,ਸੰਸਾਰ ਦੇ ਲੋਕਾਂ ਬਾਰੇ ਖੋਜ ਕੀਤੀ ਹੈ,ਵੱਖ ਵੱਖ ਫਿਰਕਿਆਂ ਤੇ ਧਰਮਾਂ ਦੇ ਬੰਦਿਆਂ ਨੂੰ ਮਿਲੇ ਹੋ,ਕੀ ਤੁਸੀਂ ਦਸ ਸਕਦੇ ਹੋ ਕਿ ਦੁਨੀਆਂ ਵਿਚ ਸਭ ਤੋਂ ਸੁਹਣਾ ਵਿਅਕਤੀ ਕੌਣ ਹੈ।ਮਿਸਟਰ ਤਿਆਨਥੀ ਨੇ ਇਕਦਮ ਉਤਰ ਦਿੱਤਾ : ਖੁਲ੍ਹੀ ਦਾੜੀ ਵਾਲਾ ਸਾਬਤ ਸੂਰਤ ਵਿਅਕਤੀ ਜੋ ਕਿ ਇਕ ਗੁਰਸਿੱਖ ਹੀ ਹੋ ਸਕਦਾ ਹੈ।

ਜ਼ਿੰਦਗੀ ਜੀਣ ਦੇ ਦੋ ਢੰਗ ਹਨ।ਇਕ ਹੈ ਕੁਦਰਤ ਦੇ ਅਸੂਲਾਂ ਮੁਤਾਬਕ ਚਲਣਾ ਅਤੇ ਦੂਜਾ ਹੈ ਅਪਣੀ ਮਨਮਰਜ਼ੀ ਕਰਨੀ। ਪਹਿਲੇ ਤਰੀਕੇ ਨਾਲ ਜ਼ਿੰਦਗੀ ਜੀ ਕੇ ਹੀ ਜਿੰਦਗੀ ਦਾ ਸੰਤੁਲਨ ਰਹਿ ਸਕਦਾ ਹੈ। ਸਿੱਖ ਧਰਮ ਨੇ ਇਹ ਪਹਿਲਾ ਤਰੀਕਾ ਹੀ ਪ੍ਰਵਾਨ ਕੀਤਾ ਹੈ (ਹੁਕਮ ਵਿਚ ਰਹਿਣਾ)।ਕੁਦਰਤ ਦੀ ਮਰਜ਼ੀ ਮੁਤਾਬਕ ਰਹਿਣ ਵਿਚ ਸਰੀਰ ਨੂੰ ਸਾਬਤ ਸੂਰਤ ਰੱਖਣਾ ਵੀ ਸ਼ਾਮਲ ਹੈ।ਇਹ ਤਾਂ ਸਿੱਖੀ ਦੀ ਪਹਿਲੀ ਸ਼ਰਤ ਹੈ।ਕੇਸ ਸਰੀਰ ਦਾ ਮਹੱਤਵਪੂਰਨ ਅੰਗ ਹਨ।ਇਸ ਲਈ ਕੇਸਾਂ ਦੀ ਸੰਭਾਲ ਜ਼ਰੂਰੀ ਹੈ।ਸਰੀਰ ਦਾ ਕੋਈ ਵੀ ਅੰਗ ਬੇਲੋੜਾ ਨਹੀਂ ਹੈ।ਹਰ ਅੰਗ ਦਾ ਕੁਦਰਤ ਵਲੋਂ ਕੋਈ ਨਾ ਕੋਈ ਮਨੋਰਥ ਹੈ।ਇਸ ਵਿਚ ਦਖਲ ਦੇਣ ਦਾ ਮਤਲਬ ਹੈ ਕਿ ਅਸੀਂ ਅਪਨੇ ਆਪ ਨੂੰ ਕੁਦਰਤ ਨਾਲੋਂ ਵਧੇਰੇ ਸਿਆਣਾ ਸਮਝਦੇ ਹਾਂ ਅਤੇ ਕੁਦਰਤ ਦੇ ਕੀਤੇ ਕੰਮਾਂ ਵਿਚ ਦਖਲ ਦੇ ਰਹੇ ਹਾਂ।ਸਾਨੂੰ ਉਹ ਕੁਝ ਕਰਨਾ ਚਾਹੀਦਾ ਹੈ ਜਿਸ ਵਿਚ ਪਰਮਾਤਮਾ ਦੀ ਮਰਜ਼ੀ ਹੋਵੇ।ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਉਸ ਵਿਚ ਕੋਈ ਦਖਲਅੰਦਾਜ਼ੀ ਕਰੀਏ।ਜਿਸ ਨੂੰ ਉਸ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ,ਉਹ ਅਪਨੀ ਮਰਜ਼ੀ ਨਹੀਂ ਕਰਦਾ।“ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥” ਮਨੁਖ ਨੂੰ ਪ੍ਰਮਾਤਮਾ ਨੇ ਅਪਨਾ ਸਰੂਪ ਦਿੱਤਾ ਹੈ।ਇਸ ਨੂੰ ਵਿਗਾੜਨ ਵਾਲਾ ਪ੍ਰਮਾਤਮਾ ਦੀ ਮਰਜ਼ੀ ਦੇ ਉਲਟ ਚਲ ਰਿਹਾ ਹੈ।ਇਸ ਸਰੂਪ ਨੂੰ ਵਿਗਾੜਨਾ ਵਾਹਗੁਰੂ ਦੇ ਸਰੂਪ ਨੂੰ ਵਿਗਾੜਣ ਦੇ ਤੁਲ ਹੈ।ਇਹ ਉਸ ਦੀ ਰਜ਼ਾ ਦੇ ਉਲਟ ਹੈ।