SikhThought - GuruNanakDevJi

ਕਣਕ ਦੇ ਢੇਰ

ਗੁਰੂ ਨਾਨਕ ਦੇਵ ਜੀ ਆਪਣੀਆਂ ਪ੍ਰਚਾਰ ਫੇਰੀਆਂ ਤੋਂ ਬਾਅਦ ਕਰਤਾਰਪੁਰ, ਜੋ ਕਿ ਉਹਨਾਂ ਨੇ ਆਪ ਵਸਾਇਆ ਸੀ, ਆ ਕੇ ਟਿੱਕ ਗਏ। ਉਥੇ ਉਹ ਹਰ ਰੋਜ਼ ਸਵੇਰੇ ਸ਼ਾਮ ਦੀਵਾਨ ਲਗਾਉਂਦੇ ਤੇ ਬਾਕੀ ਦਾ ਸਾਰਾ ਦਿਨ ਉਹ ਕਿਰਤ (ਖੇਤੀ) ਕਰਿਆ ਕਰਦੇ। ਇਕ ਦਿਨ ਗੁਰੂ ਜੀ ਖੇਤਾਂ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਉਹਨਾਂ ਨੇ ਦੇਖਿਆ ਕਿ ਇਕ ਥਾਂ ਤੇ ਕਣਕ ਦੇ ਦੋ ਢੇਰ ਲੱਗੇ ਹੋਏ ਸਨ ਤੇ ਇਕ ਸਿੱਖ ਬਾਲਟੀ ਨਾਲ ਕਣਕ ਨੂੰ ਇਕ ਢੇਰ ਤੋਂ ਦੂਜੇ ਢੇਰ ਵਿਚ ਪਾ ਰਿਹਾ ਸੀ। ਗੁਰੂ ਜੀ ਰੁਕ ਗਏ ਤੇ ਪੁਛਣ ਲੱਗੇ ਕਿ ਇਹ ਕੀ ਕਰ ਰਹੇ ਹੋ? ਸਿੱਖ ਨੇ ਜੁਆਬ ਦਿੱਤਾ, “ਗੁਰੂ ਜੀ, ਅਸੀਂ ਦੋ ਭਰਾ ਹਾਂ, ਇਕੱਠੇ ਖੇਤੀ ਕਰਦੇ ਹਾਂ ਤੇ ਫਿਰ ਬਰਾਬਰ ਵਿਚ ਵੰਡ ਲੈਂਦੇ ਹਾਂ। ਮੈਂ ਆਪਣੇ ਭਰਾ ਨੂੰ ਹਰ ਵਾਰ ਕਹਿੰਦਾ ਹਾਂ ਕਿ ਤੇਰਾ ਪਰਿਵਾਰ ਵੱਡਾ ਹੈ, ਤੇਰੀ ਲੋੜ ਜ਼ਿਆਦਾ ਹੈ ਇਸ ਲਈ ਤੂੰ ਜ਼ਿਆਦਾ ਕਣਕ ਲਿਆ ਕਰ। ਪਰ ਉਹ ਮੰਨਦਾ ਹੀ ਨਹੀਂ। ਇਸ ਵੇਲੇ ਉਹ ਘਰ ਗਿਆ ਹੋਇਆ ਹੈ। ਸੋ ਮੈਂ ਉਹਦੇ ਪਿਛੋਂ ਪਿਛੋਂ ਆਪਣੀ ਢੇਰੀ ਵਿਚੋਂ ਕੁਝ ਕਣਕ ਉਹਦੀ ਢੇਰੀ ਵਿਚ ਪਾ ਰਿਹਾ ਹਾਂ ਤਾਂ ਕਿ ਉਸਦੀ ਲੋੜ ਪੂਰੀ ਹੋ ਸਕੇ।” ਗੁਰੂ ਜੀ ਉਸ ਦੀ ਗੱਲ ਸੁਣ ਕੇ ਬੜੇ ਖ਼ੁਸ਼ ਹੋਏ, ਉਸ ਨੂੰ ਬਹੁਤ ਪਿਆਰ ਕੀਤਾ ਤੇ ਖੇਤਾਂ ਵਲ ਨੂੰ ਤੁਰ ਪਏ।

ਸ਼ਾਮ ਨੂੰ ਵਾਪਸੀ ਤੇ ਗੁਰੂ ਜੀ ਫਿਰ ਉਸੇ ਥਾਂ ਤੇ ਪਹੁੰਚੇ। ਹੁਣ ਉਥੇ ਦੂਜਾ ਭਰਾ ਸੀ। ਉਹ ਵੀ ਬਾਲਟੀ ਨਾਲ ਇਕ ਢੇਰ ਤੋਂ ਦੂਜੇ ਢੇਰ ਵਿਚ ਕਣਕ ਪਾ ਰਿਹਾ ਸੀ। ਗੁਰੂ ਜੀ ਇਕ ਵਾਰ ਫੇਰ ਰੁਕ ਗਏ ਤੇ ਪੁਛਣ ਲੱਗੇ ਕਿ ਇਹ ਕੀ ਕਰ ਰਹੇ ਹੋ? ਸਿੱਖ ਨੇ ਬੜੀ ਨਿਮਰਤਾ ਨਾਲ ਜੁਆਬ ਦਿੱਤਾ, “ਗੁਰੂ ਜੀ ਮੈਂ ਆਪਣੇ ਕਣਕ ਦੇ ਢੇਰ ਵਿਚੋਂ ਕੁਝ ਕਣਕ ਆਪਣੇ ਭਰਾ ਦੇ ਢੇਰ ਵਿਚ ਪਾ ਰਿਹਾ ਹਾਂ।” ਗੁਰੂ ਜੀ ਦੇ ਇਹ ਪੁਛਣ ਤੇ ਕਿ ਐਸਾ ਕਿਉਂ ਕਰ ਰਹੇ ਹੋ? ਉਸ ਸਿੱਖ ਨੇ ਜੁਆਬ ਦਿੱਤਾ ਕਿ ਮੇਰੇ ਭਰਾ ਦਾ ਬੱਚਾ ਕੋਈ ਨਹੀਂ ਪਰ ਉਸ ਦੇ ਘਰ ਮਹਿਮਾਨ ਬਹੁਤ ਆਉਂਦੇ ਹਨ। ਬਹੁਤ ਸਾਰੇ ਸਾਧ ਸੰਤ ਮਹਾਤਮਾ ਉਸ ਦੇ ਘਰ ਆਉਂਦੇ ਰਹਿੰਦੇ ਹਨ। ਇਸ ਲਈ ਉਸ ਦੇ ਘਰ ਕਣਕ ਦੀ ਲਾਗਤ ਬਹੁਤ ਜ਼ਿਆਦਾ ਹੈ। ਮੈਂ ਉਸ ਨੂੰ ਬੜੀ ਵਾਰੀ ਕਿਹਾ ਹੈ ਕਿ ਜ਼ਿਆਦਾ ਕਣਕ ਲੈ ਲਿਆ ਕਰੇ ਪਰ ਉਹ ਮੰਨਦਾ ਹੀ ਨਹੀਂ। ਇਸ ਵੇਲੇ ਉਹ ਰੋਟੀ ਖਾਣ ਗਿਆ ਹੋਇਆ ਹੈ। ਮੈਂ ਉਹਦੇ ਪਿਛੋਂ ਕੁਝ ਕਣਕ ਉਹਦੇ ਢੇਰ ਵਿਚ ਪਾ ਰਿਹਾ ਹਾਂ ਤਾਂ ਕਿ ਉਸ ਦੀ ਲੋੜ ਪੂਰੀ ਹੋ ਸਕੇ।

ਜੁਆਬ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਬਾਕੀ ਸਿੱਖਾਂ ਨੂੰ ਉਹਨਾਂ ਦੋਨਾਂ ਭਰਾਵਾਂ ਵਰਗੇ ਬਣਨ ਲਈ ਕਿਹਾ ਜੋ ਦੂਜੇ ਦੀ ਲੋੜ ਨੂੰ ਆਪਣੀ ਲੋੜ ਨਾਲੋਂ ਵੱਧ ਸਮਝਦੇ ਸਨ।