ਹੁਕਮ ਮੰਨਿਐ ਹੋਵੈ ਪ੍ਰਵਾਨ

‘ਮੰਮੀ ਮੰਮੀ, ਅੱਜ ਸਾਨੂੰ ਇਮਤਿਹਾਨਾਂ ਦੀ ਡੇਟਸ਼ੀਟ ਮਿਲ ਗਈ। 22 ਮਈ ਤੋਂ ਪੇਪਰ ਸ਼ੁਰੂ ਨੇ। ਸਿਰਫ਼ ਵੀਹ ਦਿਨ ਰਹਿ ਗਏ।’ ਦੋਹਾਂ ਬੱਚਿਆਂ ਨੇ ਸਕੂਲੋਂ ਆਉਂਦਿਆਂ ਹੀ ਸਤਵੰਤ ਕੌਰ ਨੂੰ ਅੱਜ ਦੀ ਤਾਜ਼ਾ ਖਬਰ ਸੁਣਾਈ।

‘ਬੱਚੂ ਜੀ, ਫਿਰ ਕਰੋ ਪੜ੍ਹਨਾ ਸ਼ੁਰੂ।’ ਸਤਵੰਤ ਕੌਰ ਨੇ ਲਾਡ ਨਾਲ ਕਿਹਾ।

‘ਮੰਮੀ, ਇਮਤਿਹਾਨ ਕਿਉਂ ਹੁੰਦੇ ਨੇ? ਅਸੀਂ ਹਰ ਰੋਜ਼ ਹੋਮ ਵਰਕ ਕਰਦੇ ਤੇ ਹੈਗੇ ਆਂ। ਸਾਨੂੰ ਹੋਮ ਵਰਕ ਦੇ ਬੇਸ ਤੇ ਕਿਉਂ ਨਹੀਂ ਪਾਸ ਕਰ ਦਿੰਦੇ।’ ਹਰਲੀਨ ਕੌਰ ਨੂੰ ਇਮਤਿਹਾਨਾਂ ਲਈ ਪੜ੍ਹਨਾ ਚੰਗਾ ਨਹੀਂ ਸੀ ਲੱਗ ਰਿਹਾ।

‘ਮੇਰੀ ਪਿਆਰੀ ਗੁਡੂ! ਅਗਲੀ ਜਮਾਤ ਚੜ੍ਹਨ ਲਈ ਇਮਤਿਹਾਨ ਤਾਂ ਦੇਣਾ ਹੀ ਪੈਂਦਾ ਏ ਤੇ ਇਮਤਿਹਾਨ ਵਿਚ ਪਾਸ ਹੋਏ ਬਗੈਰ ਅਗਲੀ ਜਮਾਤ ਵੀ ਨਹੀਂ ਚੜ੍ਹ ਸਕਦੇ। ਤੁਹਾਨੂੰ ਪਤੈ, ਲਹਿਣਾ ਜੀ ਨੂੰ ਗੁਰੂ ਬਣਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵੀ ਉਨ੍ਹਾਂ ਦੇ ਇਮਤਿਹਾਨ ਲਏ ਸਨ।’ ਸਤਵੰਤ ਕੌਰ ਨੇ ਬੱਚਿਆਂ ਨੂੰ ਹੈਰਾਨ ਕਰਦਿਆਂ ਦੱਸਿਆ।

‘ਭਾਈ ਲਹਿਣਾ ਜੀ ਦੇ ਇਮਤਿਹਾਨ? ਮੰਮੀ, ਗੁਰੂ ਨਾਨਕ ਦੇਵ ਜੀ ਨੇ ਸਕੂਲ ਵੀ ਖੋਲ੍ਹਿਆ ਹੋਇਆ ਸੀ।’ ਗੁਰਜੋਤ ਵਾਸਤੇ ਇਹ ਗੱਲ ਬੜੀ ਹੈਰਾਨੀ ਭਰੀ ਸੀ।

‘ਬੱਚਿਓ, ਗੁਰਦੁਆਰਾ ਸਾਡਾ ਸਕੂਲ ਹੀ ਹੈ। ਏਥੇ ਗੁਰੂ ਜੀ ਆਪਣੇ ਸਿੱਖਾਂ ਨੂੰ ਬਾਣੀ ਰਾਹੀਂ ਪੜ੍ਹਾਉਂਦੇ ਹਨ। ਜਾਉ ਪਹਿਲਾਂ ਕਪੜੇ ਬਦਲ ਕੇ ਆਉ। ਰੋਟੀ ਖਾਣ ਵੇਲੇ ਦੱਸਾਂਗੀ ਭਾਈ ਲਹਿਣਾ ਜੀ ਦੇ ਇਮਤਿਹਾਨਾਂ ਬਾਰੇ।’ ਸਤਵੰਤ ਕੌਰ ਨੇ ਟੇਬਲ ਤੇ ਰੋਟੀ ਲਾਉਂਦਿਆਂ ਹੋਇਆਂ ਕਿਹਾ।

ਦੋਨੋਂ ਬੱਚੇ ਫਟਾਫਟ ਕਪੜੇ ਬਦਲ ਕੇ ਡਾਈਨਿੰਗ ਟੇਬਲ ਤੇ ਪਹੁੰਚ ਗਏ। ਉਨ੍ਹਾਂ ਨੂੰ ਆਪਣੇ ਇਮਤਿਹਾਨ ਭੁਲ ਚੁਕੇ ਸਨ। ਲਹਿਣਾ ਜੀ ਨੂੰ ਕਿਹੜੇ ਇਮਤਿਹਾਨ ਦੇਣੇ ਪਏ-ਇਹ ਜਾਣਨ ਦੀ ਉਨ੍ਹਾਂ ਨੂੰ ਕਾਹਲ ਸੀ। ਪਹਿਲੀ ਗਰਾਹੀਂ ਮੂੰਹ ਵਿਚ ਪਾਉਂਦਿਆਂ ਹੀ ਗੁਰਜੋਤ ਨੇ ਸਤਵੰਤ ਕੌਰ ਨੂੰ ਲਹਿਣਾ ਜੀ ਦੇ ਇਮਤਿਹਾਨਾਂ ਬਾਰੇ ਪੁਛਿਆ।

‘ਬੱਚਿਓ, ਇਹ ਤਾਂ ਤੁਹਾਨੂੰ ਮੈਂ ਦੱਸਿਆ ਹੀ ਸੀ ਕਿ ਭਾਈ ਲਹਿਣਾ ਜੀ ਦੁਕਾਨ ਦਾ ਸਾਰਾ ਕੰਮ ਆਪਣੇ ਬੇਟਿਆਂ ਨੂੰ ਸਮਝਾ ਕੇ ਆਪ ਕਰਤਾਰਪੁਰ ਰਹਿਣ ਲੱਗ ਪਏ ਸਨ।’

‘ਜਿਥੇ ਗੁਰੂ ਨਾਨਕ ਦੇਵ ਜੀ ਰਹਿੰਦੇ ਸਨ?’ ਗੁਰਜੋਤ ਨੇ ਸਤਵੰਤ ਕੌਰ ਨੂੰ ਵਿਚੋਂ ਹੀ ਟੋਕ ਕੇ ਪੁਛਿਆ।

‘ਹਾਂ ਬੇਟੇ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਰਹਿੰਦੇ ਸਨ। ਭਾਈ ਲਹਿਣਾ ਜੀ ਨੇ ਉਨ੍ਹਾਂ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਉਥੇ ਇਕ ਧਰਮਸਾਲਾ ਬਣਾਈ ਹੋਈ ਸੀ। ਧਰਮਸਾਲਾ ਦਾ ਮਤਲਬ ਸਮਝਦੇ ਓ ਨਾ?’

‘ਨਹੀਂ ਮੰਮੀ’ ਗੁਰਜੋਤ ਇਕ ਵਾਰ ਫਿਰ ਬੋਲਿਆ।

‘ਆਪਾਂ ਅੰਮ੍ਰਿਤਸਰ ਜਾਂਦੇ ਆਂ ਤੇ ਸਰਾਂ ਵਿਚ ਠਹਿਰਦੇ ਆ ਨਾ? ਉਹਨੂੰ ਧਰਮਸਾਲਾ ਵੀ ਕਹਿੰਦੇ ਨੇ। ਭਾਈ ਲਹਿਣਾ ਜੀ ਕਰਤਾਰਪੁਰ ਦੀ ਧਰਮਸਾਲਾ ਵਿਚ ਰਹਿਣ ਲੱਗ ਪਏ। ਸਾਰਾ ਦਿਨ ਉਹ ਸੰਗਤ ਦੀ ਸੇਵਾ ਕਰਦੇ, ਕੀਰਤਨ ਕਥਾ ਸੁਣਦੇ ਤੇ ਰਾਤ ਨੂੰ ਧਰਮਸਾਲਾ ਵਿਚ ਆ ਕੇ ਆਰਾਮ ਕਰਦੇ। ਗੁਰੂ ਜੀ ਇਕ ਗੱਲ ਹਮੇਸ਼ਾ ਸਮਝਾਇਆ ਕਰਦੇ ਕਿ ਸਾਨੂੰ ਸਾਰਿਆਂ ਨੂੰ ਹੁਕਮ ਮੰਨਣ ਦੀ ਜਾਚ ਸਿੱਖਣੀ ਚਾਹੀਦੀ ਹੈ।’

‘ਮੰਮੀ, ਜਪੁ ਜੀ ਸਾਹਿਬ ਵਿਚ ਵੀ ਤੁਕ ਆਉਂਦੀ ਏ ਨਾ-ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਹਰਲੀਨ ਨੂੰ ਯਾਦ ਆ ਗਿਆ।

‘ਹਾਂ ਬਿਲਕੁਲ। ਤੇ ਫੇਰ ਇਕ ਦਿਨ ਗੁਰੂ ਜੀ ਨੇ ਸੋਚਿਆ ਕਿ ਦੇਖਾਂ ਕਿਹੜੇ ਕਿਹੜੇ ਸਿੱਖ ਨੇ ਹੁਕਮ ਮੰਨਣ ਦੀ ਜਾਚ ਸਿੱਖੀ ਏ? ਬਸ ਇਹੀ ਸਾਰੇ ਸਿੱਖਾਂ ਦਾ ਇਮਤਿਹਾਨ ਸੀ।’ ਸਤਵੰਤ ਕੌਰ ਨੇ ਸਮਝਾਦਿਆਂ ਹੋਇਆਂ ਕਿਹਾ।

‘ਬਸ ਸਿਰਫ ਏਨਾ ਈ। ਸਾਨੂੰ ਤੇ ਐਡੇ ਐਡੇ ਵੱਡੇ ਲੈਸਨ ਯਾਦ ਕਰਨੇ ਪੈਂਦੇ ਨੇ।’ ਦੋਹਾਂ ਬੱਚਿਆਂ ਨੂੰ ਇਹ ਇਮਤਿਹਾਨ ਬੜਾ ਸੌਖਾ ਜਿਹਾ ਜਾਪਿਆ।

‘ਬੱਚੂ ਜੀ, ਇਹੀ ਇਮਤਿਹਾਨ ਤੇ ਔਖਾ ਸੀ। ਸੁਣੋ ਤੇ ਸਹੀ। ਇਕ ਦਿਨ ਗੁਰੂ ਜੀ ਦਾ ਕਟੋਰਾ ਇਕ ਗੰਦੇ ਨਾਲੇ ਵਿਚ ਡਿੱਗ ਪਿਆ। ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਕੱਢਣ ਲਈ ਕਿਹਾ ਪਰ ਕਿਸੇ ਨੇ ਵੀ ਨਾ ਕੱਢਿਆ ਕਿਉਂ ਕਿ ਨਾਲਾ ਬਹੁਤ ਗੰਦਾ ਸੀ। ਕਟੋਰਾ ਕੱਢਣ ਲਈ ਨਾਲੇ ਵਿਚ ਵੜਨਾ ਪੈਣਾ ਸੀ। ਵੜਨ ਵਾਲੇ ਦੇੇ ਕਪੜੇ ਵੀ ਗੰਦੇ ਹੋਣੇ ਸਨ। ਉਹਨੂੰ ਨਹਾਉਣਾ ਵੀ ਪੈਣਾ ਸੀ। ਕੋਈ ਵੀ ਸਿੱਖ ਤਿਆਰ ਨਾ ਹੋਇਆ। ਗੁਰੂ ਜੀ ਨੇ ਆਪਣੇ ਬੇਟਿਆਂ ਨੂੰ ਕਿਹਾ। ਉਹ ਵੀ ਨਾ ਮੰਨੇ। ਕਹਿਣ ਲੱਗੇ ਕਿਸੇ ਜਮਾਂਦਾਰ ਨੂੰ ਬੁਲਾ ਕੇ ਕਢਾ ਦੇਂਦੇ ਆਂ। ਫੇਰ ਗੁਰੂ ਜੀ ਨੇ ਭਾਈ ਲਹਿਣਾ ਜੀ ਵਲ ਦੇਖਿਆ। ਲਹਿਣਾ ਜੀ ਉਸੇ ਵੇਲੇ ਨਾਲੇ ਵਿਚ ਵੜ ਗਏ। ਨਾਲਾ ਬੜਾ ਗੰਦਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਸੀਵਰੇਜ ਗੰਦਾ ਹੁੰਦਾ ਏ। ਤੁਹਾਨੂੰ ਪਤਾ ਈ ਏ ਭਾਈ ਲਹਿਣਾ ਜੀ ਬੜੇ ਅਮੀਰ ਸਨ। ਉਨ੍ਹਾਂ ਦੇ ਕਪੜੇ ਵੀ ਬੜੇ ਕੀਮਤੀ ਸਨ। ਉਨ੍ਹਾਂ ਨੇ ਕਦੀ ਇਹ ਕੰਮ ਕੀਤਾ ਵੀ ਨਹੀਂ ਸੀ। ਪਰ ਉਨ੍ਹਾਂ ਨੇ ਗੁਰੂ ਜੀ ਦਾ ਹੁਕਮ ਮੰਨਿਆ, ਕਟੋਰਾ ਬਾਹਰ ਕੱਢਿਆ, ਆਪ ਇਸ਼ਨਾਨ ਕੀਤਾ, ਫਿਰ ਕਟੋਰਾ ਚੰਗੀ ਤਰ੍ਹਾਂ ਸਾਫ ਕਰਕੇ, ਲਿਸ਼ਕਾ ਕੇ ਗੁਰੂ ਜੀ ਨੂੰ ਲਿਆ ਕੇ ਦੇ ਦਿੱਤਾ। ਗੁਰੂ ਜੀ ਬੜੇ ਖੁਸ਼ ਹੋਏ ਤੇ ਭਾਈ ਲਹਿਣਾ ਜੀ ਨੂੰ ਬੜਾ ਪਿਆਰ ਕੀਤਾ।

‘ਮੰਮੀ, ਉਹ ਕਟੋਰਾ ਹੀਰਿਆਂ ਦਾ ਸੀ?’ ਗੁਰਜੋਤ ਦੇ ਮੂੰਹੋਂ ਸਹਿਜ ਸੁਭਾ ਹੀ ਨਿਕਲਿਆ।

‘ਨਹੀਂ ਬੇਟਾ, ਉਹ ਤਾਂ ਸਧਾਰਨ ਜਿਹਾ ਕਟੋਰਾ ਸੀ’ ਸਤਵੰਤ ਕੌਰ ਨੇ ਦੱਸਿਆ।

‘ਫੇਰ ਗੁਰੂ ਜੀ ਨੇ ਉਹ ਕਟੋਰਾ ਕੱਢਣ ਲਈ ਕਿਉਂ ਕਿਹਾ। ਨਵਾਂ ਲੈ ਲੈਂਦੇ।’ ਗੁਰਜੋਤ ਹੈਰਾਨ ਸੀ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਤਨੇ ਗੰਦੇ ਨਾਲੇ ਵਿਚ ਕਿਉਂ ਵਾੜਿਆ।

‘ਬੱਚੇ, ਗੱਲ ਕਟੋਰੇ ਦੀ ਨਹੀਂ। ਗੱਲ ਤਾਂ ਹੁਕਮ ਮੰਨਣ ਦੀ ਏ। ਗੁਰੂ ਜੀ ਨੇ ਇਹ ਦੇਖਣਾ ਸੀ ਕਿ ਉਨ੍ਹਾਂ ਦੀ ਗੱਲ ਕੌਣ ਮੰਨਦਾ ਹੈ? ਭਾਈ ਲਹਿਣਾ ਜੀ ਨੇ ਹੁਕਮ ਮੰਨਿਆ ਤੇ ਉਹ ਇਮਤਿਹਾਨ ਵਿਚ ਪਾਸ ਹੋ ਗਏ।

‘ਬਸ ਇਕੋ ਹੀ ਇਮਤਿਹਾਨ? ਸਾਡੇ ਤੇ ਕਿੰਨੇ ਸਾਰੇ ਪੇਪਰ ਹੁੰਦੇ ਨੇ?’ ਗੁਰਜੋਤ ਦੀ ਹੈਰਾਨੀ ਅਜੇ ਖਤਮ ਨਹੀਂ ਸੀ ਹੋਈ।

‘ਨਹੀਂ ਬੇਟਾ, ਭਾਈ ਲਹਿਣਾ ਜੀ ਦੇ ਵੀ ਕਈ ਇਮਤਿਹਾਨ ਹੋਏ। ਇਕ ਵਾਰ ਸਰਦੀਆਂ ਦੇ ਦਿਨਾਂ ਵਿਚ ਰਾਤ ਵੇਲੇ ਮੀਂਹ ਪੈਣਾ ਸ਼ੁਰੂ ਹੋ ਗਿਆ। ਧਰਮਸਾਲਾ ਦੀ ਦੀਵਾਰ ਟੁਟ ਗਈ। ਗੁਰੂ ਜੀ ਨੇ ਕਈ ਸਿੱਖਾਂ ਨੂੰ ਦੀਵਾਰ ਬਣਾਉਣ ਲਈ ਕਿਹਾ। ਸਾਰਿਆਂ ਨੇ ਕਿਹਾ ਸਵੇਰੇ ਬਣਾ ਦਿਆਂਗੇ। ਗੁਰੂ ਜੀ ਨੇ ਆਪਣੇ ਪੁਤਰਾਂ ਨੂੰ ਕਿਹਾ, ਉਨ੍ਹਾਂ ਨੇ ਵੀ ਨਾਂਹ ਕਰ ਦਿੱਤੀ। ਪਰ ਭਾਈ ਲਹਿਣਾ ਜੀ ਨੇ ਹੁਕਮ ਮੰਨ ਕੇ ਵਸਦੇ ਮੀਂਹ ਵਿਚ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ। ਏਥੇ ਵੀ ਬਾਕੀ ਸਾਰੇ ਫੇਲ੍ਹ ਤੇ ਲਹਿਣਾ ਜੀ ਪਾਸ ਹੋ ਗਏ।’ ਸਤਵੰਤ ਕੌਰ ਨੇ ਸਾਹ ਲੈ ਕੇ ਫਿਰ ਦੱਸਿਆ, ‘ਫੇਰ ਇਕ ਦਿਨ ਗੁਰੂ ਜੀ ਨੇ ਬੜੀ ਹਨੇਰੀ ਰਾਤ ਨੂੰ ਲਹਿਣਾ ਜੀ ਨੂੰ ਕਪੜੇ ਧੋਣ ਲਈ ਕਿਹਾ। ਬੱਚੇ ਉਦੋਂ ਘਰਾਂ ਵਿਚ ਨਲਕੇ ਨਹੀਂ ਸੀ ਹੁੰਦੇ। ਕਪੜੇ ਧੋਣ ਲਈ ਦਰਿਆ ਤੇ ਜਾਣਾ ਪੈਂਦਾ ਸੀ। ਲਹਿਣਾ ਜੀ ਹਨੇਰੀ ਰਾਤ ਵਿਚ ਦਰਿਆ ਤੇ ਗਏ ਤੇ ਕਪੜੇ ਧੋ ਲਿਆਏ। ਇਕ ਦਿਨ ਧਰਮਸਾਲਾ ਵਿਚ ਇਕ ਚੂਹੀ ਮਰ ਗਈ। ਬੱਚਿਓ, ਅੱਜ ਤੇ ਜੇ ਚੂਹੀ ਮਰ ਜਾਏ ਤਾਂ ਅਸੀਂ ਆਪੇ ਬਾਹਰ ਸੁਟ ਆਉਂਦੇ ਹਾਂ। ਉਦੋਂ ਅਜਿਹਾ ਕਰਨਾ ਮਾੜਾ ਸਮਝਿਆ ਜਾਂਦਾ ਸੀ। ਇਸ ਕੰਮ ਲਈ ਜਮਾਂਦਾਰ ਬੁਲਾਏ ਜਾਂਦੇ ਸਨ। ਪਰ ਗੁਰੂ ਜੀ ਦੇ ਇਸ਼ਾਰਾ ਕਰਦਿਆਂ ਹੀ ਭਾਈ ਲਹਿਣਾ ਜੀ ਨੇ ਆਪਣੇ ਹੱਥੀਂ ਚੂਹੀ ਚੁਕ ਕੇ ਬਾਹਰ ਸੁਟ ਦਿੱਤੀ। ਭਾਈ ਲਹਿਣਾ ਜੀ ਸਾਰੇ ਇਮਤਿਹਾਨਾਂ ਵਿਚ ਪਾਸ ਹੋਈ ਜਾ ਰਹੇ ਸਨ। ਬਸ ਫਾਈਨਲ ਪੇਪਰ ਬਾਕੀ ਸੀ। ਇਕ ਦਿਨ ਗੁਰੂ ਜੀ ਨੇ ਆਪਣਾ ਭੇਸ ਵਟਾ ਲਿਆ। ਮੈਲੇ ਜਿਹੇ ਕਪੜੇ ਪਾ ਲਏ। ਮੋਢੇ ਤੇ ਇਕ ਥੈਲਾ ਲਟਕਾ ਲਿਆ। ਹੱਥ ਵਿਚ ਸੋਟਾ ਫੜ ਲਿਆ ਤੇ ਜੰਗਲ ਵਲ ਨੂੰ ਤੁਰ ਪਏ। ਬਹੁਤ ਸਾਰੇ ਸਿੱਖ ਉਨ੍ਹਾਂ ਦੇ ਪਿਛੇ ਤੁਰ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਸੋਟੇ ਨਾਲ ਡਰਾਇਆ। ਕਈ ਸਿੱਖ ਡਰਦੇ ਵਾਪਸ ਘਰਾਂ ਨੂੰ ਚਲੇ ਗਏ। ਥੋੜ੍ਹੀ ਦੂਰ ਗਏ ਤਾਂ ਗੁਰੂ ਜੀ ਨੇ ਥੈਲੇ ਵਿਚੋਂ ਪੈਸੇ ਸੁਟੇ। ਕੁਝ ਲੋਕਾਂ ਨੇ ਪੈਸੇ ਚੁਕੇ ਤੇ ਵਾਪਸ ਚਲੇ ਗਏ। ਥੋੜ੍ਹੀ ਹੋਰ ਦੂਰ ਜਾ ਕੇ ਗੁਰੂ ਜੀ ਨੇ ਸੋਨੇ ਦੇ ਸਿੱਕੇ ਸੁਟੇ। ਸਾਰਿਆਂ ਨੇ ਸਿੱਕੇ ਚੁਕੇ ਤੇ ਵਾਪਸ ਚਲੇ ਗਏ। ਪਰ ਭਾਈ ਲਹਿਣਾ ਜੀ ਗੁਰੂ ਜੀ ਦੇ ਪਿਛੇ ਤੁਰੀ ਗਏ। ਜਦੋਂ ਗੁਰੂ ਜੀ ਨੇ ਪੁਛਿਆ-ਸਾਰੇ ਚਲੇ ਗਏ ਤੂੰ ਕਿਉਂ ਨਹੀਂ ਗਿਆ? ਤਾਂ ਭਾਈ ਲਹਿਣਾ ਜੀ ਨੇ ਜੁਆਬ ਦਿੱਤਾ-ਮੇਰਾ ਤੁਹਾਡੇ ਬਿਨਾਂ ਹੋਰ ਕੋਈ ਹੈ ਹੀ ਨਹੀਂ, ਮੈਂ ਕਿਸ ਕੋਲ ਜਾਵਾਂ? ਗੁਰੂ ਜੀ ਬੜੇ ਖੁਸ਼ ਹੋਏ। ਅਸਲ ਵਿਚ ਉਹ ਇਮਤਿਹਾਨ ਲੈ ਰਹੇ ਸਨ ਕਿ ਕੌਣ ਪੈਸੇ ਦੇ ਲਾਲਚ ਵਿਚ ਨਹੀਂ ਆਉਂਦਾ ਜਾਂ ਕੌਣ ਉਨ੍ਹਾਂ ਦਾ ਇਹ ਰੂਪ ਦੇਖ ਕੇ ਨਹੀਂ ਡਰਦਾ। ਭਾਈ ਲਹਿਣਾ ਜੀ ਇਸ ਇਮਤਿਹਾਨ ਵਿਚੋਂ ਵੀ ਪਾਸ ਹੋ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਗਲਵਕੜੀ ਵਿਚ ਲੈ ਕੇ ਕਿਹਾ-ਤੂੰ ਤਾਂ ਮੇਰਾ ਅੰਗ ਹੈਂ ਅੱਜ ਤੋਂ ਤੇਰਾ ਨਾਮ ਲਹਿਣਾ ਨਹੀਂ, ਅੰਗਦ ਹੋਏਗਾ। ਹੁਣ ਤੇਰੇ ਮੇਰੇ ਵਿਚ ਕੋਈ ਅੰਤਰ ਨਹੀਂ। ਮੇਰੇ ਤੋਂ ਬਾਅਦ ਤੂੰ ਸਿੱਖਾਂ ਦਾ ਗੁਰੂ ਹੋਏਂਗਾ।

‘ਮੰਮੀ, ਅੰਗ ਦਾ ਮਤਲਬ ਔਰਗਨ,’ ਹਰਲੀਨ ਨੇ ਸ਼ੰਕਾ ਦੂਰ ਕਰਨ ਲਈ ਪੁਛਿਆ।

‘ਹਾਂ ਬੇਟੇ, ਹੱਥ, ਪੈਰ, ਬਾਹਵਾਂ ਆਦਿ ਸਾਡੇ ਸਰੀਰ ਦੇ ਅੰਗ ਨੇ ਨਾ। ਇਨ੍ਹਾਂ ਬਿਨਾਂ ਅਸੀਂ ਅਧੂਰੇ ਹਾਂ। ਏਸੇ ਤਰ੍ਹਾਂ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਲਿਆ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਮੱਥਾ ਟੇਕ ਕੇ ਆਪਣੀ ਥਾਂ ਤੇ ਗੁਰੂ ਬਣ ਦਿੱਤਾ। ਅੱਛਾ ਬੱਚਿਉ, ਹੁਣ ਇਕ ਪ੍ਰਸ਼ਨ ਪੁਛਾਂ?’

‘ਪੁਛੋ ਮੰਮੀ,’ ਦੋਨੋਂ ਬੱਚੇ ਇਕੱਠੇ ਬੋਲ ਉੱਠੇ।

‘ਗੁਰੂ ਅੰਗਦ ਦੇਵ ਜੀ ਕਿਹੜੇ ਗੁਣ ਕਰਕੇ ਸਾਰੇ ਇਮਤਿਹਾਨਾਂ ਵਿਚ ਪਾਸ ਹੋਏ?’

‘ਮੰਮੀ ਮੈਂ ਦੱਸਾਂ-ਹੁਕਮ ਮੰਨਣ ਕਰਕੇ।’ ਹਰਲੀਨ ਇਕਦਮ ਬੋਲੀ।

‘ਸ਼ਾਬਾਸ਼ ਬੇਟੇ, ਜਿਹੜਾ ਵੀ ਆਪਣੇ ਗੁਰੂ ਜੀ ਦਾ ਹੁਕਮ ਮੰਨੇਗਾ ਉਹ ਸਾਰੇ ਇਮਤਿਹਾਨਾਂ ਵਿਚ ਪਾਸ ਹੋ ਜਾਏਗਾ। ਟੀਚਰ ਵੀ ਗੁਰੂ ਏ ਨਾ। ਤੁਹਾਡੇ ਮੈਡਮ ਨੇ ਤੁਹਾਨੂੰ ਡੇਟਸ਼ੀਟ ਦਿੱਤੀ ਏ ਤਾਂ ਕਿ ਤੁਸੀਂ ਇਮਤਿਹਾਨਾਂ ਦੀ ਤਿਆਰੀ ਸ਼ੁਰੂ ਕਰ ਦਿਉ। ਚਲੋ ਹੁਣ ਥੋੜ੍ਹੀ ਦੇਰ ਰੈਸਟ ਕਰ ਲਉ। ਉੱਠ ਕੇ ਫਿਰ ਪੜ੍ਹਣਾ।’ ਸਤਵੰਤ ਕੌਰ ਨੇ ਗੱਲ ਖਤਮ ਕਰਦਿਆਂ ਕਿਹਾ।

ਦੋਨੋਂ ਬੱਚੇ ਜਿਵੇਂ ਕਿਸੇ ਹੋਰ ਦੁਨੀਆਂ ਵਿਚ ਪਹੁੰਚ ਗਏ ਸਨ। ਮੰਮੀ ਕੋਲੋਂ ਡੇਟਸ਼ੀਟ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਆਪਣੇ ਇਮਤਿਹਾਨ ਚੇਤੇ ਆ ਗਏ ਤੇ ਆਪਣੇ ਕਮਰੇ ਵਿਚ ਆਰਾਮ ਕਰਨ ਲਈ ਚਲੇ ਗਏ।