SikhThought - HolaMohalla

ਹੋਲਾ ਮਹੱਲਾ-ਸੰਤ ਸਿਪਾਹੀ ਸਿਧਾਂਤ ਦਾ ਪ੍ਰਤੀਕ

ਸ੍ਰੀ ਗੁਰ ਆਨੰਦ ਰੂਪ ਕਹਯੋ ਸ੍ਰੀ ਅਨੰਦਪੁਰ,
ਸੁਨੋ ਖ਼ਾਲਸਾ ਜੀ! ਹੋਲਾ ਕਾਲ ਹੀ ਮਚਾਵੈਂਗੇ।5।

(ਨਿਰਮਲੇ ਵਿਦਵਾਨ ਸੰਤ ਨਿਹਾਲ ਸਿੰਘ ਬੁੰਗਾ ਸੋਹਲਾਂ)

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ।ਸੰਤ ਦੇ ਨਾਲ ਸਿਪਾਹੀ ਬਨਣ ਦਾ ਸਿਧਾਂਤ ਪਰਪੱਕ ਕਰਣ ਲਈ ਪੰਜ ਕਕਾਰਾਂ ਵਿਚ ਹਥਿਆਰ ਸ਼ਾਮਲ ਕੀਤਾ ਗਿਆ।ਉਸ ਦਾ ਨਾਂ ਰੱਖਿਆ – ਕ੍ਰਿਪਾਨ ।ਉਨ੍ਹਾਂ ਨੇ ਹਰ ਸਿੱਖ ਲਈ ਕ੍ਰਿਪਾਨ ਨੂੰ ਧਾਰਨ ਕਰਣਾ ਲਾਜ਼ਮੀ ਕਰ ਦਿੱਤਾ।ਇਸ ਕਕਾਰ ਨੂੰ ਤਲਵਾਰ,ਕਟਾਰ ਜਾਂ ਕੁਝ ਹੋਰ ਨਹੀਂ ਕਿਹਾ ਜਾ ਸਕਦਾ।

ਕ੍ਰਿਪਾਨ ਦਾ ਸਿਧਾਂਤ

ਸਿੱਖ ਨੇ ਕ੍ਰਿਪਾਨ ਦੇ ਸਿਧਾਂਤ ਨੂੰ ਕਦੇ ਨਹੀਂ ਭੁਲਣਾ।ਲਫਜ਼ ਕ੍ਰਿਪਾਨ ਦਾ ਮਤਲਬ ਹੈ= ਕ੍ਰਿਪਾ + ਆਨ। ਸੱਚ ਲਈ ਜੇ ਲੋੜ ਪਵੇ ਤਾਂ ਜਾਨ ਕੁਰਬਾਣ ਕਰ ਦੇਣੀ।ਹੋਰ ਹੀਲੇ ਨਾਕਾਮਯਾਬ ਹੋ ਜਾਣ ਤਾਂ ਹਥਿਆਰਾਂ ਦੀ ਵਰਤੋਂ ਜਾਇਜ਼ ਹੈ ਪਰ ਅਜਿਹਾ ਮਜ਼ਲੂਮਾਂ ਦੀ ਰੱਖਿਆ ਲਈ ਅਤੇ ਮਨੁਖਤਾ ਦੀ ਆਨ ਸ਼ਾਨ ਕਾਇਮ ਰੱਖਣ ਲਈ ਹੀ ਕਰਣਾ ਹੈ।ਨਿਜੀ ਰੰਜਸ਼ਾਂ ਜਾਂ ਹੋਰ ਕਾਰਨਾਂ ਲਈ ਨਹੀਂ।ਸਿੱਖ ਪੰਥ ਵਿਚ ਵੈਰੀ ਨੂੰ ਵੀ ਓਹੀ ਪਿਆਰ ਅਤੇ ਹਮਦਰਦੀ ਮਿਲਦੀ ਹੈ, ਜਿਹੜੀ ਅਪਣਿਆਂ ਨੂੰ।ਭਾਈ ਘਣਈਆ ਦੀ ਉਦਾਹਰਣ ਇਹ ਗਲ ਪ੍ਰਤੱਖ ਕਰਦੀ ਹੈ।ਸਿੱਖ ਦਾ ਜੰਗ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਇਹ ਸਿਰਫ ਜ਼ੁਲਮ ਦੇ ਖਾਤਮੇ ਲਈ ਅਤੇ ਆਨ ਬਚਾਉਣ ਲਈ ਹੀ ਹੈ। ਅਜਿਹੀ ਜੰਗ ਦੀ ਕਦੇ ਵੀ ਲੋੜ ਪੈ ਸਕਦੀ ਹੈ।ਇਸ ਲਈ ਹਥਿਆਰਾਂ ਦਾ ਅਭਿਆਸ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਹੈ।

ਹਥਿਆਰਾਂ ਦੇ ਅਭਿਆਸ ਹਿਤ ਤਿਉਹਾਰ ਦੀ ਚੋਣ

ਸੰਨ 1700 ਵਿਚ ਦਸਮੇਸ਼ ਪਿਤਾ ਨੇ ਜ਼ਾਲਮ ਹਾਕਮਾਂ ਨਾਲ ਨਿਰਮੋਹਗੜ੍ਹ ਦਾ ਯੁਧ ਕੀਤਾ।ਸਿੱਖਾਂ ਨੂੰ ਹਥਿਆਰਾਂ ਦੇ ਅਭਿਆਸ ਦੀ ਮਹੱਤਤਾ ਦ੍ਰਿੜ ਕਰਵਾਉਣ ਲਈ ਇਸੇ ਹੀ ਸਾਲ ਹਥਿਆਰਾਂ ਦੇ ਅਭਿਆਸ ਦਾ ਸੂਚਕ ਹੋਲਾ ਮਹੱਲਾ ਵੀ ਕਾਇਮ ਕਰ ਦਿੱਤਾ।ਹੋਲਾ ਮਹੱਲਾ ਸਿਰਫ ਇਕ ਤਿਉਹਾਰ ਹੀ ਨਹੀਂ,ਸਗੋਂ ਸ਼ਸਤਰਾਂ ਨਾਲ ਸਾਂਝ ਪਾਉਣ ਦਾ ਪ੍ਰੇਰਣਾਸ੍ਰੋਤ ਹੈ।ਗੁਰਸਿੱਖ ਨੇ ਤਾਂ ਕੜਾਹ ਪ੍ਰਸ਼ਾਦ ਵੀ ਪਹਿਲਾਂ ਕ੍ਰਿਪਾਨ ਨੂੰ ਭੇਟ ਕਰਾ ਕੇ ਫਿਰ ਛਕਣਾ ਹੈ।
ਸੰਨ 1700 ਤੋਂ ਲੈਕੇ ਹੁਣ ਤਕ ਹਰ ਸਾਲ ਹੋਲਾ ਮਹੱਲਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਹ ਤਿਉਹਾਰ ਸਿੱਖਾਂ ਵਿਚ ਕਿੰਨਾ ਹਰਮਨ ਪਿਆਰਾ ਹੈ, ਦਾ ਅੰਦਾਜ਼ਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਨ 1889 ਵਿਚ ਖਾਲਸਾ ਦੀਵਾਨ ਦੀ ਪੰਜ ਸਿੱਖ ਛੁਟੀਆਂ ਦੀ ਮੰਗ ਵਿਚੋਂ ਜਦ ਦੋ ਛੁਟੀਆਂ ਲਾਹੌਰ ਸਰਕਾਰ ਵਲੋਂ ਪ੍ਰਵਾਣੀਆਂ ਗਈਆਂ ਤਾਂ ਹੋਲਾ ਮਹੱਲਾ ਉਨ੍ਹਾਂ ਵਿਚੋਂ ਇਕ ਸੀ।

ਗੁਰੁ ਸਾਹਿਬ ਨੇ ਬਹੁਤ ਸੋਚ ਵਿਚਾਰ ਕੇ ਹੋਲਾ ਮਹੱਲਾ ਦੀ ਚੋਣ ਕੀਤੀ ਹੈ।ਵਰਣਵੰਡ ਨੇ ਜਿੱਥੇ ਮਨੁਖਤਾ ਨੂੰ ਜਾਤਾਂ ਪਾਤਾਂ ਦੇ ਆਧਾਰ ਉਤੇ ਚਾਰ ਵਰਣਾਂ ਵਿਚ ਵੰਡਿਆ ਹੈ,ਉਥੇ ਤਿਉਹਾਰ ਵੀ ਵੱਖਰੇ ਵੱਖਰੇ ਵੰਡ ਦਿੱਤੇ।

ਵੈਸਾਖੀ ਉਤਮ ਮੰਨੀ ਗਈ, ਇਸ ਲਈ ਬ੍ਰਾਹਮਣਾਂ ਲਈ ਨਿਯਤ ਕਰ ਦਿੱਤੀ ਗਈ।ਦੀਵਾਲੀ ਖਤਰੀਆਂ ਲਈ,ਦੁਸਹਿਰਾ ਵੈਸ਼ਾਂ ਲਈ ਅਤੇ ਹੋਲੀ ਅਪਵਿਤ੍ਰ ਸਮਝ ਕੇ ਸ਼ੂਦਰਾਂ ਲਈ ਨਿਯਤ ਕੀਤੀ ਗਈ।ਸ਼ੂਦਰਾਂ ਵਿਚੋਂ ਹੀਣ ਭਾਵਣਾ ਕੱਢਣ ਲਈ ਅਤੇ ਚੜ੍ਹਦੀ ਕਲਾ ਭਰਣ ਵਾਸਤੇ ਖਾਸ ਤੌਰ ਤੇ ਇਸ ਤਿਉਹਾਰ ਦੀ ਚੋਣ ਕੀਤੀ ਗਈ।

ਨਾਮ “ਹੋਲਾ ਮਹੱਲਾ” ਦੀ ਵਿਲੱਖਣਤਾ

ਕਵੀ ਸੁਮੇਰ ਸਿੰਘ ਇਸ ਤਰ੍ਹਾਂ ਲਿਖਦੇ ਹਨ:

ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।

(ਗੁਰ ਪਦ ਪ੍ਰੇਮ ਪ੍ਰਕਾਸ਼)

‘ਹੋਲਾ’ ਅਰਬੀ ਭਾਸ਼ਾ ਦਾ ਲਫਜ਼ ਹੈ। ਹੋਲਾ ਲਫਜ਼ ਹੂਲ ਨਾਲ ਰਲਦਾ-ਮਿਲਦਾ ਹੈ। ਹੂਲ ਦੇ ਅਰਥ ਹਨ- ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ‘ਤੇ ਧਰ ਖੇਡਣਾ, ਤਲਵਾਰ ਦੀ ਧਾਰ ‘ਤੇ ਚੱਲਣਾ ।ਹੋਲਾ ਲਫਜ਼ ਦਾ ਮਤਲਬ ਹੱਲਾ ਬੋਲਣਾ ਲਿਆ ਗਿਆ ਹੈ।‘ਹੋਲਾ’ ਤੇ‘ਮਹੱਲਾ’ ਦੋ ਵੱਖ-ਵੱਖ ਸ਼ਬਦ ਹਨ।‘ਮਹੱਲਾ’ ਫਾਰਸੀ ਭਾਸ਼ਾ ਦਾ ਸ਼ਬਦ ਹੈ।“ਮਹੱਲਾ”ਲਫਜ਼ ਦਾ ਮਤਲਬ ਹੈ ਉਹ ਥਾਂ ਜਿਸ ਨੂੰ ਫਤਿਹ ਕਰ ਕੇ ਉਥੇ ਪੜਾਅ ਕੀਤਾ ਜਾਵੇ।ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਹੋਲਾ ਮਹੱਲਾ ਦੇ ਅਰਥ ਹਮਲਾ ਅਤੇ ਜਾਯ ਹਮਲਾ ਕਰਦੇ ਹਨ।ਇਹ ਨਾਮ ਚੜ੍ਹਦੀ ਕਲਾ ਦਾ ਸੂਚਕ ਹੈ। ਚੇਤ ਵਦੀ ਇੱਕ ਨੂੰ ਸਿੱਖਾਂ ਵਿਚ ਹੋਲਾ ਮਹੱਲਾ ਮਨਾਇਆਂ ਜਾਂਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ।

ਬਸੰਤ ਰੁਤ ਦਾ ਪ੍ਰਭਾਵ

ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਬਸੰਤ ਰੁਤ ਸ਼ੁਰੂ ਹੋ ਜਾਂਦੀ ਹੈ।ਇਹ ਸਮਾਂ ਹੋਲੀ ਤਕ ਚਲਦਾ ਹੈ।ਇਹ ਰੁਤ ਚੜਦੀ ਕਲਾ ਦੀ ਪ੍ਰਤੀਕ ਮੰਨੀ ਗਈ ਹੈ।ਸਿਆਲ ਦੀ ਅਤਿ ਦੀ ਠੰਡ ਤੋਂ ਬਾਅਦ ਬਸੰਤ ਰੁਤ ਵਿਚ ਸੁਖ-ਆਰਾਮ ਦਾ ਅਨੁਭਵ ਹੁੰਦਾ ਹੈ।ਰੰਗ ਬਰੰਗੇ ਫੁਲ ਖਿਲਣ ਲਗ ਪੈਂਦੇ ਹਨ।ਹਰ ਪਾਸੇ ਰੌਣਕ ਹੋ ਜਾਂਦੀ ਹੈ।ਫੁਲਾਂ ਨਾਲ ਭਰਪੂਰ ਅਤੇ ਲਾਲ ਪੀਲੀ ਭਾਅ ਮਾਰਦਾ ਮੈਦਾਨ ਖੇੜਿਆਂ ਦਾ ਸੰਕੇਤ ਦੇਂਦਾ ਹੈ।ਬਨਸਪਤੀ, ਚੰਨ, ਸੂਰਜ, ਤਾਰੇ, ਪਹਾੜ,ਪੰਛੀ ਸਭ ਇਸ ਵਿਸਮਾਦੀ ਵਰਤਾਰੇ ਨਾਲ ਪ੍ਰਭਾਵਿਤ ਹੋਏ ਪ੍ਰਤੀਤ ਹੁੰਦੇ ਹਨ।ਕੁਦਰਤ ਖਿੜਦੀ ਹੈ ਤਾਂ ਇਨਸਾਨ ਵੀ ਖੇੜੇ ਵਿਚ ਆ ਜਾਂਦਾ ਹੈ।ਭਾਈ ਨੰਦ ਲਾਲ ਜੀ ਨੂੰ ਤਾਂ ਇਸ ਬਹਾਰ ਦੇ ਨਾਲ ਮਹਿਰਮ ਯਾਰ ਵੀ ਦੀਦਾਰ ਦੇ ਰਿਹਾ ਹੈ—

ਬਹੋਸ਼ ਬਾਸ਼ ਕਿ ਹੰਗਾਮਏ ਨੌ ਬਹਾਰ ਆਮਦ।
ਬਹਾਰ ਆਮਦੋ, ਯਾਰ ਆਮਦ, ਕਰਾਰ ਆਮਦ।

(ਦੀਵਾਨਿ ਗੋਯਾ)

ਦਸਮੇਸ਼ ਪਿਤਾ ਬਸੰਤ ਦੀ ਕੁਦਰਤੀ ਸੁਹੱਪਣ ਵਾਲੀ ਰੁਤ ਵਿਚ ਖਾਲਸੇ ਦੇ ਮਾਨਸਿਕ ਉਮਾਹ ਨੂੰ ਰੱਬੀ ਬਾਣੀ ਦੀ ਰੂਹਾਨੀਅਤ ਵਿਚ ਰੰਙਣ ਦੇ ਨਾਲ ਨਾਲ ਬੀਰ ਰਸੀ ਜਲਾਲ ਨਾਲ ਰੰਗੇ ਜਾਣ ਦੀ ਪ੍ਰੇਰਨਾ ਕਰਦੇ ਹਨ ਕਿਉਂਕਿ ਇਹ ਰੁਤ ਹੈ ਹੀ ਚੜ੍ਹਦੀ ਕਲਾ ਦੀ ਪ੍ਰਤੀਕ।

ਹੋਲਾ ਮਹੱਲਾ ਮਨਾਉਣ ਦਾ ਢੰਗ

ਹੋਲੀ ਸਮੇਂ ਆਮ ਜਨਤਾ ਭੰਗ ਦੇ ਨਸ਼ੇ ਵਿਚ ਮਸਤ ਹੋ ਕੇ,ਕਾਮਦੇਵ ਦੀ ਚਿਖਾ ਜਲਾ ਕੇ ਜਾਂ ਫਿਰ ਰਾਸ ਲੀਲਾ ਵਿਚ ਹੀ ਅਪਣੀ ਸ਼ਕਤੀ ਅਜਾਈਂ ਗੁਆ ਦੇਂਦੀ ਹੈ। ਰੰਗਾਂ ਨੂੰ ਇਕ-ਦੂਜੇ ’ਤੇ ਪਾ ਕੇ, ਇਕ-ਦੂਜੇ ਨਾਲ ਖੁਸ਼ੀਆਂ ਵੰਡਣ ਦੀ ਜਗ੍ਹਾ ਕਈ ਤਰ੍ਹਾਂ ਦੀਆਂ ਗ਼ਲਤ ਸ਼ਰਾਰਤਾਂ ਨੂੰ ਜਸ਼ਨਾਂ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ,ਜਿਸ ਕਾਰਨ ਅਤਿਅੰਤ ਹਾਨੀਕਾਰਕ ਰਸਾਇਣਕ ਰੰਗਾਂ ਦਾ ਪ੍ਰਯੋਗ ਵੀ ਹੁੰਦਾ ਹੈ।ਕਈ ਜਗ੍ਹਾ ਮਿੱਟੀ ਉਡਾਉਣਾ, ਚਿੱਕੜ ਸੁਟਣਾ, ਟੋਲੀਆਂ ਬਣਾ ਕੇ ਬਜ਼ਾਰਾਂ ਵਿਚ ਖੜ੍ਹੇ ਹੋ ਕੇ ਰਾਹੀਆਂ ਨੂੰ ਤੰਗ ਕਰਨਾ ਹੋਲੀ ਦਾ ਇਕ ਜ਼ਰੂਰੀ ਅੰਗ ਹੀ ਮੰਨ ਲਿਆ ਗਿਆ ਹੈ।

ਲੋਕ ਹੋਲੀ ਦੇ ਅਸਲ ਮਹੱਤਵ ਨੂੰ ਮੂਲੋਂ ਹੀ ਭੁਲ ਚੁਕੇ ਸਨ।ਅਣਖ ਗਵਾ ਕੇ ਮਨੋਂ ਗੁਲਾਮੀ ਕਬੂਲ ਕਰ ਚੁਕੇ ਸਨ।ਗੁਰੁ ਸਾਹਿਬ ਨੇ ਜਨਤਾ ਨੂੰ ਐਸੀ ਸੂਝ ਪ੍ਰਦਾਨ ਕੀਤੀ ਅਤੇ ਉਹ ਤਿਉਹਾਰ ਪ੍ਰਚਲਤ ਕੀਤਾ ਜਿਸ ਨੇ ਲੁਕਾਈ ਨੂਮ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੇ ਸਮਰੱਥ ਬਣਾ ਦਿਤਾ।

ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਜੋ ਢੰਗ ਪ੍ਰਚਲਿਤ ਕੀਤਾ, ਉਹ ਬਾਹਰੀ ਅਤੇ ਅੰਤਰੀਵੀ ਦੋਨਾਂ ਰੂਪਾਂ ਵਿਚ ਬੀਰ-ਰਸ ਸੰਚਾਰ ਕਰਨ ਵਾਲਾ ਹੈ।ਹੋਲਾ ਮਹੱਲਾ ਦੇ ਮਨਾਉਣ ਦੇ ਢੰਗ ਤੋਂ ਸੰਤ ਸਿਪਾਹੀ ਦਾ ਸਿਧਾਂਤ ਪਰਪੱਕ ਹੁੰਦਾ ਹੈ।ਜੋਸ਼ ਪੈਦਾ ਕਰਨ ਲਈ ਕਲਗੀਧਰ ਪਿਤਾ ਨੇ ਜਿਥੇ ਹੋਲੇ ਮਹੱਲੇ ਰਾਹੀਂ ਨਵਾਂ ਜੀਵਣ-ਰਾਹ ਬਖਸ਼ਿਆ ਉਥੇ ਤਿਉਹਾਰ ਮਨਾਉਣ ਦੇ ਢੰਗ ਵਿਚ ਵੀ ਇਨਕਲਾਬੀ ਤਬਦੀਲੀ ਲਿਆਂਦੀ।ਲ਼ੋਕ ਇਸ ਉਤਸਵ ਵਿਚ ਧੜਾਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਏ।

ਭਾਈ ਨੰਦ ਲਾਲ ਜੀ ਵਰਗੇ ਮਹਾਨ ਵਿਦਵਾਨ ਚਿੰਤਕਾਂ ਨੇ ਸਤਿਗੁਰਾਂ ਦੁਆਰਾ ਹੋਲੇ ਦੀ ਖੇਡ ਨੂੰ ਆਪਣੀ ਕਲਮ ਨਾਲ ਬਿਆਨ ਕਰਦਿਆਂ ਲਿਖਿਆ ਹੈ ਕਿ ਹੋਲੀ ਦੇ ਫੁਲ ਖਿੜਨ ਨਾਲ ਸਾਰਾ ਬਾਗ ਸੁਗੰਧੀ ਨਾਲ ਭਰ ਗਿਆ ਅਤੇ ਪਾਤਸ਼ਾਹ ਦਾ ਮੁਖੜਾ ਕਲੀ ਦੀ ਤਰ੍ਹਾਂ ਖਿੜ ਗਿਆ।ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਮੀਂਹ ਦੀ ਤਰ੍ਹਾਂ ਵਰਸਣ ਲੱਗੀ। ਕੇਸਰ ਦੀ ਪਿਚਕਾਰੀ ਨੇ ਸਭ ਚਿੱਟੇ ਚੋਲਿਆਂ ਨੂੰ ਰੰਗਾਂ ਨਾਲ ਭਰ ਦਿੱਤਾ। ਪਾਤਸ਼ਾਹ ਨੇ ਗੁਲਾਲ ਦੀ ਐਸੀ ਵਰਖਾ ਕੀਤੀ ਕਿ ਧਰਤੀ ਤੇ ਆਕਾਸ਼ ਸੂਹਾ ਹੋ ਗਿਆ। ਜਦੋਂ ਪਾਤਸ਼ਾਹ ਨੇ ਰੰਗਿਆ ਹੋਇਆ ਚੋਲਾ ਪਹਿਨਿਆ ਤਾਂ ਸਭ ਦੀ ਆਤਮਾ ਖਿੜ ਗਈ:

ਗੁਲਿ ਹੋਲੀ ਬਬਾਗ਼ਿ ਦਹਿਰ ਬੂ ਕਰਦ
ਲਬਿ ਚੂੰ ਗ਼ੁੰਚਾ ਰਾ ਫ਼ਰਖ਼ੰਦਾ ਖ਼ੂ ਕਰਦ।
ਗੁਲਾਬੋ ਅੰਬਰੋ ਮਸ਼ਕੋ ਅਬੇਰੀ
ਚੂ ਬਾਰਾਨਿ ਬਾਰਿਸ਼ ਅਜ਼ ਸੂ ਬਸੂ ਕਰਦ।
ਜ਼ਹੇ ਪਿਚਕਾਰੀਏ ਪੁਰ ਜ਼ੁਅਫ਼ਰਾਨੀ
ਕਿ ਹਰ ਬੇਰੰਗ ਰਾ ਖੁਸ਼ਰੰਗੋ ਬੂ ਕਰਦ।
ਗੁਲਾਲਿ ਅਫ਼ਸ਼ਾਨੀਇ ਦਸਤਿ ਮੁਬਾਰਿਕ
ਜ਼ਮੀਨੋ ਆਸਮਾਂ ਰਾ ਸੁਰਖ਼ਰੂ ਕਰਦ।
ਦੋ ਆਲਮ ਗਸ਼ਤ ਰੰਗੀਂ ਅਜ਼ ਤੁਫ਼ਲੈਸ਼
ਚੂ ਸ਼ਾਹਮ ਜਾਮਾ ਰੰਗੀਨ ਦਰ ਗੁਲੂ ਕਰਦ।

ਉਨਾਂ ਦਿਨਾਂ ਵਿਚ ਕੋਈ ਸ਼ਸਤ੍ਰ ਨਹੀਂ ਸੀ ਰੱਖ ਸਕਦਾ।ਆਮ ਜਨਤਾ ਅੰਦਰ ਇਹ ਧਾਰਨਾ ਬਣ ਚੁਕੀ ਸੀ ਕਿ

ਕੰਮ ਹਮਾਰਾ ਤੋਲਣ ਤੱਕੜੀ।ਨੰਗੀ ਕਰਦ ਕਦੇ ਨਹੀਂ ਪਕੜੀ।
ਚਿੜੀ ਉਡੇ ਤਓ ਹਮ ਢਰ ਜਾਏਂ।ਦੁਸ਼ਮਣ ਸੇ ਕੈਸੇ ਲੜ ਪਾਏਂ।

ਅਜਿਹੇ ਸਹਿਮੇ ਹੋਏ ਲੋਕਾਂ ਅੰਦਰ ਬਲ ਭਰਣ ਲਈ ਗੁਰੂ ਪਿਤਾ ਨੇ ਸ਼ਸਤ੍ਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾਆਂਦਿ ਕਰਤਬ ਹੋਲੇ ਮਹੱਲੇ ਦਾ ਅਟੁਟ ਅੰਗ ਬਣਾ ਦਿੱਤੇ।ਗਤਕੇ ਵਰਗੀਆਂ ਜੋਸ਼ੀਲੀਆਂ ਖੇਡਾਂ ਖਿਡਾਈਆਂ।ਕੁਸ਼ਤੀਆਂ,ਦੌੜਾਂ,ਨੇਜ਼ਾਬਾਜ਼ੀਅਤੇ ਹੋਰ ਕਈ ਕਿਸਮ ਦੇ ਮੁਕਾਬਲੇ ਸ਼ੁਰੂ ਕੀਤੇ ਗਏ।

ਹੋਲੇ ਦਾ ਅਰੰਭ ਇਕ ਕਿਲ੍ਹੇ, ਜਿਸ ਦਾ ਨਾਂ ਰੱਖਿਆ-ਹੋਲ ਗੜ੍ਹ। ਮਹਾਰਾਜ ਸਿੰਘਾਂ ਦੀਆਂ ਦੋ ਫੌਜਾਂ ਬਣਾ ਕੇ ਨਕਲੀ ਯੁਧ ਕਰਵਾਉਂਦੇ।ਮੁਖੀ ਸਿੰਘਾਂ ਦੀ ਨਿਗਰਾਣੀ ਹੇਠਾਂ ਇਕ ਖਾਸ ਥਾਂ ਤੇ ਹਮਲਾ ਕਰਵਾਉਂਦੇ।

ਗੁਰੂ ਜੀ ਉਨ੍ਹਾਂ ਨੂੰ ਪਹਿਲਾਂ ਸੰਬੋਧਨ ਕਰਦੇ। ਮੈਦਾਨ ਵਿਚ ਜਾਣ ਤੋਂ ਪਹਿਲਾਂ ਦੋਹਾਂ ਪਾਸਿਆਂ ਦੀਆਂ ਫੌਜਾਂ ਨੂੰ ਧਾਰਮਿਕ ਵਿੱਦਿਆ ਦੇ ਨਾਲ ਨਾਲ ਮੁਗ਼ਲਾਂ ਦੀ ਗ਼ੁਲਾਮੀ ਬਾਰੇ ਦੱਸਦੇ।ਮਸਨੂਈ ਯੁਧ ਕਰਵਾਏ ਜਾਂਦੇ।ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਜਾਂ ਮਸ਼ਕਾਂ ਹੁੰਦੀਆਂ।ਹੌਸਲਾ ਅਫਜ਼ਾਈ ਲਈ ਦੀਵਾਨਾਂ ਵਿਚ ਸਿਰੋਪੇ ਬਖਸ਼ੇ ਜਾਂਦੇ।

ਯੋਧਿਆਂ ਨੂੰ ਚੰਗੀ ਸੰਤੁਲਿਤ ਖੁਰਾਕ ਦਿੱਤੀ ਜਾਂਦੀ। ਹੀਣੇ ਲੋਕਾਂ ਨੂੰ ਉੱਚਾ ਚੁਕਣ ਲਈ ਵਿਚਾਰਾਂ ਹੁੰਦੀਆਂ।ਗੁਰੁ ਸਾਹਿਬ ਨੇ ਜਾਤਪਾਤ, ਊਚ-ਨੀਚ ਨੂੰ ਖ਼ਤਮ ਕੀਤਾ। ਨੌਜਵਾਨਾਂ ਦਾ ਮਾਨਸਿਕ ਬਲ ਵਧਾਇਆ।ਜ਼ਿੰਦਗੀ ਦਾ ਅਸਲੀ ਮਕਸਦ ਸਮਝਾਇਆ। ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ, ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਗੁਰੂ ਸਾਹਿਬ ਰੁਚੀ-ਪੂਰਵਕ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ।

ਗੁਰੂ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਵਿਦਿਆ ਦੇ ਦਾਅ ਪੇਚ ਸਿਖਾਏ। ਸਿਖਾਏ ।ਗੁਰੂ ਜੀ ਆਪ ਮੈਦਾਨ ਵਿਚ ਜਾ ਗੱਭਰੂਆਂ ਨੂੰ ਆਪਣੇ ਕੋਲ ਸੱਦ ਕੇ, ਗੋਡਾ ਲਾ ਕੇ ਤੀਰ ਦਾ ਨਿਸ਼ਾਨਾ ਦੱਸਦੇ ਕਿ ਪੁਤਰ, ਇਸ ਤਰ੍ਹਾਂ ਲਾਉਣਾ ਹੈ। ਕਿਰਪਾਨ ਦਾ ਵਾਰ ਕਿਸ ਤਰ੍ਹਾਂ ਕਰਨਾ ਹੈ, ਕਿਸ ਤਰ੍ਹਾਂ ਢਾਲ ’ਤੇ ਰੋਕਣਾ ਹੈ ਇਹ ਸਾਰੇ ਗੁਰ ਗੁਰੁ ਜੀ ਹੋਲੇ ਮਹੱਲੇ ਦੇ ਮੈਦਾਨ ਵਿਚ ਸਿਖਾਉਂਦੇ।ਮੁਕਾਬਲੇ ਹੁੰਦੇ, ਜਿੱਤ/ਹਾਰ ਹੁੰਦੀ। ਗੁਰੂ ਜੀ ਦੀ ਪਾਰਖੂ ਅੱਖ ਪਰਖਦੀ।ਗੁਰੂ ਜੀ ਜਿੱਤਣ ਵਾਲੀ ਟੋਲੀ ਨੂੰ ਸਨਮਾਨਿਤ ਕਰਦੇ। ਜੋ ਹਾਰ ਜਾਂਦੇ, ਉਨ੍ਹਾਂ ਨੂੰ ਕੋਸ਼ਿਸ਼ ਕਰਨ ਲਈ ਕਹਿੰਦੇ। ਹੋਲੇ ਮਹੱਲੇ ’ਤੇ ਕੁਸ਼ਤੀਆਂ, ਮੂੰਗਲੀਆਂ ਫੇਰਨੀਆਂ, ਰੱਸਾ ਖਿੱਚਣਾ ਅਤੇ ਹੋਰ ਵੀ ਕਈ ਕਰਤਵ ਹੁੰਦੇ।ਹੋਲੇ ਮਹੱਲੇ ਨੂੰ ਖਾਸ ਪ੍ਰੋਗਰਾਮ ਹੁੰਦੇ। ਇਹ ਨਜ਼ਾਰਾ ਵੱਖਰਾ ਹੀ ਹੁੰਦਾ।

ਜਿਸ ਸਥਾਨ ਤੇ ਗੁਰੁ ਸਾਹਿਬ ਨੇ ਸਿੰਘਾਂ ਸਮੇਤ ਪਹਿਲੀ ਵਾਰੀ ਖੁਦ ਹੋਲਾ ਮਨਾਇਆ, ਉਥੇ ਗੁਰਦਵਾਰਾ ਹੋਲਗੜ੍ਹ ਸਾਹਿਬ ਸੁਸ਼ੋਭਿਤ ਹੈ।ਕਿਲ੍ਹਾ ਹੋਲਗੜ੍ਹ ਅਜ ਵੀ ਇਹ ੜਾਦ ਕਰਵਾਉਂਦਾ ਹੈ ਕਿ ਗੁਰੁ ਸਾਹਿਬ ਨੇ ਇਥੋਂ ਪਹਿਲਾ ਮਹੱਲਾ ਕੱਢਿਆ ਸੀ।

ਜੋ ਨੌਜਵਾਨ ਇਹ ਖੇਡਾਂ ਖੇਡ ਤੇ ਗੁਰੂ ਜੀ ਤੋਂ ਹੋਰ ਸਿੱਖਿਆ ਲੈ ਕੇ ਵਾਪਸ ਘਰਾਂ ਨੂੰ ਆ ਜਾਂਦੇ, ਉਹ ਹੁਣ ਪਹਿਲਾਂ ਵਾਂਗ ਆਪਣੇ ਆਪ ਤੋਂ ਨਹੀਂ ਡਰਦੇ ਸੀ। ਉਹ ਸੂਰਬੀਰ ਬਣ ਕੇ ਘਰਾਂ ਨੂੰ ਜਾਂਦੇ।ਗੁਰੁ ਜੀ ਨੇ ਸੂਰਬੀਰ ਦਾ ਨਾਂ ‘ਜੁਝਾਰੂ’ ਬਖ਼ਸ਼ਿਸ਼ ਕੀਤਾ। ਜੁਝਾਰੂ ਸਿੰਘਾਂ ਨੂੰ ਸਚਾਈ ਅਤੇ ਅਣਖ ਲਈ ਜੰਗ ਨੂੰ ਜਾਣ ਲਈ ਵਿਆਹ ਜਿੰਨਾ ਚਾਅ ਰਹਿੰਦਾ ਸੀ। ਜੁਝਾਰੂ ਸਿੰਘ ਮੌਤ ਨੂੰ ਮਖੌਲ਼ ਕਰਦੇ।ਜੁਝਾਰੂ ਸਾਰੇ ਵਹਿਮਾਂ-ਭਰਮਾਂ ਨੂੰ ਤੋੜ-ਭੰਨ ਕਰ ਕੇ ਇਕ ਫਤਹਿ ਪ੍ਰਵਾਨ ਕਰਦਾ ਹੈ।

ਹਰ ਸਮੇਂ ਸ਼ਹੀਦੀ ਲਈ ਤਤਪਰ ਰਹਿਣਾ, ਇਕ ਅਕਾਲ ਪੁਰਖ ਦੀ ਪੂਜਾ ਵਰਗੇ ਗੁਣ ਹੋਲੇ-ਮਹੱਲੇ ਦੇ ਮੈਦਾਨ ਵਿੱਚੋਂ ਮਿਲਦੇ ਸਨ। ਜੋ ਪਹਿਲਾਂ ਗਿੱਦੜ ਦਿਲ ਰੱਖਦਾ ਸੀ, ਸ੍ਰੀ ਅਨੰਦਪੁਰ ਸਾਹਿਬ ਦੇ ਅਖਾੜਿਆਂ ਵਿਚ ਆ ਕੇ ਸ਼ੇਰ ਬਣ ਗਿਆ।ਅਨੰਦਪੁਰ ਸਾਹਿਬ ਦੀ ਧਰਤੀ ਦੁਨੀਆਂ ਤੋਂ ਅਨੋਖੀ ਹੋ ਗਈ।

ਗੁਰੂ ਜੀ ਨੇ ਸ਼ਸਤਰਾਂ ਨੂੰ ਬਹੁਤ ਵਡਿਆਈ ਬਖ਼ਸ਼ੀ:

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।
ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।

ਡਾ. ਰਤਨ ਸਿੰਘ (ਜੱਗੀ) ਅਨੁਸਾਰ ਪਹਿਲਾਂ ਇਹ ਸਮਾਗਮ ਸੱਤ-ਦਿਨਾ ਹੁੰਦਾ ਸੀ।ਹੁਣ ਇਹ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ ਜੋ ਹੋਲੀ ਤੋਂ ਇਕ ਦਿਨ ਪਹਿਲਾਂ ਅਤੇ ਇਕ ਦਿਨ ਬਾਅਦ (ਫੱਗਣ ਸੁਦੀ ਚੌਦਾਂ ਤੋਂ ਚੇਤਰ ਵਦੀ ਇਕ ਤਕ) ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ।

ਵਰਤਮਾਨ ਦਾ ਹੋਲਾ ਮਹੱਲਾ

ਗੁਰੂ ਜੀ ਵੱਲੋਂ ਬਖ਼ਸ਼ੀ ਇਹ ਹੋਲੇ ਮਹੱਲੇ ਦੀ ਰੀਤ ਹਰ ਸਾਲ ਹੁੰਦੀ ਹੈ।ਹੋਲਾ ਮਹੱਲਾ ਹਰ ਸਾਲ ਮਹਾਨ ਕੌਮ ਦੀਆਂ ਮਹਾਨ ਰੀਤਾਂ ਯਾਦ ਕਰਾਉਂਦਾ ਹੈ।300 ਤੋਂ ਵਧੇਰੇ ਸਾਲ ਬੀਤ ਚੁਕੇ ਹਨ ਪਰ ਹਰ ਸਾਲ ਹੋਲਾ ਮਹੱਲਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਦਸਮੇਸ਼ ਪਿਤਾ ਦੁਆਰਾ ਬਖਸ਼ਿਸ਼ ਕੀਤੇ ਗਏ ਖਾਲਸਾਈ ਹੋਲੇ-ਮਹੱਲੇ ਦੀ ਪਰੰਪਰਾ ਨੂੰ ਖਾਲਸਾ ਪੰਥ ਨੇ ਕਾਇਮ ਰੱਖਿਆ ਹੈ।ਅਨੰਦਪੁਰ ਦੀ ਧਰਤੀ ਉੱਤੇ ਹਰ ਸਾਲ ਸਿੱਖ ਸੰਗਤਾਂ ਬੜੇ ਉਤਸ਼ਾਹ ਅਤੇ ਸ਼ਰਧਾ-ਭਾਵਨਾ ਨਾਲ ਹੋਲੇ-ਮਹੱਲੇ ਵਾਲੇ ਦਿਨ ਪਹੁੰਚ ਕੇ ਹਾਜ਼ਰੀਆਂ ਭਰਦੀਆਂ ਹਨ।

ਪੰਜ ਪਿਆਰੇ ਅਰਦਾਸਾ ਕਰ ਕੇ, ਨਿਸ਼ਾਨ ਸਾਹਿਬ ਲੈ ਕੇ ਮਹੱਲਾ ਕਢਦੇ ਹਨ। ਨਿਹੰਗ ਸਿੰਘ ਘੋੜਿਆਂ ਤੇ ਸਵਾਰ ਹੋ ਕੇ,ਨਗਾਰੇ ਵਜਾਉਂਦੇ,ਜੈਕਾਰੇ ਗਜਾਉੰਦੇ ਇਕ ਅਨੋਖੇ ਉਤਸ਼ਾਹ ਨਾਲ ਦੌੜਦੇ ਹਨ।ਕਿਲ੍ਹਾ ਹੋਲਗੜ੍ਹ ਤੋਂ ਹੁੰਦੇ ਹੋਏਚਰਨ ਗੰਗਾ ਦੇ ਰੇਤਲੇ ਮੈਦਾਨ ਵਿਚ ਪੁਜਦੇ ਹਨ।ਉਥੇ ਨੇਜ਼ਾ-ਬਾਜ਼ੀ,ਗਤਕਾ ਆਦਿ ਅਨੇਕਾਂ ਕਰਤਬ ਦਿਖਾਏ ਜਾਂਦੇ ਹਨ।ਦੀਵਾਨ ਸਜਦੇ ਹਨ,ਕਥਾ ਕੀਰਤਨ ਹੁੰਦਾ ਹੈ ਅਤੇ ਵਾਰਾਂ ਗਾਈਆਂ ਜਾਂਦੀਆਂ ਹਨ।ਸ਼ਵੇਰ ਸ਼ਾਮ ਕੀਰਤਨ ਅਤੇ ਪਾਠ ਹੁੰਦਾ ਹੈ।ਗੁਰੁ ਦੇ ਲੰਗਰ ਅਤੁਟ ਵਰਤਦੇ ਹਨ।ਸਮਾਪਤੀ ਦਾ ਅਰਦਾਸਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁਜ ਕੇ ਹੁੰਦਾ ਹੈ।

ਹੋਲੇ ਮਹੱਲਾ ਮਨਾਉਣ ਦਾ ਵਰਤਮਾਨ ਕਾਲਾ ਪੱਖ

ਅਜ ਅਸੀਂ ਅਗਿਆਨਤਾ ਵੱਸ ਹੋਲੀ ਦੇ ਕਰਮਕਾਂਡਾਂ ਵਿਚ ਸ਼ਾਮਲ ਹੁੰਦੇ ਹਾਂ। ਇਸ ਗਲ ਵਲ ਧਿਆਨ ਦੇਣ ਦੀ ਲੋੜ ਹੈ।ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਗੁਰੁ ਗੋਬਿੰਦ ਸਿੰਘ ਜੀ ਤਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਗੁਰੁ ਜੀ ਜਾਂ ਉਨ੍ਹਾਂ ਦੇ ਸਮਕਾਲੀ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।ਲੋਕਾਈ ਨੂੰ ਇਨ੍ਹਾਂ ਕੱਚੀਆਂ ਹੋਲੀਆਂ ਵਿਚੋਂ ਕੱਢ ਕੇ ਗੁਰਬਾਣੀ ਅਤੇ ਇਤਹਾਸ ਤੋਂ ਸੇਧ ਲੈ ਕੇ ਪ੍ਰਭੂ ਰੰਗ ਵਿਚ ਰੰਗੀ ਹੋਈ ਜੀਵਣ ਸ਼ੈਲੀ ਨੂੰ ਸਵੱਛ ਰੰਗਤ ਦੇਣ ਦਾ ਯਤਨ ਕਰਣਾ ਚਾਹੀਦਾ ਹੈ।

ਸੰਗਤਾਂ ਨੂੰ ਪ੍ਰਭੂ ਰੰਗ ਵਿਚ ਰੰਗਿਆ ਦੇਖ ਕੇ, ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਦੇ ਸਮੇਂ ਦੀਆਂ ਸੰਗਤਾਂ ਦਾ ਨਜ਼ਾਰਾ ਇੰਜ ਪੇਸ਼ ਕੀਤਾ ਹੈ-

“ਗੁਲੋਂ ਹੋਈ ਬਾਬਾਗੇ ਦਹਰਬ ਕੁਰਦ॥ ਜਹੇ ਪਿਚਕਾਰੀਏ, ਪਰ ਜਾਫਰਾਣੀ॥ ਕਿ ਰ ਬੇਰੰਗਰਾ, ਖੁਸੁ ਰੰਗੇ ਬੇਕਰਦਾ॥’

ਭਾਵ ਦਸਮੇਸ਼ ਜੀ ਦੇ ਦਰਬਾਰ ਵਿਚ ਬੇਰੰਗ ਭਾਵ ਪ੍ਰਭੂ ਤੋਂ ਟੁਟੇ ਲੋਕਾਂ ਨੂੰ ਨਾਮ ਰੰਗ ਦੇ ਕੇਸਰ ਨਾਲ ਭਰੀਆਂ ਪਿਚਕਾਰੀਆਂ ਨਾਲ ਨਾਮ ਰੰਗ ਦੀ ਮਸਤੀ ਵਿਚ ਰੰਗ ਕੇ ਖੁਸ਼ੀਆਂ ਭਰਿਆ ਬਣਾਇਆ ਜਾ ਰਿਹਾ ਹੈ। ਅਜ ਹੋਲੇ ਮਹੱਲੇ ਦੇ ਸ਼ਸਤਰ ਵਿਦਿਆ ਦੇ ਅਭਿਆਸ ਵਾਲੇ ਪਵਿੱਤਰ ਦਿਹਾੜੇ, ਕੱਚੇ ਰੰਗ ਬਿਖਾਰੇ ਜਾਂਦੇ ਹਨ, ਨਸ਼ੇ ਪੀਤੇ ਜਾਂਦੇ ਹਨ।ਗੁਰੁ ਦੀਆਂ ਲਾਡਲੀਆਂ ਫੌਜਾਂ ਸੁਖ ਨਿਧਾਨ ਦੀ ਵਰਤੋਂ ਇਸ ਦਿਨ ਸ਼ਰੇਆਮ ਕਰਦੀਆਂ ਹਨ। ਇਸ ਦਾ ਪ੍ਰਭਾਵ ਸੰਸਾਰ ਉਤੇ ਕਿੰਨ੍ਹਾਂ ਨਾਂਹ-ਪੱਖੀ ਹੁੰਦਾ ਹੈ,ਇਸ ਦਾ ਅੰਦਾਜ਼ਾ ਲਗਾਉਣਾ ਕਠਿਨ ਹੈ।ਇਸ ਵਰਤਾਰੇ ਵਿਚ ਸੁਧਾਰ ਲਿਆਉਣਾ ਅਜੋਕੇ ਸਮੇਂ ਦੀ ਮੰਗ ਹੈ।

ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਇਕੱਠਾਂ ਸਮੇਂ ਸਿਆਸੀ ਪਾਰਟੀਆਂ ਇਕ ਦੂਜੇ ਉਤੇ ਦੂਸ਼ਣਬਾਜ਼ੀ ਕਰਦੀਆਂ ਹਨ। ਇਸ ਪੱਖ ਵੱਲ ਧਿਆਨ ਦੇਣ ਦੀ ਲੋੜ ਹੈ।

ਹੋਲੇ ਮਹੱਲੇ ਦਾ ਸੰਦੇਸ਼

ਹੋਲਾ ਮਹੱਲਾ ਮਣਾਉਣਾ ਅਪਣੇ ਆਪ ਵਿਚ ਹੀ ਸਾਡੇ ਲਈ ਦਸਮੇਸ਼ ਦਾ ਸਦੀਵੀ ਸੰਦੇਸ਼ ਹੈ ਕਿ ਬਲਵਾਣ ਬਣੋ-ਤਨ ਦੇ ਵੀ ਅਤੇ ਮਨ ਦੇ ਵੀ।ਤਨ ਕਸਰਤ ਨਾਲ ਅਤੇ ਮਨ ਬਾਣੀ ਨਾਲ ਬਲਵਾਨ ਬਣਦਾ ਹੈ।ਸੰਤ ਸਿਪਾਹੀ ਬਣ ਕੇ ਹੀ ਗੁਲਾਮੀ ਦੇ ਸੰਗਲ ਕੱਟ ਕੇ ਹਲੇਮੀ ਰਾਜ ਦੀ ਸਥਾਪਣਾ ਸੰਭਵ ਹੈ। ਹੋਲਾ ਮਹੱਲਾ ਚੜ੍ਹਦੀ ਕਲਾ,ਫਤਿਹ ਅਤੇ ਅਜ਼ਾਦੀ ਦਾ ਪ੍ਰਤੀਕ ਹੈ। ਇਹ ਦਿਨ ਅਸਲ ਵਿਚ ਸਿੱਖਾਂ ਦਾ ਅਪਣੇ ਹਥਿਆਰਾਂ ਦੇ ਪ੍ਰਦਰਸ਼ਨ ਕਰਣ ਅਤੇ ਜੰਗ ਵਿਚ ਜੂਝਣ ਦੀਆ ਕਲਾਵਾਂ ਦੇ ਪ੍ਰਦਰਸ਼ਨ ਕਰਣ ਦਾ ਦਿਹਾੜਾ ਹੈ।

ਇਹ ਇਕ ਸਿੱਖ ਤਿਉਹਾਰ ਹੀ ਨਹੀਂ, ਸਗੋਂ ਇਹ ਸ਼ਸਤ੍ਰ ਅਭਿਆਸੀ ਬਣੇ ਰਹਿਣ ਦਾ ਸੰਦੇਸ਼ ਵੀ ਹੈ।ਗੁੜ੍ਹਤੀ ਗੁਰਬਾਣੀ ਦੀ ਹੋਵੇ ਅਤੇ ਸ਼ਸਤ੍ਰ ਵਰਤੋਂ ਮਜ਼ਲੂਮ ਦੀ ਰਾਖੀ,ਅਣਖ ਅਤੇ ਗੈਰਤ ਕਾਇਮ ਰੱਖਣ ਲਈ ਹੋਵੇ।ਇਸ ਨਾਲ ਮਨੁਖ ਕਦੇ ਜ਼ਾਲਮ ਨਹੀਂ ਹੋ ਸਕਦਾ ਅਤੇ ਨਾ ਹੀ ਜ਼ੁਲਮ ਸਹਿ ਸਕਦਾ ਹੈ। ਸਿੱਖ ਨੇ ਹਰ ਸਮੇਂ ਸ਼ਸਤ੍ਰਾਂ ਦੀ ਵਰਤੋਂ ਤਾਂ ਨਹੀਂ ਕਰਨੀ ਪਰ ਸ਼ਸਤ੍ਰਾਂ ਦੇ ਅਭਿਆਸ ਕਰਦੇ ਰਹਿਣਾ ਹੈ।ਅਸੀਂ ਅਪਣੇ ਮਾਰਸ਼ਲ ਆਰਟ ਗਤਕੇ ਨੂੰ ਹਮੇਸ਼ਾਂ ਜਿੰਦਾ ਰੱਖਣਾ ਹੈ।
ਹੋਲੇ ਮਹੱਲੇ ਦੇ ਪ੍ਰਭਾਵ ਨਾਲ ਦੱਬੀ ਕੁਚਲੀ ਮਨੁਖਤਾ ਦਾ ਜੁਸਾ ਤੱਕੜਾ ਅਤੇ ਸੋਚਣੀ ਵਿਸ਼ਾਲ ਹੋ ਗਈ।

ਹੋਲੇ ਮਹੱਲੇ ਨਾਲ ਜੀਵਣ ਦੀਆਂ ਸਾਂਝਾਂ ਦੀ ਸਾਰ ਆ ਗਈ। ਮਨੁਖ ਅਪਣੇ ਆਪ ਨੂੰ ਇਕੱਲਾ ਸਮਝਣ ਦੀ ਬਜਾਏ ਇਕ ਵਿਲੱਖਣ ਕੌਮ ਦਾ ਹਿੱਸਾ ਸਮਝਣ ਲਗ ਪਿਆ।ਮਨੁਖਤਾ ਧਾਰਮਕ,ਦਾਰਸ਼ਨਿਕ,ਸਮਾਜਿਕ,ਅਧਿਆਤਮਿਕ,,ਇਤਹਾਸਕ,ਸਾਹਿਤਕ ਅਤੇ ਰਾਜਨੀਤਕ ਪੱਖੋਂ ਸੁਚੇਤ ਅਤੇ ਮਾਲਾ ਮਾਲ ਹੋਈ।

ਇਹ ਦਸਮ ਪਿਤਾ ਦੀ ਕ੍ਰਾਂਤੀਕਾਰੀ ਸੋਚ ਦਾ ਕ੍ਰਿਸ਼ਮਾ ਸੀ, ਜਿਸ ਦੁਆਰਾ ਉਨ੍ਹਾਂ ਇਕ ਪਲੀਤ ਰੀਤ ਨੂੰ ਪੁਨੀਤ ਬਣਾਇਆ ਅਤੇ ਇਸ ਰਾਹੀਂ ਦੇਸ ਨੂੰ ਇਨਕਲਾਬ ਦੇ ਰਾਹ ਤੋਰ ਕੇ ਗੁਲਾਮੀ ਤੋਂ ਨਜਾਤ ਦਿਵਾਈ। ਇਸ ਤਿਉਹਾਰ ਨੇ ਸਮਾਜ ਨੂੰ ਝੰਜੋੜ ਦਿੱਤਾ।ਕਵੀਆਂ ਨੇ ਵੀ ਇਸ ਤਿਉਹਾਰ ਦੇ ਗੁਣ ਗਾਏ ਹਨ।

ਕਵੀ ਨਿਹਾਲ ਸਿੰਘ ਜੀ ਨੇ ਖਾਲਸੇ ਦੇ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ ਹੋਲੇ ਦੀ ਵਿਲੱਖਣਤਾ ਇੰਜ ਪ੍ਰਗਟਾਈ ਹੈ

ਔਰਨ ਕੀ ਆਰਤੀ ਸੁ ਆਰਤਾ ਅਕਾਲ ਜੂ ਕੋ,
ਲੋਕਨ ਕੀ ਬੋਲੀ ਦੀਨਬੰਧੁ ਕੋ ਸੁ ਬੋਲਾ ਹੈ।
ਅੰਬਿਕਾ ਕੜਾਹੀ ਮਹਾਰਾਜ ਕੋ ਕੜਾਹ ਸੁਧਾ ,
ਚੋਲੀ ਤੋਂ ਬਖਾਨੇ ਬਾਲ, ਸੁਆਮੀ ਜੀ ਕੋ ਚੋਲਾ ਹੈ।
ਝੰਡੀ ਔ ਸਵਾਰੀ ਆਪ ਝੰਡਾ ਜੂ ਸਵਾਰਾ ਨਾਥ ,
ਝੋਲੀ ਤੋ ਤਮਾਮ ਕੀ ਸੁ ਖ਼ਾਲਸੇ ਕੋ ਝੋਲਾ ਹੈ ।
ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ ,
ਸ੍ਰੀ ਗੁਰ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।13।

ਗੁਰੁ ਸਾਹਿਬ ਵਲੋਂ ਬਖਸ਼ੇ ਹੋਲੇ ਮਹੱਲੇ ਨੂੰ ਕਾਇਮ ਰੱਖਣਾ ਅਤਿਅੰਤ ਜ਼ਰੂਰੀ ਹੈ ਤਾਂ ਕਿ ਖਾਲਸੇ ਦਾ ਜੋਸ਼ ਕਦੇ ਠੰਡਾ ਨਾ ਪਵੇ।