ਹੇ ਆਲਸ ਤੂੰ ਆਇਓਂ ਕਿਹੜੇ ਵੇਲੇ

ਹੇ ਆਲਸ ਤੂੰ ਆਇਓਂ ਕਿਹੜੇ ਵੇਲੇ
ਹੇ ਨੀਂਦੇ ਤੂੰ ਪਾਇਓ ਕਾਹਨੂੰ ਝਮੇਲੇ
ਪ੍ਰੀਤਮ ਖੜਾ ਪਿਆ ਕਰੇ ਸੈਨਤਾਂ
ਅੱਜ ਤਾਂ ਹੋਣ ਦਿਉ ਮੇਲੇ।

ਅੱਜ ਦਾ ਦਿਨ ਤਾਂ ਭਾਗੀਂ ਭਰਿਆ
ਪ੍ਰੀਤਮ ਮੇਰੇ ਸਾਹਵੇਂ ਖੜਿਆ
ਹਰਿਆ ਹਰਿਆ ਦਿਲ ਏ ਹੋਇਆ
ਤੂੰ ਕਿਥੋਂ ਵਿਚ ਆ ਹੈਂ ਵੜਿਆ?

ਕਿਹੜੀ ਸੇਵ ਕਰਾਉਣੀ ਚਾਹੇਂ
ਏਥੋਂ ਕਿਵੇਂ ਤੇ ਕਿਦਾਂ ਜਾਵੇਂ
ਤੂੰ ਹੀ ਦਸ ਤੇਰੀ ਕੀ ਮੰਨਾਂ
ਜਦ ਸਾਹਵੇਂ ਪ੍ਰੀਤਮ ਦਿਸ ਆਵੇ

ਤੂੰ ਸੁਣ ਮੇਰੇ ਆਲਸ ਵੀਰੇ
ਤੂੰ ਵੀ ਸੁਣ ਲੈ ਨੀਂਦੇ ਹੀਰੇ
ਹੁਣ ਤਕ ਮੈਨੂੰ ਤੁਸੀਂ ਸੀ ਲੁਟਿਆ
ਹੁਣ ਲੁਟਿਆ ਮੈਨੂੰ ਮੇਰੇ ਮੀਰੇ

ਅੱਜ ਤਾਂ ਮੇਰੇ ਸਿਰ ਦਾ ਸਾਂਈਂ
ਅੱਪੜ ਗਿਆ ਹੈ ਮੇਰੇ ਤਾਈਂ
ਤੂੰ ਕੀ ਤੇਰਾ ਬਾਪ ਵੀ ਆਵੇ
ਮੈਨੂੰ ਨਾ ਸਕੇ ਭਰਮਾਈ

ਹੇ ਦਾਤੇ ਮਿਹਰਾਂ ਦੇ ਸਾਈਂ
ਪੈਜ ਆਪਣੀ ਤੂੰ ਆਪ ਰਖਾਈਂ
ਮੈਂ ਤਾਂ ਤੇਰੀ ਦਾਸੀ ਜਨਮਾਂ ਦੀ
ਏਸ ਜਨਮ ਵੀ ਲਾਜ ਰਖਾਈਂ