ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ

ਸਤਵੰਤ ਕੌਰ ਅਜੇ ਰਾਤ ਦੇ ਖਾਣੇ ਤੋਂ ਵਿਹਲੀ ਹੋਈ ਹੀ ਸੀ ਕਿ ਸਾਖੀਆਂ ਸੁਣਨ ਦਾ ਲਾਲਚੀ ਗੁਰਜੋਤ ਮੰਮੀ ਨੂੰ ਕਲ੍ਹ ਵਾਲੀ ਸਾਖੀ ਪੂਰੀ ਕਰਨ ਦੀ ਜ਼ਿੱਦ ਕਰਨ ਲੱਗਾ। ਹਰਲੀਨ ਤਾਂ ਪਹਿਲਾਂ ਹੀ ਮੰਮੀ ਦੇ ਕਮਰੇ ਵਿਚ ਪਹੁੰਚ ਚੁਕੀ ਸੀ। ਸਤਵੰਤ ਕੌਰ ਦੇ ਕਮਰੇ ਵਿਚ ਪਹੁੰਚਦਿਆਂ ਹੀ ਉਹ ਬੋਲ ਉੱਠੀ, ‘ਮੰਮੀ, ਭਾਈ ਲਹਿਣਾ ਜੀ ਕਰਤਾਰਪੁਰ ਪਹੁੰਚ ਕੇ ਗੁਰੂ ਜੀ ਨੂੰ ਕਿਵੇਂ ਮਿਲੇ?’

‘ਉਹੋ, ਸਬਰ ਤੇ ਕਰੋ ਦਸਦੀ ਆਂ!’ ਸਤਵੰਤ ਕੌਰ ਨੇ ਮੰਜੇ ਤੇ ਬੈਠਦਿਆਂ ਕਿਹਾ, ‘ਕਲ੍ਹ ਆਪਾਂ ਕਿਥੋਂ ਤਕ ਸਾਖੀ ਸੁਣੀ ਸੀ?’

‘ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਲਈ ਜਾਂਦਿਆਂ ਰਸਤੇ ਵਿਚ ਕਰਤਾਰਪੁਰ ਰੁਕੇ।’ ਹਰਲੀਨ ਨੇ ਯਾਦ ਕਰਵਾਇਆ।

‘ਚਲੋ, ਹੁਣ ਅੱਗੋਂ ਸੁਣੋ। ਉਨ੍ਹਾਂ ਵਿਚੋਂ ਕੋਈ ਵੀ ਪਹਿਲਾਂ ਕਰਤਾਰਪੁਰ ਨਹੀਂ ਸੀ ਗਿਆ ਤੇ ਨਾ ਹੀ ਕਿਸੇ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸਨ।’ ਅਜੇ ਸਤਵੰਤ ਕੌਰ ਨੇ ਇਤਨਾ ਹੀ ਦੱਸਿਆ ਸੀ ਕਿ ਗੁਰਜੋਤ ਵਿਚੋਂ ਹੀ ਬੋਲ ਉੱਠਿਆ, ‘ਫੇਰ ਉਨ੍ਹਾਂ ਨੂੰ ਗੁਰੂ ਜੀ ਬਾਰੇ ਕਿੰਨ੍ਹੇ ਦੱਸਿਆ?’

‘ਗੁਰੂ ਜੀ ਨੇ ਆਪ’ ਸਤਵੰਤ ਕੌਰ ਦੇ ਮੂੰਹੋਂ ਸਹਿਜ ਸੁਭਾ ਹੀ ਨਿਕਲਿਆ।

‘ਉਹ ਕਿਵੇਂ?’ ਹੈਰਾਨੀ ਨਾਲ ਗੁਰਜੋਤ ਦੇ ਮੂੰਹੋਂ ਨਿਕਲਿਆ।

‘ਤੂੰ ਸੁਣ ਤੇ ਸਹੀ! ਵਿਚੋਂ ਕਿਉਂ ਬੋਲੀ ਜਾਣਾ ਏਂ?’ ਹਰਲੀਨ ਨੇ ਗੁਸਾ ਕੀਤਾ।

ਸਤਵੰਤ ਕੌਰ ਠਰ੍ਹੰਮੇ ਨਾਲ ਅੱਗੋਂ ਦੱਸਣ ਲੱਗੀ, ‘ਕਰਤਾਰਪੁਰ ਉਹ ਰਾਤ ਨੂੰ ਪਹੁੰਚੇ ਸਨ। ਸਵੇਰੇ ਅਜੇ ਜਦੋਂ ਸਾਰੇ ਸੁਤੇ ਪਏ ਸਨ ਤਾਂ ਲਹਿਣਾ ਜੀ ਗੁਰੂੁ ਜੀ ਨੂੰ ਮਿਲਣ ਲਈ ਨਿਕਲ ਪਏ। ਰਸਤੇ ਵਿਚ ਉਨ੍ਹਾਂ ਨੂੰ ਇਕ ਬਜ਼ੁਰਗ ਬਾਬਾ ਜੀ ਮਿਲੇ। ਲਹਿਣਾ ਜੀ ਨੇ ਉਨ੍ਹਾਂ ਕੋਲੋਂ ਗੁਰੂ ਨਾਨਕ ਦੇਵ ਜੀ ਬਾਰੇ ਪੁਛਿਆ। ਉਨ੍ਹਾਂ ਕਿਹਾ-ਮੈਂ ਵੀ ਉਧਰ ਹੀ ਜਾ ਰਿਹਾ ਹਾਂ। ਮੇਰੇ ਪਿਛੇ ਪਿਛੇ ਆਈ ਜਾ। ਭਾਈ ਲਹਿਣਾ ਜੀ ਉਸ ਵੇਲੇ ਘੋੜੇ ਤੇ ਚੜ੍ਹੇ ਹੋਏ ਸਨ ਤੇ ਉਹ ਬਜ਼ੁਰਗ ਬਾਬਾ ਜੀ ਪੈਦਲ ਸਨ। ਉਨ੍ਹਾਂ ਨੇ ਘੋੜੇ ਦੀ ਲਗਾਮ ਪਕੜੀ ਤੇ ਅੱਗੇ ਅੱਗੇ ਤੁਰ ਪਏ। ਜਦੋਂ ਉਹ ਧਰਮਸਾਲਾ ਪਹੁੰਚੇ ਤਾਂ ਉਨ੍ਹਾਂ ਨੇ ਲਹਿਣਾ ਜੀ ਨੂੰ ਇਸ਼ਾਰੇ ਨਾਲ ਸਮਝਾਇਆ ਕਿ ਉਹ ਘੋੜਾ ਉਧਰ ਬੰਨ੍ਹ ਕੇ ਅੰਦਰ ਚਲਾ ਜਾਵੇ, ਉਥੇ ਗੁਰੂ ਨਾਨਕ ਦੇਵ ਜੀ ਮਿਲਣਗੇ। ਜਦੋਂ ਭਾਈ ਲਹਿਣਾ ਜੀ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਜਿਸ ਬਾਬਾ ਜੀ ਨੇ ਉਨ੍ਹਾਂ ਨੂੰ ਰਸਤਾ ਦਿਖਾਇਆ ਸੀ ਉਹੀ ਗੱਦੀ ਤੇ ਬੈਠੇ ਸੀ ਤੇ ਲੋਕੀ ਉਨ੍ਹਾਂ ਦੀ ਗੱਲ ਬੜੇ ਸਤਿਕਾਰ ਤੇ ਪਿਆਰ ਨਾਲ ਸੁਣ ਰਹੇ ਸਨ। ਭਾਈ ਲਹਿਣਾ ਜੀ ਸਮਝ ਗਏ ਕਿ ਇਹੀ ਗੁਰੂ ਨਾਨਕ ਦੇਵ ਜੀ ਹਨ। ਭਾਈ ਲਹਿਣਾ ਜੀ ਨੂੰ ਬੜਾ ਅਫ਼ਸੋਸ ਹੋਇਆ ਕਿ ਗੁਰੂ ਜੀ ਪੈਦਲ ਆਏ ਤੇ ਉਹ ਘੋੜੇ ਤੇ ਚੜ੍ਹੇ ਰਹੇ। ਉਨ੍ਹਾਂ ਨੇ ਗੁਰੂ ਜੀ ਕੋਲੋਂ ਮਾਫ਼ੀ ਮੰਗੀ। ਗੁਰੂ ਜੀ ਕਹਿਣ ਲੱਗੇ ਕਿ ਨਾ ਭਾਈ, ਮਾਫ਼ੀ ਕਿਉਂ ਮੰਗਦਾ ਏਂ। ਅੱਛਾ, ਇਹ ਦੱਸ, ਤੇਰਾ ਨਾਂ ਕੀ ਏ?

‘ਜੀ ਲਹਿਣਾ।’

‘ਤੇ ਲੈਣ ਵਾਲੇ ਘੋੜੇ ਤੇ ਚੜ੍ਹ ਕੇ ਹੀ ਤਾਂ ਆਇਆ ਕਰਦੇ ਨੇ।’ ਗੁਰੂ ਜੀ ਨੇ ਹੱਸ ਕੇ ਕਿਹਾ।

‘ਕਿਥੋਂ ਆਇਆ ਏਂ?’

‘ਜੀ ਖਡੂਰ ਤੋਂ’

‘ਤੇ ਚੱਲਿਆ ਕਿਥੇ ਏਂ?’

‘ਜੀ, ਦੇਵੀ ਦੇ ਮੱਥਾ ਟੇਕਣ।’ ਲਹਿਣਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ।

ਗੁਰੂ ਜੀ ਨੇ ਲਹਿਣਾ ਜੀ ਨੂੰ ਬੈਠਣ ਦਾ ਇਸ਼ਾਰਾ ਕੀਤਾ। ਲਹਿਣਾ ਜੀ ਸੰਗਤ ਵਿਚ ਬੈਠ ਗਏ ਤੇ ਗੁਰੂ ਜੀ ਦੀ ਬਾਣੀ ਸੁਣਨ ਲੱਗੇ। ਗੁਰੂ ਜੀ ਨੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਸਮਝਾਈਆਂ। ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਸਾਰੇ ਦੇਵੀ ਦੇਵਤੇ ਉਸ ਪ੍ਰਮਾਤਮਾ ਦੇ ਦਰ ਤੇ ਮੰਗਤੇ ਹਨ। ਸਾਨੂੰ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਪ੍ਰਮਾਤਮਾ ਕੋਲੋਂ ਹੀ ਮੰਗਣੀ ਚਾਹੀਦੀ ਹੈ ਕਿਸੇ ਹੋਰ ਕੋਲੋਂ ਨਹੀਂ। ਗੁਰੂ ਜੀ ਦੀਆਂ ਗੱਲਾਂ ਸੁਣ ਕੇ ਭਾਈ ਲਹਿਣਾ ਜੀ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ। ਹੁਣ ਉਨ੍ਹਾਂ ਦਾ ਉਥੋਂ ਜਾਣ ਤੇ ਦਿਲ ਹੀ ਨਾ ਕਰੇ। ਜਦੋਂ ਉਨ੍ਹਾਂ ਦੇ ਸਾਥੀ ਬੁਲਾਉਣ ਲਈ ਆਏ ਤਾਂ ਉਨ੍ਹਾਂ ਨੇ ਜਾਣ ਤੋਂ ਨਾਂਹ ਕਰ ਦਿੱਤੀ। ਭਾਈ ਲਹਿਣਾ ਜੀ ਉਥੇ ਰਹਿ ਕੇ ਗੁਰੂ ਜੀ ਦੀ ਸੇਵਾ ਕਰਨਾ ਚਾਹੁੰਦੇ ਸਨ।’

‘ਮੰਮੀ, ਫੇਰ ਉਹ ਆਪਣੇ ਘਰ ਕਦੀ ਵਾਪਸ ਨਾ ਗਏ?’ ਗੁਰਜੋਤ ਨੂੰ ਫਿਕਰ ਹੋਇਆ।

‘ਨਹੀਂ ਬੇਟੇ, ਉਹ ਘਰ ਵਾਪਸ ਗਏ ਪਰ ਕੁਝ ਦਿਨ ਗੁਰੂ ਜੀ ਕੋਲ ਰੁਕਣ ਤੋਂ ਬਾਅਦ।’ ਸਤਵੰਤ ਕੌਰ ਨੇ ਸਮਝਾਉਂਦਿਆਂ ਹੋਇਆਂ ਕਿਹਾ।

‘ਮੰਮੀ, ਉਦੋਂ ਭਾਈ ਲਹਿਣਾ ਜੀ ਕਿੰਨੀ ਕੁ ਉਮਰ ਦੇ ਸਨ?’ ਹਰਲੀਨ ਜਾਣਨਾ ਚਾਹੁੰਦੀ ਸੀ।

‘28 ਸਾਲ ਦੇ ਤੇ ਗੁਰੂ ਨਾਨਕ ਦੇਵ ਜੀ 63 ਸਾਲ ਦੇ।’ ਸਤਵੰਤ ਕੌਰ ਨੇ ਗੱਲ ਖਤਮ ਕਰਦਿਆਂ ਕਿਹਾ, ‘ਅੱਛਾ, ਬਾਕੀ ਗੱਲਾਂ ਕਲ੍ਹ ਕਰਾਂਗੇ, ਹੁਣ ਇਹ ਦੱਸੋ ਕਿ ਅੱਜ ਦੀ ਸਾਖੀ ਵਿਚੋਂ ਤੁਹਾਨੂੰ ਕੀ ਸਮਝ ਆਇਆ?’

‘ਸਾਨੂੰ ਕਿਸੇ ਹੋਰ ਦੀ ਬਜਾਇ ਕੇਵਲ ਇਕ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣਾ ਚਾਹੀਦਾ ਹੈ।’ ਹਰਲੀਨ ਇਕ ਦਮ ਬੋਲ ਉੱਠੀ ਜਿਵੇਂ ਉਹ ਪ੍ਰਸ਼ਨ ਦੀ ਉਡੀਕ ਵਿਚ ਹੀ ਹੋਵੇ।

‘ਸ਼ਾਬਾਸ਼। ਲਗਦੈ ਬੜੇ ਧਿਆਨ ਨਾਲ ਸਾਖੀ ਸੁਣੀ ਏ।’ ਇਸ ਤੋਂ ਪਹਿਲਾਂ ਕਿ ਸਤਵੰਤ ਕੌਰ ਗੁਰਜੋਤ ਨੂੰ ਕੁਝ ਪੁਛਦੀ ਉਹ ਆਪੇ ਹੀ ਬੋਲ ਪਿਆ,

‘ਮੈਨੂੰ ਇਹ ਸਮਝ ਆਈ ਕਿ ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤਾਂ ਉਹ 28 ਸਾਲ ਦੇ ਸਨ।’

‘ਤੇ ਗੁਰੂ ਨਾਨਕ ਦੇਵ ਜੀ?’

‘63 ਸਾਲ ਦੇ’

‘ਵੈਰੀ ਗੁਡ। ਤੁਸੀਂ ਤੇ ਦੋਨੋਂ ਬਹੁਤ ਸਿਆਣੇ ਬੱਚੇ ਬਣ ਗਏ ਓ। ਚਲੋ, ਹੁਣ ਟਾਈਮ ਬਹੁਤ ਹੋ ਗਿਆ ਏ। ਪਾਠ ਕਰੋ ਤੇ ਸੌਂ ਜਾਉ। ਭਾਈ ਲਹਿਣਾ ਜੀ ਨੇ ਅੱਗੋਂ ਕੀ ਕੀਤਾ, ਕਲ੍ਹ ਦਸਾਂਗੀ।

ਸਤਵੰਤ ਕੌਰ ਦੇ ਇੰਨਾ ਕਹਿੰਦਿਆਂ ਹੀ ਦੋਨੋਂ ਬੱਚੇ ਪਾਠ ਕਰਨ ਲੱਗੇ……………ਸੋਹਿਲਾ ਰਾਗ ਗਉੜੀ ਦੀਪਕੀ ਮਹਲਾ 1……………