SikhThought - GuruNanakDevJi

Guru Nanak Da Parchaar Dhang

ਬਾਬਾ ਆਦਮ ਦੇ ਵੇਲੇ ਤੋਂ ਹੀ ਮਨੁਖ ਉਤੇ ਸ਼ੈਤਾਨ ਦਾ ਜਾਦੂ ਵਧੇਰੇ ਚਲਦਾ ਆ ਰਿਹਾ ਹੈ ਅਤੇ ਮਾਨਵਤਾ ਨੂੰ ਪੈਰੀਂ ਰੋਲ ਕੇ ਮਨੁਖ ਹਉਮੈ ਦੀ ਬੇੜੀ ਵਿਚ ਸਵਾਰ ਹੋ ਕੇ ਭਵ ਸਾਗਰ ਦੇ ਅਰੁਕ ਤੂਫ਼ਾਨਾਂ ਦਾ ਟਾਕਰਾ ਕਰਦਾ ਹੋਇਆ ਇਹ ਸਮਝਦਾ ਆ ਰਿਹਾ ਹੈ ਕਿ ਉਸ ਜੇਹਾ ਹੋਰ ਕੋਈ ਨਹੀਂ। ਇਸੇ ਲਈ ਆਰੰਭ ਤੋਂ ਹੀ ਉਹ ਕੁਦਰਤ ਦੀਆਂ ਸ਼ਕਤੀਆਂ ਨੂੰ ਗੋਲ ਮੋਲ ਕਰਕੇ ਗੇਂਦ ਦੀ ਤਰ੍ਹਾਂ ਆਪਣੇ ਹੱਥਾਂ ਵਿਚ ਭੁੜਕਾਉਣ ਦੇ ਸੁਪਨੇ ਲੈਂਦਾ ਆ ਰਿਹਾ ਹੈ। ਇਸ ਹਉਮੈ ਗ੍ਰਸੇ ਮਨੁਖ ਨੂੰ ਭਵ ਸਾਗਰ ਦੀਆਂ ਘੁੰਮਣ ਘੇਰੀਆਂ ਵਿਚ ਆਉਣ ਤੋਂ ਬਚਾਉਣ ਲਈਲੋੜ ਹੁੰਦੀ ਹੈ ਕਿਸੇ ਪੱਥ ਪ੍ਰਦਰਸ਼ਕ ਦੀ, ਕਿਸੇ ਚਾਨਣ ਮੁਨਾਰੇ ਦੀ ਜੋ ਸੱਚ ਮਾਰਗ ਦੀ ਸੋਝੀ ਕਰਾ ਕੇ ਮਨੁਖਤਾ ਨੂੰ ਠੇਡੇ ਖਾਣੋਂ ਬਚਾ ਸਕੇ। ਇਸੇ ਮੁਢਲੀ ਲੋੜ ਨੂੰ ਪੂਰਾ ਕਰਨ ਲਈ ਸਮੇਂ ਸਮੇਂ ਸੰਸਾਰ ਵਿਚ ਪ੍ਰਚਾਰਕ ਆਉਂਦੇ ਰਹੇ ਅਤੇ ਆਵੱਸ਼ਕਤਾ ਅਨੁਸਾਰਮਨੁਖ ਦੀਆਂ ਅਗਿਆਨ ਤੇ ਜਹਾਲਤ ਭਰੀਆਂ ਘੋਰ ਕਾਲੀਆਂ ਰਾਤਾਂ ਵਿਚ ਸੱਚ ਦੇ ਸੂਰਜ ਦੀਆਂ ਸੁਨਿਹਰੀ ਕਿਰਨਾਂ ਨਾਲ ਜਗਮਗਾਹਟ ਲਿਆ ਕੇ ਉਸ ਨੂੰ ਸਿੱਧੇ ਰਾਹ ਪਾਉਣ ਦਾ ਯਤਨ ਕਰਦੇ ਰਹੇ।ਇਹ ਪ੍ਰਚਾਰਕ ਸੰਸਾਰ ਰੂਪੀ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਜੀਵ ਰੂਪੀ ਵਿਦਿਆਰਥੀਆਂ ਨੂੰ ਜੀਵਨ ਦੀਆਂ ਅਨੇਕਾਂ ਪ੍ਰੀਖਿਆਵਾਂ ਵਿਚੋਂ ਪਾਸ ਹੋਣ ਦਾ ਢੰਗ ਦੱਸਣ ਵਾਲੇ ਅਧਿਆਪਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਅਜਿਹੇ ਹੀ ਇਕ ਪ੍ਰਚਾਰਕ ਅਰਥਾਤ ਮਨੁਖਤਾ ਦੇ ਅਧਿਆਪਕ ਬਣ ਕੇ ਸੰਸਾਰ ਵਿਚ ਆਏ ਅਤੇ ਉਨ੍ਹਾਂ ਨੇ ਇਸ ਕਰਤੱਵ ਨੂੰ ਪੂਰਾ ਕਰਨ ਲਈ ਜੀਵਨ ਭਰ ਘਾਲਣਾ ਘਾਲੀ।

ਪ੍ਰਚਾਰਕ ਤਾਂ ਸੰਸਾਰ ਵਿਚ ਅਨੇਕਾਂ ਆਏ ਅਤੇ ਆਪਣੇ ਆਪਣੇ ਸਮੇਂ ਉਨ੍ਹਾਂ ਦੀ ਧਾਂਕ ਵੀ ਚੰਗੀ ਪੈਂਦੀ ਰਹੀ ਪਰ ਸਮਾਂ ਬੀਤਣ ਨਾਲ ਜ਼ਿੰਦਗੀ ਦੀਆਂ ਕੀਮਤਾਂ ਬਦਲਦੀਆਂ ਗਈਆਂ ਤੇ ਉਨ੍ਹਾਂ ਪ੍ਰਚਾਰਕਾਂ ਵਿਚੋਂ ਬਹੁਤ ਸਾਰਿਆਂ ਦੇ ਨਾ ਕੇਵਲ ਆਦਰਸ਼ ਹੀ ਖੋਖਲੇ ਦਿੱਸੇ ਸਗੋਂ ਉਨ੍ਹਾਂ ਆਦਰਸ਼ਾਂ ਦੇ ਪ੍ਰਚਾਰਨ ਦਾ ਢੰਗ ਵੀ ਬੜਾ ਹਸਾਉਣਾ ਜਿਹਾ ਜਾਪਣ ਲੱਗ ਪਿਆ। ਇਸੇ ਲਈ ਉਨ੍ਹਾਂ ਦੇ ਦੱਸੇ ਸਿਧਾਂਤ ਬੇਹੇ ਸਮਝ ਕੇ ਤਿਆਗ ਦਿੱਤੇ ਜਾਂਦੇ ਰਹੇ। ਪਰ ਗੁਰੂ ਨਾਨਕ ਇਕ ਅਜਿਹੇ ਪ੍ਰਚਾਰਕ ਸਨਜਿਨ੍ਹਾਂ ਦੇ ਆਦਰਸ਼ ਪੰਜ ਸੌ ਵਰ੍ਹੇ ਪੁਰਾਣੇ ਹੋਣ ਤੇ ਵੀਪੁਰਾਣੇ ਪ੍ਰਤੀਤ ਨਹੀਂ ਹੁੰਦੇ ਸਗੋਂ ਵਰਤਮਾਨ ਸਮੇਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦਾ ਸਹੀ ਢੰਗ ਦਰਸਾਉਂਦੇ ਅਤੇ ਨਵੀਨ ਲੋੜਾਂ ਦੀ ਪੂਰਤੀ ਕਰਦੇ ਦਿਖਾਈ ਦੇਂਦੇ ਹਨ।ਅੱਜ ਸੰਸਾਰ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਸ ਵਿਚੋਂ ਬੱਚ ਨਿਕਲਣ ਦਾ ਜੇ ਕੋਈ ਸਾਧਨ ਨਜ਼ਰ ਆਉਂਦਾ ਹੈ ਤਾਂ ਉਹ ਗੁਰੂ ਨਾਨਕ ਦੀ ਬਾਣੀ ਵਿਚੋਂ ਹੀ ਹੈ। ਅੱਜ ਦੇ ਵਿਗਿਆਨਕ ਯੁਗ ਵਿਚ ਵੀ ਗੁਰੂ ਸਾਹਿਬ ਦੇ ਸਿੱਧਾਤਾਂ ਨੂੰ ਮੰਨਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਇਸ ਦਾ ਕਾਰਨ ਇਹ ਹੈ ਕਿ ਆਪ ਦੀ ਬਾਣੀ ਵਿਚ ਜਿਥੇ ਸੰਸਾਰ ਦੀਆਂ ਉਹ ਸਦੀਵੀ ਕੀਮਤਾਂ ਮੌਜੂਦ ਹਨ ਜੋ ਆਪਣੀਆਂ ਠੰਡੀਆਂ ਮਿੱਠੀਆਂ ਤੇ ਚਿਲਮਿਲਾਉਂਦੀਆਂ ਰਿਸ਼ਮਾਂ ਨਾਲ ਮਾਨਵ ਜੀਵਨ ਦੀ ਕਾਲੀ ਸਿਆਹ ਰਾਤ ਵਿਚੋਂ ਸੁਨਿਹਰੀ ਭਾਅ ਮਾਰਦੇ ਪਹੁ ਫੁਟਾਲੇ ਨੂੰ ਜਨਮ ਦੇ ਸਕਦੀਆਂ ਹਨ ਉਥੇ ਨਾਲ ਨਾਲ ਆਪ ਦੇ ਪ੍ਰਚਾਰ ਢੰਗ ਵਿਚ ਨਵੀਨਤਾ ਦੇ ਮਨੋਵਿਗਿਆਨਕ ਅੰਸ਼ ਦੀ ਹੋਂਦ ਵੀ ਮੌਜੂਦ ਹੈ। ਵਿਗਿਆਨਕ ਯੁਗ ਵਿਚ ਪਲਿਆ ਮਨੱਖ ਦਲੀਲ ਬਿਨਾਂ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ ਅਤੇ ਗੁਰੂ ਨਾਨਕ ਨੇ ਦਲੀਲ ਬਿਨਾਂ ਕੋਈ ਗੱਲ ਕੀਤੀ ਹੀ ਨਹੀਂ ਸਗੋਂ ਆਪ ਦਲੀਲਾਂ ਦੀ ਭਰਮਾਰ ਨਾਲ ਏਨੀ ਨਿਸ਼ਾ ਕਰਾ ਦੇਂਦੇ ਹਨ ਕਿ ਕਿੰਤੂ ਕਰਨ ਵਾਲਾ ਬੋਲਣ ਜੋਗਾ ਰਹਿੰਦਾ ਹੀ ਨਹੀਂ । ਮਨੁਖ ਨੂੰ ਸੂਤਕ ਆਦਿ ਦੇ ਭਰਮ ਵਿਚੋਂ ਕੱਢਣ ਲਈ ਆਪ ਕਿੰਨੀ ਸੁਹਣੀ ਦਲੀਲ ਦੇਂਦੇ ਹਨ:

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥    (ਪੰਨਾ 472)

ਪਹਿਲਾਂ ਆਪ ਨੇ ਉਦਾਹਰਣ ਦੇ ਕੇ ਮਨੁਖ ਨੂੰ ਸਮਝਾਇਆ ਹੈ ਕਿ ਜੀਵ ਤਾਂ ਹਰ ਸਮੇਂ ਜੰਮਦਾ ਮਰਦਾ ਹੀ ਰਹਿੰਦਾ ਹੈ। ਜੇ ਇਸ ਸੁਭਾਵਕ ਪ੍ਰਕਿਰਿਆ ਨਾਲਜੀਵਨ ਵਿਚ ਅਪਵਿੱਤਰਤਾ ਆ ਜਾਂਦੀ ਹੈ ਤਾਂ ਉਹ ਕਦੇ ਵੀ ਪਵਿੱਤਰ ਹੋਣ ਦੀ ਆਸ਼ਾ ਨਹੀਂ ਰੱਖ ਸਕਦਾ। ਫਿਰ ਅਜਿਹੀ ਅਖੌਤੀ ਅਪਵਿੱਤਰਤਾ ਬਾਰੇ ਵਹਿਮਾਂ ਭਰਮਾਂ ਦਾ ਕੀ ਅਰਥ? ਪਰ ਜੇ ਮਨੁਖ ਦੇ ਅੰਦਰ ਪਵਿੱਤਰ ਹੋਣ ਅਤੇ ਅਪਵਿੱਤਰਤਾ ਦੂਰ ਕਰਨ ਦੀ ਅਭਿਲਾਸ਼ਾ ਸਚਮੁਚ ਹੀ ਪ੍ਰਬਲ ਰੂਪ ਵਿਚ ਵਿਦਮਾਨ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਹਿਰਦੇ ਦਾ ਅੰਧਕਾਰ ਮਿਟਾਉਣ ਲਈ ਉਹ ਗਿਆਨ ਦੀ ਪ੍ਰਾਪਤੀ ਕਰਨ ਦਾ ਉਪਰਾਲਾ ਕਰੇ।

ਗੁਰੂ ਸਾਹਿਬ ਤੋਂ ਪਹਿਲਾਂ ਇਸਤਰੀ ਜਾਤੀ ਦੀ ਜਿਸ ਪ੍ਰਕਾਰ ਨਿਰਾਦਰੀ ਕੀਤੀ ਜਾਂਦੀ ਸੀ ਉਸ ਤੋਂ ਕੌਣ ਜਾਣੂ ਨਹੀਂ?ਜਨ ਸਾਧਾਰਨ ਦੇ ਪੱਥ ਪ੍ਰਦਰਸ਼ਕ ਇਸਤਰੀ ਨੂੰ ਬਾਘਣ ਆਖ ਕੇ ਮਰਦ ਨੂੰ ਉਸ ਤੋਂ ਸਦਾ ਹੀ ਦੂਰ ਰਹਿਣ ਦਾਉਪਦੇਸ਼ ਦੇਂਦੇ ਸਨ। ਪਰ ਕੀ ਇਸਤਰੀ ਸਚੁਮੱਚ ਹੀ ਬਾਘਣ ਹੈ? ਗੁਰੂ ਸਾਹਿਬ ਨੇ ਇਸਤਰੀ ਮਰਦ ਦੇ ਆਪਸੀ ਸਬੰਧਾਂ ਦਾ ਵਰਣਨ ਕਰਦਿਆਂ ਹੋਇਆਂ ਮਰਦ ਜਾਤੀ ਨੂੰ ਹਲੂਣਾ ਦੇ ਕੇ ਆਖਿਆ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥    (ਪੰਨਾ 473)

ਕਿਹੜਾ ਤਰਕਵਾਦੀ ਇਸ ਤਰਕ ਦਾ ਖੰਡਨ ਕਰਨ ਦਾ ਹੀਆ ਕਰ ਸਕਦਾ ਹੈ? ਇਕ ਸਫ਼ਲ ਪ੍ਰਚਾਰਕ ਮਨੁਖ ਦੀ ਮਨੋਵਿਗਿਆਨਕ ਦਸ਼ਾ ਨੂੰ ਘੋਖਦਾ ਹੋਇਆ ਅਨੁਭਵ ਕਰ ਲੈਂਦਾ ਹੈ ਕਿ ਮਨੁਖ ਕਦੇ ਵੀ ਆਪਣੇ ਆਪ ਨੂੰ ਦੂਜੇ ਨਾਲੋਂ ਘਟੀਆ ਮੰਨਣ ਲਈ ਤਿਆਰ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਵੱਲੋਂ ਸਿੱਧੇ ਤੌਰ ਤੇ ਦਿੱਤੀ ਜਾ ਰਹੀ ਸਿੱਖਿਆ ਨੂੰ ਗ੍ਰਹਿਣ ਕਰਨ ਦਾ ਯਤਨ ਕਰਦਾ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਕਿਧਰੇ ਵੀ ਆਪਣੇ ਆਪ ਨੂੰ ਜਨ ਸਧਾਰਨ ਨਾਲੋਂ ਵੱਡਾ ਦਰਸਾ ਕੇ ਵੀਚਾਰ ਨਹੀਂ ਪ੍ਰਗਟਾਏਅਤੇ ਨਾ ਹੀ ਸਾਫ਼ ਸ਼ਬਦਾਂ ਨੂੰ ਕਿਸੇ ਨੂੰ ਸਿੱਖਿਆ ਦਿੱਤੀ ਹੈ। ਉਹ ਜਾਣਦੇ ਸਨ ਕਿ ਸੱਚ ਕੌੜਾ ਹੁੰਦਾ ਹੈ। ਬੁਰੇ ਨੂੰ ਬੁਰਾ ਆਖੀਏ ਤਾਂ ਉਹ ਆਪਣੀ ਬੁਰਿਆਈ ਨੂੰ ਵੇਖ ਨਹੀਂ ਸਕਦਾ।ਇਸੇ ਲਈ ਆਪ ਪਹਿਲਾਂ ਆਪਣੇ ਆਪ ਨੂੰ ‘ਨਾਨਕ ਨੀਚ’ ‘ਸਗ’ ਅਤੇ ‘ਹਉ ਢਾਢੀ ਵੇਕਾਰ’ ਕਹਿ ਕੇ ਪੁਕਾਰਦੇ ਹਨ ਅਤੇ ਫਿਰ ਸੱਜਣ ਠੱਗ ਵਰਗਿਆਂ ਨੂੰ ਸੰਬੋਧਨ ਕਰ ਕੇ ਇਸ ਤਰ੍ਹਾਂ ਆਖਦੇ ਹਨ:

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥    (ਪੰਨਾ 729)

ਇਸ ਤਰ੍ਹਾਂ ਆਪ ਸੱਚ ਰੂਪੀ ਕੁਨੀਨ ਉਤੇ ਖੰਡ ਵਰਗੀ ਮਿਠਾਸ ਦਾ ਲੇਪ ਕਰਕੇ ਰੋਗ ਗ੍ਰਸਤ ਮਨੁਖ ਦਾ ਇਲਾਜ ਕਰਨ ਲਈ ਉਸ ਦੀ ਵਰਤੋਂ ਕਰਦੇ ਹਨ।ਨਵੀਨ ਯੁਗ ਵਿਚ ਨਿਮਰਤਾ ਅਤੇ ਮਿਠਾਸ ਪ੍ਰਚਾਰਕ ਲਈ ਦੋ ਜ਼ਰੂਰੀ ਗੁਣ ਮੰਨੇ ਗਏ ਹਨ ਅਤੇ ਗੁਰੂ ਨਾਨਕ ਵਿਚ ਇਹ ਗੁਣ ਕੇਵਲ ਮੌਜੂਦ ਹੀ ਨਹੀਂ ਸਨ ਸਗੋਂ ਉਹ ਤਾਂ ਆਪ ਇਨ੍ਹਾਂ ਗੁਣਾਂ ਦਾ ਸੋਮਾ ਹਨ।ਯੂਰਪ ਦੇ ਇਕ ਵਿਦਵਾਨ ਕੁਰਿਨ ਟਿਲੀਅਨ (ਥੁਨਿਟਲਿਲਿੳਨ)ਨੇ ਇਕ ਸਫ਼ਲ ਪ੍ਰਚਾਰਕ ਦੇ ਪ੍ਰਚਾਰ ਢੰਗਾਂ ਦਾ ਵਰਣਨ ਕਰਦਿਆਂ ਹੋਇਆਂ ਦੱਸਿਆ ਸੀ ਕਿ ਪ੍ਰਚਾਰਕ ਨੂੰ ਦ੍ਰਿੜ੍ਹਤਾ ਤੋਂ ਕੰਮ ਲੈਣਾ ਚਾਹੀਦਾ ਹੈ।ਨਿਮਰਤਾ ਤੇ ਮਿੱਠਤ ਦੇ ਪੁੰਜ ਗੁਰੂ ਨਾਨਕ ਕੋਲੋਂ ਕਠੋਰਤਾ ਦੀ ਆਸ ਰੱਖਣੀ ਚਾਨਣ ਵਿਚੋਂ ਹਨੇਰਾ ਲੱਭਣ ਦੇ ਤੁਲ ਹੈ ਅਤੇ ਗੁਰੂ ਨਾਨਕ ਦੇ ਜੀਵਨ ਦਾ ਇਕ ਇਕ ਪਲ ਉਨ੍ਹਾਂ ਦੀ ਦ੍ਰਿੜ੍ਹਤਾ ਦਾ ਪ੍ਰਮਾਣ ਹੈ। ਭਾਈ ਗੁਰਦਾਸ ਦਾ ਕਥਨ ਹੈ:

ਰੇਤੁ ਅਕੁ ਆਹਾਰੁ ਕਰਿ ਰੋੜਾ ਕੀ ਗੁਰ ਕਰੀ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।   ਭਾਈ ਗੁਰਦਾਸ ਜੀ (ਵਾਰ 1 ਪਉੜੀ 24)

ਕੀ ਦ੍ਰਿੜ੍ਹਤਾ ਬਿਨਾਂ ਅਜਿਹਾ ਜੀਵਨ ਜੀਵਿਆ ਜਾ ਸਕਦਾ ਹੈ? ਜੇ ਸਾਹਮਣੇ ਕੋਈ ਆਦਰਸ਼ ਹੋਵੇ ਅਤੇ ਉਸ ਆਦਰਸ਼ ਪ੍ਰਤੀ ਲਗਨ ਵੀ ਹੋਵੇ ਤਾਂ ਹੀ ਅਜਿਹੀ ਭਾਰੀ ਤਪੱਸਿਆ ਹੋ ਸਕਦੀ ਹੈ ਜਿਸ ਦੇ ਆਸਰੇ ‘ਹਰਿ ਸਿਉ’ ਬਣ ਆਉਂਦੀ ਹੈ। ਆਪ ਨੇ ਸੰਸਾਰ ਦੀ ਸਮੁਚੀ ਦਸ਼ਾ ਉਤੇ ਝਾਤੀ ਮਾਰੀ, ਅਗਿਆਨ ਦੇ ਹੜ੍ਹ ਵਿਚ ਰੁੜ੍ਹੀ ਜਾਂਦੀ ਲੁਕਾਈ ਨੂੰ ਤੱਕਿਆ, ਸਫ਼ਲ ਜੀਵਨ ਦਾ ਇਕ ਸੁਫਨਾ ਵੇਖਿਆ, ਇਸ ਸੁਪਨੇ ਨੂੰ ਸਾਕਾਰ ਕਰਨ ਦੇ ਸਾਧਨ ਸੋਚੇ ਅਤੇ ਫਿਰ ਦ੍ਰਿੜ੍ਹਤਾ ਨਾਲ ਉਨ੍ਹਾਂ ਸਾਧਨਾਂ ਦੀ ਵਰਤੋਂ ਕਰਦਿਆਂ ਹੋਇਆਂ ‘ਚੜ੍ਹਿਆ ਸੋਧਣ ਧਰਤਿ ਲੁਕਾਈ।’ ਉਹ ਜਿਸ ਆਦਰਸ਼ ਨੂੰ ਲੈ ਕੇ ਮੈਦਾਨ ਵਿਚ ਨਿੱਤਰੇ, ਉਸੇ ਆਦਰਸ਼ ਵਿਚ ਹੀ ਪਰਪੱਕ ਰਹੇ। ਜੋਗੀਆਂ ਤੇ ਸਿੱਧਾਂ ਨੇ ਆਪ ਨੂੰ ਆਪਣੇ ਵਲ ਖਿੱਚਣ ਦਾ ਯਤਨ ਕੀਤਾ ਪਰ ਆਪ ਨੇ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਬੜੀ ਦ੍ਰਿੜ੍ਹਤਾ ਨਾਲ ਆਖਿਆ:

ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ।    ਭਾਈ ਗੁਰਦਾਸ ਜੀ (ਵਾਰ 1 ਪਉੜੀ 42)

ਕੁਇਨ ਟਿਲੀਅਨ ਫਿਰ ਕਹਿੰਦਾ ਹੈ ਕਿ ਸਫ਼ਲ ਪ੍ਰਚਾਰਕ ਨੂੰ ਲੋਕਾਂ ਕੋਲੋਂ ਬਹੁਤ ਕੁਝ ਕਰਵਾਉਣ ਦੇ ਯਤਨ ਨਹੀਂ ਕਰਨੇ ਚਾਹੀਦੇ ਅਰਥਾਤ ਉਸ ਦੀਆਂ ਮੰਗਾਂ ਬਹੁਤ ਵੱਡੀਆਂ ਨਹੀਂ ਹੋਣੀਆਂ ਚਾਹੀਦੀਆਂ।ਗੁਰੂ ਨਾਨਕ ਨੇ ਲੋਕਾਂ ਕੋਲੋਂ ਕੀ ਮੰਗਿਆ? ਬਸ ਏਨਾ ਹੀ-ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਇਹੀ ਗੁਰੂ ਨਾਨਕ ਦਾ ਉਪਦੇਸ਼ ਸੀ ਤੇੇ ਇਹੀ ਆਦਰਸ਼। ਇਸ ਆਦਰਸ਼ ਦੀ ਪੂਰਤੀ ਲਈ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਸੀ। ਬਸ ਏਨਾ ਹੀ ਸੀ ਕਿਨਾ ਸੰਸਾਰ ਨੂੰ ਤਿਆਗੋ ਤੇ ਨਾ ਹੀ ਸੰਸਾਰ ਵਿਚ ਖਚਿਤ ਹੋਵੋ:

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥   (ਪੰਨਾ 522)

ਹਾਲੀ ਹੈ ਤਾਂ ਹਲ ਵਾਹੇ, ਵਪਾਰੀ ਹੈ ਤਾਂ ਸੱਚਾ ਵਪਾਰ ਕਰੇ, ਰਾਜਾ ਹੈ ਤਾਂ ਭਲਾਈ ਲਈ ਕੰਮ ਕਰੇ, ਯੋਧਾ ਹੈ ਤਾਂ ਧਰਮ ਯੁਧ ਵਿਚ ਸੂਰਬੀਰਤਾ ਵਿਖਾਵੇ। ਜੋਗੀ ਨੂੰ ਜੋਗ ਤੋਂ ਹਟਾਇਆ ਨਹੀਂ ਸਗੋਂ ਇਹ ਕਹਿ ਕੇ ਜੋਗ ਨੂੰ ਉੱਜਲਾ ਕਰ ਵਿਖਾਇਆ:

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥    (ਪੰਨਾ 730)

ਮੁਸਲਮਾਨਾਂ ਨੂੰ ਇਸਲਾਮ ਦੇ ਵਿਰੁਧ ਸਿੱਖਿਆ ਨਹੀਂ ਦਿੱਤੀ ਸਗੋਂ ਸੱਚਾ ਮੁਸਲਮਾਨ ਬਣਨਾ ਸਿਖਾਇਆ। ਉਨ੍ਹਾਂ ਨੂੰ ਨਮਾਜ਼ਾਂ ਵਿਚ ਪਰਪੱਕ ਰਹਿਣ ਦੀ ਸਿੱਖਿਆ ਦਿੱਤੀ ਪਰ ਨਾਲ ਹੀ ਇਹ ਸਮਝਾਇਆ:

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥   (ਪੰਨਾ 140-41)

ਇਹ ਕਹਿ ਕੇ ਆਪ ਨੇ ਸਭ ਨੂੰ ਪ੍ਰਭਾਵਿਤ ਕੀਤਾ

ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ।
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ।
ਕਚਾ ਰੰਗੁ ਕਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ।
ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਇਕ ਥਾਇ ਖਲੋਈ।    ਭਾਈ ਗੁਰਦਾਸ ਜੀ (ਵਾਰ 1 ਪਉੜੀ 33)

ਇਕ ਹੋਰ ਵਿਦਵਾਨ ਈਲੀਅਟ ਦਾ ਕਹਿਣਾ ਹੈ ਕਿ ਰਾਗ ਦਾ ਆਸਰਾ ਲੈ ਕੇ ਕੀਤਾ ਗਿਆ ਪ੍ਰਚਾਰ ਸਦੀਵੀ ਹੁੰਦਾ ਹੈ। ਗੁਰੂ ਨਾਨਕ ਨੇ ਅੱਜ ਤੋਂ ਸਾਢੇ ਪੰਜ ਸੌ ਵਰ੍ਹੇ ਪਹਿਲਾਂ ਰਾਗ ਦੀ ਮਹੱਤਤਾ ਨੂੰ ਸਮਝ ਕੇ ਬਗਦਾਦ ਵਰਗੀ ਥਾਂ ਜਿਥੇ ਰਾਗ ਦੀ ਵਰਤੋਂ ਵਿਵਰਜਿਤ ਸੀ ਜਾ ਕੇ ਰਾਗ ਦੀ ਧੁਨੀ ਛੇੜੀ।ਰਾਗ ਹੀ ਤਾਂ ਸੀ ਜਿਸ ਨੇ ਮਰਦਾਨੇ ਨੂੰ ਆਪ ਦਾ ਪੱਕਾ ਸਾਥੀ ਬਣਾਇਆ। ਰਾਗ ਦੀ ਸਹਾਇਤਾ ਨਾਲ ਆਪ ਮਨੁਖ ਨੂੰ ਦੁਨੀਆਂ ਦੇ ਝੇੜਿਆਂ ਝਾਂਜਿਆਂ ਤੋਂ ਉੱਚਾ ਚੁਕ ਕੇ ਵਿਸਮਾਦ ਮੰਡਲ ਵਿਚ ਲੈ ਜਾਂਦੇ ਹਨ ਅਤੇ ਨਾਮ ਦੀ ਮਿੱਠੀ ਫੁਹਾਰ ਨਾਲ ਉਨ੍ਹਾਂ ਦੇ ਹਿਰਦੇ ਠੰਡ ਵਰਤਾਉਂਦੇ ਹਨ।

ਪੱਛਮੀ ਵਿਦਵਾਨਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੇ ਕਈ ਨਵੇਂ ਢੰਗ ਦੱਸੇ ਹਨ ਜਿਨ੍ਹਾਂ ਨੂੰ ਪਰੈਗਮੈਟਿਕ ਕਿੰਡਰਗਾਰਡਨ ਮੌਨਟੈਸਰੀ ਵਰਗੇ ਨਾਂ ਦਿੱਤੇ ਜਾਂਦੇ ਹਨ। ਇਨ੍ਹਾਂ ਸਾਰੀਆਂ ਵਿਧੀਆਂ ਦਾ ਮਨੋਰਥ ਕੇਵਲ ਇਤਨਾ ਹੀ ਹੁੰਦਾ ਹੈ ਕਿ ਜੋ ਕੁਝ ਵੀ ਸਮਝਾਉਣਾ ਹੋਵੇ ਅਮਲੀਰੂਪ ਵਿਚ ਹਸਦਿਆਂ ਖੇਡਦਿਆਂ ਸਹਿਜ ਸੁਭਾਉ ਹੀ ਦਸ ਦਿੱਤਾ ਜਾਏ। ਗੁਰੂ ਨਾਨਕ ਨੇ ਸਿੱਖਿਆ ਵਿਧੀ ਦੀ ਇਸ ਲੋੜ ਨੂੰ ਸਦੀਆਂ ਪਹਿਲੇ ਅਨੁਭਵ ਕਰ ਲਿਆ ਸੀ। ਦੁਨੀ ਚੰਦ ਨੂੰ ਸਿੱਖਿਆ ਦੇਣ ਲਈ ਆਪ ਨੇ ਇਕ ਸੂਈ ਦੇ ਕੇ ਆਖਿਆ : ਇਸ ਨੂੰ ਸੰਭਾਲ ਕੇ ਰੱਖ ਛੱਡੀਂ, ਅਗਲੇ ਜਹਾਨ ਤੇਰੇ ਕੋਲੋਂ ਲਵਾਂਗੇ। ਦੁਨੀ ਚੰਦ ਨੂੰ ਸਮਝ ਪੈ ਗਈ ਕਿ ਨਾਲ ਕੁਝ ਨਹੀਂ ਜਾਣਾ। ਮੱਕੇ ਵਲ ਪੈਰ ਕਰਕੇ ਹਾਜੀਆਂ ਨੂੰ ਰੱਬ ਦੇ ਹਰ ਪਾਸੇ ਹੋਣ ਦਾ ਸਬਕ ਸਿਖਾਇਆ, ਲਾਲੋ ਨੂੰ ਗਲੇ ਲਾ ਕੇ ਨੀਚਾਂ ਨੂੰ ਊਚ ਕਰ ਵਿਖਾਇਆ, ਹਰਿਦੁਆਰ ਵਿਖੇ ਕਰਤਾਰਪੁਰ ਦੀਆਂ ਪੈਲੀਆਂ ਵਲ ਪਾਣੀ ਦੇ ਛੱਟੇ ਦੇ ਕੇ ਗਿਆਨ ਮਾਰਗ ਦੀ ਸੋਝੀ ਕਰਵਾਈ, ਜਗਨਨਾਥ ਪੁਰੀ ਵਿਚ ‘ਗਗਨ ਮੈ ਥਾਲ’ ਦੀ ਆਰਤੀ ਉਚਾਰ ਕੇ ਕਾਦਰ ਦੀ ਕੁਦਰਤ ਦੇ ਦਰਸ਼ਨ ਕਰਵਾਏ। ਆਪ ਨੇ ਦੁਨੀਆਂ ਦੇ ਸਧਾਰਨ ਮਨੁਖ ਦੀ ਪੱਧਰ ਤੇ ਆ ਕੇ ਉਨ੍ਹਾਂ ਦੇ ਦੈਨਿਕ ਕੰਮਾਂ ਵਿਚ ਭਾਈਵਾਲ ਬਣ ਕੇ ਸਹਿਜ ਸੁਭਾ ਹੀ ਉੱਚ ਆਦਰਸ਼ਾਂ ਦੀ ਸੋਝੀ ਕਰਾ ਦਿੱਤੀ। ਸੁਣਨ ਵਾਲੇ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਉਸ ਨੂੰ ਕੁਝ ਸਮਝਾਇਆ ਜਾ ਰਿਹਾ ਹੈ। ਅਚਨਚੇਤ ਕਿਸੇ ਨਵੇਂ ਵਿਚਾਰ ਦੇ ਸਾਹਮਣੇ ਆਉਣ ਤੇ ਉਸ ਦੀ ਬੁਧੀ ਚਕ੍ਰਿਤ ਰਹਿ ਜਾਂਦੀ ਸੀ। ਐਸਾ ਸੀ ਗੁਰੂ ਨਾਨਕ ਦਾ ਪ੍ਰਚਾਰ ਢੰਗ ਜੋ ਸਹਿਜੇ ਹੀ ਦੁਨੀਆਂ ਨੂੰ ਸਿੱਧ ਪੱਧਰਾ ਤੇ ਸਹੀ ਰਾਹ ਦਿਖਾਉਣ ਦੀ ਸਿੱਖਿਆ ਦੇਣ ਵਿਚ ਸਫ਼ਲ ਹੋਇਆ।