ਗੁਰੂ ਗੰਥ ਸਾਹਿਬ ਤੇ ਅੱਜ ਦਾ ਯੁਗ

ਆਧੁਨਿਕ ਯੁਗ ਵਿਗਿਆਨ ਦਾ ਯੁਗ ਅਖਵਾਉਂਦਾ ਹੈ। ਪਰੰਪਰਾਗਤ ਸਭਿਆਚਾਰ ਵਿਚ ਨਵੀਆਂ ਵਿਗਿਆਨਕ ਤੇ ਤਕਨੀਕੀ ਖੋਜਾਂ ਦੇ ਆਧਾਰ ਤੇ ਜੋ ਤਬਦੀਲੀ ਆ ਰਹੀ ਹੈ ਜਾਂ ਉੱਨਤ ਦੇਸ਼ਾਂ ਦੇ ਸੰਪਰਕ ਵਿਚ ਆਉਣ ਨਾਲ ਪੱਛਮੀ ਸਭਿਅਤਾ ਦਾ ਜੋ ਸੰਚਾਰ ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚ ਹੋ ਰਿਹਾ ਹੈ ਉਸ ਨੂੰ ਆਧੁਨਿਕਤਾ ਕਹਿ ਲਿਆ ਜਾਂਦਾ ਹੈ। ਆਧੁਨਿਕਤਾ ਦਾ ਇਹ ਇਕ ਅਤਿ ਵਿਸ਼ਾਲ ਸੰਕਲਪ ਹੈ ਜਿਸ ਵਿਚ ਹਰ ਕਿਸਮ ਦੇ ਪਰਿਵਰਤਨ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਪਰਿਵਰਤਨ ਹਰ ਪੱਧਰ – ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ – ਤੇ ਹੋ ਰਿਹਾ ਹੈ। ਪਰੰਤੂ ਇਕ ਗੱਲ ਪ੍ਰਤੱਖ ਹੈ ਕਿ ਪਰਿਵਰਤਨ ਚਾਹੇ ਕਿਸੇ ਵੀ ਸਤਹ ਤੇ ਹੋਵੇ ਉਸ ਦਾ ਸਬੰਧ ਸਿੱਧੇ ਤੌਰ ਤੇ ਆਮ ਮਨੁਖ ਨਾਲ ਹੁੰਦਾ ਹੈ। ਇਸੇ ਲਈ ਆਧੁਨਿਕ ਯੁਗ ਵਿਚ ਮਨੁਖ ਦੀ ਹਰ ਕ੍ਰਿਤ ਵਿਚ ਮਨੁਖ ਨੂੰ ਹੀ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਹਰ ਪ੍ਰਕਾਰ ਦੇ ਸਾਹਿਤ ਵਿਚ ਆਮ ਮਨੁਖ ਦੀ ਦਾਸਤਾਨ ਹੀ ਕਹੀ ਜਾਂਦੀ ਹੈ। ਆਧੁਨਿਕ ਸਾਹਿਤ ਦੇ ਅਧਿਐਨ ਤੋਂ ਇਕ ਗੱਲ ਹੋਰ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਦਾ ਮਨੁਖ ਅੰਦਰੋਂ ਟੁਟ ਚੁਕਾ ਹੈ। ਕੇਵਲ ਟੁਟਿਆ ਹੀ ਨਹੀਂ ਸਗੋਂ ਉਹ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਨੂੰ ਟੁਟਦਿਆਂ ਮਹਿਸੂਸ ਵੀ ਕਰ ਰਿਹਾ ਹੈ। ਭਰੇ ਸਮਾਜ ਵਿਚ ਰਹਿੰਦਿਆਂ ਵੀ ਉਹ ਬੇਵੱਸ, ਇਕੱਲਾ, ਬੇਗਾਨਾ ਮਹਿਸੂਸ ਕਰਦਾ ਹੈ। ਇਸੇ ਲਈ ਅਜੋਕੇ ਮਨੁਖ ਨੂੰ ਸਮਝਣ ਲਈ ਅੱਜ ਦੇ ਲੇਖਕ ਮਨੋਵਿਗਿਆਨਕ ਅੰਤਰ-ਦ੍ਰਿਸ਼ਟੀਆਂ ਦਾ ਸਹਾਰਾ ਲੈਂਦੇ ਹਨ।

ਅੱਜ ਸਰਮਾਏਦਾਰੀ ਕਦਰਾਂ ਕੀਮਤਾਂ ਦਾ ਬੋਲ ਬਾਲਾ ਹੈ। ਸਰਮਾਏਦਾਰੀ ਨਿਜ਼ਾਮ ਵਿਚ ਇਕ ਅਜਿਹੇ ਸਮਾਜ ਦੀ ਉਸਾਰੀ ਹੋ ਰਹੀ ਹੈ ਜਿਥੇ ਧਰਮ, ਨਸਲ, ਜ਼ਾਤਪਾਤ ਅਤੇ ਰੰਗ ਦੇ ਅਧਾਰ ਤੇ ਮਨੁਖ ਵਿਚ ਦੀਵਾਰਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਮਨੁਖ ਹੱਥੋਂ ਮਨੁਖ ਦੀ ਬੜੀ ਬੇਰਹਿਮੀ ਨਾਲ ਲੁਟ ਹੋ ਰਹੀ ਹੈ। ਗਰੀਬ, ਕਿਰਤੀ ਅਤੇ ਲਿਤਾੜੇ ਹੋਏ ਲੋਕਾਂ ਨੂੰ ਉਨਾਂ੍ਹ ਦੇ ਹੱਕ ਦੇਣ ਦੀ ਥਾਂ ਉਨ੍ਹਾਂ ਦੇ ਖੂਨ ਦਾ ਆਖਰੀ ਕਤਰਾ ਤਕ ਨਿਚੋੜਨ ਤੋਂ ਵੀ ਲੁਟੇਰਾ ਵਰਗ ਝਿਜਕ ਨਹੀਂ ਰਿਹਾ। ਮਜ਼੍ਹਬ, ਨਸਲ, ਕੌਮ, ਸਰਹੱਦ ਦੇ ਨਾਂ ਤੇ ਸੁਚੇਤ ਰੂਪ ਵਿਚ ਕਤਲ ਕਰਵਾਏ ਜਾ ਰਹੇ ਹਨ। ਮਨੁਖ ਇਕ ਦੂਜੇ ਤੋਂ ਅੱਗੇ ਲੰਘਣ ਦੀ ਅੰਨ੍ਹੀ ਦੌੜ ਵਿਚ ਬਹੁਤ ਬੁਰੀ ਤਰ੍ਹਾਂ ਜਕੜਿਆ ਨਜ਼ਰ ਆ ਰਿਹਾ ਹੈ। ਵੱਧ ਤੋਂ ਵੱਧ ਮਾਇਆ ਜੋੜਨ, ਜੀਵਨ ਦੀਆਂ ਸਹੂਲਤਾਂ ਤੇ ਐਸ਼ੋ ਇਸ਼ਰਤ ਦਾ ਸਮਾਨ ਇਕੱਠਾ ਕਰਨਾ ਉਸ ਦਾ ਮੂਲ ਮੰਤਵ ਬਣ ਗਿਆ ਹੈ। ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨਿਸਚਿਤ ਕਰਨ ਲਈ ਉਹ ਪੱਬਾਂ ਭਾਰ ਹੋਇਆ ਬੈਠਾ ਹੈ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਦਿਵਾ ਕੇ ਡਾਕਟਰ, ਇੰਜੀਨੀਅਰ ਆਦਿ ਬਣਾਉਣ ਲਈ ਤਰਲੋ ਮੱਛੀ ਹੋਇਆ ਪਿਆ ਹੈ। ਆਸ ਪੂਰੀ ਨਾ ਹੋਣ ਤੇ ਦੁਖੀ ਹੁੰਦਾ ਹੈ। ਇਸੇ ਲਈ ਅੱਜ ਦੇ ਜੀਵਨ ਵਿਚ ਭਟਕਣਾ ਹੈ, ਚਿੰਤਾ ਹੈ। ਮਨ ਦਾ ਟਿਕਾਉ ਖਤਮ ਹੋ ਚੁਕਾ ਹੈ। ਮਨ ਰੋਗੀ ਹੋ ਗਿਆ ਹੈ। ਮਨੁਖ ਖਾਣ ਪੀਣ, ਨੱਚਣ-ਟੱਪਣ ਦੇ ਜਸ਼ਨਾਂ ਵਿਚ ਖੁਸ਼ੀ ਲੱਭਣੀ ਚਾਹੁੰਦਾ ਹੈ ਪਰ ਇਸ ਵਿਚੋਂ ਹਾਸਲ ਹੋਣ ਵਾਲੀ ਖੁਸ਼ੀ ਛਿੰਨ ਭੰਗਰੀ ਹੀ ਹੁੰਦੀ ਹੈ। ਕੁਝ ਘੜੀਆਂ ਦੀ ਖੁਸ਼ੀ ਪਿਛੇ ਉਹ ਆਪਣੀ ਸਰੀਰਕ ਤੇ ਮਾਨਸਿਕ ਊਰਜਾ ਨੂੰ ਰਸਾਂ-ਕਸਾਂ ਦੇ ਚੱਕਰ ਵਿਚ ਉਲਝਾ ਕੇ ਅਜਾਈਂ ਗੁਆ ਬੈਠਦਾ ਹੈ। ਇਵੇਂ ਹੀ ਫੈਸ਼ਨਾਂ ਅਤੇ ਨਸ਼ਿਆਂ ਦੇ ਵਹਿਣ ਵਿਚ ਵਹਿ ਰਹੀ ਸਾਡੀ ਨਵੀਂ ਪੀੜ੍ਹੀ ਕੁਝ ਆਪਣੀਆਂ ਤੇ ਕੁਝ ਆਪਣੀ ਨਿਗਰਾਨ ਪੀੜ੍ਹੀ ਦੀਆਂ ਗਲਤੀਆਂ ਕਰਕੇ ਮਨ ਦੀ ਬਹੁਤ ਥੋੜ੍ਹ ਚਿੜੀ ਖੁਸ਼ੀ ਕਾਰਨ ਤਨ, ਮਨ, ਧਨ ਸਭ ਕੁਝ ਬਰਬਾਦ ਕਰਨ ਤੇ ਤੁਲੀ ਹੋਈ ਹੈ।

ਇਕ ਪਾਸੇ ਚਰਮ ਖੁਸ਼ੀਆਂ ਵਲ ਉਲਾਰ ਹੈ ਤਾਂ ਦੂਜੇ ਰਾਜਨੀਤਕ ਅਤੇ ਧਾਰਮਿਕ ਖੇਤਰ ਵਿਚ ਵੀ ਸਮਤੋਲ ਘੱਟ ਹੀ ਨਜ਼ਰ ਆ ਰਿਹਾ ਹੈ। ਧਰਮ ਨੂੰ ਮਾਨਵਤਾ ਦੀਆਂ ਖੁਸ਼ੀਆਂ ਅਤੇ ਖੇੜਿਆਂ ਦਾ ਜ਼ਾਮਨ ਹੋਣਾ ਚਾਹੀਦਾ ਹੈ ਪਰ ਅਜੋਕੇ ਸਮੇਂ ਵਿਚ ਤੋਤਾ ਰਟਨ, ਸੰਪਟ ਪਾਠਾਂ ਦੀਆਂ ਲੰਮੀਆਂ ਤੇ ਅਮੁਕ ਲੜੀਆਂ ਦੇ ਕਰਮ ਕਾਂਡ ਨੂੰ ਧਰਮ ਵਜੋਂ ਉਭਾਰ ਕੇ ਧਰਮ ਨੂੰ ਇਕ ਰੁਖੀ ਜਿਹੀ ਚੀਜ਼ ਬਣਾ ਦਿੱਤਾ ਗਿਆ ਹੈ ਜਿਸ ਦੇ ਲਾਗੇ ਆਉਣ ਤੋਂ ਮਨੁਖ ਘਬਰਾ ਰਿਹਾ ਹੈ। ਅਸੀਂ ਸਭ ਜਾਣਦੇ ਹਾਂ ਕਿ ਧਰਮ ਦਾ ਮੂਲ ਸੰਬੋਧਨ ਮਨੁਖ ਮਾਤਰ ਨੂੰ ਹੀ ਹੈ। ਧਰਮ ਦਾ ਮੂਲ ਆਸ਼ਾ ਮਨੁਖ ਨੂੰ ਵਰਤਮਾਨ ਨੀਵੀਂ ਦਸ਼ਾ ਵਿਚੋਂ ਕੱਢ ਕੇ ਉੱਚੀ ਸੁਅਸਥ ਦਸ਼ਾ ਵਿਚ ਲੈ ਜਾਣਾ ਹੈ। ਧਰਮ ਮਨੁਖੀ ਜੀਵਨ ਦਾ ਸਦੀਵੀ ਤੇ ਅਵਿਨਾਸ਼ੀ ਪੱਖ ਹੈ ਪਰ ਅੱਜ ਜਦੋਂ ਧਰਮ ਦੇ ਠੇਕੇਦਾਰ ਭੇਖੀ ਸੰਤ ਬਣ ਕੇ ਮਾਨਵਤਾ ਨੂੰ ਲੁਟ ਰਹੇ ਹਨ ਤਾਂ ਉਹੀ ਸਮਾਂ ਅੱਖਾਂ ਅੱਗੇ ਆ ਜਾਂਦਾ ਹੈ ਜੋ ਗੁਰੂ ਨਾਨਕ ਸਾਹਿਬ ਵੇਲੇ ਸੀ। ਧਰਮ ਕੇਵਲ ਧਨ ਕਮਾਉਣ ਦਾ ਸਾਧਨ ਬਣ ਕੇ ਰਹਿ ਗਿਆ ਹੈ। ਰਾਜਸੀ ਖੇਤਰ ਵਿਚ ਵੀ ਸਾਡੇ ਰਾਜਨੀਤਕ ਨੇਤਾ ਜੋ ਕਰ ਰਹੇ ਹਨ, ਕੁਰਸੀ ਯੁਧ ਵਿਚ ਜਿਸ ਤਰ੍ਹਾਂ ਜਨਤਾ ਨੂੰ ਰੋਲਿਆ ਜਾ ਰਿਹਾ ਹੈ ਉਸ ਬਾਰੇ ਕੁਝ ਕਹਿਣ ਤੋਂ ਬਿਨਾਂ ਹੀ ਬਹੁਤ ਕੁਝ ਕਿਹਾ ਜਾ ਸਕਦਾ ਹੈ। ਸ੍ਰ. ਕਪੂਰ ਸਿੰਘ ਜੀ ਇਕ ਥਾਂ ਲਿਖਦੇ ਹਨ ਕਿ ਛੋਟੇ ਹੁੰਦਿਆਂ ਉਨ੍ਹਾਂ ਨੇ ਜਦੋਂ ਵੀ ਕਦੀ ਗੁਰਬਾਣੀ ਦੀਆਂ ਇਹ ਤੁਕਾਂ ‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ’ ਪੜ੍ਹਨੀਆਂ ਤਾਂ ਮਨ ਵਿਚ ਕਈ ਵਾਰ ਇਹ ਵਿਚਾਰ ਪੈਦਾ ਹੋਣਾ ਕਿ ਕੀ ਗੁਰੂ ਨਾਨਕ ਸਾਹਿਬ ਵੇਲੇ ਰਾਜੇ ਸੱਚਮੁਚ ਹੀ ਕਸਾਈ ਸਨ? ਕੀ ਉਹ ਸੱਚਮੁਚ ਹੀ ਕਲ ਰੂਪੀ ਛੁਰੀ ਨਾਲ ਪਰਜਾ ਨੂੰ ਕੁਹ ਰਹੇ ਸਨ? ਜਾਂ ਫਿਰ ਇਹ ਕੇਵਲ ਪ੍ਰਤੀਕਾਤਮਕ ਗੱਲ ਕੀਤੀ ਗਈ ਹੈ। ਬਾਅਦ ਵਿਚ ਇਤਿਹਾਸ ਦੇ ਆਲੋਚਨਾਤਮਿਕ ਅਧਿਐਨ ਨੇ ਆਪ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਪਰ ਜਿਸ ਚੀਜ਼ ਨੇ ਇਸ ਗੱਲ ਨੂੰ ਮੰਨਣ ਲਈ ਆਪ ਨੂੰ ਸਭ ਤੋਂ ਵਧੇਰੇ ਪ੍ਰਭਾਵਿਤ ਕੀਤਾ ਉਹ ਸੀ ਆਪ ਦੀ ਮਿਸਰ ਯਾਤਰਾ। ਉਥੇ ਆਪ ਨੇ ਜਦੋਂ ਮੁਰਦਿਆਂ ਨੂੰ ਸੰਭਾਲ ਕੇ ਰੱਖਦਿਆਂ ਦੇਖਿਆ ਤਾਂ ਮਨ ਵਿਚ ਬੜੀ ਅਸਚਰਜਤਾ ਹੋਈ। ਇਸ ਅਸਚਰਜਤਾ ਨੇ ਆਪ ਨੂੰ ਮਿਸਰ ਦੀ ਸਭਿਅਤਾ ਬਾਰੇ ਪੜ੍ਹਨ ਲਈ ਪ੍ਰੇਰਿਆ। ਲਾਇਬਰੇਰੀ ਵਿਚ ਪੱਤਰ ਫਰੋਲਦਿਆਂ ਆਪ ਦੇ ਹੱਥ ਇਕ ਐਸੀ ਲਿਖਤ ਲੱਗੀ ਜੋ ਈਸਵੀ ਸੰਮਤ ਤੋਂ 3300 ਵਰ੍ਹੇ ਪਹਿਲਾਂ ਦੀ ਸੀ। ਉਸ ਵਿਚ ਲਿਖਿਆ ਸੀ:

“Blackedness has decended on human hearts. Kings’ minions are like butchers. The friends are treacherous. The son is disobedient and wife disloyal.”

ਸ੍ਰ. ਕਪੂਰ ਸਿੰਘ ਦਾ ਲੇਖ ਪੜ੍ਹ ਕੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਜੋ ਹਾਲਾਤ 3300 ਈ. ਪੂਰਵ ਮਿਸਰ ਵਿਚ ਸਨ, ਜੋ ਹਾਲਾਤ 547 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਵੇਲੇ ਸਨ ਕੀ ਓਹੀ ਹਾਲਾਤ ਅੱਜ ਵੀ ਤਾਂ ਨਹੀਂ? ਥੋੜ੍ਹਾ ਜਿਹਾ ਗੰਭੀਰ ਹੋ ਕੇ ਸੋਚੀਏ ਤਾਂ ਜੁਆਬ ‘ਹਾਂ’ ਵਿਚ ਮਿਲਦਾ ਹੈ। ਹਰ ਰੋਜ਼ ਦੀਆਂ ਖਬਰਾਂ – ਕਦੀ ਪੁਤਰ ਦੁਆਰਾ ਪਿਤਾ ਦਾ ਕਤਲ, ਕਦੀ ਪਤਨੀ ਦਾ ਪ੍ਰੇਮੀ ਨਾਲ ਦੌੜਨਾ ਤੇ ਕਦੀ ਮਾਂ ਦੁਆਰਾ ਬੱਚੇ ਦਾ ਕਤਲ – ਸਾਨੂੰ ਮਨੁਖੀ ਹਿਰਦਿਆਂ ਦੀ ਕਾਲਖ ਦੇ ਸਨਮੁਖ ਲਿਆ ਖੜਾ ਕਰਦੀਆਂ ਹਨ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਇਹ ਸਭ ਕੁਝ ਕਿਉਂ ਵਾਪਰ ਰਿਹਾ ਹੈ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਅੱਜ ਦੇ ਮਨੁਖ ਦੀ ਪੂਰੀ ਤਾਕਤ ਪੈਸਾ, ਅਹੁਦਾ, ਸ਼ਾਨੋ ਸ਼ੌਕਤ ਅਤੇ ਹੋਰ ਸਭ ਦੁਨਿਆਵੀ ਵਸਤਾਂ ਇਕੱਤਰ ਕਰਨ ਵਿਚ ਲੱਗ ਰਹੀ ਹੈ। ਆਪਣੇ ਆਪ ਨੂੰ ਉਹ ਵਿਦਵਾਨ ਵੀ ਅਖਵਾਉਣਾ ਚਾਹੁੰਦਾ ਹੈ। ਅਜਿਹਾ ਕਰਨ ਲਈ ਉਹ ‘ਪੜ ਪੜ ਗਡੀ ਲਦੀਅਹਿ’ ਵਾਲੇ ਆਦਰਸ਼ ਤੇ ਚਲ ਰਿਹਾ ਹੈ ਪਰ ਧਰਮ ਜਿਸ ਨੇ ਉਸ ਦੇ ਗਿਆਨ (Knowledge) ਨੂੰ ਪ੍ਰਕਾਸ਼ (Light) ਵਿਚ ਬਦਲਣਾ ਹੈ ਉਸ ਪ੍ਰਤੀ ਉਸ ਦਾ ਵਤੀਰਾ ਸ਼ਰਧਾਮਈ ਘੱਟ ਅਤੇ ਵਿਉਪਾਰਕ ਜ਼ਿਆਦਾ ਹੁੰਦਾ ਜਾ ਰਿਹਾ ਹੈ। ਉਹ ਆਪਣੇ ਮੂਲ ਨਾਲੋਂ ਟੁਟ ਚੁਕਾ ਹੈ, ਇਸੇ ਲਈ ਉਸ ਦਾ ਮਨ ਰੋਗੀ ਹੋ ਗਿਆ ਹੈ। ਮਨੁਖੀ ਸਮਾਜ ਵਿਚ ਪਾਏ ਜਾਂਦੇ ਵੰਡ-ਵਿਤਕਰੇ, ਫਿਰਕੂ ਕੁੜੱਤਣ, ਦੰਗੇ ਫਸਾਦ, ਕਤਲੋਗਾਰਤ, ਬਲਾਤਕਾਰ, ਚੋਰੀ, ਠੱਗੀ, ਨਫਰਤ, ਖੁਦਗਰਜ਼ੀ ਆਦਿ ਸਭ ਬੁਰਾਈਆਂ ਰੋਗੀ ਮਨ ਦੀ ਹੀ ਉਪਜ ਹਨ। ਰੂਹਾਨੀ, ਇਖ਼ਲਾਕੀ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਭਾਰੀ ਟੁਟ ਭੱਜ ਅਤੇ ਤਬਾਹੀ ਵੀ ਵਿਗੜੇ ਹੋਏ ਮਨ ਦੀ ਕਰਾਮਾਤ ਹੈ। ਇਨ੍ਹਾਂ ਮਾਨਸਿਕ ਪਰੇਸ਼ਾਨੀਆਂ ਅਤੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਲੋੜ ਹੈ ਆਪਣਾ ਮੂਲ ਪਛਾਣਨ ਦੇ ਰਾਹ ਤੇ ਚੱਲਣ ਦੀ। ਇਸ ਕੰਮ ਵਿਚ ਸਭ ਤੋਂ ਵਧੇਰੇ ਰਹਿਨੁਮਾਈ ਕਰ ਸਕਦੇ ਹਨ – ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪ੍ਰਸਿੱਧ ਪੱਛਮੀ ਵਿਦਵਾਨ ਆਰਨੋਲਡ ਤਿਆਨਬੀ ਆਪਣੀ ਪੁਸਤਕ The Sacred Writings Of the Sikhs ਵਿਚ ਲਿਖਦੇ ਹਨ:

‘ਮਨੁਖਤਾ ਦਾ ਧਾਰਮਿਕ ਭਵਿੱਖ ਧੁੰਦਲਾ ਹੈ ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਕੋਲ ਕੁਝ ਐਸੀ ਵਿਸ਼ੇਸ਼ ਕੀਮਤੀ ਗੱਲ ਜ਼ਰੂਰ ਹੈ ਜੋ ਸਾਰੀ ਦੁਨੀਆਂ ਨੂੰ
ਦੱਸੀ ਜਾ ਸਕਦੀ ਹੈ।’

ਗੁਰਬਾਣੀ ਅਤੇ ਮਨੁਖ ਦਾ ਰਿਸ਼ਤਾ ਸਦੀਵੀ ਅਤੇ ਅਨਿੱਖੜ ਹੈ ਕਿਉਂ ਕਿ ਇਹ ਮਨੁਖ ਮਾਤਰ ਦੇ ਕਲਿਆਣ ਹਿਤ ਅਤੇ ਸਰਬ ਸਮਿਆਂ ਵਾਸਤੇ ਹੈ। ਗੁਰਬਾਣੀ ਦਾ ਨਿਸ਼ਾਨਾ ਕੇਵਲ ਮਾਤਰ ਕਾਲਪਨਿਕ ਨਹੀਂ ਸਗੋਂ ਇਹ ਅਮਲੀ ਅਤੇ ਕ੍ਰਿਆਸ਼ੀਲ ਜੀਵਨ ਨਾਲ ਸਬੰਧਿਤ ਹੈ। ਬਾਣੀ ਦੀ ਲੋਅ ਵਿਚ ਜੀਵਿਆ ਜੀਵਨ ਅਗਿਆਨਤਾ ਦੀਆਂ ਸਾਰੀਆਂ ਬਖ਼ਸ਼ਿਸ਼ਾਂ ਵਾਲੇ ਜੀਵਨ ਨਾਲੋਂ ਉੱਚਾ, ਸੁਆਦਲਾ ਅਤੇ ਨਰੋਆ ਹੁੰਦਾ ਹੈ।

ਗੁਰਬਾਣੀ ਅਨੁਸਾਰ ਮਨੁਖ ਦਾ ਆਦਰਸ਼ ਕੇਵਲ ਸੱਚ ਦੀ ਪ੍ਰਾਪਤੀ ਹੀ ਨਹੀਂ ਸਗੋਂ ਉਸ ਨੂੰ ਸੱਚੇ ਆਚਾਰ ਵਿਚ ਢਾਲਣਾ ਵੀ ਹੈ।

ਸਚਹੁ ਓਰੈ ਸਭੁ ਕੋ ਉਪਰਿ ਸਚ ਆਚਾਰ॥

ਇਕ ਚੰਗਾ ਮਨੁਖ ਚੰਗੇ ਜੀਵਨ ਦੇ ਨਾਲ ਨਾਲ ਚੰਗੇ ਭਾਈਚਾਰਕ ਸਬੰਧਾਂ ਨੂੰ ਵੀ ਉੱਤਮਤਾ ਨਾਲ ਨਿਬਾਹੁੰਦਾ ਹੈ। ਸਵਾਰਥ ਦਾ ਤਿਆਗ ਉਸ ਦਾ ਵਿਸ਼ੇਸ਼ ਲੱਛਣ ਹੁੰਦਾ ਹੈ। ਅਸਲ ਵਿਚ ਮਨੁਖ ਇਕੱਲਾ ਹੋਵੇ ਤਾਂ ਨਿੱਜ ਤਕ ਸੀਮਤ ਹੁੰਦਾ ਹੈ ਪਰ ਜਦੋਂ ਦੂਜੇ ਮਨੁਖਾਂ ਨਾਲ ਮਿਲ ਕੇ ਸਮਾਜ ਸਿਰਜਦਾ ਹੈ ਤਾਂ ਨਿਜ ਤੋਂ ਪਰ ਤਕ ਦਾ ਸਫ਼ਰ ਤੈਅ ਕਰਦਾ ਹੈ। ਨਿਜ ਅਤੇ ਪਰ ਦੀ ਏਕਤਾ ਹੋਣ ਤੇ ਉਹ ਸਧਾਰਨ ਮਨੁਖ ਦੀ ਪਦਵੀ ਤੋਂ ਉਪਰ ਉਠ ਕੇ ਅਸਧਾਰਨ ਵਿਅਕਤਿਤਵ ਦਾ ਧਾਰਨੀ ਹੋ ਜਾਂਦਾ ਹੈ। ਚਾਰਲਸ ਮੂਰ ਨੇ ਠੀਕ ਹੀ ਕਿਹਾ ਹੈ ਕਿ ਨੈਤਿਕ ਜੀਵਨ ਜਦੋਂ ਸਮਾਜਕ ਧਰਾਤਲ ਤੇ ਹੁੰਦਾ ਹੈ ਤਾਂ ਉਹ ਅਧਿਆਤਮਕ ਜੀਵਨ ਹੀ ਹੁੰਦਾ ਹੈ। ਇਹ ਕ੍ਰਿਆਸ਼ੀਲ ਅਧਿਆਤਮਕਤਾ ਹੈ। ਇਸ ਅਧਿਆਤਮਕਤਾ ਤਕ ਪਹੁੰਚਣਾ ਕੋਈ ਸਧਾਰਨ ਗੱਲ ਨਹੀਂ ਕਿਉਂ ਕਿ ਇਸ ਸਤਹ ਤਕ ਪਹੁੰਚਣ ਲਈ ਮਨੁਖ ਨੂੰ ਆਪਾ ਤਿਆਗਣਾ ਪੈਂਦਾ ਹੈ, ਸਵੈ ਤੋਂ ਉਪਰ ਉਠਣਾ ਪੈਂਦਾ ਹੈ। ਇਸ ਮੁਸ਼ਕਲ ਕੰਮ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਅਗਵਾਈ ਕਰਦੀ ਹੈ। ਗੁਰਬਾਣੀ ਸਾਨੂੰ ਸੰਜਮੀ ਜੀਵਨ ਜੀਊਣਾ ਸਿਖਾਉਂਦੀ ਹੈ। ਦੇਸ਼, ਕੌਮ, ਧਰਮ, ਗਰੀਬਾਂ, ਨਿਮਾਣਿਆਂ, ਨਿਤਾਣਿਆਂ ਲਈ ਕੁਝ ਕਰਨ ਲਈ ਪ੍ਰੇਰਦੀ ਹੈ। ਨਾਗਨੀ ਮਾਇਆ ਦੇ ਜਾਲ ਵਿਚੋਂ ਕੱਢ ਕੇ ‘ਦੌਲਤ ਗੁਜ਼ਰਾਨ’ ਦੇ ਆਦਰਸ਼ ਵਲ ਪ੍ਰੇਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਵਿਚ ਹੀ ਗੁਰੂ ਸਾਹਿਬ ਨੇ ਇਸ ਗੱਲ ਵਲ ਧਿਆਨ ਕੇਂਦ੍ਰਿਤ ਕੀਤਾ ਹੈ ਕਿ ਮਨੁਖ ਨੇ ਸਚਿਆਰੇ ਯਨੀ ਉੱਤਮ ਪੁਰਖ ਬਣਨ ਲਈ ਕੀ ਕਰਨਾ ਹੈ। ਨਿਜ ਤੋਂ ਪਰ ਤਕ ਦਾ ਸਫ਼ਰ ਕਿਵੇਂ ਤੈਅ ਕਰਨਾ ਹੈ। ਗੁਰੂ ਸਾਹਿਬ ਦਾ ਵਿਚਾਰ ਹੈ ਕਿ ਅਜਿਹਾ ਕਰਨ ਲਈ ਰਾਹ ਵਿਚਲੀ ਕੂੜ ਦੀ ਕੰਧ ਨੂੰ ਢਾਹੁਣਾ ਪੈਂਦਾ ਹੈ। ਕੂੜ ਦੀ ਕੰਧ ਅਸਲ ਵਿਚ ਹਉਮੈ ਦੀ ਮੂਲ ਉਪਾਧੀ ਹੈ। ਹਉਮੈ ਦਾ ਭਾਵ ਹੈ ਕਿ ਮੈਂ ਮੇਰੀ ਦੀ ਭਾਵਨਾ। ਇਹੀ ਭਾਵਨਾ ਅੱਜ ਮਨੁਖ ਨੂੰ ਲੋਭੀ ਤੇ ਸਵਾਰਥੀ ਬਣਾ ਰਹੀ ਹੈ। ਇਸੇ ਭਾਵਨਾ ਅਧੀਨ ਹੀ ਮਨੁਖ ਮਨੁਖ ਦਾ ਵੈਰੀ ਬਣਦਾ ਹੈ। ਇਸੇ ਭਾਵਨਾ ਅਧੀਨ ਹੀ ਮਨੁਖ ਆਪਣੇ ਅਸਲੇ ਨਾਲੋਂ ਟੁਟ ਕੇ ਦ੍ਰਿਸ਼ਟਮਾਨ ਵਲ ਰੁਚਿਤ ਹੁੰਦਾ ਹੈ ਅਤੇ ਅੰਦਰ ਵਸਦੀ ਜੋਤ ਨੂੰ ਦੇਖ ਨਹੀਂ ਸਕਦਾ। ਗੁਰਬਾਣੀ ਅਨੁਸਾਰ ਹਉਮੈ ਤੋਂ ਮੁਕਤ ਹੋਣ ਦਾ ਇਕੋ ਇਕ ਸਾਧਨ ਹੈ ਕਿ ਮਨੁਖ ਆਪਣਾ ਆਪਾ ਰੱਬੀ ਨਿਯਮਾਂ ਅਨੁਸਾਰ ਢਾਲੇ:

ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)

ਆਉ ਜ਼ਰਾ ਹੁਣ ਇਹ ਦੇਖੀਏ ਕਿ ਗੁਰਬਾਣੀ ਅਨੁਸਾਰ ਹੁਕਮ ਕੀ ਹੈ? ਕਥਨ ਹੈ:

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ॥ (ਪੰਨਾ 72)

ਨਾਮ ਕੂੜ ਦੀ ਮੈਲ ਦੂਰ ਕਰਦਾ ਹੈ:

ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ॥ (ਪੰਨਾ 951)

ਕੂੜ ਦੀ ਮੈਲ ਨਾਮ ਨਾਲ ਦੂਰ ਹੁੰਦੀ ਹੈ ਅਤੇ ਮੈਲ ਦੂਰ ਹੋਣ ਨਾਲ ਸਚਿਆਰ ਬਣੀਦਾ ਹੈ। ਸੋ ਨਾਮ ਨੂੰ ਜਪ ਕੇ ਜੀਵ ਸਚਿਆਰ ਹੁੰਦਾ ਹੈ।ਸਚਿਆਰ ਪੁਰਖ ਫਿਰ ਦੁਨੀਆਂ ਵਿਚ ਰਹਿੰਦਿਆਂ ਹੋਇਆਂ ਲੋਕਾਂ ਨਾਲ ਠਾਠਾ ਬਾਗਾ ਹੀ ਰੱਖਦਾ ਹੈ, ਇਸ ਵਿਚ ਖਚਿਤ ਨਹੀਂ ਹੁੰਦਾ। ਉਹ ਦ੍ਰਿਸ਼ਟਮਾਨ ਨਾਲ ਜੁੜਨ ਦੀ ਬਜਾਏ ਇਸ ਵਿਚੋਂ ਅਦ੍ਰਿਸ਼ਟ ਦੇ ਦਰਸ਼ਨ ਕਰਨ ਦਾ ਚਾਹਵਾਨ ਹੁੰਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਇਕ ਥਾਂ ਲਿਖਦੇ ਹਨ ਕਿ ਜੇ ਕੋਈ ਬੁਢਾ ਆਪਣਾ ਜਨਮ ਦਿਨ ਮਨਾਵੇ ਤਾਂ ਸਮਝੋ ਉਹ ਮਰ ਕੇ ਜਨਮੇਗਾ ਕਿਉਂ ਕਿ ਉਹ ਜਨਮ ਨਾਲ ਜੁੜਿਆ ਹੋਇਆ ਹੈ ਅਤੇ ਜੇ ਕੋਈ ਬੱਚਾ ਮੌਤ ਦੇਖਣ ਵਿਚ ਸਫ਼ਲ ਹੋ ਜਾਏ ਤਾਂ ਉਹ ਭਗਤ ਬਣ ਆਪਣਾ ਜੀਵਨ ਸਫ਼ਲ ਕਰ ਜਾਏਗਾ।ਜਿਸ ਵੇਲੇ ਅੰਤ ਦਿਖਾਈ ਦੇਣ ਲੱਗ ਪਏ ਤਾਂ ਸਮਝੋ ਬੇਅੰਤ ਵੀ ਦਿਖਾਈ ਦੇਣ ਲੱਗ ਪਏਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬਾਰ ਬਾਰ ਸੰਸਾਰ ਦੀ ਨਾਸ਼ਮਾਨਤਾ ਚੇਤੇ ਕਰਾ ਕੇ ਸਦਾ ਥਿਰ ਪ੍ਰਭੂ ਨਾਲ ਜੋੜਨ ਦਾ ਉਪਰਾਲਾ ਕਰਦੀ ਹੈ:

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ (ਪੰਨਾ, 1428)

ਅਸਲ ਵਿਚ ਸਾਰਾ ਸੰਸਾਰ ਮਨ ਦਾ ਹੀ ਪਸਾਰਾ ਹੈ। ਮਨ ਜਿਉਂ ਜਿਉਂ ਸੁਕੜਦਾ ਹੈ, ਸੰਸਾਰ ਵੀ ਸੰਕੀਰਣ ਹੁੰਦਾ ਜਾਂਦਾ ਹੈ। ਫਿਰ ਮਨ ਦੇ ਅੰਤ ਨਾਲ ਸੰਸਾਰ ਦਾ ਵੀ ਅੰਤ ਹੋ ਜਾਂਦਾ ਹੈ। ਸੰਸਾਰ ਮਨ ਦੀ ਉਪਜ ਹੈ। ਮਨ ਦੇ ਮਰਨ ਨਾਲ ਭਾਵ ਮਨ ਦੇ ਜਿੱਤਣ ਨਾਲ ਕਰਤਾਰ ਪ੍ਰਗਟ ਰੂਪ ਵਿਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਨਿਰੰਕਾਰ ਇਸ ਸੰਸਾਰ ਦਾ ਗੁਪਤ ਹਿੱਸਾ ਹੈ ਅਤੇ ਸੰਸਾਰ ਨਿਰੰਕਾਰ ਦਾ ਪ੍ਰਗਟ ਰੂਪ ਹੈ। ਗੁਰਬਾਣੀ ਸਾਨੂੰ ਦੋਹਾਂ ਨਾਲ ਜੋੜਦੀ ਹੈ। ਸਿਮਰਨ ਕਰਕੇ ਨਿਰਗੁਣ ਨਾਲ ਅਤੇ ਸੇਵਾ ਕਰਕੇ ਸਰਗੁਣ ਨਾਲ। ਸੋ ਅੱਜ ਜੇ ਅਸੀਂ ਸਿਮਰਨ ਤੇ ਸੇਵਾ ਦੋਹਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਈਏ ਤਾਂ ਇਕ ਸਮਤੁਲ ਜੀਵਨ ਤੇ ਸੁਚੱਜਾ ਜੀਵਨ ਜੀਊ ਸਕਾਂਗੇ। ਫਿਰ ਨਾ ਅੱਜ ਵਰਗੀ ਮਾਰਧਾੜ ਰਹੇਗੀ ਤੇ ਨਾ ਹੀ ਕਤਲੇਆਮ। ਮਨੁਖ ਬੇਗਮਪੁਰੇ ਦਾ ਵਾਸੀ ਬਣ ਜਾਏਗਾ। ਬਾਣੀ ਦਾ ਮੁਖ ਸੰਦੇਸ਼ ਭਾਵੇਂ ਅਧਿਆਤਮਕ ਹੈ ਪਰ ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁਕਾ ਹੈ ਕਿ ਜਦੋਂ ਨੈਤਿਕਤਾ ਸਮਾਜਿਕ ਧਰਾਤਲ ਤੇ ਸਕ੍ਰਿਅ ਹੁੰਦੀ ਹੈ ਤਾਂ ਉਹ ਅਧਿਆਤਮਕਤਾ ਹੀ ਹੁੰਦੀ ਹੈ। ਸਮੁਚੀ ਬਾਣੀ ਰਹੱਸਵਾਦ ਤੇ ਨੈਤਿਕ ਆਦਰਸ਼ਾਂ ਦਾ ਸੁਮੇਲ ਹੈ। ਜਿਥੇ ਬਾਣੀ ਵਿਚ ਨਾਮ ਜਪਣ ਦੀ ਪ੍ਰੇਰਨਾ ਕੀਤੀ ਗਈ ਹੈ ਉਥੇ ਸਮਤੋਲ ਸੰਸਾਰਕ ਜੀਵਨ ਜੀਊਣ ਦਾ ਵੀ ਆਦਰਸ਼ ਹੈ। ਜੇ ਪੁਤਰ ਪਿਤਾ ਨਾਲ ਝਗੜਦਾ ਹੈ ਤਾਂ ਉਸ ਲਈ ਆਦੇਸ਼ ਹੈ:

ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ (ਪੰਨਾ, 1200)

ਇਸਤਰੀ ਨੂੰ ਜੇ ਖਿਮਾ, ਨਿਮਰਤਾ, ਸਬਰ, ਸ਼ੁਕਰ ਆਦਿ ਦਾ ਸ਼ਿੰਗਾਰ ਕਰਨ ਲਈ ਕਿਹਾ ਗਿਆ ਹੈ ਤਾਂ ਨਾਲ ਹੀ ਉਸ ਨੂੰ ਘਰ ਦੇ ਕੰਮ ਕਾਰ ਵਿਚ ਵੀ ਨਿਪੁੰਨ ਹੋਣ ਲਈ ਕਿਹਾ ਗਿਆ ਹੈ:

ਕਢਿ ਕਸੀਦਾ ਪਹਿਰਹਿ ਚੋਲੀ ਤਾ ਤੁਮ ਜਾਣਹੁ ਨਾਰੀ॥
ਜੇ ਘਰੁ ਰਾਖਹਿ ਬੁਰਾ ਨਾ ਚਾਖੇਹਿ ਹੋਵਹਿ ਕੰਤ ਪਿਆਰੀ॥ (ਪੰਨਾ, 1171)

ਲਾਵਾਂ ਬਾਣੀ ਵਿਚ ਦਿੱਤਾ ਗਿਆ ਉਪਦੇਸ਼ ਜੇ ਆਤਮ ਪ੍ਰਮਾਤਮ ਮੇਲ ਦਾ ਲਖਾਇਕ ਹੈ ਤਾਂ ਸੁਚੱਜੇ ਪਰਿਵਾਰ ਰਾਹੀਂ ਸੁਚੱਜੇ ਸਮਾਜ ਦੀ ਸਿਰਜਨਾ ਲਈ ਸ਼ਕਤੀਸ਼ਾਲੀ ਅਗਵਾਈ ਕਰਦਾ ਹੈ। ਜੇ ਮਨੁਖ ਪਰਿਵਾਰ ਵਲ ਆਪਣੇ ਫ਼ਰਜ਼ ਨਾ ਨਿਭਾਏ ਤਾਂ ਸਮਾਜ ਆਪਣੀ ਸ਼ਕਤੀ ਗਵਾ ਬੈਠਦਾ ਹੈ। ਗੁਰਮਤਿ ਵਿਚਾਰਧਾਰਾ ਉਦਾਸੀ ਅਤੇ ਬਾਣ ਪ੍ਰਸਤ ਜੀਵਨ ਸ਼ੈਲੀ ਨੂੰ ਨਕਾਰਦਿਆਂ ਗ੍ਰਹਿਸਤੀ ਹੋਣ ਦਾ ਪੱਖ ਪੂਰਦੀ ਗ੍ਰਹਿਸਤ ਜੀਵਨ ਨੂੰ ਗ੍ਰਹਿਸਤ ਧਰਮ ਦਾ ਸਤਿਕਾਰ ਪੂਰਨ ਦਰਜਾ ਦੇਂਦੀ ਹੈ।

ਗਿਆਨਨ ਮਹਿ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ
ਸਕਲ ਧਰਮ ਮਹਿ ਗ੍ਰਹਿਸਤ ਪ੍ਰਧਾਨ ਹੈ

ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵਨ ਦੇ ਹਰ ਖੇਤਰ ਵਿਚ ਸਮੁਚੇ ਸੰਸਾਰ ਦੀ ਅੱਜ ਵੀ ਉਸੇ ਤਰ੍ਹਾਂ ਅਗਵਾਈ ਕਰਦੀ ਹੈ ਜਿਵੇਂ ਅੱਜ ਤੋਂ 500 ਵਰ੍ਹੇ ਪਹਿਲਾਂ ਕਰਦੀ ਸੀ। ਤਾਂ ਹੀ ਤਾਂ ਇਕ ਸਿੰਧੀ ਵਿਦਵਾਨ ਸ੍ਰੀ ਟੀ. ਐਲ. ਵਿਸਵਾਨੀ ਨੂੰ ਜਦੋਂ ਇਹ ਕਿਹਾ ਗਿਆ ਕਿ ਸਿੰਧ ਦੇ ਕਾਲਜ ਵਿਦਿਆਰਥੀਆਂ ਲਈ ਕੋਈ ਧਾਰਮਿਕ ਦਾ ਕੋਰਸ ਤਜਵੀਜ਼ ਕਰੋ ਤਾਂ ਉਸ ਨੇ ਕਿਹਾ:

ਸੁਖਮਨੀ ਹੀ ਐਸੀ ਬਿਹਤਰੀਨ ਰਚਨਾ ਹੈ ਜਿਸਦੀ ਅੱਜ ਹਰ ਹਿੰਦੁਸਤਾਨੀ
ਨੌਜਵਾਨ ਨੂੰ ਲੋੜ ਹੈ। ਇਸ ਰਚਨਾ ਦਾ ਜੀਵਨ ਸੰਦੇਸ਼ ਸਭ ਕੌਮਾਂ ਤੇ ਸਭ
ਦੇਸ਼ਾਂ ਲਈ ਇਕੋ ਜਿਹਾ ਲੋੜੀਂਦਾ ਹੈ। ਅੱਜ ਸੰਸਾਰ ਕੌਮ ਪ੍ਰਸਤੀ ਦੀ ਤੰਗ
ਖਿਆਲੀ ਵਿਚ ਗੌਰਵ ਮਹਿਸੂਸ ਕਰ ਰਿਹਾ ਹੈ। ਜੰਗ ਵਿਚ ਮਰਨਾ ਪਰਮ
ਮਨੋਰਥ ਸਮਝਿਆ ਜਾ ਰਿਹਾ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਸਚਾਈ
ਕਮਜ਼ੋਰਾਂ ਦਾ ਬਹਾਨਾ ਹੈ। ਪ੍ਰੇਮ, ਨਿਸ਼ਕਾਮਤਾ ਤੇ ਨਿਮਰਤਾ ਕਾਇਰਾਂ ਦਾ
ਧਰਮ ਹੈ। ਇਸ ਹਾਲਤ ਵਿਚ ਸੰਸਾਰ ਨੂੰ ਇਸ ਸਮੇਂ ਪਰਮਾਰਥਕ ਸੰਦੇਸ਼
ਸਾਨੂੰ ਕੇਵਲ ਸੁਖਮਨੀ ਸਾਹਿਬ ਵਿਚੋਂ ਹੀ ਮਿਲਦਾ ਹੈ।

ਸ੍ਰੀ. ਟੀ. ਐਲ. ਵਾਸਵਾਨੀ ਸਾਹਿਬ ਦੇ ਸੁਖਮਨੀ ਸਾਹਿਬ ਬਾਰੇ ਕਹੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਮੁਚੀ ਬਾਣੀ ਵਾਸਤੇ ਸੱਚ ਹਨ। ਜੋ ਵੀ ਇਸ ਦੇ ਅਸੂਲਾਂ ਦੇ ਸੱਚੇ ਵਿਚ ਆਪਣਾ ਜੀਵਨ ਢਾਲੇਗਾ ਉਸ ਨੂੰ ਫਿਰ ਹੋਰ ਕਿਧਰੇ ਵੀ ਟੱਕਰਾਂ ਮਾਰਨ ਦੀ ਲੋੜ ਨਹੀਂ ਪਏਗੀ। ਉਸ ਦਾ ਖਾਣ-ਪੀਣ, ਰਹਿਣ-ਸਹਿਣ ਸਭ ਕਾਬੂ ਵਿਚ ਆ ਜਾਏਗਾ। ਫਿਰ ਉਸ ਦੇ ਪੈਰ ਗੁਰੂ ਦੇ ਮਾਰਗ ਵਲ ਚਲਣਗੇ, ਹੱਥ ਗੁਰੂ ਦਾ ਦਾਮਨ ਪਕੜਨਗੇ, ਰਸਨਾ ਸਿਫ਼ਤ ਸਲਾਹ ਨਾਲ ਸ਼ਿੰਗਾਰੀ ਜਾਏਗੀ ਤੇ ਮਸਤਕ ਉਸ ਦੇ ਕਦਮਾਂ ਤੇ ਜਾ ਡਿੱਗੇਗਾ। ਇਸ ਅਵਸਥਾ ਵਿਚ ਮਾਣਸ ਦੇਵਤਾ ਬਣ ਜਾਏਗਾ।