SikhThought - GuruGranthSahibJiFeatured

ਗੁਰੂ ਗ੍ਰੰਥ ਸਾਹਿਬ ਦੀਆਂ ਅਧਿਆਤਮਿਕ ਵਾਰਾਂ

ਮੱਧਕਾਲੀਨ ਪੰਜਾਬੀ ਸਾਹਿਤ ਦੀ ਕਾਵਿ-ਪਰੰਪਰਾ ਵਿਚ ਵਾਰ-ਕਾਵਿ ਇਕ ਮਹੱਤਵਪੂਰਨ ਕਾਵਿ-ਧਾਰਾ ਹੈ। ਇਸ ਕਾਵਿ-ਧਾਰਾ ਦਾ ਪ੍ਰਭਾਵ ਉਸ ਸਮੇਂ ਦੀਆਂ ਬਾਕੀ ਕਾਵਿ – ਧਾਰਾਵਾਂ ਜਿਵੇਂ ਗੁਰਮਤਿ-ਕਾਵਿ, ਸੂਫੀ-ਕਾਵਿ, ਕਿੱਸਾ-ਕਾਵਿ ਆਦਿ ਉਪਰ ਪ੍ਰਤੱਖ ਦ੍ਰਿਸ਼ਟੀਗੋਚਰ ਹੁੰਦਾ ਹੈ। ਵਾਰ ਸ਼ਬਦ ਦਾ ਮੁਢ ‘ਵ੍ਰਿ’ ਧਾਤੂ ਤੋਂ ਹੋਇਆ ਦਸਿਆ ਜਾਂਦਾ ਹੈ ਜਿਸ ਤੋਂ ਵਾਰੀ ਜਾਂ ਵੈਰੀ ਅਰਥਾਤ ਵਾਰ ਕਰਨ ਵਾਲਾ ਜਾਂ ਵਾਰ ਰੋਕਣ ਵਾਲਾ ਵਾਹਰ (ਵਾਰ ਕਰਨ ਜਾਂ ਵਾਰ ਰੋਕਣ ਵਾਲੇ ਮਨੁਖਾਂ ਦਾ ਇਕੱਠ) ਜਾਂ ਵਾਹਰੂ ਸ਼ਬਦ ਬਣੇ ਹਨ। ਪੁਰਾਣੇ ਸਮੇਂ ਵਿਚ ਜਿਸ ਵੇੇਲੇ ਕੋਈ ਸੂਰਮਾ ਆਪਣਾ, ਆਪਣੇ ਭੈੇਣ ਭਰਾਵਾਂ ਜਾਂ ਟੱਬਰ ਕਬੀਲੇ ਦਾ ਵੈਰ ਕੱਢਣ ਲਈ ਜਾਂ ਕੋਈ ਨਵੀਂ ਮੱਲ ਮਾਰਨ ਲਈ ਵਾਰ ਕਰਦਾ ਜਾਂ ਵਾਰ ਰੋਕਦਾ, ਫ਼ਤਹਿ ਪਾਉਂਦਾ ਜਾਂ ਸ਼ਹੀਦ ਹੁੰਦਾ ਤਾਂ ਡੂੰਮ, ਮਰਾਸੀ ਆਦਿ ਉਸ ਯੁਧ ਨਾਲ ਸਬੰਧਿਤ ਕਵਿਤਾ ਜੋੜ ਕੇ ਆਪਣੇ ਜਜਮਾਨਾਂ ਨੂੰ ਸੁਣਾਉਂਦੇ। ਇਹਨਾਂ ਕਵਿਤਾਵਾਂ ਵਿਚ ਕਿਉਂਕਿ ਵਾਰ ਕਰਨ ਤੇ ਰੋਕਣ ਦਾ ਬਾਰ ਬਾਰ ਜ਼ਿਕਰ ਆਉਂਦਾ ਇਸ ਲਈ ਇਹਨਾਂ ਰਚਨਾਵਾਂ ਦਾ ਨਾਮ ਵਾਰ ਪੈ ਗਿਆ। ਵਾਰ ਕਿਉਂਕਿ ਗਾ ਕੇ ਪੇਸ਼ ਕੀਤੀ ਜਾਂਦੀ ਹੈ ਇਸ ਲਈ ਇਸ ਰਾਹੀਂ ਲੋਕ-ਕਾਵਿ ਵਿਚ ਵਾਧਾ ਹੋਣ ਦੇ ਨਾਲ ਨਾਲ ਲੋਕ-ਸੰਗੀਤ ਦਾ ਖੇਤਰ ਵੀ ਵਿਸ਼ਾਲ ਹੋਇਆ।

ਪ੍ਰਸਿੱਧ ਜਰਮਨ ਚਿੰਤਕ ਨਿਤਸ਼ੇ ਆਪਣੀ ਪੁਸਤਕ ‘Birth of tragedy from the spirit of music’ ਵਿਚ ਲਿਖਦਾ ਹੈ ਕਿ ਲੋਕ ਸੰਗੀਤ ਹਮੇਸ਼ਾ ਜਨ ਸਾਧਾਰਨ ਦੀ ਹੂਕ ਦੀ ਗੂੰਜਾਰ ਹੋਇਆ ਕਰਦਾ ਹੈ। ਇਹ ਗੱਲ ਉਸ ਨੇ ਭਾਵੇਂ ਟਰੈਜਡੀ ਦੇ ਸੰਦਰਭ ਵਿਚ ਕਹੀ ਪਰ ਵਾਰ ਕਾਵਿ-ਰੂਪ ਲਈ ਵੀ ਇਹ ਓਨੀ ਹੀ ਸਹੀ ਹੈ। ਜਦੋਂ ਵੀ ਕਦੇ ਪੰਜਾਬ ਵਿਚ ਦੈਂਤ ਪ੍ਰਵਿਰਤੀਆਂ ਹਾਵੀ ਹੋਈਆਂ ਅਤੇ ‘ਜੇ ਜੀਵੈ ਪਤਿ ਲਥੀ ਜਾਏ ਸਭਿ ਹਰਾਮ ਜੇਤਾ ਕਿਛੁ ਖਾਇ’ ਅਤੇ ‘ਧੰਨ ਜੀਓ ਤਿਹ ਕੋ ਜਗ ਮਹਿ ਮੁਖਿ ਤੇ ਹਰਿ ਚਿਤਿ ਮਹਿ ਜੁਧ ਬੀਚਾਰੈ’ ਦੀ ਭਾਵਨਾ ਜਾਗ ਪਈ ਤਾਂ ਇਸ ਵਿਚੋਂ ਵਾਰ ਦਾ ਜਨਮ ਹੋਇਆ। ਸੋ ਵਾਰ ਉਹ ਕਵਿਤਾ ਹੈ ਜਿਸ ਵਿਚ ਯੁਧ ਦਾ ਅਜਿਹਾ ਚਿਤਰਣ ਹੋਵੇ ਕਿ ਪੜ੍ਹਣ ਵਾਲੇ ਦੀਆਂ ਰਗਾਂ ਵਿਚਲਾ ਖੂਨ ਖੌਲ ਉਠੇ ਅਤੇ ਉਹ ਮੌਤ ਲਾੜੀ ਨੂੰ ਵਿਆਹੁਣ ਲਈ ਮੈਦਾਨ-ਏ-ਜੰਗ ਵਿਚ ਨਿਤਰ ਆਵੇ।

ਵਾਰ ਦੇ ਮੂਲ ਵਿਚ ਪੰਜਾਬੀ ਬਿਰਤੀ ਦੇ ਦੋ ਤੱਤ ਬੜੇ ਉੱਭਰ ਕੇ ਸਾਹਮਣੇ ਆਉਂਦੇ ਹਨ – ਇਕ ਪੰਜਾਬੀਆਂ ਦਾ ਅਣਖੀਲਾ ਸੁਭਾਉ ਤੇ ਦੂਸਰਾ ਉਹਨਾਂ ਦੀ ਯੁਧ-ਪ੍ਰਵਿਰਤੀ। ਇਹਨਾਂ ਦੋਹਾਂ ਵਿਚੋਂ ਹੀ ਵਾਰ ਜਨਮ ਲੈਂਦੀ ਹੈ। ਗੁਰੂ ਸਾਹਿਬਾਨ ਬਹੁਤ ਵੱਡੇ ਮਨੋਵਿਗਿਆਨੀ ਸਨ। ਉਹਨਾਂ ਨੇ ਮਨੁਖ ਦੀਆਂ ਇਹਨਾਂ ਦੋਹਾਂ ਪ੍ਰਵਿਰਤੀਆਂ ਦੀ ਮਨੋਵਿਗਿਆਨਿਕ ਵਰਤੋਂ ਕਰਕੇ ਵਾਰ ਦੇ ਪਿੰਡੇ ਰਾਹੀਂ ਧਰਮ ਯੁਧ ਰਚਾਇਆ। ਮਾਨਸਿਕ ਤਣਾਉ ਤੋਂ ਉਪਜੀਆਂ ਸਥਿਤੀਆਂ, ਸਮਾਜਿਕ ਕੁਰੀਤੀਆਂ ਅਤੇ ਅਨਿਆਂ ਆਦਿਕ ਮਸਲਿਆਂ ਨੂੰ ਵਾਰ ਵਿਚ ਸਮੋ ਕੇ ਮਨੁਖ ਨੂੰ ਮੈਦਾਨ-ਏ-ਜੀਵਨ ਵਿਚ ਪੇਸ਼ ਕੀਤਾ। ਗੁਰੂ ਸਾਹਿਬਾਨ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਸੀ ਕਿ ਪੰਜਾਬ ਦੀ ਧਰਤੀ ਉਪਰ ਬੀਰ ਰਸੀ ਵਾਰਾਂ ਨੂੰ ਬੜੀ ਪ੍ਰਵਾਨਗੀ ਮਿਲੀ ਹੈ। ਇਸ ਲਈ ਆਪ ਨੇ ਬੀਰ ਰਸੀ ਵਾਰ ਦੇ ਸਮਰੂਪ ਅਧਿਆਤਮਿਕ ਵਾਰਾਂ ਦੀ ਰਚਨਾ ਕਰਕੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਆਪਣੇ ਨਾਲ ਜੋੜਿਆ। ਇਥੇ ਮੈਂ ਇਕ ਗੱਲ ਸਪਸ਼ਟ ਕਰਨਾ ਚਾਹਾਂਗੀ ਕਿ ਗੁਰੂ ਸਾਹਿਬਾਨ ਨੇ ਲੋਕ ਕਾਵਿ-ਰੂਪਾਂ ਵਿਚੋਂ ਵਾਰ ਕਾਵਿ ਰੂਪ ਦੀ ਸਭ ਤੋਂ ਵਧੇਰੇ ਵਰਤੋਂ ਕੀਤੀ ਹੈ। ਅਜਿਹਾ ਇਸ ਲਈ ਕਿ ਜੀਵਨ ਇਕ ਅਖਾੜਾ ਹੈ ਜਿਥੇ ਯੁਧ ਦਾ ਨਗਾਰਾ ਵੱਜ ਚੁਕਾ ਹੈ ਤੇ ਮਨੁਖ ਨੂੰ ਘੋਲ ਕਰਨਾ ਹੀ ਪੈਣਾ ਹੈ। ਇਹ ਵਾਰਾਂ ਜਿਸ ਯੁਧ ਦਾ ਡੰਕਾ ਵਜਾਉਂਦੀਆਂ ਹਨ ਉਹ ਯੁਧ ਜਿਥੇ ਉਸ ਅਨਿਆਂ ਦੇ ਵਿਰੁਧ ਹੈ ਜਿਸ ਨੇ ਲੰਮੇ ਸਮੇਂ ਤੋਂ ਭਾਰਤ ਦੇ ਲੋਕਾਂ ਨੂੰ ਗੁਲਾਮ ਮਾਨਸਿਕਤਾ ਵਿਚ ਪਰਪੱਕ ਕਰ ਦਿਤਾ ਸੀ ਉਥੇ ਆਤਮਿਕ ਵਿਕਾਸ ਦੇ ਰਸਤੇ ਵਿਚ ਆਉਦੀਆਂ ਜੀਵਨ ਦੀਆਂ ਮਨਫ਼ੀ ਤਾਕਤਾਂ, ਕਰਮ-ਕਾਂਡਾਂ, ਜ਼ਾਤ-ਪਾਤ ਆਦਿ ਮਾਇਆਵੀ ਬਿਰਤੀਆਂ ਵਿਰੁਧ ਵੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ 17 ਰਾਗਾਂ ਵਿਚ ਕੁਲ 22 ਵਾਰਾਂ ਹਨ।ਤਿੰਨ ਗੁਰੂ ਨਾਨਕ ਦੇਵ ਜੀ ਦੀਆਂ (ਵਾਰ ਮਲਾਰ, ਮਾਝ, ਆਸਾ), ਚਾਰ ਗੁਰੂ ਅਮਰਦਾਸ ਜੀ ਦੀਆਂ (ਵਾਰ ਗੂਜਰੀ, ਸੂਹੀ, ਰਾਮਕਲੀ ਤੇ ਮਾਰੂ), ਅੱਠ ਗੁਰੂ ਰਾਮਦਾਸ ਜੀ ਦੀਆਂ (ਵਾਰ ਸ੍ਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਬਿਲਾਵਲ, ਕਾਨ੍ਹੜਾ, ਸੋਰਠ, ਸਾਰੰਗ), ਛੇ ਗੁਰੂ ਅਰਜਨ ਦੇਵ ਜੀ ਦੀਆਂ (ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ) ਅਤੇ ਇਕ ਸੱਤੇ ਬਲਵੰਡ (ਰਾਮਕਲੀ ਕੀ ਵਾਰ) ਦੀ ਹੈ। ਭਾਈ ਗੁਰਦਾਸ ਜੀ ਨੇ 39 ਵਾਰਾਂ ਲਿਖੀਆਂ ਜੋ ਪੰਜਾਬੀ ਵਾਰ ਸਾਹਿਤ ਵਿਚ ਇਕ ਮੀਲ ਪੱਥਰ ਹਨ। ਆਪ ਨੂੰ ਪੰਜਾਬੀ ਦਾ ਸ਼੍ਰੋਮਣੀ ਵਾਰਕਾਰ ਕਿਹਾ ਜਾਂਦਾ ਹੈ ਕਿਉਂ ਕਿ ਆਪ ਦੀ ਪੰਜਾਬੀ ਦੀ ਸਾਰੀ ਰਚਨਾ ਵਾਰ-ਕਾਵਿ ਰੂਪ ਵਿਚ ਹੈ।ੀ ਵਅਕਤੀਗਤ ਤੌਰ ਤੇ ਆਪ ਨੇ ਸਭ ਤੋਂ ਵਧੇਰੇ ਵਾਰਾਂ ਲਿਖੀਆਂ ਜਿਨ੍ਹਾਂ ਵਿਚ ਇਤਿਹਾਸਿਕ, ਧਾਰਮਿਕ, ਸਦਾਚਾਰਿਕ ਆਦਿ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ। ਇਕ ਵਾਰ ਭਾਈ ਗੁਰਦਾਸ ਸਿੰਘ (ਜਿਨ੍ਹਾਂ ਨੂੰ ਭਾਈ ਗੁਰਦਾਸ ਦੂਜਾ ਵੀ ਕਿਹਾ ਜਾਂਦਾ ਹੈ) ਰਚਿਤ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਮੇਂ ਨਾਲ ਸਬੰਧਿਤ ਹੈ। ਇਨ੍ਹਾਂ ਸਾਰੀਆਂ ਵਾਰਾਂ ਬਾਰੇ ਪੂਰੀ ਵਾਕਫ਼ੀ ਇਸ ਛੋਟੇ ਜਿਹੇ ਲੇਖ ਰਾਹੀਂ ਦੇਣੀ ਸੰਭਵ ਨਹੀਂ, ਇਸ ਲਈ ਇਸ ਵਿਚ ਕੇਵਲ ਮੁਢੱਲੀ ਜਾਣਕਾਰੀ ਦੀ ਪਧੱਰ ਤੇ ਹੀ ਗੱਲ ਕੀਤੀ ਗਈ ਹੈ।

ਵਾਰ ਨੂੰ ਪਉੜੀਆਂ ਵਿਚ ਲਿਖਣ ਦੀ ਪ੍ਰਥਾ ਹੈ। ਪਉੜੀ ਵਾਰ ਲਈ ਇਕ ਲਾਜ਼ਮੀ ਚਰਣ-ਪ੍ਰਬੰਧ ਹੈ। ਇਸ ਤੋਂ ਬਿਨਾਂ ਕੋਈ ਰਚਨਾ ਵਾਰ ਨਹੀਂ ਬਣ ਸਕਦੀ। ਪਉੜੀ ਵਾਰ ਦਾ ਪਿੰਡਾ ਹੈ, ਯੁਧ-ਕਥਾ ਵਾਰ ਦੀ ਰੂਹ। ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਵਾਰਾਂ ਮੁਢਲੇ ਰੂਪ ਵਿਚ ਪਉੜੀਆਂ ਵਿਚ ਹੀ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਇਸ ਸ਼ੈਲੀ ਵਿਚ ਵਾਧਾ ਕਰਦੇ ਹੋਏ ਹਰ ਪਉੜੀ ਨਾਲ ਸਲੋਕ ਜੋੜ ਦਿਤੇ। ਇਨ੍ਹਾਂ ਸਲੋਕਾਂ ਵਿਚ ਡੂੰਘਾ ਅਰਥ ਹੁੰਦਾ ਹੈ ਜੋ ਪਉੜੀ ਦੇ ਭਾਵ ਨੂੰ ਸਪਸ਼ਟਤਾ ਦੇਂਦਾ ਹੈ। ਸਲੋਕ ਮੂਲ ਰੂਪ ਵਿਚ ਦੁਨਿਆਵੀ ਪਾਸਾਰਾਂ ਨਾਲ ਜੁੜੇ ਹੋਏ ਹਨ ਜਦ ਕਿ ਪਉੜੀਆਂ ਸ਼ੁਧ ਅਧਿਆਤਮਿਕ ਲੀਲ੍ਹਾ ਉਸਾਰਦੀਆਂ ਹਨ। ਪਉੜੀਆਂ ਅਤੇ ਸਲੋਕ ਇਕ ਦੂਜੇ ਨੂੰ ਗਹਿਰਾਈ ਦੇਣ ਦੀ ਭੂਮਿਕਾ ਨਿਭਾਉਂਦੇ ਹਨ। ਜੇ ਇਹ ਕਹਿ ਲਿਆ ਜਾਏ ਕਿ ਪਉੜੀਆਂ ਅਤੇ ਸਲੋਕਾਂ ਰਾਹੀਂ ਅਰਸ਼ ਅਤੇ ਫ਼ਰਸ਼ ਦਾ ਸੁਮੇਲ ਕੀਤਾ ਗਿਆ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਸਪਸ਼ਟਤਾ ਲਈ ਆਸਾ ਦੀ ਵਾਰ ਦੀ ਇਕ ਪਉੜੀ ਨੂੰ ਵਾਚਿਆ ਜਾ ਸਕਦਾ ਹੈ:

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ॥
ਇਕਿ ਮੂਲ ਨ ਬੁਝਨ੍ਹ੍ਹਿ ਆਪਣਾ ਅਣਹੋਂਦਾ ਆਪ ਗਣਾਇਦੇ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥
ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ॥

(ਪੰਨਾ 468)

ਇਸ ਪਉੜੀ ਨਾਲ ਦੋ ਸਲੋਕ ਦਰਜ ਹਨ:

ਸਲੋਕੁ ਮਃ 1 ॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥

ਅਤੇ

ਮਃ 1 ॥
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥
ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥
ਨਾਨਕ ਨਦਰਿ ਕਰੇ ਸੋ ਪਾਏ ॥
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥

(ਪੰਨਾ 468)

ਪਉੜੀ ਦਾ ਭਾਵ ਹੈ ਕਿ ਹੇ ਪ੍ਰਭੂ! ਤੇਰੀ ਸਿਫ਼ਤ ਸਾਲਾਹ ਕਰਨ ਵਾਲੇ ਹੀ ਤੇਰੇ ਦਰ ਤੇ ਸ਼ੋਭਾ ਪਾਉਂਦੇ ਹਨ। ਦੂਜੇ ਪਾਸੇ ਰੱਬੀ ਗੁਣਾਂ ਦੀ ਪੂੰਜੀ ਵਿਹੂਣੇ ਮਨੁਖ, ਜੋ ਆਪਣੇ ਅਸਲੇ ਨੂੰ ਭੁਲ ਕੇ ਆਪਣੇ ਆਪ ਨੂੰ ਵੱਡਾ ਜਤਲਾਉਂਦੇ ਹਨ, ਥਾਂ ਥਾਂ ਭਟਕਦੇ ਫਿਰਦੇ ਹਨ। ਕਿਤੇ ਵੀ ਢੋਈ ਨਹੀਂ ਮਿਲਦੀ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵੀਂ ਜਾਤ ਦਾ ਇਕ ਮਾੜਾ ਜਿਹਾ ਢਾਢੀ ਕਹਿੰਦੇ ਹੋਏ ਨਾਮ ਦੀ ਜਾਚਨਾ ਕਰਦੇ ਹਨ। ਇਹ ਪਉੜੀ ਪਾਰਲੌਕਿਕ ਰੰਗ ਦੀ ਹੈ ਜਿਸ ਵਿਚ ਹਉਮੈ ਰਹਿਤ ਭਗਤੀ ਕਰਨ ਵਾਲੇ ਮਨੁਖ ਦੀ ਮਹਿਮਾ ਗਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਇਸ ਪਉੜੀ ਦੇ ਭਾਵ ਨੂੰ ਗਹਿਰਾਈ ਦੇਣ ਲਈ ਲੌਕਿਕ ਰੰਗ ਵਾਲੇ ਦੋ ਸਲੋਕ ਦਰਜ ਹਨ ਜਿਨ੍ਹਾਂ ਦਾ ਮੂਲ ਭਾਵ ਹੈ ਕਿ ਕਿਤਾਬੀ ਗਿਆਨ, ਤੀਰਥ ਇਸ਼ਨਾਨ, ਮੜੀ੍ਹਆਂ ਮਸਾਣਾਂ ਵਿਚ ਜਾਣਾ ਆਦਿ ਅਗਿਆਨੀ ਕਰਮ ਹਉਮੈ ਵਿਚ ਵਾਧਾ ਕਰਦੇ ਅਸਲੀ ਰਾਹ ਤੋਂ ਖੁਝਾਉਂਦੇ ਹਨ। ਹਉਮੈ ਦਾ ਨਾਸ ਕੇਵਲ ਸ਼ਬਦ ਰਾਹੀਂ ਹੀ ਸੰਭਵ ਹੈ। ਸਲੋਕਾਂ ਵਿਚ ਦੁਨਿਆਵੀ ਉਦਾਹਰਣਾਂ ਦਿਤੀਆਂ ਗਈਆਂ ਹਨ। ਗੁਰੂ ਸਾਹਿਬ ਨੇ ਉਨ੍ਹਾਂ ਸਾਰੇ ਕਰਮਾਂ, ਜੋ ਉਸ ਵੇਲੇ ਦੇ ਸਮਾਜ ਵਿਚ ਪ੍ਰਚਲਤ ਸਨ, ਦੀ ਨਿਖੇਧੀ ਕਰਕੇ ਸ਼ਬਦ ਗੁਰੂ ਦੇ ਲੜ ਲਗਣ ਦੀ ਪ੍ਰੇਰਨਾ ਦਿਤੀ ਹੈ। ਪਉੜੀ ਵਿਚ ਵੱਡਾ ਜਤਲਾਉਣ ਵਾਲੇ ਦੀ ਗੱਲ ਕੀਤੀ ਗਈ ਹੈ, ਸਲੋਕ ਵਿਚ ਦਸਿਆ ਹੈ ਕਿ ਵੱਡਾ ਕੌਣ ਜਤਲਾਉਂਦੇ ਹਨ। ਇਸ ਤਰ੍ਹਾਂ ਸਲੋਕ ਪਉੜੀ ਦੀ ਵਿਆਖਿਆ ਦਾ ਕੰਮ ਕਰਦੇ ਹਨ। ਸਲੋਕ ਦਾ ਵਾਤਾਵਰਨ ਵਾਦ-ਵਿਵਾਦ ਅਤੇ ਤਰਕ ਵਿਤਰਕ ਵਾਲਾ ਹੋ ਸਕਦਾ ਹੈ ਪਰ ਪਉੜੀ ਵਿਚ ਗੁਰੂ ਸਾਹਿਬ ਦਾ ਨਿਰਣਾ ਹੁੰਦਾ ਹੈ। ਵਾਰ ਦੀਆਂ ਪਉੜੀਆਂ ਵਿਚ ਵਿਚਾਰਾਂ ਦਾ ਦਹੁਰਾਉ ਹੈ ਪਰ ਮਨੁਖ ਨੂੰ ਸਿਖਿਆ ਦੇਣ ਲਈ ਇਸ ਦਹੁਰਾਉ ਦੀ ਬਹੁਤ ਲੋੜ ਹੁੰਦੀ ਹੈ।

ਵਾਰ ਵਿਚ ਨਾਇਕ ਦੀ ਮਹਿਮਾ ਹੁੰਦੀ ਹੈ। ਬੀਰ ਰਸੀ ਵਾਰਾਂ ਵਿਚ ਨਾਇਕ ਆਮ ਕਰਕੇ ਉੱਚ ਸ਼੍ਰੇਣੀ ਦਾ ਮਨੁਖ ਹੁੰਦਾ ਹੈ। ਗੁਰੂ ਸਾਹਿਬਾਨ ਨੇ ਵਾਰ ਦੀਆਂ ਹੱਦਾਂ ਨੂੰ ਵਿਕਸਿਤ ਕਰਦਿਆਂ ਹੋਇਆਂ ਪ੍ਰਭੂ, ਗੁਰੂ ਅਤੇ ਗੁਰਮੁਖ ਨੂੰ ਨਾਇਕ ਬਣਾ ਕੇ ਇਸ ਕਾਵਿ ਰੂਪ ਵਿਚ ਇਕ ਨਵਾਂ ਮੋੜ ਲਿਆਉਂਦਾ। ਵਾਰ ਦੀ ਪਹਿਲੀ ਪਉੜੀ ਵਿਚ ਨਾਇਕ ਪ੍ਰਭੂ ਦੀ ਹੋਂਦ ਨੂੰ ਸਰਵ-ਉੱਚ ਸਥਾਪਤ ਕਰਕੇ ਬਾਕੀ ਪਉੜੀਆਂ ਵਿਚ ਉਸ ਦੀ ਸ਼ਕਤੀ ਦਾ ਪਾਸਾਰ ਕੀਤਾ ਜਾਂਦਾ ਹੈ:

ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥

(ਆਸਾ ਦੀ ਵਾਰ, ਪੰਨਾ 463)

————–

ਆਪੀਨ੍ਹ੍ਹੈ ਆਪੁ ਸਾਜਿ ਆਪੁ ਪਛਾਣਿਆ ॥
ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥
ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥
ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥
ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥
ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥
ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥

(ਮਲਾਰ ਕੀ ਵਾਰ ਮਃ 1, ਪੰਨਾ 1279)

———–

ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥
ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥
ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥
ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥
ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥
ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥
ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥

(ਮਾਰੂ ਕੀ ਵਾਰ, ਪੰਨਾ 1094)

ਪ੍ਰਭੂ ਸੈਭੰ ਹੈ, ਸਿਰਜਕ ਹੈ, ਰਖਿਅਕ ਹੈ, ਨਾਸ ਕਰਤਾ ਹੈ। ਦੇਸ਼, ਕਾਲ, ਇਤਿਹਾਸ ਤੋਂ ਪਰੇ ਹੈ। ਏਸੇ ਲਈ ਉਸ ਦਾ ਕੋਈ ਬਿਰਤਾਂਤ ਨਹੀਂ, ਕੇਵਲ ਵਰਣਨ ਕੀਤਾ ਜਾ ਸਕਦਾ ਹੈ। ਕਈ ਥਾਈਂ ਨਾਇਕ ਸਤਿਗੁਰੂ ਨੂੰ ਬਣਾਇਆ ਗਿਆ ਹੈ। ਸਤਿਗੁਰੂ ਉਹ ਹੈ ਜੋ ਪ੍ਰਭੂ ਵਿਚ ਅਭੇਦ ਹੋ ਚੁਕਾ ਹੈ। ਇਸ ਤਰ੍ਹਾਂ ਸਤਿਗੁਰੂ ਦਾ ਜੱਸ ਵੀ ਇਕ ਤਰ੍ਹਾਂ ਨਾਲ ਪ੍ਰਭੂ ਦਾ ਜੱਸ ਹੀ ਹੈ। ਕਈ ਥਾਈਂ ਨਾਇਕ ਗੁਰਮੁਖ ਵੀ ਹੈ। ਪਰ ਗੁਰਮੁਖ ਵੀ ਤਾਂ ਰਾਮ ਰੂਪ ਹੀ ਹੈ:

ਰਾਮ ਸੰਤ ਮਹਿ ਭੇਦ ਕਿਛੁ ਨਾਹੀ ਏਕ ਜਨੁ ਕਈ ਮਹਿ ਲਾਖ ਕਰੋਰੀ॥

(ਪੰਨਾ, 208)

ਇਸ ਤਰ੍ਹਾਂ ਵਾਰਾਂ ਵਿਚ ਪ੍ਰਭੂ, ਗੁਰੂ ਅਤੇ ਗੁਰਮੁਖ ਇਕੋ ਨਾਇਕ ਪ੍ਰਭੂ ਦੇ ਹੀ ਵਿਭਿੰਨ ਰੂਪ ਹਨ। ਇਸੇ ਨਾਇਕ ਦਾ ਜੱਸ ਹੀ ਵਾਰਾਂ ਵਿਚ ਗਾਇਆ ਗਿਆ ਹੈ ਅਤੇ ਇਸੇ ਨਾਇਕ ਦੇ ਜੱਸ ਗਾਇਨ ਰਾਹੀਂ ਹੀ ਮਨਮੁਖਤਾਈ ਤੋਂ ਗੁਰਮੁਖਤਾਈ ਦੀ ਯਾਤਰਾ ਕੀਤੀ ਜਾ ਸਕਦੀ ਹੈ।ਉਦਾਹਰਣ ਵਜੋਂ:

ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥

(ਮਾਝ ਕੀ ਵਾਰ (ਮਃ 1) ਪੰਨਾ 140)

ਇਸ ਪਉੜੀ ਦੀਆਂ ਪਹਿਲੀਆਂ ਦੋ ਸਤਰਾਂ ਵਿਚ ਪ੍ਰਮਾਤਮਾ ਦੇ ਨਾਇਕਤਤਵ ਨੂੰ ਸਿਮਰਿਆ ਗਿਆ ਹੈ। ਉਹ ਸਾਰੇ ਬ੍ਰਹਿਮੰਡ ਦਾ ਕਰਤਾ ਹੈ, ਅਲੱਖ ਹੈ, ਅਪਾਰ ਹੈ। ਉਸ ਨੂੰ ਹਰ ਘੜੀ ਸਿਮਰਨਾ ਹੈ। ਅਗਲੀਆਂ ਤੁਕਾਂ ਵਿਚ ਖਲਨਾਇਕ ਦੇ ਬਿੰਬ ਨੂੰ ਉਸਾਰਿਆ ਗਿਆ ਹੈ। ਵਾਰ ਵਿਰੋਧੀ ਸ਼ਕਤੀ ਬਿਨਾਂ ਸਿਰਜੀ ਨਹੀਂ ਜਾ ਸਕਦੀ। ਅਧਿਆਤਮਿਕ ਵਾਰਾਂ ਵਿਚ ਖਲਨਾਇਕ ਮਨਮੁਖ ਹੈ ਜੋ ਲਬੁ ਮਾਇਆ ਵਿਚ ਗਲਤਾਨ ਹੈ। ਮਨਮੁਖ ਨੂੰ ਗੁਰਬਾਣੀ ਵਿਚ ਮੂਰਖ, ਮੁਗਧ, ਗਵਾਰ ਕਿਹਾ ਗਿਆ ਹੈ ਜੋ ਜਮਾਂ ਦੀ ਮਾਰ ਦਾ ਭਾਗੀ ਬਣਦਾ ਹੈ:

ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ॥

(ਪੰਨਾ, 1280)

ਵਾਰ ਵਿਚ ਯੁਧ ਦਾ ਚਿਤਰਣ ਹੋਣ ਕਰਕੇ ਹਮੇਸ਼ਾ ਟਕਰਾਅ ਦੀ ਸਥਿਤੀ ਬਣੀ ਰਹਿੰਦੀ ਹੈ। ਦੋ ਧਿਰਾਂ ਇਕ ਦੂਜੇ ਸਾਹਮਣੇ ਡੱਟ ਖਲੋਂਦੀਆਂ ਹਨ। ਅਧਿਆਤਮਿਕ ਵਾਰਾਂ ਵਿਚ ਟਕਰਾਅ ਵੀ ਹੈ ਤੇ ਤਨਾਅ ਵੀ। ਟਕਰਾਅ ਦਾ ਕੇਂਦਰ ਬਿੰਦੂ ਮਨ ਹੈ। ਇਕ ਧਿਰ ਮਨ ਉਪਰ ਟਿਕਦੀ ਹੈ ਤੇ ਦੂਜੀ ਮਨ ਨੂੰ ਟਿਕਾਉਂਦੀ ਹੈ। ਜੋ ਇਸ ਟਾਕਰੇ ਵਿਚ ਜਿੱਤਦਾ ਹੈ ਉਹ ਗੁਰਮੁਖ ਪਦ ਪ੍ਰਾਪਤ ਕਰ ਲੈਂਦਾ ਹੈ। ਪਉੜੀਆਂ ਵਿਚ ਟਕਰਾਅ ਅੰਤਰਮੁਖੀ ਹੈ ਤੇ ਸਲੋਕਾਂ ਵਿਚ ਬਾਹਰਮੁਖੀ। ਅੰਦਰ ਦਾ ਯੁਧ ਵਿਕਾਰਾਂ ਨਾਲ ਹੈ ਤੇ ਬਾਹਰ ਦਾ ਯੁਧ ਕਰਮਕਾਂਡਾਂ, ਵਹਿਮਾਂ ਭਰਮਾਂ, ਭੇਖਵਾਦ, ਪਖੰਡੀਆਂ ਅਤੇ ਮਾਇਆਵੀ ਬਿਰਤੀਆਂ ਨਾਲ ਹੈ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥

(ਆਸਾ ਦੀ ਵਾਰ, ਪੰਨਾ 471)

—————-

ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥

(ਆਸਾ ਦੀ ਵਾਰ, ਪੰਨਾ, 472)

ਆਦਿ ਸਲੋਕਾਂ ਰਾਹੀਂ ਮਨੁਖੀ ਵਰਤਾਰਿਆਂ ਨੂੰ ਖੀਣ ਕਰਨ ਵਾਲੀਆਂ ਮਰਯਾਦਾਵਾਂ, ਰੀਤੀ ਰਿਵਾਜਾਂ, ਅਰਥਹੀਣ ਮੁਲਾਂ ਵਿਰੁਧ ਸੰਘਰਸ਼ ਦਾ ਐਲਾਨ ਕਰਦੀਆਂ ਇਹ ਵਾਰਾਂ ਪ੍ਰਚੰਡ ਟਕਰਾਅ ਪੇਸ਼ ਕਰਦੀਆਂ ਹਨ। ਮਨਮੁਖ ਅਤੇ ਗੁਰਮੁਖ ਦਾ ਇਹ ਯੁਧ ਨਿਰੰਤਰ ਲੜਿਆ ਜਾ ਰਿਹਾ ਹੈ:

ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥
ਲਥੇ ਭੜਥੂ ਪਾਇ ਗੁਰਮੁਖਿ ਮਚਿਆ॥
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ॥
ਆਪਿ ਭਿੜੈ ਮਾਰੇ ਆਪਿ ਆਪਿ ਕਾਰਜ ਰਚਿਆ॥
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ॥
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ॥
ਸਤਿਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ॥
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ॥

(ਮਲਾਰ ਕੀ ਵਾਰ, ਪੰਨਾ, 1280)

ਸਪਸ਼ਟ ਸੰਕੇਤ ਹੈ ਕਿ ਪ੍ਰਭੂ ਨੇ ਆਪ ਛਿੰਜ ਪਵਾ ਕੇ ਪਹਿਲਵਾਨਾਂ ਦੇ ਘੁਲਣ ਦੀ ਥਾਂ ਬਣਾਈ ਹੈ। ਗੁਰਮੁਖ ਅਤੇ ਮਨਮੁਖ ਪਹਿਲਵਾਨਾਂ ਦੇ ਰੂਪ ਵਿਚ ਗੱਜਦੇ ਹਨ। ਇਸ ਘੋਲ ਵਿਚ ਪ੍ਰਭੂ ਮਨਮੁਖਾਂ ਨੂੰ ਪਟਕਾ ਕੇ ਮਾਰਦਾ ਅਤੇ ਧਰਮੀਆਂ ਦਾ ਜੈਕਾਰ ਕਰਾਉਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਚੰਡੀ ਦੀ ਵਾਰ ਵਿਚ ਦੁਰਗਾ ਦੇਵਤਿਆਂ ਦੀ ਰਾਖੀ ਲਈ ਦੈਂਤਾਂ ਦਾ ਸੰਘਾਰ ਕਰਦੀ ਹੈ। ਪ੍ਰਮਾਤਮਾ ਇਸੇ ਰੂਪ ਵਿਚ ਹੀ ਨਾਇਕ ਹੋ ਕੇ ਉਭਰਦਾ ਹੈ। ਇਸ ਘੋਲ ਵਿਚੋਂ ਇਕ ਨਵੇਂ ਮਨੁਖ ਦਾ ਜਨਮ ਹੁੰਦਾ ਹੈ। ਮਾਨਸ ਤੋਂ ਦੇਵਤਾ ਬਣਨ ਦਾ ਸਫ਼ਰ ਤੈਅ ਹੁੰਦਾ ਹੈ। ਅਜਿਹਾ ਮਨੁਖ ਪ੍ਰਭੂ ਦੇ ਦਰ ਤੇ ਵੀ ਪ੍ਰਵਾਨ ਚੜ੍ਹਦਾ ਹੈ ਅਤੇ ਧਰਤੀ ਨੂੰ ਵੀ ਧਰਮਸਾਲ ਬਣਾਉਣ ਲਈ ਕਾਰਜਸ਼ੀਲ ਰਹਿੰਦਾ ਹੈ। ‘ਆਪ ਜਪੈ ਅਵਰਹ ਨਾਮ ਜਪਾਵਹ’ ਦੇ ਆਦਰਸ਼ ਦੀ ਪੂਰਤੀ ਹੁੰਦੀ ਹੈ।

ਏਥੇ ਇਕ ਹੋਰ ਗੱਲ ਵਰਣਨਯੋਗ ਹੈ ਕਿ ਸੰਘਰਸ਼ ਭਾਵੇਂ ਗੁਰਮੁਖ ਤੇ ਮਨਮੁਖ ਦਾ ਹੈ ਪਰ ਕੇਂਦਰ ਬਿੰਦੂ ਨਾਇਕ ਪ੍ਰਭੂ ਉਤੇ ਹੀ ਰਹਿੰਦਾ ਹੈ:

ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ॥
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ॥
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ॥
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ॥
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵਲਾਇ॥
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ॥
ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ॥
ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ॥

(ਮਲਾਰ ਕੀ ਵਾਰ, ਪੰਨਾ 1281)

ਮੋਹ, ਸੋਗ, ਵਿਜੋਗ ਦੀ ਲੀਲ੍ਹਾ ਵਿਚੋਂ ਅੰਤ ਮੁਕਤ ਉਹੀ ਹੁੰਦਾ ਹੈ ਜੋ ਹਰੀ ਦੇ ਅੰਕ ਸਮਾ ਜਾਂਦਾ ਹੈ।

ਵਾਰਾਂ ਦੀ ਸੰਰਚਨਾ ਵਿਚ ਇਕ ਹੋਰ ਨੇਮ ਕੰਮ ਕਰ ਰਿਹਾ ਹੈ। ਵਾਰਾਂ ਵਿਚ ਪਹਿਲਾਂ ਕਰਤੇ ਦਾ ਜ਼ਿਕਰ ਹੈ, ਫਿਰ ਕਰਤੇ ਦੇ ਖੇਲ ਦਾ, ਇਸ ਖੇਲ ਵਿਚੋਂ ਸੰਕਟ ਉਭਰਦਾ ਹੈ, ਸੰਕਟ ਵਿਚੋਂ ਨਿਕਲਣ ਲਈ ਸੰਘਰਸ਼ ਹੁੰਦਾ ਹੈ ਤੇ ਫੇਰ ਪ੍ਰੀਖਿਆ। ਜਿਹੜੀ ਧਿਰ ਸੰਕਟ ਨੂੰ ਪਾਰ ਕਰ ਲੈਂਦੀ ਹੈ ਉਹ ਜਿੱਤਦੀ ਹੈ ਤੇ ਦੂਜੀ ਹਾਰ ਜਾਂਦੀ ਹੈ। ਆਪਣੀ ਗੱਲ ਮੈਂ ਮਾਝ ਦੀ ਵਾਰ ਦੀ ਇਕ ਪਉੜੀ ਰਾਹੀਂ ਸਪਸ਼ਟ ਕਰਨਾ ਚਾਹਾਂਗੀ:

ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ॥
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ॥
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ॥
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ॥
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧ ਭਾਇਆ॥
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ॥

(ਮਾਝ ਕੀ ਵਾਰ, ਪੰਨਾ 139)

ਪਹਿਲੀ ਪੰਕਤੀ ਵਿਚ ਦੋ ਰਹੱਸ ਹਨ – ਇਕ ਇਹ ਕਿ ਪ੍ਰਮਾਤਮਾ ਇਕ ਅਤੇ ਸਦੀਵੀ ਹੈ। ਦੂਜਾ, ਉਸ ਨੇ ਆਪਣੀ ਇੱਛਾ ਨਾਲ ਇਹ ਸਾਰਾ ਖੇਲ ਰਚਾਇਆ ਹੈ। ਖੇਲ ਰਚਾ ਕੇ ਫਿਰ ਇਸ ਵਿਚ ਹਉਮੈ ਅਤੇ ਲਬ ਵਰਗੇ ਸੰਕਟ ਪਾ ਦਿਤੇ ਹਨ ਜਿਨ੍ਹਾਂ ਵਿਚੋਂ ਜੀਵਾਂ ਨੇ ਲੰਘਣਾ ਹੈ। ਜੋ ਜੀਵ ਸੰਘਰਸ਼ ਕਰਦੇ ਹੋਏ ਇਨ੍ਹਾਂ ਵਿਚੋਂ ਪਾਰ ਲੰਘ ਜਾਂਦੇ ਹਨ ਉਹ ਪ੍ਰੀਖਿਆ ਵਿਚੋਂ ਪਾਸ ਹੋ ਕੇ ਅੱਗੇ ਲੰਘ ਜਾਂਦੇ ਹਨ, ਬਾਕੀ ਇਥੇ ਹੀ ਰਹਿ ਜਾਂਦੇ ਹਨ। ਇਹ ਪੈਟਰਨ ਯਨੀ ਕਿ ਕਰਤਾ, ਕਰਤੇ ਦਾ ਖੇਲ, ਸੰਕਟ, ਸੰਘਰਸ਼ ਤੇ ਫਿਰ ਪ੍ਰੀਖਿਆ ਕਈ ਥਾਈਂ ਦੇਖਣ ਨੂੰ ਮਿਲਦਾ ਹੈ।

ਇਸ ਤਰ੍ਹਾਂ ਇਹਨਾਂ ਵਾਰਾਂ ਵਿਚ ਕਾਮ, ਕ੍ਰੋਧ ਆਦਿ ਦਾ ਮਾਨਵੀਕਰਨ ਕਰਕੇ ਇਨ੍ਹਾਂ ਵਿਰੁਧ ਜੂਝਣ ਦਾ ਆਦੇਸ਼ ਹੈ। ਟੱਕਰ ਸਿੱਧੀ ਇਨ੍ਹਾਂ ਮਹਾਂਬਲੀਆਂ ਨਾਲ ਹੈ ਕੇਵਲ ਸਤਿ, ਸੰਤੋਖ, ਧੀਰਜ ਵਰਗੀਆਂ ਫੌਜਾਂ ਹੀ ਇਨ੍ਹਾਂ ਵਿਰੁਧ ਚੜ੍ਹਤਲ ਮਚਾ ਸਕਦੀਆਂ ਹਨ। ਸੰਘਰਸ਼ ਬਹੁਤ ਗਹਿਰਾ ਹੈ। ਛੇਤੀ ਨਾਲ ਮੁਕਦਾ ਨਹੀਂ। ਉਸ ਦਿਨ ਮੁਕੇਗਾ ਜਿਸ ਦਿਨ ਜੀਵਆਤਮਾ ਪ੍ਰਮਾਤਮਾ ਵਿਚ ਮਿਲ ਜਾਏਗੀ। ਇਹ ਸੰਘਰਸ਼ ਆਦਿ ਜੁਗਾਦੀ ਹੈ, ਹਰ ਛਿੰਨ ਹੋ ਰਿਹਾ ਹੈ। ਇਸ ਵਿਚੋਂ ਗੁਰੂ ਦੀ ਸਿਖਿਆ ਬਗੈਰ ਨਿਕਲਿਆ ਨਹੀਂ ਜਾ ਸਕਦਾ। ਗੁਰੂ ਮਨੁਖ ਨੂੰ ਗਰੁੜ ਬਣਾ ਦੇਂਦਾ ਹੈ ਜੋ ‘ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ’ ਨੂੰ ਖਾ ਜਾਂਦਾ ਹੈ। ਫਿਰ ਸਦ ਆਨੰਦ, ਸਦ ਖੇੜੇ, ਸਦ ਸ਼ਾਂਤੀ ਦੀ ਅਵਸਥਾ ਆ ਜਾਂਦੀ ਹੈ। ਇਹੀ ਮਨੁਖ ਦੀ ਜੀਵਨ ਯਾਤਰਾ ਦਾ ਅੰਤਮ ਲਕਸ਼ ਹੈ। ਇਸ ਲਕਸ਼ ਦੀ ਪ੍ਰਾਪਤੀ ਲਈ ਇਹ ਵਾਰਾਂ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।

ਵਾਰ ਵਿਚਲੇ ਸਲੋਕ ਅਤੇ ਪਉੜੀਆਂ ਆਪਸ ਵਿਚ ਕਿਵੇਂ ਸਬੰਧਤ ਹਨ ਜਾਂ ਸਲੋਕ ਪਉੜੀ ਦੀ ਕਿਵੇਂ ਵਿਆਖਿਆ ਕਰਦੇ ਹਨ ਜਾਣਨ ਲਈ ਅਸੀਂ ਇਥੇ ਆਸਾ ਦੀ ਵਾਰ ਦੀ ਪਹਿਲੀ ਪਉੜੀ ਨੂੰ ਵਾਚਦੇ ਹਾਂ। ਬਾਕੀ ਦੀਆਂ ਪਉੜੀਆਂ ਦਾ ਵੀ ਇਸ ਤਰ੍ਹਾਂ ਅਧਿਐਨ ਕੀਤਾ ਜਾ ਸਕਦਾ ਹੈ।

ਸਲੋਕ ਮ: 1 ॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥1॥
ਮਹਲਾ 2 ॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆ ਗੁਰ ਬਿਨੁ ਘੋਰ ਅੰਧਾਰ ॥2॥
ਮ: 1 ॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥3॥
ਪਉੜੀ ॥
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥1॥

ਵਾਰ ਦੇ ਸਰੂਪ ਦੀ ਗੱਲ ਕਰਦਿਆਂ ਅਸੀਂ ਦੇਖਿਆ ਸੀ ਕਿ ਵਾਰ ਪਉੜੀਆਂ ਵਿਚ ਲਿਖੀ ਜਾਂਦੀ ਹੈ। ਆਸਾ ਦੀ ਵਾਰ ਦਾ ਵੀ ਮੁਢਲਾ ਸਰੂਪ ਪਉੜੀਆਂ ਵਾਲਾ ਹੀ ਸੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਵੇਲੇ ਪਉੜੀਆਂ ਨਾਲ ਸਲੋਕ ਅੰਕਿਤ ਕੀਤੇ। ਕਿਉਂ ਕਿ ਵਾਰ ਮੁਢਲੇ ਰੂਪ ਵਿਚ ਪਉੜੀ ਰੂਪ ਵਿਚ ਸੀ ਇਸ ਲਈ ਵਿਚਾਰ ਕਰਨ ਲੱਗਿਆਂ ਅਸੀਂ ਪਹਿਲਾਂ ਪਉੜੀ ਦੀ ਵਿਚਾਰ ਕਰਾਂਗੇ ਫਿਰ ਉਸ ਪਉੜੀ ਨਾਲ ਦਰਜ ਸਲੋਕਾਂ ਦੀ ਵਿਚਾਰ ਕਰਕੇ ਸਲੋਕਾਂ-ਪਉੜੀਆਂ ਦਾ ਸਬੰਧ ਸਮਝਣ ਦਾ ਯਤਨ ਕਰਾਂਗੇ।

ਗੁਰਮਤਿ ਫਿਲਾਸਫੀ ਦਾ ਆਰੰਭ 1ਓ ਤੋਂ ਹੁੰਦਾ ਹੈ। 1ਓ ਲਖ਼ਾਇਕ ਹੈ ਉਸ ਨਿਰਗੁਣ ਪ੍ਰਭੂ ਦਾ ਜੋ ਸਰਗੁਣਤਾ ਧਾਰਨ ਕਰਕੇ ਵੀ ਏਕੇ ਵਿਚ ਹੈ:

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥

(ਪੰਨਾ 250)

ਉਸ ਨਿਰਾਕਾਰ ਪ੍ਰਮਾਤਮਾ ਨੇ ਆਪ ਆਪਣੇ ਆਪ ਨੂੰ ਆਪਣੇ ਵਿਚੋਂ ਸਾਜਿਆ (ਅਕਾਰ ਰੂਪਤਾ ਵਿਚ) ਤੇ ਫਿਰ ਆਪ ਹੀ ਆਪਣੇ ਵਿਚੋਂ ਆਪਣਾ ਨਾਮ ਵੀ ਰਚਿਆ।

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥

(ਪੰਨਾ 463)

ਏਥੇ ‘ਨਾਉ’ ਪਦ ‘ਸਬਦ’ ਦੇ ਅਰਥਾਂ ਵਿਚ ਆਇਆ ਹੈ। ਗੁਰਬਾਣੀ ਵਿਚ ਅਨੇਕ ਥਾਈਂ ਦੋਹਾਂ ਸ਼ਬਦਾਂ ਨੂੰ ਸਮਅਰਥਕ ਰੂਪ ਵਿਚ ਵਰਤਿਆ ਗਿਆ ਹੈ:

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥

(ਪੰਨਾ 753)

—————

ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥

(ਪੰਨਾ 320)

—————

ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥

(ਪੰਨਾ 1242)

——————

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥

(ਪੰਨਾ 944)

—————

ਜੇਤਾ ਕੀਤਾ ਤੇਤਾ ਨਾਉ ॥
ਵਿਣੁ ਨਾਵੈ ਨਾਹੀ ਕੋ ਥਾਉ ॥

(ਪੰਨਾ 4)

—————

ਨਿਰੰਕਾਰੁ ਆਕਾਰੁ ਹੋਇ ਏਕੰਕਾਰ ਅਪਾਰੁ ਸਦਾਇਆ ॥
ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰ ਬਣਾਇਆ ॥

(ਭਾਈ ਗੁਰਦਾਸ ਵਾਰ 26, ਪਉੜੀ 2)

ਗੁਰਬਾਣੀ ਵਿਚ ਨਾਮ ਨੂੰ ਪਰਮਾਤਮਾ, ਉਸ ਦਾ ਨਾਂ, ਉਸ ਦੀ ਸ਼ਕਤੀ, ਗੁਰਉਪਦੇਸ਼, ਅਨਹਦ ਸ਼ਬਦ ਅਤੇ ਬ੍ਰਹਮ ਅਨੁਭੂਤੀ ਆਦਿ ਕਈ ਰੂਪਾਂ ਵਿਚ ਵਰਤਿਆ ਗਿਆ ਹੈ। ਸ਼ਬਦ ਦੇ ਸੰਕਲਪ ਵਿਚ ਪਰਮਾਤਮਾ ਦਾ ਸੁਭਾਉ, ਉਸ ਦੇ ਮਿਲਾਪ ਲਈ ਸਾਧਨ, ਉਸ ਦੇ ਦੈਵੀ ਨਿਯਮ, ਉਸ ਦੀ ਅਕੱਥ ਰਹੱਸਮਈ ਅਨੁਭੂਤੀ ਅਤੇ ਹੋਰ ਸਭ ਕੁਝ ਆ ਜਾਂਦਾ ਹੈ ਜੋ ਉਸ ਸੱਚ ਨਾਲ ਸਬੰਧ ਰਖਦਾ ਹੈ। ਇਸ ਲਈ ਨਾਮ ਦੇ ਸਾਰੇ ਰੂਪ ਜੋ ਆਪਣੇ ਆਪ ਵਿਚ ਵੀ ਈਸ਼ਵਰ ਦੀ ਅਭਿਵਿਅਕਤੀ ਦੇ ਸਾਧਨ ਹਨ ਸਮੂਹਕ ਤੌਰ ਤੇ ਈਸ਼ਵਰ ਦਾ ਸ਼ਬਦ ਹੀ ਹਨ।

ਪਰਮਾਤਮਾ ਦਾ ਸਰਗੁਣ ਸਰੂਪ ਨਾਮ ਹੈ ਜੋ ਜੋਤਿ ਅਭੇਦੀ ਹੋ ਕੇ ਨਿਰਗੁਣ ਵੀ ਬਣ ਜਾਂਦਾ ਹੈ ਅਤੇ ਨਿਰਗੁਣ ਪਰਮਾਤਮਾ ਵਿਚ ਸਮਾਇਆ ਹੋਇਆ ਵੀ ਆਪਣਾ ਸਰਗੁਣ ਸਰੂਪ ਸ਼ਬਦ ਦੇ ਆਕਾਰ ਦੁਆਰਾ ਧਾਰੀ ਰਖਦਾ ਹੈ। ਨਿਰੰਕਾਰ ਨੇ ਸ਼ਬਦ ਰੂਪੀ ਆਕਾਰ ਧਾਰਨ ਕਰਕੇ ਨਿਰੰਕਾਰੀ ਨਾਮ ਦਾ ਜਾਮਾ ਪਹਿਨਿਆ ਹੈ। ਇਸ ਤਰ੍ਹਾਂ ਨਾਮ ਜਾਂ ਸ਼ਬਦ ਕੋਈ ਨਿਰਾ ਦੋ ਜਾਂ ਤਿੰਨ ਅੱਖਰਾ ਸ਼ਬਦ ਨਹੀਂ ਸਗੋਂ ਪਰਮਾਤਮਾ ਦੀ ਕਉਤਕ ਹਾਰੀ ਹੋਂਦ ਦਾ ਲਖ਼ਾਇਕ ਹੈ। ਯਹੂਦੀ, ਈਸਾਈ, ਇਸਲਾਮ ਆਦਿ ਸੈਮਟਿਕ ਧਰਮਾਂ ਵਾਲੇ ਵੀ ਸ਼ਬਦ ਦੀ ਹੋਂਦ ਨੂੰ ਸਵੀਕਾਰਦੇ ਹਨ: ਆਦਿ ਵਿਚ ਸ਼ਬਦ ਸੀ, ਸ਼ਬਦ ਰੱਬ ਦੇ ਨਾਲ ਸੀ, ਸ਼ਬਦ ਰੱਬ ਸੀ। ਪਰੰਤੂ ਗੁਰੂ ਨਾਨਕ ਸਾਹਿਬ ਦਾ ਵਿਚਾਰ ਹੈ ਕਿ ਸ਼ਬਦ ਆਦਿ ਵਿਚ ਨਹੀਂ ਸੀ ਤੇ ਨਾ ਹੀ ਸ਼ਬਦ ਨਿਰੰਕਾਰ ਤੋਂ ਕੋਈ ਸੁਤੰਤਰ ਵਸਤੂ ਹੈ। ਆਦਿ ਵਿਚ ਕੇਵਲ ਨਿਰੰਕਾਰ ਬ੍ਰਹਮ ਹੀ ਸੀ ਜਿਸ ਨੇ ਆਪਣਾ ਸਰਗੁਣ ਰੂਪ ਆਪ ਹੀ ਸਾਜਿਆ। ਸ਼ਬਦ ਨੂੰ ਵੀ ਉਸ ਨੇ ਆਪ ਹੀ ਰਚਿਆ। ਫਿਰ ਸ਼ਬਦ ਜਾਂ ਨਾਮ ਤੋਂ ਹੀ ਸਾਰੀ ਕੁਦਰਤ ਦੀ ਰਚਨਾ ਕਰਕੇ ਇਕ ਅਦੁਤੀ ਖੇਡ ਖੇਡੀ:

ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਿਮੰਡ ॥

………………………

ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥

(ਪੰਨਾ 284)

ਇਸ ਸਾਰੀ ਖੇਡ ਵਿਚ ਜਾਂ ਤਾਂ ਪਰਮਾਤਮਾ ਹੈ ਤੇ ਜਾਂ ਫ਼ਿਰ ਉਸ ਦੀ ਰਚੀ ਕੁਦਰਤ। ਗੁਰੂ ਸਾਹਿਬ ਨੇ ‘ਨਾਇ’ ਨੂੰ ਨਹੀਂ ਕੁਦਰਤ ਨੂੰ ‘ਦੁਯੀ’ ਕਿਹਾ ਹੈ ਕਿਉਂ ਕਿ ਕੁਦਰਤ ਉਸ ਤੋਂ ਭਿੰਨ ਹੈ ਅਤੇ ਨਾਮ ‘ਏਕੇ’ ਵਿਚ ਹੈ। ਸੋ ਪ੍ਰਭੂ ਨੇ ਪਹਿਲਾਂ ਆਪਣੇ ਆਪ ਨੂੰ ਆਪਣੇ ਵਿਚੋਂ ਰਚਿਆ, ਫ਼ਿਰ ਆਪਣੇ ਵਿਚੋਂ ਹੀ ਨਾਮ ਰਚ ਕੇ ਦੂਜੀ ਚੀਜ਼ ਕੁਦਰਤ ਰਚੀ ਜੋ ਉਸ ਤੋਂ ਭਿੰਨ ਜਾਪਦੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਕੁਦਰਤ ਸਾਜ ਕੇ ਉਹ ਉਸ ਤੋਂ ਵੱਖ ਹੋ ਕੇ ਕਿਤੇ ਦੂਰ ਨਹੀਂ ਜਾ ਬੈਠਾ ਸਗੋਂ ਕੁਦਰਤ ਵਿਚ ਹੀ ਆਸਣ ਲਗਾ ਕੇ ਆਪਣੀ ਕਿਰਤ ਨੂੰ ਬੜੀ ਪ੍ਰਸੰਨਤਾ ਨਾਲ ਨਿਹਾਰਨ ਲੱਗਾ। ਇਸ ਤਰ੍ਹਾਂ ਪਾਰਬ੍ਰਹਮ ਪਰਮੇਸਰ ਕੁਦਰਤ ਦਾ ਕਰਤਾ ਵੀ ਹੈ ਅਤੇ ਦ੍ਰਿਸ਼ਟਾ ਵੀ। ਦ੍ਰਿਸ਼ਟਾ ਹੋਣ ਕਰਕੇ ਇੰਜ ਜਾਪਦਾ ਹੈ ਜਿਵੇਂ ਉਹ ਕੁਦਰਤ ਤੋਂ ਭਿੰਨ ਹੋਵੇ ਪਰ ਕਿਉਂ ਕਿ ਉਸ ਨੇ ਕੁਦਰਤ ਅਪਣੇ ਵਿਚੋਂ ਹੀ ਥਾਪੀ ਹੈ ਇਸ ਲਈ ਉਹ ਉਸ ਤੋਂ ਭਿੰਨ ਨਹੀਂ। ਕਣ ਕਣ ਵਿਚ ਰਮਿਆ ਹੋਇਆ ਹੈ। ਦੂਸਰੀ ਗੱਲ, ਪਰਮਾਤਮਾ ਕਿਉਂ ਕਿ ਸਤਿ ਸਰੂਪ ਹੈ (ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭਿ ਸਚੁ) ਇਸ ਲਈ ਉਸ ਦੁਆਰਾ ਸਾਜੀ ਗਈ ਕੁਦਰਤ ਵੀ ਕਦੀ ਝੂਠ ਨਹੀਂ ਹੋ ਸਕਦੀ:

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥

(ਪੰਨਾ 463)

ਇਸ ਪਉੜੀ ਵਿਚਲੇ ‘ਆਪੀਨੈ ਆਪੁ ਸਾਜਿਓ’ ਅਤੇ ‘ਦੁਯੀ ਕੁਦਰਤਿ ਸਾਜੀਐ’ ਸ਼ਬਦ ਸਮੂਹਾਂ ਵਿਚ ‘ਸਾਜਣਾ’ ਸ਼ਬਦ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਸਾਜੀ ਗਈ ਚੀਜ਼ ਹਮੇਸ਼ਾ ਅਸਲੀਅਤ ਹੁੰਦੀ ਹੈ, ਸੁਪਨਾ ਨਹੀਂ। ਇਸ ਲਈ ਨਾ ਤਾਂ ਪਰਮਾਤਮਾ ਸੁਪਨਾ ਹੈ ਅਤੇ ਨਾ ਹੀ ਕੁਦਰਤ ਸੁਪਨਾ। ਦੋਨੋਂ ਹੀ ਸਤਿ ਸਰੂਪ ਹਨ। ਅਗਲੀ ਤੁਕ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਪ੍ਰਭੂੁ ਦਾਤਾ ਵੀ ਹੈ ਅਤੇ ਕਰਤਾ ਵੀ। ਦਾਤਾ ਅਤੇ ਕਰਤਾ ਦੋਨੋਂ ਹੋਣ ਦਾ ਭਾਵ ਹੈ ਕਿ ਉਸ ਨੂੰ ਕਰਤਾ ਬਣਨ ਲਈ ਕਿਸੇ ਹੋਰ ਕੋਲੋਂ ਦਾਤ ਲੈਣ ਦੀ ਲੋੜ ਨਹੀਂ ਜਿਵੇਂ ਘੁਮਿਆਰ ਨੂੰ ਭਾਂਡਾ ਘੜਨ ਲਈ ਬਾਹਰੋਂ ਮਿੱਟੀ ਲੈਣੀ ਪੈਂਦੀ ਹੈ। ਪ੍ਰਭੂ ਦਾਤਾਂ ਵੀ ਆਪ ਹੀ ਪੈਦਾ ਕਰਦਾ ਹੈ ਅਤੇ ਫ਼ਿਰ ਦਾਤਾਂ ਦੀ ਵਰਤੋਂ ਕਰਕੇ ਸਮੁਚੀ ਘਾੜਤ ਵੀ ਆਪ ਹੀ ਕਰਦਾ ਹੈ ਅਰਥਾਤ ਜਿਸ ਦਾਤ ਨਾਲ ਇਹ ਸਾਰੀ ਰਚਨਾ ਹੋਈ ਹੈ ਉਸ ਦਾ ਦੇਣਹਾਰ ਵੀ ਉਹ ਆਪ ਹੀ ਹੈ। ਏਥੇ ਹੀ ਬਸ ਨਹੀਂ, ਪਉੜੀ ਦੀ ਅਗਲੀ ਤੁਕ ਦਰਸਾਉਂਦੀ ਹੈ ਕਿ ਰਚੀ ਗਈ ਸਾਰੀ ਸ੍ਰਿਸ਼ਟੀ ਉਪਰ ਬਖਸ਼ਿਸ਼ ਵੀ ਉਸੇ ਦੀ ਹੈ। ਵਾਰ ਦੇ ਆਰੰਭ ਵਿਚ ਦਰਜ ਮੂਲ ਮੰਤਰ ਵਿਚ ਦਸਿਆ ਹੈ ਕਿ ਬਖਸ਼ਿਸ਼ ਦਾ ਕੰਮ ਗੁਰੂ ਦਾ ਹੈ – ‘ਗੁਰ ਪ੍ਰਸਾਦਿ’। ਇਥੇ ਪਰਮਾਤਮਾ ਦਾ ਪ੍ਰਸਾਦਿ ਰੂਪ ਦਰਸਾਉਂਦਾ ਹੈ ਕਿ ਪ੍ਰਭੂ ਦਾਤਾ ਤੇ ਕਰਤਾ ਹੋਣ ਦੇ ਨਾਲ ਨਾਲ ਗੁਰੂ ਵੀ ਹੈ:

ਪਾਰਬ੍ਰਹਮ ਗੁਰ ਨਾਹੀ ਭੇਦ ॥

(ਪੰਨਾ 1142)

—————

ਗੁਰ ਪਰਮੇਸਰ ਸਗਲ ਨਿਵਾਸ ॥

(ਪੰਨਾ 900)

‘ਤੁਸਿ ਦੇਵਹਿ ਕਰਹਿ ਪਸਾਉ’ ਵਿਚ ਤੁਸਿ (ਤੁਠ ਕੇ) ਅਤੇ ਪਸਾਉ (ਪ੍ਰਸਾਦਿ ਜਾਂ ਬਖਸ਼ਿਸ਼) ਸ਼ਬਦਾਂ ਦਾ ਸਬੰਧ ਸਮੁਚੀ ਕੁਦਰਤ ਨਾਲ ਹੈ – ਉਹ ਕੁਦਰਤ, ਜਿਸ ਨੂੰ ਉਹ ਕਰਨਹਾਰ ਜਿੰਦ ਅਤੇ ਦੇਹ (ਕਵਾਉ) ਦੇਂਦਾ ਵੀ ਹੈ ਅਤੇ ਫ਼ਿਰ ਮੌਜ ਆਉਣ ਤੇ ਵਾਪਸ ਵੀ ਲੈ ਲੈਂਦਾ ਹੈ। ਇਸ ਤਰ੍ਹਾਂ ਪਰਮਾਤਮਾ ਦਾਤਾ, ਕਰਤਾ ਤੇ ਬਖਸ਼ਿਸ਼ਾਂ ਦਾ ਭੰਡਾਰ ਹੋਣ ਦੇ ਨਾਲ ਨਾਲ ਹਰਤਾ ਵੀ ਹੈ। ਆਪੇ ਹੀ ਦੇਂਦਾ ਹੈ, ਆਪੇ ਹੀ ਵਾਪਸ ਲੈ ਲੈਂਦਾ ਹੈ। ਨਾ ਉਸ ਨੂੰ ਕਿਸੇ ਦੇ ਸਲਾਹ ਮਸ਼ਵਰੇ ਦੀ ਲੋੜ ਹੈ, ਨਾ ਕਿਸੇ ਦੇ ਸਹਾਰੇ ਦੀ। ਉਹ ਆਪ ਹੀ ਸਭ ਕੁਝ ਜਾਣਨਹਾਰ ਹੈ। ਆਪਣੀ ਖੁਸ਼ੀ ਵਿਚ ਕੁਦਰਤ ਸਾਜ ਕੇ, ਉਸ ਵਿਚ ਆਸਣ ਲਗਾ ਕੇ ਉਹ ਆਪਣੀ ਖੇਡ ਨੂੰ ਬੜੀ ਪ੍ਰਸੰਨਤਾ ਨਾਲ ਦੇਖ ਰਿਹਾ ਹੈ।

ਇਸ ਤਰ੍ਹਾਂ ਆਸਾ ਦੀ ਵਾਰ ਦੀ ਪਹਿਲੀ ਪਉੜੀ ਵਿਚ ਪਰਮਾਤਮਾ ਦੇ ਨਿਰਗਣ ਸਰਗੁਣ ਦੋਹਾਂ ਸਰੂਪਾਂ ਦਾ ਜ਼ਿਕਰ ਕੀਤਾ ਗਿਆ ਹੈ। ਆਰੰਭ ਵਿਚ ਉਹ ਕੇਵਲ ਆਪ ਹੀ ਆਪ ਸੀ। ਤਦੋਂ ਉਹ ਨਿਰਗੁਣ ਅਵਸਥਾ ਵਿਚ ਸੀ। ਇਸ ਨੂੰ ਅਫ਼ੁਰ ਅਵਸਥਾ ਵੀ ਕਹੀਦਾ ਹੈ। ਜਦੋਂ ਉਸ ਦੀ ਮੌਜ ਆਈ ਤਾਂ ਉਸ ਨੇ ਆਪਣੇ ‘ਏਕੇ’ ਤੋਂ ‘ਦੁਯੀ’ ਸਾਜੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਏਥੇ ‘ਕੁਦਰਤ’ ਕਿਹਾ ਹੈ। ਇਹ ਪ੍ਰਭੂ ਦਾ ਸਰਗੁਣ ਸਰੂਪ ਸੀ ਜਿਸ ਨੂੰ ਸਫ਼ੁਰ ਅਵਸਥਾ ਵੀ ਕਹਿੰਦੇ ਹਨ। ਦੋਵੇਂ ਅਵਸਥਾਵਾਂ ਭਿੰਨ ਪ੍ਰਤੀਤ ਹੁੰਦੀਆਂ ਵੀ ਇਕ ਹਨ। ਇਸ ਤਰ੍ਹਾਂ ਇਹ ਪਉੜੀ ਨਿਰਗੁਣ ਸਰਗੁਣ ਬ੍ਰਹਮ ਦਾ ਸਿਧਾਂਤ ਦਰਸਾਉਂਦੀ ਉਸ ਪ੍ਰਭੂ ਨੂੰ ਸਮਰੱਥ ਪੁਰਖ ਅਪਾਰ ਦੇ ਰੂਪ ਵਿਚ ਪੇਸ਼ ਕਰਦੀ ਹੈ।

ਪਉੜੀ ਦੇ ਅਰਥ ਸਮਝਣ ਤੋਂ ਬਾਅਦ ਆਉ ਹੁਣ ਵਾਚੀਏ ਇਸ ਪਉੜੀ ਤੋਂ ਪਹਿਲਾਂ ਦਰਜ ਸਲੋਕਾਂ ਨੂੰ। ਪਉੜੀ ਤੋਂ ਪਹਿਲਾਂ ਤਿੰਨ ਸਲੋਕ ਦਰਜ ਹਨ। ਦੋ ਗੁਰੂ ਨਾਨਕ ਦੇਵ ਜੀ ਦੇ ਤੇ ਇਕ ਗੁਰੂ ਅੰਗਦ ਦੇਵ ਜੀ ਦਾ। ਦੋ ਸਲੋਕਾਂ ਵਿਚ ਗੁਰੂ ਦੀ ਮਹਿਮਾ ਗਾਈ ਗਈ ਹੈ ਤੇ ਤੀਸਰੇ ਵਿਚ ਉਹਨਾਂ ਮਨੁਖਾਂ ਦੀ ਦਸ਼ਾ ਬਿਆਨ ਕੀਤੀ ਗਈ ਹੈ ਜੋ ਦਾਨੇ ਜਾਂ ਚਤੁਰ ਬਣ ਕੇ ਆਪਣਾ ਆਪਾ ਜਣਾਉਂਦੇ ਹਨ ਪਰ ਨਿਗੁਰੇ ਹੋਣ ਕਰਕੇ ਰੁਲਦੇ ਫਿਰਦੇ ਹਨ। ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਬਣਦਾ। ਪਹਿਲੇ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਦਿਨ ਵਿਚ ਸੌ ਸੌ ਵਾਰ ਬਲਿਹਾਰੇ ਜਾਂਦਾ ਹਾਂ ਕਿਉਂ ਕਿ ਉਸ ਨੇ ਮੇਰਾ ਜੀਵਨ ਬਦਲ ਕੇ ਮੈਨੂੰ ਮਨੁਖ ਤੋਂ ਦੇਵਤਾ ਬਣਾ ਦਿਤਾ ਹੈ ਅਤੇ ਅਜਿਹਾ ਕਰਦਿਆਂ ਚਿਰ ਵੀ ਨਹੀਂ ਲਾਇਆ। ਦੂਸਰਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਿਸ ਵਿਚ ਆਪ ਫੁਰਮਾਉਂਦੇ ਹਨ ਕਿ ਚਾਹੇ ਸੌ ਚੰਦਰਮਾ ਚੜ੍ਹ ਪੈਣ, ਹਜ਼ਾਰਾਂ ਸੂਰਜ ਉਗਮ ਪੈਣ ਤਾਂ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਇਹ ਦੋਵੇਂ ਸਲੋਕ ਸਤਿਗੁਰੂ ਦੀ ਮਹਿਮਾ ਵਿਚ ਹਨ ਇਸੇ ਲਈ ਅੰਤਰ ਸਬੰਧਿਤ ਵੀ ਹਨ। ਪਹਿਲੇ ਸਲੋਕ ਵਿਚ ਮਨੁਖੀ ਸੁਭਾਵ ਦੀ ਇਹ ਸੰਭਵਤਾ ਦਰਸਾਈ ਗਈ ਹੈ ਕਿ ਉਹ ਗੁਰੂ ਦੀ ਬਖ਼ਸ਼ਿਸ਼ ਨਾਲ ਪਾਪੀ ਜੀਵਨ ਤੋਂ ਇਕ ਦਮ ਪਵਿੱਤਰਤਾ ਵਲ ਪਲਟਾ ਖਾ ਸਕਦਾ ਹੈ:

ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥

(ਪੰਨਾ 873)

—————

ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥
ਪਾਰਸ ਮਾਨੋ ਤਾਬੋ ਛੁਏ ਕਨਿਕ ਜੋਤ ਨਹੀ ਬਾਰ ॥

(ਪੰਨਾ 346)

—————

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥

(ਪੰਨਾ 293)

ਦੂਸਰੇ ਸਲੋਕ ਵਿਚ ਦਰਜ ‘ਗੁਰ ਬਿਨੁ ਘੋਰ ਅੰਧਾਰ’ ਦਾ ਅਰਥ ਵੀ ਇਹੀ ਹੈ। ਗੁਰੂ ਦੀ ਸਿੱਖਿਆ ਬਿਨਾਂ ਮਨੁਖ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਿਹਾ ਹੈ। ਜਿਸ ਦਿਨ ਗੁਰੂ ਬਖਸ਼ਿਸ਼ ਕਰ ਦੇਵੇ ਹਨੇਰਾ ਇਕਦਮ ਚਾਨਣ ਵਿਚ ਬਦਲ ਜਾਂਦਾ ਹੈ। ਏਥੇ ਅੰਧਾਰ ਦੇ ਨਾਲ ਵਿਸ਼ੇਸ਼ਣ ‘ਘੋਰ’ ਦੀ ਵਰਤੋਂ ਹੋਈ ਹੈ। ‘ਘੋਰ’ ਦਾ ਅਰਥ ਹੈ: ਅਤਿ ਦਾ, ਘਨੇਰਾ, ਡੂੰਘਾ, ਘੁਪ। ਮਨੁਖ ਅਗਿਆਨਤਾ ਦੇ ਘੁਪ ਹਨੇਰੇ ਵਿਚ ਫਸਿਆ ਹੋਇਆ ਹੈ। ਕਿਤੇ ਕੋਈ ਰਾਹ ਨਜ਼ਰ ਨਹੀਂ ਆਉਂਦਾ:

ਹਉ ਭਾਲ ਵਿਕੁੰਨੀ ਹੋਈ॥ ਆਧੇਰੇ ਰਾਹੁ ਨ ਕੋਈ ॥

(ਪੰਨਾ 145)

ਏਸ ਘੁਪ ਹਨੇਰੇ ਵਿਚੋਂ ਕੇਵਲ ਗੁਰੂ ਦੀ ਸ਼ਕਤੀ ਹੀ ਕੱਢ ਸਕਦੀ ਹੈ। ਸੋ ਇਹਨਾਂ ਦੋਹਾਂ ਸਲੋਕਾਂ ਵਿਚ ਜਿਥੇ ਮਨੁਖ ਤੋਂ ਦੇਵਤੇ ਬਣ ਸਕਣ ਦੀ ਸੰਭਵਤਾ ਹੈ ਉਥੇ ਪੂਰਨ ਗੁਰੂ ਦੀ ਉਹ ਸ਼ਕਤੀ ਵੀ ਦਰਸਾਈ ਗਈ ਹੈ ਜੋ ਜੀਵਨ ਨੂੰ ਪਲਟਾ ਦੇ ਕੇ ਇਕਦਮ ਪਵਿੱਤਰਤਾ ਵਿਚ ਤਬਦੀਲ ਕਰ ਦੇਂਦੀ ਹੈ। ਇਹਨਾਂ ਦੋਹਾਂ ਸਲੋਕਾਂ ਤੋਂ ਬਾਅਦ ਤੀਜੇ ਸਲੋਕ ਵਿਚ ਉਹਨਾਂ ਮਨੁਖਾਂ ਦੀ ਹਾਲਤ ਦਾ ਜ਼ਿਕਰ ਹੈ ਜੋ ਗੁਰੂ ਨੂੰ ਤਾਂ ਚੇਤਦੇ (ਯਾਦ) ਨਹੀਂ ਤੇ ਆਪਣੇ ਆਪ ਨੂੰ ਦਾਨੇ ਸਮਝ ਕੇ ਮਨ ਹੀ ਮਨ ਫੁਲੇ ਬੈਠੇ ਹਨ। ਗੁਰੂ ਸਾਹਿਬ ਅਜਿਹੇ ਮਨੁਖਾਂ ਦੀ ਤੁਲਨਾ ਬੁਆੜ ਤਿਲਾਂ ਨਾਲ ਕਰਦੇ ਹਨ:

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥

(ਪੰਨਾ 463)

ਬੁਆੜ ਕਹਿੰਦੇ ਹਨ ਸੜੇ ਹੋਏ ਨੂੰ ਤੇ ‘ਸੁੰਞੇ ਅੰਦਰ ਖੇਤ’ ਦਾ ਅਰਥ ਹੈ ਖਾਲੀ ਹੋਏ ਖੇਤ ਵਿਚ। ਜਦੋਂ ਕਿਸਾਨ ਆਪਣੀ ਫਸਲ ਸੰਭਾਲਦਾ ਹੈ ਤਾਂ ਜਿਹਨਾਂ ਬੂਟਿਆਂ ਦੇ ਤਿਲ ਸੜ ਕੇ ਅੰਦਰੋਂ ਸੁਆਹ ਹੋ ਗਏ ਹੁੰਦੇ ਹਨ, ਕਿਸਾਨ ਉਹਨਾਂ ਨੂੰ ਖੇਤ ਵਿਚ ਹੀ ਛੱਡ ਜਾਂਦਾ ਹੈ ਕਿਉਂ ਕਿ ਉਹ ਜਾਣਦਾ ਹੈ ਕਿ ਇਹ ਤਿਲ ਹੁਣ ਕਿਸੇ ਕੰਮ ਦੇ ਨਹੀਂ। ਪਰ ਇਸ ਗੱਲ ਤੋਂ ਅਣਜਾਣ ਵਿਅਕਤੀ ਉਹਨਾਂ ਬੂਟਿਆਂ ਨੂੰ ਨਿਖਸਮਾ ਜਾਣ ਉਹਨਾਂ ਤੇ ਟੁਟ ਪੈਂਦੇ ਹਨ। ਉਹਨਾਂ ਦਾ ਮਾਲਕ ਬਣਨ ਦਾ ਯਤਨ ਕਰਦੇ ਹਨ। ਪਰ ਜਦੋਂ ਭੇਤ ਖੁਲ੍ਹਦਾ ਹੈ ਕਿ ਇਹਨਾਂ ਤਿਲਾਂ ਵਿਚ ਤਾਂ ਦਾਣਿਆਂ ਦੀ ਥਾਂ ਰਾਖ ਭਰੀ ਹੋਈ ਹੈ ਤਾਂ ਕੋਈ ਵੀ ਉਹਨਾਂ ਨੂੰ ਲੈਣ ਲਈ ਤਿਆਰ ਨਹੀਂ ਹੁੰਦਾ। ਹਾਂ, ਪਿੰਡਾਂ ਦੇ ਕਮੀਣ ਲੋਕ ਬਾਲਣ ਵਾਸਤੇ ਭਰੀਆਂ ਬੰਨ੍ਹ ਬੰਨ੍ਹ ਲੈ ਜਾਂਦੇ ਹਨ। ਇਸ ਤਰ੍ਹਾਂ ਸਿਰ ਤੇ ਇਕ ਮਾਲਕ ਨਾ ਹੋਣ ਕਰਕੇ ਉਹਨਾਂ ਦੇ ਸੌ ਸੌ ਮਾਲਕ ਬਣ ਬਹਿੰਦੇ ਹਨ। ਬਿਲਕੁਲ ਇਹੀ ਹਾਲ ਹੁੰਦਾ ਹੈ ਉਹਨਾਂ ਮਨੁਖਾਂ ਦਾ ਜਿਹੜੇ ਗੁਰੂ ਨੂੰ ਵਿਸਾਰ ਕੇ ਆਪਣੇ ਮਨ ਵਿਚ ਚਤੁਰ ਬਣੇ ਫਿਰਦੇ ਹਨ। ਗੁਰੂ ਦੀ ਮਤਿ ਦੇ ਅਨੁਸਾਰੀ ਨਹੀਂ ਬਣਦੇ। ਸਿਰ ਤੇ ਗੁਰੂ ਦੀ ਮਾਲਕੀ ਨਾ ਹੋਣ ਕਰਕੇ ਕਾਮਾਦਿਕ ਸੌ ਖਸਮ ਇਸ ਮਨ ਦੇ ਮਾਲਕ ਬਣ ਬਹਿੰਦੇ ਹਨ ਅਰਥਾਤ ਮਨ ਕਈ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਤਿੰਨੋਂ ਸਲੋਕ ਗੁਰੂ ਦੀ ਅਸੀਮ ਸਮਰੱਥਾ (ਮਾਣਸ ਤੇ ਦੇਵਤੇ ਕੀਏ) ਦਰਸਾਉਂਦੇ ਹੋਏ ਨਿਗੁਰਿਆਂ ਦੀ ਤਰਸਯੋਗ ਹਾਲਤ ਦਾ ਬਿਆਨ ਕਰਦੇ ਹਨ।

ਨਿਗੁਰੇ ਕਉ ਗਤਿ ਕਾਈ ਨਾਹੀ ॥

(ਪੰਨਾ 361)

—————

ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥

(ਪੰਨਾ 233)

—————

ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥
ਜਿਉ ਛੁਟੜ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥

(ਪੰਨਾ 645)

ਸੰਖੇਪ ਵਿਚ ਇਹਨਾਂ ਤਿੰਨਾਂ ਸਲੋਕਾਂ ਦਾ ਭਾਵ ਹੈ ਕਿ ਗੁਰੂ ਅਥਾਹ ਸ਼ਕਤੀਆਂ ਦਾ ਮਾਲਕ ਹੈ, ਅਗਿਆਨਤਾ ਨੂੰ ਗਿਆਨ ਵਿਚ ਤਬਦੀਲ ਕਰਕੇ ਮਨੁਖਾਂ ਨੂੰ ਦੇਵਿਤਿਆਂ ਸਮਾਨ ਬਣਾ ਦੇਂਦਾ ਹੈ। ਦੂਜੇ ਪਾਸੇ ਗੁਰੂ ਤੋਂ ਵਾਂਝੇ ਮਨੁਖ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ।

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਨਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰੁ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥

(ਪੰਨਾ 167)

ਆਉ ਹੁਣ ਦੇਖੀਏ ਪਉੜੀ ਅਤੇ ਇਹਨਾਂ ਸਲੋਕਾਂ ਦਾ ਆਪਸੀ ਸਬੰਧ। ਪਉੜੀ ਵਿਚ ਪ੍ਰਭੂ ਦੇ ਨਿਰਗੁਣ-ਸਰਗੁਣ ਸਰੂਪ ਦੀ ਗੱਲ ਕੀਤੀ ਗਈ ਹੈ ਅਤੇ ਸਲੋਕਾਂ ਵਿਚ ਗੁਰੂ ਦੀ। ਫਿਰ ਇਹ ਅੰਤਰ ਸਬੰਧਿਤ ਕਿਵੇਂ ਹਨ? ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਜ਼ਰੂਰੀ ਹੈ ਕਿ ਇਹ ਪਤਾ ਹੋਵੇ ਕਿ ਗੁਰੂ ਕੌਣ ਹੈ?

ਗੁਰਮਤਿ ਵਿਚਾਰਧਾਰਾ ਅਨੁਸਾਰ ਪ੍ਰਮਾਤਮਾ ਦੇ ਅਨੇਕ ਗੁਣਾਂ ਵਿਚੋਂ ਇਕ ਗੁਣ ਇਹ ਵੀ ਹੈ ਕਿ ਉਹ ਆਪਣੀ ਸਿਰਜੀ ਸ੍ਰਿਸ਼ਟੀ ਵਿਚੋਂ ਅਗਿਆਨਤਾ ਦਾ ਹਨੇਰਾ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਮਾਨਵਤਾ ਪ੍ਰਤੀ ਪ੍ਰਭੂ ਦੇ ਇਸ ਪ੍ਰਸਾਦਿ ਗੁਣ ਕਾਰਨ ਹੀ ਉਸ ਨੂੰ ਗੁਰੂ ਵੀ ਕਿਹਾ ਜਾਂਦਾ ਹੈ। ਗੁਰੂ ਪਾਰਬ੍ਰਹਮ ਨਾਲੋਂ ਭਿੰਨ ਹਸਤੀ ਨਹੀਂ। ਇਸੇ ਅਭਿੰਨਤਾ ਕਾਰਨ ਹੀ ਗੁਰੂ ਲਈ ਗੋਬਿੰਦ, ਪਰਮੇਸਰ, ਨਾਰਾਇਣ, ਕਰਤਾ, ਪਾਰਬ੍ਰਹਮ, ਹਰਿ ਆਦਿ ਸ਼ਬਦ ਵਰਤੇ ਜਾਂਦੇ ਹਨ:

ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥
ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥

(ਪੰਨਾ 710)

—————

ਸਤਿਗੁਰ ਜੇਵਡੁ ਅਵਰੁ ਨ ਕੋਇ ॥ ਗੁਰ ਪਾਰਬ੍ਰਹਮ ਪਰਮੇਸਰ ਸੋਇ ॥

(ਪੰਨਾ 1271)

—————

ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਤ ਸਰ ॥
ਉਹ ਆਦਿ ਜੁਗਾਦੀ ਜੁਗਹ ਜੁਗ ਪੂਰਾ ਪਰਮੇਸਰ ॥

( ਪੰਨਾ 397)

ਗੁਰਮਤਿ ਵਿਚ ਪ੍ਰਭੂ ਨੂੰ ਨਿਰਗੁਣ-ਸਰਗੁਣ ਦੋਹਾਂ ਸਰੂਪਾਂ ਵਿਚ ਬਿਆਨਿਆ ਗਿਆ ਹੈ। ਨਿਰਗੁਣ ਸਰੂਪ ਵਿਚ ਉਹ ਅਜੂਨੀ, ਅਕਾਲ ਮੂਰਤਿ, ਅਨੀਲ, ਅਨਾਦਿ, ਅਲਖ, ਅਗੰਮ, ਅਗੋਚਰ, ਅਨੰਤ, ਪੂਰਨ, ਅੰਤਰਜਾਮੀ, ਸੈਭੰ ਆਦਿ ਹੈ ਅਤੇ ਸਰਗੁਣ ਸਰੂਪ ਵਿਚ ਮਾਤਾ, ਪਿਤਾ, ਬੰਧਪ, ਭ੍ਰਾਤਾ, ਸੁਆਮੀ, ਕਰਤਾ ਪੁਰਖ ਆਦਿ ਹੈ। ਸੰਸਾਰ ਨੂੰ ਪ੍ਰਭੂ ਦਾ ਗਿਆਨ ‘ਸਬਦਿ’ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਦੇ ਤਿੰਨ ਸਰੂਪਾਂ ਦਾ ਪਰਿਚਯ ਮਿਲਦਾ ਹੈ – ਨਾਦ (ਅਨਹਦ ਨਾਦ) ਵੇਦ (ਗੁਰ ਉਪਦੇਸ਼) ਅਤੇ ਸਰਬ ਵਿਆਪਕਤਾ।

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

(ਪੰਨਾ 2)

ਨਾਦ:
ਅਨਹਦ ਸਬਦੁ ਵਜੈ ਦਿਨੁ ਰਾਤੀ ॥
ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥
ਤਉ ਜਾਨੀ ਜਾ ਸਬਦਿ ਪਛਾਨੀ ॥
ਏਕੋ ਰਵਿ ਰਹਿਆ ਨਿਰਬਾਨੀ ॥

(ਪੰਨਾ 904)

ਵੇਦ:

ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਇਆ ॥

(ਪੰਨਾ 1069)

—————

ਸਬਦਿ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ ॥

(ਪੰਨਾ 944)

—————

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥

(ਪੰਨਾ 635)

ਸਰਬ ਵਿਆਪਕਤਾ:

ਸੋ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਨ ਜੋਤਿ ਸੁ ਸਬਦ ਲਹੈ ॥

(ਪੰਨਾ 945)

—————

ਸਭ ਮਹਿ ਸਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈਆਲੰ ॥

(ਪੰਨਾ 351)

—————

ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪ ਗਇਆ ਮਨ ਮਾਨਿਆ ॥

(ਪੰਨਾ 351)

ਗੁਰ ਉਪਦੇਸ਼ ਹੋਣ ਕਰਕੇ ਸਬਦ ਗੁਰੂ ਹੈ ਅਤੇ ਸਰਬ ਵਿਆਪਕਤਾ ਕਰਕੇ ਪ੍ਰਭੂ। ਇਸ ਤਰ੍ਹਾਂ ਪ੍ਰਭੂ ਅਤੇ ਗੁਰੂ ਸਬਦ ਵਿਚ ਰਲ ਗੱਡ ਹਨ। ਏਸੇ ਲਈ ਗੁਰ ਪਰਮੇਸਰ ਕਿਸੇ ਪੰਜ ਭੂਤਕ ਦੇਹ ਤਕ ਸੀਮਤ ਨਹੀਂ। ਸ਼ਬਦ ਰਾਹੀਂ ਉਹ ਮਨੁਖ ਨੂੰ ਆਤਮਿਕ ਸੁੰਦਰਤਾ ਨਾਲ ਸਰਸ਼ਾਰ ਕਰਦਾ ਹੈ:

ਊਰਮ ਧੂਰਮ ਜੋਤਿ ਉਜਾਲਾ ॥ ਤੀਨਿ ਭਵਨ ਮਹਿ ਗੁਰ ਗੋਪਾਲਾ ॥
ਊਰਮ ਬਰਸੈ ਨੀਝਰ ਧਾਰਾ ॥ ਉਤਮ ਸਬਦ ਸਵਾਰਨਹਾਰਾ ॥
ਇਸੁ ਏਕੇ ਕਾ ਜਾਣੈ ਭੇਉ ॥ਆਪੇ ਕਰਤਾ ਆਪੇ ਦੇਉ ॥

(ਪੰਨਾ 930)

—————

ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰ ਗੁਰ ਏਕੋ ਵੇਸ ਅਨੇਕ ॥

(ਪੰਨਾ 12)

ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਨੂੰ ਆਪਣਾ ਗੁਰੂ ਸਵੀਕਾਰ ਕੀਤਾ ਅਤੇ ਸਭ ਜਪ ਤਪ ਸੰਜਮ ਕਰਮ ਛੱਡ ਕੇ ਗੁਰ ਪਰਮੇਸ਼ਰ ਦੇ ਸ਼ਬਦ ਨੂੰ ਪਰਮ-ਲਕਸ਼ ਦੀ ਪ੍ਰਾਪਤੀ ਦਾ ਸਰੋਤ ਮੰਨਿਆ। ਸੋ ਇਹਨਾਂ ਸਲੋਕਾਂ ਵਿਚ ਜਿਸ ਗੁਰੂ ਦੀ ਗੱਲ ਕੀਤੀ ਗਈ ਹੈ ਉਹ ਕੋਈ ਵਿਅਕਤੀ ਨਾ ਹੋ ਕੇ ਸ਼ਬਦ-ਗੁਰੂ ਜਾਂ ਬ੍ਰਹਮ-ਗੁਰੂ ਹੈ। ਪਉੜੀ ਵਿਚ ਵਿਆਖਿਆਏ ਬ੍ਰਹਮ ਨੂੰ ਕਿਸੇ ਦੇਹਧਾਰੀ ਗੁਰੂ ਰਾਹੀਂ ਜਾਣਿਆ ਨਹੀਂ ਜਾ ਸਕਦਾ:

ਏਵਡ ਊਚਾ ਹੋਵੈ ਕੋਇ ॥ ਤਿਸ ਊਚੇ ਕਉ ਜਾਣੈ ਸੋਇ ॥

(ਪੰਨਾ 5)

ਪ੍ਰਭੂ ਨੂੰ ਜਾਣਨ ਲਈ ਪ੍ਰਭੂ ਜਿੰਨਾ ਉੱਚਾ ਉਠਣਾ ਪਵੇਗਾ ਪਰ ਪ੍ਰਭੂ ਜਿੰਨਾ ਉੱਚਾ ਤਾਂ ਪ੍ਰਭੂ ਆਪ ਹੀ ਹੈ। ਇਸ ਲਈ ਪ੍ਰਭੂ ਨੂੰ ਪ੍ਰਭੂ ਰਾਹੀਂ ਹੀ ਜਾਣਿਆ ਜਾ ਸਕਦਾ ਹੈ ਅਤੇ ਪ੍ਰਭੂ ਸ਼ਬਦ ਰਾਹੀਂ ਪ੍ਰਗਟ ਹੁੰਦਾ ਹੈ। ਦੁਨੀਆਂ ਦਾ ਕੋਈ ਵੀ ਗਿਆਨ ਗੁਰੂ ਬਿਨਾਂ ਸੰਭਵ ਨਹੀਂ। ਫਿਰ ਬ੍ਰਹਮ ਗਿਆਨ ਗੁਰੂ ਤੋਂ ਬਿਨਾਂ ਕਿਵੇਂ ਪ੍ਰਾਪਤ ਹੋ ਸਕਦਾ ਹੈ? ਸੋ ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ ਅਤੇ ਜੋ ਇਸ ਸ੍ਰਿਸ਼ਟੀ ਵਿਚ ਬੈਠਾ ਤਮਾਸ਼ਾ ਵੇਖ ਰਿਹਾ ਹੈ ਉਸ ਨੂੰ ਕੇਵਲ ਗੁਰੂ ਦੀ ਮਦਦ ਨਾਲ ਹੀ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਆਸਾ ਦੀ ਵਾਰ ਦੀ ਪਹਿਲੀ ਪਉੜੀ ਅਤੇ ਸਲੋਕਾਂ ਵਿਚ ਜਗਿਆਸੂ ਦਾ ਧਿਆਨ ਅਕਾਲ-ਪੁਰਖ ਵਲ ਦੁਆਇਆ ਗਿਆ ਹੈ ਅਤੇ ਸਪਸ਼ਟ ਕੀਤਾ ਹੈ ਕਿ ਅਕਾਲ ਪੁਰਖ ਦੀ ਪ੍ਰਾਪਤੀ ਕੇਵਲ ਗੁਰੂ ਰਾਹੀਂ ਹੀ ਸੰਭਵ ਹੈ। ਵਾਰ ਦੇ ਸਿਧਾਂਤਕ ਪੱਖ ਤੋਂ ਦੇਖਦਿਆਂ ਵੀ ਇਹ ਜ਼ਰੂਰੀ ਸੀ ਕਿ ਪਹਿਲਾਂ ਇਸ਼ਟ ਦੀ ਗੱਲ ਕੀਤੀ ਜਾਏ ਕਿਉਂਕਿ ਵਾਰ ਦਾ ਆਰੰਭ ਹਮੇਸ਼ਾ ਮੰਗਲਾਚਰਣ ਤੋਂ ਹੁੰਦਾ ਹੈ। ਸੋ ਪਉੜੀ ਵਿਚ ਪ੍ਰਭੂ ਦੇ ਬ੍ਰਹਮ ਸਰੂਪ ਅਤੇ ਸਲੋਕਾਂ ਵਿਚ ਪ੍ਰਭੂ ਦੇ ਗੁਰੂ ਸਰੂਪ ਦੀ ਆਰਾਧਨਾ ਕਰਕੇ ਵਾਰ ਆਰੰਭੀ ਗਈ ਹੈ।