SikhThought - GuruGranthSahibJiFeatured

ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ

ਆਧੁਨਿਕ ਯੁਗ ਵਿਗਿਆਨ ਦਾ ਯੁਗ ਅਖਵਾਉਂਦਾ ਹੈ। ਨਵੀਆਂ ਵਿਗਿਆਨਕ ਤੇ ਤਕਨੀਕੀ ਖੋਜਾਂ ਦੇ ਆਧਾਰ ਤੇ ਪਰੰਪਰਾਗਤ ਸਭਿਆਚਾਰ ਵਿਚ ਜੋ ਤਬਦੀਲੀ ਆ ਰਹੀ ਹੈ ਜਾਂ ਉੱਨਤ ਦੇਸ਼ਾਂ ਦੇ ਸੰਪਰਕ ਵਿਚ ਆਉਣ ਨਾਲ ਪੱਛਮੀ ਸਭਿਅਤਾ ਦਾ ਜੋ ਸੰਚਾਰ ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚ ਹੋ ਰਿਹਾ ਹੈ ਉਸ ਨਾਲ ਸਮੁਚੇ ਵਿਸ਼ਵ ਵਿਚ ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਆਦਿ ਹਰ ਪੱਧਰ ਤੇ ਪਰਿਵਰਤਨ ਹੋ ਰਿਹਾ ਹੈ। ਇਸ ਪਰਿਵਰਤਨ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਸਬੰਧ ਆਮ ਮਨੁਖ ਨਾਲ ਹੈ। ਇਸੇ ਲਈ ਆਧੁਨਿਕ ਯੁਗ ਵਿਚ ਮਨੁਖ ਦੀ ਹਰ ਕਿਰਤ ਵਿਚ ਮਨੁਖ ਨੂੰ ਹੀ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਯੂਰਪ ਅਤੇ ਹੋਰਨਾਂ ਥਾਵਾਂ ਤੇ ਮਾਨਵਵਾਦ ਦੀ ਗੱਲ ਬੜੇ ਜ਼ੋਰ ਨਾਲ ਕੀਤੀ ਜਾ ਰਹੀ ਹੈ। ਮਾਨਵਵਾਦ ਦੇ ਸਿਧਾਂਤ ਵਿਚ ਵਿਅਕਤੀ ਸਭ ਤੋਂ ਵਧੇਰੇ ਮਹੱਤਵ ਰਖਦਾ ਹੈ ਅਤੇ ਵਿਅਕਤੀ ਦੀਆਂ ਇੱਛਾਵਾਂ ਦੇ ਰਾਹ ਵਿਚਲੀ ਹਰ ਕਿਸਮ ਦੀ ਰੁਕਾਵਟ ਨੂੰ ਦੂਰ ਕਰਨ ਦੀ ਪੂਰੀ ਖੁਲ੍ਹ ਹੁੰਦੀ ਹੈ। ਇਸ ਸਿਧਾਂਤ ਦੇ ਅੰਤਰਗਤ ਮਨੁਖ ਦੇ ਸਵੈਪੂਰਨ ਹੋਣ ਦੇ ਆਹਰ ਵਿਚ ਲੱਗਣ ਕਰਕੇ ਇਸ ਦੇ ਸਾਕਾਰਾਤਮਕ ਅਤੇ ਨਾਕਾਰਆਤਮਕ ਦੋਹਾਂ ਤਰ੍ਹਾਂ ਦੇ ਪ੍ਰਭਾਵ ਪਏ ਹਨ। ਸਾਕਾਰਾਤਮਿਕ ਪ੍ਰਭਾਵ ਤਹਿਤ ਭੌਤਿਕ ਪੱਧਰ ਤੇ ਬੇਸ਼ੁਮਾਰ ਉੱਨਤੀ ਹੋਈ ਹੈ। ਸਹੂਲਤਾਂ ਵਧੀਆਂ ਹਨ। ਖਾਣ ਪੀਣ ਪਹਿਨਣ ਲਈ ਬੇਸ਼ੁਮਾਰ ਵਸਤਾਂ ਉਪਲਭਤ ਹੋਈਆਂ ਹਨ। ਪਦਾਰਥਕ ਤੌਰ ਤੇ ਜੀਵਨ ਦਾ ਪੱਧਰ ਬਹੁਤ ਉੱਚਾ ਹੋਇਆ ਹੈ। ਪਰ ਇਸ ਸਾਰੇ ਵਿਚ ਸਮਾਜਿਕ ਜੀਵਨ ਕਿਤੇ ਗੁੰਮ ਹੋ ਗਿਆ ਹੈ। ਇਕ ਦੂਸਰੇ ਪ੍ਰਤੀ ਦਿਲੀ ਹਮਦਰਦੀ ਜਾਂ ਦੂਸਰੇ ਦੀ ਸਹੂਲਤ ਲਈ ਆਪਣੀ ਥੋੜ੍ਹੀ ਜਿਹੀ ਵੀ ਕੁਰਬਾਨੀ ਕਰਨੀ ਵਿਅਕਤੀ ਨੂੰ ਔਖੀ ਜਾਪਣ ਲੱਗ ਪਈ ਹੈ। ਸਾਰੇ ਪਾਸੇ ਆਪੋ ਧਾਪੀ ਪਈ ਹੈ। ਪਰਿਵਾਰ ਟੁਟਣ ਲੱਗੇ ਹਨ ਅਤੇ ਇਨ੍ਹਾਂ ਨੂੰ ਟੁਟਣ ਤੋਂ ਬਚਾਉਣ ਦੇ ਸਾਰੇ ਉਪਰਾਲਿਆਂ ਦਾ ਨਤੀਜਾ ਲਗਪਗ ਨਿਰਾਸ਼ਾਜਨਕ ਹੀ ਰਿਹਾ ਹੈ। ਵਿਆਹ ਦਾ ਪਵਿੱਤਰ ਬੰਧਨ ਕੇਵਲ ਇਕੱਠੇ ਰਹਿਣ ਦੀ ਸਾਂਝ (Living relationship) ਵਿਚ ਤਬਦੀਲ ਹੋ ਰਿਹਾ ਹੈ। ਨੌਜੁਆਨ ਪੀੜ੍ਹੀ ਪੂਰੀ ਤਰ੍ਹਾਂ ਅਨੁਸ਼ਾਸ਼ਨਹੀਣ ਹੋ ਰਹੀ ਹੈ।
ਇਕ ਹੋਰ ਪੱਖੋਂ ਵਿਅਕਤੀਵਾਦ ਨੇ ਸਮੁਚੇ ਰੂਪ ਵਿਚ ਜੋ ਨੁਕਸਾਨ ਪਹੁੰਚਾਇਆ ਹੈ ਉਹ ਹੈ ਮਾਨਵਵਾਦੀ ਅੰਦੋਲਨਾਂ ਤਹਿਤ ਧਰਮ ਨਿਰਪੇਖਤਾ ਦੇ ਨਾਂ ਹੇਠ ਨਾਸਤਿਕਤਾ ਦਾ ਪ੍ਰਚਾਰ ਅਤੇ ਮਨੁਖ ਨੂੰ ਧਰਮ ਨਾਲੋਂ ਤੋੜ ਕੇ ਹਰ ਸਮੱਸਿਆ ਦਾ ਹੱਲ ਵਿਗਿਆਨ ਵਿਚੋਂ ਭਾਲਣ ਦੇ ਯਤਨ। ਇਨ੍ਹਾਂ ਅੰਦੋਲਨਾਂ ਵਿਚ ਗੱਲ ਤਾਂ ਮਨੁਖ ਦੀ ਕੀਤੀ ਜਾ ਰਹੀ ਹੈ ਪਰ ਮਨੁਖ ਵਿਚੋਂ ਮਨੁਖਤਾਵਾਦ ਦਾ ਖਾਤਮਾ ਕੀਤਾ ਜਾ ਰਿਹਾ ਹੈ। ਧਰਮ, ਜਿਸ ਨੇ ਮਨੁਖ ਨੂੰ ਮਨੁਖ ਨਾਲ ਜੋੜਨ ਦਾ ਕੰਮ ਕਰਨਾ ਹੁੰਦਾ ਹੈ, ਨੂੰ ਬੇਲੋੜੀ ਵਸਤੂ ਸਮਝ ਕੇ ਜੀਵਨ ਵਿਚੋਂ ਕੱਢਿਆ ਜਾ ਰਿਹਾ ਹੈ। ਸਾਰੀ ਤਾਕਤ ਅਤੇ ਸਾਰੇ ਯਤਨ ਕੇਵਲ ਦੁਨਿਆਵੀ ਜਾਂ ਵਿਗਿਆਨਿਕ ਸਿੱਖਿਆ ਲਈ ਹੋ ਰਹੇ ਹਨ। Bulliver ਲਿਖਦਾ ਹੈ ਕਿ ਯੂਨੀਵਰਸਿਟੀ ਵਿਦਿਆ ਤੋਂ ਵਧੀਆ ਕੋਈ ਵਸਤੂ ਨਹੀਂ ਪਰ ਜੇ ਇਹ ਵਿਦਿਆ ‘ਅਸਲੀ ਵਿਦਿਆ’ ਤੋਂ ਸੱਖਣੀ ਹੋਵੇ ਤਾਂ ਇਸ ਤੋਂ ਘਟੀਆ ਗੱਲ ਹੋਰ ਕੋਈ ਨਹੀਂ। ਪ੍ਰੋ. ਪੂਰਨ ਸਿੰਘ ਜੀ ਵੀ ਇਕ ਥਾਂ ਤੇ ਲਿਖਦੇ ਹਨ:

ਜੇ ਕੋਈ ਐੱਮ.ਏ. ਪਾਸ ਕਰਕੇ ਗੁਰ ਉਪਦੇਸ਼ (ਗੁਰਬਾਣੀ) ਨੂੰ ਭੁਲ
ਜਾਏ ਤਾਂ ਮੈਂ ਉਸ ਦੀ ਐੱਮ.ਏ. ਨਿਸਫ਼ਲ ਜਾਣਦਾ ਹਾਂ। ਪਾਪ ਤਾਂ
ਪਾਪ ਹੀ ਹੈ। ਧਾਰਮਿਕ ਸੂਝ ਤੋਂ ਬਿਨਾਂ ਕੀਤਾ ਪੁੰਨ ਵੀ ਪਾਪ ਹੈ।
ਧਾਰਮਿਕ ਸੂਝ ਦਿੱਤੇ ਬਿਨਾਂ ਵਿੱਦਿਆ ਦਿਲ ਜੋੜਨ ਦੀ ਥਾਂ ਤੋੜਨ
ਦਾ ਕੰਮ ਕਰਦੀ ਹੈ। ਆਹ! ਸਾਰੀ ਮਾੜਧਾੜ, ਕਤਲ, ਖੂਨ-ਖਰਾਬਾ
ਇਸ ਧਾਰਮਿਕ ਵਿਦਿਆ ਦੀ ਅਣਹੋਂਦ ਸਦਕਾ ਹੈ। ਧਰਮ ਤੋਂ ਕੋਰੇ
ਮਨੁਖ ਰੇਹੜੂ ਨਹੀਂ, ਰੋਹੜੂ ਹੋ ਜਾਂਦੇ ਹਨ।

ਅਗਲੀ ਗੱਲ, ਅੱਜ ਸਾਰੀ ਦੁਨੀਆਂ ਦੇ ਇਕ ਪਿੰਡ ਬਣ ਜਾਣ ਕਾਰਨ ਇਸ ਵੇਲੇ ਅੰਤਰਰਾਸ਼ਟਰੀ ਸਰੋਕਾਰਾਂ ਦੀ ਗੱਲ ਹੋ ਰਹੀ ਹੈ। ਅੰਤਰਰਾਸ਼ਟਰੀ ਸਰੋਕਾਰਾਂ ਵਿਚ ਉਹ ਸਾਰੇ ਮੁਦੇ ਆ ਜਾਂਦੇ ਹਨ ਜਿਨ੍ਹਾਂ ਦਾ ਸਬੰਧ ਭਾਵੇਂ ਕਿਸੇ ਵਿਸ਼ੇਸ਼ ਖਿੱਤੇ ਨਾਲ ਹੀ ਕਿਉਂ ਨਾ ਹੋਵੇ ਪਰ ਉਨ੍ਹਾਂ ਦਾ ਪ੍ਰਭਾਵ ਸਮੁਚੇ ਵਿਸ਼ਵ ਭਾਈਚਾਰੇ ਤੇ ਪੈਂਦਾ ਹੈ। ਕੇ. ਮੈਥੀਊਜ਼ ਨੇ ਅਮਰੀਕਾ ਵਿਚ ਛਪਣ ਵਾਲੇ ‘ਵਰਲਡ’ ਨਾਂ ਦੇ ਮੈਗਜ਼ੀਨ ਵਿਚ 2015 ਦੇ 10 ਮਹੱਤਵਪੂਰਨ ਮੁਦਿਆਂ ਦਾ ਜ਼ਿਕਰ ‘Top 10 most pressing worldwide issues in 2015’ਸਿਰਲੇਖ ਅਧੀਨ ਕੀਤਾ। ਉਨ੍ਹਾਂ ਦਸ ਮੁਦਿਆਂ ਵਿਚ ਵਾਤਾਵਰਣ ਵਿਚ ਤਬਦੀਲੀ, ਭੁਖਮਰੀ, ਲਿੰਗ ਭੇਦ, ਆਮਦਨ ਵਿਚ ਅੰਤਰ, ਆਤੰਕਵਾਦ, ਸਾਈਬਰ ਕਰਾਈਮ, ਸਿਹਤ, ਪ੍ਰਮਾਣੂ ਜੰਗ ਦਾ ਸਹਿਮ, ਹਥਿਆਰਬੰਦ ਹਿੰਸਾ, ਵੱਖ ਵੱਖ ਦੇਸ਼ਾਂ ਉੱਠ ਰਹੀਆਂ ਅੰਦਰੂਨੀ ਬਗਾਵਤਾਂ ਹਨ। ਇਨ੍ਹਾਂ ਮੁਦਿਆਂ ਦਾ ਕੋਈ ਠੋਸ ਹੱਲ ਲੱਭੇ ਬਿਨਾਂ ਵਿਸ਼ਵ ਸ਼ਾਂਤੀ ਦੀ ਆਸ ਨਹੀਂ ਕੀਤੀ ਜਾ ਸਕਦੀ।

ਉਪਰੋਕਤ ਹਾਲਾਤਾਂ ਵਿਚ ਕਿਸੇ ਅਜਿਹੀ ਵਿਚਾਰਧਾਰਾ ਦੀ ਬੜੀ ਸ਼ਿੱਦਤ ਨਾਲ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਜੋ ਵਿਅਕਤੀ ਅਤੇ ਸਮਾਜ ਦੋਹਾਂ ਦੇ ਵਿਕਾਸ ਵਿਚ ਆਪਣਾ ਸਾਰਥਕ ਯੋਗਦਾਨ ਪਾ ਸਕੇ। ਇਸ ਲੋੜ ਨੂੰ ਪੂਰਾ ਕਰਨ ਲਈ ਇਸ ਵੇਲੇ ਸਮੁਚਾ ਸੰਸਾਰ ਹਿੰਦੁਸਤਾਨ ਵਲ ਵੇਖ ਰਿਹਾ ਹੈ ਜਿਥੇ ਆਰੰਭ ਤੋਂ ਹੀ ਵਿਅਕਤਿਤਵ ਦੇ ਵਿਕਾਸ ਦਾ ਆਧਾਰ ਅਧਿਆਤਮਵਾਦ ਰਿਹਾ ਹੈ ਅਤੇ ਇਹ ਵੀ ਵਿਸ਼ਵਾਸ਼ ਕੀਤਾ ਜਾ ਰਿਹਾ ਹੈ ਕਿ ਅਧਿਆਤਮਿਕ ਆਧਾਰ ਉਤੇ ਉਸਰਿਆ ਵਿਗਿਆਨਿਕ ਦ੍ਰਿਸ਼ੀਕੋਣ ਹੀ ਸਾਰਿਆਂ ਲਈ ਲਾਹੇਵੰਦਾ ਰਹੇਗਾ। ਇਸ ਮਕਸਦ ਲਈ ਇਕ ਅਜਿਹੀ ਵਿਸ਼ਵ ਗੌਰਮਿੰਟ ਦੇ ਨਿਰਮਾਣ ਦੀ ਵੀ ਸਿਫ਼ਾਰਸ਼ ਕੀਤੀ ਜਾ ਰਹੀ ਹੈ ਜਿਸ ਵਿਚ ਰਾਜ ਆਪਣੇ ਵਿਅਕਤੀਗਤ ਹਿੱਤ ਤਿਆਗ ਕੇ ਸਮੁਚੀ ਮਾਨਵਤਾ ਦੇ ਹਿੱਤਾਂ ਨੂੰ ਸਾਹਮਣੇ ਰਖਣ। ਵਿਸ਼ਵ ਸਰਕਾਰ ਦੇ ਪ੍ਰਸਤਾਵਿਤ ਸੰਵਿਧਾਨ ਵਿਚ ਨਾਗਰਿਕਾਂ ਦੇ ਫ਼ਰਜ਼ਾਂ ਅਤੇ ਹੱਕਾਂ ਦੀ ਗੱਲ ਕਰਦਿਆਂ ਕਿਹਾ ਗਿਆ ਹੈ:

  • ਹਰ ਮਨੁਖ ਦੂਜੇ ਨਾਲ ਉਹੋ ਜਿਹਾ ਵਤੀਰਾ ਕਰੇਗਾ ਜੋ ਉਹ ਆਪ ਦੂਜਿਆਂ ਕੋਲੋਂ ਚਾਹੁੰਦਾ ਹੈ।
  • ਹਿੰਸਾ ਤੋਂ ਦੂਰ ਰਹੇਗਾ ਪਰ ਜੇ ਇਸ ਦੀ ਵਰਤੋਂ ਕਰਨੀ ਪਈ ਤਾਂ ਕੇਵਲ ਆਪਣੇ ਬਚਾਅ ਲਈ ਕਰੇਗਾ।
  • ਜਿਥੋਂ ਤਕ ਸਮਾਜਿਕ ਫ਼ਰਜ਼ਾਂ ਦਾ ਸਬੰਧ ਹੈ, ਵਿਸ਼ਵ ਸਰਕਾਰ ਹਰ ਮਨੁਖ ਨੂੰ ਉਸ ਦੀ ਯੋਗਤਾ ਅਤੇ ਲੋੜ ਅਨੁਸਾਰ ਕੰਮ ਅਤੇ ਸੁਰੱਖਿਆ ਦੇ ਕੇ ਉਸ ਨੂੰ ਗਰੀਬੀ ਅਤੇ ਸ਼ੋਸ਼ਣ ਤੋਂ ਛੁਟਕਾਰਾ ਦਿਵਾਏਗੀ।
  • ਧਾਰਮਿਕ ਅਤੇ ਰਾਜਨੀਤਕ ਸਹਿਣਸ਼ੀਲਤਾ ਕਾਇਮ ਰਖਦਿਆਂ ਵਿਅਕਤੀ, ਖ਼ਾਸ ਕਰ ਅਲਪਸੰਖਿਆ, ਨੂੰ ਜਬਰ ਅਤੇ ਜ਼ੁਲਮ ਦੇ ਰਾਜ ਤੋਂ ਬਚਾਉਣਾ ਵਿਸ਼ਵ ਸਰਕਾਰ ਦਾ ਮੁਖ ਮੰਤਵ ਹੋਏਗਾ।
  • ਮਨੁਖਤਾ ਦੀ ਅਧਿਆਤਮਕ, ਮਾਨਸਿਕ ਅਤੇ ਸਰੀਰਕ ਭਲਾਈ ਲਈ ਕੀਤੇ ਕੰਮ ਨੂੰ ਧਰਮ ਅਤੇ ਮਨੁਖਤਾ ਵਿਰੋਧੀ ਕੰਮ ਨੂੰ ਅਧਰਮ ਸਮਝਿਆ ਜਾਏਗਾ।

ਵਿਸ਼ਵ ਨੂੰ ਅੱਜ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਸ ਦੇ ਹੱਲ ਲਈ ਵਿਸ਼ਵ ਸਰਕਾਰ ਵਰਗੇ ਸੰਕਲਪ ਸਾਹਮਣੇ ਆ ਰਹੇ ਹਨ ਉਨ੍ਹਾਂ ਲਈ ਕਿਸੇ ਅਜਿਹੀ ਵਿਚਾਰਧਾਰਾ ਦੀ ਲੋੜ ਮਹਿਸੂਸ ਹੋ ਰਹੀ ਹੈ ਜੋ ਧਰਮ ਅਧਾਰਤ ਹੋਏ ਕਿਉਂ ਕਿ ਸਾਇੰਸ ਅਤੇ ਸ਼ਿਲਪ ਵਿਗਿਆਨ (Technology) ਦੀ ਉੱਨਤੀ ਇਨਸਾਨ ਨੂੰ ਸਵੈਪੂਰਨ ਨਹੀਂ ਬਣਾ ਸਕੀ ਅਤੇ ਮਨੁਖੀ ਆਚਰਣ ਕਾਇਮ ਰੱਖਣ ਲਈ ਸਾਇੰਸ ਅਜੇ ਤਕ ਧਰਮ ਦਾ ਕੋਈ ਬਦਲ ਵੀ ਤਿਆਰ ਨਹੀਂ ਕਰ ਸਕੀ। ਮਨੁਖ ਦਾ ਮਨੁਖ ਪ੍ਰਤੀ ਕੀ ਫ਼ਰਜ਼ ਹੈ ਅਤੇ ਕੀ ਅਧਿਕਾਰ ਹਨ, ਇਹ ਸਾਰਾ ਕੁਝ ਧਰਮ ਹੀ ਤੈਅ ਕਰਦਾ ਹੈ। ਇਸੇ ਲਈ ਵਿਦਵਾਨਾਂ ਦਾ ਵਿਚਾਰ ਹੈ ਕਿ ਮਨੁਖ ਨੂੰ ਅਰਥ ਭਰਪੂਰ ਜੀਵਨ ਜੀਉਣ ਲਈ ਜਿਨ੍ਹਾਂ ਚੀਜ਼ਾਂ ਦੀ ਲੋੜ ਪੈਂਦੀ ਹੈ, ਉਨ੍ਹਾਂ ਵਿੱਚੋਂ ਧਰਮ ਸਭ ਤੋਂ ਵੱਧ ਜ਼ਰੂਰੀ ਹੈ। ਆਮ ਕਰਕੇ ਧਰਮ ਅਤੇ ਮੱਤ ਨੂੰ ਇਕ ਸਮਝਣ ਦਾ ਭੁਲੇਖਾ ਖਾ ਲਿਆ ਜਾਂਦਾ ਹੈ। ਸਮੇਂ ਸਮੇਂ ਹੋਏ ਵੱਖ ਵੱਖ ਮਹਾਂਪੁਰਸ਼ਾਂ ਨੇ ਆਪਣੀ ਆਪਣੀ ਪਹੁੰਚ ਅਤੇ ਤਰੀਕੇ ਅਨੁਸਾਰ ਆਪਣੇ ਸਾਥੀਆਂ ਨੂੰ ਜੋ ਮਾਰਗ ਦਿਖਾਇਆ, ਉਹ ਮੱਤ ਅਖਵਾਇਆ। ਧਰਮ ਇਸ ਤੋਂ ਉਪਰ ਦੀ ਚੀਜ਼ ਹੈ। ਧਰਮ ਮਨੁਖੀ ਵਿਕਾਸ ਦਾ ਧੁਰਾ ਹੈ। ਇਸ ਦਾ ਕਰਤੱਵ ਦੁਵੱਲਾ ਹੈ। ਇਕ ਪਾਸੇ ਇਸ ਦਾ ਸਬੰਧ ਰੱਬ, ਬ੍ਰਹਿਮੰਡ ਅਤੇ ਅਗਮ ਅਗਾਧ ਨਾਲ ਹੈ ਤੇ ਦੂਜੇ ਪਾਸੇ ਰੱਬ ਦੀ ਪੈਦਾ ਕੀਤੀ ਖਲ਼ਕਤ ਨਾਲ। ਇਹਨਾਂ ਦੋਹਾਂ ਨਾਲ ਸਬੰਧ ‘ਅਨੁਭਵ’ ਰਾਹੀਂ ਪੈਦਾ ਹੁੰਦਾ ਹੈ, ਦਲੀਲ ਜਾਂ ਤਰਕ ਨਾਲ ਨਹੀਂ। ਅਕਲ ਅਤੇ ਦਲੀਲ ਤਾਂ ਸਗੋਂ ਕਈ ਵਾਰ ਅਗਿਆਨਤਾ ਬਣ ਜਾਂਦੇ ਹਨ। ਜਰਮਨੀ ਦਾ ਪ੍ਰਸਿੱਧ ਫ਼ਿਲਾਸਫ਼ਰ ਸ਼ਾਪਨਹਾਰ ਲਿਖਦਾ ਹੈ ਕਿ ਅਕਲ ਅਤੇ ਦਲੀਲ ਰਾਹੀਂ ਦੁਨੀਆਂ ਦੇ ਦੋ ਟੋਟੇ ਹੋ ਜਾਂਦੇ ਹਨ ਪਰ ਅਨੁਭਵਤਾ ਰਾਹੀਂ ਦੁਨੀਆਂ ਜੁੜਦੀ ਹੈ। ਇਸ ਲਈ ਵਿਸ਼ਵ-ਵਿਆਪੀ ਵਿਚਾਰਧਾਰਾ ਉਹੋ ਹੋ ਸਕਦੀ ਹੈ, ਜੋ ਮੱਤਾਂ ਤੇ ਆਧਾਰਿਤ ਭੇਦ-ਭਾਵ, ਸੰਕੀਰਣ ਰਾਸ਼ਟਰਵਾਦੀ ਸੋਚ, ਰੰਗ-ਨਸਲ-ਲਿੰਗ ਭੇਦ, ਆਰਥਿਕ ਅਸੰਤੁਲਨ, ਰਾਜਨੀਤਿਕ ਆਧਾਰ ’ਤੇ ਕੀਤੇ ਜਾਂਦੇ ਭੇਦ-ਭਾਵ ਦਾ ਨਿਖੇਧ ਕਰਨ ਦੇ ਨਾਲ ਨਾਲ ਸਮੂਹ ਮੱਤਾਂ, ਸਮੂਹ ਰਾਸ਼ਟਰਾਂ, ਵਿਭਿੰਨ ਸੰਸਕ੍ਰਿਤੀਆਂ ਦੇ ਨਿਆਰੇ ਢੰਗਾਂ ਨੂੰ ਪ੍ਰਵਾਨ ਕਰ ਕੇ ਆਰਥਿਕ ਸਮਾਨਤਾ ਅਤੇ ਰਾਜਨੀਤਿਕ ਸੁਤੰਤਰਤਾ ਪ੍ਰਤੀ ਸਮਰਪਿਤ ਸਮਰੱਥ ਕੌਮ ਦਾ ਨਿਰਮਾਣ ਕਰ ਸਕੇ। ਇਸੇ ਆਧਾਰ ਤੇ ਆਉ ਦੇਖੀਏ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਕਿਸੇ ਖ਼ਾਸ ਖਿੱਤੇ ਦੇ ਲੋਕਾਂ ਦੀ ਪ੍ਰਤੀਨਿਧ ਬਾਣੀ ਹੈ ਜਾਂ ਇਸ ਵਿਚ ਵਿਸ਼ਵ-ਵਿਆਪੀ ਸੋਚ ਦੀ ਪ੍ਰਤੀਨਿਧਤਾ ਕਰਨ ਦੇ ਬੀਜ ਵੀ ਹਨ?

ਸੰਸਾਰ ਦੇ ਸਾਰੇ ਮੱਤ ਭਾਵੇਂ ਰੱਬ ਦੀ ਹੋਂਦ ਵਿਚ ਵਿਸ਼ਵਾਸ਼ ਰੱਖਦੇ ਹਨ ਪਰ ਹਰ ਮੱਤ ਦਾ ਆਪਣਾ ਰੱਬ, ਆਪਣਾ ਦੇਵਤਾ, ਆਪਣਾ ਫ਼ਲਸਫ਼ਾ ਅਤੇ ਆਪਣਾ ਪੂਜਾ ਢੰਗ ਹੈ। ਕੇਵਲ ਹਰ ਮੱਤ ਦਾ ਹੀ ਨਹੀਂ ਸਗੋਂ ਇਕ ਮੱਤ ਵਿਚ ਵੀ ਕਈ ਕਈ ਦੇਵਤੇ ਅਤੇ ਕਈ ਕਈ ਪੂਜਾ ਢੰਗ ਹਨ। ਜਿਥੋਂ ਤਕ ਕਿਸੇ ਦੀ ਪਹੁੰਚ ਸੀ ਉਸ ਨੇ ਉਥੋਂ ਤਕ ਦੀ ਗੱਲ ਕਰ ਦਿੱਤੀ। ਹਜ਼ਰਤ ਮੂਸਾ ਅਨੁਸਾਰ ਰੱਬ ਨਾਲ ਗੱਲਾਂ ਕਰਨ ਲਈ ਤੂਰ ਪਰਬਤ ਤੇ ਚੜ੍ਹਨਾ ਪਏਗਾ। ਹਜ਼ਰਤ ਈਸਾ ਨੇ ਕੇਵਲ ਉਨ੍ਹਾਂ ਇਜ਼ਰਾਈਲੀਆਂ ਦੀ ਰਾਖੀ ਕਰਨ ਤੇ ਗੁਨਾਹ ਆਪਣੇ ਮੋਢਿਆਂ ਤੇ ਚੁਕਣ ਦਾ ਵਾਅਦਾ ਕੀਤਾ ਜੋ ਉਨ੍ਹਾਂ ਉਤੇ ਈਮਾਨ ਲਿਆਉਣਗੇ। ਉਹ ਇਜ਼ਰਾਈਲ ਦੀਆਂ ਗੁਆਚੀਆਂ ਭੇਡਾਂ ਸੰਭਾਲਣ ਵਾਸਤੇ ਆਏ ਹਨ।ਇਸੇ ਲਈ ਉਨ੍ਹਾਂ ਦੇ ਪੈਰੋਕਾਰ ਆਪਣੀ ਵਿਚਾਰਧਾਰਾ ਨੂੰ ਸਰਵ ਸ੍ਰੇਸ਼ਟ ਮੰਨਦਿਆਂ ਦੂਸਰੇ ਮੱਤਾਂ ਵਾਲਿਆਂ ਨਾਲੋਂ ਆਪਣੇ ਆਪ ਨੂੰ ਉਚੇਰਾ ਸਮਝਦੇ ਹਨ। ਸੰਨ 1893 ਵਿਚ ਜਦੋਂ ਅਮਰੀਕਾ ਦੇ ਕਾਰਡੀਨਲ ਗਿਬਨਜ਼ ਨੇ ਸੰਸਾਰ ਦੇ ਸਰਬ ਧਰਮਾਂ ਦੀ ਇਕ ਇਕੱਤਰਤਾ ਸੱਦੀ ਤਾਂ ਆਰਚ ਬਿਸ਼ਪ ਆਫ਼ ਕੈਂਟਰਬਰੀ ਨੇ ਉਸ ਵਿਚ ਜਾਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਸੰਸਾਰ ਦੇ ਧਰਮਾਂ ਨੂੰ ਈਸਾਈ ਧਰਮ ਦੇ ਬਰਾਬਰ ਨਹੀਂ ਰਖਿਆ ਜਾ ਸਕਦਾ। ਦੁਨੀਆਂ ਦੇ ਸਭ ਪ੍ਰਤੀਨਿਧ ਆਏ ਪਰ ਆਰਚ ਬਿਸ਼ਪ ਉਸ ਇਕੱਤਰਤਾ ਵਿਚ ਨਹੀਂ ਆਇਆ। ਇਸੇ ਤਰ੍ਹਾਂ ਚਰਚ ਆਫ਼ ਵਰਲਡ ਕਰੀਏਟਰ (church of world creater) ਵਾਲੇ ਕੇਵਲ ਗੋਰੀ ਚਮੜੀ ਵਾਲਿਆਂ ਨੂੰ ਹੀ ਚਰਚ ਵਿਚ ਵੜਨ ਦੇਂਦੇ ਹਨ ਅਤੇ ਗੈਰ ਈਸਾਈ ਧਰਮਾਂ ਨੂੰ ਕੁਫ਼ਰ ਕਹਿੰਦੇ ਹਨ।ਇਸ ਤੋਂ ਭਾਵ ਹੋਇਆ ਕਿ ਹਜ਼ਰਤ ਈਸਾ ਆਪ ਹੀ ਸਾਰੀ ਮਨੁਖਤਾ ਦੇ ਆਗੂ ਬਣਨ ਦੇ ਇੱਛੁਕ ਨਹੀਂ ਸਨ।

ਇਸਲਾਮ ਦਾ ਰੱਬ ਸਤਵੇਂ ਆਕਾਸ਼ ਤੇ ਹੈ। ਉਸ ਨੂੰ ਮਿਲਣ ਲਈ ਹਜ਼ਰਤ ਮੁਹੰਮਦ ਦੇ ਦੱਸੇ ਕਲਾਮ, ਨਮਾਜ਼, ਰੋਜ਼ਾ, ਜ਼ਕਾਤ ਆਦਿ ਸ਼ਰ੍ਹਾ ਦਾ ਪਾਬੰਦ ਰਹਿਣਾ ਪਏਗਾ। ਜੋ ਇਉਂ ਨਹੀਂ ਕਰਦੇ ਉਹ ਕਾਫ਼ਰ ਹਨ। ਉਨ੍ਹਾਂ ਨਾਲ ਸਾਂਝ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਸਗੋਂ ਉਨ੍ਹਾਂ ਨੂੰ ਤਾਂ ਇਸਲਾਮ ਵਿਚ ਲਿਆਉਣ ਲਈ ਹਰ ਯਤਨ ਵਾਜਬ ਹੈ। ਜੇ ਸਾਰੀ ਵਾਹ ਲਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਸਲਾਮ ਵਿਚ ਲਿਆਉਣ ਵਿਚ ਸਫ਼ਲਤਾ ਨਾ ਮਿਲੇ ਤਾਂ ਉਨ੍ਹਾਂ ਨੂੰ ਖ਼ਤਮ ਕਰਨ ਦਾ ਪੁੰਨ ਲੈਣਾ ਯੋਗ ਤੇ ਪ੍ਰਵਾਨ ਹੈ। ਇਸਲਾਮ ਤੋਂ ਬਿਨਾਂ ਕੋਈ ਵੀ ਧਰਮ ਪਰਵਾਨਗੀ ਯੋਗ ਨਹੀਂ। (ਕੁਰਾਨ 3:19, 3:85) ਔਰੰਗਜ਼ੇਬ ਹਿੰਦੂ ਸਿੱਖਾਂ ਨੂੰ ਫ਼ਿਰਕਾ-ਏ-ਮਕਰੂਹ (Hateful Tribe) ਕਿਹਾ ਕਰਦਾ ਸੀ। ਇਸਲਾਮ ਵਿਚ ਮੋਮਿਨ ਅਤੇ ਕਾਫ਼ਰ ਦਾ ਨਾ ਭਰਿਆ ਜਾ ਸਕਣ ਵਾਲਾ ਇਕ ਵੱਡਾ ਪਾੜਾ ਹੈ। ਜੇ ਮੋਮਿਨ ਧਾਰਮਿਕ ਵਿਅਕਤੀ ਅਤੇ ਕਾਫ਼ਰ ਮਨਮੁਖ ਨੂੰ ਕਿਹਾ ਜਾਂਦਾ ਤਾਂ ਗੱਲ ਹੋਰ ਸੀ, ਪਰ ਕੁਰਾਨ ਵਿਚ ਕਾਫ਼ਰ ਦਾ ਮਤਲਬ ਅਧਰਮੀ ਨਾ ਹੋ ਕੇ ਗ਼ੈਰ-ਮੁਸਲਮਾਨ ਹੈ। ਇਸ ਲਈ ਉਸ ਵਿਚ ਸਾਂਝੀ ਸੋਚ ਦੇ ਪ੍ਰਭਾਵਸ਼ਾਲੀ ਚਿੰਨ੍ਹ ਦਿਖਾਈ ਨਹੀਂ ਦੇਂਦੇ।

ਬੁਧ ਅਤੇ ਜੈਨ ਮੱਤ ਦੀਆਂ ਤਿਆਗਵਾਦੀ ਰੁਚੀਆਂ ਅਤੇ ਇਸਤਰੀ ਪ੍ਰਤੀ ਨਜ਼ਰੀਆ ਉਨ੍ਹਾਂ ਨੂੰ ਮਾਨਵਤਾ ਦੇ ਧਰਮ ਸਦਵਾਉਣ ਤੋਂ ਵੰਚਿਤ ਕਰਦਾ ਹੈ ਕਿਉਂਕਿ ਤਿਆਗਵਾਦੀ ਵਿਚਾਰ ਵਿਕਾਸ ਦੇ ਰਸਤੇ ਦੀ ਰੁਕਾਵਟ ਤਾਂ ਹਨ ਹੀ ਨਾਲ ਹੀ ਕੁਦਰਤ ਦੇ ਉਲਟ ਚੱਲਣ ਦਾ ਵੀ ਯਤਨ ਹੈ। ਇਸਤਰੀ ਅਤੇ ਪੁਰਖ ਦੋਨਾਂ ਦਾ ਆਪਣਾ-ਆਪਣਾ ਮਹੱਤਵ ਹੈ। ਇਸਤਰੀ ਲਈ ਮੁਕਤੀ ਦੇ ਦਰਵਾਜ਼ੇ ਬੰਦ ਕਰਕੇ ਸੰਸਾਰ ਦੀ ਅੱਧੀ ਵੱਸੋਂ ਨੂੰ ਇਸ ਹੱਕ ਤੋਂ ਵਾਂਝਿਆਂ ਕਰਨਾ ਜਾਂ ਉਸ ਨੂੰ ਭਿਕਸ਼ੂ ਸੰਘ ਵਿਚ ਤੁਛ ਦਰਜਾ ਦੇਣਾ ਵਿਸ਼ਵ-ਵਿਆਪੀ ਸੋਚ ਨਹੀਂ ਅਖਵਾ ਸਕਦੀ।

ਹਿੰਦੂ ਮੱਤ ਵਿਚ ਕਈ ਦੇਵੀ ਦੇਵਤੇ ਹੋਣ ਕਰਕੇ ਉਹਨਾਂ ਦੇ ਮੰਦਰ, ਖਾਣ-ਪਾਣ, ਪੂਜਾ ਢੰਗ ਆਦਿ ਸਭ ਵੱਖ ਵੱਖ ਹਨ। ਇਸੇ ਲਈ ਸਮਾਨਤਾ ਤੇ ਸਾਂਝੀਵਾਲਤਾ ਦੀ ਘਾਟ ਹੈ। ਅਥਰਵ ਵੇਦ ਦੇ ਅਧਿਆਇ ਬਾਰਾਂ ਵਿਚ ਲਿਖਿਆ ਹੈ ਕਿ ਜੋ ਮਨੁਖ ਵੇਦ ਮਗਰ ਨਹੀਂ ਲਗਦਾ ਉਸ ਨੂੰ ਮਾਰ ਸੁਟ, ਕੁਟ ਸੁਟ। ਇਸੇ ਤਰ੍ਹਾਂ ਮਨੂੰ ਸਿਮਰਤੀ ਗ੍ਰੰਥ ਦੇ ਅਧਿਆਇ ਚਾਰ ਵਿਚ ਲਿਖਿਆ ਹੈ-ਸ਼ੂਦਰ ਨੂੰ ਕਦੀ ਵੀ ਧਾਰਮਿਕ ਵਿਦਿਆ ਨਾ ਦਿਉ।

ਇੰਜ ਇਹ ਸਾਰੀਆਂ ਵਿਚਾਰਧਾਰਾਵਾਂ ਮੱਤ ਤਾਂ ਬਣ ਗਈਆਂ ਪਰ ਧਰਮ ਨਹੀਂ ਬਣ ਸਕੀਆਂ। ਅਜਿਹੇ ਫ਼ਲ ਫ਼ਾੜੀਆਂ ਵਾਲੇ ਸਮੇਂ ਵਿਚ ਜਦੋਂ ਕਿਸੇ ਵਿਸ਼ਵ-ਵਿਆਪੀ ਧਰਮ ਦੀ ਅਣਹੋਂਦ ਸੀ, ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਇਕ ਅਜਿਹੇ ਮਾਨਵੀ ਧਰਮ ਦਾ ਆਗਮਨ ਹੁੰਦਾ ਹੈ, ਜਿਸ ਦਾ ਪ੍ਰਥਮ ਨਾਅਰਾ ਸੀ ‘ਨਾ ਕੋਈ ਹਿੰਦੂ ਨਾ ਮੁਸਲਮਾਨ’। ਇਸੇ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਦੇ ਵਿਚਾਰ ਦਾ ਅੰਤਿਮ ਫ਼ਲ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਫੁਰਮਾਨ ਵਿਚ ਪ੍ਰਗਟ ਹੋਇਆ। ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ ਕਿ ਉਬਾਰੇ ਖਾਂ ਨੇ ਜਦੋਂ ਸ਼ੇਖ ਆਦ੍ਰਮਾਨ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਤਾਂ ਆਦ੍ਰਮਾਨ ਨੇ ਗੁਰੂ ਜੀ ਦੇ ਧਰਮ ਬਾਰੇ ਪੁਛਿਆ। ਉਬਾਰੇ ਖਾਂ ਨੇ ਕਿਹਾ, “ਉਹ ਹਿੰਦੂ ਅਰ ਮੁਸਲਮਾਨ ਦੋਨੋਂ ਸੇ ਫਾਰਕ (ਫ਼ਾਰਗ) ਹੈ।” ਬਾਅਦ ਵਿਚ ਜਦੋਂ ਸ਼ੇਖ ਸਾਹਿਬ ਦੀ ਗੁਰੂ ਸਾਹਿਬ ਨਾਲ ਭੇਂਟ ਹੋਈ ਤਾਂ ਉਨ੍ਹਾਂ ਨੇ ਫਿਰ ਆਪਣਾ ਪ੍ਰਸ਼ਨ ਦਹੁਰਾਇਆ, “ਕਹੁ ਤਪਾ ਜੀ, ਤੂੰ ਹਿੰਦੂ ਹੈਂ ਜਾਂ ਮੁਸਲਮਾਨ” ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ:

ਨਾ ਹਮ ਹਿੰਦੂ ਨ ਮੁਸਲਮਾਨ। ਨ ਬੇਦ ਪੜਿਆ ਨ ਕੁਰਾਨ।
ਮਜਬ ਹਮਾਰਾ ਸਚਾ ਨਾਉ। ਜਿਨਿ ਏਕ ਤੇ ਕੀਏ ਅਨੇਕ ਉਪਾਉ।

ਇੰਜ ਗੁਰਮਤਿ ਫ਼ਿਲਾਸਫੀ ਦਾ ਆਰੰਭ ਹੀ ਇਕ ਤੋਂ ਹੁੰਦਾ ਹੈ। ਇਸ ‘ਏਕੇ’ ਦੇ ਪ੍ਰਚਾਰ ਲਈ ਗੁਰੂ ਨਾਨਕ ਸਾਹਿਬ ਹਿੰਦੂਆਂ ਦੇ ਤੀਰਥਾਂ, ਜੋਗੀਆਂ ਦੇ ਪਰਬਤੀ ਟਿਕਾਣਿਆਂ, ਇਸਲਾਮੀ ਤਾਲੀਮ ਦੇ ਕੇਂਦਰਾਂ ਤੇ ਪਹੁੰਚ ਕੇ ਸਤਿਨਾਮ ਤੇ ਸਤਿ-ਕਰਤਾਰ ਦੀ ਧੁਨੀ ਅਲਾਪਦੇ ਹਨ। ਸਭ ਨੂੰ ਇਕ ਸਮਾਨ ਹਉਮੈ ਤੇ ਤੁਅੱਸਬ ਦੇ ਖੱਡਿਆਂ ਦੀ ਇਕੱਲਤਾ ਵਿਚੋਂ ਕੱਢ ਕੇ ਸਰਬ ਸੁਖਦਾਈ ਸਾਂਝੀਵਾਲਤਾ ਦੀ ਸੰਥਿਆ ਦੇ ਕੇ ਸਰਬੱਤ ਦੇ ਭਲੇ ਦੀ ਜਾਚ ਸਿਖਾਉਂਦੇ ਹਨ। ‘ਗੁਰੂ ਨਾਨਕ ਸਭ ਦਾ ਸਾਂਝਾ ਹੈ’ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਵਿਚ ਅੰਤਮ ਰਸਮਾਂ ਅਦਾ ਕਰਨ ਬਾਰੇ ਝਗੜਾ ਹੋ ਗਿਆ। ਦੋਨੋਂ ਆਪਣੇ ਆਪਣੇ ਢੰਗ ਨਾਲ ਰਸਮਾਂ ਅਦਾ ਕਰਨਾ ਚਾਹੁੰਦੇ ਸਨ। ਪਰ ‘ਬਾਬਾ ਮੜ੍ਹੀ ਨ ਗੋਰ, ਗੁਰ ਅੰਗਦ ਕੇ ਹੀਐ ਮਾਹਿ॥’ ਇਕੋ ਥਾਂ ਤੇ ਗੁਰਦੁਆਰੇ ਅਤੇ ਮਸਜਿਦ ਦੀ ਹੋਂਦ ਗੁਰੂ ਨਾਨਕ ਦੀ ਸਾਂਝੀਵਾਲਤਾ ਦੀ ਜੀਊਂਦੀ ਜਾਗਦੀ ਉਦਾਹਰਣ ਹੈ। ਜੇ ਗੁਰਮਤਿ ਦੀ ਵਿਸ਼ਾਲਤਾ, ਸਾਂਝੀਵਾਲਤਾ ਤੇ ਸਹਿਵਾਸ ਦੀ ਹੋਰ ਉਦਾਹਰਣ ਵੇਖਣੀ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਵਾਨਿਤ ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹੀ ਜਾ ਸਕਦੀ ਹੈ ਜਿਸ ਵਿਚ ਉਹ ਲਿਖਦੇ ਹਨ – ‘ਮੈਂ ਤੈਨੂੰ ਇਹ ਨਹੀਂ ਆਖਦਾ ਕਿ ਮੰਦਰ ਵਲ ਜਾਹ ਜਾਂ ਮਸਜਿਦ ਵਲ ਜਾਹ। ਜਿਸ ਪਾਸੇ ਵੀ ਜਾਣਾ ਏ ਜਾਹ, ਪਰ ਸ਼ਰਤ ਇਹ ਹੈ ਕਿ ਰੱਬ ਵਲ ਜਾਈਂ।’ ਧਿਆਨਯੋਗ ਗੱਲ ਇਹ ਹੈ ਕਿ ਇਥੇ ਰੱਬ ਕਿਹਾ ਗਿਆ ਹੈ ਹਿੰਦੂ ਰੱਬ ਜਾਂ ਸਿੱਖ ਰੱਬ ਨਹੀਂ। ਰੱਬ ਇਕ ਹੈ, ਪਰ ਰੱਬ ਦਾ ਟਿਕਾਣਾ ਇਕ ਨਹੀਂ। ਉਹ ਹਰ ਥਾਂ ਮੌਜੂਦ ਹੈ। ਉਸ ਦਾ ਨਾਂ ਵੀ ਇਕ ਨਹੀਂ। ਨਾਂ ਵਿਚ ਪਿਆ ਵੀ ਕੀ ਏ? ਗੁਲਾਬ ਦਾ ਨਾਮ ਭਾਵੇਂ ਚੰਬੇਲੀ ਰੱਖ ਦੇਈਏ ਤੇ ਭਾਵੇਂ ਗੁਲਦਾਉਦੀ, ਸੁਗੰਧੀ ਤਾਂ ਉਹੀ ਰਹੇਗੀ। ਇਸੇ ਲਈ ਗੁਰੂ ਨਾਨਕ ਦਾ ਰੱਬ ਸਭ ਦਾ ਸਾਂਝਾ ਰੱਬ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)

ਮਾਨਵ ਕਲਿਆਣ ਅਤੇ ਪਰਮ ਆਨੰਦ ਲਈ ਇਹ ਗੱਲ ਚੰਗੀ ਤਰ੍ਹਾਂ ਘੁਟ ਕੇ ਪੱਲੇ ਬੰਨ੍ਹਣਾ ਪਏਗੀ ਕਿ ਸਭ ਦੇ ਖਾਲਕ, ਪਾਲਕ ਤੇ ਸਾਂਝੇ ਰੱਬ ਨੂੰ ਆਪਣੀ ਆਪਣੀ ਬੋਲੀ ਜਾਂ ਮਨੌਤ ਅਨੁਸਾਰ ਵਾਹਿਗੁਰੂ, ਅੱਲਾਹ, ਰਾਮ ਜਾਂ ਰਹੀਮ ਆਦਿ ਨਾਵਾਂ ਨਾਲ ਪੁਕਾਰਣ ਨਾਲ ਮਨੁਖ ਦੀ ਮੁਢਲੀ ਪਿਆਰ-ਸਾਂਝ ਵਿਚ ਕਿਸੇ ਪ੍ਰਕਾਰ ਦੀ ਕੋਈ ਤ੍ਰੇੜ ਨਹੀਂ ਪੈਂਦੀ। ਨਫ਼ਰਤ, ਈਰਖਾ, ਸਵਾਰਥ ਜਾਂ ਲੁਟ ਖਸੁਟ ਦੀ ਤ੍ਰੇੜ ਤਾਂ ਉਦੋਂ ਪੈਂਦੀ ਹੈ ਜਦੋਂ ਅਸੀਂ ਉਸ ਇਕ ਰੱਬ ਨੂੰ ਹਿੰਦੂ ਰੱਬ, ਈਸਾਈ ਰੱਬ, ਮੁਸਲਮਾਨ ਰੱਬ ਜਾਂ ਸਿੱਖ ਰੱਬ ਕਰਕੇ ਮੰਨੀਏ। ਗੁਰਬਾਣੀ ਵਿਚ ਸਾਨੂੰ ਇਸ ਨੁਕਤੇ ਬਾਰੇ ਬੜੀ ਭਾਵਪੂਰਤ ਸੇਧ ਬਖ਼ਸ਼ੀ ਗਈ ਹੈ:

ਕਾਰਨ ਕਰਨ ਕਰੀਮ ॥ ਸਰਬ ਪ੍ਰਤਿਪਾਲ ਰਹੀਮ ॥
ਅਲਹ ਅਲਖ ਅਪਾਰ ॥ ਖੁਦਿ ਖੁਦਾਇ ਵਡ ਬੇਸੁਮਾਰ ॥
ਓਂ ਨਮੋ ਭਗਵੰਤ ਗੁਸਾਈ ॥ ਖਾਲਕੁ ਰਵਿ ਰਹਿਆ ਸਰਬ ਠਾਈ ॥
ਜਗੰਨਾਥ ਜਗਜੀਵਨ ਮਾਧੋ ॥ ਭਉ ਭੰਜਨ ਰਿਦ ਮਾਹਿ ਅਰਾਧੋ ॥
ਰਿਖੀਕੇਸ ਗੋਪਾਲ ਗਵਿੰਦ ॥ ਪੂਰਨ ਸਰਬਤ੍ਰ ਮੁਕੰਦ ॥
ਮਿਹਰਵਾਨ ਮਉਲਾ ਤੂਹੀ ਏਕ ॥ ਪੀਰ ਪੈਕਾਂਬਰ ਸੇਖ ॥
ਦਿਲਾ ਕਾ ਮਾਲਕੁ ਕਰੇ ਹਾਕੁ ॥ ਕੁਰਾਨ ਕਤੇਬ ਤੇ ਪਾਕੁ ॥
ਨਾਰਾਇਣ ਨਰਹਰ ਦਇਆਲ ॥ ਰਮਤ ਰਾਮ ਘਟ ਘਟ ਆਧਾਰ ॥
ਬਾਸੁਦੇਵ ਬਸਤ ਸਭ ਠਾਇ ॥ ਲੀਲਾ ਕਿਛੁ ਲਖੀ ਨ ਜਾਇ ॥
ਮਿਹਰ ਦਇਆ ਕਰਿ ਕਰਨੈਹਾਰ ॥ ਭਗਤਿ ਬੰਦਗੀ ਦੇਹਿ ਸਿਰਜਣਹਾਰ ॥
ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥ (ਪੰਨਾ 897)
……………………………………………
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥
ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥
ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦ॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ (ਪੰਨਾ 885)

ਜਿਸ ਨਾਮ ਨਾਲ ਮਰਜ਼ੀ ਉਸ ਨੂੰ ਚੇਤੇ ਕਰੋ ਪਰ ਪ੍ਰਭੂ ਦਾ ਭੇਦ ਪਾਉਣ ਲਈ ਉਸ ਦਾ ਹੁਕਮ ਪਛਾਣਨ ਦੀ ਸ਼ਰਤ ਹੈ। ਸਮੱਸਿਆ ਉਦੋਂ ਖੜੀ ਹੁੰਦੀ ਹੈ ਜਦੋਂ ਅਸੀਂ ਉਸ ਇਕ ਰੱਬ ਦੀ ਪ੍ਰਾਪਤੀ ਲਈ ਬਾਕੀ ਸਾਰੇ ਤਰੀਕੇ ਤਾਂ ਅਪਨਾ ਲੈਂਦੇ ਹਾਂ ਪਰ ਉਸ ਦਾ ਹੁਕਮ ਪਛਾਣਨ ਵਾਲੇ ਪਾਸੇ ਨਹੀਂ ਜਾਂਦੇ। ਕੋਈ ਬੁਤ ਨੂੰ ਪੂਜ ਕੇ ਰੱਬ ਲੱਭਣ ਦਾ ਯਤਨ ਕਰਦਾ ਹੈ ਤੇ ਕੋਈ ਮੜ੍ਹੀਆਂ ਨੂੰ। ਕੋਈ ਪੂਰਬ ਵਲ ਦੇਖਦਾ ਹੈ ਤੇ ਕੋਈ ਪੱਛਮ ਵਲ।
ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਉ॥
ਕੋਊ ਬੁਤਾਨੁ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕਉ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ॥ (ਅਕਾਲ ਉਸਤਤਿ)

ਵੱਖ ਵੱਖ ਦੇਵਤੇ ਤੇ ਵੱਖ ਵੱਖ ਦਿਸ਼ਾਵਾਂ ਮਨੁਖਤਾ ਨੂੰ ‘ਇਕ’ ਵਿਚ ਜੋੜਨ ਦੀ ਥਾਂ ਵੰਡੀਆਂ ਪਾਉਂਦੀਆਂ ਹਨ। ਸਿੱਖ ਧਰਮ ਨਾ ਤਾਂ ਕਿਸੇ ਵਿਸ਼ੇਸ਼ ਦੇਵਤੇ ਨੂੰ ਮੰਨਦਾ ਹੈ, ਨਾ ਕਿਸੇ ਵਿਸ਼ੇਸ਼ ਧਰਮ ਮੰਦਰ ਨੂੰ ਤੇ ਨਾ ਹੀ ਕਿਸੇ ਵਿਸ਼ੇਸ਼ ਦਿਸ਼ਾ ਨੂੰ। ਸਿੱਖ ਧਰਮ ਵਿਚ ਸਾਂਝਾ ਧਰਮ ਮੰਦਰ ਹੈ ਜਿਸ ਦੇ ਦਰਵਾਜ਼ੇ ਚਾਰਾਂ ਦਿਸ਼ਾਵਾਂ ਵਿਚ ਹਨ। ਸਾਰੇ ਧਰਮਾਂ ਤੇ ਸਾਰੀਆਂ ਦਿਸ਼ਾਵਾਂ ਦੇ ਲੋਕਾਂ ਦਾ ਇਸ ਵਿਚ ਸੁਆਗਤ ਹੈ। ਇਹ ਇਕ ਅਜਿਹਾ ਮੰਦਰ ਹੈ ਜਿਸ ਦੀ ਨੀਂਹ ਇਸਲਾਮ ਦੇ ਪੈਰੋਕਾਰ ਨੇ ਰੱਖੀ। ਇਸ ਵਿਚ ਇਕ ਅਜਿਹਾ ਗ੍ਰੰਥ ਸਥਾਪਿਤ ਹੈ ਜਿਸ ਵਿਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਬਿਰਾਜਮਾਨ ਹਨ। ਇਹ ਇਕ ਅਜਿਹਾ ਗ੍ਰੰਥ ਹੈ ਜਿਸ ਵਿਚ ਗੁਰੂ ਵੀ ਬੈਠੇ ਹਨ ਤੇ ਚੇਲੇ ਵੀ, ਬ੍ਰਾਹਮਣ ਵੀ ਹਾਜ਼ਰ ਹੈ ਤੇ ਸ਼ੂਦਰ ਵੀ। ਇਸ ਗ੍ਰੰਥ ਵਿਚ ਗਿਆਨ ਵੀ ਹੈ ਤੇ ਅਨੁਭਵ ਵੀ। 400 ਸਾਲ ਪਹਿਲਾਂ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਇਕ ਅਜ਼ੀਮ ਇਨਕਲਾਬ ਸੀ। ਅਨੇਕਤਾ ਵਿਚ ਏਕਤਾ ਅਤੇ ਸਹਿਵਾਸ (co-existence) ਦੀ ਇਸ ਤੋਂ ਵੱਡੀ ਉਦਾਹਰਣ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਹੋਰ ਕਿਧਰੇ ਮਿਲਣੀ ਅਸੰਭਵ ਹੈ। ਭਾਵੁਕ ਏਕਤਾ ਤੇ ਸਹਿਵਾਸ ਦਾ ਹੀ ਦੂਜਾ ਨਾਮ ਹੈ ਸਾਂਝੀਵਾਲਤਾ ਜਿਸ ਦੀ ਅੱਜ ਦੀ ਲੋਭੀ ਅਤੇ ਹਉਮੈ ਗ੍ਰਸਤ ਲੋਕਾਈ ਨੂੰ ਲੋੜ ਹੈ। ਜਿਸ ਸਾਂਝੀਵਾਲਤਾ ਤੇ ਮਿਲਵਰਤਨ ਦੀ ਗੱਲ ਅੱਜ ਸੰਸਾਰ ਵਿਚ ਸ਼ਾਂਤੀ ਲਿਆਉਣ ਲਈ ਕੀਤੀ ਜਾ ਰਹੀ ਹੈ ਉਹ ਸਿੱਖੀ ਦਾ ਮੁਢ ਹਨ।

ਧਰਮ ਦੇ ਵਿਕਾਸ ਵਿਚ ਧਾਰਮਿਕ ਸਥਾਨ ਦਾ ਇਕ ਮਹੱਤਵਪੂਰਨ ਰੋਲ ਹੁੰਦਾ ਹੈ। ਪਰ ਜਦੋਂ ਧਾਰਮਿਕ ਸਥਾਨ, ਸਿਧਾਂਤ ਉਤੇ ਹਾਵੀ ਹੋਣ ਲੱਗ ਪਏ ਤਾਂ ਵੇਖਣ ਨੂੰ ਵਿਕਾਸ ਕਰ ਰਹੇ ਧਰਮਾਂ ਵਿਚ ਵੀ ਖੜੋਤ ਆ ਜਾਂਦੀ ਹੈ। ਕੇਵਲ ਖੜੋਤ ਹੀ ਨਹੀਂ ਆਉਂਦੀ ਸਗੋਂ ਕਈ ਵਾਰ ਧਾਰਮਿਕ ਸਥਾਨ ਆਪਸੀ ਵਿਰੋਧ ਦਾ ਕਾਰਨ ਵੀ ਬਣ ਜਾਂਦੇ ਹਨ। ਸੰਸਾਰ ਵਿਚ ਅਕਸਰ ਬਹੁਤੇ ਝਗੜੇ ਇਨ੍ਹਾਂ ਸੰਸਥਾਵਾਂ ਪਿਛੇ ਹੀ ਹੁੰਦੇ ਹਨ। ਡਾ. ਭਾਈ ਵੀਰ ਸਿੰਘ ਜੀ ਨੂੰ ਵਿਦੇਸ਼ੀ ਹਮਲਾਵਰਾਂ ਵੱਲੋਂ ਢਾਹੇ ਗਏ ਮੰਦਰਾਂ ਦੀ ਹਰ ਸਿੱਲ ਵਿਚ ਸਮਾਨਤਾ ਤੇ ਸਾਂਝੀਵਾਲਤਾ ਦਾ ਅਭਾਵ ਨਜ਼ਰ ਆਉਂਦਾ ਹੈ:

ਹਾਏ ਹਿੰਦ ਫਲ ਫਾੜੀਆਂ ਵਾਲੇ, ਹਰ ਸਿੱਲ ਕਹਿੰਦੀ ਰੋਈ।

ਅਜਿਹਾ ਉਦੋਂ ਵਾਪਰਦਾ ਹੈ ਜਦੋਂ ਧਰਮ ਅਸਥਾਨਾਂ ਨੂੰ ਕੇਵਲ ਇਤਿਹਾਸਕ ਸੀਮਾਵਾਂ ਵਿਚ ਵੇਖਣ ਦੀ ਰੁਚੀ ਪ੍ਰਬਲ ਹੋ ਜਾਏ ਜਾਂ ਜਦੋਂ ਧਰਮ ਸਥਾਨਾਂ ਨੂੰ ਧਰਮ ਨਾਲੋਂ ਵਧੇਰੇ ਪਵਿੱਤਰ ਮੰਨਿਆ ਜਾਣ ਲੱਗ ਪਵੇ। ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਦੋ ਧਿਰਾਂਦੀ ਲੋੜ ਪੈਂਦੀ ਹੈ-ਪਹਿਲੀ ਪੂਜਕ ਅਤੇ ਤੇ ਦੂਜੀ ਪੁਜਾਰੀ। ਇਹ ਦੋਵੇਂ ਧਿਰਾਂ ਕਿਸੇ ਵੀ ਧਰਮ ਲਈ ਅਮਰ ਵੇਲ ਦਾ ਕੰਮ ਕਰਦੀਆਂ ਹਨ। ਅਮਰ ਵੇਲ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਪਰ ਉਸ ਵਿਚ ਬੂਟੇ ਨੂੰ ਮਾਰ ਦੇਣ ਦੀ ਸ਼ਕਤੀ ਹੁੰਦੀ ਹੈ। ਪੂਜਕ ਅਤੇ ਪੁਜਾਰੀ ਦੋਵੇਂ ਹੀ ਬਿਰਤੀਆਂ ਸੱਚ ਨਾਲ ਨਹੀਂ ਨਿਭ ਸਕਦੀਆਂ। ਕਿਤੇ ਨਾ ਕਿਤੇ ਦੋਹਾਂ ਵਿਚ ‘ਹਉ’ ਸਾਹਮਣੇ ਆ ਜਾਂਦੀ ਹੈ। ਦੋਹਾਂ ਦੀ ‘ਹਉ’ ਵਿਚ ਬੜੀ ਵਾਰੀ ਸੱਚ ਨੂੰ ਦਫ਼ਨ ਹੋਣਾ ਪੈਂਦਾ ਹੈ। ਗੁਰੂ ਸਾਹਿਬਾਨ ਨੇ ਆਪਣੀ ਦੂਰ ਅੰਦੇਸ਼ੀ ਨਾਲ ਸਮੁਚੇ ਵਿਸ਼ਵ ਵਿਚੋਂ ਸੱਚ ਨੂੰ ਦਫ਼ਨ ਹੋਣ ਤੋਂ ਬਚਾਉਣ ਲਈ ਸੰਸਥਾ ਨੂੰ ਸੱਚ ਦੇ ਸਹਿਯੋਗੀ ਦੇ ਰੂਪ ਵਿਚ ਚਿਤਵਿਆ। ਗੁਰਬਾਣੀ ਸੱਚ ਝੂਠ ਦਾ ਨਿਬੇੜਾ ਕਰਦੀ ਹੈ। ਗੁਰਬਾਣੀ ਦੀ ਲੋਅ ਵਿਚ ਸਹੀ ਗਲਤ ਦਾ ਨਿਰਨਾ ਲਿਆ ਜਾ ਸਕਦਾ ਹੈ। ਗੁਰਦੁਆਰਾ ਤਾਂ ਹੀ ਗੁਰੂ ਦੁਆਰਾ ਹੈ ਜੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਨਹੀਂ ਤਾਂ ਉਹ ਹੋਰ ਕੁਝ ਵੀ ਹੋ ਸਕਦਾ ਹੈ ਪਰ ਗੁਰਦੁਆਰਾ ਨਹੀਂ। ਪ੍ਰਾਥਮਿਕਤਾ ਇਮਾਰਤ ਨੂੰ ਨਹੀਂ, ਚਿੰਨ੍ਹਾਂ ਨੂੰ ਨਹੀਂ, ਸ਼ਬਦ ਨੂੰ ਪ੍ਰਾਪਤ ਹੈ। ਚਿੰਨ੍ਹ ਤਾਂ ਸਿੱਧਾਂਤ ਦੀ ਸਪਸ਼ਟਤਾ ਵਾਸਤੇ ਹਨ। ਇਸੇ ਲਈ ਗੁਰੂ ਗ੍ਰੰਥ ਸਾਹਿਬ ਨਾਲ ਵਿਸ਼ਵਾਰਥੀ ਸਰੋਕਾਰ ਜੁੜੇ ਹੋਏ ਹਨ। ਸਿੱਖ ਧਰਮ ਦੀ ਸਰਵੋਤਮ ਸੰਸਥਾ ‘ਹਰਿਮੰਦਰ ਸਾਹਿਬ’ ਦਾ ਵੀ ਸੰਸਥਾਤਮਿਕ ਨਾਲੋਂ ਸੰਕਲਪਾਤਮਿਕ ਤੌਰ ਤੇ ਵਧੇਰੇ ਮਹੱਤਵ ਹੈ। ਸ੍ਰੀ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਤੋਂ ਪਹਿਲਾਂ ‘ਹਰਿ ਮੰਦਰ ਏਹੁ ਸਰੀਰ ਹੈ’, ‘ਹਰਿ ਮੰਦਰ ਏਹੁ ਜਗਤ ਹੈ’, ‘ਪ੍ਰਭ ਹਰਿਮੰਦਰ ਸੋਹਣਾ’ ਵਰਗੇ ਪਵਿੱਤਰ ਵਾਕਾਂ ਰਾਹੀਂ ਹਰਿਮੰਦਰ ਦਾ ਸਿਧਾਂਤ ਸਾਹਮਣੇ ਆ ਚੁਕਾ ਸੀ। ਬਾਣੀ ਵਿਚ ਦਰਸਾਏ ਹਰਿਮੰਦਰ ਵਿਚ ਧਿਆਨ ਜੋੜਿਆਂ ਹੀ ਉੱਚ ਅਵਸਥਾ ਦੇ ਧਾਰਨੀ ਹੋਇਆ ਜਾ ਸਕਦਾ ਹੈ। ਹਰੀ ਦਾ ਮੰਦਰ ਖੂਬਸੂਰਤ ਹੈ ਪਰ ਇਸ ਮੰਦਰ ਵਿਚ ਪਹੁੰਚਣ ਲਈ ਗੁਰੂ ਰੂਪੀ ਪੌੜੀ ਦੀ ਲੋੜ ਹੈ। ਸਿੱਖ ਧਰਮ ਵਿਚ ਜਿਵੇਂ ਗੁਰੂ ਦੇਹਧਾਰੀ ਨਾ ਹੋ ਕੇ ਸ਼ਬਦ ਗੁਰੂ ਹੈ ਇਸੇ ਤਰ੍ਹਾਂ ਸੰਸਥਾ ਵੀ ਸਥੂਲ ਨਾ ਹੋ ਕੇ ਸ਼ਬਦ ਸੰਸਥਾ ਹੈ। ਹਰਿਮੰਦਰ ਕਿਉਂ ਕਿ ਮਨੁਖ ਦੇ ਅੰਦਰ ਵਸਦਾ ਹੈ ਇਸ ਲਈ ਉਸ ਦੀ ਭਾਲ ਲਈ ਵੀ ਅੰਦਰ ਹੀ ਝਾਤੀ ਮਾਰਨੀ ਪਏਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਹਰਿਮੰਦਰ ਸਾਹਿਬ ਨਾਲ ਭਾਵੁਕ ਅਤੇ ਇਤਿਹਾਸਕ ਸਾਂਝ ਹੋਣ ਕਾਰਨ ਇਸ ਦੀ ਇਮਾਰਤ ਦਾ ਨੁਕਸਾਨ ਵੀ ਕਦੀ ਸਹਿਣ ਨਹੀਂ ਕਰ ਸਕਦਾ ਪਰ ਜੇ ਕਦੀ ਅਜਿਹਾ ਹੋਇਆ ਵੀ ਤਾਂ ਇਮਾਰਤ ਦਾ ਨੁਕਸਾਨ ਤਾਂ ਹੋਇਆ ਪਰ ਸਿੱਧਾਂਤ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਰਿਹਾ, ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ ਤੇ ਨਾ ਹੀ ਕੋਈ ਪਹੁੰਚਾ ਸਕੇਗਾ। ਇਨ੍ਹਾਂ ਅਰਥਾਂ ਵਿਚ ਸਿੱਖ ਵਿਚਾਰਧਾਰਾ ਵਿਸ਼ਾਲ ਵਿਸ਼ਵਾਰਥੀ ਅਰਥ ਗ੍ਰਹਿਣ ਕਰਦੀ ਹੈ। ਇਥੇ ਸੱਚ ਕਦੀ ਸੰਸਥਾ ਦੇ ਅਧੀਨ ਨਹੀਂ ਹੁੰਦਾ। ਹਰਿਮੰਦਰ ਦੀ ਸੋਝੀ ਸ਼ਬਦ ਗੁਰੂ ਦੀ ਨੈਂ ਵਿਚ ਉਤਰਿਆਂ ਪ੍ਰਾਪਤ ਹੁੰਦੀ ਹੈ ਅਤੇ ਹਰਿਮੰਦਰ ਦੀ ਸੋਝੀ ਬਿਨਾਂ ਵੈਰ ਵਿਰੋਧ ਵਿਤਕਰਿਆਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਜੇ ਸ਼ਬਦ ਗੁਰੂ ਦਾ ਸੰਕਲਪ ਅਤੇ ਸ਼ਬਦ ਗੁਰੁੂ ਰਾਹੀਂ ਦਰਸਾਏ ਹਰਿਮੰਦਰ ਦਾ ਸੰਕਲਪ ਵਿਸ਼ਵ ਨੂੰ ਸਮਝ ਆ ਜਾਏ ਤਾਂ ਸਾਰੀ ਮਾਰ ਧਾੜ, ਖੂਨ ਖਰਾਬਾ ਆਪੇ ਹੀ ਖਤਮ ਹੋ ਜਾਏਗਾ ਅਤੇ ਸਤਿ, ਸੰਤੋਖ ਧੀਰਜ, ਵੀਚਾਰ ਦਾ ਸਹਿਜ ਵਰਤਾਰਾ ਹੋਣ ਵਿਚ ਦੇਰ ਨਹੀਂ ਲੱਗੇਗੀ। ਜੇ ਸੰਸਥਾ ਅਤੇ ਸ਼ਬਦ ਦੋਵੇਂ ਸੰਕਲਪ ਸੂਖਮ ਹਨ ਤਾਂ ਸਾਰੇ ਗੁਣਾਂ ਅਤੇ ਵਿਕਾਰਾਂ ਦੀ ਹੋਂਦ ਵੀ ਸੂਖਮ ਹੀ ਹੈ। ਸੂਖਮ ਨੂੰ ਸੂਖਮ ਨਾਲ ਹੀ ਕੱਟਿਆ ਜਾ ਸਕਦਾ ਹੈ। ਅੱਜ ਵਿਸ਼ਵ ਨੂੰ ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਸਰਵਕਾਲੀਨ ਸਰਵਸਥਾਨੀ ਵਿਚਾਰਧਾਰਾ ਦੀ ਲੋੜ ਹੈ ਜੋ ਗੁਰੁ ਗ੍ਰੰਥ ਸਾਹਿਬ ਦੇ ਰੂਪ ਵਿਚ ਵਿਦਮਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਣਿਤ ਸਤਿ, ਸੰਤੋਖ ਅਤੇ ਅੰਮ੍ਰਿਤ ਨਾਮ ਦਾ ਸਬੰਧ ਕਿਸੇ ਵਿਸ਼ੇਸ਼ ਖਿੱਤੇ ਜਾਂ ਮੱਤ ਨਾਲ ਨਾ ਹੋ ਕੇ ਸਾਰੀ ਮਨੁਖਤਾ ਨਾਲ ਹੈ। ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਨੁਕਤਾ ਇਕ ਪਰਿਪੂਰਨ ਗੁਣ-ਸੰਪੰਨ ‘ਸਚਿਆਰ’ ਵਿਅਕਤੀ ਦੀ ਘਾੜਤ ਹੈ। ਸਚਿਆਰਤਾ ਉਹ ਅਧਿਆਤਮਿਕ ਅਵਸਥਾ ਹੈ, ਜਿੱਥੇ ਮਨੁਖ ਸੰਕੀਰਣਤਾ-ਮੁਕਤ ਹੋ ਕੇ ਪੂਰੇ ਬ੍ਰਹਿਮੰਡ ਅਤੇ ਬ੍ਰਹਿਮੰਡ ਦੇ ਸਿਰਜਕ ਨਿਰੰਕਾਰ ਨਾਲ ਇਕਮਿਕ ਹੋ ਜਾਂਦਾ ਹੈ। ਸਚਿਆਰ ਵਿਅਕਤੀ ਤੋਂ ਹੀ ਸਚਿਆਰ ਸਮਾਜ ਦੀ ਬਣਤਰ ਘੜੀ ਜਾਂਦੀ ਹੈ। ਸੱਚ ਦਾ ਸਾਧਕ ਕਿਸੇ ਵਿਸ਼ੇਸ਼ ਕੌਮ, ਜ਼ਾਤ, ਨਸਲ ਜਾਂ ਦੇਸ਼ ਨਾਲ ਸਬੰਧ ਨਹੀਂ ਰੱਖਦਾ। ਗੁਰਬਾਣੀ ਨੇ ਪੂਰੇ ਜਗਤ ਨੂੰ ਇਕ ਵਿਸ਼ਾਲ ਫੁਲਵਾੜੀ ਕਿਹਾ ਗਿਆ ਹੈ। ਸਾਰੇ ਜੀਵ ਫੁਲ ਹਨ। ਪਰਮੇਸ਼ਰ ਆਪ ਇਸ ਦਾ ਮਾਲੀ ਹੈ ਅਤੇ ਉਹੋ ਸਭ ਦੀ ਸੰਭਾਲ ਕਰਦਾ ਹੈ। ਸਭ ਅੰਦਰ ਸੁਗੰਧੀ ਵੀ ਉਸੇ ਦੀ ਵਿਦਮਾਨ ਹੈ:

ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ॥ ਸਦਾ ਸਮਾਲੇ ਕੋ ਨਾਹੀ ਖਾਲੀ॥
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ॥ (ਪੰਨਾ 118)

ਇੱਕੋ ਵਾੜੀ ਦੇ ਫ਼ਲ ਫੁਲ ਹੋਣ ਕਰਕੇ ਸਭ ਦੀ ਆਪਸੀ ਸਾਂਝ ਹੈ। ਇੱਕੋ ਮਿੱਟੀ ਦੇ ਵੱਖ ਵੱਖ ਆਕਾਰ ਦੇ ਭਾਂਡੇ ਹਨ। ਇਸ ਲਈ ਜੈਵਿਕ ਸਾਂਝ (ਇੱਕੋ ਮਿੱਟੀ) ਹੋਣ ਕਰਕੇ ਸਾਰਿਆਂ ਦੇ ਗੁਣਾਂ ਔਗੁਣਾਂ ਵਿਚ ਸਾਂਝ ਹੋਣੀ ਵੀ ਸੁਭਾਵਕ ਹੈ। ਇਸੇ ਲਈ ਗੁਰੂ ਸਾਹਿਬ ਨਾ ਕੇਵਲ ਇਕ ਸਰਬ ਸਾਂਝਾ ਉਪਦੇਸ਼ ਹੀ ਦੇਂਦੇ ਹਨ ਸਗੋਂ ਸਾਂਝੀਵਾਲਤਾ ਨੂੰ ਸਥੂਲ ਰੂਪ ਦੇਂਦਿਆਂ ਵੱਖ-ਵੱਖ ਮੱਤਾਂ ਦਾ ਨਾਮ ਲੈ ਕੇ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਆਪਣੇ ਧਰਮ ਦੇ ਸਾਰ ਨਾਲ ਪਰਿਪੱਕ ਸਾਂਝ ਪਾਉਣ ਦਾ ਉਪਦੇਸ਼ ਵੀ ਦੇਂਦੇ ਹਨ। ਜੇ ਮੁਸਲਮਾਨ ਨੂੰ ਸੁੰਨਤ, ਰੋਜ਼ੇ, ਕਾਅਬੇ, ਕਲਮੇ, ਨਿਵਾਜ, ਤਸਬੀ ਆਦਿ ਦੇ ਵਾਸਤਵਿਕ ਅਰਥ ਸਮਝਾਉਂਦੇ ਹਨ ਤਾਂ ਯੋਗ ਦੇ ਵਾਸਤਵਿਕ ਉਦੇਸ਼ ਤੋਂ ਪੱਥ-ਭ੍ਰਸ਼ਟ ਹੋਏ ਯੋਗੀਆਂ ਨੂੰ ਯੋਗ ਦੇ ਸਹੀ ਅਰਥ ਸਮਝਾਏ ਹਨ। ਜੇ ਹਿੰਦੂ ਨੂੰ ਜਨੇਊ, ਤਿਲਕ ਅਤੇ ਹੋਰ ਚਿੰਨ੍ਹਾਂ ਦਾ ਭੇਦ ਸਮਝਾਇਆ ਹੈ ਤਾਂ ਜੈਨੀਆਂ ਤੇ ਬੋਧੀਆਂ ਨੂੰ ਵੀ ਢੁਕਵੀਂ ਸ਼ਬਦਾਵਲੀ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਨਾਲ ਜੋੜਿਆ ਹੈ। ਦਿਆਲੂ ਗੁਰੂ ਦੇ ਹਿਰਦੇ ਵਿਚ ਧਰਮ ਦਾ ਰਾਹ ਭੁਲ ਚੁਕਿਆਂ ਪ੍ਰਤੀ ਹਮਦਰਦੀ ਅਤੇ ਪਿਆਰ ਹੈ। ਕਿਸੇ ਧਰਮ ਦੇ ਅਨੁਆਾਈਆਂ ਵਿਚ ਆਈਆਂ ਗਿਰਾਵਟਾਂ ਨੂੰ ਦੇਖਦਿਆਂ ਉਹ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਲਈ ਹਰ ਯਤਨ ਕਰਦੇ ਹਨ। ਇਸੇ ਲਈ ਉਹ ਆਪਣੀ ਗੱਲ ਵੀ ਉਨ੍ਹਾਂ ਦੇ ਮਨਪਸੰਦ ਮਾਧਿਅਮ ਅਤੇ ਉਨ੍ਹਾਂ ਦੀ ਸ਼ਬਦਾਵਲੀ ਵਿਚ ਕਰਦੇ ਹਨ। ਸਿੱਧਾਂ ਜੋਗੀਆਂ ਦਾ ਮਨ ਭਾਉਂਦਾ ਰਾਗ ਰਾਮਕਲੀ ਹੈ। ‘ਸਿਧੁ ਗੋਸਟਿ’ ਬਾਣੀ ਇਸੇ ਰਾਗ ਵਿਚ ਰਚੀ ਗਈ। ਸਾਰੀ ਸਿਧੁ ਗੋਸਟਿ ਵਿਚ ਧਾਰਮਿਕ ਸ਼ਬਦਾਵਲੀ ਵੀ ਸਿੱਧਾਂ ਦੀ ਹੀ ਵਰਤੀ ਗਈ। ਇਸੇ ਤਰ੍ਹਾਂ ਜਪੁ ਜੀ ਸਾਹਿਬ ਵਿਚ ਸ੍ਰਿਸ਼ਟੀ ਦੀ ਹੋਂਦ ਦੀ ਗੱਲ ਕਰਦਿਆਂ ਜੇ ਪੰਡਤਾਂ ਦਾ ਜ਼ਿਕਰ ਕੀਤਾ ਤਾਂ ਸ਼ਬਦ ‘ਵੇਲ’ (ਵੇਲਾ) ਵਰਤਿਆ ਤੇ ਜਦੋਂ ਕਾਜ਼ੀਆਂ ਦੀ ਗੱਲ ਕੀਤੀ ਤਾਂ ਸ਼ਬਦ ਵਖਤ (ਵਕਤ ਦਾ ਪੰਜਾਬੀ ਰੂਪ) ਦੀ ਵਰਤੋਂ ਕੀਤੀ।

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ (ਪੰਨਾ 5)

ਇੰਜ ਗੁਰਬਾਣੀ ਨੇ ਭਾਸ਼ਾ ਪੱਖੋਂ ਵੀ ਅਜਿਹੀ ਖੁਲ੍ਹਦਿਲੀ ਦਿਖਾਈ ਹੈ ਕਿ ਹਰ ਧਰਮ ਤੇ ਹਰ ਦਰਸ਼ਨ ਦੇ ਪੈਰੋਕਾਰਾਂ ਨੂੰ ਉਸ ਵਿਚੋਂ ਆਪਣੇ ਧਰਮ ਦੀ ਸੁਗੰਧ ਆਉਂਦੀ ਹੈ। ਉਸ ਵੇਲੇ ਹਿੰਦੁਸਤਾਨ ਵਿਚ ਕਿਉਂ ਕਿ ਮੂਲ ਰੂਪ ਵਿਚ ਦੋ ਹੀ ਧਰਮ ਪ੍ਰਚਲਤ ਸਨ ਇਸ ਲਈ ਹਿੰਦੂ ਅਤੇ ਇਸਲਾਮ ਦੀ ਹੀ ਗੱਲ ਕੀਤੀ ਗਈ ਹੈ। ਉਂਜ ਇਨ੍ਹਾਂ ਦੋਹਾਂ ਧਰਮਾਂ ਤੋਂ ਭਾਵ ਸਾਰੇ ਧਰਮ ਹੀ ਹੈ।

ਗਲੋਬਲ ਵਿਲੇਜ ਦੇ ਜਿਸ ਸੰਕਲਪ ਨੂੰ ਉੱਤਰ-ਆਧੁਨਿਕ ਕਾਲ (Post-Modernism) ਦੀ ਉਪਜ ਦੱਸਿਆ ਜਾ ਰਿਹਾ ਹੈ ਅਤੇ ਵਿਸ਼ਵ ਸਰਕਾਰ ਦੀ ਜਿਸ ਲੋੜ ਨੂੰ ਆਧੁਨਿਕ ਯੁਗ ਦੀ ਕਾਢ ਦੱਸਿਆ ਜਾ ਰਿਹਾ ਹੈ ਉਸ ਦਾ ਪੂਰਨ-ਵਿਕਸਿਤ ਰੂਪ ਕਈ ਸਦੀਆਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਗ ਬਣ ਚੁਕਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰੇ ਵਿਸ਼ਵ ਨੂੰ ਇਕ ਸ਼ਹਿਰ ਅਤੇ ਧਰਤੀ ਉੱਪਰ ਵੱਸਦੇ ਹਰ ਇਨਸਾਨ ਨੂੰ ਇਸ ਸ਼ਹਿਰ ਵਿਚ ਨਿਵਾਸ ਕਰਨ ਵਾਲਾ ਸ਼ਹਿਰੀ ਕਿਹਾ ਗਿਆ ਹੈ। ਇਨ੍ਹਾਂ ਸਾਰੇ ਹਮ-ਸ਼ਹਿਰੀਆਂ ਵਿਚ ਖੂਬ ਮਿੱਤਰਤਾ ਹੈ। ਇਹ ਇਕ ਅਜਿਹਾ ਵਿਸ਼ਾਲ ਵਤਨ ਹੈ ਜਿਸ ਵਿਚ ਕੋਈ ਰੋਕ-ਟੋਕ ਨਹੀਂ। ਸਾਰਿਆਂ ਦੀ ਸਾਂਝੀ ਨਿਆਂਸ਼ੀਲ ਸਰਕਾਰ ਦੀ ਅਜਿਹੀ ਸਾਫ਼ ਸੁਥਰੀ ਰਾਜਨੀਤਿਕ ਵਿਵਸਥਾ ਹੈ ਜਿਸ ਨੂੰ ਬਦਲਣ ਦੀ ਕਦੇ ਜ਼ਰੂਰਤ ਹੀ ਨਹੀਂ। ਸਾਰੀ ਧਨ-ਸੰਪਤੀ ਸਭ ਦੀ ਸਾਂਝੀ ਹੈ। ਕੋਈ ਨਿਰਧਨ ਅਤੇ ਧਨਵਾਨ ਨਹੀਂ। ਇਹੋ ਜਿਹੇ ਸਮਤਾ-ਭਾਵ ਵਾਲੇ ਮਾਨਵੀ ਸਮਾਜ ਵਿਚ ਦੁਖਾਂ-ਅੰਦੇਸ਼ਿਆਂ ਦੀ ਆਮਦ ਲਈ ਗੁੰਜਾਇਸ਼ ਹੀ ਨਹੀਂ ਜਾਂਦੀ। ਇਸ ਤੋਂ ਉਤਮ ਮਾਨਵਤਾਵਾਦੀ ਵਿਚਾਰ ਭਲਾ ਹੋਰ ਕੀ ਹੋ ਸਕਦੇ ਹਨ:

ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਪੰਨਾ 345)

ਧਰਤੀ ਦੇ ਗਰਭ ਵਿਚ ਪਏ ਸਾਰੇ ਖਜ਼ਾਨੇ ਸਾਰਿਆਂ ਲਈ ਸਾਂਝੇ ਹਨ ਇਸੇ ਲਈ ਗੁਰਬਾਣੀ ਇਨ੍ਹਾਂ ਦੀ ਰਲ ਮਿਲ ਵਰਤੋਂ ਉਤੇ ਜ਼ੋਰ ਦਿੰਦੀ ਹੈ:

ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ (ਪੰਨਾ 186)

ਖਾਵਹਿ ਖਰਚਹਿ ਦੇ ਨਾਲ ਨਾਲ ਨੇਕ ਕਮਾਈ ਅਤੇ ਵੰਡ ਛਕਣ ਦਾ ਜੋ ਕ੍ਰਾਂਤੀਕਾਰੀ ਸੰਕਲਪ ‘ਘਾਲਿ ਖਾਇ ਕਿਛੁ ਹਥਹੁ ਦੇਇ’ ਰਾਹੀਂ ਦਿੱਤਾ ਗਿਆ ਹੈ, ਨੂੰ ਅਪਨਾਉਣ ਨਾਲ ਰਿਸ਼ਵਤਖੋਰੀ ਜੋ, ਹਿੰਸਾ, ਕ੍ਰੋਧ, ਬੇਰੁਜ਼ਗਾਰੀ, ਦਹਿਸ਼ਤਗਰਦੀ, ਨੈਤਿਕ ਗਿਰਾਵਟ ਆਦਿ ਬੁਰਾਈਆਂ ਦੀ ਜਨਮਦਾਤੀ ਹੈ, ਨੂੰ ਜੜ੍ਹੋਂ ਪੁਟਣਾ ਕੋਈ ਅਸੰਭਵ ਕਾਰਜ ਨਹੀਂ ਰਹੇਗਾ। ਇਹੋ ਜਿਹੇ ਮਾਨਵਤਾਵਾਦੀ ਵਿਚਾਰਾਂ ਦੀ ਸੰਸਾਰ ਨੂੰ ਉਦੋਂ ਵੀ ਲੋੜ ਸੀ ਤੇ ਅੱਜ ਵੀ ਲੋੜ ਹੈ। ਅਜਿਹੇ ਵਿਚਾਰਾਂ ਨੂੰ ਦੇਖਦਿਆਂ ਹੀ ਤਾਂ ਆਰਨੌਲਡ ਟਾਇਨਬੀ ਨੇ ਕਿਹਾ ਸੀ ਕਿ ਸਿੱਖ ਧਰਮ ਵਿਚ ਵਿਆਪਕ ਰਾਜ ਅਤੇ ਵਿਆਪਕ ਧਰਮ ਦੇ ਬੀਜ ਛੁਪੇ ਹੋਏ ਹਨ।

ਆਪਣੀ ਸਵੈ ਜੀਵਨੀ ਵਿਚ ਸ੍ਰੀ ਆਰ. ਏ. ਮਿਲੀਕਾਨ R.A. Millikan) ਲਿਖਦੇ ਹਨ, “ਮੈਨੂੰ ਪ੍ਰਤੀਤ ਹੁੰਦਾ ਹੈ ਕਿ ਇਨਸਾਨੀ ਪ੍ਰਗਤੀ ਦੇ ਦੋ ਥੰਮ੍ਹ ਹਨ ਜਿਨ੍ਹਾਂ ਤੇ ਮਨੁਖੀ ਕਲਿਆਣ ਟਿਕਾਇਆ ਜਾ ਸਕਦਾ ਹੈ। ਪਹਿਲਾ ਹੈ ਸ਼ੁਧ ਧਾਰਮਿਕ ਪ੍ਰਵਿਰਤੀ ਅਤੇ ਦੂਸਰਾ ਥੰਮ੍ਹ ਹੈ ਵਿਗਿਆਨਿਕ ਸੋਚ। ਇਕ ਤੋਂ ਬਿਨਾਂ ਦੂਸਰਾ ਨਕਾਰਾ ਹੈ। ਸਾਇੰਸ ਲਈ ਤਾਂ ਕਾਲਜ ਯੂਨੀਵਰਸਿਟੀਆਂ ਹੋਂਦ ਵਿਚ ਆ ਗਏ ਪਰ ਪਹਿਲੇ ਨੂੰ (ਧਰਮ) ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ਭਾਵੇਂ ਕਿ ਉਹ ਵਧੇਰੇ ਮਹੱਤਵਪੂਰਨ ਹੈ।” ਇਸ ਬਿਆਨ ਨੂੰ ਵਿਚਾਰੀਏ ਤਾਂ ਸਿੱਖ ਧਰਮ ਅੱਜ ਦੇ ਜੀਵਨ ਦੀ ਲੋੜ ਹੈ। ਇਨਸਾਨੀ ਬੁਧੀ ਤੇ ਇਨਸਾਨੀ ਭਾਈਚਾਰੇ ਲਈ ਇਹ ਬਣਿਆ ਬਣਾਇਆ ਵਿਧਾਨ ਹੈ। ਇਸੇ ਨੂੰ ਦੇਖਦਿਆਂ ਹੀ ਮੈਕਾਲਿਫ ਨੇ ਕਿਹਾ ਸੀ:

I am not without hope that when enlightened rulers become acquainted
with the merits of sikh religion, they will not willingly let it perish into
the great abyss in which so many creeds have been engulfed.