SikhThought - GuruGranthSahibJiFeatured

ਗੁਰੂ ਗ੍ਰੰਥ ਅਤੇ ਗੁਰੂ ਪੰਥ

ਸਿੱਖ ਧਰਮ ਦੇ ਸਿਰਜਕਾਂ ਨੇ ਇਸ ਨਿਆਰੇ ਧਰਮ ਦੀ ਉਸਾਰੀ ਸ਼ਬਦ ਅਤੇ ਸੰਗਤ ਰੂਪੀ ਦੋ ਮਜ਼ਬੂਤ ਥ੍ਹੰਮਾਂ ਤੇ ਕੀਤੀ ਜੋ ਹੌਲੀ ਹੌਲੀ ਆਪਣੇ ਵਿਕਸਿਤ ਰੂਪ ਗੁਰੂ ਗ੍ਰੰਥ ਅਤੇ ਗੁਰੂ ਪੰਥ ਰਾਹੀਂ ਪਰਵਾਨ ਚੜ੍ਹੇ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਹਾਂ ਵਿਚ ਸ਼ਬਦ ‘ਗੁਰੂ’ ਅਗੇਤਰ ਵਜੋਂ ਵਰਤਿਆ ਗਿਆ ਹੈ। ਸੰਸਾਰ ਵਿਚ ਗ੍ਰੰਥ ਤਾਂ ਅਨੇਕ ਹੋਏ ਹਨ, ਧਰਮ ਗ੍ਰੰਥ ਵੀ ਬਹੁਤ ਹਨ ਪਰ ਗੁਰੂ ਗ੍ਰੰਥ ਕੇਵਲ ਇੱਕੋ ਹੈ ਅਤੇ ਉਹ ਸਿੱਖਾਂ ਦਾ ਧਰਮ ਗ੍ਰੰਥ ਹੈ। ਏਸੇ ਤਰ੍ਹਾਂ ਦੁਨੀਆਂ ਵਿਚ ਪੰਥ ਤਾਂ ਕਈ ਹੋਏ ਹਨ ਪਰ ਗੁਰੂ ਪੰਥ ਕੇਵਲ ਇੱਕੋ ਹੀ ਹੈ ਤੇ ਉਹ ਸਿੱਖ ਗੁਰੂ ਸਾਹਿਬਾਨ ਦੁਆਰਾ ਸਥਾਪਤ ਖਾਲਸਾ ਪੰਥ ਹੈ। ਦੋਨੋਂ ਹੀ ਸਿੱਖ ਧਰਮ ਦੇ ਵੱਡੇ ਆਧਾਰ ਹਨ – ਇਕ ਨਿਰਗੁਣ ਤੇ ਦੂਸਰਾ ਸਰਗੁਣ, ਇਕ ਅੰਤਰਮੁਖੀ ਤੇ ਦੂਜਾ ਬਾਹਰਮੁਖੀ, ਇਕ ਗੁਝੀ ਰਹੱਸਵਾਦੀ ਤੇ ਦੂਜੀ ਜ਼ਾਹਰੀ ਸ਼ਕਤੀ। ਇਨ੍ਹਾਂ ਦੋਹਾਂ ਨਾਲ ‘ਗੁਰੂ’ ਸ਼ਬਦ ਦਾ ਵਰਤਿਆ ਜਾਣਾ ਇਸ ਸ਼ਬਦ ਦੇ ਮਹੱਤਵ ਅਤੇ ਉੱਚਤਮ ਸਥਾਨ ਨੂੰ ਦਰਸਾਉਂਦਾ ਹੈ।

ਵਿਸ਼ਵ ਦੇ ਪ੍ਰਮੁਖ ਧਰਮਾਂ ਵਿਚ ਮਾਨਵਤਾ ਦੇ ਪੱਥ ਪ੍ਰਦਰਸ਼ਨ ਲਈ ਕਿਸੇ ਨਾ ਕਿਸੇ ਰੂਪ ਵਿਚ ਪੱਥ ਪ੍ਰਦਰਸ਼ਕ ਦੀ ਮਾਨਿਅਤਾ ਨੂੰ ਅਵੱਸ਼ ਹੀ ਸਵੀਕਾਰ ਕੀਤਾ ਜਾਂਦਾ ਰਿਹਾ ਹੈ। ਵੱਖ ਵੱਖ ਮੱਤਾਂ ਮਤਾਂਤਰਾਂ ਦੇ ਧਾਰਮਿਕ ਗ੍ਰੰਥਾਂ ਅਤੇ ਰਹੁ ਰੀਤਾਂ ਵਿਚ ‘ਗੁਰੂ’ ਦਾ ਇੱਕ ਵਿਸ਼ੇਸ਼ ਸਥਾਨ ਹੈ। ‘ਗੁਰੂ’ ਸ਼ਬਦ ਦੀ ਵਰਤੋਂ ਵੈਦਿਕ ਕਾਲ ਤੋਂ ਹੀ ਹੁੰਦੀ ਆ ਰਹੀ ਹੈ। ਵੱਖ ਵੱਖ ਕੋਸ਼ਾਂ ਅਤੇ ਸ਼ਬਦਾਰਥਾਂ ਦੇ ਅਧਿਐਨ ਤੋਂ ‘ਗੁਰੂ’ ਸ਼ਬਦ ਦੇ ਕਈ ਅਰਥਾਂ ਦਾ ਬੋਧ ਹੁੰਦਾ ਹੈ ਪਰੰਤੂ ਸਾਰਿਆਂ ਦਾ ਸੀਮਤ ਭਾਵ ਮੁਖ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ‘ਗੁਰੂ’ ਸੰਸਕ੍ਰਿਤ ਦਾ ਇਕ ਅਜਿਹਾ ਅਨੇਕਾਰਥ ਬੋਧਕ ਸ਼ਬਦ ਹੈ ਜਿਸ ਦੀ ਵਿਉਤਪਤੀ ‘ਗ੍ਰਿ’ ਧਾਤੂ ਤੋਂ ਹੋਈ ਹੈ ਅਤੇ ਜਿਸ ਦਾ ਅਰਥ ਹੈ ਨਿਗਲਣਾ ਜਾਂ ਸਮਝਾਉਣਾ।ਇਸ ਲਈ ਜੋ ਸੱਤਾ ਅਗਿਆਨ ਨੂੰ ਖਾ ਜਾਂਦੀ ਹੈ ਅਤੇ ਤੱਤ ਗਿਆਨ ਦਾ ਪ੍ਰਕਾਸ਼ ਕਰਦੀ ਹੈ ਉਹ ਗੁਰੂ ਹੈ। ਡਾਕਟਰ ਦੀਵਾਨ ਸਿੰਘ ਅਨੁਸਾਰ ਉਹ ਮਹਾਨ ਆਤਮਕ ਸ਼ਕਤੀ ਜੋ ਪ੍ਰਮਾਤਮਾ ਵੱਲੋਂ ਮਨੁਖ ਮਾਤਰ ਦੇ ਕਲਿਆਣ ਅਤੇ ਬ੍ਰਹਮ ਗਿਆਨ ਦੇ ਪ੍ਰਕਾਸ਼ ਵਾਸਤੇ ਸਦੀਵ ਕਾਲ ਲਈ ਨਿਸ਼ਚਿਤ ਕੀਤੀ ਗਈ ਹੈ, ਗੁਰੂ ਅਖਵਾਉਂਦੀ ਹੈ। ਅਧਿਆਤਮਕ ਮੰਡਲ ਵਿੱਚ ਮਨੁਖ ਨੂੰ ਹਨੇਰਾ ਭਰਮ ਅਤੇ ਅਗਿਆਨਤਾ ਦਾ ਹੈ ਅਤੇ ਗੁਰੂ ਹੀ ਇਸ ਹਨੇਰੇ ਨੂੰ ਦੂਰ ਕਰਨ ਦੇ ਸਮਰੱਥ ਹੈ :

ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥ (ਪੰਨਾ, 385)

ਭ੍ਰਮ ਕੇ ਪਰਦੇ ਖੋਲ੍ਹਣ ਲਈ ਗੁਰੂ ਚਾਹੇ ਆਪਣੇ ਪੰਜ-ਤੱਤੀ ਸਰੀਰ ਵਿੱਚ ਵਿਦਮਾਨ ਹੈ ਤੇ ਚਾਹੇ ਇਸ ਤੋਂ ਬਾਹਰ, ਉਹ ਆਪਣੇ ਚੇਲਿਆਂ ਦੀ ਰਹਿਨੁਮਾਈ ਵਾਸਤੇ ਮਾਧਿਅਮ ਬਚਨ ਜਾਂ ‘ਸ਼ਬਦ’ ਨੂੰ ਹੀ ਬਣਾਉਂਦਾ ਹੈ। ਦੇਹ ਵਿਚ ਵਿਚਰਦਿਆਂ ਉਸ ਦੇ ਮੁਖਾਰਬਿੰਦ ਤੋਂ ਉਚਰੇ ਬਚਨ ਉਸ ਦੇ ਚੇਲਿਆਂ ਤੱਕ ਸ੍ਰਵਣ ਇੰਦਰਿਆਂ ਰਾਹੀਂ ਪਹੁੰਚਦੇ ਹਨ। ਪਰੰਤੂ ਜਦ ਦੇਹ ਨਾ ਰਹੇ ਤਾਂ ਉਹੀ ਬਚਨ ਲਿਖਤ ਰੂਪ ਵਿਚ ਪ੍ਰਾਪਤ ਹੋਣ ਤਾਂ ਉਹ ਅੱਖਾਂ ਅਤੇ ਕੰਨਾਂ ਦੋਹਾਂ ਰਾਹੀਂ ਉਸ ਦੇ ਚੇਲੇ ਦੀ ਰਹਿਨੁਮਾਈ ਕਰਦੇ ਹਨ – ਅੱਖਾਂ ਰਾਹੀਂ ਪਾਠ ਕਰਕੇ ਅਤੇ ਕੰਨਾਂ ਰਾਹੀਂ ਸੰਗਤ ਵਿਚ ਸੁਣ ਕੇ। ਇਸੇ ਲਈ ਸਿੱਖ ਧਰਮ ਵਿਚ ‘ਕਹਿਣ’ ਤੇ ‘ਸੁਣਨ’ ਦੋਵੇਂ ਹੀ ਪ੍ਰਵਾਨ ਹਨ। ਖੈਰ, ਸਾਧਨ ਕੋਈ ਵੀ ਹੋਵੇ, ਤੱਤ ਸਾਰ ਸ਼ਬਦ ਹੀ ਹੈ। ਸ਼ਬਦ ਰਾਹੀਂ ਹੀ ਸੱਚ ਦੀ ਸੋਝੀ ਹੁੰਦੀ ਹੈ ਅਤੇ ਸੱਚ ਨਾਲ ਇਕ ਮਿਕ ਹੋ ਜਾਈਦਾ ਹੈ। ਏਸੇ ਲਈ ਸ਼ਬਦ ਸਿੱਖ ਧਰਮ, ਸਿੱਖ ਚਿੰਤਨ, ਸਿੱਖ ਮਰਯਾਦਾ ਅਤੇ ਸਿੱਖ ਸਭਿਆਚਾਰ ਦਾ ਕੇਂਦਰ ਬਿੰਦੂ ਹੈ। ਗੁਰੂ ਨਾਨਕ ਸਾਹਿਬ ਕੋਲੋਂ ਜਦੋਂ ਸਿੱਧਾਂ ਨੇ ਪੁਛਿਆ ਕਿ ਤੇਰਾ ਗੁਰੂ ਕੌਣ ਹੈ? ਤਾਂ ਆਪ ਦਾ ਇਕ ਟੁਕ ਜੁਆਬ ਸੀ – ਮੇਰਾ ਗੁਰੂ ਸ਼ਬਦ ਹੈ।

ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥ (ਪੰਨਾ, 1112)
…………………….
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ (ਪੰਨਾ, 635)
…………………………….
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ
ਗੁਰ ਸਬਦੀ ਹਰਿ ਪਾਰਿ ਲੰਘਾਈ ॥ (ਪੰਨਾ, 353)

‘ਗੁਰਮਤਿ ਮਾਰਤੰਡ’ ਵਿਚ ਜਿਥੇ ਸ਼ਬਦ ਦੇ ਅਰਥ ਧਰਮ, ਗੁਰਮੰਤ੍ਰ ਅਤੇ ਗੁਰਬਾਣੀ ਹਨ ਉਥੇ ਇਕ ਅਰਥ ਕਰਤਾਰ ਅਤੇ ਸਤਿਗੁਰ ਦੁਆਰਾ ਪ੍ਰਾਪਤ ਹੋਇਆ ਕਰਤਾਰ ਦਾ ਹੁਕਮ ਵੀ ਹਨ। ਕਰਤਾਰ ਸਤਿ ਹੈ:

ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ (ਪੰਨਾ, 1)

ਜੇ ਸ਼ਬਦ ਦਾ ਅਰਥ ਕਰਤਾਰ ਹੈ ਤਾਂ ਫਿਰ ਸ਼ਬਦ ਸੱਚ ਹੀ ਹੋਇਆ। ਸੱਚ ਦੀ ਸੋਝੀ ਸੱਚ ਰਾਹੀਂ ਹੀ ਹੋ ਸਕਦੀ ਹੈ। ਇਸੇ ਲਈ ਸੱਚ ਦੀ ਪ੍ਰਾਪਤੀ ਦਾ ਸਭ ਤੋਂ ਸੁਖਲਾ ਅਤੇ ਸਭ ਤੋਂ ਪ੍ਰਮਾਣੀਕ ਸਾਧਨ ਸ਼ਬਦ ਰਾਹੀਂ ਸ਼ਬਦ ਦੀ ਅਰਾਧਨਾ ਹੀ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਧਿਆਤਮਕ ਅਨੁਭਵ ਵਿਚੋਂ ਰੂਪਮਾਨ ਹੋਇਆ ਹਰ ਬੋਲ ਪਰਮੇਸ਼ਰ ਦਾ ਆਪਣਾ ਬੋਲ ਹੈ:

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਪੰਨਾ, 763)

ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਰਤਾਰੀ ਸ਼ਖ਼ਸੀਅਤਾਂ ਦੇ ਸ਼ਬਦ ਬੋਲ ਦਾ ਭੰਡਾਰ ਹੈ। ਕਰਤਾਰੀ ਅਤੇ ਪਰਮ-ਅਵਸਥਾ ਦੇ ਬੋਲ ਹੋਣ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਨਾਲ ਉਪਮਾ ਦਿੱਤੀ ਗਈ ਹੈ।

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਭਾਵੇਂ ਗੁਰ ਸ਼ਖ਼ਸੀਅਤ ਦੇ ਦਸ ਜਾਮੇ ਸਨ ਪਰ ਜੋਤਿ ਤੇ ਜੁਗਤਿ ਇੱਕੋ ਰਹੀ। ਜੋਤਿ ਤੋਂ ਭਾਵ ਉਸ ਆਤਮਾ ਤੋਂ ਹੈ ਜੋ ਪਰਮ-ਸੱਤਾ ਨਾਲ ਅਭੇਦਤਾ ਗ੍ਰਹਿਣ ਕਰ ਚੁਕੀ ਹੋਵੇ। ਜੋਤਿ, ਪਰਮੇਸ਼ਰ ਦੀ ਪ੍ਰਕਾਸ਼ਕ ਗਿਆਨ ਸ਼ਕਤੀ ਹੈ ਜਿਸ ਦੇ ਚਾਨਣ ਨਾਲ ਹਰ ਥਾਂ ਪ੍ਰਕਾਸ਼ ਹੋ ਰਿਹਾ ਹੈ। ਗੁਰੂ ਜੋਤਿ ਸਰੀਰ ਤਾਂ ਭਾਵੇਂ ਬਦਲਦੀ ਰਹੀ ਪਰ ਹਰ ਗੁਰੂ ਸਰੀਰ ਵਿਚ ਰਹੀ ਪੂਰਨ ਹੀ – ਜਿਵੇਂ ਇਕ ਦੀਵੇ ਤੋਂ ਦੂਜਾ ਦੀਵਾ ਬਲਦਾ ਹੈ। ਇਹੀ ਕਾਰਨ ਹੈ ਕਿ ਜਦੋਂ ਦਸਮ ਪਾਤਸ਼ਾਹ ਨੇ ਗੁਰੂ ਜੋਤਿ ਨੂੰ ‘ਗ੍ਰੰਥ ਸਾਹਿਬ’ ਵਿਚ ਸਥਿਤ ਕੀਤਾ ਤਾਂ ਉਸੇ ਦਿਨ ਤੋਂ ਸ਼ਬਦ ਪ੍ਰਕਾਸ਼ ਨਾਲ ਸ਼ਿੰਗਾਰੇ ‘ਗ੍ਰੰਥ ਸਾਹਿਬ’ ਨਾਲ ਜਾਗਤ ਜੋਤਿ, ਪੂਰਨ ਗੁਰ ਅਵਤਾਰ ਵਰਗੇ ਲਕਬ ਜੁੜ ਗਏ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਿੰਘਾਸਨ ਉਤੇ ਪ੍ਰਕਾਸ਼ਮਾਨ ਕਰਕੇ ਜਿਥੇ ਦਸਮ ਗੁਰੂ ਨੇ ਦੇਹਧਾਰੀ ਇਕ ਪੁਰਖੀ ਗੁਰੂ ਪਰੰਪਰਾ ਦਾ ਭੋਗ ਪਾ ਦਿੱਤਾ ਉਥੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ ਸ਼ਬਦ ਗੁਰੂ ਅਨੁਭਵ ਨਾਲ ਸਿੱਖਾਂ ਨੂੰ ਆਪਣਾ ਸੁਭਾ, ਬੋਲ, ਵਿਚਾਰ ਤੇ ਆਚਾਰ ਘੜਨ ਤੇ ਸਿਰਜਨ ਦਾ ਆਦੇਸ਼ ਵੀ ਦਿੱਤਾ।

ਪ੍ਰਥਮ ਗੁਰੂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਤੱਕ ਸਿੱਖ ਇਤਿਹਾਸ ਵਿਚ ਵਿਭਿੰਨ ਮੋੜ ਆਏ। ਇਨ੍ਹਾਂ ਮੋੜਾਂ ਨੂੰ ਸਾਹਿਤਕਾਰਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਵੇਖਿਆ ਹੈ। ਪ੍ਰਿੰ. ਤੇਜਾ ਸਿੰਘ ਇਸ ਨੂੰ ਜ਼ਿੰਮੇਵਾਰੀ ਦੀ ਚੇਤਨਤਾ (Growth of responsibility) ਕਹਿੰਦੇ ਹਨ। ਕੋਈ ਗ੍ਰੰਥ ਓਨੀ ਦੇਰ ਤੱਕ ਗੁਰੂ ਦੀ ਪਦਵੀ ਹਾਸਲ ਨਹੀਂ ਕਰ ਸਕਦਾ ਜਿਤਨੀ ਦੇਰ ਤੱਕ ਉਸ ਦੇ ਪੈਰੋਕਾਰਾਂ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰਨ ਰੂਪ ਵਿਚ ਨਾ ਆ ਜਾਏ। ‘ਗ੍ਰੰਥ ਸਾਹਿਬ’ ਦਾ ਸੰਕਲਨ ਭਾਵੇਂ ਸੰਨ 1604 ਵਿਚ ਹੋ ਗਿਆ ਸੀ ਪਰ ਗੁਰੂ ਪਦਵੀ ਸੰਨ 1708 ਵਿਚ ਹੀ ਪ੍ਰਾਪਤ ਹੋਈ ਕਿਉਂ ਕਿ ਉਦੋਂ ਤੱਕ ‘ਸਿੱਖ’ ਤੋਂ ‘ਸਿੰਘ’ ਤੱਕ ਦਾ ਸਫ਼ਰ ਤੈਅ ਹੋ ਚੁਕਾ ਸੀ। ‘ਸਿੰਘ’ ਪਦਵੀ ਉੱਚੀ ਤੋਂ ਉੱਚੀ ਆਤਮਿਕ, ਮਾਨਸਿਕ ਅਤੇ ਬੌਧਿਕ ਪੱਧਰ ਦੀ ਲਖਾਇਕ ਹੈ। ਜਦੋਂ ‘ਸਿੱਖ’ ‘ਸਿੰਘ’ ਦੀ ਪਦਵੀ ਤੇ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕ ਅਧਿਆਤਮਕ ਵਿਧਾਨ ਦੇ ਕੇ ਪ੍ਰਣ ਲਿਆ ਕਿ ਉਹ ਸੰਸਾਰ ਵਿਚ ਵਾਹਿਗੁਰੂ ਜੀ ਦਾ ਰਾਜ ਸਥਾਪਤ ਕਰੇਗਾ। ਰਾਜੇ ਦਾ ਅਸਰ ਪਰਜਾ ਤੇ ਪੈਂਦਾ ਹੀ ਹੈ। ਸੋ ਜਿਥੇ ਵਾਹਿਗੁਰੂ ਜੀ ਦਾ ਰਾਜ ਹੋਏਗਾ ਉਥੇ ਮਨੁਖੀ ਸਮਾਜ ਦੀ ਰਹਿਣੀ ਬਹਿਣੀ, ਕਥਨੀ, ਕਰਨੀ, ਸੁਭਾਅ, ਸਭਿਆਚਾਰ ਸਭ ਵਾਹਿਗੁਰੂ ਵਰਗਾ ਹੀ ਹੋਏਗਾ। ਉਥੇ ਜੀਵਨ ਹੋਏਗਾ ਮੌਤ ਨਹੀਂ, ਨਿਰਭੈਤਾ ਹੋਏਗੀ ਭੈਅ ਨਹੀਂ, ਨਿਰਵੈਰਤਾ ਹੋਏਗੀ ਵੈਰ ਨਹੀਂ, ਸੁੰਦਰਤਾ ਹੋਏਗੀ ਕਰੂਪਤਾ ਨਹੀਂ, ਸਵਾਧੀਨਤਾ ਹੋਏਗੀ ਪ੍ਰਾਧੀਨਤਾ ਨਹੀਂ। ਉਥੋਂ ਦਾ ਹਰ ਮਨੁਖ ਬੇਗਮਪੁਰੇ ਤੇ ਅਨੰਦਪੁਰੇ ਦਾ ਵਾਸੀ ਹੋਏਗਾ।

ਬੇਗਮਪੁਰਾ ਸਹਰ ਕੋ ਨਾਉ॥ ਦੂਖ ਅੰਦੇਹ ਨਹੀ ਤਿਹਿ ਠਾਉ॥ (ਪੰਨਾ, 345)

ਅਜਿਹੇ ਰਾਜ ਵਿਚ ਊਚ-ਨੀਚ, ਅਮੀਰ-ਗਰੀਬ, ਰਾਜਾ-ਪਰਜਾ ਦੇ ਸਭ ਵਿਤਕਰੇ ਮਿਟ ਜਾਂਦੇ ਹਨ।ਫੇਰ ਨਾ ਰਾਜਾ ਰਹਿੰਦਾ ਹੈ ਨਾ ਪਰਜਾ, ਨਾ ਗੁਰੂ ਰਹਿੰਦਾ ਹੈ ਤੇ ਨਾ ਚੇਲਾ। ਸਭ ਇਕ ਦੂਸਰੇ ਵਿਚ ਅਭੇਦ ਹੋ ਜਾਂਦੇ ਹਨ। ਦ੍ਰਿਸ਼ਟੀਕੋਣ ਬਦਲ ਜਾਂਦੇ ਹਨ। ਅਣਖ, ਸਵੈਮਾਨ ਅਤੇ ਆਪਣੇ ਆਪ ਤੇ ਭਰੋਸਾ ਕਈ ਗੁਣਾ ਵੱਧ ਜਾਂਦਾ ਹੈ। ਅਜਿਹੇ ਸਮਾਜ ਵਿਚ ਪਰੋਏ ਹਰ ਮੈਂਬਰ ਨੂੰ ਜ਼ੁੰਮੇਵਾਰੀ ਦਾ ਅਹਿਸਾਸ ਰਹਿੰਦਾ ਹੈ। ਸੋ ਦਸਮ ਗੁਰੂ ਵੱਲੋਂ ‘ਗ੍ਰੰਥ’ ਨੂੰ ਗੁਰੂ ਸਥਾਪਿਤ ਕਰਨ ਨਾਲ ਪੰਥ ਦੀ ਜ਼ਿੰਮੇਵਾਰੀ ਵਿਚ ਵਾਧਾ ਹੋਇਆ। ਉਸ ਦੇ ਮੋਢਿਆਂ ਤੇ ਭਾਰ ਆ ਪਿਆ ਕਿਉਂ ਕਿ ਕੋਈ ਧਰਮ ਚਾਹੇ ਕਿੰਨੀਆਂ ਵੀ ਉੱਚੀਆਂ ਕਦਰਾਂ ਕੀਮਤਾਂ ਤੇ ਮੁਲਾਂ ਦਾ ਧਾਰਨੀ ਕਿਉਂ ਨਾ ਹੋਵੇ, ਜੇ ਉਹ ਜੀਵਨ ਵਿਚ ਢਾਲਿਆ ਨਹੀਂ, ਕੇਵਲ ਗ੍ਰੰਥ ਤੱਕ ਹੀ ਸੀਮਤ ਹੈ ਤਾਂ ਉਹ ਜਲਦੀ ਹੀ ਖਤਮ ਹੋ ਜਾਏਗਾ। ਕਿਸੇ ਧਰਮ ਦੇ ਗੁਣਾਂ ਦੇ ਅਤਿ ਉੱਚੇ ਹੋਣ ਦਾ ਪ੍ਰਮਾਣ ਉਸ ਨੂੰ ਮੰਨਣ ਵਾਲਿਆਂ ਦਾ ਜੀਵਨ ਹੀ ਪੇਸ਼ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਨਿਜ ਅਨੁਭਵੀ ਨਿਰਮਲ ਪੰਥ ਦੀ ਸਿਰਜਨਾ ਕੀਤੀ। ਪੰਥ ਦਾ ਜੇ ਇਕ ਅਰਥ ਮਾਰਗ ਹੈ ਤਾਂ ਦੂਸਰਾ ਚੱਲਣ ਵਾਲਿਆਂ ਦਾ ਸਮੂਹ ਵੀ ਹੈ। ਜੇ ਧਰਮ ਪੰਥ ਤੇ ਚੱਲਣ ਵਾਲੇ ਹੀ ਨਾ ਹੋਣ ਤਾਂ ਪੰਥ ਦੀ ਹੋਂਦ ਹੀ ਖਤਰੇ ਵਿਚ ਪੈ ਜਾਂਦੀ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਵਿਅਕਤੀਵਾਦ ਦੇ ਬੰਧਨ ਤੋਂ ਛੁਟਕਾਰਾ ਦਿਵਾਉਣ ਲਈ ਜਿਥੇ ਬਾਣੀ ਨੂੰ ਗੁਰੂ ਕਹਿ ਕੇ ਸਤਿਕਾਰਿਆ, ਉਥੇ ਨਾਲ ਹੀ ਸੰਗਤ ਦਾ ਸਿਧਾਂਤ ਵੀ ਪ੍ਰਚਾਰਿਆ। ਗੁਰੂ ਨੂੰ ਵੀਹ ਵਿਸਵੇ ਤੇ ਸੰਗਤ ਨੂੰ ਇੱਕੀ ਵਿਸਵੇ ਕਿਹਾ ਗਿਆ ਹੈ। ਸਪਸ਼ਟ ਹੈ ਕਿ ਗੁਰੂ ਸਾਹਿਬ ਚੇਤੰਨ ਰੂਪ ਵਿਚ ਸੰਗਤ (ਪੰਥ) ਦਾ ਗੌਰਵ ਸਥਾਪਿਤ ਕਰ ਰਹੇ ਸਨ। ਦੁਨੀਆਂ ਵਿਚ ਬੜੇ ਬੜੇ ਪੰਥ ਹੋਏ ਹਨ, ਪਰ ਸਮਾਂ ਪਾ ਕੇ ਉਹ ਮੁਰਦਾ ਹੁੰਦੇ ਗਏ। ਕਾਰਨ ਇਹ ਕਿ ਹਰ ਮਜ਼ਹਬ ਨੂੰ ਅਸਲ ਜ਼ਿੰਦਗੀ ਦੀ ਮਜ਼ਬੂਤੀ ਲਈ ਸਮੇਂ ਅਤੇ ਹਾਲਾਤ ਅਨੁਸਾਰ ਕੁਝ ਫੈਸਲੇ ਲੈਣੇ ਪੈਂਦੇ ਹਨ। ਪਰੰਤੂ ਅਜਿਹੇ ਫੈਸਲੇ ਉਸੇ ਮਜ਼ਹਬ ਦੇ ਪੈਰੋਕਾਰ ਹੀ ਲੈ ਸਕਦੇ ਹਨ ਜਿਨ੍ਹਾਂ ਕੋਲ ਇਹ ਹੱਕ ਹੋਵੇ। ਸੰਸਾਰ ਦੇ ਸਾਰੇ ਧਰਮਾਂ ਵਿਚ ਕੇਵਲ ਸਿੱਖ ਧਰਮ ਹੀ ਐਸਾ ਧਰਮ ਹੈ ਜਿਸ ਦੇ ਪੈਰੋਕਾਰਾਂ ਨੂੰ ਇਹ ਹੱਕ ਪ੍ਰਾਪਤ ਹੈ। ਇਸੇ ਲਈ ਇਹ ਪੰਥ ਕੇਵਲ ਪੰਥ ਨਾ ਰਹਿ ਕੇ ਗੁਰੂ ਪੰਥ ਬਣ ਜਾਂਦਾ ਹੈ।‘ਪੰਥ’ ਨੂੰ ਗੁਰੂ ਦੀ ਪਦਵੀ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਪਿਛੋਂ ਹੀ ਨਹੀਂ ਮਿਲੀ। ਇਹ ਪਦਵੀ ਉਸ ਨੂੰ ਗੁਰੂ ਸਾਹਿਬ ਦੇ ਹੁੰਦਿਆਂ ਵੀ ਪ੍ਰਾਪਤ ਸੀ। ਦਸਮ ਗੁਰੂ ਦੇ ਕਵੀਆਂ ਵਿਚੋਂ ਕਵੀ ਕੰਕਣ ਦਾ ਕਥਨ ਹੈ:

ਸਿੱਖ ਸਭੈ ਹਮਰੇ ਗੁਰ ਹੋ ਤੁਮ
ਮੈ ਹੋ ਗੁਰੂ ਜਗ ਮਾਹਿ ਤੁਮਾਰਾ॥
ਜੋ ਕਰਿ ਹੈ ਤੁਮਰਾ ਕੋਊ ਦਰਸਨ
ਜਾਨੋ ਕੀਆ ਤਿਨ ਦਰਸ ਹਮਾਰਾ॥
ਵਾਹਿਗੁਰੂ ਇਹ ਬਚਨ ਸੁਨਾਯਾ
ਗੁਰੂ ਖਾਲਸਾ ਨਾਮ ਧਰਾਯਾ
ਤੁਮ ਮੇਰੇ ਮੈ ਤੁਮਰਾ ਹੂਆ
ਤੁਮਰਾ ਹਮਰਾ ਗੁਰੂ ਨਾ ਦੂਆ॥</p

ਗੁਰੂ ਸਾਹਿਬ ਨੇ ਖਾਲਸੇ ਨੂੰ ਗੁਰੂ ਕਿਹਾ ਹੀ ਨਹੀਂ ਸਗੋਂ ਅਮਲੀ ਰੂਪ ਵਿਚ ਸਵੀਕਾਰ ਵੀ ਕੀਤਾ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਅਤੇ ਦਾਦੂ ਦੀ ਕਬਰ ਤੇ ਤੀਰ ਨਾਲ ਨਮਸਕਾਰ ਕਰਨ ਦੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਸੋ ਗੁਰੂ ਖਾਲਸਾ ਨਿਰਅਧਿਕਾਰੀ ਸੰਗਤ ਨਹੀਂ, ਸਗੋਂ ਗੁਰੂ ਤਤ੍ਵ ਦਾ ਧਾਰਨੀ ਹੋ ਕੇ ਗੁਰੂ ਦੇ ਉੱਚ ਅਧਿਕਾਰਾਂ ਵਾਲਾ ਵੀ ਹੈ। ਪਰ ਇਸ ਅਧਿਕਾਰ ਨੂੰ ਮਾਣਨ ਦਾ ਅਧਿਕਾਰੀ ਕੌਣ ਹੈ? ਕਵੀ ਸੈਨਾਪਤੀ ਦੇ ਸ਼ਬਦਾਂ ਵਿਚ:

ਮਾਨੇਗਾ ਹੁਕਮ ਸੋ ਤੇ ਹੋਵੇਗਾ ਸਿੱਖ ਸਹੀ
ਨਾ ਮਾਨੇਗਾ ਹੁਕਮ ਸੋ ਤੇ ਹੋਵੇਗਾ ਬਿਹਾਲਸਾ॥
ਹੁਕਮ ਨਾ ਮਾਨੈ ਖਸਮ ਕਾ, ਜਿਨਿ ਰਾਹ ਬਤਾਇਆ॥
ਜੀ! ਓਇ ਕਪਟੀ, ਹੋਇ ਨਾ ਖਾਲਸਾ, ਕੇਤਾ ਸਮਝਾਇਆ॥
ਜਿਸ ਪੰਥ ਨੂੰ ਗੁਰੂ ਦੇ ਅਧਿਕਾਰ ਪ੍ਰਾਪਤ ਹਨ ਉਸ ਵਾਸਤੇ ਇਕ ਵਿਸ਼ੇਸ਼ ਜੀਵਨ ਸ਼ੈਲੀ, ਆਤਮ ਰਹਿਤ ਅਤੇ ਜੀਵਨ ਮਰਯਾਦਾ ਵੀ ਨਿਸਚਿਤ ਕੀਤੀ ਗਈ ਹੈ:
ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਖੰਡੇ ਕੀ ਪਾਹੁਲ ਛਕੇ॥
ਸੋਈ ਸਿੱਖ ਪ੍ਰਧਾਨ, ਅਵਰ ਨਾ ਪਾਹੁਲ ਜੋ ਲਏ॥
ਖਾਲਸਾ ਖਾਸ ਕਹਾਵੈ ਸੋਈ, ਜਾ ਕੈ ਹਿਰਦੈ ਭਰਮ ਨ ਹੋਈ॥
ਭਰਮ ਭੇਖ ਤੇ ਰਹੈ ਨਿਆਰਾ॥ ਸੋ ਖਾਲਸਾ ਸਤਿਗੁਰੂ ਹਮਾਰਾ॥
ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੌ ਇਨ ਕੀ ਪ੍ਰਤੀਤ॥

ਸੋ ਖਾਲਸੇ ਨੂੰ ਗੁਰੂ ਪਦਵੀ ਦੇ ਧਾਰਨੀ ਰਹਿਣ ਲਈ ਆਨਮਤੀਆਂ ਦੇ ਮਿਲਗੋਭੇਪਨ ਤੋਂ ਬਚਣਾ ਪਏਗਾ। ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਦੀ ਮੌਜ ਵਿਚ ਪ੍ਰਗਟੇ ਖਾਲਸੇ ਦੇ ਲੱਛਣ ਦਰਜ ਹਨ:

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਤਿਹ ਜਾਨੀ॥ (ਪੰਨਾ, 655)

ਇਸੇ ਭਾਵ ਨੂੰ ਦਸਮ ਪਿਤਾ ਨੇ ਇੰਜ ਦਰਸਾਇਆ ਹੈ:

ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ ॥1॥ (33 ਸਵੈਯੇ)

‘ਪ੍ਰੇਮ ਭਗਤ ਤਿਹ ਜਾਨੀ’ ਵਾਲੀ ਅਵਸਥਾ ਅਤੇ ‘ਪੂਰਨ ਜੋਤਿ ਜਗੈ ਘਟ ਮੈ’ ਵਾਲੇ ਰੰਗਾਂ ਵਾਲਾ ਹੀ ਖਾਲਸਾ ਹੈ। ਅਜਿਹੀ ਪ੍ਰਤਿਭਾ ਵਾਲੇ ਵਿਅਕਤੀਆਂ ਦੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜੀ ਨਿਮਰਤਾ ਨਾਲ ਪ੍ਰਸੰਸਾ ਕਰਦਿਆਂ ਕਿਹਾ ਹੈ:

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ
ਨਹੀ ਮੋ ਸੇ ਗਰੀਬ ਕਰੋਰ ਪਰੇ ॥ (ਖਾਲਸਾ ਮਹਿਮਾ – ਦਸਮ ਗ੍ਰੰਥ)

ਖਾਲਸੇ ਦਾ ਇਹ ਰੂਪ ਹੀ ਗੁਰੂ ਨਾਨਕ ਨੇ ਸੁਪਨਿਆ ਅਤੇ ਖਾਲਸੇ ਦੇ ਅਜਿਹੇ ਸਰੂਪ ਨੂੰ ਹੀ ਦਸਮ ਪਿਤਾ ਨੇ ਗੁਰੂ ਦੀਖਿਆ ਦੇਣ ਦਾ ਕਾਰਜ ਸੌਂਪਿਆ। ਗੁਰੂ ਦੀਖਿਆ ਦੇਣ ਦਾ ਕਾਰਜ ਅੰਮ੍ਰਿਤ ਭਿੰਨੀ ਦੇਹੁਰੀ ਵਾਲੇ ਗੁਰਮੁਖਾਂ ਦਾ ਹੀ ਹੈ, ਕਿਉਂ ਕਿ ਜਿਨ੍ਹਾਂ ਦੇ ਆਪਣੇ ਅੰਦਰ ਹੀ ਨਾਮ ਬਾਣੀ ਦਾ ਰਸ ਨਹੀਂ ਘੁਲਿਆ ਉਹ ਅੰਮ੍ਰਿਤ ਤਿਆਰ ਕਰਨ ਵੇਲੇ ਅੰਮ੍ਰਿਤ ਰਸ ਬਾਣੀ ਵਿਚ ਅਭੇਦ ਨਹੀਂ ਹੋ ਸਕਦੇ ਅਤੇ ਨਾ ਹੀ ਅੰਮ੍ਰਿਤ ਅਭਿਲਾਖੀਆਂ ਅੰਦਰ ਉਸ ਬਾਣੀ ਦਾ ਸੰਚਾਰ ਕਰ ਸਕਦੇ ਹਨ। ਅੰਮ੍ਰਿਤ ਛਕਣਾ ਅਤੇ ਛਕਾਉਣਾ ਕੋਈ ਰਸਮ ਨਹੀਂ, ਸਗੋਂ ਇਹ ਗੁਰੂ ਦੀਖਿਆ ਲੈਣ ਤੇ ਦੇਣ ਦਾ ਕਾਰਜ ਹੈ। ਸੋ ਇਸ ਕਾਰਜ ਲਈ ਰਸ ਭਿੰਨੜੇ ਗੁਰਮੁਖ ਜਨ ਲੋੜੀਂਦੇ ਹਨ ਤਾਂ ਹੀ ਗੁਰੂ ਵਾਲੇ ਗੁਣ ਅਤੇ ਗੁਰੂ ਵਾਲੀ ਸ਼ਕਤੀ ਤੇ ਆਭਾ ਪ੍ਰਜ੍ਵਲਿਤ ਹੋ ਸਕਦੀ ਹੈ। ਪ੍ਰੋਫੈਸਰ ਪੂਰਨ ਸਿੰਘ ਇਕ ਥਾਂ ਲਿਖਦੇ ਹਨ ਕਿ ਇਕ ਵਾਰ ਕਿਸੇ ਨੇ ਇਕ ਭਗਤੀ ਰੱਤੇ ਗੁਰਮੁਖ ਜਨ ਤੋਂ ਇਹ ਪੁਛ ਕੀਤੀ ਕਿ ਕੀ ਉਹ ਇਤਨੇ ਨਾਮਵਰ ਹਨ ਕਿ ਉਨ੍ਹਾਂ ਵਿਚ ਅਜਿਹੀ ਸ਼ਕਤੀ ਆ ਗਈ ਹੋਵੇ ਕਿ ਉਹ ਗੁਰੂ ਵਾਂਗ ਲੋਕਾਂ ਦੇ ਹਿਰਦਿਆਂ ਵਿਚ ਨਾਮ ਦੇ ਬੀਜ ਬੀਜ ਸਕਣ? ਗੁਰੂ ਦੇ ਸਿੱਖ ਨੇ ਸ਼ਾਂਤ ਚਿਤ ਰੂਪ ਵਿਚ ਇੰਝ ਉੱਤਰ ਦਿੱਤਾ, ‘ਮੇਰੀ ਕੌਣ ਅਕਾਰਨ ਇੰਜ ਨਿੰਦਾ ਕਰ ਸਕਦਾ ਹੈ? ਇਹ ਤਾਂ ਕੋਈ ਵੀ ਨਹੀਂ ਜਾਣ ਸਕਦਾ ਕਿ ਮੇਰੇ ਤੇ ਗੁਰੂ ਵਿਚ ਕੀ ਸਬੰਧ ਹਨ? ਉਹ ਮੇਰੇ ਲਈ ਕੌਣ ਹੈ ਤੇ ਮੈਂ ਉਸ ਲਈ ਕੀ ਹਾਂ। ਪਰ ਗੁਰੂ ਦੇ ਹਰ ਸਿੱਖ ਵਿਚ ਆਪਣੇ ਪਿਤਾ ਦੀ ਸੱਤਾ ਵਿਦਮਾਨ ਹੁੰਦੀ ਹੈ। ਇਸ ਤਰ੍ਹਾਂ ਉਹ ਪਿਤਾ ਵਾਲਾ ਕਰਤੱਵ ਵੀ ਨਿਭਾ ਸਕਦਾ ਹੈ। ਇੰਜ ਉਹ ਮੁਰਦਾ ਮਨੁਖਤਾ ਵਿਚ ਜੀਵਨ ਦਾ ਬੀਜ ਬੀਜ ਕੇ ਉਸ ਵਿਚ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੀ ਸਮਰੱਥਾ ਰੱਖਦਾ ਹੈ। ਨਿਰਸੰਦੇਹ ਉਹ ਕਹਿ ਸਕਦਾ ਹੈ ਕਿ ਮੈਂ ਉਸ ਦਾ ਪੁਤਰ ਹਾਂ ਤੇ ਪਿਤਾ ਹੋਣ ਦੇ ਗੁਣ ਵੀ ਰੱਖਦਾ ਹਾਂ। ਸੋ ਖਾਲਸਾ ਗੁਰੂ ਪਿਤਾ ਦੇ ਗੁਣ ਰੱਖਦਾ ਹੋਇਆ ਆਪ ਵੀ ਗੁਰੂ ਬਣਨ ਦੇ ਸਮਰੱਥ ਹੈ। ਲੋੜ ਕੇਵਲ ਇਸ ਗੱਲ ਦੀ ਹੈ ਕਿ ਆਪਣੇ ਆਪ ਨੂੰ ਗੰਧਲਾ ਹੋਣ ਤੋਂ ਬਚਾਏ। ਪਾਣੀ ਦਾ ਕੁਦਰਤੀ ਸੁਭਾਉ ਨਿਰਮਲਤਾ ਹੈ ਪਰ ਕਈ ਵਾਰ ਮਿੱਟੀ ਘੱਟਾ ਪੈਣ ਨਾਲ ਗੰਦਲਾ ਵੀ ਹੋ ਜਾਂਦਾ ਹੈ। ਤਿਵੇਂ ਹੀ ਪੰਥ ਵੀ ਸੁਭਾਅ ਪੱਖੋਂ ਨਿਰਮਲ ਹੈ। ਬਸ ਇਸ ਨੂੰ ਮਿੱਟੀ ਘੱਟੇ ਤੋਂ ਬਚਾਉਣਾ ਹੈ। ਇਹ ਠੀਕ ਹੈ ਕਿ ਪੰਥ ਗੁਰੂ ਦਾ ਹੈ ਅਤੇ ਉਸੇ ਨੇ ਇਸ ਨੂੰ ਬਚਾਉਣਾ ਹੈ। ਪਰ ਖਾਲਸੇ ਨੇ ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ’ ਦਾ ਆਦਰਸ਼ ਤਿਆਗਣਾ ਨਹੀਂ। ਇਸੇ ਲਈ ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਵਿਚ ਚੇਤਾਵਨੀ ਦੇਂਦੇ ਲਿਖਦੇ ਹਨ:

ਪੰਥ ਹੈ ਗੁਰੂ ਕਾ, ਪੰਥ ਕਾ ਵਾਧਾ ਵਾਹਿਗੁਰੂ ਹੈ ਕਰਨਾ।
ਪਰ ਰਉਲੇ ਦੇ ਸਿੱਖਾਂ ਪਾਸੋਂ ਭੀ ਡਰਨਾ।
ਜਬ ਪੰਥ ਰਉਲੇ ਦਾ ਪ੍ਰਗਟ ਹੋਵੇਗਾ।
ਤਾਂ ਪ੍ਰੀਤ ਭਾਉ ਅਦਬ ਗ੍ਰੰਥ ਸਾਹਿਬ ਦਾ ਖੋਵੇਗਾ।
ਜਾਂ ਅੰਤ ਸਮਾਂ ਪੰਥ ਦਾ ਅਵੈਗਾ।
ਤਾਂ ਰਉਲੇ ਦਾ ਪੰਥ ਉਪਜਾਵੇਗਾ।
ਜਾਂ ਕਰਨ ਲਗਣਗੇ ਕਰਮਹੀਣ।
ਤਪ ਤੇਜ ਬਲ ਸਭਿ ਹੋਇ ਜਾਸੀ ਖੀਣ।
ਤਪੋਂ ਰਾਜ ਤੇ ਰਾਜੋਂ ਨਰਕ।
ਇਸ ਮੇ ਰਤੀ ਨਾ ਜਾਨੋ ਫਰਕੁ।
ਰਉਲੇ ਦੇ ਸਿੱਖ ਹਵਾਲੇ ਰਾਇ ਧਰਮ ਦੇ।
ਫਲੁ ਦੇਸੀ ਕੀਤੇ ਕਰਮ ਅਕਰਮ ਦੇ।

ਇਸ ਚੇਤਾਵਨੀ ਨੂੰ ਚਿਤਾਰਦੇ ਹੋਏ ਪੰਥ ਨੇ ਹਮੇਸ਼ਾ ਗੁਰੂ ਗ੍ਰੰਥ ਦੀ ਤਾਬਿਆ ਰਹਿ ਕੇ ਰਉਲੇ ਦੇ ਸਿੱਖਾਂ ਪਾਸੋਂ ਡਰਨਾ ਹੈ। ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿਚ:

ਯੋ ਸਤਿਗੁਰ ਕੰਮ ਸਭ ਖਾਲਸੇ ਦੀਯੋ॥ ਮੁਖਤਯਾਰ ਖਾਲਸਾ ਸਭ ਥਾਂ ਕੀਯੋ॥

ਗੁਰੂ ਨੇ ਤਾਂ ਖਾਲਸੇ ਨੂੰ ਮੁਖਤਿਆਰ ਬਣਾ ਦਿੱਤਾ ਹੈ। ਹੁਣ ਖਾਲਸੇ ਨੇ ਇਸ ਮੁਖਤਿਆਰਨਾਮੇ ਦੀ ਲਾਜ ਰੱਖਣੀ ਹੈ। ਗੁਰੂ ਮਿਸ਼ਨ ਇਕ ਸਚਿਆਰ ਪੁਰਖ ਦੀ ਘਾੜਤ ਸੀ, ਅਜਿਹਾ ਸਚਿਆਰ ਪੁਰਖ ਜੋ ਰੂਹਾਨੀ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਨਾਲ ਲੈਸ ਹੋ ਕੇ ਇਕ ਨਰੋਏ ਸਮਾਜ ਦੀ ਸਿਰਜਨਾ ਕਰ ਸਕੇ। ਹੁਣ ਇਹ ਜ਼ੁੰਮੇਵਾਰੀ ਗੁਰੂ ਖਾਲਸੇ ਉਪਰ ਹੈ ਜਿਸ ਨੂੰ ਦਸਮ ਪਿਤਾ ਨੇ ਆਪਣਾ ਖਾਸ ਰੂਪ ਅਤੇ ਆਪਣਾ ਪਿਆਰਾ ਪੁਤਰ ਕਹਿ ਕੇ ਸਤਿਕਾਰਿਆ ਹੈ। ਹੁਣ ਇਸ ਪਿਆਰੇ ਪੁਤਰ ਖਾਲਸੇ ਨੇ ਹੀ ਹਰ ਤਰ੍ਹਾਂ ਦੇ ਜਬਰ ਜ਼ੁਲਮ ਤੇ ਅਨਿਆਂ ਵਿਰੁਧ ਨਿਰੰਤਰ ਜੂਝਦੇ ਹੋਏ ਗੁਰੂ ਗ੍ਰੰਥ ਦੀ ਸਿਧਾਂਤਕ ਰੌਸ਼ਨੀ ਵਿਚ ਇਕ ਅਜਿਹਾ ਵਿਸ਼ਵ ਵਿਆਪੀ ਢਾਂਚਾ ਉਸਾਰਨਾ ਹੈ ਜੋ ਸਰਬੱਤ ਦੇ ਭਲੇ ਅਤੇ ਸਰਬ ਸਾਂਝੀਵਾਲਤਾ ਦੇ ਸੰਕਲਪ ਨੂੰ ਮੂਰਤੀਮਾਨ ਕਰੇ। ਗੁਰੂ ਗ੍ਰੰਥ ਦੀ ਵਿਚਾਰਧਾਰਾ ਨੂੰ ਵਿਵਹਾਰਕ ਤੌਰ ਤੇ ਸਥਾਪਤ ਕਰਨ ਦੀ ਜ਼ੁੰਮੇਵਾਰੀ ਹੁਣ ਗੁਰੂ ਪੰਥ ਦੀ ਹੈ।