ਸੁੰਦਰਤਾ ਕੀ ਹੈ?

ਸੁੰਦਰਤਾ ਇਕ ਸਰਬ ਪੱਖੀ ਵਿਚਾਰ ਹੈ। ਸਿਰਫ ਬਾਹਰੀ ਦਿੱਖ ਜਾਂ ਸਰੀਰਕ ਸੁੰਦਰਤਾ ਹੀ ਸੁੰਦਰਤਾ ਦੀ ਪਰਿਭਾਸ਼ਾ ਨਹੀਂ ਬਲਕਿ ਅਸਲੀ ਸੁੰਦਰਤਾ ਤਾਂ ਮਨ ਦੀ ਸੁੰਦਰਤਾ ਹੈ, ਵਿਚਾਰਾਂ ਦੀ ਸੁੰਦਰਤਾ ਹੈ, ਕਰਣੀ ਦੀ ਸੁੰਦਰਤਾ ਹੈ, ਰਹਿਣੀ ਬਹਿਣੀ ਦੀ ਸੁੰਦਰਤਾ ਹੈ।

ਆਮ ਤੌਰ ਤੇ ਲੋਕਾਂ ਦਾ ਵਿਚਾਰ ਹੈ ਕਿ ਜਿਹੜਾ ਮਨੁਖ ਸਰੀਰਕ ਤੌਰ ਤੇ ਸੁੰਦਰ ਹੋਵੇ ਜਾਂ ਚੰਗਾ ਪਹਿਰਾਵਾ ਪਾ ਕੇ, ਚੰਗਾ ਹੇਅਰ ਸਟਾਈਲ ਬਣਾ ਕੇ, ਚੰਗਾ ਮੇਕ ਅੱਪ ਕਰਦਾ ਹੋਵੇ ਓਹੀ ਸੁੰਦਰ ਹੈ। ਨਹੀਂ, ਇਹ ਗਲਤ ਹੈ ਕਿਉਂ ਕਿ ਸੋਹਣਾ ਓਹੀ ਜੋ ਸੋਹਣੇ ਕੰਮ ਕਰੇ।

Handsome is that handsome does

ਅਸਲੀ ਸੁੰਦਰਤਾ ਤਾਂ ਕਰਣੀ ਕਥਨੀ ਤੇ ਰਹਿਣੀ ਬਹਿਣੀ ਵਿਚ ਹੈ। ਜਿਹੜੇ ਮਨੁਖ ਮਨੁਖਤਾ ਦੀ ਭਲਾਈ ਲਈ ਕੁਝ ਕਰਦੇ ਹਨ, ਆਪਣੇ ਵਿਚਾਰਾਂ ਨਾਲ ਇੱਕ ਨਰੋਏ ਸਮਾਜ ਦੀ ਸਿਰਜਨਾ ਕਰਦੇ ਹਨ, ਆਪਣੇ ਚੰਗੇ ਕੰਮਾਂ ਨਾਲ ਸਮਾਜ ਨੂੰ ਸਹੀ ਰਸਤਾ ਦਸਦੇ ਹਨ ਓਹੀ ਅਸਲ ਵਿਚ ਸੁੰਦਰ ਹਨ।

ਪੀਰ ਪੈਗੰਗਬਰ, ਅਵਤਾਰ, ਵਿਗਿਆਨੀ, ਦਾਰਸ਼ਨਿਕ ਆਦਿ ਹੀ ਅਸਲ ਵਿਚ ਸੁੰਦਰ ਹਨ ਜਿਨ੍ਹਾਂ ਨੇ ਮਨੁਖਤਾ ਦੀ ਭਲਾਈ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ। ਸਾਡੇ ਗੁਰੂ ਸਾਹਿਬਾਨ, ਭਾਈ ਘਨ੍ਹਈਆ ਜੀ, ਭਗਤ ਪੂਰਨ ਸਿੰਘ ਜੀ, ਭਾਈ ਵੀਰ ਸਿੰਘ ਜੀ ਵਰਗੇ ਕਈ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਆਪਣੀ ਕਰਣੀ ਨਾਲ ਮਨੁਖਤਾ ਨੂੰ ਸਹੀ ਸੇਧ ਦਿੱਤੀ ਤੇ ਮਨੁਖਤਾ ਦੀ ਸੇਵਾ ਕੀਤੀ।

ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬੈਹਣੇ॥

ਇਸ ਦਾ ਇਹ ਮਤਲਬ ਨਹੀਂ ਕਿ ਜਿਨ੍ਹਾਂ ਨੇ ਸਾਧ ਸੰਗ ਕੀਤੀ ਜਾਂ ਨਾਮ ਜਪਿਆ ਓਹੀ ਸੁੰਦਰ ਹਨ ਬਲਕਿ ਜਿਨ੍ਹਾਂ ਨੇ ਵੰਡ ਕੇ ਛਕਿਆ, ਦੇਗ ਵੀ ਚਲਾਈ ਤੇ ਤੇਗ ਵੀ ਵਾਹੀ, ਅਸਲੀ ਸੁੰਦਰ ਓਹੀ ਹਨ।

ਗੁਰਵੀਨ ਕੌਰ
ਸਤਵੀਂ ਜਮਾਤ


ਸੁੰਦਰਤਾ ਕੀ ਹੈ?

ਸੁੰਦਰਤਾ ਤਿੰਨ ਚੀਜ਼ਾਂ ਤੇ ਨਿਰਭਰ ਹੈ-ਸੱਚ ਬੋਲਣਾ, ਮਨ ਵਿਚ ਦਇਆ ਭਾਵਨਾ ਰੱਖਣੀ ਤੇ ਬਹਾਦਰੀ। ਕੋਈ ਕਹਿੰਦਾ ਹੈ ਕਿ ਗੋਰਾ ਰੰਗ ਤੇ ਸੁਹਣੀਆਂ ਅੱਖਾਂ ਸੁੰਦਰਤਾ ਹੈ, ਕੋਈ ਕਹਿੰਦਾ ਹੈ ਜਿਮ ਜਾ ਕੇ ਫਿਟ ਰਹਿਣਾ ਸੁੰਦਰਤਾ ਹੈ ਲੇਕਿਨ ਅਸਲ ਰੂਪ ਵਿਚ ਸੁੰਦਰਤਾ ਤਨ ਦੀ ਨਹੀਂ ਹੁੰਦੀ, ਉਹ ਅੰਦਰੋਂ ਆਉਂਦੀ ਹੈ। ਜਿਸ ਨੇ ਪੰਜ ਔਗੁਣਾਂ ਤੋਂ ਛੁਟਕਾਰਾ ਪਾ ਲਿਆ ਉਹ ਸੁੰਦਰ ਹੈ। ਜੋ ਕ੍ਰੋਧਿਤ ਨਾ ਹੋਵੇ ਅਤੇ ਲੋਭ, ਮੋਹ ਮਾਇਆ ਤੋਂ ਬਚ ਕੇ ਖੁਸ਼ ਰਹਿੰਦਾ ਹੋਵੇ ਓਹੀ ਸੁੰਦਰ ਹੈ। ਜਿਸ ਦਾ ਮਨ ਪਵਿੱਤਰ ਹੈ, ਜੀਅ ਨਿਰਮਲ ਹੈ, ਹੱਥ ਦਾਨੀ ਹੈ ਤੇ ਮਨ ਪ੍ਰਮਾਤਮਾ ਨਾਲ ਜੁੜਿਆ ਹੈ ਓਹੀ ਸੁੰਦਰ ਹੈ।

ਇਕ ਵਾਰੀ ਰਾਜਾ ਜਨਕ ਦੇ ਦਰਬਾਰ ਵਿਚ ਰਿਸ਼ੀ ਅਸ਼ਟਵਕਰ ਪੁਜੇ। ਉਨ੍ਹਾਂ ਦੇ ਸਰੀਰ ਵਿਚ ਅੱਠ ਤਰ੍ਹਾਂ ਦੇ ਸਰੀਰਕ ਵਿਕਾਰ ਸਨ। ਜਿਵੇਂ ਹੀ ਉਹ ਦਰਬਾਰ ਵਿਚ ਆਏ ਉਨ੍ਹਾਂ ਨੂੰ ਦੇਖ ਕੇ ਸਾਰੇ ਦਰਬਾਰੀ ਹੱਸ ਪਏ। ਰਿਸ਼ੀ ਬੋਲੇ ਕਿ ਤੁਸੀਂ ਸਾਰੇ ਚਮਿਆਰ ਹੋ। ਇਹ ਸੁਣ ਕੇ ਸਾਰੇ ਦਰਬਾਰ ਵਿਚ ਸ਼ਾਂਤੀ ਹੋ ਗਈ। ਰਿਸ਼ੀ ਨੇ ਕਿਹਾ ਕਿ ਤੁਸੀਂ ਮੇਰੇ ਤਨ ਦੇ ਚਮੜੇ ਨੂੰ ਦੇਖ ਕੇ ਮੇਰਾ ਮੁਲ ਪਾਇਆ ਹੈ। ਸੋ ਤੁਸੀਂ ਚਮਿਆਰ ਹੋ। ਜੇਕਰ ਤੁਸੀਂ ਬੁਧੀਜੀਵੀ ਹੁੰਦੇ ਤਾਂ ਮੇਰੇ ਚਮੜੇ ਦਾ ਨਹੀਂ ਮੇਰੇ ਅੰਦਰਲੇ ਗੁਣਾਂ ਦਾ ਮੁਲ ਪਾਉਂਦੇ।

ਇਸ ਘਟਨਾ ਤੋਂ ਇਹ ਸਮਝ ਪੈਂਦੀ ਹੈ ਕਿ ਬਾਹਰੀ ਸੁੰਦਰਤਾ ਕੁਝ ਨਹੀਂ, ਸਾਡਾ ਮਨ ਸੁੰਦਰ ਹੋਣਾ ਚਾਹੀਦਾ ਹੈ ਜੋ ਕਿ ਪ੍ਰਭੂ ਨਾਲ ਜੁੜ ਕੇ ਹੋ ਸਕਦਾ ਹੈ।

ਇਸ਼ਲੀਨ ਕੌਰ
ਅਠਵੀਂ ਜਮਾਤ


ਸੁੰਦਰਤਾ ਕੀ ਹੈ?

ਮਨ ਸੁੰਦਰ ਤਾਂ ਸਭ ਸੁੰਦਰ। ਸੁੰਦਰਤਾ ਤੋਂ ਭਾਵ ਬਾਹਰੀ ਸੁੰਦਰਤਾ ਨਹੀਂ ਸਗੋਂ ਮਨ ਦੀ ਸੁੰਦਰਤਾ ਹੈ। ਇਨਸਾਨ ਦਾ ਰੰਗ ਰੂਪ ਅੱਜ ਨਹੀਂ ਤਾਂ ਕਲ੍ਹ ਉਸ ਦਾ ਸਾਥ ਛੱਡ ਹੀ ਦਿੰਦਾ ਹੈ। ਉਮਰ ਨਾਲ ਚਿਹਰੇ ਦੀ ਰੰਗਤ ਬਦਲ ਜਾਂਦੀ ਹੈ ਪਰ ਜੇ ਕੁਝ ਨਹੀਂ ਬਦਲਦਾ ਤਾਂ ਉਹ ਹੈ ਸੀਰਤ। ਅੱਜ ਕਲ੍ਹ ਬਾਹਰੀ ਸੁੰਦਰਤਾ ਤੇ ਖੂਬਸੂਰਤੀ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ ਪਰ ਮਨ ਦੀ ਖੂਬਸੂਰਤੀ ਮੁਸ਼ਕਲ ਨਾਲ ਹੀ ਮਿਲਦੀ ਹੈ। ਜੀਵਨ ਭਰ ਸਾਥ ਨਿਭਾਹੁਣ ਅਤੇ ਰਿਸ਼ਤਿਆਂ ਨੂੰ ਕਾਇਮ ਰੱਖਣ ਵਾਲੀ ਸਮਝ ਜ਼ਿਆਦਾ ਮਹੱਤਵਪੂਰਨ ਹੈ। ਆਤਮਾ ਦੀ ਸੁੰਦਰਤਾ ਪਾਉਣ ਲਈ ਵਿਅਕਤੀ ਵਿਚ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਵੇਖਣ ਵਿਚ ਮਾੜਾ ਵਿਅਕਤੀ ਵੀ ਗੁਣਵਾਨ ਹੋਵੇ ਤਾਂ ਉਸ ਨੂੰ ਕਾਮਯਾਬੀ ਤੋਂ ਕੋਈ ਨਹੀਂ ਰੋਕ ਸਕਦਾ। ਬਣਾਵਟੀਪਣ ਦਿਖਾਉਣ ਦੀ ਥਾਂ ਤੁਸੀਂ ਜਿਸ ਤਰ੍ਹਾਂ ਦੇ ਹੋ ਬਣੇ ਰਹੋ। ਸਾਡੇ ਸੰਸਕਾਰ ਸਾਨੂੰ ਅੰਦਰੋਂ ਸੁੰਦਰ ਬਣਾਉਂਦੇ ਹਨ। ਚਰਿੱਤਰ ਸਾਫ ਹੋਵੇ, ਮਨ ਸਿੱਧਾ ਸਾਦਾ ਹੋਵੇ, ਪ੍ਰਮਾਤਮਾ ਦਾ ਡਰ ਹੋਵੇ ਤਾਂ ਅਸੀਂ ਸਭ ਨੂੰ ਜਿੱਤ ਸਕਦੇ ਹਾਂ। ਮਨ ਦੀ ਸੁੰਦਰਤਾ ਹੀ ਸਾਨੂੰ ਭੀੜ ਤੋਂ ਅਲੱਗ ਕਰਕੇ ਸਾਡੀ ਪਹਿਚਾਣ ਬਣਾਉਂਦੀ ਹੈ।

ਸੁਪ੍ਰੀਤ ਕੌਰ
ਦਸਵੀਂ ਜਮਾਤ


ਸੁੰਦਰਤਾ ਕੀ ਹੈ?

ਸੁੰਦਰਤਾ ਇਨਾਸਾਨ ਦੇ ਮਨ ਤੇ ਵਿਵਹਾਰ ਵਿਚ ਛੁਪੀ ਹੁੰਦੀ ਹੈ। ਇਸ ਸੁੰਦਰਤਾ ਨੂੰ ਅੱਖਾਂ ਨਹੀਂ ਦੇਖ ਸਕਦੀਆਂ। ਇਹ ਤਾਂ ਇਕ ਅਹਿਸਾਸ ਹੈ ਜੋ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਸਿਰਫ ਚਿਹਰੇ ਦੀ ਸੁੰਦਰਤਾ ਨਾਲ ਇਨਸਾਨ ਸੁੰਦਰ ਨਹੀਂ ਹੁੰਦਾ ਬਲਕਿ ਨਿਰਮਲ ਤੇ ਕੋਮਲ ਸ਼ਖਸ਼ੀਅਤ ਨਾਲ ਸੁੰਦਰਤਾ ਜਾਣੀ ਜਾਂਦੀ ਹੈ। ਜਿਸ ਦਾ ਦਿਲ ਸੋਹਣਾ ਤੇ ਪਵਿੱਤਰ ਹੈ ਉਸ ਦੇ ਅੰਦਰ ਮਾਨੋਂ ਪ੍ਰਮਾਤਮਾ ਦਾ ਪ੍ਰਤਿਬਿੰਬ ਹੁੰਦਾ ਹੈ।

ਸੁੰਦਰਤਾ ਮਨ ਦਾ ਗੁਣ ਹੈ। ਸੁੰਦਰਤਾ ਦਾ ਰਾਜ਼ ਮੁਸਕਾਨ ਵਿਚ ਛੁਪਿਆ ਹੁੰਦਾ ਹੈ। ਜੋ ਮਨ ਨੂੰ ਹਸਾਉਣਾ ਜਾਣਦੇ ਹਨ ਉਹ ਸੁੰਦਰਤਾ ਦੇ ਮਾਲਕ ਹੁੰਦੇ ਹਨ। ਸੱਚੀ ਸੁੰਦਰਤਾ ਸਾਡੇ ਅੰਤਰੀਵੀ ਦਿੱਵ ਗੁਣਾਂ ਵਿਚੋਂ ਝਲਕਦੀ ਹੈ। ਨਿਮਰਤਾ, ਸ਼ਾਲੀਨਤਾ, ਗੰਭੀਰਤਾ, ਸਾਦਗੀ ਅਤੇ ਇਮਾਨਦਾਰੀ ਵਾਸਤਵਿਕ ਰੂਪ ਵਿਚ ਸੁੰਦਰਤਾ ਹਨ। ਸੁੰਦਰਤਾ ਆਂਤਰਿਕ ਸੌਂਦਰਯ ਹੈ ਅਰਥਾਤ ਆਤਮਿਕ ਗੁਣਾਂ ਦਾ ਵਿਕਾਸ।

ਜਸਕਰਨ ਸਿੰਘ
ਛੇਵੀਂ ਜਮਾਤ