ਗਲੋਬਲ ਸਿੱਖ ਵਿਯਨ-2025

ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਦੇਸ਼ ਜਾਂ ਕੌਮ ਦੀ ਕਿਸਮਤ ਦਾ ਨਿਰਮਾਣ ਵਿਦਿਅਕ ਅਦਾਰਿਆਂ ਦੀਆਂ ਜਮਾਤਾਂ ਵਿਚ ਹੁੰਦਾ ਹੈ। ਜਮਾਤ ਕੰਧਾਂ ਦੇ ਸਹਾਰੇ ਖੜੀ ਕੀਤੀ ਛੱਤ, ਬੈਂਚ ਜਾਂ ਕੁਰਸੀਆਂ ਦਾ ਨਾਂ ਨਹੀਂ। ਨਾ ਹੀ ਇਹ ਕੁਝ ਵਿਅਕਤੀਆਂ ਦੇ ਇਕੱਠ ਦਾ ਨਾਮ ਹੈ। ਫਿਰ ਉਹ ਕਿਹੜੀ ਚੀਜ਼ ਹੈ ਜੋ ਜਮਾਤ ਦੀ ਹੋਂਦ ਦਾ ਕਾਰਨ ਬਣਦੀ ਹੈ? ਜੁਆਬ ਵਿਚ ਕਿਹਾ ਜਾ ਸਕਦਾ ਹੈ ਕਿ ਜਮਾਤ ਦੀ ਹੋਂਦ ਲਈ ਦੋ ਚੀਜ਼ਾਂ ਲੋੜੀਂਦੀਆਂ ਹਨ-ਇਕ ਗਿਆਨ ਪ੍ਰਦਾਤਾ ਯਨੀ ਕਿ ਅਧਿਆਪਕ ਤੇ ਦੂਸਰੇ ਗਿਆਨ ਗ੍ਰਹਿਤਾ ਯਨੀ ਕਿ ਵਿਦਿਆਰਥੀ। ਜਿਥੇ ਇਹ ਦੋਵੇਂ ਇਕੱਠੇ ਹੋ ਜਾਣ ਉਥੇ ਜਮਾਤ ਬਣ ਜਾਂਦੀ ਹੈ–ਚਾਹੇ ਉਹ ਕੋਈ ਖੁਲ੍ਹਾ ਮੈਦਾਨ ਹੀ ਕਿਉਂ ਨਾ ਹੋਵੇ ਜਾਂ ਫਿਰ ਕਿਸੇ ਘਰ ਦਾ ਕੋਈ ਕੋੋਨਾ। ਜਮਾਤ ਵਿਚ ਦੋਹਾਂ ਵਿਅਕਤੀਆਂ ਵਿਚ ਇਕ ਵਸਤ ਸਾਂਝੀ ਹੁੰਦੀ ਹੈ ਤੇ ਉਹ ਹੈ ਗਿਆਨ। ਅਧਿਆਪਕ ਕੋਲ ਦੇਣ ਲਈ ਗਿਆਨ ਹੋਵੇ ਤੇ ਵਿਦਿਆਰਥੀ ਵਿਚ ਗਿਆਨ ਗ੍ਰਹਿਣ ਕਰਨ ਦੀ ਲਾਲਸਾ ਹੋਵੇ। ਜੇ ਅਜਿਹਾ ਨਹੀਂ ਤਾਂ ਉਹ ਹੋਰ ਕੁਝ ਵੀ ਹੋ ਸਕਦੀ ਹੈ ਪਰ ਜਮਾਤ ਨਹੀਂ। ਅੰਗਰੇਜ਼ਾਂ ਨੇ ਇਸ ਨੂੰ ਕਲਾਸ ਰੂਮ ਕਿਹਾ ਹੈ। ਉਨ੍ਹਾਂ ਦਾ ਸਭਿਆਚਾਰ ‘ਰੂਮ’ ਤਕ ਸੀਮਤ ਹੋ ਸਕਦਾ ਹੈ ਪਰ ਸਾਡੇ ਸਭਿਆਚਾਰ ਵਿਚ ਜਮਾਤ ਕੇਵਲ ਰੂਮ ਨਹੀਂ। ਖੈਰ! ਵਿਦਵਾਨਾਂ ਦੁਆਰਾ ਕੌਮ ਦੇ ਨਿਰਮਾਣ ਦੀ ਜਗ੍ਹਾਂ ਜਮਾਤ ਨੂੰ ਦੱਸਣਾ ਆਪਣੇ ਆਪ ਵਿਚ ਇਕ ਬਹੁਤ ਵੱਡਾ ਫ਼ਲਸਫਾ ਛੁਪਾਈ ਬੈਠਾ ਹੈ। ਆਉ ਜ਼ਰਾ ਇਸ ਫ਼ਲਸਫੇ ਦੀ ਆਤਮਾ ਤੱਕ ਪਹੁੰਚਣ ਦਾ ਯਤਨ ਕਰੀਏ।

ਪ੍ਰਾਚੀਨ ਭਾਰਤੀ ਪਰੰਪਰਾ ਵਿਚ ਅਧਿਆਪਕ ਨੂੰ ਰੱਬ ਤੋਂ ਦੂਜੇ ਦਰਜੇ ਤੇ ਸਮਝ ਕੇ ‘ਗੁਰੂ’ ਪਦ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਉਸ ਕੋਲੋਂ ਆਸ ਕੀਤੀ ਜਾਂਦੀ ਸੀ ਕਿ ਉਹ ਰੱਬ ਦੇ ਪੈਦਾ ਕੀਤੇ ਇਨਸਾਨ ਨੂੰ ਰੱਬੀ ਗੁਣਾਂ ਨਾਲ ਭਰਪੂਰ ਕਰਕੇ ਦੈਵੀ ਸ਼ਖ਼ਸੀਅਤ ਦਾ ਸੁਆਮੀ ਬਣਾਏ। ਅਧਿਆਪਕ ਦਾ ਵਾਹ ਹੱਡ ਮਾਸ ਤੇ ਦਿਲ ਦਿਮਾਗ ਵਾਲੇ ਉਨ੍ਹਾਂ ਵਿਅਕਤੀਆਂ ਨਾਲ ਪੈਂਦਾ ਹੈ ਜਿਨ੍ਹਾਂ ਦੀਆਂ ਉਸ ਵਾਂਗ ਹੀ ਆਪਣੀਆਂ ਰੀਝਾਂ, ਆਪਣੀਆਂ ਉਮੰਗਾਂ, ਆਪਣੇ ਟੀਚੇ ਤੇ ਆਪਣੇ ਨਿਸ਼ਾਨੇ ਹੁੰਦੇ ਹਨ। ਉਨ੍ਹਾਂ ਨੇ ਕੁਝ ਕਰਨਾ ਹੈ, ਕੁਝ ਬਣਨਾ ਹੈ, ਨਵੀਆਂ ਲੀਹਾਂ ਪਾਉਣੀਆਂ ਹੁੰਦੀਆਂ ਹਨ ਤੇ ਨਵੇਂ ਯੁਗ ਸਿਰਜਨੇ ਹੁੰਦੇ ਹਨ। ਇਸ ਲਈ ਅਧਿਆਪਕ ਦੇ ਸਿਰ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਸ ਨੇ ਵਿਦਿਆਰਥੀਆਂ ਦੇ ਵਿਅਕਤਿਤਵ ਦੇ ਸਹੀ ਵਿਕਾਸ ਲਈ ਹਰ ਵਿਦਿਆਰਥੀ ਅੰਦਰ ਛੁਪੇ ਗੁਣਾਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਸਹੀ ਨੁਹਾਰ ਪ੍ਰਦਾਨ ਕਰਨ ਲਈ ਸੁਯੋਗ ਅਗਵਾਈ ਦੇਣੀ ਹੁੰਦੀ ਹੈ। ਇਸੇ ਲਈ ਸਰ ਜਾਹਨ ਐਡਮਜ਼ ਨੇ ਅਧਿਆਪਕ ਨੂੰ ਮਨੁਖ ਦਾ ਸਿਰਜਨਹਾਰ ਅਤੇ ਹਮਾਯੂੰ ਕਬੀਰ ਨੇ ਕੌਮ ਦੀ ਹੋਣੀ ਦਾ ਸਿਰਜਕ ਆਖਿਆ ਹੈ।

ਜਮਾਤ ਦੀ ਦੂਸਰੀ ਮਹੱਤਵਪੂਰਨ ਇਕਾਈ ਹੈ ਵਿਦਿਆਰਥੀ। ਵਿਦਿਆਰਥੀ ਵਿਦਿਆ ਰੂਪੀ ਰੱਥ ਦਾ ਚਾਲਕ ਹੈ। ਵਿਦਿਆ ਸ਼ਬਦ ‘ਵਿਦ’ ਧਾਤੂ ਤੋਂ ਬਣਿਆ ਹੈ ਜਿਸ ਦੇ ਅਰਥ ਹਨ-ਜਾਣਨਾ ਜਾਂ ਗਿਆਨ। ਐਲਬਰਟ ਆਨਸਟਾਈਨ ਦੇ ਸ਼ਬਦਾਂ ਵਿਚ ਵਿਦਿਆ ਉਹ ਚੀਜ਼ ਹੈ ਜੋ ਸਕੂਲ ਵਿਚ ਸਿੱਖੀ ਹਰ ਚੀਜ਼ ਭੁਲ ਜਾਣ ਤੋਂ ਬਾਅਦ ਵੀ ਯਾਦ ਰਹਿੰਦੀ ਹੈ। ਵਿਦਿਆਰਥੀ ਅਧਿਆਪਕ ਦੀ ਅਗਵਾਈ ਵਿਚ ਦੂਜਿਆਂ ਨਾਲ ਗਿਆਨ ਤੇ ਗੁਣਾਂ ਦੀ ਸਾਂਝ ਪਾਉਂਦਾ ਹੈ, ਆਪਣੀ ਯੋਗਤਾ ਨੂੰ ਵਧਾਉਂਦਾ ਹੈ ਤੇ ਭ੍ਰਿਸ਼ਟ ਜੀਵਨ ਨੂੰ ਸੋਧਣ ਲਈ ਉਸਾਰੂ ਕਾਰਜ ਕਰਦਾ ਹੈ। ਵਿਦਿਆਰਥੀ ਨੂੰ ਸਿੱਖਿਆਰਥੀ ਵੀ ਕਿਹਾ ਜਾਂਦਾ ਹੈ। ਵਿਅਕਤੀ ਦਾ ਵਿਕਾਸ ਸਿੱਖਿਆ ਉਤੇ ਨਿਰਭਰ ਕਰਦਾ ਹੈ। ਜੇ ਸਿੱਖਿਆ ਦੇ ਮੂਲ ਸ੍ਰੋਤ ਦੇ ਅਧਾਰ ਤੇ ਇਸ ਸ਼ਬਦ ਦੇ ਅਰਥ ਲੱਭੀਏ ਤਾਂ ਪਤਾ ਲਗਦਾ ਹੈ ਕਿ ਸਿੱਖਿਆ ਵਿਅਕਤੀ ਅੰਦਰ ਬਾਹਰੋਂ ਕੁਝ ਪਾਉਣ ਦਾ ਨਾਂ ਨਹੀਂ, ਸਗੋਂ ਉਸ ਦੇ ਅੰਦਰ ਦੀਆਂ ਲੁਕੀਆਂ ਹੋਈਆਂ ਸ਼ਕਤੀਆਂ ਨੂੰ ਬਾਹਰ ਕੱਢਣ ਦੀ ਪ੍ਰਕ੍ਰਿਆ ਨੂੰ ਸਿੱਖਿਆ ਕਿਹਾ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਬੀਜ ਵਿਚ ਦਰਖ਼ਤ ਛੁਪਿਆ ਤਾਂ ਹੁੰਦਾ ਹੈ ਪਰ ਪ੍ਰਗਟ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਅਨੁਕੂਲ ਵਾਤਾਵਰਣ, ਖਾਦ, ਪਾਣੀ ਆਦਿ ਮਿਲਦਾ ਹੈ। ਹਰ ਮਨੁਖ ਨੂੰ ਪ੍ਰਮਾਤਮਾ ਨੇ ਕੁਝ ਸ਼ਕਤੀਆਂ ਦੇ ਕੇ ਭੇਜਿਆ ਹੈ। ਬਹੁਤ ਵਾਰ ਮਨੁਖ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਆਪਣੇ ਗੁਣਾਂ ਨੂੰ ਪਹਿਚਾਣ ਨਹੀਂ ਸਕਦਾ। ਵਿੱਦਿਆ ਨੇ ਉਸ ਨੂੰ ਆਪਣੇ ਅੰਦਰ ਛੁਪੀਆਂ ਸ਼ਕਤੀਆਂ ਪ੍ਰਤੀ ਚੇਤੰਨ ਕਰਨਾ ਹੁੰਦਾ ਹੈ। ਇਸੇ ਲਈ William Deresiewiczis ਨੇ ਸਿੱਖਿਆ ਨੂੰ ਰੁਜ਼ਗਾਰ ਨਹੀਂ ਰੂਹ ਦਾ ਨਿਰਮਾਤਾ ਕਿਹਾ ਹੈ। ਸਿੱਖਿਆ ਜਿਥੇ ਚੰਗੇ ਮੁਲ (values) ਸਿਖਾਉਂਦੀ ਹੈ ਉਥੇ ਮੁਲਹੀਣਤਾ (Disvalues) ਤੋਂ ਬਚਾਉਣ ਦਾ ਕਾਰਜ ਵੀ ਕਰਦੀ ਹੈ। ਇਹੀ ਕਾਰਨ ਹੈ ਕਿ ਸਿੱਖਿਆ ਪ੍ਰਦਾਤਾ (ਅਧਿਆਪਕ) ਉਪਰ ਦੋਹਰੀ ਜ਼ਿੰਮੇਵਾਰੀ ਆ ਪੈਂਦੀ ਹੈ-ਪਹਿਲੀ ਚੰਗੇ ਮੁਲ ਸਿਖਾਉਣ ਦੀ ਤੇ ਦੂਸਰੀ ਮੁਲਹੀਣਤਾ ਤੋਂ ਬਚਾਉਣ ਦੀ। ਇਹ ਕੰਮ ਅਧਿਆਪਕ ਕੇਵਲ ਜਾਣਕਾਰੀ ਦੇਣ ਤਕ ਹੀ ਸੀਮਤ ਰਹਿ ਕੇ ਨਹੀਂ ਕਰ ਸਕਦਾ। ਜਾਣਕਾਰੀ ਤਾਂ ਪੁਸਤਕਾਂ ਵਿਚੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਧਿਆਪਕ ਨੇ ਜਾਣਕਾਰੀ ਨੂੰ ਗਿਆਨ ਵਿਚ ਤਬਦੀਲ ਕਰਨਾ ਹੁੰਦਾ ਹੈ ਅਤੇ ਵਿਦਿਆਰਥੀ ਨੂੰ ਇਕ ਸੁਸਿਖਿਅਤ ਵਿਅਕਤੀ ਬਣਾ ਕੇ ਉਸ ਦੇ ਸਰਬਪੱਖੀ ਵਿਕਾਸ ਲਈ ਸੇਧ ਦੇਣ ਵਿਚ ਉਸ ਦਾ ਪੱਥ ਪ੍ਰਦਰਸ਼ਨ ਕਰਨਾ ਹੁੰਦਾ ਹੈ। ਮਾਪੇ ਜੀਵਨ ਦੇਂਦੇ ਹਨ ਪਰ ਚੰਗੇ ਜੀਵਨ ਦੀ ਘਾੜਤ ਇਕ ਅਧਿਆਪਕ ਕਰਦਾ ਹੈ। ਵਿਦਿਆਰਥੀ ਦੇ ਵਿਅਕਤਿਤਵ ਦੀ ਉਸਾਰੀ ਲਈ ਅਧਿਆਪਕ ਨੂੰ ਨਮੂਨੇ ਦਾ ਜੀਵਨ ਜੀਣਾ ਪੈਂਦਾ ਹੈ। ਸਿੱਖਿਆ ਸ਼ਾਸ਼ਤਰੀ ਕਹਿੰਦੇ ਹਨ ਚੰਗਾ ਚਰਿੱਤਰ ਸਿੱਖਿਆ ਨਹੀਂ ਜਾਂਦਾ, ਇਹ ਤਾਂ ਨਕਲ ਕੀਤਾ ਜਾਂਦਾ ਹੈ। ਵਿਦਿਆਰਥੀ ਸਾਹਮਣੇ ਨਮੂਨੇ ਦਾ ਜੀਵਨ ਜੀਣ ਨਾਲ ਆਦਰਸ਼ਕ ਜੀਵਨ ਘੜਨ ਲਈ ਮਿਹਨਤ ਨਹੀਂ ਕਰਨੀ ਪੈਂਦੀ।

ਅਧਿਆਪਕ ਅਤੇ ਵਿਦਿਆਰਥੀ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿਚ ਤੀਸਰੀ ਚੀਜ਼ ਗਿਆਨ ਹੈ ਜੋ ਵਿਦਿਆਰਥੀ ਨੇ ਅਧਿਆਪਕ ਕੋਲੋਂ ਗ੍ਰਹਿਣ ਕਰਨਾ ਹੈ ਯਨੀ ਕਿ ਤੀਸਰਾ ਮਹੱਤਵ ਉਨ੍ਹਾਂ ਪੁਸਤਕਾਂ ਅਤੇ ਵਿਸ਼ਿਆਂ ਦਾ ਹੈ ਜੋ ਜਮਾਤ ਵਿਚ ਪੜ੍ਹਾਏ ਜਾਣੇ ਹਨ। ਵਿਦਿਆ ਦੇ ਪਾਠਕ੍ਰਮ ਤੇ ਵਿਦਿਆਰਥੀਆਂ ਦੇ ਵਿਚਾਰਾਂ ਦਾ ਗਹਿਰਾ ਸਬੰਧ ਹੈ। ਇਤਿਹਾਸ ਗਵਾਹ ਹੈ ਕਿ ਜਿਥੇ ਕੈਂਬਰਿਜ ਯੂਨੀਵਰਸਿਟੀ ਦੇ ਪੜ੍ਹੇ ਵਿਦਿਆਰਥੀ ਰਾਜਤੰਤਰ ਵਿਰੋਧੀ ਹੁੰਦੇ ਸਨ ਉਥੇ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਵਿਦਿਆਰਥੀ ਰਾਜਤੰਤਰ ਦੇ ਉਤਸ਼ਾਹੀ ਸਮਰਥਕ। ਓਲੀਵਰ ਕ੍ਰਾਮਵੈੱਲ ਜਿਸ ਨੇ ਪਹਿਲੀ ਵਾਰ ਇੰਗਲੈਂਡ ਵਿਚ ਰਾਜਤੰਤਰ ਖਤਮ ਕਰਕੇ ਗਣਤੰਤਰ ਦੀ ਸਥਾਪਨਾ ਕੀਤੀ ਕੈਂਬਰਿਜ ਯੁਨੀਵਰਸਿਟੀ ਦਾ ਹੀ ਵਿਦਿਆਰਥੀ ਸੀ। ਇਸ ਤਰ੍ਹਾਂ ਵਿਦਿਆ ਸਮਾਜ ਨੂੰ ਉਸਾਰਨ ਜਾਂ ਢਾਹੁਣ ਦੀ ਜ਼ਿੰਮੇਵਾਰ ਬਣਦੀ ਹੈ। ਜਿਥੇ ਉਸਾਰੂ ਪਾਠਕ੍ਰਮ ਸਮਾਜ ਨੂੰ ਉੱਚ ਚਰਿਤਰਵਾਨ ਨਾਗਰਿਕ ਪ੍ਰਦਾਨ ਕਰਦਾ ਹੈ ਉਥੇ ਸਮਾਜ ਵਿਚ ਪ੍ਰਚਲਿਤ ਗਲਤ ਕਦਰਾਂ ਕੀਮਤਾਂ ਉੱਥੋਂ ਦੇ ਵਿੱਦਿਅਕ ਪਾਠਕ੍ਰਮ ਦੀ ਨਾਕਾਮੀ ਦਾ ਜ਼ਿੰਦਾ ਸਬੂਤ ਹੁੰਦੀਆਂ ਹਨ।

ਆਉ ਹੁਣ ਸਿੱਖਿਆ ਦੇ ਖੇਤਰ ਵਿਚ ਗਲੋਬਲ ਸਿੱਖ ਵਿਯਨ ਦੀ ਗੱਲ ਕਰਦਿਆਂ ਇਨ੍ਹਾਂ ਤਿੰਨਾਂ ਨੂੰ ਇਕ ਇਕ ਕਰ ਕੇ ਵਿਚਾਰੀਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਧਿਆਪਕ ਦੀ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਅਧਿਆਪਕ ਨੇ ਇਕ ਚੰਗੇ ਜੀਵਨ ਨੂੰ ਯਕੀਨੀ ਬਣਾਉਣਾ ਹੁੰਦਾ ਹੈ। ਅਗਿਆਨਤਾ ਦੇ ਮੋਰਚੇੇ ਤੇ ਵਾਰ ਕਰ ਕੇ ਗਿਆਨ ਨੂੰ ਵਿਜਯੀ ਬਣਾਉਂਣਾ ਹੁੰਦਾ ਹੈ। ਇਸ ਲਈ ਅਧਿਆਪਕ ਦਾ ਕੰਮ ਉਸੇ ਦਿਨ ਹੀ ਸ਼ੁਰੂ ਹੋ ਜਾਂਦਾ ਹੈ ਜਿਸ ਦਿਨ ਕੋਈ ਬੱਚਾ ਵਿੱਦਿਆ ਪ੍ਰਾਪਤੀ ਲਈ ਸਕੂਲ ਵਿਚ ਦਾਖਲਾ ਲੈਂਦਾ ਹੈ। ਇਕ ਵਾਰ ਕਿਸੇ ਨੇ ਪੁਛਿਆ ਕਿ ਬੱਚੇ ਦੀ ਸਹੀ ਪਰਿਵਰਸ਼ ਦੀ ਤਿਆਰੀ ਕਿਸ ਉਮਰ ਵਿਚ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੁਆਬ ਆਇਆ ‘ਉਸ ਦੇ ਜਨਮ ਤੋਂ 25 ਵਰ੍ਹੇ ਪਹਿਲਾਂ’। ਸੁਣਨ ਵਾਲੇ ਹੈਰਾਨ ਹੋਏ ਕਿ ਇਹ ਕਿਵੇਂ ਤਾਂ ਉਸ ਵਿਦਵਾਨ ਨੇ ਸਮਝਾਇਆ ਕਿ 25 ਵਰ੍ਹੇ ਪਹਿਲਾਂ ਜਦੋਂ ਉਸ ਦੀ ਮਾਂ ਦਾ ਜਨਮ ਹੋਏ। ਉਸ ਦੀ ਮਾਂ ਨੂੰ ਠੀਕ ਟ੍ਰੇਨਿੰਗ ਦਿੱਤੀ ਜਾਏਗੀ ਤਾਂ ਬੱਚੇ ਦੀ ਟ੍ਰੇਨਿੰਗ ਆਪੇ ਹੀ ਠੀਕ ਹੋਏਗੀ। ਇਸੇ ਸੰਦਰਭ ਵਿਚ ਦੇਖੀਏ ਕਿ ਵਿਦਿਆਰਥੀ ਨੂੰ ਕਿਸ ਉਮਰ ਵਿਚ ਉੱਚ ਆਦਰਸ਼ਾਂ ਦੀ ਸੋਝੀ ਕਰਾਉਣੀ ਚਾਹੀਦੀ ਹੈ ਤਾਂ ਜੁਆਬ ਇਹੀ ਹੋਏਗਾ ‘ਉਸ ਦੇ ਸਕੂਲ ਦਾਖਲ ਹੋਣ ਤੋਂ 20 ਸਾਲ ਪਹਿਲਾਂ ਜਦੋਂ ਉਸ ਦੇ ਅਧਿਆਪਕ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਏ।’ ਸੋ ਅਧਿਆਪਕਾਂ ਦੀ ਚੋਣ ਵੇਲੇ ਉਨ੍ਹਾਂ ਦੀ ਵਿਦਿਅਕ ਯੋਗਤਾ ਦੇ ਨਾਲ ਨਾਲ ਉਨ੍ਹਾਂ ਦੀ ਬੋਲ ਬਾਣੀ, ਵਿਚਾਰਾਂ, ਪਹਿਰਾਵੇ ਅਤੇ ਮਨੋ-ਬਿਰਤੀ (attitude) ਵੱਲ ਖਾਸ ਧਿਆਨ ਦਿੱਤਾ ਜਾਏ। ਇਕ ਚੰਗਾ ਅਧਿਆਪਕ ਆਪਣੀ ਦਸਤਾਰ, ਗੁਫ਼ਤਾਰ ਤੇ ਰਫ਼ਤਾਰ ਤੋਂ ਪਹਿਚਾਣਿਆ ਜਾਂਦਾ ਹੈ। ਉਸ ਦਾ ਸੁਭਾਅ ਸ਼ਾਤ, ਆਵਾਜ਼ ਮਿੱਠੀ ਅਤੇ ਵਿਹਾਰ ਨਿਮਰ ਤੇ ਸ਼ਿਸ਼ਟਤਾ ਭਰਿਆ ਹੋਵੇ। ਅਧਿਆਪਕ ਨੇ ਕਿਉਂ ਕਿ ਵਿਦਿਆਰਥੀ ਨੂੰ ਮਨ ਇੱਛਿਤ ਢਾਂਚੇ ਵਿਚ ਢਾਲਣਾ ਹੁੰਦਾ ਹੈ ਇਸ ਲਈ ਅਧਿਆਪਕਾਂ ਦੀ ਚੋਣ ਵੇਲੇ ਅਜਿਹੇ ਵਿਅਕਤੀਆਂ ਨੂੰ ਪਹਿਲ ਦਿੱਤੀ ਜਾਏ ਜਿਨ੍ਹਾਂ ਦੀ ਪ੍ਰ੍ਰੇਰਨਾ ਪਿਆਰ ਭਰੀ ਹੋਵੇ, ਅਗਵਾਈ ਸਹਾਇਤਾ ਭਰੀ, ਉਪਦੇਸ਼ ਸਿਆਣਪ ਭਰੇ, ਦਲੀਲ ਮਿਠਾਸ ਭਰੀ ਤੇ ਲਾਪਰਵਾਹ ਵਿਦਿਆਰਥੀਆਂ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਕਰੜਾਈ ਭਰੀ ਨਰਮੀ ਤੇ ਨਰਮੀ ਭਰੀ ਕਰੜਾਈ ਹੋਵੇ। ਇਕ ਸਿਆਣਾ ਅਧਿਆਪਕ ‘BE POLITE BUT FIRM’ ਦੇ ਅਸੂਲ ਦਾ ਧਾਰਨੀ ਹੁੰਦਾ ਹੈ। ਸੋ ਜੇ ਅਸੀਂ ਸਿੱਖੀ ਅਸੂਲਾਂ ਅਨੁਸਾਰ ਸਿੱਖਿਆ ਦਾ ਪ੍ਰਸਾਰ ਚਾਹੁੰਦੇ ਹਾਂ ਤਾਂ ਪਹਿਲਾ ਧਿਆਨ ਸਾਨੂੰ ਆਦਰਸ਼ ਅਧਿਆਪਕਾਂ ਦੀ ਨਿਯੁਕਤੀ ਵਲ ਦੇਣਾ ਪਏਗਾ। ਅਧਿਆਪਕ ਵਿਚ ਪਾਏ ਜਾਣ ਵਾਲੇ ਉਪਰ ਦੱਸੇ ਗੁਣ ਉਸੇ ਵਿਅਕਤੀ ਵਿਚ ਹੀ ਹੋਣਗੇ ਜੋ ਧਾਰਮਿਕ ਬਿਰਤੀ ਦਾ ਹੋਏਗਾ। ਧਰਮ ਕੇਵਲ ਫਿਲਾਸਫੀਆਂ ਦਾ ਗਿਆਨ ਜਾਂ ਰੀਤੀ ਰਿਵਾਜਾਂ ਦਾ ਨਾਂ ਨਹੀਂ। ਇਹ ਤਾਂ ਵਿਸ਼ਵਾਸ ਤੇ ਅਮਲ ਦੀ ਚੀਜ਼ ਹੈ। ਇਸ ਵਿਚ ਕੇਵਲ ‘ਜਾਣਨਾ’ ਕੋਈ ਕੀਮਤ ਨਹੀਂ ਰੱਖਦਾ। ਇਥੇ ਵਿਸ਼ਵਾਸ ਤੇ ਅਮਲਾਂ ਵਿਚ ਢੱਲਿਆ ਹੋਇਆ ਜੀਵਨ ਲੋੜੀਂਦਾ ਹੈ। ਸੋ ਸਿੱਖਿਆ ਦੇ ਸਬੰਧ ਵਿਚ ਪਹਿਲਾ ਧਿਆਨਯੋਗ ਨੁਕਤਾ ਅਧਿਆਪਕ ਦੀ ਚੋਣ ਦਾ ਹੈ।

ਜਦੋਂ ਕੋਈ ਵਿਅਕਤੀ ਅਧਿਆਪਕ ਦੀ ਚੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਏ ਅਤੇ ਉਸ ਨੂੰ ਕਿਸੇ ਵਿਸ਼ੇਸ਼ ਵਿਸ਼ੇ ਲਈ ਨਿਯੁਕਤ ਕਰ ਲਿਆ ਜਾਏ ਤਾਂ ਉਸ ਲਈ ਲਾਜ਼ਮੀ ਹੋਵੇ ਕਿ ਉਹ ਧਰਮ ਨੂੰ ਇਕ ਜੀਊਂਦੀ ਸੱਤਾ ਬਣਾ ਕੇ ਵਿਦਿਆਲਯ ਦੇ ਵਾਤਾਵਰਣ ਵਿਚ ਪ੍ਰਵੇਸ਼ ਕਰਾਏ। ਧਰਮ ਦੀਆਂ ਸਚਾਈਆਂ ਕੇਵਲ ਗੁਰਬਾਣੀ ਜਾਂ ਸਿੱਖ ਇਤਿਹਾਸ ਰਾਹੀਂ ਹੀ ਨਹੀਂ ਸਗੋਂ ਹਰ ਮਜ਼ਮੂਨ ਰਾਹੀਂ ਸਿਖਾਈਆਂ ਜਾ ਸਕਦੀਆਂ ਹਨ। ਸਾਇੰਸ ਦਾ ਅਧਿਆਪਕ ਆਪਣਾ ਵਿਸ਼ਾ ਪੜਾ੍ਹਉਂਦਿਆਂ ਕੇਸਾਂ ਦੇ ਵਿਗਿਆਨਕ ਪਹਿਲੂ ਦੀ ਗੱਲ ਕਰ ਸਕਦਾ ਹੈ। ਇਤਿਹਾਸ ਦਾ ਅਧਿਆਪਕ ਮਹਾਨ ਵਿਅਕਤੀਆਂ ਦੇ ਜੀਵਨ ਰਾਹੀਂ ਇਨਸਾਨੀਅਤ ਦਾ ਸਬਕ ਦੇ ਸਕਦਾ ਹੈ ਤੇ ਭਾਸ਼ਾ ਦਾ ਅਧਿਆਪਕ ਆਪਣੀ ਸੋਚਣੀ ਨੂੰ ਸਪਸ਼ਟ ਕਹਿਣ ਦੀ ਜਾਚ ਸਿਖਾ ਸਕਦਾ ਹੈ। ਸਭਿਆਚਾਰਕ ਪ੍ਰੋਗਰਾਮਾਂ ਦਾ ਇੰਚਾਰਜ ਨੈਤਿਕ ਕਦਰਾਂ ਕੀਮਤਾਂ ਨੂੰ ਪਹਿਲ ਦੇਵੇ। ਨਾਟਕਾਂ ਵਿਚ ਸਿੱਖ ਪਾਤਰਾਂ ਨੂੰ ਨਾਇਕ ਦਾ ਸਥਾਨ ਦੇਵੇ। ਨਾਟਕਾਂ ਵਿਚ ਮਨੋਰੰਜਕ ਵਾਰਤਾਲਾਪਾਂ ਰਾਹੀਂ ਸਿੱਖੀ ਅਸੂਲਾਂ ਦੀ ਗੱਲ ਕਰੇ। ਇਹ ਢੰਗ ਸਭ ਤੋਂ ਵੱਧ ਕਾਰਗਰ ਸਾਬਤ ਹੋ ਸਕਦਾ ਹੈ ਕਿਉਂ ਕਿ ਸੁਣੀ ਗਈ ਚੀਜ਼ ਨਾਲੋਂ ਵੇਖੀ ਗਈ ਚੀਜ਼ ਦਾ ਅਸਰ ਵਧੇਰੇ ਤੇ ਚਿਰ ਸਥਾਈ ਹੁੰਦਾ ਹੈ। ਅਧਿਆਪਕ ਨੇ ਵਿਦਿਆਰਥੀ ਦੇ ਹੱਥ ਧਰਮ ਦਾ ਦੀਵਾ ਪਕੜਾਉਣਾ ਹੈ ਤਾਂ ਕਿ ਉਹ ਨਾਸਤਿਕਤਾ ਦੀ ਖੱਡ ਵਿਚ ਨਾ ਡਿੱਗ ਪੈਣ। ਪ੍ਰਸਿੱਧ ਵਿਦਵਾਨ ਗੀਥ ਦਾ ਇਹ ਵਿਚਾਰ ਸੌ ਪ੍ਰਤਿਸ਼ਤ ਸਹੀ ਹੈ ਕਿ ਕਿਸੇ ਕੌਮ ਦੀ ਕਿਸੇ ਵੇਲੇ ਦੀ ਕਿਸਮਤ ਦਾ ਨਿਰਭਰ ਉਸ ਕੌਮ ਦੇ ਪੰਜੀਹਾਂ ਸਾਲਾਂ ਤੋਂ ਘੱਟ ਦੇ ਬੱਚਿਆਂ ਦੀਆਂ ਰਾਵਾਂ ਤੇ ਨਿਰਭਰ ਕਰਦਾ ਹੈ। ਪਰ ਨਾਲ ਹੀ ਇਹ ਵੀ ਸੱਚ ਹੈ ਕਿ ਬੱਚਿਆਂ ਦੀਆਂ ਰਾਵਾਂ ਦਾ ਨਿਰਭਰ ਅਧਿਆਪਕ ਦੀਆਂ ਰਾਵਾਂ ਉਪਰ ਹੈ। ਸੋ ਅਧਿਆਪਕ ਦੇ ਸਿਰ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਵਿਦਿਆ ਪ੍ਰਦਾਨ ਕਰਦੇ ਸਮੇਂ ਉਸ ਨੂੰ ਸਿੱਖੀ ਅਸੂਲਾਂ ਦੀ ਗੱਲ ਕਰਨੀ ਪਏਗੀ ਤਾਂ ਹੀ ਵਿਦਿਆ ਵਿਚ ਜਿੰਦ ਹੋਏਗੀ ਨਹੀਂ ਤਾਂ ਇਹ ਨਿਰੀ ਪੁਰੀ ਕਿਤਾਬੀ ਪੜ੍ਹਾਈ ਬਣ ਕੇ ਰਹਿ ਜਾਏਗੀ। ਡੰਕਨ ਗਰੀਨਲੀਸ ਦਾ ਕਥਨ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਅਸਲੀ ਅਧਿਆਪਕ ਉਹ ਹੈ ਜੋ ਹੌਲੀ ਹੌਲੀ ਆਪਣੇ ਵਿਦਿਆਰਥੀਆਂ ਨੂੰ ਪਰਮਾਤਮਾ ਵਲ ਲਗਾਉਂਦਾ ਹੈ, ਆਪਣੇ ਆਪ ਨੂੰ ਉਸ ਦੇ ਅਧੀਨ ਕਰਦਾ ਹੈ, ਮਨੁਖਤਾ ਦੀ ਪਿਆਰ ਨਾਲ ਸੇਵਾ ਕਰਦਾ ਹੈ। ਵਿਦਿਆ ਦਾ ਸਾਰਾ ਦਾਰਮਦਾਰ ਹੀ ਅਧਿਆਪਕ ਦੁਆਲੇ ਘੁੰਮਦਾ ਹੈ। ਅਧਿਆਪਕ ਨੇ ਹੀ ਸਲੇਬਸ ਬਣਾਉਣਾ ਹੁੰਦਾ ਹੈ। ਅਧਿਆਪਕ ਨੇ ਹੀ ਪੜ੍ਹਾਉਣ ਦੀ ਸਮੱਗਰੀ ਬਣਾਉਣੀ ਹੁੰਦੀ ਹੈ, ਅਧਿਆਪਕ ਨੇ ਹੀ ਅਨੁਸ਼ਾਸ਼ਨ ਸਿਖਾਉਣਾ ਹੁੰਦਾ ਹੈ ਅਤੇ ਅਧਿਆਪਕ ਨੇ ਹੀ ਮੁਸ਼ਕਲਾਂ ਨਾਲ ਜੂਝਣ ਦਾ ਵੱਲ ਸਿਖਾਉਣਾ ਹੁੰਦਾ ਹੈ। ਜਦੋਂ ਸਮਾਜ ਵਿਚ ਤੀਬਰ ਤਬਦੀਲੀਆਂ ਆ ਰਹੀਆਂ ਹੋਣ ਤਾਂ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵੀ ਵਧੇਰੇ ਹੋ ਜਾਂਦੀ ਹੈ। ਉਸ ਦਾ ਫ਼ਰਜ਼ ਸਿਰਫ਼ ਪੁਰਾਣੇ ਕਲਚਰ ਨੂੰ ਕਾਇਮ ਰੱਖਣ, ਉਸ ਦੇ ਅਰਥ ਕੱਢਣ ਤੇ ਉਸ ਨੂੰ ਆਉਣ ਵਾਲੀਆਂ ਨਸਲਾਂ ਤਕ ਪਹੁੰਚਾਉਣਾ ਹੀ ਨਹੀਂ ਸਗੋਂ ਸਮਾਜਿਕ ਤਬਦੀਲੀ ਨੂੰ ਸਹੀ ਰੂਪ ਵਿਚ ਵਿਦਿਆਰਥੀਆਂ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਅਧਿਆਪਕ ਸਿਰ ਹੁੰਦੀ ਹੈ। ਉਸ ਨੇ ਨਵੇਂ ਸਮਾਜ ਦੀ ਉਸਾਰੀ ਕਰਕੇ ਉਸ ਨੂੰ ਬਰਾਬਰੀ, ਇਨਸਾਫ਼ ਤੇ ਅਜ਼ਾਦੀ ਉਪਰ ਨਿਰਭਰ ਕਰਨਾ ਹੁੰਦਾ ਹੈ। ਅਜਿਹਾ ਕਰਨ ਲਈ ਇਕ ਸੰਪੂਰਨ ਵਿਅਕਤਿਤਵ ਦੀ ਲੋੜ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਇਕ ਸੰਪੂਰਨ ਵਿਅਕਤਿਤਵ ਦੀ ਘਾੜਤ ਲਈ ਲਗਾ ਦਿੱਤੀ। ਇਕ ਅਧਿਆਪਕ ਦੇ ਗੁਣਾਂ ਦਾ ਜ਼ਿਕਰ ਕਰਦਿਆਂ ਜਿਥੇ ਉਹ ਅਧਿਆਪਕ ਲਈ ਗ੍ਰੰਥਾਂ ਦੇ ਅਧਿਐਨ ਦੀ ਗੱਲ ਕਰਦੇ ਹਨ ਉਥੇ ਉਸ ਵਿਚ ਸੰਪੂਰਨਤਾ ਵਲ ਵਧਣ ਦੀ ਇੱਛਾ ਤੇ ਲਗਨ ਨੂੰ ਵੀ ਲਾਜ਼ਮੀ ਦਸਦੇ ਹਨ।

ਪਾਧਾ ਪੜ੍ਹਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥ (ਪੰਨਾ 937)

ਗਿਆਨ ਅਧਿਆਪਕ ਦੇ ਅੰਦਰੋਂ ਸੋਮੇ ਵਾਂਗ ਫੁਟੇ। ਇਹ ਉਸ ਦਾ ਪ੍ਰੋਫੈਸ਼ਨਲ ਗੁਣ ਵੀ ਹੋਵੇ ਤੇ ਆਤਮਿਕ ਗੁਣ ਵੀ। ਕਹਿਣ ਦਾ ਭਾਵ ਜੇ ਅਸੀਂ ਸਾਰੀ ਦੁਨੀਆਂ ਵਿਚ ਸਿੱਖੀ ਦਾ ਪ੍ਰਚਾਰ ਚਾਹੁੰਦੇ ਹਾਂ ਤਾਂ ਪਹਿਲੀ ਅਤੇ ਮਹੱਤਵਪੂਰਨ ਸ਼ਰਤ ਗੁਰਸਿੱਖ ਅਧਿਆਪਕਾਂ ਨੂੰ ਵਿਦਿਅਕ ਅਦਾਰਿਆਂ ਵਿਚ ਪਹਿਲ ਦੇ ਅਧਾਰ ਤੇ ਥਾਂ ਦੇਣ ਦੀ ਹੈ। ਹੁਣ ਵੱਡਾ ਸੁਆਲ ਇਹ ਹੈ ਕਿ ਅਜਿਹੇ ਅਧਿਆਪਕ ਕਿਥੋਂ ਮਿਲਣ ਜੋ ਆਪਣੇ ਵਿਸ਼ੇ ਵਿਚ ਵੀ ਮਾਹਿਰ ਹੋਣ ਤੇ ਪੂਰਨ ਗੁਰਸਿੱਖ ਵੀ ਹੋਣ। ਏਥੇ ਅਸੀਂ ਕਿਉਂ ਕਿ ਵਿਯਨ 2025 ਦੀ ਗੱਲ ਕਰ ਰਹੇ ਹਾਂ ਇਸ ਲਈ ਅਜਿਹੇ ਅਧਿਆਪਕਾਂ ਦੀ ਤਿਆਰੀ ਲਈ ਸਾਨੂੰ ਅੱਜ ਤੋਂ ਹੀ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ। ਅਧਿਆਤਮ ਵਿਦਿਆ ਦੇ ਆਨ ਲਾਈਨ ਕੋਰਸ ਸ਼ੁਰੂ ਕੀਤੇ ਜਾਣ ਜੋ ਕੋਈ ਵੀ ਆਪਣੀ ਨੌਕਰੀ ਜਾਂ ਪੜ੍ਹਾਈ ਦੇ ਨਾਲ ਨਾਲ ਕਰ ਸਕਦਾ ਹੋਵੇ। ਪਰ ਇਸ ਦੀ ਨਿਊਨਤਮ (minimum) ਵਿਦਿਅਕ ਯੋਗਤਾ ਜ਼ਰੂਰ ਨਿਰਧਾਰਿਤ ਕੀਤੀ ਜਾਏ। ਇਕ ਜਾਂ ਡੇਢ ਸਾਲ ਦੇ ਇਸ ਕੋਰਸ ਵਿਚ ਵਿਦਿਆਰਥੀ ਲਈ ਲਿਖਤੀ ਇਮਤਿਹਾਨ ਦੇਣ ਦੇ ਨਾਲ ਨਾਲ ਇਕ ਖੋਜ ਪੱਤਰ ਲਿੱਖਣ ਦੀ ਸ਼ਰਤ ਵੀ ਹੋਵੇ ਜਿਸ ਦਾ ਪਹਿਲਾਂ synopsis ਤੇ ਫਿਰ dissertation viva ਹੋਵੇ। ਹਰ ਸ਼ਹਿਰ ਵਿਚ ਇਸ ਦਾ ਇਕ ਸਟੱਡੀ ਸੈਂਟਰ ਬਣਾਇਆ ਜਾਏ ਜਿਥੇ ਵਿਦਿਆਰਥੀ ਸਲੇਬਸ ਨਾਲ ਸਬੰਧਿਤ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹੋਣ। ਸੈਂਟਰ ਦੇ ਇੰਨਚਾਰਜ ਉਤੇ ਘੱਟ ਤੋਂ ਘੱਟ ਪੰਜ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਸ਼ਰਤ ਹੋਵੇ। ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਵਪਾਰੀਆਂ ਆਦਿ ਨੂੰ ਵੀ ਇਹ ਕੋਰਸ ਕਰਨ ਦੀ ਖੁਲ੍ਹ ਹੋਵੇ। synopsis ਦੇ topics ਕਿਸੇ ਵੀ ਧਰਮ ਨਾਲ ਸਬੰਧਿਤ ਹੋ ਸਕਦੇ ਹਨ ਕਿਉਂ ਕਿ ਅਜਿਹਾ ਕਰਨ ਨਾਲ ਜਿਥੇ ਵਿਦਿਆਰਥੀ ਵੱਖ ਵੱਖ ਧਰਮਾਂ ਦੇ ਅੰਤਰੀਵ ਮਨੋਰਥਾਂ ਦੀ ਇਕਸੁਰਤਾ ਤੋਂ ਜਾਣੂ ਹੋਣਗੇ ਉਥੇ ਆਪਣੇ ਧਰਮ ਪ੍ਰਤੀ ਗੌਰਵ ਵੀ ਮਹਿਸੂਸ ਕਰਨਗੇ। ਇਹ ਕੰਮ ਸ਼੍ਰੋਮਣੀ ਕਮੇਟੀ ਦਾ ਐਜੂਕੇਸ਼ਨ ਡਿਪਾਰਟਮੈਂਟ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਜਾਂ ਸਮੁਚੇ ਵਿਸ਼ਵ ਵਿਚ ਕਿਤੇ ਵੀ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਹਰ ਵਿਅਕਤੀ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਸਬੰਧਿਤ ਹੋਵੇਗਾ, ਸਿੱਖ ਧਰਮ ਦਾ ਵਿਦਵਾਨ ਤੇ ਪ੍ਰਚਾਰਕ ਬਣ ਸਕਦਾ ਹੈ। ਡਾਕਟਰ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਦੁਆ ਲਈ ਪ੍ਰੇਰ ਸਕੇਗਾ, ਵਕੀਲ ਆਪਣੇ ਕਿੱਤੇ ਵਿਚ ਸੱਚ ਦਾ ਆਸਰਾ ਲੈਣਾ ਸ਼ੁਰੂ ਕਰ ਦੇਵੇਗਾ ਅਤੇ ਸਾਇੰਸਦਾਨ ਦਿੱਸਦੇ ਦੇ ਪਿਛੇ ਛੁਪੇ ਅਣਦਿੱਸਦੇ ਨਾਲ ਜੋੜ ਸਕੇਗਾ।

ਇਸ ਦੇ ਨਾਲ ਹੀ ਘੱਟੋ ਘੱਟ ਖ਼ਾਲਸਾ ਸਕੂਲਾਂ ਕਾਲਜਾਂ ਵਿਚ ਸਵੇਰ ਦੀ ਪ੍ਰਾਰਥਨਾ ਲਾਜ਼ਮੀ ਬਣਾਈ ਜਾਏ। ਵਿਦਿਆ ਕੇਵਲ ਰੋਜ਼ੀ ਕਮਾਉਣ ਦਾ ਸਾਧਨ ਨਹੀਂ, ਨਾ ਹੀ ਇਹ ਕੇਵਲ ਵਿਚਾਰਾਂ ਦੀ ਪੌਦ ਕਿਆਰੀ ਹੈ। ਇਹ ਸਦਗੁਣਾਂ ਦੇ ਅਭਿਆਸ ਅਤੇ ਸਚਾਈ ਦੀ ਭਾਲ ਲਈ ਮਨੁਖੀ ਆਤਮਾਵਾਂ ਦੀ ਸਿਖਲਾਈ ਹੈ। ਅਜਿਹਾ ਕਰਨ ਲਈ ਦਿਨ ਦੀ ਸ਼ੁਰੂਆਤ ਪ੍ਰਭੂ ਭਗਤੀ ਨਾਲ ਕਰਨੀ ਜ਼ਰੂਰੀ ਹੈ। ਅੱਜ ਸਿੱਖਾਂ ਹੀ ਨਹੀਂ ਸਗੋਂ ਸਾਰੇ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਇਸੇ ਕਰਕੇ ਹਨ ਕਿ ਸਿੱਖਿਆ ਨੈਤਿਕ ਅਤੇ ਅਧਿਆਤਮ ਗੁੰਝਲ ਦੇ ਹੱਲ ਦੀ ਥਾਂ ਸਿਰਫ਼ ਦਿਮਾਗੀ ਅਭਿਆਸ ਬਣ ਕੇ ਰਹਿ ਗਈ ਹੈ। ਇਸ ਲਈ ਵਿਦਿਆਰਥੀਆਂ ਸਾਹਮਣੇ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਸਿੱਖ ਵਿਦਵਾਨਾਂ ਅਤੇ ਹੋਰ ਮਹਾਨ ਵਿਅਕਤੀਆਂ ਦੇ ਜੀਵਨ ਰੱਖੇ ਜਾਣ ਤਾਂ ਕਿ ਵਿਦਿਆਰਥੀਆਂ ਦਾ ਜੀਵਨ ਸੁਚੱਜਾ ਬਣਾਇਆ ਜਾ ਸਕੇ। ਇਹ ਸਭ ਸਵੇਰ ਦੀ ਸਭਾ ਵੇਲੇ ਹੀ ਕੀਤਾ ਜਾ ਸਕਦਾ ਹੈ। ਸਵੇਰ ਵੇਲੇ ਬੱਚੇ ਦਾ ਮਨ ਬਿਲਕੁਲ ਤਾਜ਼ਾ ਹੁੰਦਾ ਹੈ। ਉਹ ਪੂਰੇ ਧਿਆਨ ਨਾਲ ਦਿੱਤੀਆਂ ਗਈਆਂ ਸਾਰੀਆਂ ਪ੍ਰੇਰਨਾਵਾਂ ਨੂੰ ਗ੍ਰਹਿਣ ਕਰਦਾ ਹੈ। ਇਸ ਲਈ ਸਵੇਰ ਦੀ ਸਭਾ ਨੂੰ ਇਕ ਮਹੱਤਵਪੂਰਨ ਵਿਸ਼ੇ ਦੀ ਤਰ੍ਹਾਂ ਲਿਆ ਜਾਏ। ਆਮ ਦੇਖਣ ਵਿਚ ਆਉਂਦਾ ਹੈ ਕਿ ਜੇ ਕਿਸੇ ਦਿਨ ਜ਼ਿਆਦਾ ਗਰਮੀ ਜਾਂ ਜ਼ਿਆਦਾ ਸਰਦੀ ਹੋਏ ਜਾਂ ਫਿਰ ਕਿਸੇ ਦਿਨ ਮੀਂਹ ਪੈ ਜਾਏ ਤਾਂ ਸਵੇਰ ਦੀ ਸਭਾ ਰੱਦ ਕਰ ਦਿੱਤੀ ਜਾਂਦੀ ਹੈ। ਪ੍ਰਬੰਧਕ ਸ਼ਾਇਦ ਇਸ ਨੂੰ ਮਜਬੂਰੀ ਕਹਿਣਗੇ ਪਰ ਮਨੋਵਿਗਿਆਨੀਆਂ ਅਨੁਸਾਰ ਅਜਿਹਾ ਵਤੀਰਾ ਬੱਚੇ ਅੰਦਰ ਇਸ ਸਭਾ ਲਈ ਅਰੁਚੀ ਪੈਦਾ ਕਰਦਾ ਹੈ। ਜੇ ਮੌਸਮ ਦੀ ਕਿਸੇ ਵੀ ਹਾਲਤ ਵਿਚ ਹੋਰ ਕੋਈ ਪੀਰੀਅਡ ਨਹੀਂ ਛੱਡਿਆ ਜਾਂਦਾ ਤਾਂ ਫਿਰ ਪ੍ਰਾਰਥਨਾ ਕਿਉਂ? ਅੱਜ ਦੇ ਕੰਪੀਊਟਰ ਯੁਗ ਵਿਚ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਕਰਨਾ ਮੁਸ਼ਕਿਲ ਨਹੀਂ। ਕਮਰਿਆਂ ਵਿਚ ਸਪੀਕਰ ਲਗਾਏ ਜਾ ਸਕਦੇ ਹਨ, L. C. D. ਲੱਗ ਸਕਦੇ ਹਨ ਜਾਂ ਹੋਰ ਵੀ ਕੋਈ ਢੰਗ ਅਪਨਾਇਆ ਜਾ ਸਕਦਾ ਹੈ ਪਰ ਸਵੇਰ ਦੀ ਸਭਾ ਨੂੰ ਯਕੀਨੀ ਬਣਾਇਆ ਜਾਏ। ਅਜਿਹਾ ਕਰਨ ਨਾਲ ਵਿਦਿਆਰਥੀ ਸੁਤੇ ਸਿਧ ਹੀ ਇਸ ਦਾ ਮਹੱਤਵ ਸਮਝ ਜਾਣਗੇ। ਸਵੇਰ ਦੀ ਸਭਾ ਵਿਚ ਹੀ ਮਹਾਨ ਵਿਅਕਤੀਆਂ ਦੇ ਦਿਨ ਵੀ ਮਨਾਏ ਜਾ ਸਕਦੇ ਹਨ। ਕਹਿਣ ਦਾ ਭਾਵ ਇਹ ਕਿ ਇਸ ਸਭਾ ਨੂੰ ਸਾਰੇ ਪੀਰੀਅਡਾਂ ਨਾਲੋਂ ਵੱਧ ਮਹੱਤਵ ਮਿਲਣਾ ਚਾਹੀਦਾ ਹੈ।

ਅਗਲੀ ਗੱਲ ਅਨੁਸ਼ਾਸ਼ਨ ਦੀ ਹੈ। ਰੌਸ (Ross) ਦਾ ਕਹਿਣਾ ਹੈ ਕਿ ਜੇ ਵਿਦਿਆਰਥੀ ਨੇ ਆਪਣਾ ਆਪ ਨੂੰ ਪਹਿਚਾਨਣਾ ਹੋਵੇ ਤਾਂ ਉਸ ਨੂੰ ਵਿਸ਼ੇਸ਼ ਆਜ਼ਾਦੀ ਦੇਣੀ ਚਾਹੀਦੀ ਹੈ ਤੇ ਜੇ ਉਸ ਨੇ ਆਪਣੀਆਂ ਸ਼ਕਤੀਆਂ ਪੂਰਨ ਭਾਂਤ ਵਿਕਸਿਤ ਕਰਨੀਆਂ ਹੋਣ ਤਾਂ ਉਸ ਨੂੰ ਲੋੜੀਂਦਾ ਅਨੁਸ਼ਾਸ਼ਨ ਤੇ ਟ੍ਰੇਨਿੰਗ ਲਈ ਤਿਆਰ ਕਰਨਾ ਚਾਹੀਦਾ ਹੈ। ਸਿੱਖ ਨੇ ਆਪਣਾ ਆਪ ਵੀ ਪਹਿਚਾਨਣਾ ਹੈ ਤੇ ਆਪਣੀਆਂ ਸ਼ਕਤੀਆਂ ਵੀ ਵਿਕਸਿਤ ਕਰਨੀਆਂ ਹਨ। ਇਸ ਲਈ ਗੁਰੂ ਨਾਨਕ ਸਾਹਿਬ ਨੇ ਸਰਬ ਪੱਖੀ ਵਿਕਾਸ ਲਈ ਆਤਮ ਅਨੁਸ਼ਾਸ਼ਨ ਦਾ ਮਾਰਗ ਦਿਖਾਇਆ। ਸਖ਼ਤੀ ਨਾਲ ਲਾਗੂ ਕੀਤੇ ਅਨੁਸ਼ਾਸ਼ਨ ਨਾਲ ਵਿਦਿਆਰਥੀਆਂ ਦਾ ਵਿਅਕਤਿਤਵ ਪੂਰਨ ਭਾਂਤ ਨਹੀਂ ਨਿਖਰਦਾ ਤੇ ਉਹ ਦੱਬੇ ਦੱਬੇ ਰਹਿੰਦੇ ਹਨ। ਇਸ ਲਈ ਵਿਦਿਆਰਥੀਆਂ ਅੰਦਰ ਪਿਆਰ ਨਾਲ ਅਨੁਸ਼ਾਸ਼ਨ ਪੈਦਾ ਕੀਤਾ ਜਾਏ। ਇਸ ਪ੍ਰਕਾਰ ਦਾ ਅਨੁਸ਼ਾਸ਼ਨ ਸਦੀਵੀ ਹੁੰਦਾ ਹੈ। ਇਸ ਪ੍ਰਕਾਰ ਦੇ ਅਨੁਸ਼ਾਸ਼ਨ ਨਾਲ ਹੀ ਸਵੈ-ਪਹਿਚਾਨ ਤੇ ਪ੍ਰਮਾਤਮਾ ਦੀ ਪਹਿਚਾਨ ਆਉਂਦੀ ਹੈ। ਇਹੀ ਵਿਦਿਆ ਦਾ ਮਨੋਰਥ ਹੈ। ਇਸੇ ਲਈ ਗੁਰਬਾਣੀ ਵਿਚ ਸਵੱਛ ਆਚਰਣ ਤੇ ਜ਼ੋਰ ਦਿੱਤਾ ਗਿਆ ਹੈ:

ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ॥ (ਪੰਨਾ 764)

ਅਜਿਹਾ ਕਰਨ ਲਈ ਫੇਰ ਇਕ ਚੰਗੇ ਅਧਿਆਪਕ ਦੀ ਲੋੜ ਹੈ ਜੋ ਵਿਦਿਆਰਥੀਆਂ ਦੀਆਂ ਮਨੋਵਿਗਿਆਨਿਕ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੀ ਅਗਵਾਈ ਕਰੇ। ਗੱਲ ਅਧਿਆਪਕ ਤੇ ਆ ਕੇ ਹੀ ਮੁਕਦੀ ਹੈ। ਜੇ ਅਧਿਆਪਕ ਗੁਰੂ ਨਾਨਕ ਦੇ ਰਾਹ ਦਾ ਪਾਂਧੀ ਬਣ ਕੇ ਵਿਦਿਆਰਥੀਆਂ ਵਿਚ ਵਿਚਰੇਗਾ ਤਾਂ ਕੋਈ ਕਾਰਨ ਨਹੀਂ ਕਿ ਵਿਦਿਆਰਥੀ ਰਾਹ ਤੋਂ ਭਟਕ ਜਾਣ। ਵਿਦਿਆਰਥੀ ਕੋਰੀ ਸਲੇਟ ਹਨ। ਜੋ ਲਿਖ ਦਿਆਂਗੇ ਉਹੀ ਲਿਖਿਆ ਜਾਏਗਾ ਤੇ ਅਧਿਆਪਕ ਦਾ ਲਿਖਿਆ ਕਦੇ ਮਿਟਦਾ ਵੀ ਨਹੀਂ। ਉਸ ਦਾ ਪ੍ਰਭਾਵ ਅਨੰਤ ਕਾਲ ਤਕ ਹੁੰਦਾ ਹੈ।

ਵਿਸ਼ਾ ਬਹੁਤ ਵੱਡਾ ਤੇ ਗੰਭੀਰ ਹੈ ਪਰ ਵਿਸਥਾਰ ਦੇ ਡਰੋਂ ਇਥੇ ਕੇਵਲ ਇਕ ਨੁਕਤਾ ਹੋਰ ਵਿਚਾਰ ਕੇ ਸਮਾਪਤ ਕਰਾਂਗੇ। ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਵਿਦਿਆਰਥੀ ਦੇ ਵਿਚਾਰਾਂ ਉਤੇ ਪਾਠਕ੍ਰਮ ਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਪੁਰਾਤਨ ਸਮੇਂ ਵਿਚ ਵਿਦਿਆਰਥੀਆਂ ਨੂੰ ਜਿਥੇ ਹੋਰਨਾਂ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਸੀ ਉਥੇ ਉਨ੍ਹਾਂ ਦੀ ਸ਼ਖ਼ਸ਼ੀਅਤ ਉਸਾਰੀ ਲਈ ਅਧਿਆਤਮਿਕ ਤੇ ਧਾਰਮਿਕ ਰੰਗਣ ਵਾਲੀ ਨੈਤਿਕ ਸਿੱਖਿਆ ਤੇ ਵੀ ਜ਼ੋਰ ਦਿੱਤਾ ਜਾਂਦਾ ਸੀ। ਪਰੰਤੂ ਅੱਜ ਪੱਛਮ ਦੇ ਵਿਦਿਅਕ ਢਾਂਚੇ ਦੀ ਨਕਲ ਕਰਦਿਆਂ ਹੋਇਆਂ ਅਸੀਂ ਧਰਮ ਦੀ ਸਿੱਖਿਆਂ ਨੂੰ ਪਾਠਕ੍ਰਮ ਦੇ ਘੇਰੇ ’ਚੋਂ ਬਾਹਰ ਰੱਖ ਦਿੱਤਾ ਹੈ। ਇਹੀ ਕਾਰਨ ਹੈ ਕਿ ਅੱਜ ਦਾ ਨੌਜੁਆਨ ਹੋਰ ਅਨੇਕਾਂ ਵਿਸ਼ਿਆਂ ਦੀ ਤਾਂ ਭਰਪੂਰ ਜਾਣਕਾਰੀ ਰੱਖਦਾ ਹੈ ਪਰ ਧਾਰਮਿਕ ਪੱਖੋਂ ਉਹ ਬਹੁਤ ਪਿਛੇ ਰਹਿ ਗਿਆ ਹੈ। ਜਿੰਨੀਆਂ ਵਧੇਰੇ ਪੁਸਤਕਾਂ ਉਹ ਪੜ੍ਹਦਾ ਜਾਂਦਾ ਹੈ ਉਤਨਾ ਹੀ ਉਹ ਗਿਰਾਵਟ ਵਾਲੇ ਪਾਸੇ ਜਾ ਰਿਹਾ ਹੈ। ਪ੍ਰੋ. ਮੋਹਨ ਸਿੰਘ ਜੀ ਲਿਖਦੇ ਹਨ:

ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ

ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਜ਼ਰੂਰੀ ਬਣ ਜਾਂਦਾ ਹੈ ਕਿ ਪਾਠਕ੍ਰਮ ਵਿਚ ‘ਧਰਮ ਦਾ ਵਿਸ਼ਾ’ ਸ਼ਾਮਲ ਕੀਤਾ ਜਾਏ। ਧਰਮ ਦੀ ਸਿੱਖਿਆ ਨਾਲ ਅਨੁਸ਼ਾਸ਼ਨ ਵਿਚ ਵਾਧਾ ਹੋਏਗਾ ਅਤੇ ਫੋਕੇ ਤੇ ਗੈਰ ਵਿਗਿਆਨਕ ਰੀਤੀ ਰਿਵਾਜਾਂ ਤੋਂ ਵੀ ਛੁਟਕਾਰਾ ਮਿਲੇਗਾ। ਜਿਥੇ ਚਾਨਣ ਹੋਵੇ ਉਥੇ ਹਨੇਰਾ ਨਹੀਂ ਰਹਿੰਦਾ। ਬਲਬ ਨੂੰ ਬਿਜਲੀ ਦੇ ਕੇਂਦਰ ਨਾਲ ਜੋੜਨ ਵਾਲੀ ਤਾਰ ਟੁਟ ਜਾਏ ਤਾਂ ਬਲਬ ਦੀ ਰੌਸ਼ਨੀ ਮੁਕ ਜਾਂਦੀ ਹੈ। ਇਸੇ ਤਰ੍ਹਾਂ ਮਨੁਖ ਨੂੰ ਪ੍ਰਕਾਸ਼ਵਾਨ ਬਣਾਉਣ ਲਈ ਧਰਮ ਦੀ ਸਿਖਿਆ ਰਾਹੀਂ ਸੱਚ ਨਾਲ ਲਿਵ-ਤਾਰ ਨਾਲ ਜੋੜਨ ਅਨਿਵਾਰੀ ਹੈ। ਭੁਲਲਵਇਰ ਲਿਖਦਾ ਹੈ ਕਿ ਯੂਨੀਵਰਸਿਟੀ ਵਿਦਿਆ ਤੋਂ ਵਧੀਆ ਕੋਈ ਵਸਤੂ ਨਹੀਂ ਪਰ ਜੇ ਇਹ ਵਿਦਿਆ ‘ਅਸਲੀ ਵਿਦਿਆ’ ਤੋਂ ਸੱਖਣੀ ਹੋਵੇ ਤਾਂ ਇਸ ਤੋਂ ਘਟੀਆ ਗੱਲ ਹੋਰ ਕੋਈ ਨਹੀਂ। ਪ੍ਰੋ. ਪੂਰਨ ਸਿੰਘ ਜੀ ਵੀ ਇਕ ਥਾਂ ਤੇ ਲਿਖਦੇ ਹਨ:

ਜੇ ਕੋਈ ਐੱਮ.ਏ. ਪਾਸ ਕਰਕੇ ਗੁਰ ਉਪਦੇਸ਼ (ਗੁਰਬਾਣੀ) ਨੂੰ ਭੁਲ
ਜਾਏ ਤਾਂ ਮੈਂ ਉਸ ਦੀ ਐੱਮ.ਏ. ਨਿਸਫ਼ਲ ਜਾਣਦਾ ਹਾਂ। ਪਾਪ ਤਾਂ
ਪਾਪ ਹੀ ਹੈ ਧਾਰਮਿਕ ਸੂਝ ਤੋਂ ਬਿਨਾਂ ਕੀਤਾ ਪੁੰਨ ਵੀ ਪਾਪ ਹੈ।
ਧਾਰਮਿਕ ਸੂਝ ਦਿੱਤੇ ਬਿਨਾਂ ਵਿੱਦਿਆ ਦਿਲ ਜੋੜਨ ਦੀ ਥਾਂ ਤੋੜਨ
ਦਾ ਕੰਮ ਕਰਦੀ ਹੈ। ਆਹ! ਸਾਰੀ ਮਾੜਧਾੜ, ਕਤਲ, ਖੂਨ-ਖਰਾਬਾ
ਇਸ ਧਾਰਮਿਕ ਵਿਦਿਆ ਦੀ ਅਣਹੋਂਦ ਸਦਕਾ ਹੈ। ਧਰਮ ਤੋਂ ਕੋਰੇ
ਮਨੁਖ ਰੇਹੜੂ ਨਹੀਂ, ਰੋਹੜੂ ਹੋ ਜਾਂਦੇ ਹਨ।

ਪੱਛਮੀ ਵਿਚਾਰਧਾਰਾ ਜਿੰਨੀ ਪਾਠਕ੍ਰਮ ਨਿਰਧਾਰਿਤ ਕਰਨ ਵਿਚ ਅਸਫ਼ਲ ਰਹੀ ਹੈ ਉਤਨੀ ਹੋਰ ਕਿਸੇ ਵਿਸ਼ੇ ਵਿਚ ਨਹੀਂ। ਅਸੀਂ ਅੰਧਾ ਧੁੰਧ ਪੱਛਮ ਦਾ ਅਨੁਕ੍ਰਣ ਕੀਤਾ ਤੇ ਨਤੀਜਾ ਸਾਡੇ ਸਾਹਮਣੇ ਹੈ। ਸਮਾਜ ਵਿਚ ਆਈ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਹੀ ਵਿਦਿਆਰਥੀਆਂ ਦਾ ਧਰਮ ਤੋਂ ਕੋਰੇ ਹੋਣਾ ਹੈ। ਪਰ ਅਜੇ ਵੀ ਸਮਾਂ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆਉਂਦੇ ਸਾਲਾਂ ਲਈ ਸਿਲੇਬਸ ਨਿਰਧਾਰਿਤ ਕਰਦੇ ਸਮੇਂ ਹਰ ਵਿਸ਼ੇ ਦੇ ਮਾਹਿਰਾਂ ਨਾਲ ਉੱਚ ਜੀਵਨ ਵਾਲੇ ਸਿੱਖ ਵਿਦਵਾਨ ਵੀ ਮੈਂਬਰ ਦੇ ਤੌਰ ਤੇ ਲਏ ਜਾਣ ਤਾਂ ਕਿ ਕੋਈ ਵੀ ਵਿਸ਼ਾ ਧਰਮ ਅਤੇ ਨੈਤਿਕਤਾ ਪੱਖੋਂ ਅਣਗੌਲਿਆ ਨਾ ਰਹਿ ਜਾਏ। ਸਿੱਖ ਧਰਮ ਦੀ ਵਿੱਦਿਆ ਅਲੱਗ ਵਿਸ਼ੇ ਦੇ ਤੌਰ ਤੇ ਤਾਂ ਦਿੱਤੀ ਹੀ ਜਾਏ, ਬਾਕੀ ਵਿਸ਼ਿਆਂ ਦਾ ਸਲੇਬਸ ਵੀ ਇਸ ਤਰ੍ਹਾਂ ਤਿਆਰ ਕੀਤਾ ਜਾਏ ਕਿ ਅਧਿਆਪਕ ਨੂੰ ਧਰਮ ਦੀ ਗੱਲ ਕਰਨੀ ਹੀ ਪਏ। ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਗੰਭੀਰ ਅਧਿਐਨ ਇਹ ਦੱਸਦਾ ਹੈ ਕਿ ਜੀਵਨ ਦਾ ਕੋਈ ਪੱਖ ਐਸਾ ਨਹੀਂ ਜਿਸ ਨੂੰ ਸਿੱਖ ਧਰਮ ਨੇ ਨਾ ਛੋਹਿਆ ਹੋਵੇ। ਇਸ ਲਈ ਥੋੜ੍ਹੀ ਜਿਹੀ ਮਿਹਨਤ ਜ਼ਰੂਰ ਕਰਨੀ ਪਏਗੀ ਪਰ ਵੱਡੇ ਨਿਸ਼ਾਨਿਆਂ ਦੀ ਪ੍ਰਾਪਤੀ ਮਿਹਨਤ ਬਿਨਾਂ ਸੰਭਵ ਵੀ ਨਹੀਂ। ਇਕ ਗੱਲ ਹੋਰ, ਇਸ ਸਾਰੇ ਵਿਚ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਅਧਾਰ ਤੇ ਲਾਗੂ ਕੀਤਾ ਜਾਏ। ਹੋਰ ਭਾਸ਼ਾਵਾਂ ਵੀ ਪੜ੍ਹਾਈਆਂ ਜਾਣ ਪਰ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਿੱਦਿਅਕ ਸੰਸਥਾਵਾਂ ਵਿਚ ਸਿੱਖੀ ਦੀ ਗੱਲ ਕਰਨ ਲੱਗਿਆਂ ਪੰਜਾਬੀ ਨੂੰ ਪ੍ਰਮੁਖਤਾ ਮਿਲੇ। ਅਜਿਹਾ ਨਾ ਹੋਣ ਸੂਰਤ ਵਿਚ ਵਿਦਿਆਰਥੀ ਖ਼ੁਦ ਗੁਰਬਾਣੀ ਤੋਂ ਅਗਵਾਈ ਨਹੀਂ ਲੈੇ ਸਕਣਗੇ ਤੇ ਨਾ ਹੀ ਅਧਿਆਤਮਿਕਤਾ ਦੀ ਉੱਚ ਅਵਸਥਾ ਤੀਕ ਅੱਪੜ ਸਕਣਗੇ।

ਇਹ ਕੁਝ ਕੁ ਸੁਝਾਅ ਹਨ ਜੋ ਵਿੱਦਿਅਕ ਖੇਤਰ ਵਿਚ ਸਿੱਖੀ ਦੇ ਪ੍ਰਸਾਰ ਲਈ ਵਰਤੋਂ ਵਿਚ ਲਿਆਉਂਦੇ ਜਾ ਸਕਦੇ ਹਨ। ਯਤਨ ਕਰਨਾ ਸਾਡਾ ਕਰਤੱਵ ਹੈ ਤੇ ਸਫ਼ਲਤਾ ਕਰਤਾਰ ਹੱਥ।