ਬਾਣੀ ਦਾ ਅਸਰ

ਗੁਰਜੋਤ ਅੱਜ ਸਕੂਲ ਦੇ ਟੂਰ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ। ਹਰਿਮੰਦਰ ਸਾਹਿਬ ਦਾ ਸ਼ਾਂਤਮਈ ਪ੍ਰਭਾਵ ਤੇ ਰਸਤੇ ਵਿਚ ਕੀਤੀਆਂ ਸ਼ਰਾਰਤਾਂ ਉਸ ਨੂੰ ਬਾਰ ਬਾਰ ਚੇਤੇ ਆ ਰਹੀਆਂ ਸਨ। ਅੱਜ ਉਸ ਕੋਲ ਗੱਲਾਂ ਦਾ ਭੰਡਾਰ ਸੀ। ਮੰਮੀ ਤੇ ਭੈਣ ਨੂੰ ਟੂਰ ਦੀਆਂ ਗੱਲਾਂ ਸੁਣਾਉਣ ਤੋਂ ਬਾਅਦ ਹੁਣ ਉਹ ਦੋਸਤਾਂ ਨੂੰ ਸਾਰਾ ਕੁਝ ਦੱਸਣਾ ਚਾਹੁੰਦਾ ਸੀ। ਅਜੇ ਉਹ ਦੋਸਤਾਂ ਨੂੰ ਮਿਲਣ ਲਈ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਉਥੋਂ ਇਕ ਬਜ਼ੁਰਗ ਉੱਚੀ ਅਵਾਜ਼ ਵਿਚ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਲੰਘੇ। ਪਤਾ ਨਹੀ ਕਿਉਂ ਉਸ ਨੂੰ ਇਹ ਚੰਗਾ ਨਾ ਲੱਗਿਆ। ਉਸ ਨੂੰ ਲੱਗਿਆ ਕਿ ਪਾਠ ਤਾਂ ਘਰ ਬੈਠ ਕੇ ਕਰੀਦਾ ਏ ਤੇ ਜਾਂ ਫਿਰ ਗੁਰਦੁਆਰੇ ਵਿਚ। ਦੋਸਤਾਂ ਕੋਲ ਜਾਏ ਬਿਨਾਂ ਹੀ ਉਹ ਵਾਪਸ ਆ ਗਿਆ ਤੇ ਮੰਮੀ ਕੋਲ ਉਸ ਬਜ਼ੁਰਗ ਦੇ ਗਲੀ ਵਿਚੋਂ ਲੰਘਦੇ ਹੋਏ ਪਾਠ ਕਰਨ ਬਾਰੇ ਸਵਾਲ ਕੀਤਾ। ਸਤਵੰਤ ਕੌਰ ਉਸ ਵੇਲੇ ਰਸੋਈ ਵਿਚ ਰਾਤ ਦੀ ਰੋਟੀ ਦੀ ਤਿਆਰੀ ਕਰ ਰਹੀ ਸੀ। ‘ਰਾਤੀਂ ਗੱਲ ਕਰਾਂਗੇ’ ਕਹਿ ਕੇ ਉਹ ਫਿਰ ਕੰਮ ਲੱਗ ਪਈ।

ਰੋਜ਼ ਵਾਂਗ ਰਾਤ ਨੂੰ ਜਦੋਂ ਦੋਨੋਂ ਭੈਣ ਭਰਾ ਸਾਖੀ ਸੁਣਨ ਲਈ ਮੰਮੀ ਦੁਆਲੇ ਹੋਏ ਤਾਂ ਸਤਵੰਤ ਕੌਰ ਨੂੰ ਉਸ ਬਜ਼ੁਰਗ ਦਾ ਖਿਆਲ ਆਇਆ। ਉਸ ਨੇ ਗੁਰਜੋਤ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਵੈਸੇ ਤਾਂ ਪਾਠ ਆਰਾਮ ਨਾਲ ਬੈਠ ਕੇ ਮਨ ਲਗਾ ਹੀ ਕਰਨਾ ਚਾਹੀਦਾ ਹੈ ਪਰ ਲੋੜ ਪੈਣ ਤੇ ਤੁਰਦਿਆਂ ਫਿਰਦਿਆਂ ਪਾਠ ਕਰਨ ਵਿਚ ਕੋਈ ਹਰਜ ਨਹੀਂ। ਤੁਸੀਂ ਕਹਿ ਰਹੇ ਸੀ ਕਿ ਉਹ ਬਾਬਾ ਜੀ ਉੱਚੀ ਉੱਚੀ ਪਾਠ ਕਰ ਰਹੇ ਸਨ। ਬੱਚੇ, ਉੱਚੀ ਪਾਠ ਕਰਨਾ ਤਾਂ ਚੰਗੀ ਗੱਲ ਹੈ। ਇਸ ਦਾ ਆਪ ਨੂੰ ਵੀ ਲਾਭ ਹੁੰਦਾ ਏ ਤੇ ਸੁਣਨ ਵਾਲਿਆਂ ਨੂੰ ਵੀ।

‘ਮੰਮੀ, ਉਹ ਕਿਵੇਂ?’ ਹਰਲੀਨ ਨੂੰ ਹੈਰਾਨੀ ਹੋਈ।

‘ਦਸਦੀ ਆਂ, ਪਹਿਲਾਂ ਇਹ ਦੱਸੋ, ਕਲ੍ਹ ਮੈਂ ਤੁਹਾਨੂੰ ਕਿਹੜੀ ਸਾਖੀ ਸੁਣਾਈ ਸੀ?’

‘ਭਾਈ ਲਹਿਣਾ ਜੀ ਵਾਲੀ।’ ਗੁਰਜੋਤ ਉੱਚੀ ਅਵਾਜ਼ ਵਿਚ ਬੋਲਿਆ।

‘ਭਾਈ ਲਹਿਣਾ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?’ ਸਤਵੰਤ ਕੌਰ ਨੇ ਇਕ ਵਾਰ ਫੇਰ ਪੁਛਿਆ।

‘ਬਾਬਾ ਫੇਰੂ ਮੱਲ ਜੀ,’ ਦੋਨੋ ਬੱਚੇ ਇਕੱਠੇ ਬੋਲੇ।

‘ਬਾਬਰ ਦੇ ਹਮਲੇ ਤੋਂ ਬਾਅਦ ਉਹ ਕਿਹੜੇ ਪਿੰਡ ਚਲੇ ਗਏ?’

‘ਖਡੂਰ’ ਹਰਲੀਨ ਨੂੰ ਯਾਦ ਸੀ।

‘ਗੁਡ। ਅੱਜ ਤੁਹਾਨੂੰ ਅੱਗੋਂ ਸੁਣਾਉਂਦੀ ਹਾਂ। ਬਾਬਾ ਫੇਰੂ ਮੱਲ ਜੀ ਹਿੰਦੂ ਧਰਮ ਵਿਚ ਯਕੀਨ ਰੱਖਦੇ ਸਨ ਤੇ ਦੇਵੀ ਦੇ ਭਗਤ ਸਨ। ਉਹ ਹਰ ਸਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਦੇਵੀ ਦੇ ਦਰਸ਼ਨਾਂ ਲਈ ਜਾਇਆ ਕਰਦੇ ਸਨ। ਸੰਨ 1526 ਵਿਚ ਆਪਣੇ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਲਹਿਣਾ ਜੀ ਨੇ ਸਾਥੀਆਂ ਨੂੰ ਨਾਲ ਲੈ ਕੇ ਦੇਵੀ ਦੇ ਦਰਸ਼ਨਾਂ ਲਈ ਜਾਣਾ ਸ਼ੁਰੂ ਕਰ ਦਿੱਤਾ। ਪੰਜ ਸਾਲ ਉਹ ਲਗਾਤਾਰ ਦੇਵੀ ਦੇ ਜਾਂਦੇ ਰਹੇ। ਪਿੰਡ ਖਡੂਰ ਵਿਚ ਭਾਈ ਜੋਧਾ ਨਾਮ ਦਾ ਇਕ ਸਿੱਖ ਰਹਿੰਦਾ ਸੀ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਪੁ ਜੀ ਸਾਹਿਬ ਤੇ ਆਸਾ ਦੀ ਵਾਰ ਦਾ ਪਾਠ ਬੜੇ ਪ੍ਰੇਮ ਨਾਲ ਉੱਚੀ ਉੱਚੀ ਕਰਿਆ ਕਰਦਾ ਸੀ। ਇਕ ਦਿਨ ਉਹ ਆਸਾ ਦੀ ਵਾਰ ਦੀ ਇਹ ਪਉੜੀ ਪੜ੍ਹ ਰਿਹਾ ਸੀ ਕਿ ਉਥੋਂ ਲਹਿਣਾ ਜੀ ਲੰਘੇ।

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥

ਪਾਠ ਸੁਣ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ। ਮਨ ਨੂੰ ਇਹੋ ਜਿਹੀ ਸ਼ਾਂਤੀ ਮਿਲੀ ਜਿਹੜੀ ਪਹਿਲਾਂ ਕਦੀ ਵੀ ਨਹੀਂ ਸੀ ਮਿਲੀ। ਉਨ੍ਹਾਂ ਨੂੰ ਸਾਰਾ ਪਾਠ ਸਮਝ ਆ ਗਿਆ ਸੀ। ਉਨ੍ਹਾਂ ਦੀ ਆਪਣੀ ਬੋਲੀ ਵਿਚ ਲਿਖਿਆ ਹੋਇਆ ਸੀ ਨਾ!’

‘ਮੰਮੀ, ਲਹਿਣਾ ਜੀ ਦੀ ਕਿਹੜੀ ਬੋਲੀ ਸੀ?’ ਗੁਰਜੋਤ ਨੇ ਭੋਲੇ ਭਾ ਪੁਛਿਆ।

‘ਬੇਟੇ, ਪੰਜਾਬੀ। ਸਾਰੀ ਗੁਰਬਾਣੀ ਪੰਜਾਬੀ ਵਿਚ ਲਿਖੀ ਹੋਈ ਏ ਨਾ।’ ਸਤਵੰਤ ਕੌਰ ਨੇ ਕਿਹਾ।

‘ਹਾਂ ਸੱਚ! ਤੇ ਫੇਰ ਕੀ ਹੋਇਆ ਮੰਮੀ?’ ਗੁਰਜੋਤ ਨੂੰ ਯਾਦ ਆਇਆ।

‘ਲਹਿਣਾ ਜੀ ਦਾ ਵੀ ਦਿਲ ਕੀਤਾ ਕਿ ਉਹ ਵੀ ਪਾਠ ਕਰਨ। ਉਹ ਭਾਈ ਜੋਧਾ ਜੀ ਕੋਲ ਗਏ ਤੇ ਉਨ੍ਹਾਂ ਨੂੰ ਪੁਛਣ ਲੱਗੇ ਕਿ ਤੁਸੀਂ ਕੀ ਪੜ੍ਹਦੇ ਪਏ ਸੀ, ਮੈਨੂੰ ਬੜਾ ਅਨੰਦ ਆਇਆ ਏ।

‘ਗੁਰੂ ਨਾਨਕ ਦੇਵ ਜੀ ਦੀ ਬਾਣੀੇ’, ਭਾਈ ਜੋਧਾ ਨੇ ਜੁਆਬ ਦਿੱਤਾ।

‘ਗੁਰੂ ਨਾਨਕ ਦੇਵ ਜੀ ਕੌਣ ਨੇ?’ ਲਹਿਣਾ ਜੀ ਨੂੰ ਗੁਰੂ ਜੀ ਬਾਰੇ ਨਹੀਂ ਸੀ ਪਤਾ।

‘ਉਹ ਸਾਡੇ ਗੁਰੂ ਜੀ ਨੇ।’ ਭਾਈ ਜੋਧਾ ਨੇ ਛੋਟਾ ਜਿਹਾ ਜੁਆਬ ਦਿੱਤਾ।

‘ਉਹ ਕਿੱਥੇ ਰਹਿੰਦੇ ਨੇ?’ ਭਾਈ ਲਹਿਣਾ ਜੀ ਜਾਣਨਾ ਚਾਹੁੰਦੇ ਸਨ।

‘ਕਰਤਾਰਪੁਰ ਵਿਚ’ ਭਾਈ ਜੋਧਾ ਜੀ ਨੇ ਦੱਸਿਆ।

‘ਤੁਸੀਂ ਮੈਨੂੰ ਉਨ੍ਹਾਂ ਕੋਲ ਲੈ ਜਾਉਗੇ?’ ਲਹਿਣਾ ਜੀ ਨੇ ਇਕ ਵਾਰ ਫੇਰ ਪੁਛਿਆ।

‘ਹਾਂ, ਕਿਉਂ ਨਹੀਂ’ ਭਾਈ ਜੋਧਾ ਜੀ ਨੇ ਬੜੇ ਪਿਆਰ ਨਾਲ ਕਿਹਾ।

‘ਫੇਰ ਲਹਿਣਾ ਜੀ ਗੁਰੂ ਜੀ ਕੋਲ ਗਏ?’ ਗੁਰਜੋਤ ਨੂੰ ਅੱਗੋਂ ਜਾਣਨ ਦੀ ਕਾਹਲ ਸੀ।

‘ਹਾਂ ਬੇਟਾ, ਪਰ ਭਾਈ ਜੋਧਾ ਜੀ ਨਾਲ ਨਹੀਂ, ਸਗੋਂ ਜਦੋਂ ਉਸ ਸਾਲ ਭਾਈ ਲਹਿਣਾ ਜੀ ਆਪਣੇ ਸਾਥੀ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਣ ਲੱਗੇ ਤਾਂ ਉਹ ਰਸਤੇ ਵਿਚ ਕਰਤਾਰਪੁਰ ਰੁਕ ਗਏ।’

‘ਮੰਮੀ, ਭਾਈ ਲਹਿਣਾ ਜੀ ਹਰ ਸਾਲ ਦੇਵੀ ਤੇ ਜਾਂਦੇ ਸਨ?’ ਗੁਰਜੋਤ ਦੇ ਮਨ ਵਿਚ ਸੁਆਲ ਉੱਠਿਆ।

‘ਬੁਧੂ, ਮੰਮੀ ਨੇ ਦੱਸਿਆ ਤੇ ਸੀ ਕਿ ਉਹ ਹਰ ਸਾਲ ਜਾਂਦੇ ਸਨ। ਫੇਰ ਕੀ ਹੋਇਆ, ਮੰਮੀ?’ ਹਰਲੀਨ ਜਾਣਨਾ ਚਾਹੁੰਦੀ ਸੀ।

‘ਅਗਲੀ ਗੱਲ ਫੇਰ ਦੱਸਾਂਗੀ, ਪਹਿਲਾਂ ਇਹ ਦੱਸੋ ਕਿ ਜੋ ਦੱਸਿਆ ਏ ਉਸ ਵਿਚੋਂ ਕੀ ਸਮਝ ਆਇਆ ਏ?’

‘ਮੈਂ ਦੱਸਾਂ ਮੰਮੀ’, ਗੁਰਜੋਤ ਨੇ ਇੰਜ ਹੱਥ ਖੜਾ ਕਰਦਿਆਂ ਕਿਹਾ ਜਿਵੇਂ ਉਹ ਕਲਾਸ ਵਿਚ ਬੈਠਾ ਹੋਵੇ। ਮੰਮੀ ਦੇ ਹਾਂ ਵਿਚ ਸਿਰ ਹਿਲਾਉਣ ਤੇ ਬੋਲਿਆ, ‘ਉੱਚੀ ਪਾਠ ਕਰਨ ਨਾਲ ਦੂਸਰੇ ਵੀ ਪਾਠ ਸੁਣ ਕੇ ਬਾਣੀ ਦਾ ਆਨੰਦ ਲੈ ਸਕਦੇ ਹਨ।’

ਸ਼ਾਬਾਸ਼। ਜਿਵੇਂ ਭਾਈ ਜੋਧਾ ਜੀ ਦਾ ਪਾਠ ਸੁਣ ਕੇ ਭਾਈ ਲਹਿਣਾ ਜੀ ਦੇ ਮਨ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਈ ਉਵੇਂ ਹੀ ਹੋ ਸਕਦਾ ਹੈ ਅੱਜ ਜਿਹੜੇ ਬਜ਼ੁਰਗ ਨੂੰ ਤੁਸੀਂ ਸ਼ਾਮ ਨੂੰ ਪਾਠ ਕਰਦਿਆਂ ਸੁਣਿਆ ਉਸ ਤੋਂ ਵੀ ਕਿਸੇ ਨੂੰ ਪ੍ਰੇਰਨਾ ਮਿਲ ਜਾਏ ਤੇ ਉਹ ਵੀ ਪਾਠ ਕਰਨ ਲੱਗ ਪਏ। ਹਰਲੀਨ ਤੈਨੂੰ ਕੀ ਸਮਝ ਆਇਆ?’ ਸਤਵੰਤ ਕੌਰ ਨੇ ਹਰਲੀਨ ਵਲ ਮੂੰਹ ਕਰਦਿਆਂ ਪੁਛਿਆ।

‘ਪਾਠ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜਿਵੇਂ ਕਿ ਭਾਈ ਲਹਿਣਾ ਜੀ ਨੂੰ ਮਿਲੀ’, ‘ਬਿਲਕੁਲ ਠੀਕ। ਤੁਸੀਂ ਤੇ ਸਾਰੀ ਗੱਲ ਸਮਝ ਗਏ। ਗੁਡ ਬੱਚੇ।’ ਸਤਵੰਤ ਕੌਰ ਨੇ ਸ਼ਾਬਾਸ਼ ਦੇਂਦਿਆਂ ਕਿਹਾ, ‘ਕਲ੍ਹ ਦਸਾਂਗੀ ਕਿ ਭਾਈ ਲਹਿਣਾ ਜੀ ਨਾਲ ਕਰਤਾਰਪੁਰ ਜਾ ਕੇ ਕੀ ਵਾਪਰਿਆ। ਚਲੋ ਹੁਣ ਪਾਠ ਕਰੀਏ ਤੇ ਸੌਂ ਜਾਈਏ।’ ਕਹਿੰਦਿਆਂ ਸਤਵੰਤ ਕੌਰ ਨੇ ਸੋਹਿਲਾ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ।