SikhThought - Ardass

Ardaas

ਸਿੱਖ ਸਿੱਧਾਤਾਂ ਅਨੁਸਾਰ ਅਰਦਾਸ ਦੀ ਬਹੁਤ ਮਹਾਨਤਾ ਹੈ। ਖੁਸ਼ੀ ਦਾ ਅਵਸਰ ਹੋਵੇ ਜਾਂ ਗਮੀ ਦਾ, ਦੁਖ ਹੋਵੇ ਜਾਂ ਸੁਖ, ਸਿੱਖ ਲਈ ਦੋ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਜ਼ਰੂਰੀ ਹੈ। ਖੁਸ਼ੀ ਸਮੇਂ ਉਸ ਦੀਆਂ ਬਖ਼ਸ਼ਿਸ਼ਾਂ ਚੇਤੇ ਕਰਕੇ ਸ਼ੁਕਰਾਨਾ ਕਰਨਾ ਹੁੰਦਾ ਹੈ ਤੇ ਔਕੜ ਸਮੇਂ ਉਸ ਕੋਲੋਂ ਭਾਣਾ ਮੰਨਣ ਦੀ ਸ਼ਕਤੀ ਦੀ ਯਾਚਨਾ। ਆਪਣੀਆਂ ਭੁਲਾਂ ਬਖ਼ਸ਼ਾਉਣ ਲਈ ਅਤੇ ਹਰ ਤਰ੍ਹਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਵੀ ਅਰਦਾਸ ਕੀਤੀ ਜਾਂਦੀ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਸ਼ਬਦਾਂ ਵਿਚ ਮੁਰਾਦ ਮੰਗਣ ਦੀ ਕ੍ਰਿਆ ਨੂੰ ਅਰਦਾਸ ਕਹਿੰਦੇ ਹਨ।ਇਸ ਦਾ ਫ਼ਾਰਸੀ ਮੂਲ ‘ਅਰਜ਼ ਦਾਸਤ’ ਹੈ ਜਿਸ ਦਾ ਅਰਥ ਹੈ ਹੱ ਜੋੜ ਕੇ ਬਿਨੈ ਕਰਨਾ।ਅਰਜ਼ ਜਾਂ ਬਿਨੈ ਅਰਦਾਸ ਦਾ ਮੁਖ ਲੱਛਣ ਹੈ। ਅਰਦਾਸ ਕਦੋਂ, ਕਿਸ ਅੱਗੇ ਅਤੇ ਕਿਵੇਂ ਕੀਤੀ ਜਾਵੇ, ਇਸ ਸਬੰਧੀ ਆਪ ਨੇ ਦੱਸਿਆ ਹੈ ਕਿ ਸਿੱਖ ਧਰਮ ਵਿਚ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰ ਕੇ ਅਤੇ ਹੋਰ ਮੌਕਿਆਂ ਤੇ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਕੇਵਲ ਕਰਤਾਰ ਅੱਗੇ ਕਰਨ ਦਾ ਵਿਧਾਨ ਹੈ ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜ ਕੇ ਖੜ੍ਹੇ ਹੋਣ ਦਾ ਹੁਕਮ ਹੈ।

ਅਰਦਾਸ ਨੂੰ ਪ੍ਰਾਰਥਨਾ ਜਾਂ Prayer ਵੀ ਕਹਿੰਦੇ ਹਨ। ਇਸ ਦੀ ਪਰਿਭਾਸ਼ਾ ਦੇਂਦਿਆਂ ਹੋਇਆਂ ਲਗਪਗ ਸਾਰੇ ਵਿਦਵਾਨਾਂ ਨੇ ਇੱਕੋ ਜਿਹੇ ਵਿਚਾਰ ਹੀ ਪ੍ਰਗਟ ਕੀਤੇ ਹਨ। ਨਾਗਰੀ ਪ੍ਰਚਾਰਨੀ ਸਭਾ, ਕਾਸ਼ੀ ਵੱਲੋਂ ਛਪੇ ‘ਸੰਕਸ਼ਿਪਤ ਹਿੰਦੀ ਸ਼ਬਦ ਸਾਗਰਾ’ ਵਿਚ ਪ੍ਰਾਰਥਨਾ ਦੇ ਅਰਥ ਦੱਸੇ ਹਨ : ਬਿਨਤੀ, ਬਿਨਯ, ਨਿਵੇਦਨ, ਕਿਸੇ ਕੋਲੋਂ ਕੁਝ ਮੰਗਣਾ ਤੇ ਯਾਚਨਾ।ਸ਼੍ਰੀ ਰਾਮ ਚੰਦਰ ਸ਼ੁਕਲਅਤੇ ਹੋਰ ਵਿਦਵਾਨਾਂ ਨੇ ਵੀ ਉਪਰੋਕਤ ਭਾਂਤ ਦੇ ਅਰਥ ਹੀ ਕੀਤੇ ਹਨ। ਸੋ ਅਰਜ਼ ਦਾਸਤ ਜਾਂ ਪ੍ਰਾਰਥਨਾ ਦਾ ਮੂਲ ਵਿਸ਼ਾ ਇੱਕੋ ਹੀ ਹੈ ਅਤੇ ਉਹ ਹੈ ਮੰਗ ਮੰਗਣੀ। ਪੱਛਮ ਦੇ ਧਾਰਮਿਕ ਸਿੱਧਾਤਾਂ ਅਨੁਸਾਰ Prayer ਦੀ ਦੋ ਤਰ੍ਹਾਂ ਨਾਲ ਵਿਆਖਿਆ ਕੀਤੀ ਜਾਂਦੀ ਹੈ। ਵਿਸ਼ਾਲ ਅਰਥਾਂ ਵਿਚ ਇਹ ਇੱਕ ਧਾਰਮਿਕ ਕ੍ਰਿਆ ਹੈ ਜਿਸ ਦਾ ਪ੍ਰਮਾਣੀਕ ਭਾਵ ਹੈ ਆਪਣੇ ਹਿਰਦੇ ਨੂੰ ਉੱਚਾ ਉਠਾ ਕੇ ਈਸ਼ਵਰ ਵਲ ਲਿਜਾਉਣਾ ਜਾਂ ਈਸ਼ਵਰ ਨੂੰ ਸੰਬੋਧਨ ਕਰਕੇ ਉਸ ਨਾਲ ਗੱਲਾਂ ਕਰਨੀਆਂ।ਸੀਮਤ ਅਰਥਾਂ ਵਿਚ ਪ੍ਰਾਰਥਨਾ ਦਾ ਭਾਵ ਈਸ਼ਵਰ ਕੋਲੋਂ ਮੰਗ ਮੰਗਣੀ ਹੈ ।

ਪ੍ਰਾਰਥਨਾ ਵਿਚ ਆਮ ਤੌਰ ਤੇ ਈਸ਼ਵਰ ਨੂੰ ਸੰਬੋਧਨ ਕਰਨ ਦੀ ਪ੍ਰਕ੍ਰਿਆ ਅਤੇ ਇਸ ਪ੍ਰਕ੍ਰਿਆ ਵਿਚ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਸ਼ਬਦ ਨਿਸਚਿਤ ਵੀ ਹੋ ਸਕਦੇ ਹਨ ਅਤੇ ਸਹਿਜ ਸੁਭਾ ਉਚਾਰਣ ਕਰਨ ਵਾਲੇ ਵੀ। ਦੋਹਾਂ ਤਰ੍ਹਾਂ ਦੇ ਇਹ ਸ਼ਬਦ ਜੋ ਨਿਜੀ ਅਤੇ ਸਮੂਹਕ ਪ੍ਰਾਰਥਨਾ ਲਈ ਵਰਤੇ ਜਾਂਦੇ ਹਨ ਇਕ ਦੂਜੇ ਦੇ ਉਲਟ ਨਾ ਹੋ ਕੇ ਸਗੋਂ ਪੂਰਕ ਹੁੰਦੇ ਹਨ। ਕਿਸੇ ਪਰਾਸਰੀਰਕ ਸ਼ਕਤੀ ਅੱਗੇ ਆਪਣੀ ਇੱਛਾ ਦੀ ਪੂਰਤੀ ਲਈ ਬੇਨਤੀ ਕਰਨ ਅਤੇ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਸ਼ਬਦਾਂ ਦੀ ਚੋਣ ਕੋਈ ਮਹੱਤਵ ਨਹੀਂ ਰੱਖਦੀ। ਪ੍ਰਾਰਥਨਾ ਸਮੇਂ ਉਸ ਸ਼ਕਤੀ ਦੇ ਗੁਣਾਂ ਦਾ ਗਾਇਣ ਕਰਨਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਨੂੰ ਚੇਤੇ ਕਰ ਕੇ ਸ਼ੁਕਰਾਨੇ ਦੀ ਅਵਸਥਾ ਵਿਚ ਆਉਣਾ ਹੈ, ਉਸ ਨਾਲ ਆਂਤਰਿਕ ਸਬੰਧ ਕਾਇਮ ਕਰਕੇ ਅਭੇਦਤਾ ਦੀ ਦਸ਼ਾ ਵਿਚ ਜਾਣ ਦਾ ਯਤਨ ਕਰਨਾ ਹੈ ਅਤੇ ਨਾਲ ਹੀ ਉਸ ਅੱਗੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਬੇਨਤੀਆਂ ਕਰਨਾ ਹੈ। ਇਸ ਸ਼ਕਤੀ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਵਿਧੀਆਂ ਰਾਹੀਂ ਉਸ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਹੈ। ਪ੍ਰਾਰਥਨਾ ਦੀ ਭਾਵਨਾ ਮਨੁਖੀ ਸੁਭਾਅ ਵਿਚ ਏਨੀ ਪ੍ਰਬਲ ਹੈ ਕਿ ਜਿਹੜੇ ਪੱਥ-ਪ੍ਰਦਰਸ਼ਕ ਸਿਧਾਂਤਕ ਤੌਰ ਤੇ ਅਣ-ਈਸ਼ਵਰਵਾਦੀ ਮੰਨੇ ਜਾਂਦੇ ਹਨ ਉਨ੍ਹਾਂ ਦੇ ਅਨੁਆਈ ਵੀ ਅਰਦਾਸ ਦੀ ਸ਼ਕਤੀ ਨੂੰ ਅਨੁਭਵ ਕਰਨੋਂ ਰਹਿ ਨਹੀਂ ਸਕੇ। ਉਦਾਹਰਣ ਦੇ ਤੌਰ ਤੇ ਬੁਧ ਮੱਤ ਅਨੁਸਾਰ ਨਾ ਤਾਂ ਸੰਸਾਰ ਦਾ ਕੋਈ ਰਚਨਹਾਰ ਹੈ ਅਤੇ ਨਾ ਹੀ ਕੋਈ ਪ੍ਰਬੰਧ ਚਲਾਉਣ ਵਾਲਾ। ਮਹਾਤਮਾ ਬੁਧ ਨੇ ਧਾਰਮਿਕ ਅਤੇ ਨੈਤਿਕ ਆਦਰਸ਼ਾਂ ਦੀ ਸੰਪੂਰਨਤਾ ਦਾ ਨਿਰਭਰ ਸਵੈ ਸੰਪੂਰਨਤਾ ਤੇ ਦੱਸਿਆ ਹੈ। ਇਸ ਲਈ ਬੁਧ ਮੱਤ ਅਨੁਸਾਰ ਪ੍ਰਾਰਥਨਾ ਦਾ ਕੋਈ ਮਹੱਤਵ ਨਹੀਂ ਸਮਝਿਆ ਜਾਂਦਾ। ਪਰ ਕਿਉਂ ਕਿ ਬੁਧ ਮੱਤ ਦਾ ਪ੍ਰਚਾਰ ਮਹਾਤਮਾ ਬੁਧ ਦੇ ਚੋਲਾ ਤਿਆਗਣ ਪਿਛੋਂ ਹੀ ਕੀਤਾ ਗਿਆ ਅਤੇ ਉਸ ਸਮੇਂ ਤਕ ਬੋਧੀ ਭਿਕਸ਼ੂਆਂ ਨੇ ਉਸ ਨਾਲ ਆਪਣਾ ਸਬੰਧ ਗੁਰੂ ਅਤੇ ਚੇਲੇ ਵਾਲਾ ਕਰ ਲਿਆ ਸੀ ਇਸ ਲਈ ਉਹ ਬੁਧ ਦੀ ਪ੍ਰਾਪਤੀ ਲਈ ਮਹਤਮਾ ਬੁਧ ਅੱਗੇ ਪ੍ਰਾਰਥਨਾ ਕਰਨ ਲੱਗ ਪਏ। ਮਹਾਤਮਾ ਬੁਧ ਨੂੰ ਕੇਵਲ ਸੰਪੂਰਨ ਮਾਨਵ ਸ਼ਕਤੀ ਹੀ ਨਹੀਂ ਸੀ ਸਮਝਿਆ ਜਾਂਦਾ ਸਗੋਂ ਉਸ ਨੂੰ ਧਰਮ ਕਾਇਆਂ (Embodiment of Universal Truth) ਆਖਿਆ ਜਾਂਦਾ ਸੀ। ਸੱਚ ਦੀ ਪ੍ਰਾਪਤੀ ਲਈ ਉਹ ਕਈ ਤਰ੍ਹਾਂ ਦੇ ਪ੍ਰਣ ਤੇ ਪ੍ਰਾਰਥਨਾਵਾਂ ਕਰਦੇ ਸਨ। ਉਨ੍ਹਾਂ ਦੀ ਪ੍ਰਾਰਥਨਾ ਨੂੰ ਸੰਸਕ੍ਰਿਤ ਵਿਚ ਪ੍ਰਾਣੀ ਧਾਮ ਅਤੇ ਪਾਲੀ ਵਿਚ ਪਾਨੀ ਧਾਮ ਕਿਹਾ ਜਾਂਦਾ ਹੈ।ਪਾਨੀ ਧਾਮ ਦਾ ਭਾਵ ਹੈ ਮਨ ਨੂੰ ਪ੍ਰਜਵਲਿਤ ਕਰਨਾ, ਕਿਸੇ ਵਸਤੂ ਜਾਂ ਵਿਚਾਰ ਤੇ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਹਿਜ ਅਵਸਥਾ ਵਿਚ ਲਿਆਉਣਾ।

ਜੈਨੀ ਵੀ ਕਿਸੇ ਅਦਿੱਖ ਸ਼ਕਤੀ ਅੱਗੇ ਬੇਨਤੀ ਨਹੀਂ ਕਰਦੇ ਕਿਉਂ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਕਰਮਾਂ ਦਾ ਫ਼ਲ ਅਵੱਸ਼ ਹੀ ਭੋਗਣਾ ਪੈਂਦਾ ਹੈ। ਜੇ ਦੁਖ ਸੁਖ ਕਰਮਾਂ ਅਨੁਸਾਰ ਹੀ ਭੋਗਣੇ ਹਨ ਤਾਂ ਬੇਨਤੀ ਕਰਨ ਦਾ ਕੀ ਲਾਭ? ਬੁਧ ਮੱਤ ਵਾਂਗ ਜੈਨ ਮੱਤ ਵੀ ਅਣ-ਈਸ਼ਵਰਵਾਦੀ ਮੱਤ ਹੈ। ਇਸੇ ਲਈ ਇਸ ਮੱਤ ਦੇ ਸਿੱਧਾਂਤਕ ਫਲਸਫ਼ੇ ਵਿਚ ਪ੍ਰਾਰਥਨਾ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ ਕਿ ਕਿਤੇ ਲੋਕ ਈਸ਼ਵਰਵਾਦੀ ਨਾ ਬਣ ਜਾਣ।ਪਰ ਏਨਾ ਕੁਝ ਹੁੰਦਿਆਂ ਵੀ ਵਾਤਾਵਰਣ ਤੋਂ ਪ੍ਰਭਾਵਿਤ ਹੋਣ ਕਰਕੇ ਜੈਨੀ ਪ੍ਰਾਰਥਨਾ ਦੀ ਵਰਤੋਂ ਕਰਨ ਲੱਗ ਪਏ ਹਨ।

ਯੂਨਾਨੀ ਫਿਲਾਸਫਰ ਪਲੈਟੋ ਨੇ ਪ੍ਰਾਈਵੇਟ ਪੂਜਾ ਸਥਾਨ ਬਣਾਉਣ ਅਤੇ ਧਾਰਮਿਕ ਰੀਤੀ ਰਿਵਾਜਾਂ ਨੂੰ ਪੂਰੇ ਕਰਨ ਦੀ ਮਨਾਹੀ ਕੀਤੀ ਹੋਈ ਸੀ। ਪਰ ਪ੍ਰਾਰਥਨਾ ਦੀ ਮਹਾਨਤਾ ਨੂੰ ਉਹ ਵੀ ਅੱਖੋਂ ਓਹਲੇ ਨਹੀਂ ਸੀ ਕਰ ਸਕਿਆ। ਇਸੇ ਲਈ ਉਸ ਨੇ ਆਖਿਆ ਸੀ ਕਿ ਲੋਕ ਪ੍ਰਾਰਥਨਾ ਕਰਨ ਲਈ ਮੰਦਰਾਂ ਵਿਚ ਜਾ ਸਕਦੇ ਹਨ ਅਤੇ ਜਿਹੜਾ ਵੀ ਉਨ੍ਹਾਂ ਨਾਲ ਸ਼ਾਮਲ ਹੋਣਾ ਚਾਹੇ ਹੋ ਸਕਦਾ ਹੈ।

ਸੰਖੇਪ ਵਿਚ ਪ੍ਰਾਰਥਨਾ ਇਕ ਅਜਿਹੀ ਪ੍ਰਕ੍ਰਿਆ ਹੈ ਜਿਸ ਨੂੰ ਸੰਸਾਰ ਦੇ ਸਾਰੇ ਧਾਰਮਿਕ ਆਗੂਆਂ ਨੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਅਨੁਭਵ ਕੀਤਾ ਤੇ ਪ੍ਰਗਟਾਇਆ ਹੈ। ਵਾਸਤਵ ਵਿਚ ਇਹ ਮਨੁਖ ਦਾ ਯੁਕਤੀਪੂਰਨ, ਲਾਭਦਾਇਕ ਅਤੇ ਸੁਭਾਵਕ ਕਰਤੱਵ ਹੈ ਅਤੇ ਹੋਰ ਕਰਤੱਵਾਂ ਵਾਂਗ ਇਸ ਦੀ ਪੂਰਤੀ ਕਰਨੀ ਵੀ ਜ਼ਰੂਰੀ ਹੈ। ਇਹੋ ਕਾਰਨ ਹੈ ਕਿ ਮਨੁਖਤਾ ਦੇ ਬਚਪਨ ਤੋਂ ਹੀ ਪ੍ਰਾਰਥਨਾ ਕਰਨ ਵਲ ਧਿਆਨ ਦਿੱਤਾ ਜਾਣ ਲੱਗਾ। ਆਰੰਭ ਵਿਚ ਖਾਸ ਖਾਸ ਦੇਵਤਿਆ ਅੱਗੇ ਖਾਸ ਖਾਸ ਮਨੋਰਥਾਂ ਦੀ ਪੂਰਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਸੀ। ਇਹ ਖਿਆਲ ਕੀਤਾ ਜਾਂਦਾ ਹੈ ਕਿ ਮਨੁਖ ਦੇ ਵਿਭਿੰਨ ਜੀਵਨ ਖੇਤਰਾਂ ਵਿਚ ਉਸ ਦੀ ਸਹਾਇਤਾ ਕਰਨ ਵਾਲੀਆਂ ਸ਼ਕਤੀਆਂ ਵੀ ਭਿੰਨ ਭਿੰਨ ਹਨ। ਕੋਈ ਦੇਵਤਾ ਬੀਮਾਰੀ ਦੂਰ ਕਰਦਾ ਹੈ, ਕੋਈ ਭੂਤ ਪ੍ਰੇਤ ਵਸ ਵਿਚ ਕਰਦਾ ਹੈ ਅਤੇ ਕੋਈ ਮਾਇਆ ਪ੍ਰਾਪਤੀ ਵਿਚ ਸਹਾਇਤਾ ਕਰਦਾ ਹੈ। ਸੋ ਜਿਸ ਪ੍ਰਕਾਰ ਦੀ ਜਿਸ ਸਮੇਂ ਲੋੜ ਹੁੰਦੀ ਹੈ ਉਸੇ ਅਨੁਸਾਰ ਹੀ ਦੇਵਤੇ ਦੀ ਚੋਣ ਕਰਕੇ ਉਸ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਸੀ।ਬੇਨਤੀ ਕਰਨ ਦਾ ਅਧਿਕਾਰ ਵੀ ਹਰ ਇਕ ਨੂੰ ਨਹੀਂ ਸੀ ਹੁੰਦਾ ਕਿਉਂ ਕਿ ਆਮ ਮਨੁਖ ਨੂੰ ਇੰਨੀ ਜਾਣਕਾਰੀ ਨਹੀਂ ਸੀ ਹੁੰਦੀ ਕਿ ਕਿਸ ਦੇਵਤੇ ਕੋਲ ਕਿਹੜੀਆਂ ਸ਼ਕਤੀਆਂ ਹਨ। ਪੁਰੋਹਿਤ ਜਾਂ ਪਾਦਰੀ ਸ਼੍ਰੇਣੀ ਦੇ ਲੋਕਾਂ ਕੋਲ ਇਸ ਕਿਸਮ ਦਾ ਗਿਆਨ ਭੰਡਾਰ ਹੁੰਦਾ ਸੀ। ਸੋ ਜਦੋਂ ਵੀ ਬੇਨਤੀ ਕਰਨ ਦਾ ਕੋਈ ਵਿਸ਼ੇਸ਼ ਅਵਸਰ ਹੁੰਦਾ ਸੀ ਤਾਂ ਉਪਰੋਕਤ ਸ਼੍ਰੇਣੀ ਦੇ ਕਿਸੇ ਵਿਅਕਤੀ ਨੂੰ ਨਿਮੰਤ੍ਰਿਤ ਕੀਤਾ ਜਾਂਦਾ ਅਤੇ ਪ੍ਰਾਰਥਨਾ ਕਰਨ ਤੇ ਉਸ ਨੂੰ ਕੁਝ ਭੇਟ ਵੀ ਕੀਤਾ ਜਾਂਦਾ। ਸਮਾਂ ਪਾ ਕੇ ਅਨੇਕ ਦੇਵ ਪੂਜਾ ਦੀ ਥਾਂ ਇਕ ਮਹਾਨ ਸੱਤਾ ਅੱਗੇ ਪ੍ਰਾਰਥਨਾ ਕੀਤੀ ਜਾਣ ਲੱਗ ਪਈ।ਇਸ ਮਹਾਨ ਸੱਤਾ ਨੂੰ ਵੱਖ ਵੱਖ ਧਰਮਾਂ ਵਾਲਿਆਂ ਨੇ ਵੱਖ ਵੱਖ ਰੂਪਾਂ ਵਿਚ ਵੇਖਿਆ। ਕੋਈ ਯਸੂ ਅੱਗੇ ਬੇਨਤੀਆਂ ਕਰਦਾ ਹੈ ਤੇ ਕੋਈ ਰਾਮ ਅਤੇ ਕ੍ਰਿਸ਼ਨ ਅੱਗੇ। ਕਿਸੇ ਹੋਰ ਨੇ ਹਜ਼ਰਤ ਮੁਹੰਮਦ ਦੀ ਓਟ ਲੈ ਲਈ। ਪਰ ਅਦਿੱਖ ਸ਼ਕਤੀ ਦੇ ਇਨ੍ਹਾਂ ਸ਼ਖ਼ਸ਼ੀ ਰੂਪਾਂ ਤੋਂ ਉਪਰੰਤ ਲਗਪਗ ਸਾਰੇ ਧਰਮਾਂ ਨੇ ਇਕ ਸੱਤਾ ਅਰਥਾਤ ਈਸ਼ਵਰ ਦੀ ਹੋਂਦ ਨੂੰ ਵੀ ਸਵੀਕਾਰ ਕੀਤਾ ਹੈ ਭਾਵੇਂ ਉਸ ਦਾ ਨਾਮ ਕੁਝ ਵੀ ਕਿਉਂ ਨਾ ਰੱਖ ਲਿਆ ਹੋਵੇ।

ਜਿਸ ਤਰ੍ਹਾਂ ਈਸ਼ਵਰ ਨੂੰ ਭਿੰਨ ਭਿੰਨ ਰੂਪਾਂ ਵਿਚ ਪ੍ਰਤੀਤ ਕੀਤਾ ਗਿਆ ਹੈ ਅਤੇ ਉਸ ਦੇ ਨਾਮ ਵੀ ਵੱਖੋ ਵੱਖਰੇ ਹੀ ਨਿਸਚਿਤ ਕੀਤੇ ਗਏ ਹਨ ਉਸੇ ਤਰ੍ਹਾਂ ਈਸ਼ਵਰ ਅੱਗੇ ਪ੍ਰਾਰਥਨਾ ਕਰਨ ਦੇ ਨਾਮ ਅਤੇ ਢੰਗ ਵੀ ਅੱਡੋ ਅੱਡਰੇ ਹਨ। ਯਹੂਦੀ ਪ੍ਰਾਰਥਨਾ ਨੂੰ ਵਿਅਕਤੀਗਤ ਰੂਪ ਹੀ ਦੇਂਦੇ ਹਨ। ਹਰੇਕ ਵਿਅਕਤੀ ਆਪਣੇ ਲਈ ਆਪ ਹੀ ਪ੍ਰਾਰਥਨਾ ਕਰਦਾ ਹੈ ਪਰ ਪੂਜਾ ਕਰਨ ਲਈ ਉਹ ਬਹੁਤ ਸਾਰੇ ਇਕੱਠੇ ਹੋ ਜਾਂਦੇ ਹਨ।

ਇਸਲਾਮੀ ਰਵਾਇਤਾਂ ਅਨੁਸਾਰ ਨਿਜੀ ਤੇ ਪ੍ਰਾਈਵੇਟ ਪ੍ਰਾਰਥਨਾ ਦਿਨ ਵਿਚ ਪੰਜ ਵਾਰ ਕੀਤੀ ਜਾਂਦੀ ਹੈ। ਪਰ ਜਨਤਕ ਇਕੱਠ ਵਿਚ ਸਾਰਿਆਂ ਲਈ ਪ੍ਰਾਰਥਨਾ ਕਰਨ ਵਾਸਤੇ ਸ਼ੁਕਰਵਾਰ ਦਾ ਦਿਨ ਨਿਯਤ ਕੀਤਾ ਗਿਆ ਹੈ। ਇਸਲਾਮ ਦੇ ਆਰੰਭ ਤੋਂ ਹੀ ਇਕ ਰਸਮੀ ਪ੍ਰਾਰਥਨਾ ਚਲੀ ਆ ਰਹੀ ਹੈ ਜਿਸ ਨੂੰ ਸਲਾਤ ਕਹਿੰਦੇ ਹਨ। ਸਲਾਤ ਸਮੇਂ ਪ੍ਰਾਰਥਕ ਇਕ ਵਿਸ਼ੇਸ਼ ਪ੍ਰਕਾਰ ਦੀ ਪਵਿੱਤਰ ਮਾਨਸਿਕ ਅਵਸਥਾ ਵਿਚ ਹੁੰਦਾ ਹੈ ਜਿਸ ਨੂੰ ਆਰਾਮ ਦੀ ਅਵਸਥਾ ਕਿਹਾ ਜਾਂਦਾ ਹੈ। ਪ੍ਰਾਰਥਕ ਜਾਂ ਅਰਦਾਸੀਏ ਨੂੰ ਇਸ ਸਮੇਂ ਆਪਣਾ ਸਰੀਰ ਢਕਣਾ ਪੈਂਦਾ ਹੈ। ਚਿਹਰੇ ਅਤੇ ਹੱਥਾਂ ਤੋਂ ਬਿਨਾਂ ਉਸ ਦਾ ਹੋਰ ਕੋਈ ਵੀ ਅੰਗ ਅਣਕੱਜਿਆ ਨਹੀਂ ਹੋਣਾ ਚਾਹੀਦਾ ਅਤੇ ਉਹ ਹਰ ਤਕਬੀਰ ਸਮੇਂ ਹੱਥ ਉੱਚੇ ਕਰਦਾ ਹੈ।

ਉਪਰੋਕਤ ਵਰਣਨ ਤੋਂ ਸਪਸ਼ਟ ਹੈ ਕਿ ਸਾਰੇ ਧਰਮਾਂ ਵਿਚ ਅਰਦਾਸ ਦੀ ਬੜੀ ਅਹਿਮੀਅਤ ਹੁੰਦੀ ਹੈ। ਹਰ ਧਰਮ ਕਿਸੇ ਨਾ ਕਿਸੇ ਰੂਪ ਵਿਚ ਅਰਦਾਸ ਨਾਲ ਜੁੜਿਆ ਹੋਇਆ ਹੈ। ਪਰ ਸਿੱਖ ਧਰਮ ਵਿਚ ਅਰਦਾਸ ਦਾ ਜੋ ਸਰੂਪ ਹੈ ਉਹ ਆਪਣੀ ਵਿਸ਼ੇਸ਼ ਵਿਲੱਖਣਤਾ ਰਖਦਾ ਹੈ। ਆਤਮਾ ਦਾ ਪਰਮ ਸੱਤਾ ਨਾਲ ਸਬੰਧ ਜੋੜਨ ਲਈ ਸਿੱਖ ਬਾਣੀ ਪੜ੍ਹਦਾ, ਸੁਣਦਾ ਤੇ ਵਿਚਾਰਦਾ ਹੈ। ਗੁਰਬਾਣੀ ਦੁਆਰਾ ਉਸ ਦੇ ਗੁਣਾਂ ਦਾ ਗਾਇਨ ਕਰਦਾ ਹੈ। ਸਿਮਰਨ ਅਭਿਆਸ ਵਿਚ ਜੁੜ ਕੇ ਉਸ ਨੂੰ ਆਪਣੇ ਅੰਦਰ ਵਸਾਉਂਦਾ ਹੈ। ਇਹ ਸਾਰਾ ਕੁਝ ਕਰਦਿਆਂ ਹੋਇਆਂ ਉਹ ਗੁਰਬਾਣੀ ਦੇ ਸ਼ਬਦਾਂ ਰਾਹੀਂ ਉਸ ਦੀ ਉੱਚਤਾ ਅਤੇ ਆਪਣੀ ਤੁਛਤਾ ਦਾ ਵਰਣਨ ਕਰਦਾ ਹੈ ਅਤੇ ਬਾਣੀ ਦੀ ਸਹਾਇਤਾ ਨਾਲ ਹੀ ਉਸ ਕੋਲੋਂ ਭਾਂਤ ਭਾਂਤ ਦੀਆਂ ਮੰਗਾਂ ਮੰਗਦਾ ਹੈ ਪਰ ਮੁਖ ਮੰਗ ਉਸ ਦੀ ਨਾਮ ਦੀ ਯਾਚਨਾ ਹੀ ਹੁੰਦੀ ਹੈ:

ਦੁਇ ਕਰ ਜੋੜਿ ਕਰਉ ਅਰਦਾਸਿ ॥
ਤੁਧੁ ਭਾਵੈ ਤਾ ਆਣਹਿ ਰਾਸਿ ॥
ਕਰਿ ਕਿਰਪਾ ਅਪਨੀ ਭਗਤੀ ਲਾਇ ॥
ਜਨ ਨਾਨਕ ਪ੍ਰਭੁ ਸਦਾ ਧਿਆਇ ॥

(ਪੰਨਾ 737)

ਅਰਦਾਸ ਇਕ ਤਕਨੀਕੀ ਸ਼ਬਦ ਹੈ ਜਿਸ ਦੀ ਪਰਿਭਾਸ਼ਾਕੇਵਲ ਮੰਗਾਂ ਮੰਗਣ ਦੀ ਪ੍ਰਕ੍ਰਿਆ ਤੋਂ ਸੂਖਮ ਜਿਹੀ ਭਿੰਨਤਾ ਰੱਖਦੀ ਹੈ। ਸਿੱਖ ਨਾਮ ਜਪੇ, ਸਿਮਰਨ ਅਭਿਆਸ ਵਿਚ ਲੀਨ ਹੋਵੇ, ਗੁਰਬਾਣੀ ਦਾ ਪਾਠ ਕਰੇ ਜਾਂ ਸੁਣੇ, ਗੁਰਮਤਿ ਸਿੱਧਾਤਾਂ ਬਾਰੇ ਵਿਚਾਰ ਕਰੇ ਪਰ ਇਹ ਸਾਰਾ ਕੁਝ ਕਰਨ ਉਪਰੰਤ ਉਸ ਲਈ ਹੁਕਮ ਹੈ:

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥        (ਪੰਨਾ 1093)

ਹੱਥ ਜੋੜ ਕੇ ਗੁਰੂ ਦੀ ਹਜ਼ੂਰੀ ਵਿਚ ਖਲੋ ਕੇ ਉਸ ਅਕਾਲ ਪੁਰਖ ਦਾ,ਜਿਸ ਦੀਆਂ ਮਿਹਰਾਂ ਤੇ ਬਖ਼ਸ਼ਿਸ਼ਾਂ ਸਦਕਾ ਆਪਣੇ ਜੀਵਨ ਦਾ ਕੁਝ ਸਮਾਂ ਉਸ ਦੀ ਯਾਦ ਵਿਚ ਬਿਤਾਇਆ,ਕੋਟਾਨ ਕੋਟ ਧੰਨਵਾਦ ਕਰਨਾ, ਗੁਰਬਾਣੀ ਦਾ ਪਾਠ ਤੇ ਗਾਇਨ ਕਰਦੇ ਸਮੇਂ ਹੋਈਆਂ ਭੁਲਾਂ ਬਖਸ਼ਾਉਣ ਲਈ ਬੇਨਤੀ ਕਰਨੀ ਅਤੇ ਬਾਣੀ ਦਾ ਭਾਵ ਹਿਰਦੇ ਵਿਚ ਵਸਾਉਣ ਦੀ ਸਮਰੱਥਾ ਪ੍ਰਾਪਤ ਕਰਨ ਲਈ ਜੋਦੜੀਆਂ ਕਰਨੀਆਂ, ਅੱਗੋਂ ਲਈ ਵੀ ਆਪਣਾ ਸਮਾਂ ਉਸ ਦੀ ਯਾਦ ਅਤੇ ਸ਼ੁਭ ਕਰਮਾਂ ਵਿਚ ਬਿਤਾਉਣ ਦੀ ਮੰਗ ਮੰਗਣੀ ਆਦਿ ਸਿੱਖ ਦੀ ਅਰਦਾਸ ਦੇ ਵਿਸ਼ੇ ਹੁੰਦੇ ਹਨ।

ਅਰਦਾਸ ਨਿਜੀ ਵੀ ਹੁੰਦੀ ਹੈ ਤੇ ਸਮੂਹਕ ਵੀ। ਸੰਗਤ ਵਿਚ ਜੁੜ ਕੇ ਕੀਤੀ ਜਾਣ ਵਾਲੀ ਸਮੂਹਕ ਅਰਦਾਸ ਨੂੰ ਪੰਥ ਦੀ ਸ਼੍ਰੋਮਣੀ ਜਥੇਬੰਦੀ ਨੇ ਇਕ ਨਿਸਚਿਤ ਰੂਪ ਦਿੱਤਾ ਹੈ ਜਿਸ ਵਿਚ ਲੋੜ ਅਨੁਸਾਰਵਾਧਾ ਘਾਟਾ ਤਾਂ ਕਰ ਲਿਆ ਜਾਂਦਾ ਹੈ ਪਰ ਉਸ ਦੀ ਬਾਹਰਲੀ ਰੂਪ ਰੇਖਾ ਉਹ ਹੀ ਰਹਿੰਦੀ ਹੈ। ਪ੍ਰਥਮ ਭਗਉਤੀ ਸਿਮਰਨ ਪਿਛੋਂ ਦਸਾਂ ਗੁਰੂ ਸਾਹਿਬਾਂ ਨੂੰ ਚੇਤੇ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਕਰਨ ਉਪਰੰਤ ਇਤਿਹਾਸਕ ਘਟਨਾਵਾਂ ਨੂੰ ਚੇਤੇ ਕਰਦਿਆਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਕਾਰਨਾਮੇ ਦਹੁਰਾਏ ਜਾਂਦੇ ਹਨ ਤਾਂ ਜੋ ਮਨ ਸਿਦਕ ਤੇ ਭਰੋਸੇ ਵਿਚ ਪਰਿਪੱਕ ਹੋ ਸਕੇ। ਗੁਰਧਾਮਾਂ ਦਾ ਵਰਣਨ ਕਰਕੇ ਗੁਰਮਤਿ ਦੇ ਪ੍ਰੇਰਕ ਸ੍ਰੋਤਾਂ ਪ੍ਰਤੀ ਸ਼ਰਧਾ ਭਾਵਨਾ ਨੂੰ ਹੋਰ ਵਧੇਰੇ ਦ੍ਰਿੜ ਕੀਤਾ ਜਾਂਦਾ ਹੈ।ਫਿਰ ਸਰਬੱਤ ਖਾਲਸੇ ਲਈ ਸਿੱਖੀ ਦਾਨ, ਰਹਿਤ ਦਾਨ ਤੇ ਨਾਮ ਦਾਨਦੀ ਮੰਗ ਕੀਤੀ ਜਾਂਦੀ ਹੈ। ਖ਼ਾਲਸਾ ਕੇਵਲ ਸੰਤ ਨਹੀਂ, ਸਿਪਾਹੀ ਵੀ ਹੈ। ਉਸ ਨੇ ਕਿਰਤ ਵੀ ਕਰਨੀ ਹੈ ਤੇ ਵੰਡ ਕੇ ਵੀ ਛਕਣਾ ਹੁੰਦਾ ਹੈ। ਇਸੇ ਲਈ ਨਾਮ ਦੀ ਦਾਤ ਮੰਗਣ ਦੇ ਨਾਲ ਨਾਲ ਦੇਗ ਤੇਗ ਫ਼ਤਿਹ ਲਈ ਜੋਦੜੀ ਕਰਨੀ ਜ਼ਰੂਰੀ ਹੈ।ਸਿੱਖ ਆਪਣਾ ਨਹੀਂ ਸਗੋਂ ਸਰਬੱਤ ਦਾ ਭਲਾ ਮੰਗਦਾ ਹੈ। ਆਪਣੇ ਆਪ ਨੂੰ ਸੰਸਾਰਕ ਵਿਸ਼ਿਆਂ ਤੋਂ ਉੱਚਾ ਰੱਖਣ ਲਈ ਅਕਾਲ ਪੁਰਖ ਕੋਲੋਂ ਸ਼ਕਤੀ ਦੀ ਮੰਗ ਕਰਦਾ, ਭਲੇ ਪੁਰਸ਼ਾਂ ਦੇ ਮੇਲ ਲਈ ਤਾਂਘਦਾ ਅਤੇ ਸਵਾਸ ਸਵਾਸ ਨਾਮ ਜਪਣ ਦੀ ਸਮਰੱਥਾ ਪ੍ਰਾਪਤ ਕਰਨ ਲਈ ਜੋਦੜੀਆਂ ਕਰਦਾ ਹੈ। ਇਹ ਸਭ ਕੁਝ ਕਰਦਿਆਂ ਹੋਇਆਂ ਉਹ ਬਾਣੀ ਵਿਚੋਂ ਆਪਣੇ ਮਨ ਦੀ ਅਵਸਥਾ ਅਨੁਸਾਰ ਤੁਕਾਂ ਦੀ ਚੋਣ ਕਰਕੇ, ਪ੍ਰਭੂ ਦੀਆਂ ਵਡਿਆਈਆਂ ਤੇ ਆਪਣੇ ਔਗੁਣਾਂ ਦਾ ਵਰਣਨ ਕਰਦਾ ਹੋਇਆ ਉਸ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਲਈ ਤਰਲੇ ਲੈਂਦਾ ਹੈ। ਲੋੜ ਅਨੁਸਾਰ ਆਪਣੇ ਸੰਸਾਰਕ ਕਾਰਜਾਂ ਦੀ ਪੂਰਤੀ ਲਈ ਸਹਾਇਤਾ ਦੀ ਮੰਗ ਵੀ ਕਰਦਾ ਹੈ ਪਰ ਅੰਤਮ ਉਦੇਸ਼ ਸਰਬੱਤ ਦਾ ਭਲਾ ਹੀ ਹੁੰਦਾ ਹੈ।

ਉਪਰੋਕਤ ਰੂਪ ਵਾਲੀ ਅਰਦਾਸ ਸਮੂਹਕ ਹੁੰਦਿਆਂ ਹੋਇਆਂ ਵੀ ਨਿਜੀ ਹੁੰਦੀ ਹੈ। ਸਿੱਖ ਸੰਗਤ ਵਿਚ ਜੁੜਿਆ ਹੋਵੇ ਜਾਂ ਇਕੱਲਾ ਹੋਵੇ, ਅਰਦਾਸ ਉਸ ਨੇ ਇਸੇ ਤਰ੍ਹਾਂ ਕਰਨੀ ਹੁੰਦੀ ਹੈ। ਇਕੱਲੇ ਹੁੰਦੇ ਹੋਏ ਉਸ ਨੂੰ ਇੰਨੀ ਖੁਲ੍ਹ ਹੁੰਦੀ ਹੈ ਕਿ ਉਹ ਲੋੜ ਅਨੁਸਾਰ ਅਰਦਾਸ ਨੂੰ ਛੋਟਾ ਵੱਡਾ ਰੂਪ ਦੇ ਲਵੇ।ਕਈ ਵਾਰ ਉਸ ਦਾ ਮਨ ਇੰਨਾ ਬਿਹਬਲ ਹੁੰਦਾ ਹੈ ਕਿ ਉਹ ਅਰਦਾਸ ਕਰਦਾ ਹੋਇਆ ਆਪਣੇ ਆਪ ਨੂੰ ਭੁਲ ਜਾਂਦਾ ਹੈ। ਸਤਿਗੁਰੂ ਤੇ ਵਹਿਗੁਰੁੂ ਨੂੰ ਸੰਬੋਧਨ ਕਰਦਿਆਂ ਉਹ ਕਿਹੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਇਸ ਦਾ ਕੋਈ ਮਹੱਤਵ ਨਹੀਂ ਰਹਿੰਦਾ। ਅਸਲੀ ਸ਼ੈਅ ਹੈ ਮਨ ਦੀ ਭਾਵਨਾ, ਸ਼ਰਧਾ ਬਿਰਤੀ, ਸਿਦਕ ਤੇ ਭਰੋਸਾ। ਅਜਿਹੇ ਸਮੇਂ ਉਹ ਕਈ ਵਾਰ ਹੱਥ ਜੋੜ ਕੇ ਖੜ੍ਹੇ ਹੋਣ ਦੇ ਅਸੂਲ ਨੂੰ ਵੀ ਭੁਲ ਜਾਂਦਾ ਹੈ। ਉਹ ‘ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ’ ਕਹਿੰਦਾ ਹੀ ਨਹੀਂ ਸਗੋਂ ਸੱਚੀ ਮੁਚੀ ਉਸ ਦੇ ਦਰ ਤੇ ਢਹਿ ਪੈਂਦਾ ਹੈ। ਅਰਦਾਸ ਕਰਨ ਪਿਛੋਂ ਜਦੋਂ ਉਹ ਸਾਵਧਾਨ ਹੁੰਦਾ ਹੈ ਤਾਂ ਆਪਣੇ ਆਪ ਨੂੰ ਹੌਲਾ ਫੁਲ ਮਹਿਸੂਸ ਕਰਦਾ ਹੈ ਜਿਵੇਂ ਮਨ ਤੋਂ ਮਣਾਂ ਮੂੰਹੀਂ ਭਾਰ ਲਹਿ ਗਿਆ ਹੋਵੇ।

ਇਸ ਦੇ ਨਾਲ ਹੀ ਉਸ ਨੂੰ ਅਰਦਾਸ ਕਰਨ ਜਾਂ ਕਰਾਉਣ ਲਈ ਕਿਸੇ ਪਾਦਰੀ ਪੁਰੋਹਤ ਦੀ ਲੋੜ ਨਹੀਂ। ਅਸਲੀ ਅਰਦਾਸ ਤਾਂ ਉਸ ਦੇ ਮਨ ਦੀ ਹੂਕ ਹੈ ਜੋ ਦਰਗਾਹੇ ਅਵੱਸ਼ ਸੁਣੀ ਜਾਂਦੀ ਹੈ। ਸਿੱਖ ਆਪਣੇ ਸਾਰੇ ਕਾਰਜ ਅਰਦਾਸ ਕਰਨ ਪਿਛੋਂ ਹੀ ਆਰੰਭ ਕਰਦਾ ਹੈ।ਅਰਦਾਸ ਉਸ ਨੂੰ ਗੁਰੂ ਦੇ ਸਨਮੁਖ ਲਿਆ ਖੜਾ ਕਰਦੀ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ। ਅੰਤਾਂ ਦੀ ਸ਼ਕਤੀ ਉਸ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਜਿਸ ਦੇ ਆਸਰੇ ਉਹ ਸੰਸਾਰ ਦੀਆਂ ਮਹਾਨ ਸ਼ਕਤੀਆਂ ਨੂੰ ਤੁਛ ਸਮਝਣ ਲੱਗ ਪੈਂਦਾ ਹੈ। ਜੇ ਗੁਰ ਪ੍ਰਮੇਸ਼ਰ ‘ਵਲਿ’ ਹੋਵੇ ਤਾਂ ਕਿਸੇ ਦੀ ਕਾਹਦੀ ਪ੍ਰਵਾਹ

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥
ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥
ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥
ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥
ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥       (ਪੰਨਾ 1096)

ਪ੍ਰਭੂ ਨਿਰਗੁਣ ਸਰੂਪ ਹੈ, ਨਿਰਾਕਾਰ ਹੈ, ਕ੍ਰੋੜਾਂ ਸਰੀਰਾਂ ਵਾਲਾ ਹੁੰਦਾ ਹੋਇਆ ਵੀ ਉਸ ਦਾ ਕੋਈ ਸਰੀਰ ਨਹੀਂ, ਹੱਥ, ਅੱਖਾਂ, ਕੰਨ ਸਭ ਉਸ ਕੋਲ ਹਨ ਪਰ ਫਿਰ ਵੀ ਉਹ ਨਿਰ ਆਕਾਰ ਹੈ। ਉਹ ਆਪਣੇ ਸੂਖਮ ਰੂਪ ਵਿਚ ‘ਘਟ ਘਟ ਵਾਸੀ ਸਰਬ ਨਿਵਾਸੀ’ ਬਣ ਕੇ ਸੰਸਾਰ ਵਿਚ ਆਪਣੀ ਕਲਾ ਵਰਤਾ ਰਿਹਾ ਹੈ ਪਰੰਤੂ ਸਥੂਲ ਦੇਹ ਵਿਚ ਨਿਵਾਸ ਕਰਨ ਵਾਲਾ ਜੀਵ ਉਸ ਦੇ ਸੂਖਮ ਰੂਪ ਨੂੰ ਅਨੁਭਵ ਨਹੀਂ ਕਰ ਸਕਦਾ।ਜੀਵ ਉਸ ਦੇ ਦਰਸ਼ਨਾਂ ਲਈ ਤਾਂਘਦਾ ਹੈ ਪਰ ਦਰਸ਼ਨ ਹੁੰਦੇ ਨਹੀਂ ਕਿਉਂ ਕਿ ਦੇਹਧਾਰੀ ਜੀਵ ਕੋਲਉਹ ਅੱਖਾਂ ਨਹੀਂ ਜਿਨ੍ਹਾਂ ਨਾਲ ਉਸ ਨੂੰ ਵੇਖ ਸਕੇ:

ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥        (ਪੰਨਾ 577)

ਅਰਦਾਸ ਹੀ ਇੱਕੋ ਇੱਕ ਸ਼ਕਤੀ ਹੈ ਜੋ ਪ੍ਰਭੂ ਨਾਲ ਮੇਲ ਕਰਵਾ ਸਕਦੀ ਹੈ। ਇਹ ਇੱਕ ਅਜਿਹੀ ਡੋਰੀ ਹੈ ਜੋ ਜੀਵ ਅਤੇ ਪ੍ਰਭੂ ਦਾ ਸਬੰਧ ਜੋੜਦੀ ਹੈ। ਇਸ ਡੋਰੀ ਨੂੰ ਘੁਟ ਕੇ ਫੜਨ ਵਾਲਾ ਸੱਚੀ ਦਰਗਾਹ ਵਿਚ ਜਾ ਪਹੁੰਚਦਾ ਹੈ। ਜਦੋਂ ਇਕ ਮਨ ਇਕ ਚਿੱਤ ਹੋ ਕੇ ਅਰਦਾਸ ਕੀਤੀ ਜਾਂਦੀ ਹੈ ਤਾਂ ਜੀਵ ਦੀ ਬਿਰਤੀ ਪ੍ਰਭੂ ਨਾਲ ਜਾ ਜੁੜਦੀ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਉਸ ਤੋਂ ਵੱਖਰਾ ਨਹੀਂ ਸਮਝਦਾ। ਇਸ ਤਰ੍ਹਾਂ ਅਰਦਾਸ ਪ੍ਰਭੂ ਨਾਲ ਮਿਲਾਪ ਦਾ ਸਾਧਨ ਬਣਦੀ ਹੈ।

ਜਦੋਂ ਹਿਰਦੇ ਵਿਚੋਂ ਅਰਦਾਸ ਦੀ ਭਾਵਨਾ ਉਪਜਦੀ ਹੈ ਤਾਂ ਸਿੱਖ ਆਪਣਾ ਤਨ ਮਨ ਧਨ ਉਸ ਦੇ ਅਰਪਨ ਕਰਕੇ ਉਸ ਦਾ ਬੰਦਾ ਬਣ ਉਸ ਦੇ ਸਨਮੁਖ ਜੋਦੜੀਆਂ ਕਰਦਾ ਹੈ। ਆਪਣੇ ਕੁਕਰਮਾਂ ਦਾ ਪਸਚਾਤਾਪ ਕਰਦਾ ਤੇ ਅੱਗੋਂ ਸ਼ੁਭ ਕਰਮ ਕਰਨ ਦੀ ਸਮਰੱਥਾ ਦੀ ਮੰਗ ਕਰਦਾ ਹੈ। ਉਹ ਆਪ ਮੁਹਾਰੇ ਬੋਲ ਉਠਦਾ ਹੈ:

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰ ॥        (ਪੰਨਾ 156)

ਉਸ ਅੱਗੇ ਕੀਤੀ ਅਜਿਹੀ ਅਰਜ਼ੋਈ ਕਦੇ ਅਜਾਈਂ ਨਹੀਂ ਜਾਂਦੀ ਕਿਉਂ ਕਿ

ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ॥       (ਪੰਨਾ 1266)

ਉਹ ਮੂੰਹ ਮੰਗੀਆਂ ਤਾਂ ਕੀ ਅਣਮੰਗੀਆਂ ਦਾਤਾਂ ਵੀ ਦੇਂਦਾ ਹੈ ਬਸ ਲੋੜ ਹੈ ਉਸ ਦੇ ਬਾਰਕ ਬਣਨ ਦੀ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥         (ਪੰਨਾ 544)

ਹੁਣ ਪ੍ਰਸ਼ਨ ਉਠਦਾ ਹੈ ਕਿ ਅਰਦਾਸ ਕਿਸ ਮਨੋਰਥ ਲਈ ਕੀਤੀ ਜਾਣੀ ਚਾਹੀਦੀ ਹੈ। ਸਿੱਖ ਦਾ ਜੀਵਨ ਸਰਬਪੱਖੀ ਹੈ। ਉਹ ਅਧਿਆਤਮ ਮਾਰਗ ਦਾ ਪਾਂਧੀ ਹੁੰਦਿਆਂ ਹੋਇਆਂ ਨਾਲ ਨਾਲ ਗ੍ਰਹਿਸਤ ਧਰਮ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਹੁੰਦਾ ਹੈ। ਸਿੱਖ ਜੋਗੀ ਵੀ ਹੈ ਤੇ ਘਰਬਾਰੀ ਵੀ, ਕਿਰਤੀ ਵੀ ਹੈ ਤੇ ਦਾਨੀ ਵੀ। ਸੰਸਾਰਕ ਜੀਵਨ ਜੀਉਂਦਿਆਂ ਉਸ ਦੇ ਰਸਤੇ ਵਿਚ ਰੁਕਾਵਟਾਂ ਵੀ ਆਉਂਦੀਆਂ ਹਨ।ਕਦਮ ਕਦਮ ਤੇ ਉਸ ਨੂੰ ਪਰੀਖਿਆ ਦੇਣੀ ਪੈਂਦੀ ਹੈ। ਅਜਿਹੇ ਮੌਕਿਆਂ ਤੇ ਆਪਣੀ ਸ਼ਕਤੀ ਵਿਚ ਵਾਧਾ ਕਰਨ ਲਈ ਅਤੇ ਜੀਵਨ ਦੇ ਕਰਮ ਖੇਤਰ ਵਿਚ ਸਫ਼ਲ ਹੋਣ ਲਈ ਉਸ ਨੂੰ ਅਰਦਾਸ ਦੀ ਓਟ ਲੈਣੀ ਪੈਂਦੀ ਹੈ।ਤਾਣ, ਮਾਣ, ਦੁਧ, ਪੁਤ, ਧਨ, ਦੌਲਤ ਆਦਿ ਦੀ ਪ੍ਰਾਪਤੀ ਲਈ ਅਕਾਲ ਪੁਰਖ ਅੱਗੇ ਜੋਦੜੀ ਕਰਨ ਦੀ ਲੋੜ ਹੁੰਦੀ ਹੈ। ਜੋ ਮਨੁਖ ਇਹ ਖਿਆਲ ਕਰਦੇ ਹਨ ਕਿ ਆਪਣੇ ਯਤਨਾਂ ਨਾਲ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਉਹ ਭੁਲੇਖੇ ਵਿਚ ਹਨ। ਯਤਨ ਕਰਨਾ ਸਾਡਾ ਫ਼ਰਜ਼ ਹੈ ਪਰ ਕੇਵਲ ਆਪਣੇ ਯਤਨਾਂ ਤੇ ਭਰੋਸਾ ਕਰ ਬੈਠਣਾ ਭੁਲ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਮਨੁਖ ਆਪਣੀ ਤਾਕਤ ਦੇ ਮਾਣ ਵਿਚ ਆਇਆ, ਉਸ ਨੂੰ ਅਸਫ਼ਲਤਾ ਦਾ ਮੂੰਹ ਦੇਖਣਾ ਪਿਆ।ਹਰਨਾਖਸ਼, ਜੋ ਆਪਣੇ ਆਪ ਨੂੰ ਅਮਿਤ ਸ਼ਕਤੀਆਂ ਦਾ ਸੁਆਮੀ ਸਮਝ ਕੇ ਰੱਬ ਦੀ ਬਰਾਬਰੀ ਕਰਨ ਲੱਗ ਪਿਆ ਸੀ, ਨੈਪੋਲੀਅਨ ਜਿਸ ਨੇ ਅਸੰਭਵ ਸ਼ਬਦ ਨੂੰ ਆਪਣੀ ਡਿਕਸ਼ਨਰੀ ਵਿਚੋਂ ਹੀ ਕੱਢ ਦਿੱਤਾ ਸੀ, ਸਕੰਦਰ ਜੋ ਸਾਰੇ ਸੰਸਾਰ ਨੂੰ ਆਪਣੇ ਅਧੀਨ ਕਰਨ ਦੇ ਸੁਪਨੇ ਲੈਂਦਾ ਸੀ ਆਦਿ ਦਾ ਕੀ ਹਾਲ ਹੋਇਆ ਸਾਡੇ ਸਾਹਮਣੇ ਹੈ। ਆਪਣੇ ਯਤਨ ਤੇ ਆਪਣੇ ਬਲ ਨੂੰ ਹੀ ਸਭ ਕੁਝ ਸਮਝਣ ਵਾਲੇ ਨੂੰ ਅੰਤ ਨਿਰਾਸਤਾ ਦਾ ਮੂੰਹ ਦੇਖਣਾ ਪੈਂਦਾ ਹੈ। ਸੋ ਵਾਹਿਗੁਰੂ ਜੀ ਦੀ ਦਿੱਤੀ ਸਮਰੱਥਾ ਅਨੁਸਾਰ ਯਤਨ ਤਾਂ ਮਨੁਖ ਨੇ ਆਪ ਕਰਨੇਹੀ ਹਨ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥        (ਪੰਨਾ 522)

ਪਰ ਥਾਪਨਾ ਗੁਰੂ ਕੋਲੋਂ ਲੈਣੀ ਹੈ। ਜਦੋਂ ‘ਗੁਰ ਥਾਪੀਦਿਤੀ ਕੰਡਿ ਜੀਉ’ ਤਾਂ ਫਿਰ ਕਾੜਾ ਅੰਦੇਸਾ ਨਹੀਂ ਰਹਿ ਜਾਂਦਾ।ਗੁਰੂ ਦੀ ਥਾਪਨਾ ਸਿੱਖ ਵਿਚ ਅਥਾਹ ਬਲ ਭਰ ਦੇਂਦੀ ਹੈ ਜਿਸ ਕਰਕੇ ਉਸ ਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ। ਜੀਵਨ ਦੇ ਹਰ ਖੇਤਰ ਵਿਚ ਅਸੀਂ ਵੇਖਦੇ ਹਾਂ ਕਿ ਪੁਤਰ ਕਿਸੇ ਨਵੇਂ ਕੰਮ ਨੂੰ ਹੱਥ ਪਾਉਂਦਾ ਹੈ ਤਾਂ ਪਿਤਾ ਕੋਲੋਂ ਆਸ਼ੀਰਵਾਦ ਲੈਂਦਾ ਹੈ। ਵਿਦਿਆਰਥੀ ਪਰੀਖਿਆ ਭਵਨ ਵਿਚ ਜਾਣ ਤੋਂ ਪਹਿਲਾਂ ਅਧਿਆਪਕ ਕੋਲੋਂ ਉਤਸ਼ਾਹ ਦੇ ਦੋ ਸ਼ਬਦ ਸੁਣਨੇ ਚਾਹੁੰਦਾ ਹੈ। ਬੱਚੇ ਨੂੰ ਮਾਂ ਦੀ ਅਗਵਾਈ, ਸਹਾਇਤਾ ਤੇ ਆਸ਼ੀਰਵਾਦ ਦੀ ਕਦਮ ਕਦਮ ਤੇ ਲੋੜ ਹੁੰਦੀ ਹੈ ਭਾਵੇਂ ਬਲ ਉਸ ਨੇ ਆਪਣਾ ਹੀ ਲਾਉਣਾ ਹੈ। ਸੋ ਸਪਸ਼ਟ ਹੈ ਕਿ ਹਰ ਤਰ੍ਹਾਂ ਦੀ ਸਫ਼ਲਤਾ ਲਈ ਆਪਣੇ ਤੋਂ ਉੱਚ ਹਸਤੀ ਦੇ ਮਿਹਰ ਭਰੇ ਹੱਥ ਦੀ ਅਤਿਅੰਤ ਆਵੱਸ਼ਕਤਾ ਹੁੰਦੀ ਹੈ। ਇਸੇ ਮਿਹਰ, ਬਖ਼ਸ਼ਿਸ਼, ਅਗਵਾਈ ਤੇ ਸਹਾਇਤਾ ਲਈ ਗੁਰ ਪਰਮੇਸਰ ਅੱਗੇ ਅਰਦਾਸ ਕਰਨੀ ਹੈ। ਇਸੇ ਲਈ ਸਿੱਖ ਨੂੰ ਹੁਕਮ ਹੈ ਕਿ

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥        (ਪੰਨਾ 519)

ਪਰ ਅਸੀਂ ਕੇਵਲ ਸੰਸਾਰਕ ਲੋੜਾਂ ਦੀ ਪੂਰਤੀ ਲਈ ਹੀ ਅਰਦਾਸ ਨਹੀਂ ਕਰਨੀ। ਸਿੱਖ ਦੀ ਅਰਦਾਸ ਬਹੁਤ ਉੱਚੀ ਹੋਣੀ ਚਾਹੀਦੀ ਹੈ। ਪਦਾਰਥਾਂ ਦੀ ਭੁਖ ਤੋਂ ਉਹ ਬਹੁਤ ਉੱਚਾ ਹੁੰਦਾ ਹੈ। ਉਸ ਨੇ ਦੁਖ ਸੁਖ ਦੋਨੋਂ ਸਮ ਕਰ ਜਾਣਨੇ ਹੁੰਦੇ ਹਨ। ਉਹ ਤਾਂ ਇਹ ਕਹਿੰਦਾ ਹੈ ‘ਜੇ ਭੁਖ ਦੇਇ ਤ ਇਤ ਹੀ’ ਉਹ ਤਾਂ ਉਸ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ‘ਜਿਉ ਭਾਵੈ’ ਤੱਤੀਆਂ ਲੋਹਾਂ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਨੇ ‘ਤੇਰਾ ਕੀਆ ਮੀਠਾ ਲਾਗੈ’ ਕਹਿ ਕੇ ਸਿੱਖਾਂ ਨੂੰ ਦੁਖ ਸੁਖ ਇਕ ਸਮਾਨ ਸਮਝਣ ਦੀ ਸਿਖਿਆ ਦਿੱਤੀ। ਗੁਰੂ ਤੇਗ ਬਹਾਦਰ ਦੇ ਸ਼ਬਦਾਂ ਵਿਚ ਸਿੱਖ ਦਾ ਚਿੰਨ੍ਹ ਹੈ:

ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥        (ਪੰਨਾ 757)

ਸਿੱਖ ਨੇ ਗੁਰਮੁਖ ਪਦ ਤਕ ਪਹੁੰਚਣਾ ਹੁੰਦਾ ਹੈ।ਇਸ ਮਨੋਰਥ ਦੀ ਪੂਰਤੀ ਲਈ ਉਸ ਨੇ ਨਾਮ ਨੂੰ ਹਿਰਦੇ ਵਿਚ ਵਸਾਉਣਾ ਹੀ ਨਹੀਂ ਚਾਹੀਦਾ ਸਗੋਂ ‘ਗੁਰਮੁਖ ਰੋਮ ਰੋਮ ਹਰਿ ਧਿਆਵੈ’ ਦੀ ਅਵਸਥਾ ਤੇ ਪਹੁੰਚ ਕੇ ‘ਹਰਿ ਹਰਿ ਜਨ ਦੋਇ ਏਕ ਹੈ ਬਿਬ ਬਿਚਾਰ ਕਛੁ ਨਾਹਿ’ ਦੇ ਪਦ ਨੂੰ ਪ੍ਰਾਪਤ ਕਰਨਾ ਹੁੰਦਾ ਹੈ। ਕਬੀਰ ਜੀ ਦਾ ਫੁਰਮਾਣ ਹੈ ‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ’ ਸੋ ਹਰਿ ਜਨ ਬਣਨ ਲਈ ਹਰਿ ਦੇ ਗੁਣਾਂ ਨੂੰ ਧਾਰਨ ਕਰਨਾ ਜ਼ਰੂਰੀ ਹੈ। ਇਹ ਗੁਣ ਨਾਮ ਅਭਿਆਸ ਦੁਆਰਾ ਪ੍ਰਾਪਤ ਹੁੰਦੇ ਹਨ। ਨਾਮ ਅਭਿਆਸੀ ਲਈ ਔਗੁਣਾਂ ਤੋਂ ਰਹਿਤ ਹੋਣਾ ਜ਼ਰੂਰੀ ਹੈ।ਨਾਮ ਦਾ ਨਿਵਾਸ ਪਵਿੱਤਰ ਹਿਰਦੇ ਵਿਚ ਹੁੰਦਾ ਹੈ ਅਤੇ ਹਿਰਦਾ ਪਵਿੱਤਰ ਕਰਨ ਲਈ ਨਾਮ ਦੀ ਲੋੜ ਹੁੰਦੀ ਹੈ।

ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥        (ਪੰਨਾ 4)

ਸਭ ਔਗੁਣਾਂ ਦਾ ਮੂਲ ਹਉਮੈ ਹੈ ਅਤੇ ਜਿਥੇ ਹਉਮੈ ਹੋਵੇ ਉਥੇ ਨਾਮ ਦਾ ਨਿਵਾਸ ਨਹੀਂ ਹੋ ਸਕਦਾ:

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥        (ਪੰਨਾ 560)

ਜਦੋਂ ਹਉਮੈ ਦੂਰ ਹੋ ਜਾਵੇ ਤਾਂ ਨਾਮ ਦਾ ਨਿਰੰਤਰ ਨਿਵਾਸ ਹੁੰਦਾ ਹੈ ਅਤੇ ਉਹ ਨਾਮੀ ਨਾਲ ਅਭੇਦ ਕਰ ਦਿੰਦਾ ਹੈ। ਇਸੇ ਲਈ ਸਿੱਖ ਨਾਮ ਦੀ ਦਾਤ ਮੰਗਦਾ ਹੈ। ਔਗੁਣ ਦੂਰ ਕਰਨ ਲਈ ਨਾਮ ਸਾਧਨ ਰੂਪ ਹੈ ਅਤੇ ਜਦੋਂ ਮਨ ਪਵਿੱਤਰ ਹੋ ਜਾਏ ਤਾਂ ਇਹ ‘ਸਿੱਧੀ’ ਰੂਪ ਧਾਰਨ ਕਰ ਲੈਂਦੀ ਹੈ। ਸਿੱਖ ਦੀ ਜੋਦੜੀ ਇਸ ਪ੍ਰਕਾਰ ਦੀ ਹੁੰਦੀ ਹੈ:

ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥        (ਪੰਨਾ 961)

————

ਮਾਂਗਉ ਰਾਮ ਤੇ ਇਕੁ ਦਾਨੁ ॥

ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥        (ਪੰਨਾ 682)

ਪਰੰਤੂ ਅਜਿਹੀ ਬੇਨਤੀ ਕਰਦਿਆਂ ਹੋਇਆਂ ਵੀ ਸਿੱਖ ਦੀ ਦ੍ਰਿਸ਼ਟੀ ਕੇਵਲ ਆਪਣੇ ਤਕ ਹੀ ਸੀਮਤ ਨਾ ਹੋਵੇ ਸਗੋਂ ਉਸ ਦੀ ਪੁਕਾਰ ਹੋਵੇ

ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥         (ਪੰਨਾ 1251)

————–

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥       (ਪੰਨਾ 853)

ਸਿੱਖ ਅਰਦਾਸ ਕਰਕੇ ਜੀਵਨ ਘੋਲ ਲਈ ਵਿਸ਼ਵ ਅਖਾੜੇ ਵਿਚ ਕੁਦ ਪੈਂਦਾ ਹੈ। ਜਿੱਤਣ ਤੇ ਮਾਣ ਨਹੀਂ ਕਰਦਾ ਕਿਉਂ ਕਿ ਉਹ ਜਾਣਦਾ ਹੈ ਕਿ ਉਸ ਦੀ ਬੇਨਤੀ ਸੁਣੀ ਗਈ ਹੈ ਤੇ ਸਭ ਕੁਝ ਉਸ ਅਕਾਲ ਪੁਰਖ ਨੇ ਹੀ ਕੀਤਾ ਹੈ।

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥         (ਪੰਨਾ 167)