ਅੱਜ ਦਿਨ ਭਾਗੀਂ ਭਰਿਆ ਚੜ੍ਹਿਆ

ਸਈਉ ਨੀ ਅੱਜ ਦਿਨ ਭਾਗੀਂ ਭਰਿਆ ਚੜ੍ਹਿਆ
ਸਈਉ ਨੀ ਅੱਜ ਨੂਰ ਨਾਲ ਮੈਂ ਵਿਹੜਾ ਭਰਿਆ

ਭਰੀ ਭਰੀ ਮੈਂ ਨੱਚਦੀ ਫਿਰਦੀ
ਅੰਦਰ ਬਾਹਰ ਭੱਜਦੀ ਫਿਰਦੀ
ਕਿਥੇ ਬਿਠਾਵਾਂ ਥਾਂ ਨਾ ਲਭਦੀ
ਮੈਂ ਸਾਂਈ ਦੇ ਮਿਲਣੇ ਦਾ ਚਾਅ।

ਮੂੰਹੋਂ ਕੁਝ ਮੈਂ ਬੋਲ ਨਾ ਸੱਕਾਂ
ਅੱਖੀਆਂ ਤਾਈਂ ਖੋਲ੍ਹ ਨਾ ਸੱਕਾਂ
ਪੈਰ ਆਪਣੇ ਨੂੰ ਤੋਰ ਨਾ ਸੱਕਾਂ
ਮੇਰੇ ਦੁਨੀਆਂ ਤੋਂ ਵੱਖਰੇ ਚਾਅ।

ਮਸੀਂ ਮਸੀਂ ਇਹ ਦਿਨ ਅੱਜ ਚੜ੍ਹਿਆ
ਹੀਰੇ ਮੋਤੀ ਲਾਲਾਂ ਜੜਿਆ
ਛੁਟ ਨਾ ਜਾਵੇ ਘੁਟ ਮੈਂ ਫੜਿਆ
ਮੈਂ ਸਭ ਕੁਝ ਲਾਇਆ ਦਾਅ।

ਸੁਣ ਨੀ ਸਖ਼ੀਏ ਸੁਣ ਨੀ ਭੈਣ
ਤਕ ਲੌ ਤਕ ਲੌ ਭਰ ਭਰ ਨੈਣ
ਪਾ ਲੌ ਪਾ ਲੌ ਹਿਰਦੇ ਚੈਣ
ਇਹ ਮਿਲਦਾ ਮਹਿੰਗੇ ਭਾਅ।

ਸਾਈਂ ਮੇਰੇ ਛੱਡ ਨਾ ਜਾਈਂ
ਨਿਵ ਨਿਵ ਲਾਗਾਂ ਤੇਰੀ ਪਾਈਂ
ਬਿਨ ਤੇਰੇ ਮੇਰਾ ਕੌਣ ਗੁਸਾਈਂ
ਜਿਸ ਜਾ ਮਿਲਸਾਂ ਮੈਂ ਧਾਅ।

ਸਈਉ ਨੀ ਅੱਜ ਦਿਨ ਭਾਗੀਂ ਭਰਿਆ ਚੜ੍ਹਿਆ
ਸਈਉ ਨੀ ਅੱਜ ਨੂਰ ਨਾਲ ਮੈਂ ਵਿਹੜਾ ਭਰਿਆ