ਆ ਤੱਕ ਲੈ ਅਰਜਨ ਪਿਆਰੇ

ਹਰ ਵਰ੍ਹੇ
ਜਦ ਵੀ ਜੂਨ ਦਾ ਮਹੀਨਾ ਚੜ੍ਹਦਾ ਏ
ਮਨ ਕਦੋਂ ਤੇ ਕਿਉਂ ਉਦਾਸ ਹੋ ਜਾਂਦਾ ਏ
ਕੁਝ ਪਤਾ ਹੀ ਨਹੀਂ ਲਗਦਾ।
ਕਦ ਅੱਖਾਂ ਦੇਖਣ ਨੀਲਾ ਤਾਰਾ
ਵਿਚ ਆ ਖੜੇ ਗੁਰ ਅਰਜਨ ਪਿਆਰਾ
ਕੁਝ ਪਤਾ ਹੀ ਨਹੀਂ ਲਗਦਾ।

ਕਿਤੇ ਤੱਤੀ ਤਵੀ ਦਾ ਤਪਣਾ
ਉਤੇ ਗੁਰ ਅਰਜਨ ਦਾ ਸਜਣਾ
ਮੀਠਾ ਤੇਰਾ ਭਾਣਾ ਜਪਣਾ।
ਕਿਤੇ ਠਾਹ ਠਾਹ ਦਾ ਸ਼ੋਰ
ਤੇ ਟੈਂਕਾਂ ਦੀ ਘਣਘੋਰ
ਪਰ ਗੁਰੂ ਬਿਨਾ ਮੈਂ ਨਾਹੀ ਹੋਰ।
ਕਿਤੇ ਗੁਰ ਪਿਆ ਕਲਾ ਵਰਤਾਵੇ
ਕਿਤੇ ਸਿੱਖ ਪਿਆ ਮੌਤ ਪਰਨਾਵੇ
ਇਹ ਕੇਹੋ ਜਿਹੀਆਂ ਖੇਡਾਂ
ਨਾਲ ਖੇਡਦੇ ਪਏ ਨੇ ਭੇਡਾਂ
ਕਦੇ ਬਾਬਰ ਤਾਂਈਂ ਤਕ ਕੇ
ਸੀ ਗੁਰ ਨਾਨਕ ਕੁਰਲਾਇਆ
ਏਤੀ ਮਾਰ ਪਈ ਕੁਰਲਾਣੈ
ਤੈਂ ਕੀ ਦਰਦ ਨਾ ਆਇਆ
ਅੱਜ ਮੱਕਾ ਕਾਬਾ ਰੋਵੇ
ਰੱਬ ਘਰ ਵਿਚ ਇਹ ਕੀ ਹੋਵੇ
ਕਿਤੇ ਮੀਆਂ ਮੀਰ ਪਿਆ ਦਿੱਸੇ
ਕਾਹਨੂੰ ਦਹੁਰਾਏ ਕਿੱਸੇ
ਕਦੀ ਅੱਗ ਜਹਾਂਗੀਰ ਬਾਲੀ
ਅੱਜ ਆਈ ਕੀਹਦੇ ਹਿੱਸੇ
ਤੱਕ ਚਿਤ ਨੂੰ ਆਉਣ ਉਬਾਲੇ
ਦੀਵੇ ਹੰਝੂਆਂ ਦੇ ਬਾਲੇ
ਅੱਜ ਆ ਗੁਰ ਅਰਜਨ ਪਿਆਰੇ
ਤੂੰ ਪੂਰਨੇ ਪਾਏ ਨਿਆਰੇ
ਸਿੱਖ ਚਲਣੋਂ ਕਦੇ ਨਾ ਹਾਰੇ
ਆ ਤੱਕ ਲੈ ਅਰਜਨ ਪਿਆਰੇ।