1. ਖੂਨ ਦਾ ਦਬਾਅ (The Blood Pressure) ਕੀ ਹੈ?

ਜਦ ਖੂਨ ਦੀਆਂ ਨਾੜੀਆਂ ਵਿਚ ਖੁਨ ਦਾ ਸੰਚਾਰ ਹੁੰਦਾ ਹੈ,ਤਾਂ ਨਾੜੀਆਂ ਦੀਆਂ ਦਿਵਾਰਾਂ ਉਤੇ ਦਬਾਅ ਪੈਂਦਾ ਹੈ । ਇਸ ਨੂੰ ਖੂਨ ਦਾ ਦਬਾਅ (The Blood Pressure) ਕਿਹਾ ਜਾਂਦਾ ਹੈ। ਖੂਨ ਦਾ ਦਬਾਅ ਦਿਲ ਦੇ ਕੰਮ ਕਰਨ ਦੀ ਸਮਰੱਥਾ ਉਤੇ ਨਿਰਭਰ ਕਰਦਾ ਹੈ।ਦਿਲ ਸਾਰੀ ਉਮਰ ਨਿਯਮਿਤ ਰੂਪ ਵਿਚ ਸਮਾਨ ਗਤੀ ਨਾਲ ਇਕ ਪੰਪ ਦੀ ਤਰ੍ਹਾਂ ਕੰਮ ਕਰਦਾ ਰਹਿੰਦਾ ਹੈ ।

2. ਖੂਨ ਦਾ ਦਬਾਅ (The Blood Pressure) ਕਿੰਨੇ ਤਰ੍ਹਾਂ ਦਾ ਹੈ ?

ਇਹ ਦਬਾਅ 2 ਤਰ੍ਹਾਂ ਦਾ ਹੁੰਦਾ ਹੈ-ਉਤਲਾ ਦਬਾਅ (Systolic) ਅਤੇ ਹੇਠਲਾ ਦਬਾਅ (Diastolic)।

-ਉਤਲਾ ਦਬਾਅ (Systolic) – ਜਦੋਂ ਦਿਲ ਸੁੰਗੜਦਾ ਹੈ ਤਾਂ ਇਸ ਵਿਚਲਾ ਖੂਨ , ਖੂਨ ਦੀਆਂ ਨਾੜੀਆਂ ਰਾਹੀਂ ਬਾਕੀ ਸਰੀਰ ਤਕ ਪਹੁੰਚਦਾ ਹੈ। ਜਿੰਨੇ ਜ਼ੋਰ ਨਾਲ ਇਹ ਸੁੰਗੜਦਾ ਹੈ, ਉਨਾ ਹੀ ਨਾੜੀਆਂ ਦੀਆਂ ਦਿਵਾਰਾਂ ਉਤੇ ਦਬਾਅ ਪੈਂਦਾ ਹੈ।ਇਹ ਉਤਲਾ ਪਰੈਸ਼ਰ(Systolic)ਕਹਿਲਾਂਦਾ ਹੈ।

-ਹੇਠਲਾ (Diastolic) ਦਬਾਅ – ਦਿਲ ਦੇ ਸੰਗੜਨ ਦੀ ਕਿਰਿਆ ਦੇ ਵਿਚਕਾਰ ਦਿਲ ਦੀਆਂ ਮਾਸ ਪੇਸ਼ੀਆਂ ਆਰਾਮ ਦੀ ਅਵਸਥਾ ਵਿਚ ਆ ਜਾਂਦੀਆਂ ਹਨ। ਇਸ ਸਮੇਂ ਨਾੜੀਆਂ ਵਿਚ ਖੁੂਨ ਦਾ ਦਬਾਅ ਵੀ ਘੱਟ ਜਾਂਦਾ ਹੈ।ਇਸ ਨੂੰ ਹੇਠਲਾ (Diastolic) ਪਰੈਸ਼ਰ ਕਹਿੰਦੇ ਹਨ।

3. ਖੂਨ ਦਾ ਦਬਾਅ ਕਿਵੇਂ ਦਰਸਾਇਆ ਜਾਂਦਾ ਹੈ?

ਖੂਨ ਦਾ ਦਬਾਅ ਸਪੈਸ਼ਲ ਮਸ਼ੀਨ ਨਾਲ ਨਾਪਿਆ ਜਾਂਦਾ ਹੈ।ਦਬਾਅ ਮਿਲੀਮੀਟਰ ਮਰਕਰੀ ਵਿਚ ਦਰਸਾਇਆ ਜਾਂਦਾ ਹੈ।ਜੇ ਉਤਲਾ ਬਲੱਡ ਪਰੈਸ਼ਰ 120 ਅਤੇ ਹੇਠਲਾ ਬਲੱਡ ਪਰੈਸ਼ਰ 80 ਹੈ ਤਾਂ ਇਹ 120/80 ਮਿ.ਮਿ.ਲਿਖਿਆ ਜਾਂ ਦਸਿਆ ਜਾਂਦਾ ਹੈ।

4. ਸੁਭਾਵਕ (Normal) ਬਲੱਡ ਪਰੈਸ਼ਰ ਕਿਸ ਨੂੰ ਕਿਹਾ ਜਾਂਦਾ ਹੈ?

ਜੇ ਸਿਸਟੋਲਿਕ ਬਲੱਡ ਪਰੈਸ਼ਰ 120 ਅਤੇ ਡਾਇਆਸਟੋਲਿਕ ਬਲੱਡ ਪਰੈਸ਼ਰ 80 ਤਕ ਹੋਵੇ ਤਾਂ ਇਸ ਨੂੰ ਨਾਰਮਲ ਕਿਹਾ ਜਾਂਦਾ ਹੈ।

5. ਖੂਨ ਦਾ ਵਧੇਰੇ ਦਬਾਅ (Hypertension) ਕਿਸ ਨੂੰ ਕਿਹਾ ਜਾਂਦਾ ਹੈ?

ਜੇ ਖੂਨ ਦਾ ਦਬਾਅ 120/80 ਤੋਂ ਵੱਧ ਹੋਵੇ ਤਾਂ ਇਸ ਨੂੰ ਖੂੁਨ ਦਾ ਵਧੇਰੇ ਦਬਾਅ (Hypertension) ਕਿਹਾ ਜਾਂਦਾ ਹੈ।

6. ਖੂਨ ਦਾ ਵਧੇਰੇ ਦਬਾਅ (Hypertension) ਕਿੰਨੀ ਤਰ੍ਹਾਂ ਦਾ ਹੈ?

ਖੂਨ ਦਾ ਵਧੇਰੇ ਦਬਾਅ (Hypertension) ਦੀਆਂ ਹੇਠ ਲਿਖੀਆਂ ਕਿਸਮਾਂ ਹਨ (according to “the Joint National Committee on Prevention, Detection, Evaluation, and Treatment of High Blood Pressure”)

a. ਖੂਨ ਦੇ ਵਧੇਰੇ ਦਬਾਅ ਤੋਂ ਪਹਿਲੀ ਸਟੇਜ (“Prehypertension”)
ਉਤਲਾ (Systolic) ਪਰੈਸ਼ਰ= 120-139 mmHg
ਹੇਠਲਾ (Diastolic) ਪਰੈਸ਼ਰ= 80-89 mmHg

b. Stage 1 Hypertension
ਉਤਲਾ (Systolic) ਪਰੈਸ਼ਰ= 140-159 mmHg
ਹੇਠਲਾ (Diastolic) ਪਰੈਸ਼ਰ= 90-99 mmHg

c. Stage 2 Hypertension
ਉਤਲਾ (Systolic) ਪਰੈਸ਼ਰ= 160 or greater mmHg
ਹੇਠਲਾ (Diastolic) ਪਰੈਸ਼ਰ= 100 or greater. mmHg

ਵਧੇਰੇ ਬਲੱਡ ਪਰੈਸ਼ਰ ਦੇ ਲੱਛਣ

  • ਚੱਕਰ ਆਣੇ,ਸਿਰ ਖਾਲੀ ਖਾਲੀ ਲੱਗਨਾ, ਅਕਸਰ ਜਾਂ ਬਾਰ ਬਾਰ ਸਿਰ ਦੁਖਨਾ : ਸਿਰ ਦੀਆਂ ਹੱਡੀਆਂ ਦੇ ਬਿਲਕੁਲ ਅੰਦਰ ਦੀਆਂ ਖੁਨ ਦੀਆਂ ਨਾੜਾਂ ਬਲੱਡ ਪਰੈਸ਼ਰ ਵੱਧਣ ਨਾਲ ਸੁੰਗੜ ਜਾਂਦੀਆਂ ਹਨ।ਇਸ ਨਾਲ ਅਜਿਹੇ ਲੱਛਣ ਆਂਦੇ ਹਨ।
  • ਦਿਲ ਧਕ ਧਕ ਕਰਨਾ : ਬਲੱਡ ਪਰੈਸ਼ਰ ਵੱਧਨ ਨਾਲ ਘਬਰਾਹਟ ਅਤੇ ਡਰ ਦੀ ਸੰਭਾਵਨਾ ਵੱਧ ਜਾਂਦੀ ਹੈ।ਇਸ ਨਾਲ ਐਡਰੀਨੇਲਿਨ ਨਿਕਲਦੀ ਹੈ,ਜਿਸ ਨਾਲ ਦਿਲ ਦੀ ਧੜਕਨ ਵੱਧ ਜਾਂਦੀ ਹੈ।
  • ਚਿੜਚਿੜਾਪਨ: ਮਾਨਸਿਕ ਬੇਆਰਾਮੀ ਨਾਲ ਐਡਰੀਨਲ ਗ੍ਰੰਥੀ ਵਿਚੋਂ ਐਡਰੀਨੇਲਿਨ ਹਾਰਮੋਨ ਨਿਕਲਦੇ ਹਨ ਜਿਸ ਨਾਲ ਗੁਸਾ ਜਲਦੀ ਆਉਂਦਾ ਹੈ ਅਤੇ ਚਿੜਚਿੜਾਪਨ ਵੱਧਦਾ ਹੈ।ਦਿਮਾਗ ਉਤੇ ਵੀ ਅਸਰ ਹੁੰਦਾ ਹੈ ਜਿਸ ਨਾਲ ਯਾਦਾਸਤ ਘਟਦੀ ਹੈ,ਧਿਆਨ ਲਗਾਨ ਵਿਚ ਮੁਸ਼ਕਲ ਹੁੰਦੀ ਹੈ।
  • ਚਲਣ ਫਿਰਨ ਨਾਲ ਸਾਹ ਚੜ੍ਹਨਾ : ਖੁਨ ਦਾ ਦਬਾਅ ਵਧਣ ਨਾਲ ਮਰੀਜ਼ ਵਿਚ ਘਬਰਾਹਟ ਅਤੇ ਡਰ ਦੀਆਂ ਭਾਵਨਾਵਾਂ ਜ਼ਿਆਦਾ ਪ੍ਰਬਲ ਹੋ ਜਾਂਦੀਆਂ ਹਨ।ਇਹ ਭਾਵਨਾਵਾਂ ਚਿੰਤਾ ਨੂੰ ਜਨਮ ਦੇਂਦੀਆਂ ਹਨ।ਐਡਰੀਨਲ ਗ੍ਰੰਥੀ ਉਤੇਜਿਤ ਹੋ ਜਾਂਦੀ ਹੈ।ਸਰੀਰ ਦੀਆਂ ਜ਼ਰੂਰਤਾਂ ਵੱਧ ਜਾਂਦੀਆਂ ਹਨ।ਆਕਸੀਜਨ ਦੀ ਮੰਗ ਵੱਧ ਜਾਂਦੀ ਹੈ,ਜਿਸ ਨਾਲ ਮਰੀਜ਼ ਦੀ ਸਾਹ ਦੀ ਗਤੀ ਵੱਧ ਜਾਂਦੀ ਹੈ।
  • ਚਿਹਰਾ ਭੱਖਨਾ: ਨਾੜਾਂ ਵਿਚ ਖੁਨ ਦਾ ਦਬਾਅ ਵਧਣ ਨਾਲ ਚਿਹਰਾ ਭੱਖ ਜਾਂਦਾ ਹੈ ਅਤੇ ਲਾਲੀ ਜਿਹੀ ਆ ਜਾਂਦੀ ਹੈ।
  • ਜਲਦੀ ਥਕਾਵਟ ਹੋ ਜਾਨੀ,ਹੱਥ ਪੈਰ ਕੰਬਨੇ,ਕਮਜ਼ੋਰੀ ਮਹਿਸੂਸ ਹੋਣੀ, ਸ਼ਰੀਰ ਵਿਚ ਦਰਦਾਂ ਰਹਿਣੀਆਂ,ਨੀਂਦ ਘੱਟ ਆਣੀ : ਬਲੱਡ ਪਰੈਸ਼ਰ ਵਧਣ ਨਾਲ ਦਿਮਾਗ ਅਤੇ ਦਿਲ ਜ਼ਿਆਦਾ ਉਤੇਜਿਤ ਰਹਿੰਦਾ ਹੈ,ਜਿਸ ਕਰਕੇ ਨੀਂਦ ਉਤੇ ਮਾੜਾ ਅਸਰ ਪੈਂਦਾ ਹੈ,ਕਮਜ਼ੋਰੀ ਮਹਿਸੂਸ ਹੁੰਦੀ ਹੈ ਅਤੇ ਮਨੁਖ ਜਲਦੀ ਥਕਦਾ ਹੈ।
  • ਨਕਸੀਰ ਆਨੀ : ਬਲਡ ਪਰੈਸ਼ਰ ਵਧਣ ਨਾਲ ਨੱਕ ਵਿਚਲੀਆਂ ਖੁਨ ਦੀਆਂ ਨਸਾਂ ਵਿਚ ਖੁਨ ਦਾ ਦਬਾਅ ਵੱਧ ਜਾਂਦਾ ਹੈ।ਨੱਕ ਵਿਚਲੀਆਂ ਖੁਨ ਦੀਆਂ ਨਸਾਂ ਬਹੁਤ ਨਾਜ਼ਕ ਹੁੰਦੀਆਂ ਹਨ।ਉਨ੍ਹਾਂ ਵਿਚੋਂ ਖੂਨ ਰਿਸਣਾ ਸ਼ੁਰੂ ਹੋ ਜਾਂਦਾ ਹੈ।
  • ਅੱਖਾਂ ਅੱਗੇ ਤਾਰੇ ਜਿਹੇ ਦਿਸਨੇ : ਬਲੱਡ ਪਰੈਸ਼ਰ ਵਧਣ ਨਾਲ ਅੱਖਾਂ ਦੇ ਮੈਕੁਲਾ ਅਤੇ ਔਪਟਿਕ ਨਾੜਾਂ ਉਤੇ ਸੋਗ਼ਸ਼ ਹੋ ਜਾਂਦੀ ਹੈ।ਇਸ ਨਾਲ ਅੱਖਾਂ ਪ੍ਰਭਾਵਿਤ ਹੁੰਦੀਆਂ ਹਨ।
  • ਕੰਨਾਂ ਵਿਚ ਸਾਂ ਸਾਂ ਹੋਣੀ : ਬਲੱਡ ਪਰੈਸਰ ਵਧ ਹੋਵੇ ਤਾਂ ਕਈ ਮਰੀਜ਼ਾਂ ਨੂੰ ਕੰਨਾਂ ਵਿਚ ਸਾਂ ਸਾਂ ਹੋਣਹੋਣ ਲਗ ਪੈਂਦੀ ਹੈ।ਇਸ ਦੇ ਹੇਠ ਲਿਖੇ ਕਾਰਨ ਹਨ—1 ਕੰਨਾਂ ਅੰਦਰਲੇ ਨਸ ਤੰਤੂ ਦਬ ਜਾਂਦੇ ਹਨ ਅਤੇ ਖਰਾਬ ਹੋ ਜਾਂਦੇ ਹਨ।2 ਵਧੇਰੇ ਬਲਡ ਪਰੈਸ਼ਰ ਵਧਨ ਨਾਲ ਕੰਨਾਂ ਵਿਚਲੇ ਸੁਨਣ ਵਾਲੇ ਅੰਗਾਂ ਦੀਆਂ ਖੁਨ ਦੀਆਂ ਨਾੜਾਂ ਉਤੇ ਦਬਾਅ ਪੈਣ ਨਾਲ ਸਾਂ ਸਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ।
  • ਬਹੁਤ ਵਾਰ ਐਸਾ ਵੀ ਹੁੰਦਾ ਹੈ ਕਿ ਮਰੀਜ਼ ਵਿਚ ਕੋਈ ਵੀ ਲੱਛਣ ਨਹੀਂ ਹੁੰਦਾ।ਨਿਯਮਿਤ ਸਾਧਾਰਨ ਚੈਕ ਅਪ ਉਤੇ ਪਤਾ ਲਗਦਾ ਹੈ ਕਿ ਬਲੱਡ ਪਰੈਸ਼ਰ ਵਧਿਆ ਹੋਇਆ ਹੈ।ਅਜਿਹੇ ਮਰੀਜ਼ਾਂ ਵਿਚ ਬਰੇਨ ਸਟਰੋਕ ,ਅਚਾਨਕ ਮੌਤ ਜਾਂ ਅਧਰੰਗ ਦਾ ਖਤਰਾ ਵੀ ਬਣਿਆ ਰਹਿੰਦਾ ਹੈ।ਇਹ ਘਟਨਾਵਾਂ ਹੀ ਕਈ ਮਰੀਜ਼ਾਂ ਵਿਚ ਪਹਿਲਾ ਲੱਛਣ ਹੁੰਦਾ ਹੈ।

ਬਲੱਡ ਪਰੈਸ਼ਰ ਤੋਂ ਬਚਾਅ

  • ਭਾਰ ਕਾਬੂ ਵਿਚ ਰੱਖੋ।ਭਾਰ ਵਧਣ ਨਾਲ ਬਲੱਡ ਪਰੈਸ਼ਰ ਵਧਦਾ ਹੈ।ਥੋੜਾ ਜਿਹਾ ਵੀ ਭਾਰ ਘਟਾਣ ਨਾਲ ਬਲੱਡ ਪਰੈਸ਼ਰ ਵਿਚ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਹੈ।
  • ਸੰਤੁਲਿਤ ਖੁਰਾਕ ਖਾਓ।
  • ਜੂਸੀ ਫਲ ਅਤੇ ਸਬਜ਼ੀਆਂ ਤੋਂ ਪੋਟਾਸ਼ੀਅਮ ਮਿਲਦਾ ਹੈ।ਪੋਟਾਸ਼ੀੳਮ ਬਲੱਡ ਪਰੈਸ਼ਰ ਨੂੰ ਠੀਕ ਰੱਖਣ ਵਿਚ ਸਹਾਈ ਹੈ।
  • ਕੈਲਸ਼ੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ।ਕੈਲਸ਼ੀਅਮ ਖੁਰਾਕ ਵਿਚੋਂ ਪੂਰਾ ਨਹੀਂ ਕੀਤਾ ਜਾ ਸਕਦਾ।ਵੱਡੀ ਉਮਰ ਵਿਚ ਕੈਲਸ਼ੀਅਮ ਪਿਸ਼ਾਬ ਰਾਹੀਂ ਸਰੀਰ ਵਿਚੋਂ ਜ਼ਿਆਦਾ ਨਿਕਲਦਾ ਹੈ।ਇਸ ਲਈ ਗੋਲੀਆਂ ਦੇ ਰੂਪ ਵਿਚ ਲੈਣਾ ਪੈਂਦਾ ਹੈ।ਕੈਲਸੀਅਮ ਦਾ ਸੇਵਨ ਬਲੱਡ ਪਰੈਸ਼ਰ ਠੀਕ ਰੱਖਦਾ ਹੈ।ਕੈਲਸ਼ੀਅਮ ਦੁਧ ਵਿਚੋਂ ਮਿਲਦਾ ਹੈ।ਦੁਧ ਵਿਚ ਚਰਬੀ ਬਹੁਤ ਹੁੰਦੀ ਹੈ।ਚਰਬੀ ਨਾਲ ਕੌਲੈਸਟਰੋਲ ਅਤੇ ਬਲੱਡ ਪਰੈਸ਼ਰ ਵਧਦਾ ਹੈ।ਇਸ ਲਈ ਚਰਬੀ ਮੁਕਤ ਦੁਧ ਦਾ ਸੇਵਨ ਕਰਨਾ ਚਾਹੀਦਾ ਹੈ।
  • ਮੈਗਨੀਸ਼ੀਅਮ ਘਟਣ ਨਾਲ ਬਲੱਡ ਪਰੈਸ਼ਰ ਵਧ ਜਾਂਦਾ ਹੈ।ਖੁਰਾਕ ਵਿਚ ਮੈਗਨੀਸ਼ੀਅਮ ਅਨਾਜ, ਪੱਤੇਦਾਰ ਸਬਜ਼ੀਆਂ,ਬੀਜ ਵਾਲੀਆਂ ਦਾਲਾਂ,ਮੂੰਗਫਲੀ,ਫਲੀਆਂ ਅਤੇ ਸੁਕੇ ਮਟਰਾਂ ਤੋਂ ਪ੍ਰਾਪਤ ਹੁਮਦਿ ਹੈ। ਪੂਰਕਾਂ ਦੇ ਰੂਪ ਵਿਚ ਮੈਗਨੀਸ਼ੀਅਮ ਲੈਣ ਨਾਲ ਬਲੱਡ ਪਰੈਸ਼ਰ ਨੂੰ ਲਾਭ ਨਹੀਂ ਹੁੰਦਾ।
  • ਓਮੇਗਾ-3-ਚਰਬੀਲੇ ਤੇਜ਼ਾਬ ਵਾਲੇ ਖਾਧ ਪਦਾਰਥਾਂ ਦਾ ਸੇਵਨ ਬਲੱਡ ਪਰੈਸ਼ਰ ਨੂੰ ਕਾਬੂ ਵਿਚ ਰੱਖਦਾ ਹੈ।ਇਹ ਬਦਾਮ ਅਤੇ ਮੱਛੀ ਦੇ ਤੇਲ ਵਿਚੋਂ ਪ੍ਰਾਪਤ ਹੁੰਦਾ ਹੈ।
  • ਲੱਸਣ ਦਾ ਸੇਵਨ ਬਲੱਡ ਪਰੈਸ਼ਰ ਕਾਬੂ ਵਿਚ ਰੱਖਦਾ ਹੈ।ਕੋਲੈਸਟਰੋਲ ਘਟਦਾ ਹੈ।ਲੱਸਣ ਦੇ ਹੋਰ ਵੀ ਬਹੁਤ ਲਾਭ ਹਨ।ਇਹ ਵੀ ਦੇਖਿਆ ਗਿਆ ਹੈ ਕਿ ਲੱਸਣ ਦਾ ਸੇਵਨ ਕੈਂਸਰ ਤੋਂ ਵੀ ਬਚਾਅ ਕਰਦਾ ਹੈ।
  • ਨਮਕ ਘੱਟ ਖਾਓ।ਖੁਰਾਕ ਵਿਚ ਨਮਕ ਘੱਟ ਕਰਨ ਨਾਲ ਬਲੱਡ ਪਰੇੱਸਰ ਘਟਦਾ ਵੀ ਹੈ ਅਤੇ ਅਗੋਂ ਵਧਣ ਤੋਂ ਵੀ ਰੁਕ ਜਾਂਦਾ ਹੈ।
  • ਨਿਯਮਿਤ ਰੂਪ ਵਿਚ ਕਸਰਤ ਕਰੋ।ਸਰੀਰਕ ਤੌਰ ਤੇ ਚੁਸਤ ਰਹਿਣ ਨਾਲ ਸੁਸਤ ਲੋਕਾਂ ਨਾਲੋਂ ਬਲੱਡ ਪਰੈਸ਼ਰ ਦਾ 20%-50% ਖਤਰਾ ਘਟਦਾ ਹੈ।ਹਲਕੀ ਕਸਰਤ ਨਾਲ ਵੀ ਇਹ ਖਤਰਾ ਘਟਦਾ ਹੈ,ਪਰ ਹੋਵੇ ਨਿਯਮਿਤ ਰੂਪ ਵਿਚ।
  • ਸ਼ਰਾਬ ਦਾ ਸੇਵਨ ਬੰਦ ਕਰੋ।ਜੇ ਸ਼ਰਾਬ ਪੀਂਦੇ ਹੋ ਤਾਂ ਬਹੁਤ ਘਟ ਕਰ ਦਿਓ ਕਿਉਂ ਕਿ ਸ਼ਰਾਬ ਪੀਣ ਨਾਲ ਬਲੱਡ ਪਰੈਸ਼ਰ ਵਧਦਾ ਹੈ।
  • ਮਾਨਸਿਕ ਤਨਾਅ ਘਟ ਰਖੋ।ਚਿੰਤਾਵਾਂ ਤੋਂ ਮੁਕਤੀ ਪਾਣ ਲਈ ਸਿਮਰਨ ਕਰਨ ਦਾ ਰੂਟੀਨ ਬਣਾਓ।

ਖੂਨ ਦਾ ਦਬਾਅ ਵਧਣ ਦੇ ਕਾਰਨ

ਖੂਨ ਦਾ ਦਬਾਅ ਕਿਉਂ ਵੱਧਦਾ ਹੈ?

ਸਰੀਰ ਵਿਚ ਬਲੱਡ ਪਰੈਸ਼ਰ ਬਾਹਰ ਅਤੇ ਸਰੀਰ ਦੇ ਅੰਦਰ ਦੀਆਂ ਅਵਸਥਾਵਾਂ ਦੇ ਅਸਮਾਨ ਹੋਣ ਦੇ ਬਾਵਜੂਦ ਸੁਭਾਵਕ ਰੱਖਣ ਦੀ ਸਮਰੱਥਾ ਹੁੰਦੀ ਹੈ। ਇਹ ਸਮਰੱਥਾ ਦੀ ਕੁਝ ਸੀਮਾ ਹੁੰਦੀ ਹੈ। ਜਦੋਂ ਇਹ ਸੀਮਾ ਪਾਰ ਹੋ ਜਾਂਦੀ ਹੈ ਤਾਂ ਸਰੀਰ ਦਾ ਸਿਸਟਮ ਕਾਬੂ ਵਿਚ ਨਹੀਂ ਰਹਿੰਦਾ ਅਤੇ ਬਲੱਡ ਪਰੈਸ਼ਰ ਵੱਧ ਜਾਂਦਾ ਹੈ। ਜਿਉਂ ਜਿਉਂ ਉਮਰ ਵੱਧਦੀ ਹੈ,ਬਲੱਡ ਪਰੈਸ਼ਰ ਨੂੰ ਸਮਾਨ ਰੱਖਣ ਦੀ ਸਮਰੱਥਾ ਘੱਟਦੀ ਹੈ।

ਕਿਨ੍ਹਾਂ ਅਵਸਥਾਵਾਂ ਵਿਚ ਇਹ ਸੀਮਾ ਕਾਬੂ ਤੋਂ ਬਾਹਰ ਹੋ ਜਾਂਦੀ ਹੈ?

ਲਗਪਗ 90% ਮਰੀਜ਼ਾਂ ਵਿਚ ਕਾਰਨ ਦਾ ਪਤਾ ਨਹੀਂ ਲਗਦਾ। ਬਾਕੀਆਂ ਵਿਚ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਨਾਲ ਸਰੀਰ ਦਾ ਸਿਸਟਮ ਅਸਮਾਨ ਹੋ ਜਾਂਦਾ ਹੈ। ਕੁਝ ਬੀਮਾਰੀਆਂ ਵੀ ਬਲੱਡ ਪਰੈਸ਼ਰ ਵਧਾਂਦੀਆਂ ਹਨ।

ਖੁਰਾਕ ਅਤੇ ਖਾਣ ਪੀਣ ਦੀਆਂ ਕਿਹੜੀਆਂ ਗਲਤ ਆਦਤਾਂ ਬਲੱਡ ਪਰੈਸ਼ਰ ਵਧਾਂਦੀਆਂ ਹਨ?

ਖਾਨਾ ਪੀਣਾ ਪਵਿੱਤਰ ਹੈ, ਦਿਤੋਨ ਰਿਜ਼ਕ ਸਬਾਇ। ਜਦੋਂ ਅਸੀਂ ਖਾਣ ਪੀਣ ਦੇ ਅਸੂਲ ਭੁਲ ਜਾਂਦੇ ਹਾਂ ਅਤੇ ਸਵਾਦਾਂ ਮਗਰ ਲਗ ਕੇ ਭੱਖ ਅਭੱਖ ਖਾਣ ਲਗ ਜਾਂਦੇ ਹਾਂ, ਤਾਂ ਨਤੀਜਾ ਬੀਮਾਰੀ ਸਹੇੜਨਾ ਹੁੰਦਾ ਹੈ।ਜ਼ਿਆਦਾ ਨਮਕ, ਜ਼ਿਆਦਾ ਤਲੀਆਂ ਅਤੇ ਕਰਾਰੀਆਂ ਅਤੇ ਚੀਜ਼ਾਂ ਦਾ ਸੇਵਨ ਬਲੱਡ ਪਰੈਸ਼ਰ ਵਧਾਂਦਾ ਹੈ।

ਕੀ ਕਸਰਤ ਦੀ ਅਣਹੋਂਦ ਨਾਲ ਖੁਨ ਦਾ ਦਬਾਅ ਵਧਦਾ ਹੈ?

ਹਾਂ ਜੀ, ਕਸਰਤ ਨਾਲ ਖੂੁਨ ਦਾ ਪ੍ਰਸਾਰ ਠੀਕ ਚਲਦਾ ਰਹਿੰਦਾ ਹੈ ਅਤੇ ਨਸਾਂ ਸਿਹਤਮੰਦ ਰਹਿੰਦੀਆਂ ਹਨ। ਬੈਠਵਾਂ ਕੰਮ ਨਸਾਂ ਨੂੰ ਕਮਜ਼ੋਰ ਕਰਦਾ ਹੈ। ਅਜ ਦੇ ਯੁਗ ਵਿਚ ਸਾਡਾ ਰਹਿਣ ਸਹਿਣ ਦਾ ਤਰੀਕਾ ਅਜਿਹਾ ਹੈ ਕਿ ਸਰੀਰਕ ਹਿਲਜੁਲ ਬਹੁਤ ਘੱਟ ਹੋ ਗਈ ਹੈ। ਇਸ ਨਾਲ ਵੀ ਖੁਨ ਦੇ ਪ੍ਰਸਾਰ ਵਿਚ ਵਿਘਣ ਪੈਂਦਾ ਹੈ ਅਤੇ ਚਰਬੀ ਇਕੱਠੀ ਹੋ ਜਾਂਦੀ ਹੈ। ਬਲੱਡ ਪਰੈਸ਼ਰ ਵੱਧ ਜਾਂਦਾ ਹੈ।

ਕੀ ਸਰੀਰ ਦਾ ਭਾਰ ਵਧਣ ਦਾ ਬਲੱਡ ਪਰੈਸ਼ਰ ਨਾਲ ਸਬੰਧ ਹੈ?

ਮੁਟਾਪੇ ਨਾਲ ਸਰੀਰ ਉਤੇ ਬੋਝ ਪੈੰਦਾ ਹੈ।ਮੁਟਾਪਾ ਤਾਂ ਹੈ ਹੀ ਬੀਮਾਰੀਆਂ ਦਾ ਜਨਮਦਾਤਾ। ਖੁਨ ਦੀਆਂ ਨਸਾਂ ਵਿਚ ਚਰਬੀ ਜੰਮ ਜਾਂਦੀ ਹੈ ਅਤੇ ਨਸਾਂ ਸੁੰਗੜਦੀਆਂ ਹਨ।

ਕੀ ਇਹ ਬੀਮਾਰੀ ਅਨੁਵੰਸ਼ਕ (Genetics) ਹੈ?

ਹਾਂ ਜੀ। ਜੇ ਮਾਂ ਬਾਪ ਵਿਚ ਇਹ ਬੀਮਾਰੀ ਹੈ ਤਾਂ ਬੱਚਿਆਂ ਵਿਚ ਇਸ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਕੀ ਮਾਨਸਿਕ ਪਰੇਸ਼ਾਨੀ ਨਾਲ ਇਸ ਦਾ ਸਬੰਧ ਹੈ?

ਹਾਂ ਜੀ। ਜਦੋਂ ਵਿਅਕਤੀ ਪਰੇਸ਼ਾਨ ਹੁੰਦਾ ਹੈ ਤਾਂ ਕੁਝ ਹਾਰਮੋਨ ਅਜਿਹੇ ਬਣਦੇ ਹਨ,ਜਿਨ੍ਹਾਂ ਦਾ ਖੁਨ ਦੀਆਂ ਨਸਾਂ ਅਤੇ ਪ੍ਰਸਾਰ ਉਤੇ ਮਾੜਾ ਪ੍ਰਭਾਵ ਪੈਂਦਾ ਹੈ,ਜਿਸ ਨਾਲ ਦਬਾਅ ਵੱਧਦਾ ਹੈ।

ਕੀ ਸਿਗਰਟ ਦੇ ਸੇਵਨ ਦਾ ਕੋਈ ਅਸਰ ਹੈ?

ਸਿਗਰਟ ਦਾ ਸੇਵਨ ਕਰਨ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।ਫਲਸਰੂਪ ਬਲੱਡ ਪਰੈਸ਼ਰ ਵੱਧ ਜਾਂਦਾ ਹੈ।

ਕੀ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਵੀ ਇਸ ਦਾ ਕਾਰਨ ਹਨ?

ਹਾਂ ਜੀ ਸ਼ਰਾਬ ਬਹੁਤ ਜ਼ਿਆਦਾ ਪੀਣ ਨਾਲ ਨਸਾਂ ਸੁੰਗੜਦੀਆਂ ਹਨ ਅਤੇ ਗੁਰਦੇ ਵੀ ਖਰਾਬ ਹੋ ਜਾਂਦੇ ਹਨ।ਫਲਸਰੂਪ ਬਲੱਡ ਪਰੈਸ਼ਰ ਵੱਧ ਜਾਂਦਾ ਹੈ।ਨਸ਼ੀਲੀਆਂ ਦਵਾਈਆਂ ਜਿਵੇਂ ਕੋਕੇਨ ਅਤੇ ਐਂਮਫੈਟੇਮੀਨ ਆਦਿ ਦਾ ਸੇਵਨ ਵੀ ਬਲੱਡ ਪਰੈਸ਼ਰ ਵਧਾਣ ਲਈ ਜ਼ੁਮੇਵਾਰ ਹਨ।

ਕੀ ਕਈ ਦਵਾਈਆਂ ਦਾ ਸੇਵਨ ਕਰਨ ਨਾਲ ਵੀ ਖੁਨ ਦਾ ਦਬਾਅ ਵਧਦਾ ਹੈ?

ਕੁਝ ਦਰਦ ਦੀਆਂ ਦਵਾਈਆਂ,ਗਰਭ ਨਿਰੋਧਕ ਗੋਲੀਆਂ,ਜ਼ੁਕਾਮ ਖਾਂਸੀ ਦੀਆਂ ਗੋਲੀਆਂ ਅਤੇ ਸਟੀਰਾਇਡ ਆਦਿ ਦਾ ਸੇਵਨ ਕਰਨ ਨਾਲ ਬਲੱਡ ਪਰੈਸ਼ਰ ਵੱਧ ਸਕਦਾ ਹੈ।ਇਸ ਲਈ ਦਵਾਈਆਂ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲੈਣੀਆਂ ਚਾਹੀਦੀਆਂ ।

ਕੀ ਕੁਝ ਬੀਮਾਰੀਆਂ ਵਿਚ ਬਲੱਡ ਪਰੈਸ਼ਰ ਵਧਦਾ ਹੈ?

ਸ਼ੱਕਰ ਰੋਗ,ਥਾਈਰਾਇਡ ,ਐਡਰੀਨਲ ਗਲੈਂਡ ਦੀ ਰਸੌਲੀ ਆਦਿ ਬੀਮਾਰੀਆਂ ਬਲੱਡ ਪ੍ਰੈਸ਼ਰ ਵਧਾਂਦੀਆਂ ਹਨ।ਇਸ ਲਈ ਬਲੱਡ ਪਰੈਸ਼ਰ ਦੇ ਮਰੀਜ਼ ਨੂੰ ਸਭ ਟੈਸਟ ਕਰਵਾਣੇ ਚਾਹੀਦੇ ਹਨ।